AmarjitDhillon71973 ਵਿੱਚ ਮੈਂ ਉਕੰਦਵਾਲੇ ਦੇ ਮਿੱਤਰ ਗੁਰਮੇਲ ਸਿੰਘ ਦੇ ਟਰੱਕ ’ਤੇ ਬੰਬੇ ਗਿਆ ...
(27 ਅਗਸਤ 2019)

 

1967-68 ਦੀ ਗੱਲ ਹੈ ਜਦ ਮੈਂ ਸੱਤਵੀਂ-ਅੱਠਵੀਂ ਕਲਾਸ ਦਾ ਵਿਦਿਆਰਥੀ ਸੀ 1966 (ਛੇਵੀਂ ਕਲਾਸ) ਤੋਂ ਮੈਂ ਸੰਤ ਦਰਬਾਰੀ ਦਾਸ ਦੇ ਡੇਰੇ ਲੋਪੋ ਜ਼ਿਲ੍ਹਾ ਫਿਰੋਜਪੁਰ (ਹੁਣ ਮੋਗਾ) ਵਿਖੇ ਰਹਿ ਰਿਹਾ ਸੀ ਮਨ ਵਿੱਚ ਸੰਤ ਬਣਨ ਤੋਂ ਬਿਨਾਂ ਹੋਰ ਕੋਈ ਇੱਛਾ ਨਹੀਂ ਸੀ ਆਪਣੇ ਜਨਮ ਅਸਥਾਨ ਪਿੰਡ ਗੋਬਿੰਦਗੜ (ਦਬੜ੍ਹੀਖਾਨਾ) ਵਿਖੇ ਵੀ ਮੈਂ ਬਚਪਨ ਤੋਂ ਹੀ ਗੁਰਦਵਾਰੇ ਜਾ ਰਿਹਾ ਸਾਂ ਦੂਜੀ ਕਲਾਸ ਵਿੱਚ ਜਪਜੀ ਸਾਹਿਬ ਅਤੇ ਰਹਿਰਾਸ ਦਾ ਪਾਠ ਸੁਬ੍ਹਾ ਸ਼ਾਮ ਪੜ੍ਹਦਾ ਸੀ ਅਤੇ ਪਿੰਡ ਵਿੱਚੋਂ ਗੁਰਦਵਾਰੇ ਦੇ ਮਹੰਤ ਹਰਨਾਮ ਸਿੰਘ ਨਹਿੰਗ ਲਈ ਗਜ਼ਾ ਵੀ ਕਰਕੇ ਲਿਆਉਂਦਾ ਮੈਂ ਅਤੇ ਕੱਪੜੇ ਬੁਣਨ ਵਾਲੇ ਪਰਿਵਾਰ ਨਾਲ ਸਭੰਧਤ ਦਿਆਲਾ, ਹਰਨਾਮ ਸਿੰਘ ਨਹਿੰਗ ਦੀ ਘੋੜੀ ਲਈ ਪੱਠੇ ਵੀ ਵੱਢ ਕੇ ਲਿਆਉਂਦੇ ਪਿੰਡ ਵਿੱਚ ਪੰਜਵੀਂ ਪਾਸ ਕਰਕੇ ਨੇੜਲੇ ਪਿੰਡ ਜੀਦਾ ਦੇ ਹਾਈ ਸਕੂਲ ਵਿੱਚ ਤਿੰਨ ਕੁ ਮਹੀਨੇ ਲਾਏ ਫਿਰ ਪਿੰਡ ਆਏ ਲੋਪੋ ਵਾਲੇ ਸੰਤ ਦਰਬਾਰੀ ਦਾਸ ਦਾ ਅੰਧ ਸ਼ਰਧਾਲੂ ਬਣ ਗਿਆ ਜੂਨ ਜੁਲਾਈ ਵਿੱਚ ਦੋ ਮਹੀਨੇ ਦੀਆਂ ਛੁੱਟੀਆਂ ਵਿੱਚ ਐਸਾ ਲੋਪੋ ਡੇਰੇ ਗਿਆ ਕਿ ਫਿਰ ਮਾਰਚ 1971 (ਦਸਵੀਂ ਦੇ ਪੇਪਰ ਦੇ ਕੇ) ਵਿੱਚ ਹੀ ਵਾਪਸ ਆਇਆ ਮੇਰੇ ਨਾਲ ਹੀ ਨਵਾਂ ਸ਼ਹਿਰ ਤੋਂ ਇੱਕ ਰਹਿਤੀਏ ਸਿੱਖਾਂ ਦਾ (ਕੱਪੜਾ ਬੁਣਨ ਬਾਲੇ ਪਰਵਾਰ ਨਾਲ ਸਬੰਧਤ) ਮੁੰਡਾ ਤਰਸੇਮ ਲਾਲ ਪਾਠ ਕਰਦਾ ਹੁੰਦਾ, ਜੋ ਐੱਫ ਏ ਪਾਸ ਸੀ ਉਹ ਮੈਥੋਂ 8-9 ਸਾਲ ਵੱਡਾ ਸੀ ਇੱਕ ਦਿਨ ਉਸਨੇ ਕਿਹਾ ਕਿ ਉਸਨੂੰ ਇੱਕ ਅਦਭੁਤ ਗਰੰਥ ‘ਮੁਕਤੀ ਮਾਰਗ’ ਮਿਲ ਗਿਆ ਹੈ ਜਿਸ ਵਿੱਚ ਗੁਰਬਾਣੀ ਦੇ ਸ਼ਬਦ ਸਿੱਧ ਕਰਨ ਦੀਆਂ ਵਿਧੀਆਂ ਦੱਸੀਆਂ ਹੋਈਆਂ ਹਨ

ਜਪਜੀ ਸਾਹਿਬ ਦੀ ਇੱਕ ਪੌੜੀ ਬਾਰੇ ਕਿਹਾ ਗਿਆ ਸੀ ਕਿ ਇਸ ਨੂੰ ਸਿੱਧ ਕਰਨ ਨਾਲ ਭੁੱਖ ਲਗਣੋਂ ਹਟ ਜਾਂਦੀ ਹੈ ਇੱਕ ਨਾਲ ਨੀਂਦ ਆਉਣੋ ਹਟ ਜਾਂਦੀ ਸੀ ਕਬੀਰ ਦਾ ਇੱਕ ਕਾਫੀ ਲੰਮਾ ਸ਼ਬਦ ਸੀ ਜਿਸਨੂੰ ਸਿੱਧ ਕਰਕੇ ਬੰਦਾ ਕਿਤੇ ਵੀ ਉਡ ਕੇ ਜਾ ਸਕਦਾ ਸੀ ਇਸ ਸ਼ਬਦ ਦੀ ਪਹਿਲੀ ਸਤਰ ਸੀ - ‘ਮਨ ਮਾਇਆ ਮਨ ਧਾਇਆ ਮਨ ਪੰਖੀ ਆਕਾਸ਼’ ਇਸਦਾ ਸਵਾ ਲੱਖ ਵਾਰ ਸਿਮਰਨ ਨਦੀ ਕਿਨਾਰੇ ਅਤੇ ਕਿਸੇ ਗੁਫ਼ਾ ਆਦਿ ਵਿੱਚ ਕਰਨਾ ਸੀ ਅਸੀਂ ਇਹ ਸ਼ਬਦ ਸਿੱਧ ਕਰਨ ਦੀ ਧਾਰ ਲਈ ਸਵਾ ਲੱਖ ਦੀ ਗਿਣਤੀ ਕਰਨ ਖਾਤਿਰ ਅਸੀਂ ਮੋਰ ਪੰਖ ਦੀਆਂ ਡੋਡੀਆਂ ਤੋੜੀਆਂ ਅਤੇ ਉਸਦੀਆਂ ਦੋ ਮਾਲਾਵਾਂ 10001 ਮਣਕੇ ਵਾਲੀਆਂ ਬਣਾ ਲਈਆਂ ਦਸ ਹਜ਼ਾਰ ਪਾਠ ਰੋਜ਼ ਕਰਨਾ ਸੀ ਅਸੀਂ ਸੁਬ੍ਹਾ ਦੋ ਵਜੇ ਨਹਾ ਕੇ ਡੇਰੇ ਦੇ ਦਖਣ ਵਾਲੇ ਗੇਟ (ਜੋ ਅਜੇ ਵੀ ਹੈ) ਉੱਪਰ ਜਾ ਬੈਠਦੇ ਅਤੇ ਮੂੰਹ ਵਿੱਚ ਚੁੱਪਚਾਪ ਜਾਪ ਸ਼ੁਰੂ ਕਰ ਦਿੰਦੇ ਚਾਰ ਕੁ ਵਜੇ ਤਕ ਅਸੀਂ ਆਪਣਾ ਕੰਮ ਮੁਕਾ ਲੈਂਦੇ ਫਿਰ ਆ ਕੇ ਨਿਤਨੇਮ (ਜਪਜੀ, ਆਸਾ ਦੀ ਵਾਰ, ਸੁਖਮਨੀ ਆਦਿ) ਵੀ ਸਪੀਕਰ ਵਿੱਚ ਕਰਨਾ ਹੁੰਦਾ ਸੀ ਫਿਰ ਅੱਠ ਵਜੇ ਸਵਾ ਕਿਲੋ ਘਿਓ ਦੀ ਦੇਗ ਕਰਨ ਦੀ ਡਿਉਟੀ ਵੀ ਮੇਰੀ ਸੀ ਅਰਦਾਸ ਕਰਕੇ ਦੇਗ ਵੰਡ ਕੇ ਹਟਦਾ ਤਾਂ ਉਦੋਂ ਨੂੰ ਸਕੂਲ ਦੀ ਘੰਟੀ ਵੱਜ ਜਾਂਦੀ ਅਤੇ ਬਸਤਾ ਚੁੱਕ ਕੇ ਸਕੂਲ ਭੱਜ ਜਾਂਦਾ ਸਕੂਲ ਵਿੱਚ ਚੁੱਪਚਾਪ ਸੁਖਮਨੀ ਸਾਹਿਬ ਦਾ ਪਾਠ 14 ਵਾਰ ਕਰਦਾ ਗਰੰਥ ਸਾਹਿਬ ਦੇ 18 ਸਫੇ ਦਾ ਇਹ ਪਾਠ ਮੈਂ ਮੂੰਹ ਜ਼ੁਬਾਨੀ 35 ਮਿੰਟ ਵਿੱਚ ਕਰ ਦਿੰਦਾ ਸੀ ਇਹਦੇ ਵਾਰੇ ਮਿਥ ਇਹ ਸੀ (ਮੁਕਤੀ ਮਾਰਗ ਗਰੰਥ ਅਨੁਸਾਰ) ਕਿ ਰੋਜ਼ 14 ਵਾਰ ਸੁਖਮਨੀ ਸਾਹਿਬ ਦਾ ਪਾਠ ਇੱਕ ਸਾਲ ਕਰਨ ਨਾਲ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋ ਜਾਂਦੇ ਹਨ ਪੜ੍ਹਾਈ ਵਲੋਂ ਬੇਧਿਆਨੀ ਹੋ ਜਾਣ ਕਾਰਨ ਕੁੱਟ ਰੋਜ਼ ਹੀ ਪੈਂਦੀ ਸੀ, ਮਾਸਟਰ ਕਹਿੰਦੇ ਓਇ ਡੇਰੇ ਵਾਲਿਆ ਤੇਰਾ ਧਿਆਨ ਕਿੱਧਰ ਹੈ ਮੇਰਾ ਨਾਮ ਹੀ ਡੇਰੇ ਵਾਲਾ ਪੱਕ ਗਿਆ ਸੀ

ਖੈਰ ਜੀ, ਗੱਲ ਇੱਕ ਹਜ਼ਾਰ ਮਣਕੇ ਦੀ ਮਾਲਾ ਦੀ ਸੀ ਉਹ ਸ਼ਬਦ ਅਸੀਂ ਸਿੱਧ ਕਰ ਲਿਆ ਭਾਵ ਜਿਵੇਂ ਗਰੰਥ ਵਿੱਚ ਲਿਖਿਆ ਸੀ ਉਸੇ ਤਰ੍ਹਾਂ ਅਸੀਂ ਉਸ ਦਾ ਜਾਪ ਕਰ ਲਿਆ ਸੀ ਹੁਣ ਤਾਂ ਸਾਡੀ ਉਡਣ ਦੀ ਵਾਰੀ ਸੀ ਤਰਸੇਮ ਕਹਿਣ ਲੱਗਾ ਮੈਂ ਤਾਂ ਧਰੂ ਭਗਤ (ਧਰੁਵ ਤਾਰਾ) ਕੋਲ ਚੱਲਿਆਂ, ਕੱਲ੍ਹ ਨੂੰ ਵਾਪਸ ਆਵਾਂਗਾ ਮੈਂ ਕਿਹਾ, ਮੈਂ ਤਾਂ ਦਬੜ੍ਹੀਖਾਨੇ ਹੀ ਜਾਨੈ, ਜਲਦੀ ਵਾਪਸ ਆ ਜਾਊਂ ਨਹੀਂ ਤਾਂ ਕੱਲ੍ਹ ਨੂੰ ਸੰਤ ਕੁੱਟਣਗੇ ਕਿ ਸ਼ਾਮ ਨੂੰ ਰਹਿਰਾਸ ਨੀ ਕੀਤੀ ਅਸੀਂ ਕਾਫੀ ਦੇਰ ਅਰਦਾਸਾਂ ਕਰੀ ਗਏ ਪਰ ਸਾਡਾ ਰਾਕਟ ਨਾ ਹੀ ਉਡਿਆ ਸੋਚਿਆ, ਸ਼ਾਇਦ ਸਾਥੋਂ ਹੀ ਕੋਈ ਕਮੀ ਰਹਿ ਗਈ ਹੋਣੀ ਹੈ ਫਿਰ ਅਸੀਂ ਕਈ ਹੋਰ ਸ਼ਬਦ ਵੀ ਇਸੇ ਤਰ੍ਹਾਂ ਹੀ ਜਪੇ ਪਰ ਗੱਲ ਬਣੀ ਨਾ ਨਾ ਕਿਸੇ ਸ਼ਬਦ ਨਾਲ ਭੁੱਖ ਲਗਣੋ ਹਟੀ ਅਤੇ ਨਾ ਹੀ ਨੀਂਦ ਆਉਣੋ ਹਟੀ ਸਿਆਲ ਦਾ ਮਹੀਨਾ ਸੀ ਤਰਸੇਮ ਇੱਕ ਦਿਨ ਰਜਾਈ ਲੈਕੇ, ਡੇਰੇ ਦੇ ਨੇੜੇ ਹੀ ਕਿਸੇ ਜੱਟ ਨੂੰ ਪੁੱਛ ਕੇ ਉਸਦੇ ਟਿਊਬਵੈਲ ਦੇ ਕਮਰੇ ਵਿੱਚ ਤਪੱਸਿਆ ਕਰਨ ਜਾ ਬੈਠਿਆ ਬੋਲਣਾ ਬੰਦ 40 ਦਿਨ ਕਮਰੇ ਦੀ ਮੋਰੀ ਵਿੱਚ ਮੈਂ ਰੋਟੀ ਰੱਖ ਆਉਂਦਾ ਕੁਛ ਕਹਿਣਾ ਹੁੰਦਾ ਤਾਂ ਲਿਖ ਕੇ ਰੱਖ ਦਿੰਦੇ ਜਦ 40 ਦਿਨਾਂ ਬਾਦ ਉਹ ਬਾਹਰ ਆਇਆ ਤਾਂ ਉਸਦਾ ਚਿਹਰਾ ਪੀਲਾ ਭੂਕ ਸੀ ਪਰ ਉਹ ਕਹਿੰਦਾ ਮੈਂਨੂੰ ਲਾਈਟ ਦੇ ਦਰਸ਼ਨ ਹੋ ਗਏ ਕੁਝ ਲੋਕ ਉਸਦੇ ਪੈਰੀਂ ਹੱਥ ਵੀ ਲਾਉਣ ਲੱਗ ਪਏ

ਸੰਤ ਦਰਬਾਰੀ ਦਾਸ ਜੀ ਨੇ ਉਸਦੀ ਡਿਉਟੀ ਲੰਗਰ ਵਿੱਚ ਆਟਾ ਗੁੰਨਣ ਅਤੇ ਰੋਟੀਆਂ ਪਕਵਾਉਣ ’ਤੇ ਲਾ ਦਿੱਤੀ ਡੇਰੇ ਦੇ ਹੈੱਡ ਗਰੰਥੀ ਬਾਬੂ ਲਾਲ ਬ੍ਰਹਿਮਣ ਦੀ ਅਗਵਾਈ ਵਿੱਚ ਸਾਰੇ ਗਰੰਥੀਆਂ ਨੇ ਹੜਤਾਲ ਕਰ ਦਿੱਤੀ ਕਿ ਉਹ ਜੁਲਾਹੇ ਦੇ ਹੱਥ ਦੇ ਗੁੰਨ੍ਹੇ ਆਟੇ ਦੀਆਂ ਰੋਟੀਆਂ ਨਹੀਂ ਖਾਣਗੇ ਕੁਝ ਦਿਨਾਂ ਬਾਦ ਗਰੰਥੀਆਂ ਅੱਗੇ ਝੁਕਦਿਆਂ ਸੰਤਾਂ ਨੇ ਤਰਸੇਮ ਲਾਲ ਨੂੰ ਲੰਗਰ ਵਿੱਚੋਂ ਹਟਾ ਦਿੱਤਾ ਉਹ ਨਿਰਾਸ਼ ਹੋ ਕੇ ਫਿਰੋਜ਼ਪੁਰ ਚਲਾ ਗਿਆ ਅਤੇ ਇੱਕ ਜੱਜ ਦੇ ਅਹਿਲਮਦ ਲੱਗ ਗਿਆ ਉਸਨੇ ਮੈਂਨੂੰ ਵੀ ਚਿੱਠੀ ਪਾ ਦਿੱਤੀ ਕਿ ਦਸਵੀਂ ਦੇ ਪੇਪਰ ਦੇਣ ਸਾਰ ਤੂੰ ਵੀ ਇੱਥੇ ਆਜਾ ਮੈਂ ਡੇਟਸ਼ੀਟ ਆਉਣਸਾਰ 20 ਦਿਨ ਮਾਸੀ ਦੇ ਪਿੰਡ ਦੌਧਰ ਰਿਹਾ (ਪੇਪਰ ਢੁੱਡੀ ਕੇ ਸਨ) ਅਤੇ ਫਿਰ ਫਿਰੋਜ਼ਪੁਰ ਜਾਕੇ ਤਰਸੇਮ ਕੋਲ ਰਹਿਕੇ ਅੰਗਰੇਜ਼ੀ ਪੰਜਾਬੀ ਦੀ ਟਾਈਪ ਸਿਖਣ ਲੱਗਾ ਦਸਵੀਂ ਕਲਾਸ ਵਿੱਚ ਨਕਸਲਾਈਟ ਮੁੰਡਿਆਂ ਦੀ ਸੰਗਤ ਕਾਰਨ ਮੇਰੇ ਖਿਆਲਾਂ ਵਿੱਚ ਕਾਫੀ ਤਬਦੀਲੀ ਆ ਚੁੱਕੀ ਸੀ ਉਹਨਾਂ ਦਿਨਾਂ ਵਿੱਚ ਹੀ ਬਾਦਲ ਸਰਕਾਰ ਨੇ ਬਾਬਾ ਬੂਝਾ ਸਿੰਘ ਨੂੰ ਦਰਖਤ ਨਾਲ ਬੰਨ੍ਹ ਕੇ ਮਾਰਿਆ ਸੀ ਨਕਸਲਾਈਟ ਮੁੰਡੇ ਮੈਂਨੂੰ ਅਜਿਹੀਆਂ ਘਟਨਾਵਾਂ ਦੀ ਅਸਲੀਅਤ ਦੱਸਦੇ ਉਹ ਹਰਭਜਨ ਹਲਵਾਰਵੀ ਦੁਆਰਾ ਸੰਪਾਦਤ ‘ਲੋਕ ਯੁੱਧ’ ਪੇਪਰ ਵੀ ਮੈਂਨੂੰ ਪੜ੍ਹਨ ਨੂੰ ਦਿੰਦੇ ਮੈਂ ਜਸਵੰਤ ਕੰਵਲ ਦਾ ਨਾਵਲ ‘ਸੱਚ ਨੂੰ ਫਾਂਸੀ’ ਪੜ੍ਹਨ ਤੋਂ ਬਾਦ ਨਵਾਂ ਜ਼ਮਾਨਾ ਅਤੇ ਪ੍ਰੀਤ ਲੜੀ ਵੀ ਪੜ੍ਹਨ ਲੱਗ ਪਿਆ ਸਾਂ ਪ੍ਰੀਤਲੜੀ ਨੇ ਮੇਰੀ ਗੰਧਲੀ ਸੋਚ ਵਿੱਚੋਂ ਜੰਗਾਲ ਲਾਹੁਣਾ ਸ਼ੁਰੂ ਕਰ ਦਿੱਤਾ

ਮੈਂ ਦਸਵੀਂ ਵਿੱਚੋਂ ਪਾਸ ਹੋ ਗਿਆ ਟਾਈਪ ਸਿੱਖਣ ਤੋਂ ਬਾਦ ਕਈ ਮਹਿਕਮਿਆਂ ਵਿੱਚ ਇੰਟਰਵਿਊ ਵੀ ਦਿੱਤੀ ਅਖੀਰ ਲੁਧਿਆਣੇ ਤੋਂ ਤਿੰਨ ਮਹੀਨੇ ਕਿਰਾਏ ਤੇ ਲਿਆ ਕੇ ਟਾਈਪ ਮਸ਼ੀਨ ਫਿਰੋਜ਼ਪੁਰ ਕਚਹਿਰੀਆਂ ਵਿੱਚ ਰੱਖ ਲਈ ਪਰ ਮੈਂ ਸੁਸਤ ਦਿਮਾਗ ਆਦਮੀ ਸੀ, ਕਚਹਿਰੀਆਂ ਵਿੱਚ ਕੋਈ ਜਾਣ ਪਹਿਚਾਣ ਨਾ ਹੋਣ ਕਰਕੇ ਕੰਮ ਨਾ ਚੱਲਿਆ ਤਾਂ ਵਾਪਸ ਪਿੰਡ ਆ ਗਿਆ ਇੱਥੇ ਆਕੇ ਪਹਿਲਾਂ ਇੱਕ ਆਰਐੱਮਪੀ ਡਾਕਟਰ ਦਰਸ਼ਨ ਸਿੰਘ ਢਿੱਲੋਂ ਸਿਰੀਏ ਵਾਲਾ ਤੋਂ ਕੰਮ ਸਿੱਖਿਆ ਫਿਰ ਪਿੰਡ ਮਲੂਕਾ ਵਿੱਚ ਉਸਦੇ ਚਾਚੇ ਡਾ. ਗੁਰਮੇਲ ਸਿੰਘ ਢਿੱਲੋਂ ਤੋਂ ਕੰਮ ਸਿੱਖਿਆ ਇੱਥੇ ਸਿਕੰਦਰ ਸਿੰਘ ਮਲੂਕਾ (ਸਾਬਕਾ ਮੰਤਰੀ) ਨੇ ਮੈਂਨੂੰ ਜਸਵੰਤ ਕੰਵਲ ਦੇ ਕਈ ਨਾਵਲ ਪੜ੍ਹਾਏ ਉਦੋਂ ਉਹ ਵੀ ਕਾਮਰੇਡ ਹੁੰਦਾ ਸੀ 1972 (16 ਕੁ ਸਾਲ ਦੀ ਉਮਰ ਵਿੱਚ) ਮੈਂ ਸਾਡੇ ਗਵਾਂਢੀ ਪਿੰਡ ਉਕੰਦਵਾਲਾ (ਨੇੜੇ ਜੈਤੋ) ਡਾਕਟਰੀ ਦੀ ਦੁਕਾਨ ਕਰ ਲਈ ਕਾਮਰੇਡ ਰੂੜ ਸਿੰਘ ਸਰਪੰਚ ਦੀ ਅਗਵਾਈ ਹੇਠ ਇਹ ਸਾਰਾ ਪਿੰਡ ਹੀ ਕਾਮਰੇਡਾਂ (ਸੀ ਪੀ ਆਈ) ਦਾ ਸੀ ਮੈਂ ਵੀ ਪਿੰਡਾਂ ਵਿੱਚ ਨੌਜਵਾਨ ਸਭਾਵਾਂ ਬਣਾਉਣ, ਕਾਮਰੇਡਾਂ ਦੇ ਡਰਾਮੇ ਕਰਵਾਉਣ ਅਤੇ ਉਹਨਾਂ ਦੇ ਮੁਜ਼ਾਹਰਿਆਂ ਵਿੱਚ ਭਾਗ ਲੈਣ ਲੱਗਾ ਇੱਕ ਸਭ ਤੋਂ ਵੱਡਾ ਮੁਜ਼ਾਹਰਾ ਸੀ ਚੰਡੀਗੜ ਸੋਹਨ ਸਿੰਘ ਜੋਸ਼ ਦੀ ਅਗਵਾਈ ਹੇਠ, ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਮੈਮੋਰੰਡਮ ਲੈਣ ਸਕੱਤਰੇਤ ਤੋਂ ਬਾਹਰ ਆਏ ਦੂਜਾ ਵੱਡਾ ਮੁਜ਼ਾਹਰਾ ਸੀ 1972 ਵਿੱਚ ਦਿੱਲੀ ਦਾ ‘ਲਾਲ ਕਿਲੇ ਪਰ ਲਾਲ ਨਿਸ਼ਾਨ, ਮਾਂਗ ਰਹਾ ਹੈ ਹਿੰਦੁਸਤਾਨ’ ਇਸ ਤਰ੍ਹਾਂ ਮੁਜ਼ਾਹਰਿਆਂ ਵਿੱਚ ਹਿੱਸਾ ਲੈਂਦਾ ਰਿਹਾ ਪਰ ਮੇਰਾ ਡਾਕਟਰੀ ਦਾ ਕੰਮ ਠੱਪ ਹੋ ਗਿਆ

1972 ਵਿੱਚ ਹੀ ਮੇਰਾ ਵੱਡਾ ਭਰਾ ਸਾਧੂ ਸਿੰਘ ਦੁਕਾਨ ਤੇ ਆਇਆ, ਕਹਿੰਦਾ ‘ਜੇ ਥੋੜ੍ਹੇ ਬਹੁਤ ਪੈਸੇ ਹੈਗੇ ਤਾਂ ਮਾਸੀ ਦੇ ਮੁੰਡਿਆਂ ਨਾਲ ਬੰਬੇ ਜਾਣੈ, ਉਹਨਾਂ ਦੀਆਂ ਵਰਕਸ਼ਾਪਾਂ ਵਿੱਚ ਕੰਮ ਕਰਨ ਮੈਂ ਮਸਾਂ 40 ਰੁਪਏ ਇਕੱਠੇ ਕਰਕੇ ਲਿਆਇਆ ਤਾਂ ਉਹ ਖੁਸ਼ ਹੋਕੇ ਬੰਬੇ ਚਲਾ ਗਿਆ ਉਦੋਂ ਬੰਬੇ (ਮੁੰਬਈ) ਦਾ ਕਿਰਾਇਆ 40 ਕੁ ਰੁਪਏ ਹੀ ਹੁੰਦਾ ਸੀ

1973 ਵਿੱਚ ਮੈਂ ਉਕੰਦਵਾਲੇ ਦੇ ਮਿੱਤਰ ਗੁਰਮੇਲ ਸਿੰਘ ਦੇ ਟਰੱਕ ’ਤੇ ਬੰਬੇ ਗਿਆ ਪਰ ਮੇਰੀ ਮਾਸੀ ਦਾ ਮੁੰਡਾ ਕਹਿੰਦਾ ਇੱਥੇ ਰਿਹਾਇਸ਼ ਦਾ ਬਹੁਤ ਮੁਸ਼ਕਿਲ ਹੈ ਮੈਂ 15 ਦਿਨ ਸੈਰ ਕਰਕੇ ਵਾਪਸ ਆ ਗਿਆ ਅਤੇ ਥਾਂਦੇਵਾਲੇ (ਮੁਕਤਸਰ) ਭੂਆ ਦੇ ਪਿੰਡ ਡਾਕਟਰੀ ਦੀ ਦੁਕਾਨ ਕਰ ਲਈ ਸਾਹਿਤ ਸਭਾ ਮੁਕਤਸਰ ਦਾ ਮੈਂਬਰ ਬਣਿਆ ਇੱਥੇ ਪੰਜ ਸਾਲਾਂ ਵਿੱਚ ਮੈਂ ਬਹੁਤ ਸਾਹਿਤ ਪੜ੍ਹਿਆ ਬੜੇ ਸਾਹਿਤਕਾਰਾਂ ਨੂੰ ਮਿਲਿਆ 1979 ਵਿੱਚ ਪਿਤਾ ਦੀ ਮੌਤ ਕਾਰਨ ਵਾਪਸ ਪਿੰਡ ਦਬੜ੍ਹੀਖਾਨੇ ਆ ਗਿਆ ਇੱਥੇ ਆਕੇ ਸਾਹਿਤ ਸਭਾ ਜੈਤੋ ਬਣਾਈ ਅਤੇ ਸਾਹਿਤਕ ਸਰਗਰਮੀਆਂ ਜਾਰੀ ਰੱਖੀਆਂ 1988 ਵਿੱਚ ਮੈਂ ਪੰਜਾਬੀ ਟ੍ਰਿਬਿਊਨ ਦਾ ਪੱਤਰਕਾਰ ਬਣ ਗਿਆਂ ਤਾਂ ਤਰਕਸ਼ੀਲਾਂ ਨਾਲ ਨੇੜਤਾ ਹੋਰ ਵਧ ਗਈ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਬਰਗਾੜੀ ਨਾਲ ਸਭ ਤੋਂ ਵੱਧ ਨੇੜਤਾ ਰਹੀ 1983 ਵਿੱਚ ਮੈਂ ਅਤੇ ਵਾਸਦੇਵ ਸ਼ਰਮਾ ਬਾਜਾਖਾਨਾ ਜੀ ਲੱਕੜ ਦੇ ਬੁੱਤਘਾੜੇ, ਸਮਾਲਸਰ ਦੇ ਮਿਸਤਰੀ ਹਜੂਰਾ ਸਿੰਘ ਜੀ ਨਾਲ ਉਹਨਾਂ ਦੀ ਪੈਨਸ਼ਨ ਲਗਵਾਉਣ ਖਾਤਿਰ ਆਰ ਕੇ ਪੁਰਮ ਦਿੱਲੀ ਗਏ ਤਾਂ ਇੱਥੇ ਲੋਪੋ ਵੇਲੇ ਦਾ ਪੁਰਾਣਾ ਸਾਥੀ ਤਰਸੇਮ ਫਿਰ ਮਿਲਿਆ ਉਹ ਹੁਣ ਦਿੱਲੀ ਰੇਲਵੇ ਵਿੱਚ ਨੌਕਰੀ ਕਰ ਰਿਹਾ ਸੀ ਮੈਂ ਦੱਸਿਆ ਕਿ ਮੈਂ ਤਾਂ ਹੁਣ ਪੱਕਾ ਤਰਕਸ਼ੀਲ ਹਾਂ, ਐਵੇਂ ਬੇਵਕੂਫ਼ੀ ਜਿਹੀ ਵਿੱਚ ਆਪਾਂ ਹਜ਼ਾਰ ਮਣਕਿਆਂ ਵਾਲੀਆਂ ਮਾਲਾ ਫੇਰਦੇ ਰਹੇ ਪਰ ਉਹ ਕਹਿੰਦਾ, “ਅਸਲ ਵਿੱਚ ਆਪਾਂ ਨੂੰ ਉਦੋਂ ਪੂਰਾ ਗੁਰੂ ਨਹੀਂ ਸੀ ਮਿਲਿਆ, ਹੁਣ ਮੈਂ ਰੱਬ ਨੂੰ ਪਾ ਲਿਆ ਹੈ ਰੇਲਵੇ ਦੇ ਸਾਰੇ ਮੁਲਾਜ਼ਮ ਮੇਰੇ ਪੈਰੀਂ ਹੱਥ ਲਾਉਂਦੇ ਹਨ ਸਾਰੇ ਮੈਂਨੂੰ ਬਾਬਾ ਜੀ ਕਹਿੰਦੇ ਹਨ।”

ਚਾਹ ਵਾਲੇ ਢਾਬੇ ’ਤੇ ਅਸੀਂ ਉਸ ਕੋਲ 20 ਕੁ ਮਿੰਟ ਤੋਂ ਵੱਧ ਨਾ ਬਹਿ ਸਕੇ ਮੈਂਨੂੰ ਉਸਦੀ ਬੀਮਾਰ ਮਾਨਸਿਕਤਾ ਉੱਤੇ ਤਰਸ ਜਿਹਾ ਆਉਣ ਲੱਗਾ ਕਿ ਇਹ ਵਿਚਾਰਾ ਤਾਂ ਹਨੇਰੇ ਵਿੱਚ ਹੀ ਟੱਕਰਾਂ ਮਾਰ ਰਿਹਾ ਹੈ ਇਹ ਸਾਡੀ ਆਖਰੀ ਮਿਲਣੀ ਸੀ ਹੁਣ ਜਦ ਵੀ ਮੈਂ ਮੋਰ ਪੰਖ ਦਾ ਬੂਟਾ ਦੇਖਦਾ ਹਾਂ ਤਾਂ ਉਹ ਹਜ਼ਾਰ ਮਣਕਿਆਂ ਵਾਲੀ ਮਾਲਾ ਮੇਰੇ ਮਨ ਵਿੱਚ ਘੁੰਮਣ ਲੱਗ ਪੈਂਦੀ ਹੈ ਅਤੇ ਮੈਂ ਇਹ ਗੁਣਗੁਣਾਉਣ ਲੱਗ ਪੈਂਦਾ ਹਾਂ -

ਉੱਲੂਆਂ ਵਾਂਗ ਗੁਫ਼ਾਵਾਂ ਦੇ ਵਿੱਚ ਮੈਂ ਵੀ ਇੰਜ ਹੀ ਜੀਅ ਲੈਣਾ ਸੀ
ਜੇ ਚਾਨਣ ਦੀ ਤਾਂਘ ਨਾ ਹੁੰਦੀ ਤਾਂ ਮੈਂ ਸੂਰਜ ਤੋਂ ਕੀ ਲੈਣਾ ਸੀ

ਪਿੰਜਰੇ ਵਿੱਚ ਬੰਦ ਬੈਠਾ ਤੋਤਾ ਚੂਰੀ ਖਾਂਦਾ ਅਕਸਰ ਸੋਚੇ ਕਿ
ਮੈਂਨੂੰ ਬਾਹਰ ਉਡਦੇ ਨੂੰ ਤਾਂ ਬਾਜਾਂ ਨੇ ਖਾ ਹੀ ਲੈਣਾ ਸੀ

ਗੁਲਾਮੀ ਦੀ ਵੀ ਆਪਣੀ ਸੁਰੱਖਿਆ ਹੁੰਦੀ ਹੈ, ਇਸੇ ਲਈ ਬਹੁਤੇ ਗੁਲਾਮ ਆਪਣੀਆਂ ਜੰਜ਼ੀਰਾਂ ਨੂੰ ਹੀ ਪਿਆਰ ਕਰਨ ਲੱਗ ਪੈਂਦੇ ਹਨ

*****

ਅਮਰਜੀਤ ਢਿੱਲੋਂ ਦਬੜ੍ਹੀਖਾਨਾ (ਇਸ ਸਮੇਂ ਵਿਨੀਪੈਗ - ਕੈਨੇਡਾ, ਫੋਨ:  431 374 6646)

**

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1713)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਅਮਰਜੀਤ ਢਿੱਲੋਂ

ਅਮਰਜੀਤ ਢਿੱਲੋਂ

Bajakhana, Faridkote, Punjab, India.
Phone: (91 - 94171 - 20427)
Email: (bajakhanacity@gmail.com)