“ਅਸੀਂ ਵੀ ਗੱਲਾਂਬਾਤਾਂ ਰਾਹੀਂ ਟੂਰ ਦਾ ਲੇਖਾ-ਜੋਖਾ ਕਰਦਿਆਂ ਭਾਰਤ ਦੀ ਅਨੇਕਤਾ ਵਿੱਚ ਏਕਤਾ ...”
(9 ਅਗਸਤ 2025)
ਗੁਜਰਾਤ ਟੂਰ ਦੌਰਾਨ ਦਵਾਰਕਾ ਵਿਖੇ ਚਾਰ ਦਿਨ ਰਹਿਣ ਉਪਰੰਤ ਵਾਪਸੀ ਮੌਕੇ ਆਖਰੀ ਰੇਲਵੇ ਸਟੇਸ਼ਨ ਓਖਾ ਤੋਂ ਰਾਤ ਸਾਢੇ ਨੌਂ ਵਜੇ ਗੱਡੀ ਤੁਰਨੀ ਸੀ। ਅਸੀਂ ਘੰਟਾ ਕੁ ਪਹਿਲਾਂ ਸਟੇਸ਼ਨ ਪਹੁੰਚ ਗਏ। ਜੂਨ ਮਹੀਨਾ ਹੋਣ ਕਰਕੇ ਗਰਮੀ ਵੀ ਪੂਰੇ ਜੋਬਨ ’ਤੇ ਸੀ। ਸਟੇਸ਼ਨ ’ਤੇ ਪੂਰੀ ਚਹਿਲ-ਪਹਿਲ ਸੀ। ਪੱਖਿਆਂ ਹੇਠਲੇ ਬੈਂਚ ਸਵਾਰੀਆਂ ਨੇ ਪਹਿਲਾਂ ਹੀ ਮੱਲੇ ਹੋਏ ਸਨ। ਇੱਧਰ-ਉੱਧਰ ਟਹਿਲ ਕੇ ਸਮਾਂ ਬਿਤਾਉਣ ਦਾ ਮਨ ਬਣਾਇਆ। ਥੋੜ੍ਹੀ ਦੇਰ ਬਾਅਦ ਹੀ ਗੱਡੀ ਪਲੇਟਫਾਰਮ ’ਤੇ ਪਹੁੰਚ ਗਈ। ਅਸੀਂ ਆਪੋ-ਆਪਣੀਆਂ ਸੀਟਾਂ ’ਤੇ ਬੈਠੇ ਤਾਂ ਗੱਡੀ ਵਿੱਚ ਚਲਦੇ ਏਸੀ ਨੇ ਗਰਮੀ ਦੇ ਝੰਬੇ ਹੋਏ ਸਰੀਰਾਂ ਵਿੱਚ ਜਾਨ ਪਾ ਦਿੱਤੀ। ਸਾਰੇ ਆਪਣਾ-ਆਪਣਾ ਸਮਾਨ ਟਿਕਾਣੇ ਸਿਰ ਕਰਕੇ ਗੱਡੀ ਤੁਰਨ ਦੇ ਇੰਤਜ਼ਾਰ ਵਿੱਚ ਸਨ। ਹਲਕੇ ਜਿਹੇ ਝਟਕੇ ਨਾਲ ਗੱਡੀ ਨੇ ਆਪਣੇ ਮਿਥੇ ਸਮੇਂ ’ਤੇ ਸਟੇਸ਼ਨ ਨੂੰ ਅਲਵਿਦਾ ਆਖ ਦਿੱਤਾ।
ਨਿਆਣੇ ਅਤੇ ਬੀਬੀਆਂ ਸੌਣ ਦਾ ਆਹਰ ਕਰਨ ਲੱਗ ਪਏ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਰਾਤ ਲਈ ਪੈਕ ਕਰਕੇ ਭੇਜਿਆ ਖਾਣਾ ਸਭ ਨੇ ਖਾ ਲਿਆ ਸੀ। ਸਾਡੇ ਨਾਲ ਦੇ ਯਾਤਰੀਆਂ ਸਮੇਤ ਡੱਬੇ ਦੀਆਂ ਜ਼ਿਆਦਾਤਰ ਸਵਾਰੀਆਂ ਨੇ ਸੌਣ ਲਈ ਵਿਚਕਾਰਲੀਆਂ ਸੀਟਾਂ ਸਿੱਧੀਆਂ ਕਰ ਕੇ ਲਾਈਟਾਂ ਬੰਦ ਕਰ ਲਈਆਂ ਸਨ। ਇਨ੍ਹਾਂ ਵਿੱਚੋਂ ਬਹੁਤੇ ਲੇਟ ਕੇ ਉਂਗਲੀ ਰਾਹੀਂ ਮੋਬਾਇਲ ਦੀ ਫਰੋਲਾ-ਫਰਾਲੀ ਕਰਨ ਵਿੱਚ ਰੁੱਝ ਹੋਏ ਸਨ। ਸਮੇਂ ਦੀ ਸੂਈ ਗਿਆਰਾਂ ਦੇ ਨੇੜੇ ਸੀ। ਸਾਡੇ ਕੈਬਿਨ ਵਾਲੀਆਂ ਹੇਠਲੀਆਂ ਅਤੇ ਸਾਈਡ ਵਾਲੀਆਂ ਸੀਟਾਂ ਕਿਸੇ ਹੋਰ ਸੂਬੇ ਦੇ ਦੋਂਹ ਪਰਿਵਾਰਾਂ ਕੋਲ ਰਾਖਵੀਆਂ ਸਨ, ਵਿਚਕਾਰ ਵਾਲੀਆਂ ਅਤੇ ਉੱਪਰਲੀਆਂ ਸਾਡੇ ਕੋਲ। ਦੇਖਣ ਵਿੱਚ ਇਹ ਪੜ੍ਹੇ-ਲਿਖੇ ਪਰਿਵਾਰ ਲਗਦੇ ਸਨ। ਇਹ ਹਾਲੇ ਸੌਣ ਦਾ ਨਾਂ ਨਹੀਂ ਸਨ ਲੈ ਰਹੇ। ਅਸੀਂ ਵੀ ਗੱਲਾਂਬਾਤਾਂ ਰਾਹੀਂ ਟੂਰ ਦਾ ਲੇਖਾ-ਜੋਖਾ ਕਰਦਿਆਂ ਭਾਰਤ ਦੀ ਅਨੇਕਤਾ ਵਿੱਚ ਏਕਤਾ ਦੀਆਂ ਗੱਲਾਂ ਵਿੱਚ ਮਸ਼ਰੂਫ਼ ਸਾਂ। ਸਾਢੇ ਕੁ ਗਿਆਰਾਂ ਵਜੇ ਦੂਜੇ ਪਰਿਵਾਰ ਦੇ ਵਡੇਰੇ ਮੈਂਬਰ ਨੇ ਸਾਡੇ ਨੇੜੇ ਆ ਕੇ ਜਿਵੇਂ ਬੇਨਤੀ ਕੀਤੀ ਹੋਵੇ, “ਹਮਾਰੀ ਗੁਡੀਆ ਕਾ ਜਨਮ ਦਿਨ ਹੈ। ਕੁਛ ਸਮੇਂ ਕੇ ਲੀਏ ਹਮੇਂ ਆਪਕੀ ਸੀਟੇਂ ਚਾਹੀਏ। ਹਮ ਪੂਰੀ ਤੈਆਰੀ ਕਰਕੇ ਆਏ ਹੈਂ।”
ਅਜਿਹੀਆਂ ਖੁਸ਼ੀਆਂ ਵਿੱਚ ਭਲਾ ਕੌਣ ਰੋੜਾ ਬਣਨਾ ਚਾਹੁੰਦਾ ਹੈ। ਸਾਡੇ ਸਾਥੀਆਂ ਨੇ ਇਸ ਮੁਬਾਰਕ ਮੌਕੇ ਨਿਮਰਤਾ ਸਹਿਤ ਸਹਿਮਤੀ ਪ੍ਰਗਟਾਈ। ਅੱਧੀ ਰਾਤ ਵੇਲੇ ਆਯੋਜਿਤ ਹੋਣ ਵਾਲੇ ਜਸ਼ਨ ਦੇ ਅਸੀਂ ਅਣਸੱਦੇ ਮਹਿਮਾਨ ਬਣ ਗਏ। ਬਾਕੀ ਯਾਤਰੀ ਘੂਕ ਸੁੱਤੇ ਪਏ ਸਨ। ਦੋਵੇਂ ਪਰਿਵਾਰ ਆਹਮਣੇ-ਸਾਹਮਣੇ ਵਾਲੀਆਂ ਅਤੇ ਅਸੀਂ ਸਾਈਡ ਵਾਲੀਆਂ ਸੀਟਾਂ ’ਤੇ ਬੈਠੇ ਇੰਤਜ਼ਾਰ ਵਿੱਚ ਸਾਂ।
ਸਮਾਂ ਨੇੜੇ ਆਉਣ ਕਰਕੇ ਖੁਸ਼ੀ ਵਾਲਾ ਮਾਹੌਲ ਬਣਨਾ ਸ਼ੁਰੂ ਹੋ ਗਿਆ। ਸੀਟ ਉੱਤੇ ਕੇਕ ਅਤੇ ਹੋਰ ਖਾਣ ਵਾਲਾ ਸਮਾਨ ਰੱਖਿਆ ਲਿਆ ਗਿਆ। ਅੱਜ ਦੀ ਮੁੱਖ ਮਹਿਮਾਨ ਜਨਮ ਦਿਨ ਵਾਲੀ ਬੱਚੀ ਵਿਚਕਾਰ ਬੈਠੀ ਗਈ ਸੀ। ਘੜੀ ਦੀਆਂ ਤਿੰਨ ਸੂਈਆਂ ਦਾ ਮਿਲਾਪ ਹੋਣ ਦੀ ਹੀ ਦੇਰ ਸੀ ਕਿ ਡੱਬੇ ਦੇ ਇੱਕ ਹਿੱਸੇ ਵਿਚਲਾ ਮਾਹੌਲ “ਹੈਪੀ ਬਰਥ ਡੇ ਟੂ ਯੂ” ਨਾਲ ਵੱਖਰੇ ਰੰਗ ਵਿੱਚ ਰੰਗਿਆ ਗਿਆ। ਪਰਿਵਾਰ ਦੇ ਚਿਹਰਿਆਂ ਦੀ ਖੁਸ਼ੀ ਦੇਖਣ ਵਾਲੀ ਸੀ। ਤਾੜੀਆਂ ਵਜਾ ਕੇ ਅਸੀਂ ਵੀ ਆਪਣੀ ਹਾਜ਼ਰੀ ਦਾ ਸਬੂਤ ਦੇ ਦਿੱਤਾ।
ਗੱਡੀ ਆਪਣੇ ਵੇਗ ਨਾਲ ਦੌੜਦੀ ਜਾ ਰਹੀ ਸੀ। ਕਿਤੇ-ਕਿਤੇ ਹਨੇਰਾ ਆ ਜਾਂਦਾ ਅਤੇ ਤੇਜ਼ ਰੋਸ਼ਨੀਆਂ ਫਿਰ ਹਨੇਰੇ ਨੂੰ ਚੀਰ ਕੇ ਚਾਨਣ ਬਖੇਰ ਦਿੰਦੀਆਂ ਸਨ। ਜਿਵੇਂ ਕਬੀਲਦਾਰ ਬੰਦੇ ਸਾਕਾਚਾਰੀ ਵਿਚਲੇ ਸਮਾਗਮ ਤੋਂ ਪਹਿਲਾਂ ਸਲਾਹ-ਮਸ਼ਵਰਾ ਕਰਦੇ ਹਨ, ਸਾਡੇ ਸਿਆਣੇ ਸਾਥੀਆਂ ਪ੍ਰੇਮ ਧੀਮਾਨ, ਸ਼ਿੰਗਾਰਾ ਮੋਰਿੰਡਾ, ਸੁਧੀਰ ਰਾਣਾ, ਨਰਿੰਦਰ ਚਾਵਲਾ, ਜਸਪਾਲ ਧੰਜਲ ਅਤੇ ਕਮਲਜੀਤ ਨੇ ਸਰਬਸੰਮਤੀ ਕੀਤੀ ਕਿ ਬੱਚੀ ਲਈ ਸਾਡੇ ਵੱਲੋਂ ਸ਼ਗਨ ਦੇਣਾ ਬਣਦਾ ਹੈ। ਅਸੀਂ ਬੱਚੀ ਨੂੰ ਸ਼ਗਨ ਦੇ ਰੂਪ ਵਿੱਚ ਚੰਦ ਛਿੱਲੜ ਫੜਾਉਂਦਿਆਂ ਸ਼ੁਭ ਇੱਛਾਵਾਂ ਦਿੱਤੀਆਂ, ਉਸਦੇ ਭਵਿੱਖ ਲਈ ਅਰਦਾਸ ਅਤੇ ਕਾਮਨਾ ਕੀਤੀ। ਡੱਬੇ ਦਾ ਮਾਹੌਲ ਭਾਵੁਕ ਹੋ ਗਿਆ।
ਦੂਜੀ ਧਿਰ ਸ਼ਗਨ ਲੈਣ ਤੋਂ ਮਨ੍ਹਾ ਕਰ ਰਹੀ ਸੀ। ਸ਼ਾਇਦ ਉਹਨਾਂ ਨੂੰ ਜਾਪਦਾ ਹੋਵੇ ਕਿ ਇਹ ਅਜਨਬੀ ਰਾਹੀ ਸਾਡੇ ਕੀ ਲਗਦੇ ਹਨ? ਸਾਡੇ ਵੱਲੋਂ ਨਰਿੰਦਰ ਚਾਵਲਾ ਨੇ ਹੱਥ ਜੋੜ ਕੇ ਤਾਕੀਦ ਕੀਤੀ, “ਇਹ ਸ਼ਿਸ਼ਟਾਚਾਰ ਦੀ ਗੱਲ ਹੈ ਜੀ, ਐਸ ਵੇਲੇ ਅਸੀਂ ਸੱਤ ਬੰਦੇ ਸਮੁੱਚੇ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਹਾਂ। ਸਾਡੇ ਗੁਰੂ ਸਾਹਿਬਾਨ ਨੇ ਇਸਤਰੀ ਨੂੰ ਰਾਜਿਆਂ ਦੀ ਜਨਮ ਦਾਤੀ ਕਹਿਕੇ ਵਡਿਆਇਆ ਹੈ।” ਨਰਿੰਦਰ ਦੇ ਬੋਲਾਂ ਵਿੱਚ ਲੋਹੜੇ ਦੀ ਅਪਣੱਤ ਸੀ। ਮਾਹੌਲ ਅੰਦਰ ਸਦਭਾਵਨਾ ਠਾਠਾਂ ਮਾਰ ਰਹੀ ਸੀ।
ਗੱਲਾਂ ਦਾ ਆਦਾਨ-ਪ੍ਰਦਾਨ ਕਰਦਿਆਂ ਪਿੰਡਾਂ ਵਿੱਚ ਸਪੀਕਰ ਲੱਗਣ ਦੇ ਸਮੇਂ ਵਾਲਾ ਤੜਕਾ ਹੋ ਗਿਆ। ਗੱਡੀ ਦੀ ਸਪੀਡ ਤੋਂ ਇੰਜ ਲੱਗ ਰਿਹਾ ਸੀ ਜਿਵੇਂ ਇਸਨੇ ਰਾਤੋ-ਰਾਤ ਸਾਰੀ ਵਾਟ ਖਤਮ ਲੈਣੀ ਹੋਵੇ। ਮੱਲੋ-ਮੱਲੀ ਅੱਖਾਂ ਮੀਚ ਹੋਣ ਲੱਗੀਆਂ।
ਸਵੇਰੇ ਉੱਠੇ ਤਾਂ ਦੋਵੇਂ ਪਰਿਵਾਰ ਆਪਣੀ ਯਾਤਰਾ ਦੇ ਅਗਲੇ ਪੜਾਅ ਵੱਲ ਜਾ ਚੁੱਕੇ ਸਨ। ਉਹਨਾਂ ਦੀ ਥਾਂ ’ਤੇ ਆਏ ਨਵੇਂ ਯਾਤਰੀ ਹਾਲੇ ਸੀਟਾਂ ’ਤੇ ਗੂੜ੍ਹੀ ਨੀਂਦ ਸੁੱਤੇ ਪਏ ਸਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (