NiranjanBoha7ਜਿੱਥੇ ਉਹ ਇਕ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਹੰਕਾਰੀਅਨਪੜ੍ਹ ਅਤੇ ਬੇਈਮਾਨ ਸੱਤਾਧਾਰੀ ਆਗੂਆਂ ਨਾਲ ਟਕਰਾਉਣ ਲਈ ਤਿਆਰ ਰਹਿੰਦਾ ਸੀ, ਉੱਥੇ ...
(ਅਪਰੈਲ 1, 2016)


NarpinderRBook1ਆਈ. ਏ. ਐੱਸ. ਅਧਿਕਾਰੀ ਨ੍ਰਿਪਇੰਦਰ ਰਤਨ ਨੇ ਜਿੱਥੇ ਪ੍ਰਸ਼ਾਸ਼ਨਿਕ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਨਿਭਾਅ ਕੇ ਇਸ ਖੇਤਰ ਵਿਚਲੀ ਕਾਰਜ਼ਸੀਲਤਾਂ ਨੂੰ ਸਮਾਜ ਉਪਯੋਗੀ ਦ੍ਰਿਸ਼ਟੀਕੋਣ ਤੋਂ ਨਵੇਂ ਅਰਥ ਪ੍ਰਦਾਨ ਕੀਤੇ ਹਨ, ਉੱਥੇ ਪਿਛਲੇ ਚਾਰ ਦਹਾਕਿਆਂ ਦੇ ਸਾਹਿਤਕ ਸਫਰ ਦੌਰਾਨ ਪੰਜਾਬੀ ਕਹਾਣੀ ਅਤੇ ਕਵਿਤਾ ਦੇ ਖੇਤਰ ਵਿਚ ਵੀ ਆਪਣੇ ਹੰਢਾਏ ਤਜ਼ਰਬਿਆਂ
, ਅਨੁਭਵਾਂ ਅਤੇ ਵਿਵੇਕਸ਼ੀਲ ਵਿਚਾਰਾਂ ਦੀ ਡੂੰਘੀ ਛਾਪ ਛੱਡੀ ਹੈ। ਉਸ ਵੱਲੋਂ ਪ੍ਰਕਾਸ਼ਿਤ ਕਰਵਾਏ ਦੋ ਕਾਵਿ ਸੰਗ੍ਰਹਿ ਅਤੇ ਤਿੰਨ ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਦੇ ਖੇਤਰ ਉਸਦੀ ਪਹਿਚਾਣ ਇਕ ਪ੍ਰੌੜ੍ਹ, ਪਰਪੱਕ ਅਤੇ ਸਥਾਪਿਤ ਕਵੀ ਅਤੇ ਕਹਾਣੀਕਾਰ ਵਜੋਂ ਬਣਾਉਣ ਵਿਚ ਸਫਲ ਰਹੇ ਹਨ। ਕਵਿਤਾ ਅਤੇ ਕਹਾਣੀ ਤੋਂ ਇਲਾਵਾ ਉਨ੍ਹਾਂ ਆਪਣੀ ਸਵੈ-ਜੀਵਨੀ ਅਤੇ ਜੀਵਨ ਯਾਦਾਂ ਨਾਲ ਸਬੰਧਤ ਦੋ ਪੁਸਤਕਾਂ ਪ੍ਰਕਾਸ਼ਿਤ ਕਰਵਾ ਕੇ ਵਾਰਤਕ ਖੇਤਰ ਵਿਚ ਵੀ ਆਪਣੀ ਉੱਘੜਵੀਂ ਪਹਿਚਾਣ ਬਣਾ ਲਈ ਹੈ। ਉਸਦੀ ਹੱਥਲੀ ਪੁਸਤਕ ਇਕ ਦਰਵੇਸ਼ ਮੰਤਰੀ’ ਉਸਦੇ ਬੀਤੇ ਜੀਵਨ ਨਾਲ ਜੁੜੀਆਂ ਉਹਨਾਂ ਯਾਦਾਂ ਨੂੰ ਵੱਖਰੇ ਵੱਖਰੇ ਲੇਖਾਂ ਰਾਹੀਂ ਸੰਭਾਲਦੀ ਹੈ, ਜਿਹਨਾਂ ਉਸਦੀ ਸ਼ਖਸ਼ੀਅਤ ਦੇ ਨਿਰਮਾਣ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ।

ਭਾਵੇਂ ਇਸ ਪੁਸਤਕ ਵਿਚਲੇ ਸਾਰੇ ਲੇਖ ਮਿਤੀ 20-8-2011 ਤੋਂ ਲੈ ਕੈ 24-22-2011 ਤੀਕ ਦੇ ਤਿੰਨ ਕੁ ਮਹੀਨਿਆਂ ਦੇ ਛੋਟੇ ਜਿਹੇ ਕਾਲਖੰਡ ਵਿਚ ਲਿਖੇ ਗਏ ਹਨ ਪਰ ਇਹਨਾਂ ਲੇਖਾਂ ਨਾਲ ਜੁੜੀਆਂ ਯਾਦਾਂ ਲੇਖਕ ਦੇ ਵਿਦਿਆਰਥੀ ਜੀਵਨ ਤੋਂ ਲੈ ਕੇ ਉਸਦੀ ਆਜੋਕੀ ਪ੍ਰੌੜ੍ਹ ਅਵਸਥਾ ਤੀਕ ਦੇ ਜੀਵਨ ਅਨੁਭਵਾਂ ਨੂੰ ਦਸਤਾਵੇਜ਼ੀ ਮਹੱਤਤਾ ਪ੍ਰਦਾਨ ਕਰਦੀਆਂ ਹਨ। ਜਦੋਂ ਉਹ ਇਕ ਆਈ. ਏ. ਐੱਸ. ਅਫ਼ਸਰ ਵਜੋਂ ਆਪਣੇ ਕਾਰਜ਼ ਖੇਤਰ ਵਿਚ ਵਿਚਰਦਾ ਹੈ ਤਾਂ ਉਸ ਅੰਦਰਲਾ ਸਾਬਤ ਸਬੂਤਾ ਮਨੁੱਖ ਅਤੇ ਸੰਵੇਦਨਸ਼ੀਲ ਲੇਖਕ ਪ੍ਰਸ਼ਾਸਕੀ ਖੇਤਰ ਦੀਆਂ ਕਈ ਅਫ਼ਸਰਵਾਦੀ ਮਾਨਤਾਵਾਂ ਨੂੰ ਤੋੜ ਕੇ ਨਵੀਆਂ ਲੋਕ ਹਿਤੈਸ਼ੀ ਮਾਨਤਾਵਾਂ ਸਥਾਪਿਤ ਕਰਨ ਲਈ ਯਤਨਸ਼ੀਲ ਰਹਿੰਦਾ ਹੈ।

ਪੁਸਤਕ ਵਿਚ ਸ਼ਾਮਿਲ ਪਹਿਲਾ ਹੀ ਲੇਖ ਪਹਿਲੀ ਨੌਕਰੀ ਪਹਿਲੇ ਜੱਫੇ’ ਦੱਸਦਾ ਹੈ ਕਿ ਬਠਿੰਡਾ ਵਿਖੇ ਐੱਸ. ਡੀ. ਐੱਮ. ਵਜੋਂ ਪਹਿਲੀ ਨੌਕਰੀ ਦੌਰਾਨ ਉਸ ਹੋਰਨਾਂ ਅਫ਼ਸਰਾਂ ਵਾਂਗ ਸੱਤਾਧਾਰੀ ਮੰਤਰੀਆਂ ਅਤੇ ਵਿਧਾਇਕਾਂ ਦੀ ਜੀ ਹਜ਼ੂਰੀ ਅਤੇ ਚਾਪਲੂਸੀ ਨਹੀਂ ਕੀਤੀ ਸਗੋਂ ਆਪਣੀ ਜ਼ਮੀਰ ਦੀ ਅਵਾਜ਼ ਅਨੁਸਾਰ ਹੀ ਪ੍ਰਸ਼ਾਸਕੀ ਫੈਸਲੇ ਲਏ ਸਨ ਭਾਵੇਂ ਸਖਤ ਅਤੇ ਇਮਾਨਦਾਰ ਅਫਸਰ ਹੋਣ ਦਾ ਇਨਾਮ ਉਸ ਨੂੰ ਅੱਧੀ ਰਾਤ ਦੀ ਬਦਲੀ ਦੇ ਰੂਪ ਵਿਚ ਮਿਲਿਆ ਪਰ ਉਸ ਅੰਦਰਲੀ ਅਣਖ ਅਤੇ ਗੈਰਤ ਨੇ ਸੱਤਾਧਾਰੀ ਲੋਕਾਂ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਸੀ ਕੀਤਾ। ਪੁਸਤਕ ਵਿਚਲੇ ਲੇਖਾਂ ਅਨੁਸਾਰ ਰਤਨ ਵਰਗਾ ਨਿਧੜਕ ਅਤੇ ਗੈਰਤਮੰਦ ਅਫ਼ਸਰ ਹੀ ਭ੍ਰਿਸ਼ਟਾਚਾਰੀ ਤਰੀਕੇ ਨਾਲ ਮੁੱਖ ਮੰਤਰੀ ਦੀ ਰੋਟੀ ਦਾ ਪ੍ਰਬੰਧ ਕਰਨ ਦੀ ਬਜਾਇ ਉਸ ਨੂੰ ਰੋਟੀ ਉੱਤੇ ਆਉਣ ਵਾਲੇ ਖਰਚੇ ਦੀ ਜਾਣਕਾਰੀ ਦੇ ਸਕਦਾ ਹੈ ਅਤੇ ਅਜਿਹਾ ਅਫ਼ਸਰ ਹੀ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਦੇ ਬੁਲਾਵੇ ’ਤੇ ਉਸ ਦੇ ਘਰ ਜਾਣ ਤੋਂ ਇਨਕਾਰ ਕਰ ਸਕਦਾ ਹੈ। ਲੇਖ ਇਹ ਵੀ ਦੱਸਦੇ ਹਨ ਕਿ ਜਿੱਥੇ ਉਹ ਇਕ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਹੰਕਾਰੀ, ਅਨਪੜ੍ਹ ਅਤੇ ਬੇਈਮਾਨ ਸੱਤਾਧਾਰੀ ਆਗੂਆਂ ਨਾਲ ਟਕਰਾਉਣ ਲਈ ਤਿਆਰ ਰਹਿੰਦਾ ਸੀ, ਉੱਥੇ ਦਲੀਪ ਸਿੰਘ ਤਲਵੰਡੀ ਵਰਗੇ ਦਰਵੇਸ਼ ਅਤੇ ਸੱਚੇ-ਸੁੱਚੇ ਅਕਸ ਵਾਲੇ ਮੰਤਰੀਆਂ ਦਾ ਦਿਲੋਂ ਕਦਰਦਾਨ ਵੀ ਸੀ।

ਪੁਸਤਕ ਵਿਚ ਸ਼ਾਮਿਲ ਲੇਖ ਅਮ੍ਰਿਤਾ ਪ੍ਰੀਤਮ ਨਾਲ ਆਖਰੀ ਮੁਲਾਕਾਤ’,ਮੇਰੀ ਪਹਿਲੀ ਕਿਤਾਬ, ਇੰਗਲੈਂਡ ਦੀਆਂ ਪੰਜਾਬੀ ਕਾਨਫਰੰਸਾਂ ਅਤੇ ਪੋਥੀ ਕਲਮ ਅਤੇ ...’ ਆਦਿ ਇਕ ਲੇਖਕ ਵਜੋਂ ਉਸ ਦੇ ਜੀਵਨ ਅਨੁਭਵਾਂ ਦੀ ਤਰਜ਼ਮਾਨੀ ਕਰਦੇ ਹਨ। ਉਸ ਵੱਲੋਂ ਅਮ੍ਰਿਤਾ ਪ੍ਰੀਤਮ ਨਾਲ ਕੀਤੀ ਮੁਲਾਕਾਤ ਦੇ ਭਾਵੁਕ ਪਲ ਲੇਖਕ ਵਾਂਗ ਪਾਠਕਾਂ ਦੀਆਂ ਅੱਖਾਂ ਵੀ ਨਮ ਕਰ ਜਾਂਦੇ ਹਨ। ਲੇਖਕ ਆਪਣੀ ਪਹਿਲੀ ਕਿਤਾਬ ਛਪਣ ਤੋਂ ਪਹਿਲਾਂ ਦੀਆਂ ਭਾਵਨਾਵਾਂ, ਉਤਸੁਕਤਾਵਾਂ, ਡਰਾਂ, ਘਬਰਾਹਟਾਂ ਅਤੇ ਤੌਖਲਿਆਂ ਨੂੰ ਸਜੀਵ ਰੂਪ ਵਿਚ ਰੂਪਮਾਨ ਕਰਨ ਵਿਚ ਸਫ਼ਲ ਰਿਹਾ ਹੈ। ਕਾਮ ਸਬੰਧੀ ਮਨੁੱਖੀ ਮਨੋ ਗਰੰਥੀਆਂ ਦਾ ਨਿਸੰਗ ਵਰਨਣ ਕਰਨ ਵਾਲੀ ਇਹ ਪੁਸਤਕ ਰਵਾਇਤੀ ਪ੍ਰਗਤੀਵਾਦੀ ਆਲੋਚਕਾਂ ਦੇ ਨਿਸ਼ਾਨੇ ’ਤੇ ਰਹਿਣ ਦੇ ਬਾਵਜੂਦ ਪੰਜਾਬੀ ਕਹਾਣੀ ਅਤੇ ਮਨੁੱਖੀ ਮਨੋ-ਵਿਗਿਆਨ ਦੇ ਬਹੁਤ ਸਾਰੇ ਨਵੇਂ ਪਸਾਰਾਂ ਅਤੇ ਸਰੋਕਾਰਾਂ ਦੀ ਨਿਸ਼ਾਨਦੇਹੀ ਕਰਨ ਵਿਚ ਸਫਲ ਰਹੀ ਹੈ ਉਸਦਾ ਲੇਖ ਇੰਗਲੈਂਡ ਦੀਆਂ ਪੰਜਾਬੀ ਕਾਨਫਰੰਸਾਂ’ ਵਿਦੇਸ਼ੀ ਧਰਤੀ ਉੱਤੇ ਹੋਣ ਵਾਲੀਆਂ ਪੰਜਾਬੀ ਕਾਨਫਰੰਸਾਂ ਦਾ ਕੱਚਾ ਚਿੱਠਾ ਬੇਬਾਕ ਸੁਰ ਵਿਚ ਪੇਸ਼ ਕਰਦਾ ਹੈ ਅਤੇ ਸਿਰਜਨਾਤਮਕ ਲੇਖਕਾਂ ਨੂੰ ਇਹਨਾਂ ਕਾਨਫਰੰਸਾਂ ਦੇ ਅਡੰਬਰੀ ਵਰਤਾਰੇ ਤੋਂ ਦੂਰ ਰਹਿਣ ਦੀ ਨਸੀਹਤ ਦੇਂਦਾ ਹੈ।

ਇਸ ਪੁਸਤਕ ਰਾਹੀਂ ਲੇਖਕ ਰਤਨ ਦੀਆਂ ਸੈਲਾਨੀ ਬਿਰਤੀਆਂ ਵੀ ਆਪਣੀ ਪੂਰੀ ਸਮਰੱਥਾ ਨਾਲ ਉਜਾਗਰ ਹੁੰਦੀਆਂ ਹਨ। ਪਹਿਲੋਂ ਉੱਚ-ਵਿੱਦਿਅਕ ਯੋਗਤਾ ਹਾਸਿਲ ਕਰਨ ਅਤੇ ਫਿਰ ਪ੍ਰਸ਼ਾਸਨਿਕ ਅਧਿਕਾਰੀਂ ਵਜੋਂ ਉਸ ਨੂੰ ਦੇਸ਼ ਵਿਦੇਸ਼ ਦੇ ਬਹੁਤ ਸਾਰੇ ਦਰਸ਼ਨੀ ਅਸਥਾਨਾਂ ਦੀ ਯਾਤਰਾ ਕਰਨ ਦਾ ਮੌਕਾ ਮਿਲਿਆ। ਇਨ੍ਹਾਂ ਯਾਤਰਾਵਾਂ ਸਮੇਂ ਉਸਦੀ ਡਾਇਰੀ ਵਿਚ ਸ਼ਾਮਿਲ ਹੁੰਦੇ ਰਹੇ ਫੁਟਕਲ ਨੋਟ ਬਾਅਦ ਵਿਚ ਦਿਲਚਸਪ ਸਫਰਨਾਮਿਆਂ ਦਾ ਰੂਪ ਧਾਰਦੇ ਰਹੇ। ਉਸਦੇ ਵਿਦਿਆਰਥੀ ਜੀਵਨ ਕਾਲ ਨਾਲ ਸਬੰਧਤ ਲੇਖ ਸੰਜੌਲੀ ਦੇ ਦਿਨ’ ਅਧਿਆਪਕ ਵਰਗ ਦੀ ਕਹਿਣੀ ਅਤੇ ਕਰਨੀ ਵਿਚਲੇ ਫਰਕ ਨੂੰ ਆਪਣੀ ਅਲੋਚਨਾ ਦਾ ਨਿਸ਼ਾਨਾ ਬਣਾਉਂਦਾ ਹੈ ਤਾਂ ਲੇਖ ਕੰਨਿਆਂ ਕੁਮਾਰੀ ਦਾ ਰੇਪ’ ਤਮਿਲਨਾਡੂ ਦੇ ਕੰਨਿਆ ਖੇਤਰ ਦੀ ਕੁਦਰਤੀ ਸੁੰਦਰਤਾ ਵਿਚ ਵਿਗਾੜ ਲਿਆਉਣ ਵਾਲੀ ਸਰਕਾਰੀ ਕਾਰਜਸ਼ੀਲਤਾ ਨੂੰ ਇਸ ਖੇਤਰ ਨਾਲ ਕੀਤੇ ਗਏ ਬਲਾਤਕਾਰ ਦਾ ਦਰਜਾ ਦੇਂਦਾ ਹੈ। ਲੇਖ ਬੜੋਗ ਦੀਆਂ ਚਾਨਣੀਆਂ’ ਜਿੰਦਗੀ ਦੇ ਰੁਮਾਂਚ ਪ੍ਰਤੀ ਉਸ ਦੀ ਖਿੱਚ ਦੀ ਸ਼ਿੱਦਤ ਬਿਆਨੀ ਕਰਦਾ ਹੈ।

ਕੋਲੰਬੋ ਪਲਾਨ ਅਧੀਨ ਉਸ ਨੂੰ ਉਚੇਰੀ ਟ੍ਰੇਨਿੰਗ ਲਈ ਇੰਗਲੈਂਡ ਜਾਣ ਦਾ ਮੌਕਾ ਮਿਲਿਆ ਤਾਂ ਉਸ ਕਨੇਡਾ ਅਤੇ ਅਮਰੀਕਾ ਸਮੇਤ ਬਹੁਤ ਸਾਰੇ ਮੁਲਕਾਂ ਦੀ ਯਾਤਰਾ ਕਰਨ ਦਾ ਲਾਹਾ ਆਪਣੇ ਯਤਨਾਂ ਨਾਲ ਲੈ ਲਿਆ। ਉਸ ਟ੍ਰੇਨਿੰਗ ਦੌਰਾਨ ਆਪਣੀਆਂ ਈਸਟਰ ਦੀਆਂ ਛੁੱਟੀਆਂ ਪੂਰਬੀ ਯੂਰਪ ਦੇ ਕਮਿਊਨਿਸਟ ਦੇਸ਼ਾਂ ਦੀ ਰਾਜਨੀਤਕ, ਆਰਥਿਕ ਅਤੇ ਸਮਾਜਿਕ ਵਿਵਸਥਾ ਬਾਰੇ ਵੱਧ ਤੋਂ ਵੱਧ ਗਿਆਨ ਹਾਸਿਲ ਕਰਨ ਦੇ ਲੇਖੇ ਲਾਈਆਂ ਰੁਮਾਨੀਆਂ, ਪੂਰਬੀ ਜਰਮਨੀ, ਹੰਗਰੀ ਅਤੇ ਚੈਕੋ ਸਲਵਾਕੀਆ ਦੀ ਯਾਤਰਾ ਦੌਰਾਨ ਉਸਨੇ ਇਹਨਾਂ ਮੁਲਕਾਂ ਦੀ ਉਸ ਵੇਲੇ ਦੀ ਸਮਾਜਵਾਦੀ ਵਿਵਸਥਾ ਬਾਰੇ ਬਹੁਤ ਸਾਰੇ ਹਾਂ ਪੱਖੀ ਅਤੇ ਨਾਂਹ ਪੱਖੀ ਪ੍ਰਭਾਵ ਕਬੂਲ ਕੀਤੇਜਿੱਥੇ ਬੁਲਗਾਰੀਆ ਵਿਚਲੀ ਗਰੀਬੀ ਅਤੇ ਪੱਛੜੇਪਣ ਨੇ ਉਸ ਨੂੰ ਨਿਰਾਸ਼ ਕੀਤਾ, ਉੱਥੇ ਰੁਮਾਨੀਆਂ ਅਤੇ ਹੰਗਰੀ ਦੀ ਯਾਤਰਾ ਦੌਰਾਨ ਉਸਨੇ ਸੀਮਾ ਮੁਕਤ ਇਸ਼ਾਰਿਆਂ ਦੀ ਮਾਨਵੀ ਭਾਸ਼ਾ ਦਾ ਰੱਜ ਕੇ ਅਨੰਦ ਵੀ ਮਾਣਿਆ। ਉਸ ਦੇ ਲੇਖ ਵਲੈਤ ਵਿਚ ਮੇਰਾ ਪਹਿਲਾ ਹਫ਼ਤਾ’, ‘ਬਰਮਿੰਘਮ ਵਿਚ ਮੇਰਾ ਪਹਿਲਾ ਮਹੀਨਾ’ ਅਤੇ ਕਨੇਡਾ ਅਮਰੀਕਾ ਦੀ ਫੇਰੀ’ ਪੱਛਮੀ ਮੁਲਕਾਂ ਦੀ ਜੀਵਨ ਜਾਂਚ ਦੀਆਂ ਬਹੁਤ ਸਾਰੀਆਂ ਲੁਕਵੀਆਂ ਪਰਤਾਂ ਫਰੋਲਦੇ ਹਨ। ਲੇਖਕ ਇਹਨਾਂ ਮੁਲਕਾਂ ਅੰਦਰਲੀ ਅੰਤਾਂ ਦੀ ਅਮੀਰੀ, ਅੰਤਾਂ ਦੀ ਅਯਾਸ਼ੀ ਅਤੇ ਅੰਤਾਂ ਦੀ ਗਰੀਬੀ ਨੂੰ ਰੂਪਮਾਨ ਕਰਕੇ ਇਹਨਾਂ ਦੀ ਅਸਲ ਪਹਿਚਾਣ ਨੂੰ ਉਘੇੜਨ ਵਿਚ ਬਹੁਤ ਕਾਮਯਾਬ ਰਿਹਾ ਹੈ।

ਇਸ ਪੁਸਤਕ ਦਾ ਪਾਠ ਇਕ ਆਈ. ਏ. ਐੱਸ. ਅਧਿਕਾਰੀ (ਰਤਨ) ਅੰਦਰ ਬੈਠੇ ਇਕ ਆਮ ਮਨੁੱਖ ਨੂੰ ਮਿਲਣ ਦਾ ਚੰਗਾ ਅਵਸਰ ਪ੍ਰਦਾਨ ਕਰਦਾ ਹੈ ਅਫ਼ਸਰੀ ਜ਼ਾਬਤੇ ਤੋਂ ਅਜ਼ਾਦ ਹੋਇਆ ਇਹ ਮਨੁੱਖ ਭਾਵੁਕ ਪਲਾਂ ਵਿਚ ਆਮ ਮਨੁੱਖ ਵਾਂਗ ਹੀ ਹੱਸਦਾ ਹੈ, ਰੋਂਦਾ ਹੈ, ਇੱਥੋਂ ਤੀਕ ਕਿ ਮੂੜ ਵਿਚ ਆਇਆ ਗਾਲ੍ਹਾਂ ਵੀ ਕੱਢਦਾ ਹੈ। ਭਾਵੇਂ ਉਹ ਸਾਰੀ ਉਮਰ ਧਾਰਮਿਕ ਰਹਿਤਾਂ ਅਤੇ ਅਡੰਬਰਬਾਜ਼ੀਆਂ ਦਾ ਡੱਟਕੇ ਵਿਰੋਧ ਕਰਦਾ ਰਿਹਾ ਹੈ ਪਰ ਆਪਣੇ ਪਿਤਾ ਦੀ ਅੰਤਿਮ ਅਰਦਾਸ ਦੇ ਮੌਕੇ ’ਤੇ ਉਹ ਉਹਨਾਂ ਦੀ ਇੱਛਾ ਦਾ ਸਤਿਕਾਰ ਕਰਦਿਆਂ ਆਪਣੇ ਹੀ ਬਣਾਏ ਜ਼ਾਬਤਿਆਂ ਨੂੰ ਤੋੜ ਕੇ ਪਾਠ ਦੇ ਭੋਗ ਦੇ ਅੰਤਿਮ ਸ਼ਲੋਕ ਪੜ੍ਹਨ ਲੱਗਦਾ ਹੈ ਇੱਕ ਆਮ ਬੰਦੇ ਦੀ ਤਰ੍ਹਾਂ ਉਸਦਾ ਸਾਊ ਅਤੇ ਸਭਿਅਕ ਵਰਤੋਂ ਵਿਵਹਾਰ ਵੇਖਦਿਆਂ ਹੀ ਵੇਖਦਿਆਂ ਦੂਜਿਆਂ ਨੂੰ ਆਪਣਾ ਬਣਾ ਲੈਂਦਾ ਹੈ। ਆਪਣੇ ਬਰਮਿੰਗਮ ਅਵਾਸ ਦੌਰਾਨ ਉਹ ਨਾ ਕੇਵਲ ਆਪਣੀ ਮਕਾਨ ਮਾਲਕਿਨ ਗ੍ਰਿਫਥ ਨਾਲ ਦਾਦੀ ਪੋਤੇ ਦਾ ਰਿਸ਼ਤਾ ਗੰਢ ਲੈਂਦਾ ਹੈ, ਸਗੋਂ ਉੱਥੋਂ ਦੇ ਐਲਜਿਬੈਥ ਅਤੇ ਟੈਟ ਵਿਚ ਚਿਰਾਂ ਤੋਂ ਚਲੀਆਂ ਆ ਰਹੀਆਂ ਦੂਰੀਆਂ ਨੂੰ ਮੇਟਣ ਵਿਚ ਵੀ ਅਹਿਮ ਰੋਲ ਅਦਾ ਕਰਦਾ ਹੈ।

ਇਹ ਪੁਸਤਕ ਦਰਵੇਸ਼ ਮੰਤਰੀ ਦਲੀਪ ਸਿੰਘ ਤਲਵੰਡੀ ਵਾਂਗ ਇਕ ਦਰਵੇਸ਼ ਅਫਸਰ ਵਜੋਂ ਬਣੀ ਰਤਨ ਦੀ ਪਹਿਚਾਣ ਦੇ ਰੰਗ ਹੋਰ ਗੂੜ੍ਹੇ ਕਰਦੀ ਹੈ ਪੁਸਤਕ ਵਿਚਲੇ ਲੇਖਾਂ ਦੀ ਬਿਰਤਾਂਤਕ ਭਾਸ਼ਾ ਬਹੁਤ ਸਰਲ ਅਤੇ ਸਹਿਜ ਹੈ। ਭਾਵੇਂ ਪ੍ਰਸ਼ਾਸਕੀ ਖੇਤਰ ਵਿਚ ਲੰਮਾ ਸਮਾਂ ਕੰਮ ਕਰਨ ਕਾਰਨ ਕੁਝ ਅੰਗੇਰੇਜ਼ੀ ਦੇ ਸ਼ਬਦ ਉਸਦੀ ਜ਼ੁਬਾਨ ’ਤੇ ਚੜ੍ਹੇ ਹੋਏ ਹਨ ਪਰ ਇਹ ਸ਼ਬਦ ਲੇਖਾਂ ਦੇ ਸਿਰਜਣਾਤਮਕ ਸੰਦੇਸ਼ ਦੇ ਸੰਚਾਰ ਵਿਚ ਰੁਕਾਵਟ ਨਹੀਂ ਪਾਉਂਦੇ ਪੁਸਤਕ ਵਿਚਲੇ ਕੁਝ ਕਥਾ ਯੁਕਤ ਲੇਖ ਤਾਂ ਦਿਲਚਸਪ ਕਹਾਣੀਆਂ ਵਾਂਗ ਹੀ ਪੜ੍ਹੇ ਜਾ ਸਕਦੇ ਹਨਇਸ ਪੁਸਤਕ ਦਾ ਪਾਠ ਲੇਖਕ ਵੱਲੋਂ ਆਪਣੀਆਂ ਜੀਵਨ ਯਾਦਾਂ ਨੂੰ ਲੈ ਕੇ ਲਿਖੀ ਜਾਣ ਵਾਲੀ ਅਗਲੀ ਕਿਤਾਬ ਨੂੰ ਪੜ੍ਹਨ ਸਬੰਧੀ ਅਗਾਊ ਉਤਸੁਕਤਾ ਪੈਦਾ ਕਰਨ ਵਾਲਾ ਹੈ।

**

(ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ। ਪੰਨੇ: 174, ਮੁੱਲ: 200 ਰੁਪਏ।)

*****

(239)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਨਿਰੰਜਨ ਬੋਹਾ

ਨਿਰੰਜਨ ਬੋਹਾ

Phone: (91 - 89682 - 82700)
Email: (niranjanboha@yahoo.com)

More articles from this author