“ਕੱਚੀ ਫਿਰਨੀ ਹੁਣ ਪੱਕੀ ਸੜਕ ਵਿੱਚ ਤਬਦੀਲ ਹੋ ਚੁੱਕੀ ਹੈ ਪਰ ਸੁਪਨੇ ਅਜੇ ਵੀ ...”
(20 ਨਵੰਬਰ 2026)
ਯੂ-ਟਿਊਬ ’ਤੇ ਸਬਸਕ੍ਰਾਈਬ ਕੀਤੇ ਵਿਦੇਸ਼ ਦੇ ਇੱਕ ਚੈਨਲ ਰਾਹੀਂ ਉੱਥੇ ਵਸ ਰਹੇ ਬਜ਼ੁਰਗਾਂ ਦੀਆਂ ਗੱਲਾਂ ਮਾਤ-ਭੂਮੀ ਪ੍ਰਤੀ ਉਨ੍ਹਾਂ ਦੀ ਖਿੱਚ ਦਾ ਅਹਿਸਾਸ ਕਰਵਾਉਂਦੀਆਂ ਹਨ। ਕਈ ਗੱਲਾਂ ਤਾਂ ਮਨ ਨੂੰ ਛੂਹ ਜਾਂਦੀਆਂ ਹਨ। ਇੱਕ ਬਜ਼ੁਰਗ ਕਹਿ ਰਿਹਾ ਸੀ ਕਿ ਇੱਥੇ ਰਹਿੰਦਿਆਂ ਵੀਹ ਸਾਲ ਹੋ ਗਏ ਹਨ ਪਰ ਸੁਪਨੇ ਪਿੰਡ ਦੇ ਹੀ ਆਉਂਦੇ ਹਨ। ਮੈਂ ਕਦੇ ਖੇਤਾਂ ਵਿੱਚ ਹੱਲ ਵਾਹ ਰਿਹਾ ਹੁੰਦਾ ਹਾਂ, ਕਦੇ ਫਸਲਾਂ ਨੂੰ ਸਿੰਜ ਰਿਹਾ ਹੁੰਦਾ ਹਾਂ। ਕਦੇ ਪਿੰਡ ਦੀ ਹੱਟੀ, ਭੱਠੀ, ਚੱਕੀ ’ਤੇ ਗੱਲਾਂ-ਬਾਤਾਂ ਮਾਰ ਰਿਹਾ ਹੁੰਦਾ ਹੈ।
ਕੁਝ ਮਹੀਨੇ ਪਹਿਲਾਂ ਆਪਣੇ ਬੀਤ ਇਲਾਕੇ ਬਾਰੇ ਅਖਬਾਰਾਂ ਵਿੱਚ ਛਪਿਆ ਮੇਰਾ ਲੇਖ ਪੜ੍ਹਕੇ ਅਮਰੀਕਾ ਜਾ ਵਸੇ ਸਾਡੇ ਗੁਆਂਢੀ ਪਿੰਡ ਦੇ ਸੱਜਣ ਦਾ ਫੋਨ ਆਇਆ। ਉਹ ਕਹਿਣ ਲੱਗਾ ਕਿ ਮੈਂ ਤਾਂ ਰਾਤ ਨੂੰ ਪਿੰਡ ਘੁੰਮ ਆਉਂਦਾ ਹਾਂ। ਮੈਨੂੰ ਸੁਪਨੇ ਪਿੰਡ ਦੇ ਹੀ ਆਉਂਦੇ ਹਨ। ਕਿੰਨਾ ਮੋਹ ਹੁੰਦਾ ਹੈ ਆਪਣੀ ਜਨਮ-ਭੂਮੀ ਨਾਲ, ਇਹ ਤਾਂ ਦੂਰ ਜਾ ਵਸਣ ਵਾਲਾ ਹੀ ਦੱਸ ਸਕਦਾ ਹੈ। ਪੰਜਾਬੀ ਦੇ ਨਾਮਵਰ ਨਾਵਲਕਾਰ ਡਾ. ਧਰਮਪਾਲ ਸਾਹਿਲ ਨੇ ਆਪਣੇ ਨਾਵਲ “ਖੋਰਾ” ਵਿੱਚ ਲਿਖਿਆ ਹੈ ਕਿ ਕਿਸੇ ਵੀ ਵਿਅਕਤੀ ਦਾ ਜਨਮ-ਭੂਮੀ ਨਾਲ ਰਿਸ਼ਤਾ ਅਟੁੱਟ ਹੁੰਦਾ ਹੈ। ਉਸਦੇ ਸਰੀਰ ਦਾ ਇੱਕ ਅੰਗ ‘ਨਾੜੂਆ’ ਉਸ ਧਰਤੀ ਵਿੱਚ ਦੱਬਿਆ ਹੁੰਦਾ ਹੈ। ਸਰੀਰ ਦਾ ਇਹ ਅੰਗ “ਨਾੜੂਆ” ਪੂਰੀ ਉਮਰ ਉਸਨੂੰ ਆਪਣੀ ਜੰਮਣ ਭੂਮੀ ਵੱਲ ਖਿੱਚ ਪਾਉਂਦਾ ਰਹਿੰਦਾ ਹੈ। ਮਨੋਵਿਗਿਆਨੀਆਂ ਅਨੁਸਾਰ ਜਿੱਥੇ ਜ਼ਿੰਦਗੀ ਦਾ ਮੁਢਲਾ ਹਿੱਸਾ ਗੁਜ਼ਰਿਆ ਹੋਵੇ, ਉਸ ਨਾਲ ਲਗਾਅ ਤਾ-ਉਮਰ ਰਹਿੰਦਾ ਹੈ। ਉਸਦੇ ਸੁਪਨੇ ਆਉਣੇ ਸੁਭਾਵਿਕ ਹਨ।
ਅੱਜ ਮੈਂ ਆਪਣੇ ਅਚੇਤ ਮਨ ਵਿੱਚ ਪਈਆਂ ਉਹ ਗੱਲਾਂ ਆਪਜੀ ਨਾਲ ਸਾਂਝੀਆਂ ਕਰਾਂਗਾ ਜੋ ਸੁਪਨਿਆਂ ਦੇ ਰੂਪ ਵਿੱਚ ਮੇਰੀ ਹਰ ਸਮੇਂ ਉਂਗਲ ਫੜੀ ਰੱਖਦੀਆਂ ਹਨ। ਸਾਡਾ ਪਹਿਲਾ ਕੱਚਾ ਘਰ ਪਿੰਡ ਦੇ ਵਿਚਾਲੇ ਹੁੰਦਾ ਸੀ ਅਤੇ ਵਾੜਾ ਫਿਰਨੀ ਉੱਤੇ। ਕੱਚੇ ਘਰ ਦੇ ਨਾਲ ਅੱਧ-ਪੱਕਾ ਕੋਠਾ ਵੀ ਹੁੰਦਾ ਸੀ। ਇਸ ਘਰ ਵਿੱਚ ਜ਼ਿੰਦਗੀ ਦੇ ਪਹਿਲੇ ਪੱਚੀ ਸਾਲ ਗੁਜ਼ਾਰੇ। ਘਰ ਤਾਂ ਘਰ ਹੁੰਦਾ ਹੈ, ਉਸਦੀ ਪਛਾਣ ਨੂੰ ਕੱਚੇ ਜਾਂ ਪੱਕੇ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ। ਪ੍ਰਿੰਸੀਪਲ ਤੇਜਾ ਸਿੰਘ ਦੀਆਂ ਲਿਖੀਆਂ ਸਤਰਾਂ ਘਰ ਦੇ ਮਾਅਨਿਆਂ ਨੂੰ ਪਰਿਭਾਸ਼ਿਤ ਕਰਦੀਆਂ ਹਨ। “ਘਰ ਇੱਟਾਂ ਜਾਂ ਵੱਟਿਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ, ਘਰ ਤੋਂ ਭਾਵ ਜਿੱਥੇ ਸੱਧਰਾਂ, ਚਾਅ, ਲਾਡ, ਪਿਆਰ ਇਕੱਠੇ ਪਲਦੇ ਹਨ; ਦੁਨੀਆ ਗਾਹ ਕੇ, ਲਿਤਾੜ ਕੇ, ਕਮਾਈ ਕਰ ਕੇ ਪਰਤਣ ਨੂੰ ਜੀਅ ਕਰਦਾ ਹੈ।”
ਸਾਡੇ ਘਰ ਤੋਂ ਡੂੰਘੀ ਗਲੀ ਤੋਂ ਪਾਰ ਵਾੜਾ ਹੁੰਦਾ ਸੀ। ਵਾੜੇ ਦੀ ਲੰਬੀ ਛੰਨ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਇੱਕ ਹਿੱਸਾ ਪਸ਼ੂ ਬੰਨ੍ਹਣ ਲਈ ਅਤੇ ਦੂਜਾ ਕੱਖ-ਕੰਡਾ ਰੱਖਣ ਲਈ ਸੀ। ਨਾਲ ਹੀ ਹੱਥ ਵਾਲੀ ਟੋਕਾ ਮਸ਼ੀਨ ਵੀ ਸੀ। ਬਾਹਰ ਵਿਹੜੇ ਵਿੱਚ ਪੱਠੇ ਕੁਤਰਨ ਵਾਲੀ ਬਲਦਾਂ ਨਾਲ ਚੱਲਣ ਵਾਲੀ ਗੇੜੀ ਗੱਡੀ ਹੋਈ ਸੀ। ਵਾੜੇ ਵਾਲੀ ਛੰਨ ਦੇ ਪਿਛਲੇ ਪਾਸੇ ਵਾਲਾ ਖੇਤ ਫਿਰਨੀ ਨੂੰ ਜਾ ਲਗਦਾ ਸੀ, ਜੋ ਉਸ ਵੇਲੇ ਕੱਚੀ ਹੁੰਦੀ ਸੀ। ਵਾੜੇ ਵਾਲੀ ਛੰਨ ਦੀ ਦੱਖਣ ਦੇ ਪਾਸੇ ਵੱਲ ਦੀ ਕੰਧ ਹਰ ਬਰਸਾਤ ਡਿਗ ਪੈਂਦੀ, ਜਿਸਨੂੰ ਬੀਬੀ ਛੱਲੀਆਂ ਵੱਢਣ ਤੋਂ ਪਹਿਲਾਂ ਦੁਬਾਰਾ ਚਿਣ ਕੇ ਲਿੱਪ ਦਿੰਦੀ। ਇਹ ਉਹ ਸਮਾਂ ਸੀ ਜਦੋਂ ਬੱਦਲ ਚੜ੍ਹਨ ’ਤੇ ਕੱਚੇ ਘਰਾਂ ਵਾਲੇ ਫਿਕਰਮੰਦ ਹੋ ਜਾਂਦੇ ਸਨ ਅਤੇ ਝੜੀਆਂ ਮੌਕੇ ਤਾਂ ਜਿਵੇਂ ਜਾਨ ਮੁੱਠੀ ਵਿੱਚ ਆਈ ਰਹਿੰਦੀ ਸੀ।
ਫਿਰ ਵਾੜੇ ਵਾਲੀ ਥਾਂ ਪੱਕਾ ਮਕਾਨ ਬਣਾ ਲਿਆ। ਇਸ ਘਰ ਵਿੱਚ ਰਹਿੰਦਿਆਂ ਕਰੀਬ ਅਠਾਈ ਸਾਲ ਹੋ ਗਏ ਹਨ। ਆਲੇ-ਦੁਆਲੇ ਖੇਤਾਂ ਵਿੱਚ ਪੱਕੇ ਮਕਾਨਾਂ ਦੀ ਉਸਾਰੀ ਹੋ ਗਈ ਹੈ। ਮੈਂ ਅੱਜ ਤਕ ਆਪਣੇ ਪੱਕੇ ਘਰ ਨੂੰ ਸੁਪਨੇ ਵਿੱਚ ਕਦੇ ਨਹੀਂ ਦੇਖਿਆ; ਸੁਪਨੇ ਹੁਣ ਵੀ ਕੱਚੇ ਘਰ ਦੇ ਹੀ ਆਉਂਦੇ ਹਨ। ਸਾਉਣ ਮਹੀਨੇ ਵਿਹੜੇ ਵਿੱਚ ਲੱਕੜ ਦੇ ਮੋਟੇ-ਮੋਟੇ ਥੰਮ੍ਹ ਗੱਡ ਕੇ ਪਾਈ ਪੀਂਘ ਉੱਤੇ ਸਾਰਾ-ਸਾਰਾ ਦਿਨ ਗਲੀ-ਗੁਆਂਢ ਦੀਆਂ ਕੁੜੀਆਂ ਅਤੇ ਔਰਤਾਂ ਝੂਟਦੀਆਂ ਅਤੇ ਗੀਤ ਗਾਉਂਦੀਆਂ। ... ਵਾੜੇ ਦੇ ਨਾਲ ਵਾਲੇ ਖੇਤ ਵਿੱਚੋਂ ਫਿਰਨੀ ਤਕ ਪਗਡੰਡੀ ਸੀ। ਖੁਰਲੀ ’ਤੇ ਬੰਨ੍ਹੇ ਨੀਲੇ ਅਤੇ ਬੱਗੇ ਦੀ ਜੋੜੀ।
ਬੀਬੀ ਵੱਲੋਂ ਕੱਚੇ ਕੋਠਿਆਂ ਦੀ ਲਿਪਾਈ ਕਰਨ ਉਪਰੰਤ ਪਰੋਲਾ ਦੇ ਕੇ ਦੁੱਧ ਚਿੱਟੇ ਰੰਗ ਨਾਲ ਬਣਾਈਆਂ ਚਿੜੀਆਂ ਦੀ ਕਲਾਕਾਰੀ ਦੇਖਣ ਲਈ ਕਦੇ-ਕਦਾਈਂ ਸੁਪਨਮਈ ਗੇੜਾ ਹੁਣ ਵੀ ਲੱਗ ਜਾਂਦਾ ਹੈ। ਸੁਪਨੇ ਅੱਜ ਵੀ ਵਾੜੇ ਵਾਲੀ ਥਾਂ ’ਤੇ ਬਣੇ ਪੱਕੇ ਮਕਾਨ ਦੀ ਥਾਂ ਇੱਥੇ ਪੁਰਾਣੀ ਛੰਨ ਦੀ ਹੀ ਨਿਸ਼ਾਨਦੇਹੀ ਕਰਦੇ ਹਨ। ਕੱਚੀ ਫਿਰਨੀ ਹੁਣ ਪੱਕੀ ਸੜਕ ਵਿੱਚ ਤਬਦੀਲ ਹੋ ਚੁੱਕੀ ਹੈ ਪਰ ਸੁਪਨੇ ਅਜੇ ਵੀ ਇਸਨੂੰ ਕੱਚੀ ਹੀ ਮੰਨਦੇ ਹਨ। ਇਹ ਸਾਰੀਆਂ ਨਵੀਂਆਂ ਉਸਾਰੀਆਂ ਅਜੇ ਸੁਪਨਿਆਂ ਦੀ ਪਕੜ ਤੋਂ ਦੂਰ ਹਨ। ਸੁਪਨਿਆਂ ਦਾ ਆਪਣਾ ਵੱਖਰਾ ਹੀ ਹਿਸਾਬ-ਕਿਤਾਬ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































