“ਚੰਗਾ ਹੋਵੇ ਜੇ ਉਸ ਲੇਖਕ ਨੂੰ ਗੋਸ਼ਟੀ ਆਯੋਜਨ ਦੇ ਪ੍ਰਬੰਧਕੀ ਕਾਰਜਾਂ ਤੋਂ ਦੂਰ ਰੱਖਿਆ ਜਾਵੇ, ਜਿਸ ਦੀ ਕਿਤਾਬ ...”
(ਜਨਵਰੀ 15, 2016)
ਕਿਸੇ ਸਾਹਿਤਕ ਗੋਸ਼ਟੀ ਦਾ ਮੁੱਖ ਮੰਤਵ ਗੋਸ਼ਟੀ ਵਿਚ ਹਾਜ਼ਰ ਲੇਖਕਾਂ ਦੇ ਵਿਚਾਰ ਵਟਾਂਦਰੇ ਜਾਂ ਬਹਿਸ ਮੁਹਾਬਸੇ ਰਾਹੀਂ ਸਾਹਿਤਕ ਖੇਤਰ ਵਿਚ ਪੈਦਾ ਹੋ ਰਹੀਆਂ ਨਵੀਆਂ ਪ੍ਰਵਿਰਤੀਆਂ ਅਤੇ ਝੁਕਾਵਾਂ ਦੀ ਨਿਸ਼ਾਨਦੇਹੀ ਕਰਨਾ ਹੁੰਦਾ ਹੈ। ਇਸ ਬਹਿਸ ਦੇ ਸਿੱਟੇ ਇਸ ਗੱਲ ਦਾ ਵੀ ਨਿਰਣਾ ਕਰਦੇ ਹਨ ਕਿ ਰਚੇ ਜਾ ਰਹੇ ਸਮਕਾਲੀ ਸਾਹਿਤ ਦੀ ਸਮਾਜਿਕ ਉਪਯੋਗਤਾ ਨੂੰ ਸਹੀ ਸੇਧ ਕਿਵੇਂ ਦਿੱਤੀ ਜਾਵੇ। ਬਹਿਸ ਦਾ ਸੰਵਾਦਕ ਰੂਪ ਨਵੇਂ ਲੇਖਕਾਂ ਦੀਆਂ ਲਿਖਤਾਂ ਨੂੰ ਮਨੁੱਖਤਾ ਪੱਖੀ ਸੇਧ ਵੀ ਦੇਂਦਾ ਹੈ ਤੇ ਇਹਨਾਂ ਦੇ ਕਲਾਤਮਕ ਅਤੇ ਸੁਹਜਾਤਮਕ ਪ੍ਰਭਾਵ ਵਿਚ ਵੀ ਵਾਧਾ ਕਰਦਾ ਹੈ। ਇਸੇ ਲਈ ਸਮਕਾਲੀ ਸਾਹਿਤ ਉੱਤੇ ਗੋਸ਼ਟੀਆਂ ਕਰਾਉਣ ਦਾ ਕਾਰਜ ਹਰੇਕ ਸਰਕਾਰੀ ਜਾਂ ਗੈਰ ਸਰਕਾਰੀ ਸਾਹਿਤਕ ਅਦਾਰੇ ਦੇ ਵਿਧਾਨ ਵਿਚ ਸ਼ਾਮਿਲ ਹੈ। ਸਭਾਵਾਂ ਆਪਣੇ ਵਾਰਸ਼ਿਕ ਅਤੇ ਅਰਧ ਵਾਰਸ਼ਿਕ ਸਮਾਗਮਾਂ ਨੂੰ ਅਕਸਰ ਸਾਹਿਤਕ ਗੋਸ਼ਟੀਆਂ ਦੇ ਰੂਪ ਵਿਚ ਹੀ ਨੇਪਰੇ ਚਾੜ੍ਹਦੀਆਂ ਹਨ। ਸਾਹਿਤਕ ਅਦਾਰੇ ਵੱਲੋਂ ਅਕਸਰ ਕਿਸੇ ਵਿਸ਼ਾ ਮਾਹਿਰ ਵਿਦਵਾਨ ਦੀ ਜਿੰਮੇਵਾਰੀ ਗੋਸ਼ਟੀ ਸਮੇਂ ਅਲੋਚਨਾ ਪੱਤਰ ਪੜ੍ਹਨ ਦੀ ਲਾਈ ਜਾਂਦੀ ਹੈ ਤੇ ਉਸ ਗੋਸ਼ਟੀ ਵਿਚ ਹਾਜ਼ਰ ਬਾਕੀ ਬੁਲਾਰਿਆਂ ਦੀ ਜਿੰਮੇਵਾਰੀ ਇਹ ਬਣਦੀ ਹੈ ਕਿ ਉਹ ਪੜ੍ਹੇ ਗਏ ਪਰਚੇ ਨੂੰ ਅਧਾਰ ਬਣਾ ਕੇ ਬਹਿਸ ਦੇ ਰੂਪ ਵਿਚ ਕੁਝ ਹੋਰ ਅਜਿਹੇ ਸਿੱਟੇ ਸਾਹਮਣੇ ਲਿਆਉਣ ਜੋ ਭਵਿੱਖ ਵਿਚ ਰਚੇ ਜਾਣ ਵਾਲੇ ਸਾਹਿਤ ਦੀ ਗੁਣਵਤਾ ਨੂੰ ਵਧਾਉਣ ਦੇ ਨਾਲ ਇਸ ਨੂੰ ਲੋਕ ਧਾਰਾ ਦਾ ਹਿੱਸਾ ਵੀ ਬਣਾ ਸਕਣ।
ਸਾਹਿਤਕ ਗੋਸ਼ਟੀਆਂ ਵਿਚਲੀ ਬਹਿਸ ਜਿੰਨੀ ਭਖਵੀਂ ਹੋਵੇ ਉੰਨੇ ਹੀ ਸਾਰਥਿਕ ਨਤੀਜੇ ਦੇਂਦੀ ਹੈ। ਪਰ ਜਦੋਂ ਬਹਿਸ ਵਿਚ ਭਾਗ ਲੈਣ ਵਾਲਾ ਕੋਈ ਵਿਦਵਾਨ ਵੱਲੋ ‘ਕੁਝ ਸੁਣੀਏ! ਕੁਝ ਕਹੀਏ ਦੀ ਨੀਤੀ ਤਿਆਗ ਕੇ ਕੇਵਲ ਕਹਿਣ ਲਈ ਹੀ ਕਾਹਲਾ ਪੈ ਜਾਵੇ ਜਾਂ ਆਪਣੇ ਪ੍ਰਗਟਾਏ ਗਏ ਵਿਚਾਰਾਂ ਨੂੰ ਹੀ ਸਮੇਂ ਦਾ ਅੰਤਿਮ ਸੱਚ ਸਿੱਧ ਕਰਨ ਦੀ ਜ਼ਿੱਦ ਕਰ ਬੈਠੇ ਤਾਂ ਇਹ ਬਹਿਸ ਸੰਵਾਦਕ ਨਾ ਰਹਿ ਕੇ ਵਾਦ-ਵਿਵਾਦੀ ਕਿਸਮ ਦੀ ਬਣ ਜਾਂਦੀ ਹੈ। ਬਾਬਾ ਨਾਨਕ ਨੇ ਸਿਧਾਂ ਨਾਲ ਗੋਸ਼ਟਿ ਕਰਦਿਆਂ ਪਹਿਲਾਂ ਉਹਨਾਂ ਦੇ ਵਿਚਾਰਾਂ ਨੂੰ ਸੁਣਿਆ ਤੇ ਫਿਰ ਉਹਨਾਂ ਦੀਆ ਗੱਲਾਂ ਦੀ ਕਾਟ ਤਰਕ ਭਰਪੂਰ ਦਲੀਲਾਂ ਨਾਲ ਕੀਤੀ। ਗੋਸ਼ਟ ਦਾ ਜਿਹੜਾ ਸਰੂਪ ਬਾਬੇ ਨਾਨਕ ਨੇ ਪੇਸ਼ ਕੀਤਾ ਹੈ, ਉਸ ਨੂੰ ਕਾਇਮ ਰੱਖ ਕੇ ਹੀ ਅਸੀਂ ਸਾਹਿਤਕ ਗੋਸ਼ਟੀਆਂ ਦੀ ਬਹਿਸ ਦੇ ਉੱਚ ਟੀਚੇ ਹਾਸਿਲ ਕਰ ਸਕਦੇ ਹਾਂ। ਜੇ ਗੋਸ਼ਟੀ ਵਿਚ ਪ੍ਰਗਟਾਏ ਵਿਚਾਰਾਂ ਨਾਲ ਅਸਹਿਮਤ ਹੋਣ ਦੇ ਬਾਵਜੂਦ ਤੁਹਾਡੇ ਕੋਲ ਇਸ ਦੀ ਦਲੀਲ ਯੁਕਤ ਕਾਟ ਨਹੀਂ ਹੈ ਤਾਂ ਤੁਹਾਡਾ ਬਹਿਸ ਵਿਚ ਭਾਗ ਨਾ ਲੈਣਾ ਹੀ ਬਿਹਤਰ ਹੈ।
ਕਈ ਵਾਰ ਵੇਖਣ ਨੂੰ ਮਿਲਦਾ ਹੈ ਕਿ ਜੇ ਬਹਿਸ ਵਿਚ ਭਾਗ ਲੈਣ ਵਾਲੇ ਕਿਸੇ ਵਿਦਵਾਨ ਕੋਲ ਵਿਰੋਧੀ ਵਿਚਾਰਾਂ ਦੀ ਕਾਟ ਸਬੰਧੀ ਢੁੱਕਵੀਂ ਦਲੀਲ ਨਾ ਹੋਵੇ ਤਾਂ ਉਹ ਤੈਸ਼ ਵਿਚ ਆ ਕੇ ਉੱਚੀ ਬੋਲਣ ਲੱਗਦਾ ਹੈ ਤੇ ਉੱਚੀ ਅਵਾਜ਼ ਨਾਲ ਆਪਣੀ ਗੱਲ ਮਨਵਾਉਣਾ ਚਾਹੁੰਦਾ ਹੈ। ਤਰਕ ਭਰਪੂਰ ਦਲੀਲ ਦਾ ਸੰਚਾਰ ਕਿਸੇ ਉੱਚੀ ਅਵਾਜ਼ ਦਾ ਮੁਥਾਜ ਨਹੀਂ ਹੁੰਦਾ। ਜੇ ਤੁਹਾਡੀ ਦਲੀਲ ਵਿਚ ਦਮ ਹੈ ਤਾਂ ਤੁਸੀਂ ਧੀਮੀ ਤੇ ਸਹਿਜ ਅਵਾਜ਼ ਵਿਚ ਆਪਣੀ ਗੱਲ ਕਹਿ ਕੇ ਵੀ ਗਲਾ ਫਾੜ ਕੇ ਗੱਲ ਕਰਨ ਵਾਲੇ ਬੁਲਾਰਿਆਂ ’ਤੇ ਭਾਰੂ ਪੈ ਸਕਦੇ ਹੋ। ਉੱਚੀ ਅਤੇ ਤਲਖ ਸੁਰ ਵਿਚ ਕੀਤੀ ਬਹਿਸ ਗੋਸ਼ਟੀ ਨੂੰ ਗੋਸ਼ਟੀ ਨਹੀਂ ਰਹਿਣ ਦੇਂਦੀ ਤੇ ਸ਼ਬਦਾਂ ਦੇ ਯੁੱਧ ਦਾ ਖੁੱਲ੍ਹਾ ਅਖਾੜਾ ਬਣਾ ਦੇਂਦੀ ਹੈ। ਸਾਹਿਤਕ ਗੋਸ਼ਟੀਆਂ ਵਿਚ ਭਾਗ ਲੈਂਦਿਆਂ ਜਦੋਂ ਕੋਈ ਬੁਲਾਰਾ ਮੁੱਖ ਵਿਸ਼ੇ ਤੋਂ ਭਟਕ ਕੇ ਇੱਧਰਲੀਆਂ ਉੱਧਰਲੀਆਂ ਮਾਰਨ ਲੱਗੇ ਤਾਂ ਸੁਣ ਰਹੇ ਸਰੋਤੇ ਇਹ ਨਿਰਣਾ ਲੈਣ ਵਿਚ ਦੇਰੀ ਨਹੀਂ ਕਰਦੇ ਕਿ ਬੋਲਣ ਵਾਲੇ ਬੁਲਾਰੇ ਕੋਲ ਕੋਈ ਤਰਕ ਨਹੀਂ ਹੈ ਤੇ ਉਹ ਮਾਈਕ ਤੇ ਖੜ੍ਹ ਕੇ ਸਰੋਤਿਆਂ ਦਾ ਕੀਮਤੀ ਸਮਾਂ ਹੀ ਬਰਬਾਦ ਕਰ ਰਿਹਾ ਹੈ। ਅਜਿਹੇ ਬੁਲਾਰੇ ਨਾਲੋਂ ਉਹ ਸਰੋਤਾ ਸੌ ਗੁਣਾ ਚੰਗਾ ਹੁੰਦਾ ਹੈ ਜਿਹੜਾ ਬੋਲਣ ਨਾਲੋਂ ਸੁਣਨ ਵਿੱਚ ਵਧੇਰੇ ਵਿਸਵਾਸ਼ ਰੱਖਦਾ ਹੈ।
ਜਦੋਂ ਕਿਸੇ ਸੰਸਥਾ ਵੱਲੋਂ ਕਿਸੇ ਲੇਖਕ ਦੀ ਪੁਸਤਕ ’ਤੇ ਗੋਸ਼ਟੀ ਕਰਾਉਣ ਦਾ ਪ੍ਰੋਗਰਾਮ ਰੱਖਿਆ ਜਾਂਦਾ ਤਾਂ ਲੇਖਕ ਦੀ ਇਹ ਸੁਭਾਵਿਕ ਇੱਛਾ ਹੁੰਦੀ ਹੈ ਕਿ ਸਮੁੱਚੀ ਗੋਸ਼ਟੀ ਅਤੇ ਇਸ ਵਿਚ ਹੋਣ ਵਾਲੀ ਬਹਿਸ ਦੇ ਸਿੱਟੇ ਉਸ ਦੇ ਹੱਕ ਵਿਚ ਹੀ ਭੁਗਤਣ। ਇਸ ਲਈ ਉਸਦੀ ਕੋਸ਼ਿਸ਼ ਰਹਿੰਦੀ ਹੈ ਕਿ ਗੋਸ਼ਟੀ ਤੇ ਪੇਪਰ ਲਿਖਣ ਤੇ ਇਸ ਬਾਰੇ ਬੋਲਣ ਵਾਲੇ ਬੁਲਾਰਿਆਂ ਦੀ ਚੋਣ ਵਿਚ ਉਸ ਦੀ ਰਾਇ ਜਰੂਰ ਸ਼ਾਮਿਲ ਰਹੇ। ਭਾਵੇਂ ਸਾਰੇ ਲੇਖਕ ਅਜਿਹੇ ਨਹੀਂ ਹਨ ਪਰ ਲੇਖਕ ਦੀ ਆਮ ਮਾਨਸਿਕਤਾ ਇਹੀ ਹੈ ਕਿ ਗੋਸ਼ਟੀ ਸਮੇਂ ਉਸਨੂੰ ਆਪਣੀਆਂ ਲਿਖਤਾਂ ਬਾਰੇ ਵੱਧ ਤੋਂ ਵੱਧ ਤਰੀਫ ਸੁਣਨ ਨੂੰ ਮਿਲੇ। ਲੇਖਕ ਉਹਨਾਂ ਬੁਲਾਰਿਆਂ ਕੋਲ ਆਪਣੀਆਂ ਪੁਸਤਕਾਂ ਉਚੇਚ ਨਾਲ ਪਹੁੰਚਾਉਂਦੇ ਹਨ, ਜਿਹੜੇ ਉਹਨਾਂ ਦੇ ਹੱਕ ਵਿਚ ਬੋਲ ਸਕਣ।
ਕਈ ਵਾਰ ਇਹ ਵੇਖਣ ਨੂੰ ਵੀ ਮਿਲ ਜਾਂਦਾ ਹੈ ਕਿ ਗੋਸ਼ਟੀ ਦੀ ਸਫ਼ਲਤਾ ਦੇ ਨਾਂ ਤੇ ਲੇਖਕ ਵੱਲੋਂ ਉਸ ਦੇ ਹੱਕ ਵਿਚ ਬੋਲਣ ਵਾਲੇ ਪਰਚਾਕਾਰ ਅਤੇ ਬੁਲਾਰਿਆਂ ਦੀ ਸੇਵਾ ਦਾਰੂ ਪਿਆਲੇ ਨਾਲ ਵੀ ਕੀਤੀ ਜਾਂਦੀ ਹੈ। ਚੰਗਾ ਹੋਵੇ ਜੇ ਉਸ ਲੇਖਕ ਨੂੰ ਗੋਸ਼ਟੀ ਆਯੋਜਨ ਦੇ ਪ੍ਰਬੰਧਕੀ ਕਾਰਜਾਂ ਤੋਂ ਦੂਰ ਰੱਖਿਆ ਜਾਵੇ, ਜਿਸ ਦੀ ਕਿਤਾਬ ’ਤੇ ਗੋਸ਼ਟੀ ਰੱਖੀ ਗਈ ਹੈ। ਕੋਈ ਲਿਖਤ ਉੰਨਾ ਚਿਰ ਹੀ ਲੇਖਕ ਦੀ ਹੁੰਦੀ ਹੈ, ਜਿੰਨਾ ਚਿਰ ਉਹ ਪਾਠਕਾਂ ਦੇ ਹੱਥਾਂ ਵਿੱਚ ਨਹੀਂ ਪਹੁੰਚਦੀ। ਇਸ ਤੋਂ ਬਾਦ ਇਸ ਦੇ ਹਰੇਕ ਪਹਿਲੂ ਬਾਰ ਛਾਣਬੀਣ ਕਰਨ ਅਤੇ ਬੋਲਣ ਦਾ ਹੱਕ ਗੋਸ਼ਟੀਆਂ ਦੇ ਬੁਲਾਰਿਆਂ ਸਮੇਤ ਸਾਰੇ ਪਾਠਕਾਂ ਦਾ ਬਣ ਜਾਂਦਾ ਹੈ।ਵਧੇਰੇ ਸਾਹਿਤਕ ਸੰਸਥਾਵਾਂ ਸਬੰਧਤ ਲੇਖਕ ਸਿਰ ਗੋਸ਼ਟੀ ਦਾ ਸਾਰਾ ਖਰਚਾ ਪਾ ਕੇ ਹੀ ਉਸ ਦੀ ਪੁਸਤਕ ਅਤੇ ਗੋਸ਼ਟੀ ਦਾ ਆਯੋਜਨ ਕਰਦੀਆਂ ਹਨ, ਇਸ ਲਈ ਉਹ ਲੇਖਕ ਦੀ ਇਹਨਾਂ ਗੋਸ਼ਟੀਆਂ ਵਿਚ ਬੁਲਾਰਿਆਂ ਦੀ ਚੋਣ ਸਬੰਧੀ ਦਖਲਅੰਦਾਜ਼ੀ ਨੂੰ ਰੋਕ ਨਹੀਂ ਸਕਦੀਆਂ।
ਕਈ ਵਾਰ ਸਾਹਿਤਕ ਗੋਸ਼ਟੀ ਖਤਮ ਹੋਣ ਤੋਂ ਬਾਦ ਲੇਖਕ ਮਿੱਤਰ ਗੋਸ਼ਟੀ ਵਿਚ ਹੋਈ ਬਹਿਸ ਬਾਰੇ ਆਪਸੀ ਸੰਵਾਦ ਛੇੜਦੇ ਹਨ ਤਾਂ ਇਹ ਗੋਸ਼ਟੀ ਸਮੇਂ ਹੋਈ ਰਸਮੀ ਬਹਿਸ ਤੋਂ ਵੀ ਵੱਧ ਦਿਲਚਸਪ ਤੇ ਗਿਆਨ ਵਧਾਊ ਹੋ ਨਿੱਬੜਦਾ ਹੈ। ਇਹ ਗੈਰ ਰਸਮੀ ਸੰਵਾਦ ਗੋਸ਼ਟੀ ਦੀ ਬੇ-ਸਿੱਟਾ ਰਹੀ ਬਹਿਸ ਨੂੰ ਕਿਸੇ ਸਿੱਟੇ ’ਤੇ ਪਹੁੰਚਾਉਣ ਵਿਚ ਸਹਾਈ ਹੋ ਨਿੱਬੜਦਾ ਹੈ।
ਪਿਛਲੇ ਦਿਨੀਂ ਮਾਨਸਾ ਵਿਖੇ ਬਲਬੀਰ ਪਰਵਾਨਾ ਦੇ ਨਾਵਲ ‘ਬਹੁਤ ਸਾਰੇ ਚੁਰਸਤੇ’ ’ਤੇ ਹੋਈ ਗੋਸ਼ਟੀ ਤੋਂ ਬਾਦ ਜਦੋ ਡਾ. ਸੁਰਜੀਤ, ਪ੍ਰੋ. ਅਮਰਜੀਤ ਗਰੇਵਾਲ, ਬਲਬੀਰ ਪਰਵਾਨਾ, ਸੁੱਖਦਰਸਨ ਨੱਤ ਅਤੇ ਡਾ. ਸ਼ੁਸੀਲ ਕੁਮਾਰ ਸਮੇਤ ਬਹੁਤ ਸਾਰੇ ਲੇਖਕ ਸੁਖਦਰਸ਼ਨ ਨੱਤ ਦੇ ਘਰ ਖਾਣੇ ਦੀ ਮੇਜ ਤੇ ਜੁੜ ਬੈਠੇ ਤਾਂ ਨਾਵਲ ਦੇ ਹੀ ਸਦੰਰਭ ਵਿਚ ਇਹ ਬਹਿਸ ਤੁਰ ਪਈ ਕਿ ਕਿਸਾਨਾਂ ਦੇ ਤਿੱਖੇ ਅੰਦੋਲਣਾਂ ਦੇ ਬਾਵਜੂਦ ਕਿਸਾਨੀ ਖੁਦਕਸ਼ੀਆ ਦਾ ਦੌਰ ਰੁਕ ਕਿਉਂ ਨਹੀਂ ਰਿਹਾ ਤਾਂ ਇਹ ਗੈਰ ਰਸਮੀ ਸੰਵਾਦ ਮੈਨੂੰ ਬਹੁਤ ਸਾਰੀਆਂ ਸਾਹਿਤਕ ਗੋਸ਼ਟੀਆਂ ਵਿਚ ਹੋਣ ਵਾਲੀ ਬਹਿਸ ਤੋਂ ਵਧੇਰੇ ਅਰਥਵਾਨ ਲੱਗਿਆ।
ਸਾਹਿਤਕ ਸੰਸਥਾਵਾਂ ਨੂੰ ਸਾਹਿਤਕ ਗੋਸ਼ਟੀਆਂ ’ਤੇ ਹੋਣ ਵਾਲੀ ਬਹਿਸ ਦਾ ਪੱਧਰ ਉੱਪਰ ਚੁਕਣ ਲਈ ਕੋਈ ਸਾਹਿਤਕ ਜਾਬਤਾ ਜਰੂਰ ਲਾਗੂ ਕਰਨਾ ਚਾਹੀਦਾ ਹੈ। ਡੰਗ ਟਪਾਉ, ਲਿਹਾਜ ਪੂਰੂ ਜਾਂ ਕਿੜ ਕੱਢੂ ਬਹਿਸ ਸਾਹਿਤ ਦਾ ਸੁਆਰਦੀ ਕੁਝ ਨਹੀਂ, ਪਰ ਵਿਗਾੜਦੀ ਬਹੁਤ ਕੁਝ ਹੈ। ਹਰ ਗੋਸ਼ਟੀ ਵਿਚ ਰਟੇ ਰਟਾਏ ਨੁਕਤੇ ਦੁਹਰਾ ਕੇ ਗੋਸ਼ਟੀਆਂ ਨੂੰ ਨੀਰਸ ਬਣਾਉਣ ਵਾਲੇ ਬਹਿਸ ਕਰਤਾ ਵੀ ਸਰੋਤਿਆਂ ਨੂੰ ਪ੍ਰਵਾਨ ਨਹੀਂ ਹਨ। ਇਸ ਗੱਲ ’ਤੇ ਇਕ ਵੱਖਰੀ ਗੋਸ਼ਟੀ ਦਾ ਆਯੋਜਨ ਕੀਤੇ ਜਾਣ ਦੀ ਲੋੜ ਹੈ ਕਿ ਸਾਹਿਤਕ ਗੋਸ਼ਟੀਆਂ ਵਿਚ ਹੋਣ ਵਾਲੀ ਬਹਿਸ ਦੀ ਗੰਭੀਰਤਾ ਕਿਵੇਂ ਕਾਇਮ ਰੱਖੀ ਜਾਵੇ। ਕਿਸੇ ਕਾਇਦੇ ਕਾਨੂੰਨ ਅਨੁਸਾਰ ਚੱਲਣ ਵਾਲੀ ਬਹਿਸ ਹੀ ਚੰਗੇ ਸਾਹਿਤਕ ਸਿੱਟੇ ਦੇ ਸਕਦੀ ਹੈ, ਐਂਵੇ ਪਾਣੀ ਵਿਚ ਮਧਾਣੀ ਪਾਉਣ ਵਾਲੀ ਬੇਦਲੀਲੀ ਬਹਿਸ ਕਦੇ ਵੀ ਸਾਰਥਿਕ ਸੰਵਾਦ ਨਹੀਂ ਸਿਰਜ ਸਕਦੀ।
*****
(155)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)