BalrajDeol7ਭਾਰਤ ਦੇ ਪ੍ਰਸਿੱਧ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ ਵੀ ...
(ਜਨਵਰੀ 11, 2016)

 

Jesus25 ਦਸੰਬਰ ਨੂੰ ਜਨਮ ਲੈਣ ਵਾਲੇ ਆਗੂ ਅਤੇ ਪ੍ਰਸਿੱਧ ਹਸਤੀਆਂ ਵੱਲ ਵੇਖੀਏ ਤਾਂ ਹੈਰਾਨੀ ਹੁੰਦੀ ਹੈ ਕਿ ਇਸ ਦਿਨ ਬਹੁਤ ਸਾਰੀਆਂ ਅਹਿਮ ਹਸਤੀਆਂ ਦਾ ਜਨਮ ਕਿਉਂ ਹੋਇਆ ਹੈ? ਕੀ ਇਸ ਦਿਨ ਨੂੰ ਖਾਸ ਮਹਾਨਤਾ ਹਾਸਲ ਹੈ ਜਾਂ ਇਹ ਮਹਿਜ਼ ਇਕ ਸਬੱਬ ਹੀ ਹੈ?

ਉਂਝ 25 ਦਸੰਬਰ ਈਸਾਈ ਧਰਮ ਦੇ ਬਾਨੀ ਭਗਵਾਨ ਯਸੂ ਮਸੀਹ ਦਾ ਜਨਮ ਦਿਨ ਮੰਨਿਆ ਜਾਂਦਾ ਹੈ। ਕਹਿੰਦੇ ਹਨ ਕਿ 25 ਦਸੰਬਰ ਭਗਵਾਨ ਯਸੂ ਮਸੀਹ ਦਾ ਅਸਲੀ ਜਨਮ ਦਿਨ ਨਹੀਂ ਹੈ ਪਰ ਈਸਾਈ ਜਗਤ ਇਸ ਨੂੰ ਉਹਨਾਂ ਦਾ ਜਨਮ ਦਿਨ ਮੰਨਦਾ ਹੈ। ਪ੍ਰਚੱਲਤ ਈਸਵੀ ਕਲੰਡਰ ਜਿਸ ਨੂੰ ਪੋਪ ਗਰੈਗਰੀ ਨੇ 1852 ਵਿੱਚ ਸੋਧਿਆ ਸੀ, ਮੁਤਾਬਿਕ ਕ੍ਰਿਸਮਸ 25 ਦਸੰਬਰ ਨੂੰ ਮਨਾਈ ਜਾਂਦੀ ਹੈ ਜਦ ਕਿ ਕੁਝ ਔਰਥੋਡਾਕਸ ਈਸਾਈ ਕ੍ਰਿਸਮਸ ਪੁਰਾਣੇ ਜੂਲੀਅਨ ਕਲੰਡਰ ਮੁਤਾਬਿਕ 7 ਜਨਵਰੀ ਨੂੰ ਮਨਾਉਂਦੇ ਹਨ।

ਪੱਛਮੀ ਦੇਸ਼ਾਂ ਵਿੱਚ ਯਸੂ ਮਸੀਹ ਨੂੰ ਜੀਸਸ ਕਰਾਈਸਟ ਆਖਦੇ ਹਨ। ਅੱਜ ਸੰਸਾਰ ਵਿੱਚ ਈਸਾਈ ਧਰਮ ਸੱਭ ਤੋਂ ਵੱਡਾ ਧਰਮ ਹੈ ਅਤੇ ਸੱਭ ਤੋਂ ਤਾਕਤਵਰ ਦੇਸ਼ ਈਸਾਈ ਧਰਮ ਨੂੰ ਮੰਨਣ ਵਾਲੇ ਹੀ ਹਨ। ਸੰਸਾਰ ਦੀਆਂ ਐਟਮੀ ਤਾਕਤਾਂ, ਤਕਨੀਕ, ਸਾਇੰਸ ਅਤੇ ਤਰੱਕੀਸ਼ੁਦਾ ਦੇਸ਼ ਲਗਭਗ ਸਾਰੇ ਹੀ ਈਸਾਈ ਹਨ। ਅਮਰੀਕਾ, ਫਰਾਂਸ, ਬਰਤਾਨੀਆਂ, ਰੂਸ, ਜਰਮਨੀ, ਇਟਲੀ, ਕੈਨੇਡਾ ਅਤੇ ਆਸਟਰੇਲੀਆ ਵਰਗੇ ਸੱਭ ਦੇਸ਼ ਈਸਾਈ ਹਨ। ਚੀਨ ਅਤੇ ਜਪਾਨ ਵਿੱਚ ਵੀ ਈਸਾਈਆਂ ਦੀ ਚੋਖੀ ਵਸੋਂ ਹੈ।

ਇਸ ਸਾਲ ਜਦ ਈਸਾਈ ਜਗਤ 25 ਦਸੰਬਰ ਨੂੰ ਭਗਵਾਨ ਯਸੂ ਦਾ ਜਨਮ ਦਿਨ ਮਨਾ ਰਿਹਾ ਸੀ ਤਾਂ ਮੁਸਲਿਮ ਜਗਤ 24 ਦਸੰਬਰ ਨੂੰ ਹਜ਼ਰਤ ਮੁਹੰਮਦ ਦਾ ਜਨਮ ਦਿਨ ਮਨਾ ਕੇ ਹਟਿਆ ਸੀ। ਇਸਲਾਮ ਆਪਣੇ ਦਿਨ ਹਿਜ਼ਰੀ ਕਲੰਡਰ ਮੁਤਾਬਿਕ ਮਨਾਉਂਦਾ ਹੈ ਅਤੇ ਇਹ ਕਲੰਡਰ ਲੂਨਰ ਭਾਵ ਚੰਦ ਦੀ ਚਾਲ ’ਤੇ ਅਧਾਰਿਤ ਹੈ, ਜਿਸ ਕਾਰਨ ਈਸਵੀ ਕਲੰਡਰ ਮੁਤਾਬਿਕ ਹਜ਼ਰਤ ਮੁਹੰਮਦ ਦੀ ਜਨਮ ਤਰੀਕ ਬਦਲਦੀ ਰਹਿੰਦੀ ਹੈ ਅਤੇ ਇਸ ਸਾਲ 24 ਦਸੰਬਰ ਨੂੰ ਆਈ ਹੈ।

ਕੈਨੇਡਾ ਦੇ ਮਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਜਨਮ 25 ਦਸੰਬਰ 1971 ਨੂੰ ਹੋਇਆ ਸੀ ਅਤੇ ਉਹਨਾਂ ਦੇ ਸਵਰਗੀ ਪਿਤਾ ਪੀਅਰ ਅਲੀਅਟ ਟਰੂਡੋ ਓਸ ਵਕਤ ਦੇਸ਼ ਦੇ ਪ੍ਰਧਾਨ ਮੰਤਰੀ ਸਨ। 25 ਦਸੰਬਰ 2015 ਨੂੰ ਜਸਟਿਨ ਟਰੂਡੋ 44 ਸਾਲਾਂ ਦੇ ਹੋ ਗਏ ਹਨ। ਹੈਰਾਨੀ ਦੀ ਗੱਲ ਹੈ ਕਿ ਜਸਟਿਨ ਦੇ ਜਨਮ ਤੋਂ ਠੀਕ ਦੋ ਸਾਲ ਬਾਅਦ ਜਸਟਿਨ ਦੇ ਛੋਟੇ ਭਰਾ ਅਲਗਜ਼ੈਂਡਰ ਟਰੂਡੋ ਦਾ ਜਨਮ 25 ਦਸੰਬਰ 1973 ਨੂੰ ਹੋਇਆ ਸੀ। ਅਲਗਜ਼ੈਂਡਰ ਇੱਕ ਫਿਲਮ ਮੇਕਰ ਅਤੇ ਪੱਤਰਕਾਰ ਹੈ। ਇੰਝ ਸਵਰਗੀ ਪ੍ਰਧਾਨ ਮੰਤਰੀ ਪੀਅਰ ਟਰੂਡੋ ਦੇ ਦੋ ਬੇਟੇ 25 ਦਸੰਬਰ ਨੂੰ ਦੋ ਸਾਲ ਦੇ ਫਰਕ ਨਾਲ ਜਨਮੇ ਸਨ ਅਤੇ ਇਕ ਹੁਣ ਆਪਣੇ ਬਾਪ ਵਾਂਗ ਕੈਨੇਡਾ ਪ੍ਰਧਾਨ ਮੰਤਰੀ ਬਣ ਗਿਆ ਹੈ। ਜਸਟਿਨ ਦਾ ਤੀਜਾ ਭਰਾ ਮਾਈਕਲ ਟਰੂਡੋ ਏਨਾ ਕਿਸਮਤ ਵਾਲਾ ਨਹੀਂ ਸੀ, ਜਿਸ ਦਾ ਜਨਮ 2 ਅਕਤੂਬਰ 1975 ਨੂੰ ਹੋਇਆ ਸੀ ਅਤੇ ਉਸ ਦੀ ਐਕਸੀਡੈਂਟਲ ਮੌਤ 13 ਨਵੰਬਰ 1998 ਨੂੰ ਹੋ ਗਈ ਸੀ।

AtalNiwazJinah

JustinAlexNewton

ਪਾਕਿਸਤਾਨ ਦੇ ਮਜੂਦਾ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ ਦਾ ਜਨਮ ਕ੍ਰਿਸਮਿਸ ਵਾਲੇ ਦਿਨ ਦਸੰਬਰ 25, 1949 ਨੂੰ ਹੋਇਆ ਸੀ। ਅਗਰ ਮੀਆਂ ਸਾਹਿਬ ਢਾਈ ਕੁ ਸਾਲ ਅਗੇਤਾ, ਭਾਵ ਦੇਸ਼ ਦੀ ਵੰਡ ਤੋਂ ਪਹਿਲਾਂ ਜੰਮਦੇ ਤਾਂ ਉਹਨਾਂ ਦਾ ਜਨਮ ਭਾਰਤੀ ਪੰਜਾਬ ਦੇ ਜਾਤੀ ਉਮਰਾ ਪਿੰਡ ਵਿੱਚ ਹੋਣਾ ਸੀ। ਕ੍ਰਿਸਮਿਸ ਦੇ ਦਿਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਨੇ ਮੀਆਂ ਨਵਾਜ਼ ਸ਼ਰੀਫ ਨੂੰ ਜਨਮ ਦਿਨ ਮੁਬਾਰਕ ਆਖਣ ਵਾਸਤੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਫੋਨ ਕੀਤਾ ਸੀ। ਮੀਆਂ ਜੀ ਨੇ ਆਉਣ ਦਾ ਨਿਮੰਤਰਣ ਦੇ ਦਿੱਤਾ ਤਾਂ ਮੋਦੀ ਜੀ ਦਿੱਲੀ ਮੁੜਦੇ ਲਾਹੌਰ ਰੁਕ ਗਏ। ਮੀਆਂ ਜੀ ਨੇ ਉਹਨਾਂ ਦੀ ਆਓ ਭਗਤ ਆਪਣੇ ਲਾਹੌਰ ਦੇ ਬਾਹਰ ਸਥਿੱਤ ਘਰ ਵਿੱਚ ਕੀਤੀ ਜਿਸ ਦਾ ਨਾਮ ਉਹਨਾਂ ਆਪਣੇ ਭਾਰਤ ਵਿੱਚ ਰਹਿ ਗਏ ਜੱਦੀ ਪਿੰਡ ਜਾਤੀ ਉਮਰਾ ਦੇ ਨਾਮ ’ਤੇ ਰੱਖਿਆ ਹੋਇਆ ਹੈ।

ਭਾਰਤ ਦੀ ਧਰਮ ਦੇ ਅਧਾਰ ’ਤੇ ਵੰਡ ਦੀ ਜ਼ਿਦ ਕਰਨ ਵਾਲੇ ਪਾਕਿਸਤਾਨ ਦੇ ਬਾਨੀ ਮਹੁੰਮਦ ਅਲੀ ਜਿਨਾਹ ਦਾ ਜਨਮ ਵੀ ਕ੍ਰਿਸਮਿਸ ਵਾਲੇ ਦਿਨ ਦਸੰਬਰ 25, 1876 ਨੂੰ ਕਰਾਚੀ ਵਿੱਚ ਹੋਇਆ। ਸ਼ੀਆ ਮੁਸਲਮਾਨ ਪਰਿਵਾਰ ਦੇ ਜੰਮਪਲ ਮੁਹੰਮਦ ਅਲੀ ਜਿਨਾਹ ਦੇ ਪਾਕਿਸਤਾਨ ਵਿਚ ਅੱਜ ਸ਼ੀਆ ਮੁਸਲਮਾਨਾਂ ਦੀ ਹਾਲਤ ਦੂਜੇ ਦਰਜੇ ਦੇ ਸ਼ਹਿਰੀਆਂ ਵਾਲੀ ਹੈ ਅਤੇ ਸੁੰਨੀਆਂ ਦਾ ਬੋਲਬਾਲਾ ਹੈ। ਜਿਨਾਹ ਦੀ ਮੌਤ ਪਿੱਛੋਂ ਨਮਾਜ਼ੇ ਜ਼ਨਾਜਾ ਵੀ ਸੁੰਨੀ ਰੀਤ ਮੁਤਾਬਿਕ ਪੜ੍ਹੀ ਗਈ ਸੀ ਕਿਉਂਕਿ ਪਾਕਿਸਤਾਨ ਵਿੱਚ ਸ਼ੁਰੂ ਤੋਂ ਹੀ ਸੁੰਨੀਆਂ ਦਾ ਦਬਦਬਾ ਹੈ।

ਪਾਕਿਸਤਾਨ ਦੇ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਖਾਨ ਸ਼ੁਭ ਜਨਮ ਤਰੀਕ ਇਕ ਮਹੀਨੇ ਦੇ ਫਰਕ ਨਾਲ ਮਿਸ ਕਰ ਗਏ ਸਨ ਜਿਸ ਕਾਰਨ ਉਹਨਾਂ ਦੇ ਅੱਜ ਤੱਕ ਪਾਕਿ ਸਿਆਸਤ ਵਿੱਚ ਪੈਰ ਨਹੀਂ ਲੱਗ ਸਕੇ। ਇਮਰਾਨ ਖਾਨ ਦਾ ਜਨਮ 25 ਨਵੰਬਰ 1952 ਨੂੰ ਹੋਇਆ ਸੀ ਅਤੇ 30 ਦਿਨ ਅਗਾਊਂ ਜੰਮਣਾ ਉਹਨਾਂ ਨੂੰ ਮਹਿੰਗਾ ਪਿਆ ਹੈ।

ਭਾਰਤ ਦੇ ਪ੍ਰਸਿੱਧ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ ਵੀ ਕ੍ਰਿਸਮਸ ਵਾਲੇ ਦਿਨ 25 ਦਸੰਬਰ 1924 ਨੂੰ ਹੋਇਆ ਸੀ। ਇਸ ਕ੍ਰਿਸਮਸ ’ਤੇ ਉਹ 91 ਸਾਲਾਂ ਦੇ ਹੋ ਗਏ ਹਨ। ਨਵਾਜ਼ ਸ਼ਰੀਫ਼ ਦੀ ਜਨਮ ਦਿਨ ਦਾਅਵਤ ਤੋਂ ਵਿਹਲੇ ਹੋ ਕੇ ਜਦ ਨਰਿੰਦਰ ਭਾਈ ਮੋਦੀ ਦਿੱਲੀ ਪਹੁੰਚੇ ਤਾਂ ਏਅਰਪੋਰਟ ਤੋਂ ਸਿੱਧੇ ਅਟੱਲ ਬਿਹਾਰੀ ਵਾਜਪਾਈ ਦੇ ਘਰ ਜਨਮ ਦਿਨ ਮੁਬਾਰਕ ਆਖਣ ਪੁੱਜ ਗਏ ਸਨ ਅਤੇ ਮੀਆਂ ਨਵਾਜ਼ ਸ਼ਰੀਫ ਦੀ ਮੁਬਾਰਕਬਾਦ ਵੀ ਲੈ ਆਏ ਸਨ।

ਪ੍ਰਸਿੱਧ ਵਿਗਿਆਨੀ ਸਰ ਆਈਜ਼ੈਕ ਨਿਊਟਨ ਦਾ ਜਨਮ ਵੀ ਦਸੰਬਰ 25, 1642 ਨੂੰ ਹੋਇਆ ਸੀ। ਸ਼ਾਇਦ ਸ਼ੁਭ ਦਿਨ ਵੀ ਉਹਨਾਂ ਦੀ ਮਿਹਨਤ ਅਤੇ ਖੋਜ ਨੂੰ ਖੂਬ ਰਾਸ ਆਇਆ ਹੋਵੇ।

ਇਸ ਦਿਨ ਕੁਝ ਪ੍ਰਸਿੱਧ ਲੋਕਾਂ ਦੀ ਮੌਤ ਵੀ ਹੋਈ ਹੋਵੇਗੀ, ਜਿਹਨਾਂ ਵਿੱਚ ਇੱਕ ਨਾਮ ਯਾਦ ਆਉਂਦਾ ਹੈ। ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਮੌਤ ਦਸੰਬਰ 25, 1994 ਦੇ ਦਿਨ ਹੋਈ ਸੀ। ਉਹ ਨਵੰਬਰ ਵਿੱਚ ਹੋਏ ਇੱਕ ਸੜਕ ਹਾਦਸੇ ਵਿੱਚ ਸਖ਼ਤ ਜ਼ਖ਼ਮੀ ਹੋ ਗਏ ਸਨ ਅਤੇ ਦਸੰਬਰ 25 ਨੂੰ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸਨ।

ਇੰਜ ਜਾਪਦਾ ਹੈ ਕਿ ਕਾਤਲਾਂ ਵਲੋਂ ਪਾਕਿਸਤਾਨ ਦੀ ਸਵਰਗੀ ਪ੍ਰਧਾਨ ਮੰਤਰੀ ਬੇਨਜ਼ੀਰ ਭੂੱਟੋ ਦੀ ਮੌਤ ਦੇ ਵਰੰਟ ਵੀ ਸ਼ਾਇਦ 25 ਦਸੰਬਰ ਨੂੰ ਹੀ ਕੱਢੇ ਗਏ ਹੋਣ। ਉਂਝ ਬੀਬੀ ਬੇਨਜ਼ੀਰ ਨੂੰ ਦੋ ਦਿਨ ਬਾਅਦ 27 ਦਸੰਬਰ 2007 ਨੂੰ ਕਤਲ ਕੀਤਾ ਗਿਆ ਸੀ। ਉਹ ਰਾਵਲਪਿੰਡੀ ਦੇ ਲਿਆਕਤ ਨੈਸ਼ਨਲ ਬਾਗ ਪਾਰਕ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਕੇ ਆਪਣੇ ਖੁੱਲੀ ਛੱਤ ਵਾਲੇ ਵਹੀਕਲ ਵਿੱਚ ਖੜ੍ਹ ਕੇ ਲੋਕਾਂ ਵੱਲ ਹੱਥ ਹਿਲਾ ਰਹੇ ਸਨ ਜਦ ਗੋਲੀਆਂ ਚੱਲੀਆਂ ਅਤੇ ਆਤਮਘਾਤੀ ਬੰਬ ਧਮਾਕਾ ਹੋਇਆ, ਜਿਸ ਵਿੱਚ ਬੀਬੀ ਬੇਨਜ਼ੀਰ ਅਤੇ 24 ਹੋਰ ਲੋਕਾਂ ਦੀ ਮੌਤ ਹੋ ਗਈ।

ਇਹ ਸਬੱਬ ਹੀ ਸੀ ਕਿ ਲਿਆਕਤ ਨੈਸ਼ਨਲ ਬਾਗ ਪਾਰਕ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਜਨਾਬ ਲਿਆਕਤ ਅਲੀ ਦੀ ਯਾਦ ਵਿੱਚ ਬਣਿਆ ਹੋਇਆ ਹੈ। ਪ੍ਰਧਾਨ ਮੰਤਰੀ ਜਨਾਬ ਲਿਆਕਤ ਅਲੀ ਰਾਵਲਪਿੰਡੀ ਦੇ ਇਸੇ ਪਾਰਕ ਵਿੱਚ 16 ਅਕਤੂਬਰ 1951 ਦੇ ਦਿਨ ਇਕ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ ਜਦ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਕਿਹਾ ਜਾਂਦਾ ਹੈ ਕਿ ਉਹਨਾਂ ਦੇ ਕਤਲ ਵਿੱਚ ਅਫਗਾਨਿਸਤਾਨ ਅਤੇ ਅਮਰੀਕਾ ਦਾ ਹੱਥ ਸੀ।

ਗੱਲ ਕ੍ਰਿਸਮਸ ਦਿਨ ’ਤੇ ਜਨਮ ਲੈਣ ਵਾਲੇ ਆਗੂਆਂ ਅਤੇ ਪ੍ਰਸਿੱਧ ਹਸਤੀਆਂ ਦੀ ਹੋ ਰਹੀ ਸੀ ਤੇ ਇਸ ਦਿਨ ਜਨਮ ਲੈਣ ਵਾਲੀ ਸੱਭ ਤੋਂ ਪ੍ਰਸਿੱਧ ਹਸਤੀ ਤਾਂ ਭਗਵਾਨ ਯਸੂ ਮਸੀਹ ਨੂੰ ਹੀ ਮੰਨਣਾ ਪਵੇਗਾ, ਜਿਸ ਨੂੰ ਸਮੁੱਚਾ ਈਸਾਈ ਜਗਤ ਰੱਬ ਦਾ ਪੁੱਤ ਮੰਨਦਾ ਅਤੇ ਪੂਜਦਾ ਹੈ। ਪਿਆਰ, ਸੇਵਾ, ਦਇਆ, ਦਾਨ (ਦਸਵੰਧ) ਅਤੇ ਮੁਆਫ ਕਰ ਦੇਣਾ ਯਸੂ ਦਾ ਪੈਗਾਮ ਹੈ।

*****

(151)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਬਲਰਾਜ ਦਿਓਲ

ਬਲਰਾਜ ਦਿਓਲ

Brampton, Ontario, Canada.
Email: (balrajdeol@rogers.com)

More articles from this author