
“ਸਾੜਫੂਕ ਅਤੇ ਗੁੰਡਾਗਰਦੀ ਦਾ ਲਗਾਤਾਰ ਤਿੰਨ ਦਿਨ ਨੰਗਾ ਨਾਚ ਹੋਇਆ, ਜਿਸ ਵਿੱਚ 30 ਹਜ਼ਾਰ ਕਰੋੜ ਤੋਂ ਵੱਧ ਰੁਪਏ ਦਾ ਨੁਕਸਾਨ ਹੋਣ ਦੇ ਅੰਦਾਜ਼ੇ ...”
(ਫਰਵਰੀ 28, 2016)
ਹਰਿਆਣਾ ਵਿੱਚ ਜਾਟ ਰਾਖਵਾਂਕਰਨ ਦੀ ਮੰਗ ਦੇ ਨਾਮ ਉੱਤੇ ਸਾੜਫੂਕ ਅਤੇ ਗੁੰਡਾਗਰਦੀ ਦਾ ਲਗਾਤਾਰ ਤਿੰਨ ਦਿਨ ਨੰਗਾ ਨਾਚ ਹੋਇਆ, ਜਿਸ ਵਿੱਚ 30 ਹਜ਼ਾਰ ਕਰੋੜ ਤੋਂ ਵੱਧ ਰੁਪਏ ਦਾ ਨੁਕਸਾਨ ਹੋਣ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਇਹ ਨੁਕਸਾਨ ਪਬਲਿਕ ਪ੍ਰਾਪਰਟੀ ਅਤੇ ਆਮ ਸ਼ਹਿਰੀਆਂ ਦੀ ਪ੍ਰਾਪਰਟੀ ਨੂੰ ਪਹੁੰਚਾਇਆ ਗਿਆ ਹੈ। ਇਸ ਸਾੜਫੂਕ ਦਾ ਕਿਸੇ ਕਥਿਤ ਮੰਗ ਨਾਲ ਕੋਈ ਸਬੰਧ ਨਹੀਂ ਬਣਦਾ ਅਤੇ ਨਾ ਹੀ ਮੰਗਾਂ ਮਨਵਾਉਣ ਦਾ ਇਹ ਕੋਈ ਸੱਭਿਅਕ ਤਰੀਕਾ ਹੈ। ਇਸ ਗੁੰਡਾਗਰਦੀ ਦੌਰਾਨ ਅਰਾਜਕਤਾਵਾਦੀ ਅਨਸਰ ਦਾ ਬੋਲਾਬਾਲਾ ਹੋ ਗਿਆ ਅਤੇ ਇਨਸਾਨੀਅਤ ਖੰਭ ਲਗਾ ਕੇ ਉੱਡ ਗਈ। ਹੈਰਾਨੀ ਦੀ ਗੱਲ ਹੈ ਕਿ ਜਾਟ ਰਾਖਵਾਂਕਰਨ ਦੇ ਕਥਿਤ ਆਗੂ ਇਹ ਸੱਭ ਕੁਝ ਖਾਮੋਸ਼ ਖੜ੍ਹੇ ਵੇਖਦੇ ਰਹੇ। ਉਹਨਾਂ ਨੇ ਨਾ ਸਮੇਂ ਸਿਰ ਇਸ ਹਿੰਸਾ ਦੀ ਨਿੰਦਾ ਕੀਤੀ, ਨਾ ਹਿੰਸਾ ਰੋਕਣ ਦੀ ਕੋਈ ਅਪੀਲ ਕੀਤੀ ਅਤੇ ਨਾ ਹੀ ਇਸ ਅਪਰਾਧਿਕ ਹਿੰਸਾ ਕਾਰਨ ਇਸ ਕਥਿਤ ਅੰਦੋਲਨ ਨੂੰ ਵਾਪਸ ਲੈਣ ਦੀ ਗੱਲ ਕੀਤੀ।
ਭਾਰਤੀ ਲੋਕ, ਆਗੂ ਅਤੇ ਆਪਣੇ ਕਥਿਤ ਹੱਕਾਂ ਵਾਸਤੇ ਲੜਨ ਵਾਲੇ ਅੰਦੋਲਨਕਾਰੀ ਸੱਭਿਅਕ ਅੰਦੋਲਨ ਦਾ ਰਸਤਾ ਭੁੱਲਦੇ ਜਾ ਰਹੇ ਹਨ ਅਤੇ ਦਿਨੋਂ ਦਿਨ ਹਿੰਸਕ ਹੁੰਦੇ ਜਾ ਰਹੇ ਹਨ। ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣਾ, ਲੁੱਟਮਾਰ ਕਰਨੀ ਅਤੇ ਪਬਲਿਕ ਵਾਸਤੇ ਅਸੁਵਿਧਾ ਪੈਦਾ ਕਰਨਾ ਹੀ ਅੰਦੋਲਨ ਦਾ ਇੱਕੋ ਇੱਕ ਤਰੀਕਾ ਬਣਦਾ ਜਾ ਰਿਹਾ ਹੈ। ਰੇਲਾਂ ਰੋਕ ਲੈਣੀਆਂ ਅਤੇ ਸੜਕਾਂ ਰੋਕ ਲੈਣੀਆਂ ਮੰਗਾਂ ਮਨਵਾਉਣ ਦਾ ਕੋਈ ਤਰੀਕਾ ਨਹੀਂ ਹੈ। ਲੁੱਟਮਾਰ ਕਰਨੀ ਅਤੇ ਸਾੜਫੂਕ ਤੱਕ ਚਲੇ ਜਾਣਾ ਤਾਂ ਸ਼ਰੇਆਮ ਗੁੰਡਾਗਰਦੀ ਹੈ। ਦੇਸ਼ ਅਰਾਜਕਾਤਵਾਦ ਵੱਲ ਨੂੰ ਵਧ ਰਿਹਾ ਜਾਪਦਾ ਹੈ।
ਇਹ ਗੱਲ ਇਤਿਹਾਸ ਦਾ ਹਿੱਸਾ ਹੈ ਕਿ ਜਦ ਅਜ਼ਾਦੀ ਦੀ ਲਹਿਰ ਦੌਰਾਨ ਨਾਮਿਲਵਰਤਣ ਮੋਰਚਾ ਲਗਾਇਆ ਗਿਆ ਤਾਂ 4 ਫਰਵਰੀ 1922 ਨੂੰ ਗੋਰਖਪੁਰ ਜ਼ਿਲ੍ਹੇ ਵਿੱਚ ਇੱਕ ਪੁਲਿਸ ਥਾਣੇ ਨੂੰ ਮੋਰਚੇ ਨਾਲ ਸਬੰਧਤ ਭੜਕੇ ਸ਼ਹਿਰੀਆਂ ਨੇ ਅੱਗ ਲਗਾ ਦਿੱਤੀ, ਜਿਸ ਵਿੱਚ 22 ਪੁਲਿਸ ਕਰਮਚਾਰੀ ਜਿੰਦਾ ਸੜ ਗਏ। ਗਾਂਧੀ ਜੀ ਨੇ ਤੁਰਤ ਇਹ ਕਹਿੰਦਿਆਂ ਮੋਰਚਾ ਵਾਪਸ ਲੈ ਲਿਆ ਕਿ ਉਹਨਾਂ ਦੀ ਲਹਿਰ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ। ਇਸ ’ਤੇ ਕਾਂਗਰਸ ਪਾਰਟੀ ਨਾ ਖੁਸ਼ ਸੀ ਪਰ ਮਾਮਲਾ ਅਸੂਲ ਦਾ ਸੀ। ਇਸੇ ਤਰ੍ਹਾਂ ਜਦ ਦੇਸ਼ ਦੀ ਵੰਡ ਹੋਈ ਤਾਂ ਪੰਜਾਬ ਅਤੇ ਬੰਗਾਲ ਵਿੱਚ ਕਤਲੋਗਾਰਤ ਸ਼ੁਰੂ ਹੋ ਗਈ। ਕਲਕੱਤਾ ਵਿੱਚ ਕਤਲੋਗਾਰਤ ਦੀ ਖ਼ਬਰ ਮਿਲਦੇਸਾਰ ਹੀ ਗਾਂਧੀ ਜੀ ਉਸ ਵਕਤ ਬੰਗਾਲ ਰਵਾਨਾ ਹੋ ਗਏ ਜਦ ਕਾਂਗਰਸੀ ਆਗੂ ਅਜ਼ਾਦ ਭਾਰਤ ਦੀ ਸਰਕਾਰ ਵਿੱਚ ਵੱਡੀਆਂ ਕੁਰਸੀਆਂ ਹਾਸਲ ਕਰਨ ਵਾਸਤੇ ਜੋੜ-ਤੋੜ ਕਰ ਰਹੇ ਸਨ। ਠੀਕ ਇਹੋ ਕੁਝ ਅਜ਼ਾਦ ਪਾਕਿਸਤਾਨ ਵਿੱਚ ਵੀ ਵਾਪਰ ਰਿਹਾ ਸੀ। ਗਾਂਧੀ ਜੀ ਨੈਤਿਕਤਾ ਦੀ ਅਵਾਜ਼ ਨਾਲ ਹੀ ਬੰਗਾਲ ਵਿੱਚ ਹਿੰਸਕ ਭੀੜਾਂ ਨੂੰ ਸ਼ਾਂਤ ਕਰਨ ਵਿੱਚ ਕਾਮਯਾਬ ਰਹੇ ਸਨ ਜਦ ਕਿ ਪੰਜਾਬ ਵਿੱਚ ਇਸੇ ਕੰਮ ਵਾਸਤੇ ਵੱਡੀ ਗਿਣਤੀ ਵਿੱਚ ਫੌਜ ਲਗਾਉਣੀ ਪਈ ਸੀ।
ਜਾਟ ਅੰਦੋਲਨ ਕਾਰਨ ਭੜਕੀ ਹਿੰਸਾ ਨੂੰ ਕਾਬੂ ਕਰਨ ਵਾਸਤੇ ਕੇਂਦਰ ਦੀ ਮਜ਼ਬੂਤ ਭਾਜਪਾ ਸਰਕਾਰ ਦਾ ਮਜ਼ਬੂਤ ਪ੍ਰਧਾਨ ਮੰਤਰੀ ਕੁਝ ਨਾ ਕਰ ਸਕਿਆ। ਹਰਿਆਣਾ ਸੂਬੇ ਦੀ ਮਜ਼ਬੂਤ ਸੂਬਾ ਸਰਕਾਰ ਦੇ ਇਕ ਮੰਤਰੀ ਦੀ ਕੋਠੀ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਅਤੇ ਸਰਕਾਰ ਆਪਣੇ ਦਫਤਰਾਂ ਤੱਕ ਸੀਮਤ ਰਹਿ ਗਈ। ਸਾਰੀਆਂ ਸਿਆਸੀ ਪਾਰਟੀਆਂ ਦੇ ਕੌਮੀ ਅਤੇ ਸੂਬਾਈ ਆਗੂ ਲੋਕਾਂ ਨੂੰ ਸ਼ਾਤੀ ਬਣਾਈ ਰੱਖਣ ਦੀ ਅਪੀਲ ਕਰਨ ਤੱਕ ਲਈ ਵੀ ਬਾਹਰ ਨਾ ਨਿਕਲੇ। ਬੁੱਧੀਜੀਵੀ, ਮੀਡੀਆ ਅਤੇ ਫਿਲਮ ਸਟਾਰ ਵੀ ਸ਼ਾਂਤੀ ਲਈ ਕੁਝ ਨਾ ਕਰ ਸਕੇ। ਸੱਤਾਧਾਰੀ ਭਾਜਪਾ ਸਮੇਤ ਕਾਂਗਰਸ, ਕਾਮਰੇਡ, ਸਮਾਜਵਾਦੀ, ਬਹੁਜਨ ਸਮਾਜ, ਅਕਾਲੀ ਅਤੇ ਆਪ ਆਗੂ ਲੋੜ ਸਮੇਂ ਸਾੜਫੂਕ ਵਿੱਚ ਫਸੇ ਸਧਾਰਨ ਸ਼ਹਿਰੀਆਂ ਦੇ ਕੰਮ ਨਾ ਆਏ। ਜਦ ਹਿੰਸਕ ਭੀੜਾਂ ਪੁਲਿਸ ’ਤੇ ਭਾਰੂ ਪੈ ਗਈਆਂ ਤਾਂ ਕੇਂਦਰੀ ਸੁਰੱਖਿਆ ਫੋਰਸਾਂ ਅਤੇ ਫੌਜ ਨੂੰ ਬੁਲਾਉਣ ਵਿਚ ਦੇਰੀ ਕੀਤੀ ਗਈ। ਹਰਿਆਣਾ ਪੁਲਿਸ ਵਲੋਂ ਅਣਗਹਿਲੀ ਵਰਤਣ ਦੀਆਂ ਵੀ ਰਿਪੋਰਟਾਂ ਆਈਆਂ ਹਨ।
ਸੋਮਵਾਰ ਨੂੰ ਜੀਟੀ ਰੋਡ ’ਤੇ ਸੋਨੀਪਤ ਦੇ ਨਜ਼ਦੀਕ ਦਿੱਲੀ ਵੱਲ ਯਾਤਰਾ ਕਰ ਰਹੇ ਕੁਝ ਪਰਿਵਾਰਾਂ ਦੀਆਂ ਕਾਰਾਂ ਸਾੜਨ ਅਤੇ ਔਰਤਾਂ ਨੂੰ ਮਰਦਾਂ ਤੋਂ ਵੱਖ ਕਰ ਕੇ ਸਮੂਹਕ ਬਲਾਤਕਾਰ ਕਰਨ ਦੀਆਂ ਕੁਝ ਦਰਦਨਾਕ ਰਿਪੋਰਟਾਂ ਵੀ ਆਈਆਂ ਹਨ। ਪ੍ਰੈੱਸ ਰਿਪੋਰਟਾਂ ਮੁਤਾਬਿਕ ਸਮੂਹਕ ਬਲਾਤਕਾਰ ਪਿੱਛੋਂ ਇਹਨਾਂ ਔਰਤਾਂ ਨੂੰ ਖੇਤਾਂ ਵਿੱਚ ਨਗਨ ਅਵਸਥਾ ਵਿੱਚ ਛੱਡ ਦਿੱਤਾ ਗਿਆ ਅਤੇ ਨਜ਼ਦੀਕੀ ਪਿੰਡ ਦੇ ਲੋਕ ਇਹਨਾਂ ਨੂੰ ਬਚਾਉਣ ਲਈ ਆਏ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਹਨਾਂ ਪ੍ਰੈੱਸ ਰਿਪੋਰਟਾਂ ਦਾ ‘ਸੋਓ ਮੋਟੋ’ ਨੋਟਿਸ ਲਿਆ ਹੈ ਅਤੇ ਹਰਿਆਣਾ ਸਰਕਾਰ ਨੂੰ ਤਲਬ ਕਰ ਲਿਆ ਹੈ। ਜਸਟਿਸ ਨਰੇਸ਼ ਕੁਮਾਰ ਨੇ ਕਿਹਾ ਹੈ ਕਿ ਅਦਾਲਤ ਮੂਕ ਦਰਸ਼ਕ ਬਣ ਕੇ ਨਹੀਂ ਬੈਠ ਸਕਦੀ। ਹਰਿਆਣਾ ਸਰਕਾਰ ਅਤੇ ਪੁਲਿਸ ਨੇ ਇਹਨਾਂ ਘਟਨਾਵਾਂ ਦਾ ਖੰਡਨ ਕੀਤਾ ਹੈ। ਅਗਰ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਤਾਂ ਕਸੂਰਵਾਰ ਦਰਿੰਦਿਆਂ ਨੂੰ ਕਾਨੂੰਨ ਮੁਤਾਬਿਕ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਸੁਪਰੀਮ ਕੋਰਟ ਨੇ ਤਾਂ ਨੁਕਸਾਨ ਦੀ ਵਸੂਲੀ ਦੰਗਾਕਾਰੀਆਂ ਤੋਂ ਕਰਨ ਦੀ ਗੱਲ ਵੀ ਆਖ ਦਿੱਤੀ ਹੈ। ਹਰਿਆਣਾ ਪੁਲਿਸ ਨੇ ਕਿਹਾ ਹੈ ਕਿ ਕੁਲ 28 ਮੌਤਾਂ ਹੋਈਆਂ ਹਨ ਅਤੇ 200 ਵਿਅਕਤੀ ਜ਼ਖ਼ਮੀ ਹੋਏ ਹਨ। 127 ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ ਅਤੇ 535 ਕੇਸ ਰਜਿਸਟਰ ਕੀਤੇ ਗਏ ਹਨ। ਅਡਵਾਂਸ ਕਮਿਊਨੀਕੇਸ਼ਨ, ਮੋਬਾਇਲ, ਸੋਸ਼ਲ ਮੀਡੀਆ ਅਤੇ ਆਸਾਨ ਵੀਡੀਓਗ੍ਰਾਫੀ ਦੇ ਯੁੱਗ ਵਿੱਚ ਦੰਗਾਕਾਰੀਆਂ ਦੀ ਨਿਸ਼ਾਨਦੇਹੀ ਮੁਸ਼ਕਲ ਕੰਮ ਨਹੀਂ ਹੈ। ਜਿੰਨੀ ਵੱਡੀ ਪੱਧਰ ’ਤੇ ਗੁੰਡਾਗਰਦੀ ਹੋਈ ਹੈ, ਇਸ ਵਿੱਚ ਹਜ਼ਾਰਾਂ ਸ਼ਰਾਰਤੀ ਸ਼ਾਮਲ ਸਨ, ਜਿਹਨਾਂ ਨੂੰ ਕਾਨੂੰਨ ਦੀ ਲਪੇਟ ਵਿੱਚ ਲਿਆ ਜਾਣਾ ਚਾਹੀਦਾ ਹੈ।
ਇਹ ਕੁਝ ਪਹਿਲੀ ਵਾਰ ਨਹੀਂ ਵਾਪਰਿਆ, ਸਗੋਂ ਦੇਸ਼ ਦੇ ਕਈ ਸੂਬਿਆਂ ਵਿੱਚ ਅਜਿਹੇ ਅੰਦੋਲਨਾ ਸਮੇਂ ਵਾਪਰ ਚੁੱਕਾ ਹੈ। ਸ਼ਾਇਦ ਵੋਟਾਂ ਬਟੋਰਨ ਨੂੰ ਪਹਿਲ ਦੇਣ ਵਾਲੀਆਂ (ਦੋਵੇਂ ਧਿਰਾਂ) ਵਾਸਤੇ ਜੇਐਨਯੂ (JNU: Jawaharlal Nehru University) ਦਾ ਮਾਮਲਾ ਵਧੇਰੇ ਮਹੱਤਤਾ ਰੱਖਦਾ ਹੈ ਅਤੇ ਜਾਟ ਅੰਦੋਲਨ ਦੌਰਾਨ ਹੋਈ ਹਿੰਸਾ ਖਿਲਾਫ਼ ਮੂੰਹ ਖੋਲ੍ਹਣਾ ਉਹਨਾਂ ਨੂੰ ਦੇਸ਼ ਦੇ 7-8 ਸੂਬਿਆਂ ਵਿੱਚ ਮਹਿੰਗਾ ਪੈ ਸਕਦਾ ਹੈ, ਸੋ ਚੁੱਪ ਭਲੀ ਸਮਝੀ ਗਈ ਅਤੇ ‘ਰੋਮ’ ਜਲਦਾ ਰਿਹਾ!
*****
(ਧੰਨਵਾਦ ਸਹਿਤ ‘ਨਵਾਂ ਜ਼ਮਾਨਾ’ ਵਿੱਚੋਂ)
ਹਰਿਆਣਾ ਵਿਚ ਮੁਰਥਲ ਵਿਖੇ ਜਾਟ ਅੰਦੋਲਨ ਦੌਰਾਨ ਦੇਸ਼ ਨੂੰ ਸ਼ਰਮਸਾਰ ਕਰ ਦੇਣ ਵਾਲੇ ਬਲਾਤਕਾਰ ਮਾਮਲੇ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਇਸ ਮਾਮਲੇ ਨੂੰ ਦਬਾਉਣ ਦੇ ਵੀ ਯਤਨ ਕੀਤੇ ਗਏ, ਪਰ ਮਾਮਲਾ ਸੁਰਖੀਆਂ ਵਿਚ ਆਉਣ ਮਗਰੋਂ ਹਾਈ ਕੋਰਟ ਨੇ ਇਸ ਦਾ ਨੋਟਿਸ ਲਿਆ। ਇਸ ਮਗਰੋਂ ਮਹਿਲਾ ਕਮਿਸ਼ਨ ਵੀ ਹਰਕਤ ਵਿਚ ਆ ਗਿਆ ਅਤੇ ਹੁਣ ਇੱਕ ਚਸ਼ਮਦੀਦ ਨੇ ਸਾਹਮਣੇ ਆ ਕੇ ਉਸ ਰਾਤ ਦਾ ਕਾਲਾ ਸੱਚ ਬੇਨਕਾਬ ਕਰ ਦਿੱਤਾ ਹੈ।
ਹਰਿਆਣਾ ਪੁਲਸ ਵੱਲੋਂ ਉਸੇ ਸਮੇਂ ਤੋਂ ਕਿਹਾ ਜਾ ਰਿਹਾ ਹੈ ਕਿ ਅਜੇ ਤੱਕ ਕਿਸੇ ਨੇ ਸਮੂਹਕ ਬਲਾਤਕਾਰ ਦੀ ਸ਼ਿਕਾਇਤ ਨਹੀਂ ਕੀਤੀ, ਜਦਕਿ ਦੋਸ਼ ਹੈ ਕਿ ਪੁਲਸ ਨੇ ਪੀੜਤਾਂ ਨੂੰ ਲੋਕ ਲਾਜ ਅਤੇ ਆਤਮ-ਸਨਮਾਨ ਦਾ ਹਵਾਲਾ ਦੇ ਕੇ ਵਾਪਸ ਭੇਜ ਦਿੱਤਾ ਸੀ ਅਤੇ ਉਨ੍ਹਾਂ ਦੀ ਸ਼ਿਕਾਇਤ ਦਰਜ ਨਹੀਂ ਕੀਤੀ ਸੀ। ਹੁਣ ਇੱਕ ਅਜਿਹਾ ਸ਼ਖ਼ਸ ਸਾਹਮਣੇ ਆਇਆ ਹੈ, ਜਿਸ ਨੇ ਉਸ ਰਾਤ ਅੰਦੋਲਨ ਦੇ ਨਾਂਅ ’ਤੇ ਜਾਟ ਅੰਦੋਲਨਕਾਰੀਆਂ ਦੀ ਗੁੰਡਾਗਰਦੀ ਅਤੇ ਵਹਿਸ਼ੀਪੁਣਾ ਦੇਖਿਆ। ਇਹ ਵਿਅਕਤੀ ਆਪਣੀ ਮਾਸੀ ਨੂੰ ਏਅਰਪੋਰਟ ਛੱਡਣ ਦਿੱਲੀ ਜਾ ਰਿਹਾ ਸੀ ਕਿ ਰਾਹ ਵਿਚ ਫਸ ਗਿਆ ਅਤੇ ਅੰਦੋਲਨਕਾਰੀਆਂ ਨੇ ਉਸ ਦੀ ਕਾਰ ਵੀ ਫੂਕ ਸੁੱਟੀ।
ਉਸ ਰਾਤ ਦਾ ਮੰਜ਼ਰ ਬਿਆਨ ਕਰਦਿਆਂ ਆਦਮਪੁਰ ਦੇ ਰਹਿਣ ਵਾਲੇ ਇਸ ਵਿਅਕਤੀ ਨੇ ਦੱਸਿਆ ਕਿ 21 ਫਰਵਰੀ ਦੀ ਰਾਤ ਉਹ ਅਮਰੀਕਾ ਤੋਂ ਆਈ ਆਪਣੀ ਮਾਸੀ ਨੂੰ ਛੱਡਣ ਲਈ ਦਿੱਲੀ ਹਵਾਈ ਅੱਡੇ ’ਤੇ ਛੱਡਣ ਜਾ ਰਿਹਾ ਸੀ। ਪਹਿਲਾਂ ਉਹ ਚੰਡੀਗੜ੍ਹ ਗਏ, ਪਰ ਜਦੋਂ ਚੰਡੀਗੜ੍ਹ ਤੋਂ ਦਿੱਲੀ ਲਈ ਉਹਨਾਂ ਨੂੰ ਫਲਾਈਟ ਨਾ ਮਿਲੀ ਤਾਂ ਉਹ ਕਾਰ ਰਾਹੀਂ ਮਾਸੀ ਨੂੰ ਛੱਡਣ ਲਈ ਦਿੱਲੀ ਵੱਲ ਤੁਰ ਪਿਆ। ਪਹਿਲਾਂ ਉਹ ਅੰਬਾਲਾ ਗਏ ਤੇ ਉੱਥੋਂ ਪਾਣੀਪਤ ਲਈ ਰਵਾਨਾ ਹੋ ਗਏ। ਉਸ ਨੇ ਦੱਸਿਆ ਕਿ ਉਹ ਮੁਰਥਲ ਵਿਖੇ ਟੋਲ ਟੈਕਸ ਅਦਾ ਕਰਨ ਮਗਰੋਂ ਦਿੱਲੀ ਲਈ ਰਵਾਨਾ ਹੋ ਗਏ। ਉਸ ਨੇ ਦੱਸਿਆ ਕਿ 200 ਦੇ ਕਰੀਬ ਗੱਡੀਆਂ ਇੱਕ ਕਾਫ਼ਲੇ ਦੇ ਰੂਪ ਵਿਚ ਇਕੱਠੀਆਂ ਤੁਰ ਰਹੀਆਂ ਸਨ ਕਿ ਉਹ ਥੋੜ੍ਹਾ ਅੱਗੇ ਵਧੇ ਤਾਂ ਸੁਖਦੇਵ ਢਾਬੇ ਨੇੜੇ ਪਹਿਲਾਂ ਤੋਂ ਲੁਕੇ ਬੈਠੇ ਜਾਟ ਅੰਦੋਲਨਕਾਰੀਆਂ ਨੇ ਗੱਡੀਆਂ ’ਤੇ ਪੱਥਰਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਗੱਡੀਆਂ ਵਿਚ ਸਵਾਰ ਲੋਕ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਭੱਜੇ।
ਉਨ੍ਹਾਂ ਦੱਸਿਆ ਕਿ ਅੰਦੋਲਨਕਾਰੀਆਂ ਨੇ ਉਸ ਦੀ ਮਾਰੂਤੀ ਆਰਟਿਗਾ ਕਾਰ ਸਮੇਤ ਕਈ ਗੱਡੀਆਂ ਨੂੰ ਅੱਗ ਲਾ ਦਿੱਤੀ। ਇਸੇ ਦੌਰਾਨ ਅੰਦੋਲਨਕਾਰੀ ਪਿੱਛੇ ਰਹਿ ਗਈਆਂ ਔਰਤਾਂ ਨੂੰ ਚੁੱਕ ਕੇ ਲੈ ਗਏ। ਔਰਤਾਂ ਨੂੰ ਲਿਜਾਣ ਵਾਲੇ ਲੋਕ ਰੌਲਾ ਪਾ ਰਹੇ ਸਨ ਕਿ ਉਨ੍ਹਾਂ ਨਾਲ ਬਲਾਤਕਾਰ ਕਰਾਂਗੇ ਅਤੇ ਔਰਤਾਂ ਨਾਲ ਬਲਾਤਕਾਰ ਕੀਤਾ ਵੀ ਗਿਆ। ਉਨ੍ਹਾਂ ਕਿਹਾ ਕਿ ਇਹ ਵੱਖਰੀ ਗੱਲ ਹੈ ਕਿ ਹੁਣ ਕੋਈ ਔਰਤ ਸਾਹਮਣੇ ਨਹੀਂ ਆਵੇਗੀ।
ਚਸ਼ਮਦੀਦ ਨੇ ਦੱਸਿਆ ਕਿ ਉਹ ਲੋਕ ਰਾਤ ਇੱਕ ਵਜੇ ਤੋਂ ਸਵੇਰੇ 5 ਵਜੇ ਤਕ ਲੁਕ ਕੇ ਬੈਠੇ ਰਹੇ। ਉਸ ਮਗਰੋਂ ਇੱਕ ਐੱਸ ਡੀ ਐੱਮ ਉੱਥੇ ਆਈ ਅਤੇ ਕਿਹਾ ਕਿ ਆਪਣੀਆਂ ਗੱਡੀਆਂ ਲੈ ਲਓ, ਪਰ ਜਦੋਂ ਅਸੀਂ ਗੱਡੀਆਂ ਕੋਲ ਗਏ ਤਾਂ ਗੱਡੀਆਂ ਸੜ ਚੁੱਕੀਆਂ ਸਨ ਅਤੇ ਉਨ੍ਹਾਂ ਵਿੱਚੋਂ ਧੂੰਆਂ ਨਿਕਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸਾਰੀ ਰਾਤ ਔਰਤਾਂ ਦੀਆਂ ਚੀਕਾਂ ਸੁਣ ਕੇ, ਗੱਡੀਆਂ ਦੇ ਸ਼ੀਸ਼ੇ ਟੁੱਟਦੇ, ਟਾਇਰ ਫਟਦੇ ਦੇਖ ਕੇ ਉਸ ਦੀ ਮਾਸੀ ਸਦਮੇ ਵਿਚ ਆ ਗਈ ਅਤੇ ਉਹ ਵਾਰ-ਵਾਰ ਆਖ ਰਹੀ ਸੀ ਕਿ ਉਹ ਹੁਣ ਕਦੇ ਭਾਰਤ ਨਹੀਂ ਆਵੇਗੀ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਉਨ੍ਹਾਂ ਨੂੰ ਦੋ ਔਰਤਾਂ ਮਿਲੀਆਂ, ਜਿਨ੍ਹਾਂ ਦੇ ਗਲ਼ ਵਿਚ ਚੁੰਨੀ ਵੀ ਨਹੀਂ ਸੀ ਅਤੇ ਉਹ ਆਖ ਰਹੀਆਂ ਸਨ ਕਿ ਉਨ੍ਹਾਂ ਦੇ ਪਾਸਪੋਰਟ ਉੱਥੇ ਹੀ ਰਹਿ ਗਏ। ਉਹ ਆਖ ਰਹੀਆਂ ਸਨ ਕਿ ਹੁਣ ਉਹ ਕਦੇ ਭਾਰਤ ਨਹੀਂ ਆਉਣਗੀਆਂ।
ਇੱਕ ਹੋਰ ਲੜਕੀ ਉੱਥੇ ਆਈ, ਜਿਹੜੀ ਆਪਣਾ ਪਿੰਡ ਦੇਖਣ ਲਈ ਪਹਿਲੀ ਵਾਰ ਕੈਨੇਡਾ ਤੋਂ ਭਾਰਤ ਆਈ ਸੀ ਤੇ ਉਹ ਆਖ ਰਹੀ ਸੀ ਕਿ ਉਹ ਕਦੇ ਦੁਬਾਰਾ ਭਾਰਤ ਨਹੀਂ ਆਵੇਗੀ। ਚਸ਼ਮਦੀਦ ਨੇ ਦੱਸਿਆ ਕਿ ਢਾਬੇ ਵਾਲਾ ਚੰਗਾ ਆਦਮੀ ਸੀ ਅਤੇ ਉਸ ਨੇ ਸਾਰਿਆਂ ਦੀ ਮਦਦ ਕੀਤੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨਾਲ ਵਾਰਦਾਤ ਹੋਈ, ਉਨ੍ਹਾਂ ਨੂੰ ਸਾਹਮਣੇ ਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਸੱਚ ਬੋਲਣ ਵਾਲਿਆਂ ਨੂੰ ਡਰਾਇਆ ਜਾਂਦਾ ਹੈ, ਇਸ ਲਈ ਕੋਈ ਵੀ ਸਾਹਮਣੇ ਨਹੀਂ ਆਉਂਦਾ।
**
(201)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)







































































































