AmrikSDayal 7ਕੋਈ ਅਜਿਹਾ ਵਿਸ਼ਾ ਨਹੀਂ ਸੀ ਜਿਸਦਾ ਚੇਤ ਰਾਮ ਨੂੰ ਗਿਆਨ ਨਾ ਹੋਵੇ। ਉਹ ਪੜ੍ਹਦਾ ...
(9 ਮਾਰਚ 2026)


ਦੁਨੀਆ ਇੱਕ ਰੰਗਮੰਚ ਹੈ। ਇੱਥੇ ਹਰ ਕੋਈ ਆਪਣੇ ਹਿੱਸੇ ਦਾ ਕਲਾਕਾਰ ਹੈ। ਹਰ ਇੱਕ ਨੇ ਆਪਣੀ ਭੂਮਿਕਾ ਨਿਭਾ ਕੇ ਮੰਚ ਤੋਂ ਲਾਂਭੇ ਹੋ ਜਾਣਾ ਹੈ। ਰੰਗਮੰਚ ਦੀ ਇਸ ਦੁਨੀਆ ਵਿੱਚ ਕਈ ਕਲਾਕਰ ਦਰਸ਼ਕਾਂ ਦੇ ਚੇਤਿਆਂ ਵਿੱਚ ਚਿਰਸਥਾਈ ਪ੍ਰਭਾਵ ਛੱਡ ਜਾਂਦੇ ਹਨ। ਅਜਿਹੇ ਹੀ ਸਨ ਸਾਡੇ ਪਿੰਡ ਦੇ ਲਾਲਾ ਚੇਤ ਰਾਮ ਜੀ।

ਲਾਲਾ ਚੇਤ ਰਾਮ ਦੀ ਭਾਵੇਂ ਸਾਡੇ ਪਿੰਡ ਵਿੱਚ ਛੋਟੀ ਜਿਹੀ ਦੁਕਾਨ ਹੁੰਦੀ ਸੀ ਪਰ ਉਹ ਸਿਰਫ ਦੁਕਾਨਦਾਰ ਨਾ ਹੋ ਕੇ ਹਰਫਨਮੌਲਾ ਬੰਦਾ ਸੀ। ਜਿੱਥੇ ਉਹ ਗੰਭੀਰ ਮਸਲਿਆਂ ’ਤੇ ਗੰਭੀਰ ਹੋ ਜਾਂਦਾ ਸੀ, ਉੱਥੇ ਹੀ ਉਹ ਰੱਜ ਕੇ ਸ਼ੁਗਲੀ ਵੀ ਸੀ। ਜੇਕਰ ਲਾਲਾ ਚੇਤ ਰਾਮ ਦੀ ਗੰਭੀਰਤਾ ਦੀ ਗੱਲ ਕਰੀਏ ਦੂਜੇ ਪਿੰਡਾਂ ਤਕ ਦੇ ਲੋਕ ਉਸ ਕੋਲ਼ੋਂ ਸਲਾਹ ਲੈਣ ਆਉਂਦੇ ਹੁੰਦੇ ਸਨ। ਉਸਨੂੰ ਰਾਹਕਾਰ ਬੰਦਾ ਮੰਨਦੇ ਸਨ। ਪਿੰਡ ਪੱਧਰ ’ਤੇ ਕਾਫ਼ੀ ਅਰਸਾ ਉਨ੍ਹਾਂ ਨੇ ਹਲਵਾਈ ਦਾ ਕੰਮ ਕੀਤਾ ਅਤੇ ਨਵੇਂ ਮੁੰਡੇ ਹਲਵਾਈ ਬਣਾਏ। ਜਦੋਂ ਉਸ ਨਾਲ ਸਹਾਇਕ ਹਲਵਾਈ ਵਜੋਂ ਕੰਮ ਕਰਦਾ ਅਜਮੇਰ ਫੌਜ ਵਿੱਚ ਭਰਤੀ ਹੋ ਗਿਆ ਤਾਂ ਉਹ ਫੁੱਟ-ਫੁੱਟ ਕੇ ਰੋਇਆ ਸੀ।

ਜਦੋਂ ਸਾਡੇ ਪਿੰਡ ਰਾਮ ਨਾਟਕ ਦੇ ਮੰਚਨ ਦੀ ਤਿਆਰੀ ਹੋ ਰਹੀ ਸੀ ਤਾਂ ਡਾਇਰੈਕਟਰ ਰਾਣਾ ਰਾਮ ਪ੍ਰਕਾਸ਼ ਦੁਆਰਾ ਲਿਆਂਦੇ ਉਰਦੂ ਵਿੱਚ ਲਿਖੇ ਰਾਮ ਨਾਟਕ ਨੂੰ ਹਿੰਦੀ ਵਿੱਚ ਅਨੁਵਾਦ ਕਰਨ ਦੀ ਜ਼ਿੰਮੇਵਾਰੀ ਲਾਲਾ ਚੇਤ ਰਾਮ ਨੇ ਲਈ। ਦਿੱਲੀ ਤੋਂ ਆਪਣੇ ਪਿੰਡ ਆ ਵਸੇ ਪੰਡਤ ਫਕੀਰ ਚੰਦ ਬੋਲਦੇ ਅਤੇ ਲਾਲਾ ਚੇਤ ਰਾਮ ਲਿਖਦੇ। ਲਾਲਾ ਜੀ ਉਰਦੂ ਦੇ ਨਾਲ-ਨਾਲ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਚੰਗੇ ਜਾਣੂ ਸਨ। ਲੰਡੇ ਭਾਵ ਮਹਾਜਨੀ ਲਿੱਪੀ ਵਿੱਚ ਵੀ ਉਹਨਾਂ ਦੀ ਮੁਹਾਰਤ ਸੀ। ਕਈ ਵਾਰ ਚੇਤ ਰਾਮ ਜੀ ਬੋਲਦੇ ਅਤੇ ਸੁੰਦਰ ਲਿਖਾਈ ਹੋਣ ਕਰਕੇ ਕੁਝ ਹਿੱਸਾ ਮੈਨੂੰ ਲਿਖਣ ਦਾ ਸੁਭਾਗ ਪ੍ਰਾਪਤ ਹੋਇਆ। ਲਾਲਾ ਜੀ ਗੀਤਕਾਰ ਵੀ ਕਮਾਲ ਦੇ ਸਨ। ਉਹਨਾਂ ਨੇ ਕਈ ਭਜਨ ਵੀ ਲਿਖੇ। ਉਹਨਾਂ ਦਾ ਲਿਖਿਆ ਭਜਨ “ਅੰਦਰ ਵੜਕੇ ਪੌੜੀ ਚੜ੍ਹਕੇ ਤੂੰ ਨਜ਼ਾਰਾ ਦੇਖ ਲੈ, ਪ੍ਰਭੂ ਦਾ ਪਿਆਰਾ ਦੇਖ ਲੈ” ਕਈ ਸਾਲ ਰਾਮ ਲੀਲ੍ਹਾ ਵਿੱਚ ਸੁਣਦੇ ਰਹੇ। ਨਾਟਕ ਦੇ ਦ੍ਰਿਸ਼ ਦੀ ਤਿਆਰੀ ਵਿੱਚ ਜੇਕਰ ਦੇਰੀ ਹੁੰਦੀ ਤਾਂ ਅਗਲੇ ਸਮੇਂ ਤਕ ਚੇਤ ਰਾਮ ਨੂੰ ਭਜਨ ਦੀ ਪੇਸ਼ਕਾਰੀ ਲਈ ਮੌਕਾ ਦਿੱਤਾ ਜਾਂਦਾ। ਇਹ ਉਹ ਸਮਾਂ ਸੀ ਜਦੋਂ ਦਰਸ਼ਕਾਂ ਦੀ ਵੱਡੀ ਭੀੜ ਜੁੜਦੀ ਹੁੰਦੀ ਸੀ। ਆਰਤੀ ਤੋਂ ਲੈ ਕੇ ਆਖਰੀ ਦ੍ਰਿਸ਼ ਤਕ ਦਰਸ਼ਕ ਹਿੱਲਣ ਦਾ ਨਾਂ ਤਕ ਨਹੀਂ ਸੀ ਲੈਂਦੇ ਹੁੰਦੇ। ਇਸ ਤੋਂ ਇਲਾਵਾ ਰਾਮ ਲੀਲ੍ਹਾ ਦੌਰਾਨ ਮੰਚ ’ਤੇ ਉਹਨਾਂ ਵੱਲੋਂ ਕੀਤੀ ਕਮੇਡੀ ਦਰਸ਼ਕਾਂ ਦੇ ਢਿੱਡੀਂ ਪੀੜਾਂ ਪੁਆ ਦਿੰਦੀ ਸੀ।

ਜਿਵੇਂ ਅੱਜਕੱਲ੍ਹ ਨਵੇਂ ਜ਼ਮਾਨੇ ਦੀਆਂ ਵੱਡੀਆਂ ਦੁਕਾਨਾਂ ਦੀ ਇੱਕ ਛੱਤ ਹੇਠ ਸਭ ਕੁਝ ਮਿਲ ਜਾਂਦਾ ਹੈ, ਉਹਨਾਂ ਵੇਲਿਆਂ ਵਿੱਚ ਚੇਤ ਰਾਮ ਦੀ ਦੁਕਾਨ ਵੀ ਕੁਝ ਅਜਿਹੀ ਹੀ ਸੀ। ਉਸਨੂੰ ਜੋਤਿਸ਼ ਵਿੱਦਿਆ ਦੇ ਗੁਰ ਵੀ ਆਉਂਦੇ ਸਨ। ਲੋਕ ਇਕਾਦਸ਼ੀ, ਮੱਸਿਆ, ਗੰਡ-ਮੂਲ, ਗ੍ਰਹਿ-ਚਾਲ, ਚੰਗੇ-ਮਾੜੇ ਦਿਨ, ਨਵਾਂ ਪ੍ਰੋਗਰਾਮ ਉਲੀਕਣ, ਚੱਠ ਦਾ ਮਹੂਰਤ ਅਤੇ ਸਾਹਾ ਮੁਕੱਰਰ ਕਰਨ ਲਈ ਚੇਤ ਰਾਮ ਕੋਲ ਤੁਰੇ ਰਹਿੰਦੇ। ਚੇਤ ਰਾਮ ਠਰ੍ਹੰਮੇ ਵਾਲਾ ਬੰਦਾ ਸੀ। ਸ਼ਾਇਦ ਹੁਣ ਵਾਂਗ ਅਖੌਤੀ ਨੱਠ-ਦੌੜ ਦਾ ਦੌਰ ਹਾਲੇ ਸ਼ੁਰੂ ਨਹੀਂ ਸੀ ਹੋਇਆ। ਬਾਕੀ ਕੰਮਾਂ ਦੇ ਨਾਲ-ਨਾਲ ਉਹ ਕਿਸੇ ਨੂੰ ਖਾਲੀ ਨਹੀਂ ਸੀ ਮੋੜਦਾ। ਹੱਟੀ ਤੋਂ ਸੌਦਾ-ਪੱਤਾ ਲੈਣ ਆਏ ਨਿਆਣਿਆਂ ਤੋਂ ਪ੍ਰਸ਼ਨ ਪੁੱਛ ਕੇ ਉਸਦਾ ਮੁਲਾਂਕਣ ਕਰਦਾ ਅਤੇ ਚੰਗੇ ਨਿਆਣਿਆਂ ਬਾਰੇ ਗੱਲਾਂ ਉਹਨਾਂ ਦੇ ਮਾਪਿਆਂ ਨੂੰ ਖੁਸ਼ ਹੋ ਕੇ ਦੱਸਦਾ। ਸਾਰੇ ਪਿੰਡ ਦੇ ਨਿਆਣਿਆਂ ਲਈ ਉਹ ਚੇਤੂ ਬਾਬਾ ਸੀ। ਸਿਆਣਿਆਂ ਵਿੱਚ ਸਿਆਣਾ, ਨਿਆਣਿਆਂ ਵਿੱਚ ਨਿਆਣਾ। ਮਾਹੌਲ ਮੁਤਾਬਿਕ ਢਲ਼ ਜਾਣ ਵਾਲਾ। ਪਿੰਡ ਦੇ ਕੇਂਦਰ ਵਿੱਚ ਚੇਤ ਰਾਮ ਦੀ ਦੁਕਾਨ ਨਾਲ ਛੋਟੀ ਜਿਹੀ ਮਾਰਕੀਟ ਵੀ ਉਸਦੀ ਆਪਣੀ ਸੀ ਜਿਸਦੀ ਇੱਕ ਦੁਕਾਨ ਵਿੱਚ ਭੱਲਾ ਟੇਲਰ ਮਾਸਟਰ ਹੁੰਦਾ ਸੀ, ਜਿੱਥੇ ਬਾਅਦ ਵਿੱਚ ਉਹਨਾਂ ਦਾ ਸ਼ਗਿਰਦ ਰਾਮ ਪ੍ਰਕਾਸ਼ ਬੱਗੂ ਰਿਹਾ। ਨਾਲ ਰਾਣਾ ਅਵਤਾਰ ਸਿੰਘ ਦੀ ਬਜਾਜੀ ਦੀ ਦੁਕਾਨ ਅਤੇ ਨਾਲ ਵਾਲੀ ਦੁਕਾਨ ਆਂਡਿਆਂ ਦੀ ਹੁੰਦੀ ਸੀ। ਇੱਕ ਹਿੱਸਾ ਖਾਲੀ ਸੀ, ਜਿੱਥੇ ਭਾਂਡਿਆਂ ਵਗੈਰਾ ਦੀਆਂ ਆਰਜ਼ੀ ਦੁਕਾਨਾਂ ਲਗਦੀਆਂ ਰਹਿੰਦੀਆਂ ਸਨ। ਮਾਰਕੀਟ ਦੇ ਛੋਟੇ ਜਿਹੇ ਗਲੀ ਵੱਲ ਦੇ ਖਾਲੀ ਵਿਹੜੇ ਵਿੱਚ ਸਾਰਾ ਦਿਨ ਤਾਸ਼ ਅਤੇ ਛਿਕੜੀ ਦੀਆਂ ਬਾਜ਼ੀਆਂ ਲਗਦੀਆਂ ਸਨ। ਖੇਡਦਿਆਂ ਨੂੰ ਦੇਖਣ ਵਾਲਿਆਂ ਵਿੱਚ ਵੀ ਪੂਰਾ ਜੋਸ਼ ਹੁੰਦਾ ਸੀ। ਕਈ ਸਾਲਾਂ ਬਾਅਦ ਇਸ ਮਾਰਕੀਟ ਦਾ ਨਵੀਨੀਕਰਨ ਕਰਕੇ ਸਭ ਕੁਝ ਇੱਕ ਛੱਤ ਹੇਠ ਕਰ ਲਿਆ। ਲਾਲਾ ਜੀ ਦੀ ਦੁਕਾਨ ਮੋਹਰੇ ਲਿਖੀਆਂ ਸਤਰਾਂ “ਅਰੇ ਭਾਈ ਕਿਧਰ ਜਾ ਰਹੇ ਹੋ, ਕਿਧਰ ਕਾ ਧਿਆਨ ਹੈ, ਯਹੀ ਤੋਂ ਅਜ਼ੀਜ਼ ਚੇਤ ਰਾਮ ਕੀ ਦੁਕਾਨ ਹੈ” ਪੁਰਾਣੇ ਬੰਦਿਆਂ ਨੂੰ ਅੱਜ ਵੀ ਯਾਦ ਹੋਣਗੀਆਂ।

ਚੇਤ ਰਾਮ ਮਜ਼ਾਕੀਆ ਸੁਭਾਅ ਵਾਲਾ ਸੀ ਅਤੇ ਸ਼ਾਮ ਵਾਲੀ ਗਲਾਸੀ ਦਾ ਸ਼ੁਕੀਨ ਵੀ। ਉਸ ਤੋਂ ਵੀ ਵੱਧ ਲੋਕ ਉਸਦੀਆਂ ਗੱਲਾਂ ਦੇ ਮੁਰੀਦ ਸਨ। ਉਹ ਗੱਲਕਾਰ ਵੀ ਸਿਰੇ ਦਾ ਸੀ ਅਤੇ ਗੱਲਾਂ ਪਤਾ ਨਹੀਂ ਉਸ ਨੂੰ ਕਿੱਥੋਂ ਅਹੁੜਦੀਆਂ ਸਨ। ਇੱਕ ਵਾਰ ਉਸਨੇ ਗੱਲ ਸਾਂਝੀ ਕੀਤੀ, “ਭਰਾਵੋ, ਮੈਂ ਦਾਰੂ ਨਹੀਂ ਛੱਡ ਸਕਦਾ, ਕੱਲ੍ਹ ਮੈਂ ਦਾਰੂ ਛੱਡਣ ਬਾਰੇ ਘਰ ਗੱਲ ਹੀ ਕੀਤੀ ਸੀ ਕਿ ਮੇਰੀ ਘਰਵਾਲੀ ਰੋਣ ਲੱਗ ਪਈ। ਅਖੇ, ਅੱਜ ਤਾਂ ਤੂੰ ਦਾਰੂ ਛੱਡੀ, ਕੱਲ੍ਹ ਨੂੰ ਮੈਨੂੰ ਵੀ ਛੱਡ ਦਊਂਗਾ। ਸ਼ੁਗਲ ਵਾਲੀ ਗੱਲ ਦੀ ਉਸਦੀ ਪੇਸ਼ਕਾਰੀ ਹੀ ਨਵੇਕਲੀ ਸੀ, ਸਰੋਤਿਆਂ ਨੂੰ ਕੀਲ ਕੇ ਰੱਖ ਲੈਣ ਵਾਲੀ। ਲਾਲਾ ਜੀ ਦਾ ਵੈਦ ਦੇ ਤੌਰ ’ਤੇ ਵੀ ਚੰਗਾ ਹੱਥ-ਜੱਸ ਸੀ। ਉਹਨਾਂ ਕੋਲ ਅਜਿਹੇ ਦੇਸੀ ਨੁਸਖੇ ਸਨ, ਜਿਨ੍ਹਾਂ ਦੇ ਦੂਰ-ਦੂਰ ਤਕ ਚਰਚੇ ਸਨ। ਬਹੁਤੇ ਨੁਸਖੇ ਉਹਨਾਂ ਨੂੰ ਜ਼ੁਬਾਨੀ ਯਾਦ ਸਨ ਅਤੇ ਕੁਝ ਲਿਖੇ ਹੋਏ ਵੀ ਸਨ। ਇਨ੍ਹਾਂ ਨੂੰ ਇੱਕ ਥਾਂ ਇਕੱਠੇ ਕਰਨ ਲਈ ਉਹਨਾਂ ਨੇ ਮੇਰੇ ਕੋਲੋਂ ਇਹ ਇੱਕ ਕਾਪੀ ਵਿੱਚ ਲਿਖਵਾਏ ਸਨ। ਇਹ ਕਾਪੀ ਅੱਜ ਵੀ ਉਹਨਾਂ ਦੇ ਪੁੱਤਰ ਅਨੂਪ ਨੂਪੀ ਕੋਲ ਮਹਿਫੂਜ਼ ਹੈ। ਜੜੀ-ਬੂਟੀਆਂ ਦਾ ਨਾਂ ਲਿਖੇ ਵਾਲੀਆਂ ਪੀਪੀਆਂ ਅੱਜ ਵੀ ਦੁਕਾਨ ਦੇ ਇੱਕ ਹਿੱਸੇ ਵਿੱਚ ਸੰਭਾਲੀਆਂ ਪਈਆਂ ਹਨ।

ਕੋਈ ਅਜਿਹਾ ਵਿਸ਼ਾ ਨਹੀਂ ਸੀ ਜਿਸਦਾ ਚੇਤ ਰਾਮ ਨੂੰ ਗਿਆਨ ਨਾ ਹੋਵੇ। ਉਹ ਪੜ੍ਹਦਾ ਵੀ ਸੀ, ਦੂਜਿਆਂ ਦੀਆਂ ਗੱਲਾਂ ਨੀਝ ਨਾਲ ਸੁਣਦਾ ਵੀ ਸੀ ਅਤੇ ਉਹਨਾਂ ਗੱਲਾਂ ਨੂੰ ਲੜੀ ਵਿੱਚ ਪ੍ਰੋਅ ਕੇ ਦੂਜਿਆਂ ਮੋਹਰੇ ਪੇਸ਼ ਕਰਨ ਦੀ ਕਲਾ ਵਿੱਚ ਉਸਦਾ ਕੋਈ ਸਾਨੀ ਨਹੀਂ ਸੀ। ਲਾਲਾ ਚੇਤ ਰਾਮ ਨੇ ਬੰਬੇ ਵਿੱਚ 3-4 ਮਹੀਨੇ ਦੀ ਠਹਿਰ ਦੌਰਾਨ ਉਸ ਵੇਲੇ ਦੀਆਂ ਮਸ਼ਹੂਰ ਹੀਰੋਇਨਾਂ ਨੂੰ ਵੀ ਦੇਖਿਆ ਸੀ। ਇਸ ਬਾਬਤ ਉਹਨਾਂ ਦੀਆਂ ਗੱਲਾਂ ਸੁਣਨ ਵਾਲੀਆਂ ਹੁੰਦੀਆਂ ਸਨ। ਇਹ ਗੱਲਾਂ ਉਹ ਜ਼ਿੰਦਗੀ ਦੇ ਆਖਰੀ ਦਿਨਾਂ ਤਕ ਸੁਣਾਉਂਦੇ ਰਹੇ। ਪੇਸ਼ਕਾਰੀ ਦਾ ਗੁਰ ਹੋਣ ਕਰਕੇ ਉਹ ਸਰੋਤਿਆਂ ਨੂੰ ਕੀਲ ਕੇ ਰੱਖਣ ਦੀ ਸਮਰੱਥਾ ਰੱਖਦੇ ਸਨ। ਉਹ ਇੱਕੋ ਸਮੇਂ ਦੁਕਾਨਦਾਰ, ਹਲਵਾਈ, ਗੀਤਕਾਰ, ਗਵੱਈਆ, ਸਟੇਜੀ ਕਲਾਕਾਰ, ਪਾਠਕ, ਜੋਤਿਸ਼ੀ, ਵੈਦ, ਸਲਾਹਕਾਰ, ਅਨੁਵਾਦਕ ਅਤੇ ਇਸ ਤੋਂ ਵੱਧ ਸਾਰਿਆਂ ਦਾ ਸਾਂਝਾ ਚੰਗਾ ਸਮਾਜੀ ਬੰਦਾ ਸੀ। ਜ਼ਿੰਦਗੀ ਦੇ ਨੌਂਵੇਂ ਦਹਾਕੇ ਵਿੱਚ ਭਾਵੇਂ ਉਹ ਉੱਪਰਲਿਆਂ ਵਿੱਚ ਜਾ ਰਲਿਆ ਹੈ ਪਰ ਹਰਫਨ-ਮੌਲਾ ਚੇਤ ਰਾਮ ਲੋਕਾਂ ਦੇ ਚੇਤਿਆਂ ਵਿੱਚ ਅੱਜ ਵੀ ਵਸਿਆ ਹੋਇਆ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਅਮਰੀਕ ਸਿੰਘ ਦਿਆਲ

ਅਮਰੀਕ ਸਿੰਘ ਦਿਆਲ

Kalewal Beet, Hoshiarpur, Punjab, India.
Phone: (91 - 94638 - 51568)
Email: (amrikdayal@gmail.com)

More articles from this author