NiranjanBoha7“ਅਗਲੇ ਸਮੇਂ ਵਿੱਚ ਕਾਂਗਰਸ ਸਰਕਾਰ ਦੀ ਸੱਤਾ ਵਿਰੁੱਧ ਜੋ ਲੋਕ ਗੁੱਸਾ ਪੈਦਾ ਹੋਵੇਗਾ ਉਸਦਾ ਲਾਭ ...”
(12 ਮਾਰਚ 2017)

 

ਵਿਧਾਨ ਸਭਾ ਚੋਣਾਂ 2012 ਵੇਲੇ ਪੰਜਾਬ ਦੇ ਵੋਟਰਾਂ ਨੇ ਜਿਸ ਤਰ੍ਹਾਂ ਅਕਾਲੀ ਦਲ ਤੇ ਭਾਜਪਾ ਗੱਠਜੋੜ ਨੂੰ ਦੁਬਾਰਾ ਸੱਤਾ ਵਿਚ ਲਿਆ ਕੇ ਕਾਂਗਰਸ ਦੇ ਸੱਤਾ ਵਿਚ ਪਰਤਣ ਦਾ ਅਨੁਮਾਨ ਲਾ ਰਹੇ ਸਿਆਸੀ ਪੰਡਤਾਂ ਨੂੰ ਮਾਤ ਦੇ ਦਿੱਤੀ ਸੀ, ਉਸੇ ਤਰ੍ਹਾਂ ਉਹਨਾਂ ਨੇ ਇਸ ਵਾਰ 2017 ਦੀਆਂ ਚੋਣਾਂ ਸਮੇਂ ਵੀ ਪੰਜਾਬ ਵਿਚ ਅਕਾਲੀ ਭਾਜਪਾ ਤੇ ਕਾਂਗਰਸ ਦਾ ਮਜ਼ਬੂਤ ਬਦਲ ਬਣਨ ਦਾ ਦਾਅਵਾ ਕਰ ਰਹੇ ਸਿਆਸੀ ਮਾਹਿਰਾਂ ਨੂੰ ਹਰਾ ਦਿੱਤਾ ਹੈ। ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਅਕਾਲੀ ਭਾਜਪਾ ਗੱਠਜੋੜ ਦੀ ਹਾਰ ਤਾਂ ਨਿਸਚਿਤ ਵਿਖਾਈ ਦੇ ਰਹੀ ਸੀ ਪਰ 117 ਵਿੱਚੋਂ 100 ਸੀਟਾਂ ਜਿੱਤਣ ਦਾ ਦਾਆਵਾ ਕਰ ਰਹੀ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਉਹਨਾਂ ਦੇ ਹਿਮਾਇਤੀਆਂ ਨੂੰ ਇਸ ਗੱਲ ਦਾ ਅੰਦੇਸ਼ਾ ਨਹੀਂ ਸੀ ਕਿ ਉਹਨਾਂ ਦੀ ਪਾਰਟੀ ਵੀਹ ਸੀਟਾਂ ਤੱਕ ਹੀ ਸਿਮਟ ਕੇ ਰਹਿ ਜਾਵੇਗੀ ਆਮ ਆਦਮੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਪਣੀ ਜਿੱਤ ਹੋਣ ਦਾ ਅਨੁਮਾਨ ਲਾ ਕੇ ਬਹੁਤ ਉਤਸ਼ਾਹਿਤ ਸੀ ਪਰ ਪੰਜਾਬ ਦੇ ਵੋਟਰਾਂ ਨੇ ਦੱਸ ਦਿੱਤਾ ਕਿ ਸਾਰਾ ਪੰਜਾਬ ਆਪਣੇ ਨਾਲ ਹੋਣ ਦੇ ਪੋਸਟਰ ਲਾਉਣ ਵਾਲੇ ਕਿਸੇ ਬਾਹਰੀ ਵਿਅਕਤੀ ਦੇ ਨਾਲ ਜਾਣ ਦੇ ਮੂੜ ਵਿਚ ਉਹ ਅਜੇ ਨਹੀਂ ਹਨਭਾਵੇਂ ਵੱਡੀ ਜਿੱਤ ਦੇ ਬਾਵਜੂਦ ਕਾਂਗਰਸ ਦੇ ਬੀਬੀ ਰਜਿੰਦਰ ਕੌਰ ਭੱਠਲ, ਸੁਨੀਲ ਕੁਮਾਰ ਜਾਖੜ ਅਤੇ ਮਹਿੰਦਰ ਸਿੰਘ ਕੇ. ਪੀ, ਵਰਗੇ ਪੁਰਾਣੇ ਦਰਖਤ ਡਿੱਗੇ ਹਨ ਪਰ ਭਾਰੀ ਬਹੁਮੱਤ ਨਾਲ ਸੱਤਾ ਵਿਚ ਪਰਤਣ ਨਾਲ ਉਸਦੇ ਇਸ ਨੁਕਸਾਨ ਦੀ ਪੂਰਤੀ ਅਸਾਨੀ ਨਾਲ ਹੋ ਜਾਵੇਗੀ

ਅਕਾਲੀ ਦਲ ਕੋਲ ਕੇਂਦਰ ਸਰਕਾਰ ਦੀ ਮਦਦ ਨਾਲ ਪੰਜਾਬ ਵਿਚ ਲਿਆਂਦੇ ਵਿਕਾਸ ਪ੍ਰੋਜੈਕਟਾਂ ਅਤੇ ਆਟਾ ਦਾਲ ਵਰਗੀਆਂ ਸਕੀਮਾਂ ਦੇ ਪ੍ਰਚਾਰ ਤੋ ਬਿਨਾਂ ਚੋਣਾਂ ਵਿਚ ਉੱਤਰਣ ਲਈ ਕੋਈ ਵਿਸ਼ੇਸ਼ ਮੁੱਦਾ ਨਹੀਂ ਸੀ ਪਰ ਉਸਦੀਆਂ ਵਿਰੋਧੀ ਪਾਰਟੀਆਂ, ਕਾਂਗਰਸ ਅਤੇ ਆਮ ਆਦਮੀ ਪਾਰਟੀ ਕੋਲ ਉਸ ਨੂੰ ਭੰਡਣ ਲਈ ਬਹੁਤ ਸਾਰੇ ਮੁੱਦੇ ਸਨ ਪੰਜਾਬ ਵਿਚ ਵਧ ਰਹੇ ਨਸ਼ਿਆਂ ਦੇ ਰੁਝਾਣ, ਰੇਤਾ ਬਜਰੀ ਦੀ ਬਲੈਕ, ਆਰਬਿਟ ਬੱਸਾਂ ਦੀ ਇਜਾਰੇਦਾਰੀ, ਸਿਵਲ ਤੇ ਪੁਲਿਸ ਪ੍ਰਸ਼ਾਸਨ ਵਿੱਚ ਸੱਤਾਧਾਰੀ ਲੋਕਾਂ ਵੱਲੋ ਕੀਤੀ ਜਾ ਰਹੀ ਲੋੜੋਂ ਵੱਧ ਦਖਲਅੰਦਾਜ਼ੀ, ਸ਼੍ਰੀ ਗੁਰ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਨਾ ਫੜ ਸਕਣ ਦਾ ਰੋਸ ਅਤੇ ਪ੍ਰਸ਼ਾਸਨਿਕ ਖੇਤਰ ਦਾ ਭ੍ਰਿਸ਼ਟਾਚਾਰ ਅਜਿਹੇ ਮੁੱਦੇ ਸਨ ਜਿਹੜੇ ਪੰਜਾਬ ਦੇ ਵੋਟਰਾਂ ਨੂੰ ਭਾਵੁਕ ਕਰ ਕੇ ਉਹਨਾਂ ਨੂੰ ਸੱਤਾ ਤਬਦੀਲੀ ਲਈ ਪ੍ਰੇਰਿਤ ਕਰਨ ਵਿੱਚ ਪੂਰੇ ਸਮਰੱਥ ਸਨ। ਲਗਾਤਾਰ ਇੱਕ ਦਹਾਕੇ ਦੇ ਰਾਜ ਪ੍ਰਬੰਧ ਤੋਂ ਲੋਕਾਂ ਦਾ ਅੱਕਣਾ ਵੀ ਸੁਭਾਵਿਕ ਸੀ ਭਾਵੇਂ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਪੈਰ ਪਸਾਰਣ ਦਾ ਮੌਕਾ ਅਕਾਲੀ ਭਾਜਪਾ ਗੱਠਜੋੜ ਦੇ ਵਿਰੋਧ ਵਿੱਚ ਭੁਗਤਦੇ ਇਹਨਾਂ ਮੁੱਦਿਆਂ ਨੇ ਹੀ ਦਿੱਤਾ ਪਰ ਉਹ ਇਹਨਾਂ ਦਾ ਕਾਂਗਰਸ ਪਾਰਟੀ ਜਿੰਨਾ ਲਾਭ ਨਾ ਉੱਠਾ ਸਕੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਲੋਕ ਪਾਲ ਬਿੱਲ ਦੇ ਮੱਦੇ ਨੂੰ ਵਿਸਾਰਨਾ, ਉਸਦਾ ਆਪਣੇ ਸਾਥੀਆਂ ਪ੍ਰਤੀ ਤਾਨਾਸ਼ਾਹੀ ਰਵਈਆ, ਸੰਸਦ ਮੈਂਬਰ ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਤੋਂ ਬਾਦ ਸੁੱਚਾ ਸਿੰਘ ਛੋਟੇ ਪੁਰ ਨਾਲ ਕੀਤੀ ਬਦਸਲੂਕੀ, ਦੂਸਰੀਆਂ ਪਾਰਟੀਆਂ ਦੇ ਭ੍ਰਿਸ਼ਟ ਸਿੱਧ ਹੋ ਚੁੱਕੇ ਨੇਤਾਵਾਂ ਨੂੰ ਧੜਾਧੜ ਆਪਣੀ ਪਾਰਟੀ ਵਿਚ ਸ਼ਾਮਿਲ ਕਰਨਾ, ਭਗਵੰਤ ਮਾਨ ਦਾ ਬੜਬੋਲਾਪਣ, ਉਸਦੀਆਂ ਸ਼ਰਾਬੀ ਹੋਣ ਦੀਆਂ ਵੀਡੀਓ ਦਾ ਵਾਈਰਲ ਹੋਣਾ ਆਦਿ ਅਜਿਹੇ ਤੱਥ ਸਨ ਜਿਹਨਾਂ ਦੀ ਡੂੰਘਾਈ ਨਾਲ ਖੋਜ ਤੋਂ ਬਾਦ ਪੰਜਾਬ ਦੇ ਵੋਟਰਾਂ ਨੇ ਕੇਜਰੀਵਾਲ ਦੀ ਬਜਾਇ ਕੈਪਟਨ ਅਮਰਿੰਦਰ ਸਿੰਘ ਨਾਲ ਜਾਣ ਦਾ ਫੈਸਲਾ ਕੀਤਾ

ਪੰਜਾਬ ਦੇ ਵੋਟਰਾਂ ਨੇ ਬੜੀ ਨੀਝ ਨਾਲ ਇਸ ਗੱਲ ਨੂੰ ਵਿਚਾਰਿਆ ਲੱਗਦਾ ਹੈ ਕਿ ਕੇਜਰੀਵਾਲ ਦੇ ਮੁਕਾਬਲੇ ਕੈਪਟਨ ਅੰਮਰਿੰਦਰ ਸਿੰਘ ਦਾ ਸਟੈਂਡ ਬਹੁਤ ਮਜਬੂਤ ਹੈ ਉਹਨਾਂ ਇਸ ਗੱਲ ਨੂੰ ਆਪਣੇ ਦਿਮਾਗ ਵਿਚ ਰੱਖਿਆ ਕਿ ਕੇਜਰੀਵਾਲ ਲੋਕ ਪਾਲ ਬਿੱਲ ਅਤੇ ਵੀ.ਆਈ, ਪੀ, ਕਲਚਰ ਖਤਮ ਕਰਨ ਸਮੇਤ ਬਹੁਤ ਸਾਰੇ ਆਪਣੇ ਹੀ ਐਲਾਨਾਂ ਤੋਂ ਯੂ ਟਰਨ ਲੈ ਚੁੱਕੇ ਹਨ ਪਰ ਉਹਨਾਂ ਦੇ ਮੁਕਾਬਲੇ ਵਿਚ ਕੈਪਟਨ ਅੰਮਰਿੰਦਰ ਸਿੰਘ ਨੇ ਜੋ ਕਿਹਾ ਹੈ, ਉਹ ਕੀਤਾ ਵੀ ਹੈ। ਭਾਵੇਂ ਸ਼੍ਰੀ ਅਕਾਲ ਤਖਤ ਦੀ ਬੇਅਦਬੀ ਦੇ ਮਾਮਲੇ ’ਤੇ ਅਸਤੀਫਾ ਦੇਣ ਦੇਣ ਦੀ ਗੱਲ ਹੋਵੇ, ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਆਪਣੀ ਹੀ ਪਾਰਟੀ ਦੀ ਸਰਕਾਰ ਦੇ ਪਿਛਲੇ ਫੈਸਲੇ ਨੂੰ ਉਲਟਾਉਣ ਦਾ ਮਾਮਲਾ ਹੋਵੇ, ਬਾਦਲ ਪਿਉ ਪੁੱਤਰਾਂ ਨੂੰ ਆਪਣੇ ਪਿਛਲੇ ਕਾਰਜਕਾਲ ਦੌਰਾਨ ਜੇਲ੍ਹ ਭੇਜਣ ਦਾ ਸਿਆਸੀ ਜੂਆ ਖੇਡਣ ਵਰਗਾ ਫੈਸਲਾ ਹੋਵੇ ਜਾਂ ਸਰਕਾਰੀ ਨੌਕਰੀਆਂ ਨਿਰੋਲ ਮੈਰਿਟ ਦੇ ਅਧਾਰ ’ਤੇ ਦੇਣ ਦਾ ਮਾਮਲਾ ਹੋਵੇ, ਉਹਨਾਂ ਆਪਣਾ ਹਰ ਫੈਸਲਾ ਦ੍ਰਿੜ੍ਹਤਾ ਨਾਲ ਕੀਤਾ ਤੇ ਦ੍ਰਿੜ੍ਹਤਾ ਨਾਲ ਹੀ ਨੇਪਰੇ ਚਾੜ੍ਹਿਆਭਾਵੇਂ ਉਹਨਾਂ ’ਤੇ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਨਾਲ ਦੋਸਤੀ ਤੇਅ ਉਹਨਾਂ ਦੀ ਅਰਾਮਪ੍ਰਸਤੀ ਨੂੰ ਲੈ ਕੇ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹੇ ਪਰ ਪੰਜਾਬ ਦੇ ਵੋਟਰਾਂ ਨੇ ਇਹਨਾਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰਕੇ ਇਕ ਵਾਰ ਫਿਰ ਉਹਨਾਂ ’ਤੇ ਹੀ ਆਪਣਾ ਵਿਸ਼ਵਾਸ ਪ੍ਰਗਟਾਇਆ ਹੈ।

ਅਕਾਲੀ ਦਲ ਅਤੇ ਭਾਜਪਾ ਗੱਠਜੋੜ ਇਹ ਅਨੁਮਾਨ ਲਾਉਣ ਵਿਚ ਰੁੱਝਿਆ ਰਿਹਾ ਕਿ ਜਿਸ ਤਰ੍ਹਾਂ 2012 ਦੀਆਂ ਚੋਣਾਂ ਵੇਲੇ ਸੱਤਾ ਪੱਖ ਵਿਰੁੱਧ ਪੈਦਾ ਹੋਏ ਲੋਕਾਂ ਦੇ ਰੋਹ ਕਾਰਨ ਪ੍ਰਭਾਵਿਤ ਹੋਈਆਂ ਵੋਟਾਂ ਦੀ ਕਾਗਰਸ ਅਤੇ ਪੀ, ਪੀ. ਪੀ, ਵਿਚ ਵੰਡ ਹੋ ਜਾਣ ’ਤੇ ਉਹ ਦੁਬਾਰਾ ਸੱਤਾ ਹਾਸਿਲ ਕਰਨ ਵਿਚ ਕਾਮਯਾਬ ਹੋ ਗਿਆ ਸੀ, ਉਸੇ ਤਰ੍ਹਾਂ ਇਸ ਵਾਰ ਇਹ ਕਾਰਜ ਪੀ. ਪੀ. ਪੀ. ਦੀ ਥਾਂ ਆਮ ਆਦਮੀ ਪਾਰਟੀ ਕਰ ਦੇਵੇਗੀ। ਪਰ ਉਹਨਾਂ ਦਾ ਇਹ ਅਨੁਮਾਨ ਪੂਰੀ ਤਰ੍ਹਾਂ ਗਲਤ ਸਿੱਧ ਹੋਇਆ ਆਮ ਆਦਮੀ ਪਾਰਟੀ ਦੇ ਸਾਰੇ ਪ੍ਰਚਾਰ ਦਾ ਨਿਸ਼ਾਨਾ ਕਾਂਗਰਸ ਦੀ ਬਜਾਇ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਸੀ। ਇਸ ਦਾ ਨਤੀਜਾ ਵੀ ਇਹ ਹੋਇਆ ਕਿ ਨਵੀਂ ਪਾਰਟੀ ਕਾਂਗਰਸ ਦੀ ਬਜਾਇ ਅਕਾਲੀ ਦਲ ਦੇ ਪੇਂਡੂ ਵੋਟ ਬੈਂਕ ਵਿਚ ਪਾੜ ਲਾਉਣ ਵਿਚ ਵਧੇਰੇ ਸਫਲ ਹੋਈ। ਭਾਵੇਂ ਆਮ ਆਦਮੀ ਪਾਰਟੀ ਅਕਾਲੀ ਦਲ ਭਾਜਪਾ ਗੱਠਜੋੜ ਦੇ ਮੁਕਾਬਲੇ ਚਾਰ ਸੀਟਾਂ ਵੱਧ ਲਿਜਾਣ ਵਿਚ ਸਫਲ ਹੋ ਗਈ ਹੈ ਪਰ ਇਸਦਾ ਭਾਵ ਇਹ ਨਹੀਂ ਬਣਦਾ ਕਿ ਉਸਨੇ ਹਮੇਸ਼ਾ ਲਈ ਅਕਾਲੀ ਦਲ ਨੂੰ ਤੀਜੇ ਨੰਬਰ ਤੇ ਛੱਡ ਦਿੱਤਾ ਹੈ। ਇਸ ਪਾਰਟੀ ਰਾਹੀਂ ਇਨਕਲਾਬ ਲਿਆਉਣ ਲਈ ਕਾਹਲੇ ਪਏ ਇਸਦੇ ਸਮਰਥਕ ਆਪਣਾ ਸੁਪਨਾ ਪੂਰਾ ਨਾ ਹੋਣ ’ਤੇ ਛੇਤੀ ਹੀ ਫਿਰ ਰਵਾਇਤੀ ਪਾਰਟੀਆਂ ਵੱਲ ਮੁੜ ਜਾਣਗੇ ਅਕਾਲੀ ਦਲ ਵੱਲੋਂ ਪ੍ਰਾਪਤ ਵੋਟ ਪ੍ਰਤੀਸ਼ਤ ਅਜੇ ਵੀ ਆਮ ਆਦਮੀ ਪਾਰਟੀ ਤੋਂ ਵੱਧ ਹੈ ਤੇ ਇਸ ਦੀਆਂ ਜੜ੍ਹਾਂ ਵੀ ਨਵੀਂ ਪਾਰਟੀ ਨਾਲੋਂ ਮਜ਼ਬੂਤ ਹਨ ਮੇਰਾ ਅਨੁਮਾਨ ਹੈ ਕਿ ਅਗਲੇ ਸਮੇਂ ਵਿੱਚ ਕਾਂਗਰਸ ਸਰਕਾਰ ਦੀ ਸੱਤਾ ਵਿਰੁੱਧ ਜੋ ਲੋਕ ਗੁੱਸਾ ਪੈਦਾ ਹੋਵੇਗਾ ਉਸਦਾ ਲਾਭ ਆਮ ਆਦਮੀ ਪਾਰਟੀ ਨਾਲੋਂ ਅਕਾਲੀ ਦਲ ਵਧੇਰੇ ਉਠਾਵੇਗਾ ਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਇਕ ਵਾਰ ਫਿਰ ਕਾਂਗਰਸ ਅਤੇ ਅਕਾਲੀ-ਭਾਜਪਾ ਵਰਗੀਆਂ ਰਵਾਇਤੀ ਪਾਰਟੀਆਂ ਵਿਚਕਾਰ ਹੀ ਸਿੱਧੀ ਟੱਕਰ ਹੋਵੇਗੀ।

ਅਕਾਲੀ ਦਲ ਅਤੇ ਭਾਜਪਾ ਗੱਠਜੋੜ ਨੂੰ ਮਿਲੀ ਕਰਾਰੀ ਹਾਰ ਦਾ ਅਸਰ ਇਸ ਗੱਠਜੋੜ ਵਿਚ ਸ਼ਾਮਿਲ ਦੋਵਾਂ ਪਾਰਟੀਆਂ ਦੇ ਸਬੰਧਾਂ ’ਤੇ ਵੀ ਪੈ ਸਕਦਾ ਹੈ। ਉੱਤਰ ਪ੍ਰਦੇਸ਼ ਵਿਚ ਮਿਲੀ ਜ਼ਬਰਦਰਸਤ ਜਿੱਤ ਭਾਜਪਾ ਆਗੂਆਂ ਨੂੰ ਇਹ ਸੋਚਣ ਲਈ ਮਜਬੂਰ ਕਰ ਸਕਦੀ ਹੈ ਕਿ ਮੋਦੀ ਦੇ ਜਾਦੂ ਦੇ ਕਾਇਮ ਰਹਿਣ ’ਤੇ ਵੀ ਜੇ ਉਹ ਪੰਜਾਬ ਵਿਚ ਹਾਰੇ ਹਨ ਤਾਂ ਉਸਦਾ ਕਾਰਨ ਅਕਾਲੀ ਦਲ ਦੀਆਂ ਨੀਤੀਆਂ ਹਨ। ਨੇੜਲੇ ਭਵਿੱਖ ਵਿਚ ਨਗਰ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ। ਇਹਨਾਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਅਕਾਲੀ ਦਲ ਤੋਂ ਵੱਖ ਹੋ ਕੇ ਚੋਣਾਂ ਲੜਨ ਦੀ ਇੱਛਾ ਵੀ ਜ਼ਾਹਿਰ ਕਰ ਸਕਦੀ ਹੈ ਭਾਵੇਂ ਪ੍ਰਕਾਸ਼ ਸਿੰਘ ਬਾਦਲ ਨਾਲ ਪ੍ਰਧਾਨ ਮਤਰੀ ਮੋਦੀ ਦੇ ਚੰਗੇ ਸਬੰਧਾਂ ਦੇ ਚੱਲਦਿਆਂ ਇਹ ਇਜਾਜ਼ਤ ਮਿਲਣ ਦੀ ਸੰਭਾਵਨਾ ਘੱਟ ਹੈ ਪਰ ਵੱਡੀ ਹਾਰ ਤੋਂ ਬਾਦ ਅਜਿਹੇ ਮੱਤਭੇਦ ਉੱਭਰਨੇ ਬਹੁਤ ਸੁਭਾਵਿਕ ਹੁੰਦੇ ਹਨ। ਇਹਨਾਂ ਚੋਣਾਂ ਵਿਚ ਮਿਲੀ ਹਾਰ ਤੋਂ ਬਾਦ ਅਕਾਲੀ ਦਲ ਦੇ ਸੰਗਠਨਾਤਮਕ ਢਾਂਚੇ ਵਿਚ ਤਾਂ ਕੋਈ ਵੱਡੀ ਤਬਦੀਲੀ ਹੋਣ ਦੀ ਸੰਭਾਵਨਾ ਨਹੀਂ ਹੈ ਪਰ ਭਾਜਪਾ ਦੇ ਪੰਜਾਬ ਇਕਾਈ ਦੇ ਪ੍ਰਧਾਨ ਸ਼੍ਰੀ ਵਿਜੈ ਸਾਂਪਲਾ ਦੀ ਛੁੱਟੀ ਹੋਣਾ ਯਕੀਨੀ ਜਾਪ ਰਿਹਾ ਹੈ।

*****

(632)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਨਿਰੰਜਨ ਬੋਹਾ

ਨਿਰੰਜਨ ਬੋਹਾ

Phone: (91 - 89682 - 82700)
Email: (niranjanboha@yahoo.com)

More articles from this author