BalrajDeol7ਅਗਰ ਅਧਿਆਤਮਵਾਦ ਦਾ ਪ੍ਰਚਾਰ ਕਰਨਾ ਹੋਵੇ ਤਾਂ ਇਹਨਾਂ ਦੁਨਿਆਵੀ ਐਬਾਂ ਦੀ ਕੋਈ ਲੋੜ ਨਹੀਂ ਹੈ ...
(ਮਈ 29, 2016)

 

ਭਾਰਤੀ ਅਧਿਆਤਮਵਾਦ ਅਤੇ ਸੱਭਿਆਚਾਰ ਵਿੱਚ ਸੰਤਵਾਦ ਨਵਾਂ ਨਹੀਂ ਹੈ। ਭਾਰਤ ਤਾਂ ਸੰਤਾਂ, ਮੁਨੀਆਂ, ਗੁਰੂਆਂ ਅਤੇ ਪੀਰਾਂ ਦੀ ਧਰਤੀ ਮੰਨਿਆ ਜਾਂਦਾ ਹੈ। ਫਰਕ ਇਹ ਪਿਆ ਹੈ ਕਿ ਹੁਣ ਸੰਤਾਂ ਦੀ ਗਿਣਤੀ ਬਹੁਤ ਵਧ ਗਈ ਹੈ ਅਤੇ ਕਥਿਤ ਸੰਤ ਧਰਮ ਪ੍ਰਚਾਰ ਦੇ ਨਾਮ ਤੇ ਸਿਆਸਤ ਖੇਡਦੇ ਹਨ। ਅੱਗੋਂ ਸਿਆਸਤ ਦੀ ਆੜ ਹੇਠ ਦਬਦਬਾ ਕਾਇਮ ਕੀਤਾ ਜਾਂਦਾ ਹੈ ਜਿਸ ਨਾਲ ਹਥਿਆਰ, ਪੈਸਾ ਅਤੇ ਧੰਨਕੁਬੇਰ ਬਨਣ ਦੀ ਭੁੱਖ ਪੂਰੀ ਕੀਤੀ ਜਾਂਦੀ ਹੈ, ਅਯਾਸ਼ੀਆਂ ਕੀਤੀਆਂ ਜਾਂਦੀਆਂ। ਸੰਸਾਰ ਦੇ ਸੱਭ ਸੁਖ ਭੋਗਣ ਦਾ ਪ੍ਰਬੰਧ ਆਸਾਨੀ ਨਾਲ ਕਰ ਲਿਆ ਜਾਂਦਾ ਹੈ ਪਰ ਅੰਨ੍ਹੇ ਭਗਤਾਂ ਨੂੰ ਤਿਆਗ ਦਾ ਪਾਠ ਨਿੱਤ ਪੜ੍ਹਾਇਆ ਜਾਂਦਾ ਹੈ। ਕਈ ਧੰਨਕੁਬੇਰ ਸੰਤ ਫੜੇ ਵੀ ਗਏ ਵੀ ਹਨ, ਜਿਹਨਾਂ ਵਿੱਚ ਆਸਾ ਰਾਮ ਵੀ ਸ਼ਾਮਲ ਹੈ।

ਪੁਰਾਤਨ ਭਾਰਤ ਵਿੱਚ ਸੰਤ-ਮਹਾਤਮਾ ਲੋਕਾਂ ਦਾ ਨੈਤਿਕ ਮਾਰਗ ਦਰਸ਼ਨ ਕਰਦੇ ਸਨ ਅਤੇ ਖੁਦ ਤਿਆਗ ਦੀ ਮੂਰਤ ਬਣਦੇ ਸਨ। ਇਹ ਠੀਕ ਹੈ ਕਿ ਉਹਨਾਂ ਸਮਿਆਂ ਵਿੱਚ ਵੀ ਕੁਝ ਖੁਦਗਰਜ਼ ਹੋਣਗੇ ਪਰ ਬਹੁਤੇ ਕੁਰਦਤ ਦਾ ਭੈਅ ਖਾਂਦੇ ਸਨ, ਲੋਕਾਂ ਨੂੰ ਅਜਿਹਾ ਕਰਨ ਦੀ ਪਰੇਰਨਾ ਦਿੰਦੇ ਸਨ।

ਸੰਤ-ਮਹਾਤਮਾ ਕਿਸੇ ਖਾਸ ਧਰਮ ਦਾ ਪ੍ਰਚਾਰ ਘੱਟ ਕਰਦੇ ਸਨ ਅਤੇ ਅਧਿਆਤਮਵਾਦ ਦੇ ਸਹਾਰੇ ਮਨੁੱਖਵਾਦ ਅਤੇ ਕੁਦਰਤਵਾਦ ਦਾ ਪ੍ਰਚਾਰ ਵੱਧ ਕਰਦੇ ਸਨ। ਸੂਫੀ ਸੰਤ ਇਸਲਾਮ ਦੇ ਕੱਟੜਵਾਦ ਦਾ ਡਟ ਕੇ ਵਿਰੋਧ ਕਰਦੇ ਸਨ। ਇਸੇ ਤਰ੍ਹਾਂ ਭਗਤੀ ਲਹਿਰ ਦੇ ਨਾਇਕ (ਸਿੱਖ ਗੁਰੂਆਂ ਸਮੇਤ) ਅਖੌਤੀ ਧਰਮ ਅਤੇ ਜਾਤਪਾਤ ਦੇ ਬੰਧਨਾਂ ਦਾ ਜੰਜਾਲ ਤੋੜਨ ਦਾ ਸੁਨੇਹਾ ਦਿੰਦੇ ਸਨ। ਅੱਜ ਦੇ ਬਹੁਤੇ ਸੰਤ ਧਰਮ ਪ੍ਰਚਾਰ ਦੇ ਨਾਮ ਹੇਠ ਨਫਰਤ, ਕੱਟੜਤਾ ਅਤੇ ਫਿਰਕੂਵਾਦ ਦਾ ਪਸਾਰਾ ਕਰ ਰਹੇ ਹਨ। ਅਜਿਹਾ ਸੰਤਵਾਦ ਭਾਰਤ ਦੇ ਹਰ ਧਰਮ ਅਤੇ ਫਿਰਕੇ ਵਿੱਚ ਭਾਰੂ ਪੈਂਦਾ ਜਾ ਰਿਹਾ ਹੈ। ਸੰਤਾਂ ਦਾ ਟੌਹਰ ਵੇਖਣਾ ਹੀ ਬਣਦਾ ਹੈ ਅਤੇ ਵੱਡੇ ਵੱਡੇ ਸਿਆਸੀ ਆਗੂ ਉਹਨਾਂ ਦੀਆ ਲੇਲ੍ਹੜੀਆਂ ਕੱਢਦੇ ਫਿਰਦੇ ਹਨ ਕਿਉਂਕਿ ਇਹਨਾਂ ਸੰਤਾਂ ਨੇ ਲੱਖਾਂ ਵੋਟਰ (ਸ਼ਰਧਾਲੂ) ਕੀਲੇ ਹੋਏ ਹਨ।

ਪਿਛਲੇ ਦਿਨੀ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫ਼ਲੇ ਤੇ ਮਿੱਥ ਕੇ ਕਾਤਲਾਨਾ ਹਮਲਾ ਕੀਤਾ ਗਿਆ ਜਿਸ ਵਿੱਚ ਉਸਦਾ ਇਕ ਸਾਥੀ ਮਾਰਿਆ ਗਿਆ। ਇਸ ਹਮਲੇ ਵਿੱਚ ਦਮਦਮੀ ਟਕਾਸਲ (ਧੁੰਮਾ) ਦੇ ਦਰਜਨ ਦੇ ਕਰੀਬ ਸਮਰਥਕ ਫੜੇ ਗਏ ਹਨ ਅਤੇ ਹੋਰ ਕਈਆਂ ਦੀ ਭਾਲ ਹੈ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਮੰਨ ਲਿਆ ਹੈ ਕਿ ਹਮਲਾ ਟਕਸਾਲ ਦੇ ਸਮਰਥਕਾਂ ਵਲੋਂ ਕੀਤਾ ਗਿਆ ਹੈ ਅਤੇ ਟਕਸਾਲ ਉਹਨਾਂ ਦੇ ਕੇਸਾਂ ਦੀ ਪੈਰਵਾਈ ਕਰੇਗੀ। ਬਾਬਾ ਧੁੰਮਾ ਨੇ ਇਹ ਵੀ ਕਿਹਾ ਹੈ ਕਿ ਇਸ ਵਾਸਤੇ ਸੰਤ ਰਣਜੀਤ ਸਿੰਘ ਢੱਡਰੀਆਂਵਾਲਾ ਜ਼ਿੰਮੇਵਾਰ ਹੈ ਕਿਉਂਕਿ ਉਸ ਨੇ ਟਕਸਾਲ ਖ਼ਿਲਾਫ ਮੋਰਚਾ ਖੋਲ੍ਹਿਆ ਹੋਇਆ ਸੀ ਅਤੇ ਸਿੰਘ ਇਸ ਨੂੰ ਬਰਦਾਸ਼ਤ ਨਾ ਕਰ ਸਕੇ ਬਾਬਾ ਧੁੰਮਾ ਦੇ ਸਮਰਥਕ ਸੰਤਾਂ ਦੀ ਕੱਲਬ ਨੇ ਟਕਸਾਲ ਦਾ ਸਾਥ ਦੇਣ ਦਾ ਐਲਾਨ ਕਰ ਦਿੱਤਾ ਹੈ।

ਉੱਧਰ ਸੰਤ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਸਮਰਥਕਾਂ ਨੇ ਉਸ ਦੀ ਮਦਦ ਦਾ ਐਲਾਨ ਕਰ ਦਿੱਤਾ ਹੈ ਅਤੇ ਮ੍ਰਿਤਕ ਬਾਬਾ ਭੁਪਿੰਦਰ ਸਿੰਘ ਨੂੰ “ਕੌਮੀ ਸ਼ਹੀਦ” ਐਲਾਨ ਦਿੱਤਾ ਹੈ। ਦੋਵੇਂ ਪਾਸੇ ਭਾਰੀ ਲਸ਼ਕਰ ਹੈ ਅਤੇ ਗੱਲ ਵਧ ਵੀ ਸਕਦੀ ਹੈ। ਇੱਕ ਪਾਸੇ ਸਿੱਖ ਕੱਟੜਪੰਥੀ, ਬਾਦਲ ਵਿਰੋਧੀ ਅਤੇ ਮਿਸ਼ਨਰੀ ਸਮਰਥਕ ਇਕੱਠੇ ਹੋ ਗਏ ਹਨ ਅਤੇ ਦੂਜੇ ਪਾਸੇ, ਸੰਤ ਸਮਾਜ, ਬਾਦਲ ਸਮਰਥਕ ਅਤੇ ਟਕਸਾਲੀ ਇਕੱਠੇ ਹੋ ਗਏ ਹਨ। ਇਹਨਾਂ ਵਿੱਚ ਦਸਮ ਗ੍ਰੰਥ ਦੇ ਸਮਰਥਕਾਂ ਅਤੇ ਵਿਰੋਧੀਆ ਦਾ ਪਾੜਾ ਵੀ ਨਜ਼ਰ ਆਉਂਦਾ ਹੈ।

ਇਹ ਵੀ ਸੱਚ ਹੈ ਕਿ ਸੰਤਾਂ ਦੇ ਝੁਰਮਟ ਲਸੰਸੀ ਅਤੇ ਗੈਰ ਲਸੰਸੀ ਹਥਿਆਰ ਲਈ ਫਿਰਦੇ ਹਨ। ਸੰਤਾਂ ਨੂੰ ਹਥਿਆਰਾਂ ਦੀ ਕੀ ਲੋੜ ਹੈ? ਉਹਨਾਂ ਨੂੰ ਹਥਿਆਰਾਂ ਦੇ ਲਸੰਸ ਕਿਉਂ ਦਿੱਤੇ ਜਾਂਦੇ ਹਨ? ਸੰਤਾਂ ਨੂੰ ਕਿਸ ਤੋਂ ਖਤਰਾ ਹੈ, ਅਗਰ ਉਹ ਸੱਚਮੁਚ ਹੀ ਸੰਤ ਹੋਣ? ਸੰਤਾਂ ਦਾ ਸ਼ਾਨੋ-ਸ਼ੌਕਤ, ਹਥਿਆਰਾਂ, ਵਪਾਰਾਂ, ਦੁਨਿਆਵੀ ਐਸ਼, ਮਾਇਆ ਅਤੇ ਸਿਆਸਤ ਨਾਲ ਕੀ ਨਾਤਾ ਹੈ? ਅਗਰ ਅਧਿਆਤਮਵਾਦ ਦਾ ਪ੍ਰਚਾਰ ਕਰਨਾ ਹੋਵੇ ਤਾਂ ਇਹਨਾਂ ਦੁਨਿਆਵੀ ਐਬਾਂ ਦੀ ਕੋਈ ਲੋੜ ਨਹੀਂ ਹੈ। ਸੰਤਾਂ ਨੂੰ ਸੰਤਵਾਦ ਦੀਆਂ ਪ੍ਰੰਪਰਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਸਿਆਸਤ ਤੋਂ ਦੂਰ ਰਹਿਣਾ ਚਾਹੀਦਾ ਹੈ, ਨਹੀਂ ਤਾਂ ਸੰਤ ਇਹ ਸਮਾਜ, ਆਪਣੇ ਧਰਮਾਂ ਅਤੇ ਦੇਸ਼ ਦਾ ਘਾਣ ਕਰ ਦੇਣਗੇ

*****

(302)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਬਲਰਾਜ ਦਿਓਲ

ਬਲਰਾਜ ਦਿਓਲ

Brampton, Ontario, Canada.
Email: (balrajdeol@rogers.com)

More articles from this author