“ਮੁੱਖਧਾਰਾ ਦਾ ਮੀਡੀਆ ਇਹ ਨਹੀਂ ਜਾਣਦਾ ਕਿ ਪੰਜਾਬੀ ਭਾਈਚਾਰੇ ਵਿੱਚ ...”
(13 ਫਰਵਰੀ 2019)
22 ਨਵੰਬਰ 2018 ਨੂੰ ਲਿਬਰਲ ਐੱਮਪੀ ਰਾਜ ਗਰੇਵਾਲ ਨੇ ਆਪਣੇ ਫੇਸਬੁੱਕ ਪੇਜ ਉੱਤੇ ਬਰੈਂਪਟਨ ਈਸਟ ਹਲਕੇ ਤੋਂ ਐੱਮਪੀ ਵਜੋਂ ਅਸਤੀਫ਼ਾ ਦੇਣ ਬਾਰੇ ਲਿਖ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਇਸ ਦੇ ਕਾਰਨ ਨਿੱਜੀ ਤੇ ਮੈਡੀਕਲ ਦੱਸੇ ਸਨ। ਰਾਜ ਗਰੇਵਾਲ ਨੇ ਇਹ ਵੀ ਲਿਖ ਦਿੱਤਾ ਸੀ ਕਿ ਉਸ ਨੇ ਇਸ ਬਾਰੇ ਸੰਸਦ ਵਿੱਚ ਲਿਬਰਲ ਚੀਫ ਵਿੱਪ ਨੂੰ ਜਾਣਕਾਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਰਾਜ ਗਰੇਵਾਲ ਦੇ ਇਸ ਫੈਸਲੇ ਨੂੰ ਸਹੀ ਦੱਸਿਆ ਸੀ ਅਤੇ ਫਿਰ ਇਹ ਜਾਣਕਾਰੀ ਜਨਤਕ ਹੋਈ ਸੀ ਕਿ ਰਾਜ ਗਰੇਵਾਲ ਨੂੰ ਜੂਆ ਖੇਡਣ ਦਾ ਅਮਲ ਲੱਗ ਗਿਆ ਸੀ ਜਿਸ ਨਾਲ ਉਹ ਇੱਕ ਮਿਲੀਅਨ ਡਾਲਰ ਤੋਂ ਵੱਧ ਦੇ ਕਰਜ਼ੇ ਹੇਠ ਆ ਗਿਆ ਸੀ। ਕਈ ਦਿਨ ਰਾਜ ਗਰੇਵਾਲ ਨੇ ਆਪਣੀ ਸੀਟ ਤੋਂ ਅਸਤੀਫਾ ਨਹੀਂ ਸੀ ਦਿੱਤਾ ਅਤੇ ਸੰਸਦ ਵਿੱਚ ਲਿਬਰਲ ਸਰਕਾਰ ਗੋਲਮੋਲ ਜਵਾਬ ਦੇ ਰਹੀ ਸੀ। 8-9 ਦਿਨਾਂ ਬਾਅਦ ਰਾਜ ਗਰੇਵਾਲ ਨੇ ਅਸਤੀਫਾ ਨਾ ਦੇਣ ਦਾ ਐਲਾਨ ਕਰ ਦਿੱਤਾ ਸੀ ਅਤੇ ਲਿਬਰਲ ਪਾਰਟੀ ਨੇ ਉਸ ਨੂੰ ਕਾਕਸ ਤੋਂ ਬਾਹਰ ਕਰ ਦਿੱਤਾ ਸੀ।
ਆਮ ਸਮਝਿਆ ਜਾਂਦਾ ਹੈ ਕਿ ਇਹ ਲਿਬਰਲ ਸਰਕਾਰ ਨਾਲ ਗਿਟਮਿਟ ਦਾ ਸਿੱਟਾ ਸੀ ਕਿਉਂਕਿ ਟਰੂਡੋ ਸਰਕਾਰ ਬਰੈਂਪਟਨ ਈਸਟ ਹਲਕੇ ਤੋਂ ਜ਼ਿਮਨੀ ਚੋਣ ਟਾਲਣਾ ਚਾਹੁੰਦੀ ਸੀ। ਅਗਰ ਰਾਜ ਗਰਵੇਲ ਨਵੰਬਰ ਵਿੱਚ ਅਸਤੀਫ਼ਾ ਦੇ ਦਿੰਦਾ ਤਾਂ ਜ਼ਿਮਨੀ ਚੋਣ ਕਰਵਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ।
ਅੰਗਰੇਜ਼ੀ ਮੀਡੀਆ (ਮੁੱਖਧਾਰਾ ਦਾ ਮੀਡੀਆ) ਵਿੱਚ ਐੱਮਪੀ ਰਾਜ ਗਰੇਵਾਲ ਦੀਆਂ ਮੁਸ਼ਕਲਾਂ ਅਤੇ ਕਾਰਨਾਂ ਬਾਰੇ ਚੋਖੀ ਰਿਪੋਰਟਿੰਗ ਹੋਈ ਸੀ। ਇਸ ਵਿੱਚ ਮਨੀ ਲਾਂਡਰਿੰਗ ਦੇ ਦੋਸ਼ ਵੀ ਲਗਾਏ ਗਏ ਸਨ ਜਿਨ੍ਹਾਂ ਤੋਂ ਗਰੇਵਾਲ ਨੇ ਇਨਕਾਰ ਕੀਤਾ ਸੀ। ਦਸੰਬਰ ਦੇ ਅੱਧ ਵਿੱਚ ਇਸ ਬਾਰੇ ਮੀਡੀਆ ਦੀ ਦਿਲਚਸਪੀ ਖ਼ਤਮ ਹੋ ਗਈ ਸੀ ਅਤੇ ਸਿੱਖ ਭਾਈਚਾਰੇ ਵਿੱਚ ‘ਪਬਲਿਕ ਸੁਰੱਖਿਆ ਰਿਪੋਰਟ’ ਵਿੱਚ ‘ਸਿੱਖ ਖਾਲਿਸਤਾਨੀ ਅੱਤਵਾਦੀ’ ਦੇ ਜ਼ਿਕਰ ਬਾਰੇ ਚਰਚਾ ਸ਼ੁਰੂ ਹੋ ਗਈ ਸੀ।
ਆਮ ਲੋਕ ਇਸ ਗੱਲੋਂ ਹੈਰਾਨ ਹੋ ਰਹੇ ਸਨ ਕਿ ਲਿਬਰਲ ਪਾਰਟੀ ਨੇ ਅਕਤੂਬਰ 2019 ਦੀਆਂ ਆਮ ਚੋਣਾਂ ਵਾਸਤੇ ਇਸ ਹਲਕੇ ਤੋਂ ਨੌਮੀਨੇਸ਼ਨ ਕਿਉਂ ਨਹੀਂ ਖੋਲ੍ਹੀ? ਅਚਾਨਕ ਹੀ ਜਨਵਰੀ 25, 2019 ਨੂੰ ਰਾਜ ਗਰੇਵਾਲ ਵੱਲੋਂ ਆਪਣੀ ਫੇਸਬੁੱਕ ’ਤੇ ਬਰੈਂਪਟਨ ਈਸਟ ਤੋਂ ਅਜ਼ਾਦ ਐੱਮਪੀ ਵਜੋਂ ਬਣੇ ਰਹਿਣ ਦਾ ਸੁਨੇਹਾ ਪਾਇਆ ਗਿਆ। ਇਹ ਸ਼ਾਇਦ ਸਬੱਬ ਹੀ ਸੀ ਕਿ ਐੱਮਪੀ ਰਾਜ ਗਰੇਵਾਲ ਦੀਆਂ ਮੁਸਕਲਾਂ ਵਿੱਚ ਅੰਗਰੇਜ਼ੀ ਮੀਡੀਆ ਦੀ ਦਿਲਚਸਪੀ ਫਿਰ ਅਚਾਨਕ ਵਧ ਗਈ ਅਤੇ ਮੁੱਖਧਾਰਾ ਦੇ ਮੀਡੀਆ ਵਿੱਚ ਰਾਜ ਗਰੇਵਾਲ ਬਾਰੇ ਉੱਪਰੋਥਲੀ ਕਈ ਰਿਪੋਰਟਾਂ ਪ੍ਰਕਾਸ਼ਤ ਹੋਈਆਂ ਪਰ ਪੰਜਾਬੀ ਮੀਡੀਆ ਇਸ ਬਾਰੇ ਅਜੇ ਤੱਕ ਖਾਮੋਸ਼ ਹੀ ਰਿਹਾ ਹੈ।
30 ਜਨਵਰੀ ਨੂੰ ਨੈਸ਼ਨਲ ਪੋਸਟ ਦੇ ਨਾਮਵਰ ਰਪੋਰਟਰ ਟਾਮ ਬਲੈਕਵਿਲ ਦਾ ਰਾਜ ਗਰੇਵਾਲ ਬਾਰੇ ਆਰਟੀਕਲ ਅਖ਼ਬਾਰ ਦੀ ਵੈੱਬਸਾਈਟ ’ਤੇ ਪ੍ਰਕਾਸ਼ਤ ਹੋਇਆ ਜੋ ਅਗਲੇ ਦਿਨ ਪ੍ਰਿੰਟ ਵਿੱਚ ਛਾਇਆ ਹੋਇਆ। ਟਾਮ ਬਲੈਕਵਿਲ ਨੇ ਇਸ ਰਪੋਰਟ ਵਿੱਚ ਲਿਬਰਲ ਐੱਮਪੀ ਵਜੋਂ ਰਾਜ ਗਰੇਵਾਲ ਵਲੋਂ 6 ਅਪਰੈਲ 2018 ਨੂੰ ਆਯੋਜਿਤ ਕੀਤੇ ਗਏ ਮੈਗਾ ਫੰਡ ਰੇਜ਼ ਡਿਨਰ ਨੂੰ ਮੁੱਦਾ ਬਣਾ ਕੇ ਕਈ ਸਵਾਲ ਉਠਾਏ, ਜਿਹਨਾਂ ਵਿੱਚ ਹੈਰਾਨੀ ਪ੍ਰਗਟ ਕੀਤੀ ਗਈ ਕਿ ਇੱਕ ਐੱਮਪੀ ਨੇ ਕਿਵੇਂ $500 ਪ੍ਰਤੀ ਵਿਅਕਤੀ ਦੇ ਹਿਸਾਬ ਨਾਲ 1200 ਦੀ ਗਿਣਤੀ ਦਾ ਵੱਡਾ ਡਿਨਰ ਕਰ ਲਿਆ। ਇਸ ਨਾਲ ਇਕੱਠੀ ਹੋਈ ਵੱਡੀ ਰਕਮ ਕਿੱਥੇ ਗਈ? ਇੰਨੇ ਵੱਡੇ ਡਿਨਰ ਦੀ ਕੀ ਲੋੜ ਸੀ ਅਤੇ ਜੋ ਅਕਸਰ ਪ੍ਰਧਾਨ ਮੰਤਰੀ ਅਤੇ ਵੱਡੇ ਮੰਤਰੀ ਵੀ ਨਹੀਂ ਕਰ ਸਕਦੇ ਉਹ ਇੱਕ ਐੱਮਪੀ ਕਿਵੇਂ ਕਰ ਗਿਆ? ਲੇਖਕ ਨੇ ਇਤਰਾਜ਼ ਕੀਤਾ ਕਿ ਲਿਬਰਲ ਇਸ ਫੰਡ-ਰੇਜ਼ ਬਾਰੇ ਜਾਣਕਾਰੀ ਕਿਉਂ ਨਹੀਂ ਦੇ ਰਹੇ?
ਪਹਿਲੀ ਫਰਵਰੀ ਨੂੰ ਰੌਬਿਨ ਓਰਬੈਕ ਨਾਮ ਦੀ ਰਿਪੋਰਟਰ ਨੇ ਇਸੇ ਮੁੱਦੇ ਨੂੰ ਹੋਰ ਉਭਾਰਦੇ ਹੋਏ ਲਿਖਿਆ ਕਿ ‘ਅਗਰ ਅੱਖਾਂ ਅਤੇ ਕੰਨ ਬੰਦ ਕਰ ਲਈਏ ਤਾਂ ਰਾਜ ਗਰੇਵਾਲ ਬਾਰੇ ਕੁਝ ਵੀ ਗ਼ਲਤ (ਸ਼ੈਡੀ) ਨਹੀਂ ਹੈ। ’ ਉਸ ਨੇ ਟਾਮ ਬਲੈਕਵਿਲ ਦੀ ਲਿਖਤ ਦਾ ਹਵਾਲਾ ਦੇ ਕੇ ‘6 ਲੱਖੇ ਡਿਨਰ’ ਬਾਰੇ ਸਵਾਲ ਉਠਾਏ ਅਤੇ ਇਹ ਲਿਖਤ ਸੀਬੀਸੀ ਦੀ ਵੈਬਸਾਈਟ ’ਤੇ ਪ੍ਰਕਾਸ਼ਤ ਹੋਈ। ਉਪਰੋਕਤ ਲਿਖਤਾਂ ਬਾਰੇ ਲੋਕਾਂ ਦੇ ਕੁਮਿੰਟ ਬਹੁਤ ਤਨਜ਼ ਭਰਪੂਰ ਸਨ, ਜਿਹਨਾਂ ਵਿੱਚ ਟਰੂਡੋ ਸਰਕਾਰ ਵੀ ਨਿਸ਼ਾਨੇ ’ਤੇ ਰੱਖੀ ਗਈ।
ਪਹਿਲੀ ਫਰਵਰੀ ਨੂੰ ਹੀ ਪ੍ਰਸਿੱਧ ਪੱਤਰਕਾਰ ਰੈਕਸ ਮਰਫ਼ੀ ਨੇ ਨੈਸ਼ਨਲ ਪੋਸਟ ਵਿੱਚ ਰਾਜ ਗਰੇਵਾਲ ਬਾਰੇ ਇੱਕ ਤਿੱਖਾ ਲੇਖ ਲਿਖ ਮਾਰਿਆ। ਸ਼ਬਦਾਂ ਦੇ ਡੰਗ ਮਾਰਨ ਵਿੱਚ ਰੈਕਸੀ ਮਰਫੀ ਦਾ ਕੋਈ ਸਾਨੀ ਨਹੀਂ ਹੈ ਅਤੇ ਉਹ ਇਸ ਕੰਮ ਵਾਸਤੇ ਬਹੁਤ ਗੂੜ੍ਹੀ ਅੰਗਰੇਜ਼ੀ ਵਰਤਦਾ ਹੈ। ਜੂਏ ਦਾ ਝਟਪਟ ਮਿਲੀਅਨ ਡਾਲਰ ਦਾ ਕਰਜ਼ਾ ਲਾਹ ਦੇਣ ਅਤੇ 1200 ਵਿਅਕਤੀਆਂ ਵਾਲੇ ਫੰਡਰੇਜ਼ ਦਾ ਹਵਾਲਾ ਦੇ ਕੇ ਰੈਕਸ ਮਰਫ਼ੀ ਨੇ ਲਿਬਰਲਾਂ ਨੂੰ ਸਲਾਹ ਦਿੱਤੀ ਕਿ ਰਾਜ ਗਰੇਵਾਲ ਤਾਂ ਖਜ਼ਾਨਾ ਮੰਤਰੀ ਬਣਾਏ ਜਾਣ ਦੇ ਕਾਬਲ ਹੈ ਕਿਉਂਕਿ ਉਹ ਕਰਜ਼ਾ ਉਤਾਰਨ ਅਤੇ ਫੰਡਰੇਜ਼ ਕਰਨਾ ਜਾਣਦਾ ਹੈ।
ਪਹਿਲੀ ਫਰਵਰੀ ਨੂੰ ਰਾਜ ਗਰੇਵਾਲ ਨੇ ਇਹਨਾਂ ਸਵਾਲਾਂ ਦੇ ਜਵਾਬ ਟਵੀਟਾਂ ਰਾਹੀਂ ਦਿੰਦਿਆਂ ਆਖਿਆ ਕਿ ਉਹ ਸਖ਼ਤ ਮਿਹਨਤ ਕਰਦਾ ਹੈ ਅਤੇ ਵਧੀਆ ਆਰਗੇਨਾਈਜ਼ਰ ਹੈ, ਜਿਸ ਕਾਰਨ ਵੱਡਾ ਫੰਡਰੇਜ਼ ਕਰ ਸਕਿਆ ਹੈ। ਚਾਰ ਫਰਵਰੀ ਨੂੰ ਨੈਸ਼ਨਲ ਪੋਸਟ ਦੇ ਟਾਮ ਬਲੈਕਵਿਲ ਨੇ ਫਿਰ ਆਰਟੀਕਲ ਲਿਖਿਆ ਜਿਸ ਵਿੱਚ ਰਾਜ ਗਰੇਵਾਲ ਦੀ ਟਵੀਟ ਅਤੇ ਲਿਬਰਲ ਰਾਈਡਿੰਗ ਦੇ ਪ੍ਰਧਾਨ ਦੇ ਹਵਾਲੇ ਨਾਲ ਕਿਹਾ ਕਿ 1200 ਵਿੱਚੋਂ ਕਰੀਬ ਅੱਧੇ ਕੁ ਲੋਕਾਂ ਨੇ ਹੀ $500 ਪ੍ਰਤੀ ਵਿਅਕਤੀ ਦਿੱਤਾ ਸੀ, ਬਾਕੀ ਮੁਫਤ ਮਹਿਮਾਨ ਸਨ ਅਤੇ ਢਾਈ ਲੱਖ ਰਾਈਡੰਗ ਅਸੋਸੀਏਸ਼ਨ ਕੋਲ ਪਏ ਹਨ। ਇਸੇ ਦਿਨ ਟੋਰਾਂਟੋ ਸਟਾਰ ਦੇ ਐਡੀਟੋਰੀਅਲ ਬੋਰਡ ਨੇ ਇੱਕ ਅਹਿਮ ਲਿਖਤ ਵਿੱਚ ਕਿਹਾ ਕਿ ਰਾਜ ਗਰੇਵਾਲ ਅਤੇ ਲਿਬਰਲਾਂ ਨੂੰ ਸੰਜੀਦਾ ਜਵਾਬ ਦੇਣ ਦੀ ਲੋੜ ਹੈ ਤੇ ਸਭ ਠੀਕ ਨਹੀਂ ਹੈ।
ਮੁੱਖਧਾਰਾ ਦਾ ਮੀਡੀਆ ਇਹ ਨਹੀਂ ਜਾਣਦਾ ਕਿ ਪੰਜਾਬੀ ਭਾਈਚਾਰੇ ਵਿੱਚ ਵੀਜ਼ਾ ਅਤੇ ਇੰਮੀਗਰੇਸ਼ਨ ਮਾਮਲੇ ਕਿੰਨੀ ਅਹਿਮੀਅਤ ਰੱਖਦੇ ਹਨ। ਦੇਸੀ ਲਿਬਰਲ ਕਾਕਸ ਵਿੱਚ ਰਾਜ ਗਰੇਵਾਲ ਇਸ ਮਾਮਲੇ ਵਿੱਚ ਅਹਿਮ ਰੋਲ ਅਦਾ ਕਰਦਾ ਰਿਹਾ ਹੈ ਜੋ ਲੋਕਾਂ ਦੀ ਖਿੱਚ ਦਾ ਕਾਰਨ ਸੀ ਅਤੇ ਇਸ ਕਾਰਨ ਕੁਝ ‘ਅੰਦਰੂਨੀ ਖਿਚੋਤਾਣ’ ਵੀ ਚਲਦੀ ਰਹੀ ਹੈ। ਜਾਪਦਾ ਹੈ ਕਿ ਇੰਮੀਗਰੇਸ਼ਨ ਮੰਤਰੀ ਅਹਿਮਦ ਹੁਸੇਨ ਤਾਂ ਖਾਨਾਪੁਰੀ ਤੋਂ ਵੱਧ ਕੁਝ ਨਹੀਂ ਹੈ, ਤਾਰਾਂ ਖਿਚਣ ਵਾਲੇ ‘ਹੈਵੀਵੇਟ’ ਤਾਂ ਹੋਰ ਹਨ। ‘ਹਾਥੀ ਦੇ ਦੰਦ ਖਾਣ ਨੂੰ ਹੋਰ ਅਤੇ ਵਿਖਾਉਣ ਨੂੰ ਹੋਰ’ ਦਾ ਪੰਜਾਬੀ ਅਖਾਣ ਇਸ ਸਰਕਾਰ ਉੱਤੇ ਪੂਰਾ ਫਿੱਟ ਬੈਠਦਾ ਹੈ।
ਅੱਜ ਪੰਜਾਬੀ ਭਾਈਚਾਰੇ ਵਿੱਚ ਅਣਗਿਣਤ ਅਜਿਹੇ ਵੱਡੇ ਬਿਜ਼ਨਸਮੈਨ ਹਨ ਜੋ ਖਰਚਾ ਕਰਨ ਤੋਂ ਬਿਲਕੁਲ ਨਹੀਂ ਘਬਰਾਉਂਦੇ ਅਤੇ ਰਾਜਨੀਤੀ ਵਿੱਚ ਚੰਗਾ ਦਬਦਬਾ ਰੱਖਦੇ ਹਨ। ਇਹਨਾਂ ਵਿੱਚੋਂ ਦਰਜਨ ਕੁ ਜਦ ਚਾਹੁਣ ਰਲਕੇ ਪ੍ਰਧਾਨ ਮੰਤਰੀ ਦੇ ਪੱਧਰ ਦਾ 1200-1500 ਬੰਦੇ ਦਾ ਵੱਡਾ ਫੰਡਰੇਜ਼ ਆਯੋਜਿਤ ਕਰ ਦੇਣ।
*****
(1483)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)