AmarjitDhillon7“ਪੂਰੇ ਸੰਸਾਰ ਅਤੇ ਭਾਰਤ ਵਿੱਚ ਇਸਦਾ ਕਾਰਨ ਅਨਾਜ ਭੰਡਾਰ ਦੀ ਕਮੀ ਨਹੀਂ, ਸਗੋਂ ...”
(25 ਮਾਰਚ 2017)

 

ਪ੍ਰਾਪਤ ਵਿਗਿਆਨ ਦੇ ਗਿਆਨ ਅਨੁਸਾਰ ਪ੍ਰਕਾਸ਼ ਦੇ ਸੂਖਮ ਕਣ ਫੋਟੋਨ, ਪਰਮਾਣੂ (ਐਟਮ) ਦੇ ਕੇਂਦਰ ਅਤੇ ਗੋਲਾਈ ’ਚ ਘੁੰਮ ਰਹੇ ਇਲੈਕਟ੍ਰਾਨ ਦੇ ਖੋਖਲੇਪਣ ਵਿੱਚੋਂ ਹੋ ਕੇ ਨਿਕਲ ਜਾਂਦੇ ਹਨ। ਪ੍ਰਕਾਸ਼ ਦੇ ਕਣ ਜਦੋਂ ਕਿਸੇ ਦੂਸਰੇ ਕਣ ਨਾਲ ਟਕਰਾਉਂਦੇ ਹਨ ਤਾਂ ਜਾਂ ਤਾਂ ਉਹ ਵਾਪਸ ਸੁੱਟ ਦਿੱਤੇ ਜਾਂਦੇ ਹਨ ਜਾਂ ਉਸੇ ਕਣ ਵਿੱਚ ਸਮਾ ਜਾਂਦੇ ਹਨ ਅਤੇ ਉਹਨਾਂ ਦੀ ਵੱਖਰੀ ਹੋਂਦ ਨਹੀਂ ਰਹਿੰਦੀ। ਸ਼ਕਤੀ (ਗੁਰੂਤਾ ਖਿੱਚ ਅਤੇ ਪ੍ਰਕਾਸ਼) ਵੀ ਪਦਾਰਥ ਦਾ ਹੀ ਰੂਪ ਹੈ। ਜੇ ਰੱਬ ਕਣ ਕਣ ਵਿੱਚ ਸਮਾਇਆ ਹੋਇਆ ਹੈ ਤਾਂ ਜਾਂ ਤਾਂ ਰੱਬ ਨਹੀਂ ਅਤੇ ਜਾਂ ਕਣ ਨਹੀਂ। ਕਣ ਇਕੱਲਾ ਜਿੰਦਾ ਰਹਿੰਦਾ ਹੈ। ਸ਼ਕਤੀ (ਊਰਜਾ) ਦੇ ਮੇਲ ਨਾਲ ਕਣ (ਐਟਮ) ਆਪਣਾ ਰੂਪ ਬਦਲਣ ਲੱਗਦਾ ਹੈ। ਕਣ ਸਾਹਮਣੇ ਦਿਸਦਾ ਹੈ ਪਰ ਰੱਬ ਕਲਪਨਾ ਹੈ। ਬ੍ਰਹਿਮੰਡ ਵਿੱਚ ਕੋਈ ਵੀ ਸ਼ਕਤੀ (ਊਰਜਾ) ਜਦ ਪਦਾਰਥ ਦੇ ਕਣਾਂ ਨਾਲ ਟਕਰਾਉਂਦੀ ਹੈ ਤਾਂ ਕੋਈ ਪ੍ਰਤੀਕਿਰਿਆ ਜ਼ਰੂਰ ਹੁੰਦੀ ਹੈ। ਜਦ ਗੁਰੂਤਾ ਖਿੱਚ ਪਦਾਰਥ ਨਾਲ ਟਕਰਾਉਂਦੀ ਹੈ ਤਾਂ ਉਸਨੂੰ ਆਪਣੇ ਕੇਂਦਰ ਵੱਲ ਖਿੱਚਦੀ ਹੈ। ਜਦ ਗਰਮੀ ਪਦਾਰਥ ’ਚ ਜਾਂਦੀ ਹੈ ਤਾਂ ਐਟਮ ਦੀ ਗੋਲਾਈ ’ਚ ਘੁੰਮਣ ਵਾਲੇ ਇਲੈਕਟ੍ਰਾਨ ਉਤੇਜਿਤ ਹੋ ਜਾਂਦੇ ਹਨ। ਜੇ ਤਾਪਮਾਨ ਜ਼ਿਆਦਾ ਹੋਵੇ ਤਾਂ ਇਲੈਕਟ੍ਰਾਨ ਗਰਮੀ ਨੂੰ ਪ੍ਰਕਾਸ਼ (ਫੋਟੋਨ) ਦੇ ਰੂਪ ਵਿੱਚ ਬਾਹਰ ਸੁੱਟ ਦਿੰਦੇ ਹਨ। ਜੇ ਗਰਮੀ ਕਰੋੜਾਂ ਡਿਗਰੀ ਹੋਵੇ ਤਾਂ ਇਲੈਕਟ੍ਰਾਨ ਐਨਾ ਉਤੇਜਿਤ ਹੋ ਜਾਂਦਾ ਹੈ ਕਿ ਐਟਮ ਦੇ ਕੇਂਦਰ ਨੂੰ ਇਕੱਲਾ ਛੱਡ ਕੇ ਭੱਜ ਜਾਂਦਾ ਹੈ। ਜੇ ਰੱਬ ਕਣ ਕਣ ਵਿੱਚ ਹੈ ਤਾਂ ਇਸ ਦੀ ਕਿਸੇ ਕਣ ਉੱਪਰ ਕੋਈ ਪ੍ਰਤੀਕਿਰਿਆ ਕਿਉਂ ਨਹੀਂ ਹੁੰਦੀ। ਬ੍ਰਹਿਮੰਡ ਵਿੱਚ ਸਭ ਕੁਝ ਅਨੁਸ਼ਾਸਿਤ ਢੰਗ ਨਾਲ ਹੋ ਰਿਹਾ ਹੈ। ਜੇ ਰੱਬ ਕਣ ਕਣ ਵਿੱਚ ਵਿਆਪਕ ਹੋ ਕੇ ਕੋਈ ਕ੍ਰਿਆ ਜਾਂ ਪ੍ਰਤੀਕਿਰਿਆ ਨਹੀਂ ਕਰਦਾ ਤਾਂ ਉਸਦੀ ਹੋਂਦ ਕਿਵੇਂ ਸਾਬਤ ਕੀਤੀ ਜਾ ਸਕਦੀ ਹੈ। ਉਂਜ ਦੇਖਿਆ ਜਾਵੇ ਤਾਂ ਉਸਦੀ ਹੋਂਦ ਦੀ ਲੋੜ ਵੀ ਕੀ ਹੈ। ਕਿਹਾ ਜਾਂਦਾ ਹੈ ਕਿ ਸਭ ਕੁਝ ਰੱਬ ਦੀ ਇੱਛਾ ਅਨੁਸਾਰ ਹੀ ਹੋ ਰਿਹਾ ਹੈ। ਜੇ ਰੱਬ ਸਰਵ ਵਿਆਪਕ ਹੈ ਤਾਂ ਉਸ ਨੂੰ ਇੱਛਾ ਕਰਨ ਦੀ ਕੀ ਜ਼ਰੂਰਤ ਹੈ। ਸਰਵ ਵਿਆਪਕ ਤਾਂ ਸਭ ਜਗ੍ਹਾ ਹੀ ਕ੍ਰਿਆ ਕਰ ਸਕਦਾ ਹੈ। ਇੱਛਾ ਤਾਂ ਇੱਕ ਥਾਂ ਰਹਿਣ ਵਾਲਾ ਕਰਦਾ ਹੈ ਕਿ ਉਸਨੇ ਫਲਾਣੇ ਫਲਾਣੇ ਥਾਂ ਜਾਣਾ ਹੈ। ਸਰਵ ਵਿਆਪਕ ਹਰਕਤ ਨਹੀਂ ਕਰ ਸਕਦਾ। ਆਦਮੀ ਉੱਥੇ ਹੱਥ ਹਿਲਾ ਸਕਦਾ ਹੈ, ਜਿੱਥੇ ਉਸਦਾ ਹੱਥ ਨਹੀਂ। ਸਰਵ ਵਿਆਪਕ ਦੀ ਕ੍ਰਿਆ ਸਾਰੇ ਕਣਾਂ ਵਿੱਚ ਇੱਕੋ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਵੱਖੋ ਵੱਖਰੀ ਨਹੀਂ। ਪਰ ਬ੍ਰਹਿਮੰਡ ਵਿੱਚ ਪਦਾਰਥ ਦੀਆਂ ਕ੍ਰਿਆਵਾਂ ਵੱਖੋ ਵੱਖ ਹਨ। ਪਦਾਰਥ ਦੇ ਅਨੰਤ ਰੂਪ ਹਨ।

ਰੱਬ ਨੂੰ ਸਰਬ ਸ਼ਕਤੀਮਾਨ ਕਿਹਾ ਜਾਂਦਾ ਹੈ, ਭਾਵ ਉਹ ਕੁਝ ਵੀ ਕਰ ਸਕਦਾ ਹੈ, ਤਾਂ ਕੀ ਰੱਬ ਨਵੇਂ ਪਦਾਰਥ ਦਾ ਨਿਰਮਾਣ ਕਰ ਸਕਦਾ ਹੈ। ਵਿਗਿਆਨ ਦੱਸਦਾ ਹੈ ਕਿ ਬ੍ਰਹਿਮੰਡ ਵਿੱਚ ਮੁੱਢ ਕਦੀਮ ਤੋਂ ਜਿੰਨਾ ਪਦਾਰਥ ਸੀ, ਉੰਨਾ ਹੀ ਅੱਜ ਹੈ ਅਤੇ ਇਹ ਇੰਨਾ ਹੀ ਰਹੇਗਾ। ਪਦਾਰਥ ਨੂੰ ਘਟਾਇਆ, ਵਧਾਇਆ ਨਹੀਂ ਜਾ ਸਕਦਾ। ਪਦਾਰਥ ਰੂਪ ਬਦਲਦਾ ਹੈ ਪਰ ਉਸਦੀ ਮਾਤਰਾ ਉੰਨੀ ਹੀ ਰਹਿੰਦੀ ਹੈ। ਸ਼ੂਨਯ (ਜ਼ੀਰੋ), ਸੁੰਨ ਸਮਾਧ (ਕੁਝ ਵੀ ਨਹੀਂ) ਤੋਂ ਪਦਾਰਥ ਨਹੀਂ ਬਣ ਸਕਦਾ। ਜਦ ਰੱਬ ਪਦਾਰਥ ਬਣਾਉਣ ਦੇ ਸਮਰੱਥ ਨਹੀਂ ਤਾਂ ਕੀ ਉਹ ਨਵੀਆਂ ਆਤਮਾਵਾਂ ਬਣਾ ਸਕਦਾ ਹੈ? ਨਹੀਂ ਬਣਾ ਸਕਦਾ। ਕੀ ਉਹ ਇਸ ਸ੍ਰਿਸ਼ਟੀ ਨੂੰ ਛੱਡ ਕੇ ਕਿਸੇ ਹੋਰ ਦੁਨੀਆਂ ਵਿੱਚ ਜਾ ਸਕਦਾ ਹੈ? ਕਹਿੰਦੇ ਹਨ ਕਿ ਉਹ ਇਸੇ ਦੁਨੀਆਂ ਵਿੱਚ ਹੀ ਵਿਆਪਕ ਹੈ ਅਤੇ ਦੂਸਰੇ ਗ੍ਰਹਿਆਂ ’ਤੇ ਨਹੀਂ। ਕੀ ਰੱਬ ਆਪਣੇ ਵਰਗੇ ਹੋਰ ਰੱਬ ਬਣਾ ਸਕਦਾ ਹੈ ਜਾਂ ਖੁਦਕਸ਼ੀ ਕਰ ਸਕਦਾ ਹੈ? ਇਸਦਾ ਜਵਾਬ ਵੀ ਨਾਂਹ ਵਿੱਚ ਹੀ ਮਿਲਦਾ ਹੈ। ਪਿਛਲੇ 400 ਸਾਲ ਵਿੱਚ ਹੋਏ ਵਿਗਿਆਨਕ ਵਿਕਾਸ ਅਨੁਸਾਰ ਪਦਾਰਥ ਵਿੱਚ ਸੁਭਾਵਿਕ ਨਿਯਮਾਂ ਅਨੁਸਾਰ ਹੀ ਸਭ ਕੁਝ ਹੋ ਰਿਹਾ ਹੈ। ਇਸਦੇ ਉਲਟ ਨਾ ਕੁਝ ਹੋਇਆ ਹੈ ਅਤੇ ਨਾ ਹੀ ਹੋਵੇਗਾ।

ਰੱਬ ਦੇ ਮਾਮਲੇ ਵਿੱਚ ਆਦਿ ਗੁਰੂ ਸ਼ੰਕਰਾਚਾਰੀਆ ਨੂੰ ਮੰਨਣ ਵਾਲੇ ਸਨਾਤਨ ਧਰਮੀ ਹਿੰਦੂ ਵਿਸ਼ਵਾਸ ਕਰਦੇ ਹਨ ਕਿ ਰੱਬ ਸਰਵ ਵਿਆਪਕ ਸੂਖਮ ਬ੍ਰਹਮ ਹੈ। ਸ੍ਰਿਸ਼ਟੀ ਬ੍ਰਹਮ ਦੀ ਮਾਇਆ ਹੈ। ਮਾਇਆ ਦਾ ਅਰਥ ਹੈ, ਜੋ ਨਹੀਂ ਹੈ ਭਾਵ ਭਰਮ। ਜੱਗ ਨੂੰ ਝੂਠ ਮੰਨਣ ਵਾਲਿਆਂ ਨੂੰ ਸਮਝਾਉਣ ਦਾ ਕੋਈ ਵੀ ਫਾਇਦਾ ਨਹੀਂ। ਜੱਗ ਨੂੰ ਝੂਠ ਕਹਿਣ ਵਾਲੇ ਖੁਦ ਵੀ ਝੂਠ ਵਿੱਚ ਹੀ ਜਿਉਂ ਰਹੇ ਹਨ। ਸਨਾਤਨ ਧਰਮੀ ਕਹਿੰਦੇ ਹਨ ਕਿ ਜਿਵੇਂ ਮੱਕੜੀ ਜਾਲਾ ਬੁਣਦੀ ਹੈ ਅਤੇ ਫਿਰ ਜਾਲਾ ਨਿਗਲ ਜਾਂਦੀ ਹੈ। ਇਸੇ ਤਰ੍ਹਾਂ ਬ੍ਰਹਮ ਦੁਨੀਆਂ ਸਿਰਜਦਾ ਹੈ ਅਤੇ ਫਿਰ ਇਸ ਨੂੰ ਨਿਗਲ ਜਾਂਦਾ ਹੈ। ਭਾਵ ਬ੍ਰਹਮ, ਚੇਤਨਾ, ਸ੍ਰਿਸ਼ਟੀ, ਪਦਾਰਥ। ਸਵਾਲ ਪੈਦਾ ਹੁੰਦਾ ਹੈ ਕਿ ਪਦਾਰਥ ਚੇਤਨਾ ਤੋਂ ਕਿਵੇਂ ਪੈਦਾ ਹੋਇਆ? ਚੇਤਨਾ ਪਦਾਰਥ ਨੂੰ ਕਿੱਥੋਂ ਲੈ ਕੇ ਆਈ? ਚੇਤਨਾ ਪਦਾਰਥ ਵਿੱਚ ਕਿਵੇਂ ਬਦਲੀ? ਕੀ ਅੱਜ ਵੀ ਆਤਮਾ ਪਦਾਰਥ ਵਿੱਚ ਬਦਲਦੀ ਹੈ? ਇਹ ਵਿਚਾਰਧਾਰਾ ਕਲਪਿਤ ਅਤੇ ਤਰਕਹੀਣ ਹੈ। ਉਹਨਾਂ ਮੁਤਾਬਿਕ ਪਦਾਰਥ ਜੜ੍ਹ ਹੈ ਅਤੇ ਆਤਮਾ ਚੇਤਨਾ। ਅੱਜ ਦੇ ਵਿਗਿਆਨ ਅਨੁਸਾਰ ਪਦਾਰਥ ਕਦੇ ਵੀ ਜੜ੍ਹ ਨਹੀਂ ਹੁੰਦਾ। ਹਰ ਇੱਕ ਕਣ ਵਿੱਚ ਚੇਤਨਾ ਹੈ, ਗਤੀ ਹੈ ਅਤੇ ਉਹ ਹਰ ਸਮੇਂ ਪਰਿਵਰਤਨਸ਼ੀਲ ਹੈ। ਵਿਗਿਆਨ ਅਨੁਸਾਰ ਕਿਸੇ ਜੀਵ ਵਿੱਚ ਆਤਮਾ ਦੀ ਕੋਈ ਜ਼ਰੂਰਤ ਨਹੀਂ। ਅਸਲ ਵਿੱਚ ਮਨ, ਬੁੱਧੀ ਅਤੇ ਵਿਵੇਕ ਨੂੰ ਹੀ ਲੋਕ ਆਤਮਾ ਮੰਨ ਕੇ ਚੱਲਦੇ ਹਨ। ਆਤਮਾ ਦੀ ਕੋਈ ਵੱਖਰੀ ਹੋਂਦ ਨਹੀਂ ਹੈ। ਗ੍ਰੰਥਾਂ ਵਿੱਚ ਪਰਮਾਤਮਾ ਨੂੰ ਸਤ, ਚਿੱਤ, ਆਨੰਦ ਕਿਹਾ ਗਿਆ ਹੈ। ਆਨੰਦ ਪ੍ਰਾਪਤ ਕਰਨ ਲਈ ਆਤਮਾ ਨੂੰ ਪਰਮਾਤਮਾ ਵਿੱਚ ਲੀਨ ਕਰਨ ਵਾਲਾ ਮੁਕਤੀ ਦਾ ਰਾਹ ਦੱਸਿਆ ਗਿਆ ਹੈ। ਜਦੋਂ ਨਾ ਆਤਮਾ ਹੈ ਅਤੇ ਨਾ ਹੀ ਪਰਮਾਤਮਾ, ਫਿਰ ਮੋਖਸ਼ (ਮੁਕਤੀ) ਵੀ ਇੱਕ ਮਨਘੜਤ ਕਲਪਨਾ ਤੋਂ ਵੱਧ ਕੁਝ ਵੀ ਨਹੀਂ। ਇਸੇ ਤਰ੍ਹਾਂ ਸਾਡੇ ਸਾਹਮਣੇ ਦਿਸਦਾ ਪਸਾਰਾ ਜਿਸ ਨੂੰ ਅਸੀਂ ਕੁਦਰਤ ਕਹਿੰਦੇ ਹਾਂ, ਦੇ ਵੀ ਆਪਣੇ ਹੀ ਨਿਯਮ ਹਨ। ਇਹ ਨਿਯਮ ਕਿਸੇ ਦੇ ਬਣਾਇਆਂ ਨਹੀਂ ਬਣਦੇ, ਇਹ ਸਮੇਂ ਦੇ ਗਤੀਚੱਕਰ ਨਾਲ ਆਪਣੇ ਆਪ ਹੀ ਬਣਦੇ ਹਨ। ਜਦੋਂ ਕੋਈ ਸ਼ਕਤੀ (ਮਨੁੱਖ) ਇਹਨਾਂ ਵਿੱਚ ਖਲਲ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਵਿਆਪਕ ਤਬਾਹੀ ਹੁੰਦੀ ਹੈ ਕਿਉਂਕਿ ਕੁਦਰਤ ਅੰਨ੍ਹੀ ਅਤੇ ਬੋਲੀ ਹੈ। ਇਸ ਵਿੱਚ ਮਨੁੱਖੀ ਭਾਵਨਾਵਾਂ ਲਈ ਕੋਈ ਥਾਂ ਨਹੀਂ। ਕੁਦਰਤ ਵਿਚ ਚਮਤਕਾਰ ਨਹੀਂ ਵਾਪਰਦੇ ਜਿਵੇਂ ਕਿ ਧਾਰਮਿਕ ਲੋਕ ਡਰਾਉਂਦੇ ਹਨ। ਸਭ ਕੁਝ ਕਾਰਨ ਅਤੇ ਕਾਰਜ ਦੇ ਨਿਯਮ ਤਹਿਤ ਹੋ ਰਿਹਾ ਹੈ। ਕੋਈ ਕਾਰਜ ਬਿਨਾਂ ਕਿਸੇ ਕਾਰਨ ਦੇ ਨਹੀਂ ਹੋ ਸਕਦਾ।

ਜੇ ਸੱਚੀਮੁੱਚੀਂ ਕੋਈ ਦਿਆਲੂ ਰੱਬ ਹੁੰਦਾ ਤਾਂ ਭਾਰਤ ਸਭ ਤੋਂ ਖੁਸ਼ਹਾਲ ਮੁਲਕ ਹੋਣਾ ਸੀ ਕਿਉਂਕਿ ਦੁਨੀਆਂ ਵਿੱਚ ਸਭ ਤੋਂ ਵੱਧ ਧਾਰਮਿਕ ਸਥਾਨ ਇੱਥੇ ਹਨ ਅਤੇ ਸਭ ਤੋਂ ਵੱਧ ਪੂਜਾ ਪਾਠ ਵੀ ਇੱਥੇ ਹੀ ਕੀਤੇ ਜਾਂਦੇ ਹਨ। ਹੁਣ ਹਾਲਤ ਇਹ ਹੈ ਕਿ ਅਰਬ ਪਤੀਆਂ ਦੀ ਕੁਲ ਦੌਲਤ ਦੇ ਮਾਮਲੇ ਵਿੱਚ ਭਾਰਤ ਅਮਰੀਕਾ ਤੋਂ ਬਾਦ ਦੂਜੇ ਨੰਬਰ ’ਤੇ ਹੈ ਅਤੇ ਬੇਘਰਿਆਂ, ਭੁੱਖਿਆਂ ਅਤੇ ਅਨਪੜ੍ਹਾਂ ਦੀ ਦੌੜ ਵਿੱਚ ਭਾਰਤ ਦੁਨਆਂ ਵਿੱਚ ਪਹਿਲੇ ਨੰਬਰ ’ਤੇ ਹੈ। ਐਸ਼ੋ-ਇਸ਼ਰਤ ਦੀ ਚਕਾਚੌਂਧ ਭਰੀ ਦੁਨੀਆਂ ਦਾ ਦੂਜਾ ਹਨੇਰਾ ਪੱਖ ਇਹ ਹੈ ਕਿ ਭਾਰਤ ਦੀ 18 ਕਰੋੜ ਅਬਾਦੀ ਝੁੱਗੀਆਂ ਵਿੱਚ ਰਹਿੰਦੀ ਹੈ ਅਤੇ 18 ਕਰੋੜ ਫੁੱਟਪਾਥਾਂ ’ਤੇ ਸੌਂਦੀ ਹੈ। ਕੌਮੀ ਨਮੂਨਾ ਸਰਵੇਖਣ ਅਨੁਸਾਰ ਪੇਂਡੂ ਭਾਰਤ ਦੀ ਰੋਜ਼ਾਨਾ ਉਪਭੋਗ 19 ਰੁਪਏ, ਸ਼ਹਿਰੀ ਭਾਰਤ ਵਿੱਚ 30 ਰੁਪਏ ਅਤੇ ਪਿੰਡਾਂ ਦੀ 10 % ਅਬਾਦੀ ਰੋਜ਼ਾਨਾ ਸਿਰਫ 9 ਰੁਪਏ ’ਤੇ ਗੁਜ਼ਾਰਾ ਕਰਦੀ ਹੈ। ਨੈਸ਼ਨਲ ਕਮਿਸ਼ਨ ਦੀ ਰਿਪੋਰਟ ਅਨੁਸਾਰ ਸਾਲ 2004-05 ਵਿਚ ਭਾਰਤ ਦੀ 85 ਕਰੋੜ ਆਬਾਦੀ ( 77%) ਸਿਰਫ 20 ਰੁਪਏ ਰੋਜ਼ਾਨਾ ਤੋਂ ਵੀ ਘੱਟ ’ਤੇ ਗੁਜ਼ਾਰਾ ਕਰ ਰਹੀ ਸੀ। ਇਹਨਾਂ ਵਿੱਚੋਂ 22 ਫੀ ਸਦੀ ਲੋਕ 11 ਰੁਪਏ ਤੋਂ 15 ਰੁਪਏ ਵਿਚ ਅਤੇ 36 % ਲੋਕ 15 ਤੋਂ 20 ਰੁਪਏ ਵਿੱਚ ਗੁਜ਼ਾਰਾ ਕਰ ਰਹੇ ਸਨ। ਮਨੁੱਖੀ ਵਿਕਾਸ ਸੂਚਕ ਅੰਕ ਅਨੁਸਾਰ ਭਾਰਤ 2007 ’127ਵੇਂ ਸਥਾਨ ’ਤੇ ਸੀ। ਭਾਰਤ ਵਾਸੀਆਂ ਦੀ ਔਸਤ ਉਮਰ ਚੀਨ ਦੇ ਮੁਕਾਬਲੇ 7 ਸਾਲ ਅਤੇ ਸ਼੍ਰੀ ਲੰਕਾ ਦੇ ਮੁਕਾਬਲੇ 11 ਸਾਲ ਘੱਟ ਹੈ। ਹਰ ਰੋਜ਼ 9 ਹਜ਼ਾਰ ਭਾਰਤੀ ਬੱਚੇ ਭੁੱਖ ਅਤੇ ਕੁਪੋਸ਼ਨ ਕਾਰਨ ਮਰਦੇ ਹਨ। 5 ਸਾਲ ਤੋਂ ਘੱਟ ਉਮਰ ਦੇ ਪੰਜ ਕਰੋੜ ਭਾਰਤੀ ਬੱਚੇ ਕੁਪੋਸ਼ਨ ਦਾ ਸ਼ਿਕਾਰ ਹਨ। 63% ਭਾਰਤੀ ਬੱਚੇ ਰੋਜ਼ਾਨਾ ਭੁੱਖੇ ਸੌਂਦੇ ਹਨ। 10 ਕਰੋੜ ਦੇ ਕਰੀਬ ਭਾਰਤੀ ਬੱਚੇ ਹੋਟਲਾਂ ਵਿੱਚ ਭਾਂਡੇ ਮਾਂਜਣ ਅਤੇ ਮੂੰਗਫਲੀ ਵੇਚਣ ਆਦਿ ਕੰਮ ਕਰਦੇ ਹਨ। ਕੌਮਾਂਤਰੀ ਖਾਦ ਨੀਤੀ ਖੋਜ ਸੰਸਥਾ ਦੀ 2007 ਦੀ ਰਿਪੋਰਟ ਮੁਤਾਬਿਕ ਭੁੱਖਮਰੀ ਦੇ ਮਾਮਲੇ ਵਿਚ ਦੁਨੀਆਂ ਦੇ 118 ਦੇਸ਼ਾਂ ਵਿੱਚ ਭਾਰਤ ਦਾ 97ਵਾਂ ਨੰਬਰ ਹੈ। ਸੰਸਾਰ ਭੁੱਖ ਸੂਚਕ ਅੰਕ 2008 ਅਨੁਸਾਰ ਦੁਨੀਆਂ ਦੇ 88 ਮੁਲਕਾਂ ਵਿੱਚ ਭਾਰਤ ਦਾ 66ਵਾਂ ਸਥਾਨ ਹੈ। ਪੂਰੇ ਸੰਸਾਰ ਵਿੱਚ (2008) 86 ਕਰੋੜ ਲੋਕ ਭੁੱਖ ਅਤੇ ਕੁਪੋਸ਼ਨ ਦਾ ਸ਼ਿਕਾਰ ਹਨ, ਇਹਨਾਂ ਵਿੱਚੋਂ 36 ਕਰੋੜ ਲੋਕ ਇਕੱਲੇ ਭਾਰਤ ਵਿੱਚ ਹਨ। ਪੂਰੇ ਸੰਸਾਰ ਅਤੇ ਭਾਰਤ ਵਿੱਚ ਇਸਦਾ ਕਾਰਨ ਅਨਾਜ ਭੰਡਾਰ ਦੀ ਕਮੀ ਨਹੀਂ, ਸਗੋਂ ਵਧਦੀ ਮਹਿੰਗਾਈ ਅਤੇ ਆਮ ਲੋਕਾਂ ਦੀ ਘਟਦੀ ਖਰੀਦ ਸ਼ਕਤੀ ਹੈ। ਵਿਕਸਤ ਦੇਸ਼ਾਂ ਦੇ ਲੋਕ ਆਪਣੀ ਆਮਦਨ ਦਾ 10 ਤੋਂ 20 ਫੀਸਦੀ ਹਿੱਸਾ ਆਪਣੀ ਖੁਰਾਕ ’ਤੇ ਖਰਚ ਕਰਦੇ ਪਰ ਭਾਰਤ ਦੇ ਲੋਕ ਮਹਿੰਗਾਈ ਕਾਰਨ ਆਪਣੀ ਆਮਦਨ ਦਾ 60 ਫੀਸਦੀ ਹਿੱਸਾ ਆਪਣੀ ਖੁਰਾਕ ਉੱਤੇ ਖਰਚ ਕਰਦੇ ਹਨ। ਘੱਟ ਆਮਦਨ ਵਾਲੇ ਭਾਰਤੀ ਲੋਕ ਆਪਣੀ ਆਮਦਨ ਦਾ 75 ਫੀਸਦੀ ਆਪਣੀ ਖੁਰਾਕ ’ਤੇ ਖਰਚ ਕਰਦੇ ਹਨ ਫਿਰ ਵੀ ਉਹਨਾਂ ਨੂੰ ਲੋੜੀਂਦੀ ਖੁਰਾਕ ਨਹੀਂ ਮਿਲਦੀ। ਭਾਰਤ ਵਿੱਚ ਜਣੇਪੇ ਦੌਰਾਨ ਮਰਨ ਵਾਲੀਆਂ ਔਰਤਾਂ ਦੀ ਗਿਣਤੀ ਦੁਨੀਆਂ ਵਿੱਚ ਸਭ ਤੋਂ ਵੱਧ ਹੈ ਇਸਦਾ ਕਾਰਨ ਵੀ ਖੁਰਾਕ ਦੀ ਕਮੀ ਅਤੇ ਕੁਪੋਸ਼ਨ ਹੈ।

ਕਿਰਤ ਮੰਡੀ ਵਿੱਚ ਕਿਰਤ ਦਾ ਸ਼ਕਤੀ ਮੁੱਲ ਘਟਾ ਕੇ ਪੂੰਜੀਪਤੀ ਆਪਣਾ ਮੁਨਾਫਾ ਵਧਾਉਂਦੇ ਹਨ। ਕਿਰਤੀ ਦੀ ਲੁੱਟ ਕਰਨ ਵਾਲੇ ਉਹ ਹੀ ਪੂੰਜੀਪਤੀ ਮੰਦਰ ਅਤੇ ਹੋਰ ਧਾਰਮਿਕ ਸਥਾਨਾਂ ਲਈ ਖੁੱਲ੍ਹ ਕੇ ਮਾਇਆ ਭੇਜਦੇ ਹਨ। ਇਹਨਾਂ ਧਾਰਮਿਕ ਸਥਾਨਾਂ ਵਲੋਂ ਕਿਰਤੀਆਂ ਨੂੰ ਕਿਸਮਤਵਾਦੀ ਬਣਾਉਣ ਲਈ ਅਗਲੇ ਪਿਛਲੇ ਜਨਮ ਅਤੇ ਪਰਲੋਕ ਦੇ ਫਲਸਫੇ ਵਿੱਚ ਉਲਝਾਇਆ ਜਾਂਦਾ ਹੈ ਤਾਂ ਕਿ ਕਿਰਤੀ ਲੋਕ ਆਪਣੇ ਹੱਕ ਨਾ ਮੰਗਣ। ਸਿਰਫ ਤਰਕਸ਼ੀਲ ਫਲਸਫਾ ਅਤੇ ਅਤੇ ਵਿਗਿਆਨਕ ਸੋਚ ਦੇ ਧਾਰਨੀ ਬਣ ਕੇ ਹੀ ਕਿਰਤੀ ਆਪਣੀ ਹੁੰਦੀ ਲੁੱਟ ਪ੍ਰਤੀ ਜਾਗਰੂਕ ਹੋ ਸਕਦੇ ਹਨ। ਸ਼ਹੀਦ ਭਗਤ ਸਿੰਘ ਨੇ ਇਸੇ ਲਈ ਹੀ ਕਿਹਾ ਸੀ ਕਿ ਜਿੰਨਾ ਚਿਰ ਅਸਮਾਨ ਵਿੱਚ ਸਾਡਾ ਕੋਈ ਮਾਲਕ ਬੈਠਾ ਹੈ, ਉੰਨਾ ਚਿਰ ਗੁਲਾਮੀ ਦੀ ਜ਼ਿੰਦਗੀ ਹੀ ਬਤੀਤ ਕਰਦੇ ਰਹਾਂਗੇ।

ਤੇਰੀ ਸੋਚ ’ਤੇ ਕੋਈ ਸਵਾਰ ਹੋਇਐ, ਤੂੰ ਅਜ਼ਾਦ ਹੈਂ ਕਦੋਂ ਗੁਲਾਮ ਬੰਦੇ।
ਤੇਰੀ ਸੁਬਾਹ ’ਤੇ ਧੂਫ ਦਾ ਹੈ ਕਬਜ਼ਾ, ਘੇਰੀ ਆਰਤੀਆਂ ਨੇ ਤੇਰੀ ਸ਼ਾਮ ਬੰਦੇ।
ਆਪਣੇ ਬੱਚਿਆਂ ਲਈ ਤੂੰ ਕਰੇਂ ਸਰਫਾ, ਧਾਰਮਿਕ ਸਥਾਨਾਂ ਲਈ ਮਾਇਆ ਹੈ ਆਮ ਬੰਦੇ।
ਬਣ ਕੇ ਕਿਰਤ ਦਾ ਰਾਖਾ ਹੁਣ ਕਰਦੇ, ਦੂਰੋਂ ਲੋਟੂਆਂ ਤਾਈਂ ਸਲਾਮ ਬੰਦੇ

*****

(647)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਅਮਰਜੀਤ ਢਿੱਲੋਂ

ਅਮਰਜੀਤ ਢਿੱਲੋਂ

Bajakhana, Faridkote, Punjab, India.
Phone: (91 - 94171 - 20427)
Email: (bajakhanacity@gmail.com)