“ਤੀਲਾਂ ਦੀ ਡੱਬੀ ਅਤੇ ਪੈਟਰੋਲ ਚੁੱਕੀ ਫਿਰਦਾ ਹੈ ਕਥਿਤ ਸਿੱਖ ਵਿਦਵਾਨ ਅਜਮੇਰ ਸਿੰਘ ...”
(30 ਅਕਤੂਬਰ 2021)
‘ਆਦਮ ਬੋ - ਆਦਮ ਬੋ’ ਕਰਦਾ ਫਿਰਦਾ ਹੈ ਕਾਤਲ ਨਿਹੰਗਾਂ ਦਾ ਟੋਲਾ’
ਕੁਝ ਦਿਨ ਪਹਿਲਾਂ ਸਿੰਘੂ ਬਾਰਡਰ ’ਤੇ ਬੈਠੇ ਨਿਹੰਗਾਂ ਨੇ 35 ਸਾਲਾ ਲਖਬੀਰ ਸਿੰਘ ਨੂੰ ਤਾਲਿਬਾਨੀ ਢੰਗ ਨਾਲ ਜਿਬਾਹ ਕਰਕੇ ਸਿੱਖਾਂ ਦੇ ਅਕਸ ਨੂੰ ਬਹੁਤ ਠੇਸ ਪਹੁੰਚਾਈ ਹੈ। ਨਿਹੰਗਾਂ ਨੇ ਦਾਅਵਾ ਕੀਤਾ ਹੈ ਕਿ ਲਖਬੀਰ ਸਿੰਘ ਨੂੰ ਬੇਅਦਬੀ ਦੀ ਸਜ਼ਾ ਜਿਸ ਢੰਗ ਨਾਲ ਦਿੱਤੀ ਗਈ ਹੈ, ਉਹ ਜਾਇਜ਼ ਹੈ। ਉਹ ਇਸ ਨੂੰ ਆਪਣੀ ਬਹਾਦਰੀ ਦੱਸ ਰਹੇ ਹਨ। ਧਾਰਮਿਕ ਕੱਟੜਤਾ ਦਾ ਸ਼ਿਕਾਰ ਹੋਏ ਕੁਝ ਸਿੱਖ ਇਸ ਦਰਿੰਦਗੀ ਦੀ ਬੱਲੇ ਬੱਲੇ ਕਰ ਰਹੇ ਹਨ। ਨਿਹੰਗਾਂ ਅਤੇ ਉਹਨਾਂ ਦੇ ਸਮਰਥਕਾਂ ਨੇ ਇਸ ਕਾਲੀ ਕਰਤੂਤ ਦੇ ਕੁਝ ਵੀਡੀਓ ਕਲਿੱਪ ਬਣਾਏ ਅਤੇ ਵਾਇਰਲ ਕੀਤੇ ਹਨ। ਚਾਰ ਨਿਹੰਗ ਹੁਣ ਤਕ ਇਸ ਘੋਰ ਜੁਰਮ ਲਈ ਗ੍ਰਿਫਤਾਰ ਵੀ ਕੀਤੇ ਗਏ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਆਗੂ ਅਤੇ ਸੰਗਠਨ ਆਨੇ ਬਹਾਨੇ ਨਿਹੰਗਾਂ ਦੀ ਇਸ ਕਾਲੀ ਕਰਤੂਤ ਦੀ ਖੁੱਲ੍ਹ ਕੇ ਨਿੰਦਾ ਕਰਨ ਨੂੰ ਤਿਆਰ ਨਹੀਂ ਹਨ। ਕਈ ਤਾਂ ਇਸਦੀ ਹਿਮਾਇਤ ਕਰ ਰਹੇ ਹਨ ਅਤੇ ਕਈ ਕਥਿਤ ਬੇਅਦਬੀ ਨੂੰ ਅੱਗੇ ਰੱਖ ਕੇ ਬਹੁਤ ਬੇਤੁਕੇ ਬਿਆਨ ਦਾਗ ਰਹੇ ਹਨ। ਨਿਹੰਗਾਂ ਦੀ ਇਸ ਕਾਲੀ ਕਰਤੂਤ ਦੀ ਨਿੰਦਾ ਕੀਤੀ ਜਾਣੀ ਜ਼ਰੂਰੀ ਹੈ ਕਿਉਂਕਿ ਇਹ ਇੱਕ ਅਣਮਨੁੱਖੀ ਕਾਰਾ ਹੈ ਜਿਸ ਨਾਲ ਸਿੱਖਾਂ ਦੇ ਅਕਸ ਨੂੰ ਢਾਹ ਲੱਗੀ ਹੈ।
ਜਦ ਸਿੱਖ ਕੱਟੜਪੰਥੀਆਂ ਨੇ ਨਿਹੰਗਾਂ ਵੱਲੋਂ ਜਿਬਾਹ ਕੀਤੇ ਗਏ ਗਰੀਬ ਦਲਿਤ ਸਿੱਖ ਲਖਬੀਰ ਸਿੰਘ ਦੀ ਮ੍ਰਿਤਕ ਦੇਹ ਦਾ ਉਸ ਦੇ ਪਿੰਡ ਦੇ ਕਬਰਸਤਾਨ ਵਿੱਚ ਸਸਕਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਨੁੱਖੀ ਹੱਕਾਂ ਦਾ ਕੋਈ ਰਾਖਾ ਅਤੇ ਕੋਈ ਸਿੱਖ ਆਗੂ ਇਹਨਾਂ ਖਿਲਾਫ਼ ਅੱਗੇ ਨਹੀਂ ਆਇਆ।
ਕਤਲ ਕਰਨ ਵਾਲੇ ਨਿਹੰਗਾਂ ਦਾ ਟੋਲਾ ਅਜੇ ਵੀ ‘ਆਦਮ ਬੋ - ਆਦਮ ਬੋ’ ਕਰਦਾ ਫਿਰਦਾ ਹੈ ਅਤੇ ਸਿੱਖ ਆਗੂ ਲਾਂਭੇ ਦੀਆਂ ਗੱਲਾਂ ਕਰ ਰਹੇ ਹਨ। ਸਿਰਫ਼ ਇੱਕ ਰਣਜੀਤ ਸਿੰਘ ਢੱਡਰੀਆਂ ਵਾਲਾ ਹੈ, ਜਿਸ ਨੇ ਸਪਸ਼ਟ ਸਟੈਂਡ ਲਿਆ ਹੈ ਅਤੇ ਨਿਹੰਗਾਂ ਤੋਂ ਸਵਾਲ ਪੁੱਛੇ ਹਨ। ਢੱਡਰੀਆਂ ਵਾਲੇ ਨੇ ਇਹ ਵੀ ਕਿਹਾ ਹੈ ਕਿ ਇਸ ਨਾਲ ਅਜਿਹੀ ਪਿਰਤ ਪੈ ਜਾਵੇਗੀ ਕਿ ਆਪਣੇ ਕਿਸੇ ਵੀ ਵਿਰੋਧੀ ਉੱਤੇ ਕੋਈ ਵੀ ਬੇਅਦਬੀ ਦਾ ਦੋਸ਼ ਲਗਾ ਕੇ ਲਗਦੇ ਹੱਥ ਹੀ ਕਤਲ ਕਰਵਾ ਸਕੇਗਾ ਜਿਸ ਨਾਲ ਪੁਲਿਸ ਵੀ ਲਗਭਗ ਬੇਅਸਰ ਹੋ ਜਾਵੇਗੀ। ਪਾਕਿਸਤਾਨ ਦੀ ਇਹ ਹਾਲਤ ਹੋ ਚੁੱਕੀ ਹੈ ਜਿੱਥੇ ‘ਦੀਨ-ਹੱਤਕ’ ਦਾ ਦੋਸ਼ ਲਗਾ ਕੇ ਕਿਸੇ ਨੂੰ ਵੀ ਚਾਰਜ ਕੀਤਾ ਜਾਂ ਕਰਵਾਇਆ ਜਾ ਸਕਦਾ ਹੈ। ਸਭ ਤੋਂ ਵੱਧ ਗਰੀਬ ਅਤੇ ਘੱਟਗਿਣਤੀ ਫਿਰਕੇ ਇਸਦਾ ਸ਼ਿਕਾਰ ਬਣ ਰਹੇ ਹਨ।
‘ਦੀਨ-ਹੱਤਕ’ ਜਾਂ ਬੇਅਦਬੀ ਇਸ ਜ਼ਮਾਨੇ ਵਿੱਚ ਬੇਤੁਕੀਆਂ ਗੱਲਾਂ ਹਨ। ਇਹ ਠੀਕ ਹੈ ਕਿ ਕਿਸੇ ਦੇ ਧਾਰਮਿਕ ਵਿਸ਼ਵਾਸ ਨੂੰ ਠੇਸ ਪਹੁੰਚਾਣੀ ਗ਼਼ਲਤ ਹੈ ਪਰ ਇਸ ਅਧਾਰ ਉੱਤੇ ਕਿਸੇ ਫਿਰਕੇ ਜਾਂ ਵਿਕਅਤੀ ਨੂੰ ਕਿਸੇ ਹੋਰ ਦਾ ਵਹਿਸ਼ੀ ਕਤਲ ਕਰਨ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਯੂਰਪ ਵਿੱਚ ਮੁਸਲਿਮ ਕੱਟੜਪਥੀਆਂ ਨੇ ਮੁਹੰਮਦ ਦੇ ਕਾਰਟੂਨ ਬਣਾਏ ਜਾਣ ਦਾ ਹਿੰਸਕ ਢੰਗ ਨਾਲ ਵਿਰੋਧ ਕੀਤਾ ਤਾਂ ਅਜ਼ਾਦੀ ਪਸੰਦ ਲੋਕਾਂ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ। ਉਹ ਧਰਮ ਦੇ ਨਾਮ ਉੱਤੇ ਲਿਖਣ, ਬੋਲਣ ਦੀ ਅਜ਼ਾਦੀ ਛੱਡਣ ਲਈ ਤਿਆਰ ਨਾ ਹੋਏ। ਅਗਰ ਹਰ ਕੋਈ ਆਪਣੇ ਆਪਣੇ ਧਰਮ ਦੀ ਰਾਖੀ ਲਈ ਇਸ ਤਰ੍ਹਾਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਲੱਗ ਪਿਆ ਤਾਂ ਦੇਸ਼ ਅਤੇ ਸਮਾਜ ਦੀ ਹਾਲਤ ਬਹੁਤ ਵਿਗੜ ਜਾਵੇਗੀ।
ਕਿਸਾਨ ਮੋਰਚੇ ਦੇ ਕਿਸੇ ਪ੍ਰੋਰਗਰਾਮ, ਜਿਵੇਂ ਲਖੀਮਪੁਰ ਖੀਰੀ ਵਿੱਚ ਕਿਸਾਨਾਂ ’ਤੇ ਕੀਤੇ ਹਮਲੇ ਵਿੱਚ ਚਾਰ ਕਿਸਾਨ ਮਾਰ ਗਏ ਸਨ ਅਤੇ ਕਿਸਾਨਾਂ ਦੇ ਜਵਾਬੀ ਹਮਲੇ ਵਿੱਚ ਚਾਰ ਬੀਜੇਪੀ ਦੇ ਵਰਕਰ ਮਾਰੇ ਗਏ ਸਨ, ਯੂਪੀ ਅਤੇ ਪੰਜਾਬ ਦੀਆਂ ਸਰਕਾਰਾਂ ਨੇ ਲੱਖਾਂ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ। ਨਿਹੰਗਾਂ ਵੱਲੋਂ ਕੋਹ ਕੋਹ ਮਾਰੇ ਗਏ ਲਖਬੀਰ ਸਿੰਘ ਦੇ ਪਰਿਵਾਰ ਨੂੰ ਕੁਝ ਦੇਣਾ ਤਾਂ ਕੀ ਹੈ, ਦਾਹ ਸਸਕਾਰ ਵਿੱਚ ਵੀ ਅੜਿੱਕਾ ਪਾਇਆ ਗਿਆ। ਆਨੇ ਬਹਾਨੇ ਨਿੱਤ ਬਿਆਨ ਦਾਗਣ ਵਾਲਾ ਅਕਾਲ ਤਖ਼ਤ ਦਾ ਜਥੇਦਾਰ ਵੀ ਇਸ ਮਾਮਲੇ ਵਿੱਚ ਉਲਟ ਬਿਆਨ ਦੇ ਰਿਹਾ ਹੈ। ਸੱਚ ਅਤੇ ਗਊ ਗਰੀਬ ਨਾਲ ਕੌਣ ਖੜ੍ਹੇਗਾ? ਸਿਰਫ ਇੱਕ ਮਾਇਆਵਤੀ ਨੇ ਇਸ ਨੂੰ ਸ਼ਰਮਨਾਕ ਕਾਰਾ ਕਰਾਰ ਦਿੰਦਿਆਂ ਦੁੱਖ ਪ੍ਰਗਟਾਇਆ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਪੀੜਤ ਪਰਿਵਾਰ ਲਈ 50 ਲੱਖ ਰੁਪਏ ਅਤੇ ਇੱਕ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਕੀਤੀ ਹੈ।
ਐਡਵੋਕੇਟ ਨਵਕਿਰਨ ਸਿੰਘ ਦੀ ਸਦਾਰਤ ਹੇਠ ਪੰਜ ਸਿੱਖ ਵਕੀਲਾਂ ਨੇ ਨਵੀਂ ਘਤਿਤ ਕੱਢ ਲਈ ਹੈ ਅਖੇ ਲਖਬੀਰ ਸਿੰਘ ਦੀ ਮੌਤ ਸਮੇਂ ਸਿਰ ਮੈਡੀਕਲ ਮਦਦ ਨਾ ਮਿਲਣ ਕਾਰਨ ਹੋਈ ਹੈ ਜਿਸ ਲਈ ਪੁਲਿਸ ਜ਼ਿੰਮੇਵਾਰ ਹੈ। ਨਿਹੰਗ ਬੰਦਾ ਜਿਬਾਹ ਕਰਦੇ ਹਨ ਅਤੇ ਪੁਲਿਸ ਖਿਲਾਫ਼ ਵੀ ਤਲਵਾਰਾਂ ਕੱਢੀ ਫਿਰਦੇ ਹਨ ਪਰ ਕਸੂਰ ਫਿਰ ਵੀ ਪੁਲਿਸ ਦਾ ਹੈ। ਇਹ ਵਕੀਲ ਕਾਤਲ ਨਿਹੰਗਾਂ ਨੂੰ ਕਾਨੂੰਨੀ ਮਦਦ ਦੇਣ ਦੀਆਂ ਗੱਲਾਂ ਕਰਦੇ ਹਨ ਅਤੇ ਆਪਣੇ ਸੰਗਠਨ ਦਾ ਨਾਮ “ਲੌਇਅਰਜ਼ ਫ਼ਾਰ ਹਿਊਮਨ ਰਾਈਟਸ ਇੰਟਰਨੈਸ਼ਨਲ” ਰੱਖਿਆ ਹੋਇਆ ਹੈ। ਜਿਬਾਹ ਕੀਤੇ ਗਰੀਬ ਦੀਆਂ ਤਿੰਨ ਛੋਟੀਆਂ ਮਾਸੂਮ ਬੇਟੀਆਂ ਹਨ ਜਿਹਨਾਂ ਦੇ ਸ਼ਾਇਦ ਮਨੁੱਖੀ ਹੱਕ ਹੈ ਹੀ ਨਹੀਂ। ਕਾਤਲਾਂ ਦਾ ਨਿਹੰਗ ਆਗੂ ਅਮਨ ਸਿੰਘ ਵਿਗੜਿਆ ਹੋਇਆ ਬਦਮਾਸ਼ ਜਾਪਦਾ ਹੈ ਜਿਸਦੇ ਬਿਰਧ ਮਾਪੇ ਭੁੱਖਮਰੀ ਦੀ ਹਾਲਤ ਵਿੱਚ ਤੜਪ ਰਹੇ ਹਨ ਤੇ ਉਹ ਬਦਮਾਸ਼ੀ ਕਰ ਰਿਹਾ ਹੈ।
***
ਸਿੱਖੀ ਦੇ ਨਾਮ ਉੱਤੇ ਨਿਹੰਗ ਪੰਜਾਬ ਵਿੱਚ ਤਾਲਿਬਾਨੀ ਸਿਸਟਮ ਲਾਗੂ ਕਰਨ ਦੀ ਤਾਕ ਵਿੱਚ ਹਨ
ਲਖਬੀਰ ਸਿੰਘ ਦੇ ਬੇਰਹਿਮੀ ਨਾਲ ਕੀਤੇ ਕਤਲ ਪਿੱਛੋਂ ਗਲਤੀ ਦਾ ਅਹਿਸਾਸ ਕੀਤਾ ਜਾਣਾ ਚਾਹੀਦਾ ਸੀ ਕਿਉਂਕਿ ਅਜੋਕੇ ਸਮੇਂ ਅਤੇ ਸਿੱਖੀ ਵਿੱਚ ਇਸ ਕਿਸਮ ਦੀ ਜ਼ਹਾਲਤ ਪ੍ਰਵਾਨ ਨਹੀਂ ਹੈ ਪਰ ਨਿਹੰਗਾਂ ਅਤੇ ਉਹਨਾਂ ਦੇ ਸਮਰਥਕਾਂ ਨੇ ਹੋਰ ਬੇਸ਼ਰਮੀ ਫੜ ਲਈ ਹੈ ਤੇ ਉਹ ਇਸ ਕਾਲੀ ਕਰਤੂਤ ਅਜੇ ਵੀ ਨੂੰ ਜਾਇਜ਼ ਠਹਿਰਾ ਰਹੇ ਹਨ।
ਇਸ ਘਿਨਾਉਣੇ ਕਤਲ ਪਿੱਛੋਂ ਨਿਹੰਗ ਸਿੱਖੀ ਦੇ ਨਾਮ ਉੱਤੇ ਪੰਜਾਬ ਵਿੱਚ ਤਾਲਿਬਾਨੀ ਸਿਸਟਮ ਲਾਗੂ ਕਰਨ ਦੀ ਤਾਕ ਵਿੱਚ ਜਾਪਦੇ ਹਨ। 27 ਅਕਤੂਬਰ ਸਿੰਘੂ ਬਾਰਡਰ ’ਤੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਨਿਹੰਗ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਦੇ ਤਿੰਨ ਜ਼ੋਨਾਂ ਮਾਝਾ, ਮਾਲਵਾ ਅਤੇ ਦੁਆਬੇ ਲਈ 11-11 ਮੈਂਬਰੀ ਕਮੇਟੀਆਂ ਬਣਾਉਣ ਜਾ ਰਹੇ ਹਨ। ਇਹ ਕਮੇਟੀਆਂ ਪਿੰਡ-ਪਿੰਡ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਅਤੇ ਮਾਣ ਸਨਮਾਨ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣਗੀਆਂ। ਜੇਕਰ ਕਿਸੇ ਗੁਰੂ ਘਰ ਵਿੱਚ ਬੇਅਦਬੀ ਦੀ ਘਟਨਾ ਹੁੰਦੀ ਹੈ ਤਾਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਸਿੰਘ ਨੂੰ ਇਸਦਾ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਕਥਿਤ ਕਸੂਰਵਾਰ ਨੂੰ ਨਿਹੰਗ ਆਪ ਢੁੱਕਵੀਂ ਸਜ਼ਾ ਦਿਆ ਕਰਨਗੇ। ਇਸ ਤੋਂ ਪਹਿਲਾਂ ਕਥਿਤ ‘ਸਤਿਕਾਰ ਕਮੇਟੀ’ ਕਾਫੀ ਸਮੇਂ ਤੋਂ ਤਰਥੱਲੀ ਮਚਾਉਂਦੀ ਆ ਰਹੀ ਹੈ ਅਤੇ ਹੁਣ ਨਿਹੰਗਾਂ ਦੇ ਮੈਦਾਨ ਵਿੱਚ ਆ ਜਾਣ ਨਾਲ ਪੰਜਾਬ ਵਿੱਚ ਦੋ ‘ਸ਼ਰੀਆ ਫੋਰਸਾਂ’ ਹੋਂਦ ਵਿੱਚ ਆ ਜਾਣਗੀਆਂ ਜੋ ਪੰਜਾਬ ਦੇ ਮਾਹੌਲ ਨੂੰ ਹੋਰ ਗੰਧਲਾ ਕਰਨਗੀਆਂ ਅਤੇ ਧਾਰਮਿਕ ਅਸਿਹਣਸ਼ੀਲਾ ਅਤੇ ਕੱਟੜਵਾਦ ਫੈਲਾਉਣਗੀਆਂ।
ਪੰਜਾਬ ਦੇ ਹਰ ਪਿੰਡ ਵਿੱਚ ਲੋਕਲ ਗੁਰਦਵਾਰੇ ਦੀ ਪ੍ਰਬੰਧਕ ਕਮੇਟੀ ਹੁੰਦੀ ਹੈ। ਪਿੰਡ ਦੀ ਪੰਚਾਇਤ ਅਤੇ ਭਾਈਚਾਰਾ ਹੁੰਦਾ ਹੈ ਜੋ ਕਿਸੇ ਬੇਅਦਬੀ ਜਾਂ ਹੋਰ ਘਟਨਾ ਸਮੇਂ ਅਮਨ ਕਾਨੂੰਨ ਦੀ ਵਿਵਸਥਾ ਨਾਲ ਤਾਲਮੇਲ ਕਰਦਾ ਹੈ। ਨਿਹੰਗ ਹੁਣ ਆਪਣਾ ਵੱਖਰਾ ਢਾਂਚਾ ਖੜ੍ਹਾ ਕਰਨ ਦੀਆਂ ਗੱਲਾਂ ਕਰ ਰਹੇ ਹਨ ਅਤੇ ਪੰਜਾਬ ਵਿੱਚ ਬਖੇੜਾ ਖੜ੍ਹਾ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀਆਂ ਧਿਰਾਂ ਉਹਨਾਂ ਦੀ ਪਿੱਠ ਉੱਤੇ ਹਨ। ਇਹ ਪੰਜਾਬ ਲਈ ਖ਼ਤਰੇ ਦੀ ਘੰਟੀ ਹੈ। ਪਿੰਡਾਂ ਵਿੱਚ ਧੜੇਬਾਜ਼ੀ ਵੀ ਅਕਸਰ ਹੁੰਦੀ ਹੈ ਜਿਸ ਕਾਰਨ ਲੜਾਈ ਝਗੜੇ ਵੀ ਹੁੰਦੇ ਹਨ। ਹੁਣ ਵਿਰੋਧੀ ਨੂੰ ਚਿੱਤ ਕਰਨ ਜਾਂ ਕਰਵਾਉਣ ਲਈ ਬੇਅਦਬੀ ਦੇ ਦੋਸ਼ ਅਤੇ ਨਿਹੰਗਾਂ ਕੋਲ ਸ਼ਿਕਾਇਤ ਕਰਨ ਦਾ ਰਸਤਾ ਖੁੱਲ੍ਹ ਜਾਵੇਗਾ। ਨਿਹੰਗ ਹੁਣ ‘ਸ਼ਰੀਆ ਪੁਲਿਸ’ ਬਣ ਕੇ ਪਿੰਡਾਂ ਵਿੱਚ ਦਹਿਸ਼ਤ ਪਾਉਣਗੇ। ਇਹਨਾਂ ਵਿੱਚੋਂ ਕਈ ਤਾਂ ਪਹਿਲਾਂ ਹੀ ਘੱਟ ਨਹੀਂ ਕਰਦੇ ਅਤੇ ਕਈ ਵਾਰ ‘ਗੁਰੂ ਕੀਆਂ ਫੌਜਾਂ’ ਦੇ ਨਾਮ ਉੱਤੇ ਲੋਕਾਂ ਦੀਆਂ ਫਸਲਾਂ ਦਾ ਉਜਾੜਾ ਕਰਦੇ ਹਨ। ਕਈ ਨਿਹੰਗਾਂ ਅਤੇ ਨਿਹੰਗ ਗੁੱਟਾਂ ਦਾ ਰਿਕਾਰਡ ਬਹੁਤਾ ਚੰਗਾ ਨਹੀਂ ਹੈ। ਇਹਨਾਂ ਦੀ ਆਪਸ ਵਿੱਚ ਵੀ ਖੜਕ ਪੈਂਦੀ ਅਤੇ ਕਤਲ ਤਕ ਹੁੰਦੇ ਹਨ।
ਸੰਯੁਕਤ ਮੋਰਚੇ ਦੇ ਕਿਸਾਨ ਆਗੂ ਖਾਮੋਸ਼ ਬੈਠੇ ਹਨ ਅਤੇ ਇਸ ਘਿਨਾਉਣੇ ਕਤਲ ਦੀ ਸਪਸ਼ਟ ਸ਼ਬਦਾਂ ਵਿੱਚ ਨਿੰਦਾ ਕਰਨ ਤੋਂ ਵੀ ਪਾਸਾ ਵੱਟ ਗਏ ਹਨ। ਇਸ ਕਿਸਾਨ ਮੋਰਚੇ ਵਿੱਚ ਨਿਹੰਗਾਂ ਦਾ ਕੀ ਕੰਮ ਹੈ? ਨਿਹੰਗਾਂ ਦੇ ਸੱਜੇ ਖੱਬੇ ਕਈ ਕਿਸਮ ਦੇ ਲੋਕ ਬੈਠੇ ਹਨ ਜਿਹਨਾਂ ਵਿੱਚ ਵੱਖਵਾਦੀ ਅਤੇ ਸਰਕਾਰਵਾਦੀ ਵੀ ਸ਼ਾਮਲ ਹਨ। ਕਥਿਤ ਬਾਬਾ ਅਮਨ ਸਿੰਘ ਦੀਆਂ ਅੰਦਰਖਾਤੇ ਮਿਲਣੀਆਂ ਵੀ ਇਹ ਸਾਬਤ ਕਰਦੀਆਂ ਹਨ। ਵਿਦੇਸ਼ਾਂ ਤੋਂ ਜਾ ਰਹੀ ਮਾਇਆ, ਭਾਂਤ ਭਾਂਤ ਦੇ ਲੰਗਰ ਅਤੇ ਕਈ ਕੁਝ ਹੋਰ ਜੋ ਹੋ ਰਿਹਾ ਹੈ ਉਸ ਵਿੱਚ ਵਿਦੇਸ਼ੀਆਂ ਦਾ ਹੱਥ ਸਪਸ਼ਟ ਨਜ਼ਰ ਆਉਂਦਾ ਹੈ। ਕਿਸਾਨ ਮੰਗਾਂ ਮਨਵਾਉਣ ਬਾਹਰੋਂ ਗਏ ਆਗੂ ਜੋ ਰਿੜਕ ਰਹੇ ਹਨ ਉਸ ਵਿੱਚੋਂ ਸ਼ਰੀਆ ਪੁਲਿਸ ਅਤੇ ਕੱਟੜਵਾਦ ਨਿਕਲਣ ਦਾ ਡਰ ਪੈਦਾ ਹੋ ਗਿਆ ਹੈ।
***
ਤੀਲਾਂ ਦੀ ਡੱਬੀ ਅਤੇ ਪੈਟਰੋਲ ਚੁੱਕੀ ਫਿਰਦਾ ਹੈ ਕਥਿਤ ਸਿੱਖ ਵਿਦਵਾਨ ਅਜਮੇਰ ਸਿੰਘ!
ਬਚ ਸਕਦੇ ਹੋ ਤਾਂ ਬਚ ਜਾਓ!!
ਦੇਸ਼ ਵਿਦੇਸ਼ ਵਿੱਚ ਕਈ ਅਜਿਹੇ ਸਿੱਖ ਬੈਠੇ ਹਨ ਜੋ ਲਖਬੀਰ ਸਿੰਘ ਦੇ ਕਤਲ ਨੂੰ ਜਾਇਜ਼ ਠਹਿਰਾ ਰਹੇ ਹਨ। ਇੱਕ ਕਥਿਤ ਸਿੱਖ ਵਿਦਵਾਨ ਹੈ ਅਜਮੇਰ ਸਿੰਘ ਜੋ ਧਰਮ ਦੇ ਨਾਮ ਉੱਤੇ ਐਸੀ ਮਿੱਠੀ ਚਾਸ਼ਨੀ ਬਣਾਉਂਦਾ ਹੈ ਕਿ ਇਸ ਵਿੱਚ ਵਲੇਟੀ ਜ਼ਹਿਰ ਖਾਣ ਵਾਲੇ ਨੂੰ ਕੁੜੱਤਣ ਦਾ ਅਹਿਸਾਸ ਤਕ ਨਹੀਂ ਹੁੰਦਾ। ਕਦੇ ਖੱਬੀ ਅਤੇ ਨਕਸਲੀ ਸੋਚ ਦਾ ਧਾਰਨੀ ਰਿਹਾ ਅਜਮੇਰ ਸਿੰਘ ਅੱਜ ਵੱਖਵਾਦੀਆਂ ਦਾ ਰਾਹ ਦਸੇਰਾ ਅਤੇ ਫਲਾਸਫਰ ਬਣਿਆ ਹੋਇਆ ਹੈ।
ਨਿਹੰਗਾਂ ਵੱਲੋਂ ਬੇਰਹਿਮੀ ਨਾਲ ਕਤਲ ਕੀਤਾ ਗਿਆ ਲਖਬੀਰ ਸਿੰਘ ਤਿੰਨ ਬੱਚੀਆਂ ਦਾ ਬਾਪ ਸੀ ਅਤੇ ਨਸ਼ੇ ਦਾ ਆਦੀ ਸੀ। ਉਸ ਦੇ ਜਾਣਕਾਰ ਦੱਸਦੇ ਹਨ ਕਿ ਉਹ ਐਸਾ ਕੰਮ ਕਰਨ ਵਾਲਾ ਬੰਦਾ ਨਹੀਂ ਸੀ। ਪਰ ਕਥਿਤ ਸਿੱਖ ਫਿਲਾਸਫਰ ਅਜਮੇਰ ਸਿੰਘ ਨੇ ਆਪਣੀ ਆਦਤ ਮੁਤਾਬਿਕ ਲਗਦੇ ਹੱਥ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਕਿਹਾ ਹੈ ਕਿ ਸਿੰਘਾਂ ਨੇ “ਮਿਸਾਲੀ ਸਜ਼ਾ ਦਿੱਤੀ ਹੈ।” ਅਜਮੇਰ ਇਸ ਨੰਗੀ ਚਿੱਟੀ ਦਰਿੰਦਗੀ ਨੂੰ “ਮਿਸਾਲੀ ਸਜ਼ਾ” ਦੱਸਦਾ ਹੈ।
ਨਿਹੰਗਾਂ ਦੀ ਇਸ ਦਰਿੰਦਗੀ ਨੂੰ ਕਈ ਮੀਡੀਆ ਰਿਪੋਰਟਾਂ ਵਿੱਚ ਜਦ ‘ਲਿੰਚਿੰਗ’ ਆਖਿਆ ਗਿਆ ਤਾਂ ਅਜਮੇਰ ਦੇ ਸੱਪ ਲੜ ਗਿਆ। ਜਦ ਭੀੜ ਇਕੱਠੀ ਹੋ ਕੇ ਕਿਸੇ ਕਥਿਤ ਦੋਸ਼ ਹੇਠ ਕਿਸੇ ਵਿਅਕਤੀ ਨੂੰ ਬੇਰਹਿਮੀ ਨਾਲ ਮਾਰ ਦੇਵੇ ਜਾਂ ਮਾਰ ਕੇ ਟੰਗ ਦੇਵੇ ਤਾਂ ਇਸ ਨੂੰ ਅੰਗਰੇਜ਼ੀ ਵਿੱਚ ਲਿੰਚਿੰਗ ਆਖਦੇ ਹਨ।
ਪਰ ਅਜਮੇਰ ਦੀ ਸੁਣੋ, “ਇਸ ਘਟਨਾ ਨੂੰ ਲਿੰਚਿੰਗ ਕਹਿਣਾ ਸਹੀ ਨਹੀਂ, ਇਹ ਸ਼ਬਦ ਅਮਰੀਕਾ ਤੋਂ ਆਇਆ ਹੈ ਜਦ ਕਾਲੇ ਰੰਗ ਦੇ ਗੁਲਾਮਾਂ ਨੂੰ ਕੁੱਟ ਕੁੱਟ ਮਾਰਿਆ ਜਾਂਦਾ ਸੀ। ਕਾਲੇ ਮਜ਼ਲੂਮ ਸਨ ਅਤੇ ਗੋਰੇ ਤਾਕਤ ਦੀ ਦਹਿਸ਼ਤ ਪਾਉਂਦੇ ਸਨ , ਮਾਰ ਕੇ ਲਾਸ਼ਾਂ ਟੰਗਦੇ ਸਨ। ਇੱਕ ਮਜ਼ਲੂਮ ਹੈ ਦੂਜਾ ਜ਼ਾਲਮ ਹੈ। ... ਜਿੱਥੋਂ ਲਿੰਚਿੰਗ ਸ਼ਬਦ ਨਿਕਲਿਆ ਹੈ। ਮੋਦੀ ਹੇਠ ਮੁਸਲਮਾਨਾਂ ਨੂੰ ਮਾਰਿਆ ਗਿਆ ਜੋ ਮਜ਼ਲੂਮ ਹਨ ਅਤੇ ਹਿੰਦੂ ਜਾਬਰ ਵਰਗ ਹੈ। ਧਾਰਮਿਕ ਨਫਰਤ ਹੇਠ ਭੀੜਾਂ ਨੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ... ਜੋ ਲਿੰਚਿੰਗ ਹੈ। ਸਿੰਘੂ ਵਾਲਾ ਵਿਅਕਤੀ ਕਿਸੇ ਮਜ਼ਲੂਮ ਵਰਗ ਦਾ ਬੰਦਾ ਨਹੀਂ ਸੀ। ਉਹ ਕੋਈ ਵੀ ਹੋ ਸਕਦਾ ਸੀ ਉਸ ਨੂੰ ਸਜ਼ਾ ਦੋਸ਼ ਕਾਰਨ ਦਿੱਤੀ ਗਈ। ਨਿਹੰਗਾਂ ਨੇ ਸਿੱਖ ਵਿਰਸੇ ਮੁਤਾਬਿਕ ਸਜ਼ਾਂ ਦੇ ਦਿੱਤੀ ਹੈ। ਇਹ ਲਿੰਚਿੰਗ ਨਹੀਂ ਹੈ। ਦੁਸ਼ਮਣ ਭਾਵੇਂ ਇਹ ਸ਼ਬਦ ਵਰਤੇ ਪਰ ਸਿੱਖ ਨਾ ਵਰਤਣ। ਇਹ ਤੁਲਨਾ ਯੋਗ ਨਹੀਂ।”
ਇਹ ਕਮਾਲ ਦੀ ਪ੍ਰੀਭਾਸ਼ਾ ਹੈ, ਕਮਾਲ ਦਾ ਪ੍ਰਸੰਗ ਹੈ। ਇਸਦਾ ਮੰਤਵ ਵੀ ਸਿੱਖਾਂ ਦੀ ਕਾਮਲ ਦੀ ‘ਬਰੇਨ-ਵਾਸ਼ਿੰਗ’ ਹੈ। ਅਜਮੇਰ ਐਸਾ ਮਕਾਰ ਆਦਮੀ ਹੈ ਕਿ ਨਿਹੰਗਾਂ ਦੀ ਇਸ ਕਰਤੂਤ ਨੂੰ “ਸਿੱਖ ਵਿਰਸੇ ਮੁਤਾਬਿਕ ਢੁੱਕਵੀਂ ਸਜ਼ਾ” ਦੱਸ ਰਿਹਾ ਹੈ ਅਤੇ ਕੋਰਾ ਝੂਠ ਬੋਲਣ ਦੀ ਸ਼ਰਮ ਤਕ ਮਹਿਸੂਸ ਨਹੀਂ ਕਰ ਰਿਹਾ। ਨਿਹੰਗ ਆਖਦੇ ਹਨ ਕਿ ਲਖਬੀਰ ਬੇਅਦਬੀ ਕਰਨ ਲੱਗਾ ਸੀ ਜਾਂ ਕਰਨ ਵਾਲਾ ਸੀ ਜਾਂ ਉਸ ਨੇ ਸਰਬਲੋਹ ਗ੍ਰੰਥ ਚੁੱਕ ਲਿਆ ਸੀ। ਇੱਕ ਤਾਂ ਸਰਬਲੋਹ ਗ੍ਰੰਥ ਨੂੰ ਸਿੱਖਾਂ ਦੀ ਵੱਡੀ ਗਿਣਤੀ ਧਾਰਮਿਕ ਗ੍ਰੰਥ ਵਜੋਂ ਮਾਨਤਾ ਹੀ ਨਹੀਂ ਦਿੰਦੀ ਅਤੇ ਦੂਜੀ ਗੱਲ ਜੋ ਸਰਬਲੋਹ ਦੀ ਕਿਤਾਬ ਪ੍ਰੈੱਸ ਨੂੰ ਵਿਖਾਈ ਗਈ ਸੀ, ਉਹ ਬਹੁਤ ਵਧੀਆ ਹਾਲਤ ਵਿੱਚ ਸੀ। ਉਸ ਨੂੰ ਝਰੀਟ ਤਕ ਨਹੀਂ ਸੀ ਆਈ ਹੋਈ। ਅਜਮੇਰ ਜੀ, ਕੀ ਕਿਸੇ ਨੂੰ ਨਿਰੋਲ ਸ਼ੱਕ ਦੇ ਅਧਾਰਤ ਉੱਤੇ ਕੋਹ ਕੋਹ ਮਾਰਨਾ ਸਿੱਖੀ ਰਵਾਇਤ ਹੈ? ਕੀ ਕਦੇ ਗੁਰੂ ਸਹਿਬਾਨ ਨੇ ਇਸ ਕਿਸਮ ਦੀ ਸਿੱਖਿਆ ਦਿੱਤੀ ਸੀ ਜਾਂ ਗੁਰਬਾਣੀ ਵਿੱਚ ਕਿਤੇ ਇਸਦੀ ਵਕਾਲਤ ਕੀਤੀ ਗਈ ਹੈ?
ਲਖਬੀਰ ਸਿੰਘ ਦੇ ਕਤਲ ਨੂੰ ਜਾਇਜ਼ ਦੱਸਣ ਲਈ ਅਜਮੇਰ ਆਪਣੇ ਵੀਡੀਓ ਸੰਦੇਸ਼ ਵਿੱਚ ਇੱਕ ਕਦਮ ਹੋਰ ਅੱਗੇ ਵਧਦਾ ਹੈ ਤਾਂਕਿ ਇਸ ਨੂੰ ਹਰ ਹਾਲਤ ਜਾਇਜ਼ ਸਾਬਤ ਕੀਤਾ ਜਾ ਸਕੇ।
ਅਜਮੇਰ ਅੱਗੇ ਇੰਝ ਕਹਿੰਦਾ ਹੈ, “ਦੂਜੀ ਗੱਲ ਇਸ ਨੂੰ ਪ੍ਰਸੰਗ ਨਾਲੋਂ ਤੋੜ ਕੇ ਨਾ ਵੇਖੋ, ਸਿੱਖਾਂ ਨਾਲ ਅਸਿਹਣਸ਼ੀਲਤਾ ਲੰਮੇ ਸਮੇਂ ਤੋਂ ਚੱਲ ਰਹੀ ਹੈ। ਜੰਗਾਂ ਵਿੱਚ ਨੁਕਸਾਨ ਹੁੰਦਾ ਹੈ … ਜੋ ਸਿੱਖਾਂ ਲਈ ਸ਼ਹਾਦਤਾਂ ਹਨ। ਸਿੱਖਾਂ ਦੇ ਇੱਕ ਸੈਕਸ਼ਨ ਨਾਲ ਜਬਰ ਹੋ ਰਿਹਾ ਹੈ, ਸਿਖਾਂ ਦਾ ਇੱਕ ਹੋਰ ਵਰਗ ਹੱਥਾ ਬਣ ਰਿਹਾ ਹੈ ਜਿਵੇਂ ਪਹਿਲਾਂ ਬਾਦਲਾਂ ਨੇ ਕੀਤਾ ਫਿਰ ਅਮਰਿੰਦਰ ਨੇ ਕੀਤਾ। ਉਹ ਤਾਂ ਬਾਦਲਾਂ ਨਾਲੋਂ ਵੀ ਖਤਰਨਾਕ ਸਾਬਤ ਹੋਇਆ। ਨੈਸ਼ਨਲ ਸਕਿਉਰਟੀ ਦਾ ਰੌਲਾ ਪੌਂਦਾ ਰਿਹਾ, ਜੋ ਹਿੰਦੂਤਵ ਨਾਲ ਮੇਲ ਖਾਂਦਾ ਸੀ।
ਅੱਜ ਚੰਨੀ ਬਣ ਗਿਆ ਜੋ ਬਹੁਤ ਕਮਜ਼ੋਰ ਹੈ ਅਤੇ ਬੀਜੇਪੀ ਨੂੰ ਸੂਟ ਕਰਦਾ ਹੈ। ਚੰਨੀ ਨੇ ਇਹ ਵਿਖਾ ਦਿੱਤਾ ਹੈ। ਉਹ ਕਮਜ਼ੋਰ ਵਰਗ ਵਿੱਚੋਂ ਆਇਆ ਹੈ, ਇਹ ਚੰਗੀ ਗੱਲ ਹੈ ਪਰ ਉਹ ਸਿੱਖਾਂ … ਪੰਜਾਬ ਦੇ ਹਿਤਾਂ ਦੀ ਰਾਖੀ ਨਹੀਂ ਕਰ ਸਕਦਾ। ਅੱਧਾ ਪੰਜਾਬ ਬੀਐੱਸਐੱਫ ਨੂੰ ਸੌਂਪ ਦਿੱਤਾ ਹੈ। ਇਸ ਘਟਨਾ ਦੀ ਵਰਤੋਂ ਜਿਸ ਢੰਗ ਨਾਲ ਕੀਤੀ ਜਾ ਰਹੀ ਹੈ, ਨਿਆਰੀ ਹਸਤੀ ਵਾਲਿਆਂ (ਸਿੱਖਾਂ) ਨੂੰ ਨਿਖੇੜ ਕੇ ਜ਼ੁਲਮ ਕਰਨਾ ਲੋੜ ਬਣੀ ਹੋਈ ਹੈ … ਸਿੱਖਾਂ ਨੂੰ ਕਾਤਲ ਬਣਾ ਕੇ ਪੇਸ਼ ਕੀਤਾ ਜਾਵੇ।”
ਅਜਮੇਰ ਨਿਹੰਗਾਂ ਵੱਲੋਂ ਕੀਤੇ ਗੁਨਾਹ ਨੂੰ ਸਿੱਖਾਂ ਉੱਤੇ ਲਗਾਤਾਰ ਹੋ ਰਹੇ ਕਥਿਤ ਜ਼ੁਲਮ ਨਾਲ ਜਾ ਜੋੜਦਾ ਹੈ ਅਤੇ 1947 ਤੋਂ 1984 ਦੀਆਂ ਘਟਨਾਵਾਂ ਨੂੰ ਵੀ ਇਸਦਾ ਹਿੱਸਾ ਬਣਾ ਲੈਂਦਾ ਹੈ। ਮਾਮਲਾ ਇੱਕ ਬੰਦੇ ਉੱਤੇ ਕਥਿਤ ਬੇਅਦਬੀ ਦਾ ਬਿਨਾਂ ਸਬੂਤ ਦੋਸ਼ ਲਗਾ ਕੇ ਉਸ ਨੂੰ ਹਲਾਲ ਕਰਨ ਦਾ ਹੈ। ਪਰ ਅਜਮੇਰ ਲਈ ਇਸਦੀ ਜੜ੍ਹ ਪੌਣੀ ਸਦੀ ਪੁਰਾਣੀ ਹੈ। ਵੱਖਵਾਦੀ ਅਤੇ ਕੱਟੜਪੰਥੀ ਸਿੱਖ ਅਜਮੇਰ ਲਈ ‘ਨਿਆਰੀ ਹਸਤੀ ਵਾਲੇ’ ਸਿੱਖ ਹਨ ਜਿਹਨਾਂ ਨੂੰ ਨਖੇੜ ਕੇ ਉਹਨਾਂ ਉੱਤੇ ਸਟੇਟ ਨੇ ਜ਼ੁਲਮ ਕਰਨਾ ਹੈ। ਅਜਮੇਰ ਜੀ, ਸਾਰੇ ਸਿੱਖਾਂ ਨੂੰ ਕਿਸ ਨੇ ਕਾਤਲ ਬਣਾ ਕੇ ਪੇਸ਼ ਕੀਤਾ ਹੈ? ਜਿਹਨਾਂ ਨਿਹੰਗਾਂ ਨੇ ਗਰੀਬ ਨੂੰ ਕੋਹ ਕੇ ਮਾਰਿਆ ਹੈ ਉਹ ਤਾਂ ਛਾਤੀ ਥਾਪੜ ਕੇ ਕਹਿੰਦੇ ਹਨ ਕਿ ਅਸੀਂ ਮਾਰਿਆ ਹੈ। ਉਹਨਾਂ ਨੇ ਫੋਟੋ ਅਤੇ ਵੀਡੀਓ ਬਣਾਈਆਂ ਹਨ। ਅਜੇ ਤਕ ਸਿਰਫ ਚਾਰ ਨਿਹੰਗ ਫੜੇ ਗਏ ਹਨ ਜਦਕਿ ਵੀਡੀਓ ਵਿੱਚ ਇਸ ਤੋਂ ਕਿਤੇ ਵੱਧ ਹਨ। ਇਹ ਕਾਰਾ ਕਰਨ ਵਾਲੇ ਨਿਹੰਗ, ਉਹਨਾਂ ਵੱਲੋਂ ਆਪ ਦਾਗੇ ਬਿਆਨਾਂ ਅਤੇ ਸਬੂਤਾਂ ਕਾਰਨ ਕਾਤਲ ਸਾਬਤ ਹੁੰਦੇ ਹਨ। ਉਹ ਖੁਦ ਆਪਣੇ ਆਪ ਨੂੰ ਕਾਤਲ ਦੱਸਦੇ ਹਨ। ਇਹ ਵੱਖਰੀ ਗੱਲ ਹੈ ਕਿ ਉਹ ਇਸ ਨੂੰ ਬਹਾਦਰੀ ਸਮਝਦੇ ਹਨ। ਜੋ ਉਹਨਾਂ ਨੇ ਕੀਤਾ ਹੈ ਉਹ ਸੰਸਾਰ ਦੇ ਹਰ ਸਭਿਅਕ ਦੇਸ਼ ਦੇ ਕਾਨੂੰਨ ਹੇਠ ਵੱਡਾ ਜੁਰਮ ਹੈ। ਸਾਰੇ ਸਿੱਖਾਂ ਨੂੰ ਕਾਤਲ ਕਿਸੇ ਨੇ ਨਹੀਂ ਆਖਿਆ, ਸਗੋਂ ਐਸੇ ਸਿੱਖ ਵੀ ਬਹੁਤ ਹਨ ਜਿਹਨਾਂ ਨੂੰ ਬੇਕਿਰਕ ਨਿਹੰਗਾਂ ਤੋਂ ਕਚਿਆਣ ਆਉਣ ਲੱਗ ਪਈ ਹੈ ਅਤੇ ਉਹ ਇਸ ਨੂੰ ਘੋਰ ਅਪਰਾਧ ਦਾ ਨਾਮ ਦਿੰਦੇ ਹਨ। ਹਾਂ ਪਰ ਤੁਹਾਡੇ ਲਈ ਉਹ ਸਿੱਖ ਨਹੀਂ ਹਨ ਅਤੇ ਸਿੱਖ ਉਹ ਹਨ ਜਿਹਨਾਂ ਦੀ ‘ਨਿਆਰੀ ਹਸਤੀ’ ਹੈ। ਨਿਆਰੀ ਹਸਤੀ ਵਾਲੇ ਜੋ ਆਪ ਜੀ ਲਈ ਅਸਲੀ ਸਿੱਖ ਹਨ, ਉਹਨਾਂ ਦਾ ਪੰਜਾਬ ਦੇ ਸਿੱਖਾਂ ਵਿੱਚ ਅਧਾਰ ਕੋਈ ਨਹੀਂ ਹੈ। ਬੱਸ ਸਿੱਖੀ ਦੇ ਦਾਅਵੇ ਹੀ ਦਾਅਵੇ ਹਨ। ਸੱਚ ਇਹ ਵੀ ਹੈ ਕਿ ਤੁਹਾਡੇ ਨਿਆਰੀ ਹਸਤੀ ਵਾਲੇ ਵੀ ਕਈ ਗੁੱਟਾਂ ਵਿੱਚ ਵੰਡੇ ਹੋਏ ਹਨ ਅਤੇ ਇੱਕ ਦੂਜੇ ਦੇ ਕਤਲ ਵੀ ਕਰ ਜਾਂ ਕਰਵਾ ਦਿੰਦੇ ਹਨ। ਅਜੇ ਮਹੀਨਾ ਕੁ ਪਹਿਲਾਂ ਹੀ ਵੱਡੇ ਖਾੜਕੂ ਹਰਮਿੰਦਰ ਸਿੰਘ ਸੰਧੂ ਦਾ 30 ਕੁ ਸਾਲ ਪਹਿਲਾਂ ਕੁਝ ਹੋਰ ਵੱਡੇ ਖਾੜਕੂਆਂ ਹੱਥੋਂ ਹੋਏ ਕਤਲ ਦੀ ਤੂੰ ਤੂੰ, ਮੈਂ ਮੈਂ ਚੱਲੀ ਸੀ ਜਿਸ ਬਹਿਸ ਵਿੱਚ ਅਜਮੇਰ ਜੀ ਆਪਜੀ ਵੀ ਸ਼ਾਮਲ ਸੀ ਅਤੇ ਕਤਲ ਕਾਂਡ ਵਿੱਚ ਕੁਝ ਧਿਰਾਂ ਆਪ ਜੀ ਦੇ ਵਿਸ਼ਵਾਸ ਪਾਤਰ ‘ਭਾਈ’ ਦਲਜੀਤ ਸਿੰਘ ਬਿੱਟੂ ਵੱਲ ਵੀ ਉਂਗਲਾਂ ਉਠਾਉਂਦੇ ਹਨ। ਜਾਪਦਾ ਹੈ ਇਸ ਕਿਸਮ ਦੀ “ਮਿਸਾਲੀ ਸਜ਼ਾ” ਕਈ ਵਾਰ ਤੁਹਾਡੀਆਂ ਖਾੜਕੂ ਸਫਾਂ ਵਿੱਚ ਵੀ ਦਿੱਤੀ ਜਾਂਦੀ ਰਹੀ ਹੈ, ਜਿਸ ਨੂੰ ਤੁਸੀਂ ਗ਼਼ਲਤੀ ਨਾਲ ਸਿੱਖ ਵਿਰਸਾ ਸਮਝਣ ਲੱਗੇ ਹੋ।
ਅਜਮੇਰ ਸਮਝਦਾ ਹੈ ਕਿ ਜਿਸ ਕੰਮ (ਕਾਰੇ) ਵਿੱਚ ‘ਨਿਆਰੀ ਹਸਤੀ’ ਵਾਲੇ ਸਿੱਖ ਸ਼ਾਮਲ ਹੋਣ ਉਸ ਬਾਰੇ ਮੀਡੀਆ ਦੜ ਵੱਟ ਕੇ ਬੈਠ ਜਾਵੇ ਅਤੇ ਕੋਈ ਕਰੀਟੀਕਲ ਰਪੋਰਟ ਜਾਂ ਟਿੱਪਣੀ ਨਾ ਕਰੇ। ਅਗਰ ਕੋਈ ਕਰੇ ਤਾਂ ਉਸ ਨੂੰ ਸਿੱਖਾਂ ਦਾ ਦੁਸ਼ਮਣ ਗਰਦਾਨ ਦਿਓ।
ਅਜਮੇਰ ਨੂੰ ਕਈ ਮੀਡੀਆਕਾਰ ਰੜਕਦੇ ਹਨ ਜਿਹਨਾਂ ਵਿੱਚ ਸ਼ੇਖਰ ਗੁਪਤਾ ਵੀ ਹੈ। ਅਤੇ ਵੀਡੀਓ ਵਿੱਚ ਅਜਮੇਰ ਇੰਝ ਲੜੀ ਅਗਾਂਹ ਤੋਰਦਾ ਹੈ, “ਪ੍ਰਿੰਟ ਉੱਤੇ ਸ਼ੇਖਰ ਗੁਪਤਾ ਲਗਾਤਾਰ ਸਰਗਰਮ ਰਿਹਾ ਹੈ। ਉਸ ਵਿੱਚ ਸਮਰੱਥਾ ਹੈ ਪਰ ਉਸ ਨੇ ਬਹੁਗਿਣਤੀ ਦਾ ਪੱਖ ਹੀ ਪੂਰਿਆ ਹੈ। ਉਹ ਇਸ ਬਹਾਨੇ ਭਿੰਡਰਾਵਾਲਾ ਨੂੰ ਨਿਸ਼ਾਨਾ ਬਣਾ ਰਿਹਾ ਹੈ। ਕਹਿ ਰਿਹਾ ਹੈ ਕਿ ਸਿੱਖਾਂ ਨੇ ਕੋਈ ਸਬਕ ਨਹੀਂ ਸਿੱਖਿਆ ਹੈ। ਸਾਡਾ ਜਵਾਬੀ ਸਵਾਲ ਹੈ ਕਿ ਕੀ ਜ਼ਾਲਮ ਵਰਗ ਨੇ ਕੋਈ ਸਬਕ ਸਿੱਖਿਆ ਹੈ? ਹਕੂਮਤੀ ਵਰਗ ਲਈ ਮਰਨ ਵਾਲਿਆਂ ਦਾ ਕੋਈ ਮਤਲਬ ਨਹੀਂ ਹੈ ਭਾਵੇਂ ਹਾਕਮਾਂ ਲਈ ਲੋਕ, ਪੁਲਿਸ ਵਾਲੇ ਮਰਨ ਜਾਂ ਫੌਜੀ ਮਰਨ। …ਸਿੱਖਾਂ ਵਿਰੁੱਧ ਜ਼ਹਿਰ ਨਹੀਂ ਮਰੀ। ਸਿੱਖਾਂ ਖਿਲਾਫ ਨੈਰੇਟਿਵ ਸਿਰਜਿਆ ਜਾ ਰਿਹਾ ਹੈ … ਸਿੱਖਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਆਉਣ ਵਾਲਾ ਸਮਾਂ ਖ਼ਤਰਨਾਕ ਹੋ ਸਕਦਾ।”
ਅਜਮੇਰ ਜੀ ਆਪਣੇ ਹਰ ਪ੍ਰਬਚਨ ਵਿੱਚ ਆਉਣਾ ਵਾਲਾ ਸਮਾਂ ਖਤਰਨਾਕ ਹੋਣ ਦੀ ਪੇਸ਼ਨਗੋਈ ਕਰਦੇ ਹਨ। ਇੱਕ ਪਾਸੇ ਸਿੱਖਾਂ ਨੂੰ ਉਕਸਾਉਂਦੇ ਹਨ ਅਤੇ ਦੂਜੇ ਪਾਸੇ ਖ਼ਤਰਨਾਕ ਸਮੇਂ ਦੀ ਪੇਸ਼ੀਨਗੋਈ ਕਰਦੇ ਹਨ। ਜਾਪਦਾ ਹੈ ਅਜਮੇਰ ਖ਼ਤਰਨਾਕ ਸਮੇਂ ਦੀ ਬੇਸਬਰੀ ਨਾਲ ਉਡੀਕ ਹੀ ਨਹੀਂ ਕਰ ਰਿਹਾ ਸਗੋਂ ਆਪਣੇ ਪ੍ਰਵਚਨ ਦੀ ਖਿੱਚ ਨਾਲ ਧੂਹ ਧੂਹ ਨੇੜੇ ਲਿਆਉਣ ਦੀ ਕੋਸ਼ਿਸ਼ ਵਿੱਚ ਵੀ ਹੈ। ਪਰ ਹੁਣ ਇਸ ਸੋਚ ਦੀ ਦਾਲ਼ ਗ਼ਲ਼ਦੀ ਨਹੀਂ ਤੇ ਨਾ ਹੀ ਕੋਈ ਆਸ ਹੈ।
ਆਪਣੀ ਆਦਤ ਮੁਤਾਬਿਕ ਅਜਮੇਰ ਕਿਸਾਨ ਅੰਦੋਲਨ ਦੇ ਆਗੂਆਂ ਉੱਤੇ ਵੀ ਵਰ੍ਹਦਾ ਹੈ ਅਤੇ ਉਹਨਾਂ ਨੂੰ ਸਿੱਖਾਂ ਦੇ ਦੁਸ਼ਮਣ ਦੱਸਣ ਤਕ ਜਾਂਦਾ ਹੈ। ਗੱਲ ਵੀ ਉਹ ਉਹਨਾਂ ਕਿਸਾਨ ਆਗੂਆਂ ਦੀ ਕਰ ਰਿਹਾ ਹੈ ਜੋ ਸਿੱਖ ਹਨ ਨਾ ਕਿ ਜਾਟਾਂ ਜਾਂ ਯੂਪੀ ਵਾਲਿਆਂ ਦੀ। ਅਜਮੇਰ ਜਿਸ ਢੰਗ ਨਾਲ ਸਿੱਖਾਂ ਦੇ ਕਥਿਤ ਦੁਸ਼ਮਣਾਂ ਦੀ ਨਿਸ਼ਾਨਦੇਹੀ ਕਰਦਾ ਹੈ, ਉਸ ਢੰਗ ਨਾਲ ਅਸਲੀ ਸਿੱਖ ਤਾਂ ਉਹੀ ਬਚਦੇ ਹਨ ਜੋ ਅਕਸਰ ਅਜਮੇਰ ਦੇ ਸੱਜੇ ਖੱਬੇ ਬੈਠਦੇ ਹਨ ਤੇ ਉਸ ਨੂੰ ਵੱਡਾ ਬੁੱਧੀਜੀਵੀ ਸਮਝਦੇ ਹਨ। ਕਿਸਾਨ ਆਗੂ ਜਿਸ ਰਾਹ ਪੈ ਗਏ ਹਨ, ਉਸ ਵਿੱਚ ਵੀ ਵੱਖਵਾਦੀ ਲਾਬੀ ਦਾ ਵੱਡਾ ਹੱਥ ਹੈ। ਉਹਨਾਂ ਦੀ ਹਾਲਤ ‘ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ’ ਵਾਲੀ ਬਣਾ ਦਿੱਤੀ ਗਈ ਹੈ।
ਕਿਸਾਨ ਆਗੂਆਂ ਬਾਰੇ ਅਜਮੇਰ ਇੰਝ ਕਹਿੰਦਾ ਹੈ, “ਕਿਸਾਨ ਅੰਦੋਲਨ ਵਾਲੀ ਥਾਂ ਇਹ ਘਟਨਾ ਵਾਪਰੀ ਹੈ ਅਤੇ ਕਿਸਾਨ ਆਗੂਆਂ ਦਾ ਪ੍ਰਤੀਕਰਮ ਸਿੱਖਾਂ ਲਈ ਖਤਰੇ ਦੀ ਘੰਟੀ ਹੈ। ਅਲਟੀਮੇਟਲੀ … ਜਿਵੇਂ ਲੈਫਟ, ਸਿੱਖਾਂ ਖਿਲਾਫ਼ ਸਟੇਟ ਦਾ ਦਸਤਾ ਬਣੇ ਉਹ ਉਸ ਰੋਲ ਲਈ ਤਿਆਰੀ ਕਰ ਰਹੇ ਹਨ। ਉਹਨਾਂ ਦਾ ਅਧਾਰ ਵਧਿਆ, ਸਮਰਥਨ ਵਧਿਆ। ਉਹ ਸਿੱਖਾਂ ਦੀ ਮਦਦ ਨਾਲ ਤਾਕਤ ਬਣ ਚੁੱਕੇ ਹਨ। ਜੋ ਉਹ ਗੱਲਾਂ ਕਰ ਰਹੇ ਹਨ, … ਦੱਸਦਾ ਹੈ ਕਿ ਉਹਨਾਂ ਨੇ ਵਿਕਟਮ ਨਾਲ ਨਹੀਂ ਸਗੋਂ ਉਹ ਵਿਕਟੇਮਾਈਜ਼ ਕਰਨ ਵਾਲੇ ਨਾਲ ਖੜ੍ਹਨਗੇ।”
ਅਜਮੇਰ ਲਈ ਇਸ ਕੇਸ ਵਿੱਚ ਵਿਕਟਮ ਨਿਹੰਗ ਹਨ ਅਤੇ ਜਾਂ ਸਾਰੇ ਸਿੱਖਾਂ ਦੇ ਬਹਾਨੇ ਹੇਠ ‘ਨਿਆਰੀ ਹਸਤੀ’ ਵਾਲੇ ਸਿੱਖ ਹਨ (ਜੋ ਮੁੱਠੀ ਕੁ ਭਰ ਹਨ)। ਬਿਨਾਂ ਦਲੀਲ ਅਪੀਲ ਜਿਬਾਹ ਕਰ ਦਿੱਤਾ ਗਿਆ ਗਰੀਬ ਵੀ ਕਥਿਤ ਜ਼ਾਲਮਾਂ ਦੇ ਖਾਤੇ ਵਿੱਚ ਪਾ ਦਿੱਤਾ ਹੈ।
ਅਜਮੇਰ ਸਿੰਘ ਜੋ ਸਿਫ਼ਤਾਂ ‘ਮੋਇਆਂ ਦੀ ਮੰਡੀ ਵਾਲੇ’ ਨਿਹੰਗ ਅਮਨ ਸਿੰਘ ਦੀਆਂ ਕਰਦਾ ਹੈ, ਉਹ ਵੀ ਸੁਣਨ ਵਾਲੀਆਂ ਹਨ। ਕਥਿਤ ਬਾਬਾ ਅਮਨ ਸਿੰਘ ਬੇਕਿਰਕ ਕਾਤਲ ਨਿਹੰਗਾਂ ਦਾ ਆਗੂ ਹੈ।
ਅਜਮੇਰ ਇੰਝ ਆਖਦਾ ਹੈ, “ਨਿਹੰਗ ਅਮਨ ਸਿੰਘ ਨੇ ਇੱਕ ਗੱਲ ਸਾਫ਼ ਕੀਤੀ ਹੈ … ਮਤਲਬ ਉਸ ਨੇ ਠਰ੍ਹੰਮਾ ਅਤੇ ਸੰਤੁਲਨ ਕਾਇਮ ਰੱਖਿਆ। ਮੈਂ ਉਸ ਦੀ ਇੰਟਰਵਿਊ ਸੁਣੀ ਹੈ। ਹਰ ਗੱਲ ਦਾ ਖਿਆਲ ਰੱਖਿਆ ਹੈ। ਉਹਨਾਂ ਨੇ ਇਹ ਕਾਰਵਾਈ ਕਿਸੇ ਤੈਸ਼ ਜਾਂ ਰੋਹ ਵਿੱਚ ਆ ਕੇ ਨਹੀਂ ਕੀਤੀ, ਇਹ ਜਮ੍ਹਾਂ ਹੋਇਆ ਪਿਆ ਸੀ … ਬੇਅਦਬੀ ਦੀਆਂ ਘਟਨਾਵਾਂ ਤਾਂ 1947 ਤੋਂ ਹੀ ਹੋ ਰਹੀਆਂ ਹਨ। ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਰਹੀ ਸੀ ਅਤੇ ਸਿੱਖਾਂ ਵਿੱਚ ਚਿੰਤਾ ਸੀ ਕਿ ਕੀ ਕਰੀਏ। ਹੁਣ ਇੱਕ ਆਸ ਜਾਗੀ ਹੈ ਕਿ ਠੱਲ੍ਹ ਪਾਈ ਜਾ ਸਕਦੀ ਹੈ ਅਤੇ ਠੱਲ੍ਹ ਪਾਈ ਜਾਵੇਗੀ। ਸਿੱਖ ਵਿਰਸੇ ਵਿੱਚੋਂ ਹੀ ਰੌਸ਼ਨੀ ਲਓ। ‘ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਓ’ ਕਹਿਣ ਵਾਲੇ ਨਹੀਂ ਜਾਣਦੇ ਕਿ ਕਾਨੂੰਨ ਕਿੰਨਾ ਪੱਖਪਾਤੀ ਤੇ ਬੋਲਾ ਹੋ ਚੁੱਕਾ ਹੈ। ਕਹਿੰਦੇ ਹਨ ਕਿ ਇਨਸਾਫ਼ ਦੇ ਹੱਥ 9 ਗਜ਼ ਦੇ ਹੁੰਦੇ ਹਨ ਪਰ ਇਹ ਮਜ਼ਲੂਮ ਲਈ ਹਨ ਬਹੁਗਿਣਤੀ ਲਈ ਟੁੰਡ ਬਣ ਜਾਂਦੇ ਹਨ। … ਜਿਹਨਾਂ ਨੇ ਸਿੱਖਾਂ ’ਤੇ ਬੀਤੇ ਵਿੱਚ ਜ਼ੁਲਮ ਕੀਤੇ ਹਨ … ਕਿਸੇ ਨੂੰ ਤੱਤੀ ਵਾਹ ਨਹੀਂ ਲੱਗੀ। ਤਰੱਕੀਆਂ ਅਤੇ ਅਹੁਦੇ ਮਿਲੇ ਹਨ। ਇਹ ਅੰਨ੍ਹੇ ਹੋਣ ਵਾਲੀ ਗੱਲ ਹੈ। ਇੱਕ ਸੈਕਸ਼ਨ ਦੀ ਇਨਸਾਨੀਅਤ ਮਰ ਚੁੱਕੀ ਹੈ।”
ਨਿਹੰਗ ਬਾਬਾ ਅਮਨ ਸਿੰਘ ਬਾਰੇ ਕਈ ਤੱਥ ਬਾਹਰ ਆ ਗਏ ਹਨ। ਉਸ ਉੱਤੇ ਕਈ ਕੇਸ ਹਨ ਜਿਹਨਾਂ ਵਿੱਚ ਨਸ਼ਾ ਤਸਕਰੀ ਦੇ ਵੱਡੇ ਦੋਸ਼ ਹਨ। ਉਹ ਅੰਦਰਖਾਤੇ ਸਰਕਾਰ ਦੇ ਵੀ ਰਾਬਤੇ ਵਿੱਚ ਰਿਹਾ ਹੈ ਜਿਸਦੇ ਸਬੂਤ ਮਿਲ ਗਏ ਹਨ। ਉਹ ਲਖਬੀਰ ਸਿੰਘ ਦੇ ਦੋਸ਼ੀ ਹੋਣ ਬਾਰੇ ਕੋਈ ਸਬੂਤ ਨਹੀਂ ਦੇ ਸਕਿਆ। ਉਸ ਦੇ ਬਿਰਧ ਅਤੇ ਗਰੀਬ ਮਾਂ ਬਾਪ ਬੀਮਾਰ ਹਨ ਅਤੇ ਰੁਲ਼ ਰਹੇ ਹਨ। ਉਹਨਾਂ ਦੀ ਹਾਲਤ ਬਾਰੇ ਰਿਪੋਰਟਾਂ ਪੜ੍ਹ ਕੇ ਤਰਸ ਆਉਂਦਾ ਹੈ। ਨਿਹੰਗ ਅਮਨ ਸਿੰਘ ਉੱਤੇ ਮਾਪਿਆਂ ਦੀ ਅਣਦੇਖੀ ਕਰਨ ਦਾ ਵੀ ਚਾਰਜ ਲੱਗਣਾ ਚਾਹੀਦਾ ਹੈ। ਗਰੀਬ ਨੂੰ ਬੰਨ੍ਹ ਕੇ ਉਸ ਦਾ ਬੰਦ ਬੰਦ ਕਟਿਆ ਗਿਆ ਹੈ ਅਤੇ ਅਜਮੇਰ ਹੱਦ ਦਰਜੇ ਦੀ ਬੇਸ਼ਰਮੀ ਨਾਲ ਇਸ ਨੂੰ ‘ਠਰ੍ਹੰਮਾ ਅਤੇ ਸੰਤੁਲਨ ਕਾਇਮ’ ਰੱਖਣ ਦੱਸ ਰਿਹਾ ਹੈ। ਕਾਨੂੰਨ ਆਪਣੇ ਹੱਥ ਵਿੱਚ ਲੈਣ ਨੂੰ ਵੀ ਜਾਇਜ਼ ਦੱਸ ਰਿਹਾ ਹੈ। ਅਤੇ ਜਦ ਅਗਲਿਆਂ ਨੇ ਦਹਿਸ਼ਤਵਾਦ ਵੇਲੇ ਕਾਨੂੰਨ ਆਪਣੇ ਹੱਥ ਵਿੱਚ ਲੈ ਲਿਆ ਸੀ ਤਾਂ ਕੀ ਬਣਿਆ ਸੀ? ਕਾਨੂੰਨ ਆਪਣੇ ਹੱਥ ਵਿੱਚ ਲੈ ਕੇ ਅਜਮੇਰ ਦੀ ਨਿਆਰੀ ਧਿਰ ਵੀ ਵੇਖ ਚੁੱਕੀ ਹੈ ਅਤੇ ਸਰਕਾਰੀ ਧਿਰ ਵੀ। ਅਜੇ ਕੋਈ ਕਸਰ ਰਹਿ ਗਈ ਹੈ? ਅਗਰ ਇਨਸਾਨੀਅਤ ਮਰ ਚੁੱਕੀ ਹੈ, ਉਸ ਚੰਡਾਲ ਚੌਂਕੜੀ ਦੀ ਮਰ ਚੁੱਕੀ ਹੈ ਜੋ ਸਿੱਖਾਂ ਨੂੰ ਤਾਲਿਬਾਨ ਬਣਾ ਰਹੇ ਹਨ। ਅੱਜ ਇਸਲਾਮਿਕ ਕੱਟੜਪੰਥੀ ਕਥਿਤ ਕਾਫਰਾਂ ਨੂੰ ਵੀ ਕਤਲ ਕਰ ਰਹੇ ਹਨ ਅਤੇ ਸ਼ੀਆ, ਹਜ਼ਾਰਾਂ, ਅਹਿਮਦੀਆਂ ਤੇ ਹੋਰ ਫਿਰਕਿਆਂ ਦੀਆਂ ਮਸਜਿਦਾਂ ਵਿੱਚ ਵੀ ਆਤਮਘਾਤੀ ਹਮਲੇ ਕਰ ਰਹੇ ਹਨ। ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਵਕਾਲਤ, ਅਸਹਿਣਸ਼ੀਲਤਾ ਅਤੇ ਵੰਡੀਆਂ ਪਾਉਣਾ ਸਭ ਲਈ ਘਾਤਿਕ ਹੈ।
ਅਜਮੇਰ ਇਤਿਹਾਸ ਦੇ ਹਵਾਲੇ ਆਪਣੇ ਨਜ਼ਰੀਏ ਵਿੱਚ ਫਿੱਟ ਕਰਨ ਲਈ ਪਹਿਲਾਂ ਛਾਂਟਦਾ ਅਤੇ ਫਿਰ ਬੀਬਾ ਮੂੰਹ ਬਣਾ ਕੇ ਇੰਝ ਬਿਆਨ ਕਰਦਾ ਹੈ, “ਸਾਰਾ ਇਤਿਹਾਸ ਵੇਖ ਲਓ, ਜਦ ਇਨਸਾਫ਼ ਨਾ ਮਿਲੇ ਤਾਂ ਕਾਨੂੰਨਾਂ ਨੂੰ ਆਪਣੇ ਹੱਥ ਵਿੱਚ ਲੈਣਾ ਪੈਂਦਾ ਹੈ। ਡਾਇਰ ਨੂੰ ਬਰੀ ਕਰ ਦਿੱਤਾ ਤਾਂ ਊਧਮ ਸਿੰਘ ਨੇ ਇਨਸਾਫ ਕਰ ਦਿੱਤਾ। ਇਸ ਤੋਂ ਪਹਿਲਾਂ ਮਦਨ ਲਾਲ ਢੀਂਗਰਾ ਨੇ ਕੀਤਾ ਸੀ। ਭਾਰਤੀ ਕਹਿਣ ਉੱਤੇ ਸਾਨੂੰ ਸ਼ਰਮ ਆਉਂਦੀ ਹੈ। ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੇ ਇੰਦਰਾ … ਫਿਰ ਵੈਦਿਆ ਨੂੰ … ਕੀ ਇਹਨਾਂ ਨੂੰ ਕੋਈ ਸਜ਼ਾ ਹੋਣੀ ਸੀ? ਸਿੱਖਾਂ ਦੀ ਰਵਾਇਤ ਹੈ, ਪਾਪੀ ਕੋ ਦੰਡ ਦਿਓ। ਸਿੱਖਾਂ ਨੇ ਆਪਣੇ ਵਿਰਸੇ ਦੀ ਲਾਜ ਰੱਖੀ ਹੈ।”
ਅਜਮੇਰ ਦੀ ਨਜ਼ਰ ਵਿੱਚ ਸਿੱਖ ਵਿਰਸਾ ਬਦਲੇ ਦੇ ਭਾਂਬੜ ਬਾਲਣ, ਆਪਣੇ ਆਪ ਅਤੇ ਦੂਜੇ ਦਾ ਤੁਖਮ ਉਡਾਉਣ ਤਕ ਹੀ ਸੀਮਤ ਹੈ? ਅਜਮੇਰ ਇਸ ਸਿੰਘੂ ਬਾਰਡਰ ਉੱਤੇ ਵਾਪਰੀ ਸ਼ਰਮਨਾਕ ਘਟਨਾ ਨੂੰ ਜਾਇਜ਼ ਠਹਿਰਾ ਕੇ ਸਿੱਖਾਂ ਨੂੰ ਗੁਮਰਾਹ ਕਰ ਰਿਹਾ ਹੈ ਅਤੇ ਉਕਸਾਉਣ ਦੀ ਹਰ ਕੋਸ਼ਿਸ਼ ਕਰਦਾ ਹੈ।
ਅਜਮੇਰ ਸਿੰਘ ਦਾ ਸਾਰਾ ਪ੍ਰਵਚਨ ਹੀ ਉਕਸਾਓ ਹੈ। ਇੰਝ ਜਾਪਦਾ ਹੈ ਜਿਵੈ ਉਹ ਕਿਸੇ ਕੌਮੀ ਯੁੱਧ ਦੀ ਤਿਆਰੀ ਕਰਵਾ ਰਿਹਾ ਹੋਵੇ, ਜੋ ਉਸ ਨੇ ਨਹੀਂ ਲੜਨਾ, ਹੋਰਾਂ ਤੋਂ ਲੜਵਾਉਣਾ ਹੈ।
ਵੇਖੋ ਇੱਕ ਗਰੀਬ ਦੇ ਬੇਰਿਹਮ ਕਤਲ ਨੂੰ ਅਜਮੇਰ ‘ਸਵਾ ਲਾਖ ਸੇ ਏਕ ਲੜਾਊਂ’ ਨਾਲ ਕਿਵੇਂ ਜੋੜਦਾ ਹੈ, “ਸਿੱਖ ਬਹੁਤ ਘੱਟ ਗਿਣਤੀ ਵਿੱਚ ਹਨ। 18ਵੀਂ ਸਦੀ ਵਿੱਚ ਵੀ ਸਨ ਪਰ ਕਦੇ ਡਰੇ ਨਹੀਂ, ਨਾ ਡਰਨਗੇ। ਘੱਟ ਗਿਣਤੀ ਦੇ ਡਰਾਵੇ ਸਿੱਖਾਂ ’ਤੇ ਨਾ ਕਾਰਗਰ ਹੋਏ ਹਨ, ਨਾ ਹੋਣਗੇ। ਸਵਾ ਲਾਖ ਸੇ ਇੱਕ ਲੜਾਊਂ ਦੀ ਸਪਿਰਟ ਜੋ ਦਸਮ ਗੁਰੂ ਭਰ ਗਏ ਹਨ ਉਹ ਸਦਾ ਰਹੇਗੀ। ਹਰਿੰਦਰ ਮਹਿਬੂਬ ਨੇ ਕਿਹਾ ਸੀ ਸਿਦਕ ਦੇ ਰਾਹ ਅਬਾਦ ਰਹਿਣੇ ਚਾਹੀਦੇ ਹਨ ਜੇ ਅਬਾਦ ਹਨ ਤਾਂ ਮਿੱਟੀ ਦੇ ਕਣਾਂ ਵਿੱਚੋਂ ਵੀ ਖਾਲਸਾ ਪ੍ਰਗਟ ਹੋ ਜਾਵੇਗਾ।”
ਕਥਿਤ ਜ਼ੁਲਮ ਦਾ ਸਦਾ ਸ਼ਿਕਾਰ ਹੋਣ ਦੀ ਭਾਵਨਾ, ਉਕਸਾਹਟ, ਭੜਕਾਹਟ, ਡਰਾਵਾ, ਬਹਾਦਰੀ ਦੀਆਂ ਥਾਪੀਆਂ ਅਤੇ ਫਿਰ ਕਹਿੰਦਾ ਹੈ ‘ਭੜਕਾਹਟ’ ਵਿੱਚ ਨਹੀਂ ਆਉਣਾ।
ਆਦਤ ਮੁਤਾਬਿਕ ਇਸ ਪ੍ਰਬਚਨ ਵਿੱਚ ਐਨੇ ਪੈਂਤੜੇ ਅਪਣਾ ਗਿਆ ਹੈ ਅਜਮੇਰ ਕਿ ਗੁਮਰਾਹ ਹੋਇਆ ਕੋਈ ਸਿੱਖ ਕੁਝ ਵੀ ਕਰ ਬੈਠੇ, ਅਜਮੇਰ ਸੱਚਾ ਹੀ ਰਹੇਗਾ। ਉਹ ਭੜਕਾਹਟ ਵਿੱਚ ਨਾ ਆਉਣ ਦੀ ਤਾਗੀਦ ਨਾਲ ਸੰਤੁਲਨ ਕਾਇਮ ਰੱਖਣ ਦੀ ਸਿੱਖਿਆ ਇੰਝ ਦਿੰਦਾ ਹੈ, “ਨਾ ਭੜਕਾਹਟ ਵਿੱਚ ਆਉਣ ਦੀ ਲੋੜ ਹੈ ਅਤੇ ਨਾ ਡਰਨ ਦੀ ਕੋਈ ਲੋੜ ਹੈ। ਆਪਣਾ ਸੰਤੁਲਨ ਕਾਇਮ ਰੱਖ ਕੇ ਵਿਰਸੇ ਤੋਂ ਸੇਧ ਲੈ ਕੇ ਤਿਆਰ ਰਹਿਣਾ ਚਾਹੀਦਾ। ਜੋ 70ਵਿਆਂ ਵਿੱਚ ਵਾਪਰਿਆ ਸੀ ਇਤਿਹਾਸ ਫਿਰ ਰਪੀਟ ਕਰ ਰਿਹਾ ਹੈ … ਪਰ ਸਿੱਖਾਂ ਨੇ ਉਸ ਤਰ੍ਹਾਂ ਨਹੀਂ ਕਰਨਾ … ਹੁਣ ਕਿਵੇਂ ਰੀਐਕਟ ਕਰਨਾ ਹੈ, ਦਾਨਿਸ਼ਵਰ ਮਿਲ ਕੇ ਬੈਠਣ। ਬੈਠ ਕੇ ਸੰਕਟ ਵਿੱਚ ਫਸੀ ਕੌਮ ਨੂੰ ਕੋਈ ਸੇਧ ਦੇਣ। ਜੇ ਕੋਈ ਦਾਨਿਸ਼ਵਰ ਜਿੰਦਾ ਹੈ ਅਤੇ ਜੇ ਸਿੱਖ ਵਿਦਵਾਨਾਂ ਦੀਆਂ ਜ਼ਮੀਰਾਂ ਜਾਗਦੀਆਂ ਤਾਂ ਉਹ ਸੇਧ ਦੇਣ।”
ਨਾਲੇ ਅਜਮੇਰ ਸੇਧ ਦੇਈ ਜਾਂਦਾ ਹੈ, ਵਹਿਸ਼ੀ ਕਤਲ ਨੂੰ ਵਿਰਸੇ ਮੁਤਾਬਿਕ ਦੱਸੀ ਜਾਂਦਾ ਹੈ, ਆਪਣੇ ਇਸ ਅਤਿ ਸੌੜੇ ਨਜ਼ਰੀਏ ਅਨੁਸਾਰ ਵਿਰਸੇ ਤੋਂ ਸੇਧ ਲੈਣ ਦੀ ਘੰਮਣਘੇਰੀ ਵਿੱਚ ਪਾਈ ਜਾਂਦਾ ਹੈ ਅਤੇ ਨਾਲੇ ਦਾਨਿਸ਼ਵਰਾਂ, ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ ਸੇਧ ਦੇਣ ਦੀ ਅਪੀਲ ਵੀ ਕਰੀ ਜਾਂਦਾ ਹੈ। ਅਖੇ ‘ਆਪੇ ਹੀ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ’। ਅਜਮੇਰ ਦੀ ਦਾਨਿਸ਼ਵਰ ਅਤੇ ਸਿੱਖ ਵਿਦਵਾਨਾਂ ਦੀ ਟੋਲੀ ਕਈ ਅਹਿਮ ਮੋੜਾਂ ਉੱਤੇ ਕੌਮ ਨੂੰ ਸੇਧ ਦੇ ਚੁੱਕੀ ਹੈ। ਕਿਸਾਨ ਅੰਨਦੋਲਨ ਦੌਰਾਨ ਵੀ ਕਈ ਸੇਧਾਂ ਦਿੱਤੀਆਂ ਹਨ ਜੋ ਜਲੇਬੀ ਵਰਗੀਆਂ ਸਾਬਤ ਹੋਈਆਂ ਹਨ।
ਹੈਰਾਨੀ ਵਾਲੀ ਗੱਲ ਹੈ ਕਿ ਇਸ ਸਾਰੇ ਪ੍ਰਬਚਨ ਵਿੱਚ ਅਜਮੇਰ ਨੇ ਗੁਰਬਾਣੀ ਦਾ ਕਿਤੇ ਹਵਾਲਾ ਨਹੀਂ ਦਿੱਤਾ ਪਰ ਸਾਰੀ ਗੱਲ ਸਿੱਖ ਵਿਰਸੇ ਓਦਾਲੇ ਘੁਮਾਈ ਹੈ। ਇਨਸਾਨ ਦਾ ਬੇਰਹਿਮੀ ਨਾਲ ਕਤਲ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ, ਗੁਰਬਾਣੀ ਤਾਂ ਧਰਮ, ਕਰਮ, ਪੂਜਾ-ਪਾਠ ਲਈ ਫੁੱਲ ਤੋੜਨ ਤੋਂ ਵੀ ਵਰਜਦੀ ਹੈ।
ਪਾਤੀ ਤੋਰੇ ਮਾਲਿਨੀ ਪਾਤੀ ਪਾਤੀ ਜੀਉ।
ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ।। ਭੂਲੀ ਮਾਲਨੀ ਹੈ ਏਊ।। (ਪੰਨਾ 479)
ਮਾਲਣ ਫੁੱਲ (ਪਾਤੀ) ਤੋੜਦੀ ਹੈ ਪਰ ਹਰ ਫੁੱਲ ਵਿੱਚ ਜਾਨ ਹੈ (ਪਾਤੀ ਪਾਤੀ ਜੀਉ)। ਜਿਸ ਮੂਰਤ (ਬੁੱਤ) ਦੀ ਪੂਜਾ ਲਈ ਜਾਨਦਾਰ ਫੁੱਲ ਤੋੜਦੀ ਹੈ ਉਹ ਬੇਜਾਨ ਹੈ ਇਸ ਲਈ ਇਹ ਮਾਲਣ ਭੁੱਲੀ ਹੋਈ ਹੈ। ਪਰ ਅਜਮੇਰ ਰੂਪੀ ਮਾਲਣ ਭੁੱਲੀ ਹੋਈ ਨਹੀਂ, ਛੱਲ-ਕਪਟ ਦੀ ਮਾਹਰ ਹੈ। ਜਿਨਾਹ ਦੀ ਬੁਰੀ ਤਰ੍ਹਾਂ ਫੇਲ ਹੋ ਚੁੱਕੀ ‘ਟੂ-ਨੇਸ਼ਨ’ ਥਿਊਰੀ ਨੂੰ ਅਜਮੇਰ ਸਿੰਘ ਸਿੱਖਾਂ ਅਤੇ ਹਿੰਦੂਆਂ ਨੂੰ ਵੰਡਣ ਦੀ ਚਾਲ ਵਜੋਂ ਵਰਤ ਰਿਹਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3112)
(ਸਰੋਕਾਰ ਨਾਲ ਸੰਪਰਕ ਲਈ: