“ਝੜੀਆਂ ਦੌਰਾਨ ਕੱਚੇ ਕੋਠੇ ਵਾਲਿਆਂ ਦੀ ਜਾਨ ਮੁੱਠੀ ਵਿੱਚ ਆਈ ਰਹਿੰਦੀ। ਰਾਤ ਵੇਲੇ ...”
(16 ਫਰਵਰੀ 2026)
ਸਾਵਣ ਕਵੀ ਦਰਬਾਰ ਮੌਕੇ ਸ਼ਾਇਰ ਵਿਜੇ ਭੱਟੀ ਦੁਆਰਾ ਗਾਈ ਇਕਵਿੰਦਰ ਢੱਟ ਦੀ ਰਚਨਾ ਦਿਲ ਨੂੰ ਛੂਹ ਗਈ ਸੀ। ਪੇਸ਼ਕਾਰੀ ਕਮਾਲ ਦੀ ਸੀ। ਰਚਨਾ ਦੇ ਬੋਲ:
ਝੌਂਪੜੀਆਂ ਨੇ ਰੋਣਾ ਹੈ ਬਰਸਾਤਾਂ ਨੂੰ,
ਮਹਿਲਾਂ ਨੇ ਖੁਸ਼ ਹੋਣਾ ਹੈ ਬਰਸਾਤਾਂ ਨੂੰ।
ਧੂੜ ਵਿੱਚ ਲਥਪਥ ਆਪਣਾ ਰੂਪ ਸ਼ਿੰਗਾਰਨ ਲਈ,
ਸੜਕਾਂ ਨੇ ਮੂੰਹ ਧੋਣਾ ਹੈ ਬਰਸਾਤਾਂ ਨੂੰ।
ਖੂੰਜੇ ਬਹਿਕੇ ਸਾਰੀ ਰਾਤ ਗੁਜ਼ਾਰਾਂਗੇ,
ਸਾਡਾ ਘਰ ਵੀ ਚੋਣਾਂ ਹੈ ਬਰਸਾਤਾਂ ਨੂੰ।
ਕੱਚੇ ਰਾਹ ਦੇ ਉੱਤੇ ਘਰ ਹੈ ਸੱਜਣਾ ਦਾ,
ਇਸੇ ਗੱਲ ਦਾ ਰੋਣਾ ਹੈ ਬਰਸਾਤਾਂ ਨੂੰ।
ਗਾਣਾ ਸੁਣਦਿਆਂ ਮਨ ਉਡਾਰੀ ਭਰਦਿਆਂ ਅਤੀਤ ਦੀ ਬੁੱਕਲ ਵਿੱਚ ਜਾ ਬੈਠਾ। ਚਾਲ਼ੀ ਕੁ ਵਰ੍ਹੇ ਤੋਂ ਕਾਫ਼ੀ ਸਮਾਂ ਪਹਿਲਾਂ ਦੀਆਂ ਗੱਲਾਂ ਹਨ। ਉਦੋਂ ਕੱਚੇ ਕੋਠਿਆਂ ਦਾ ਦੌਰ ਸੀ। ਉਹਨਾਂ ਦਿਨਾਂ ਵਿੱਚ ਕੋਠੀਆਂ ਤਾਂ ਦਾਣੇ ਪਾਉਣ ਵਾਲੀਆਂ ਹੁੰਦੀਆਂ ਸਨ। ਗੇਟ ਰਹਿਤ ਘਰ ਹੁੰਦੇ ਸਨ। ਕਿਸੇ ਦੇ ਘਰ ਜਾਣ ਲਈ ਗੇਟ ਖੜਕਾਉਣ ਜਾਂ ਘੰਟੀ ਵਜਾ ਕੇ ਸੂਚਨਾ ਦੇਣ ਦੀ ਲੋੜ ਹਾਲੇ ਸਾਡੀ ਸੱਭਿਅਤਾ ਦਾ ਹਿੱਸਾ ਨਹੀਂ ਸੀ ਬਣੀ। ਘਰ ਮੋਹਰੇ ਜਾ ਕੇ ਹੇਕ ਨਾਲ ਹਾਕ ਮਾਰ ਲਈ ਜਾਂਦੀ ਸੀ। ਜ਼ਿਆਦਾਤਰ ਕੱਚੇ ਕੋਠੇ ਸਨ ਪਰ ਆਪਸੀ ਸਾਂਝ ਦੀਆਂ ਤੰਦਾਂ ਪਕੇਰੀਆਂ ਸਨ। ਬਰਸਾਤ ਵਿੱਚ ਕੱਚੇ ਕੋਠਿਆਂ ਦਾ ਚੋਣਾ ਆਮ ਗੱਲ ਹੁੰਦੀ ਸੀ। ਬਰਸਾਤਾਂ ਵੀ ਹੁਣ ਨਾਲੋਂ ਲੰਮੀਆਂ ਹੁੰਦੀਆਂ ਸਨ। ਜਿਨ੍ਹਾਂ ਕੱਚੇ ਕੋਠਿਆਂ ’ਤੇ ਰੌਂਠੀ (ਛੰਨ) ਜਾਂ ਟੀਨ ਹੁੰਦੀ ਸੀ, ਉਹਨਾਂ ਦੇ ਚੋਣ ਦਾ ਕੋਈ ਡਰ ਨਹੀਂ ਸੀ ਹੁੰਦਾ। ਵਰਖਾ ਰੁਕਣ ਤੋਂ ਕਈ ਘੰਟੇ ਬਾਅਦ ਵੀ ਕੱਚੇ ਕੋਠਿਆਂ ਦੇ ਅੰਦਰੀਂ ਤ੍ਰਿਪ-ਤ੍ਰਿਪ ਹੁੰਦੀ ਰਹਿੰਦੀ। ਮੇਰਾ ਜਨਮ ਵੀ ਕੱਚੇ ਕੋਠੇ ਵਿੱਚ ਹੋਇਆ। ਜ਼ਿੰਦਗੀ ਦੇ ਦੋ ਦਹਾਕੇ ਤੋਂ ਵੱਧ ਦਾ ਸਮਾਂ ਇਨ੍ਹਾਂ ਕੋਠਿਆਂ ਦੀ ਗੋਦ ਵਿੱਚ ਬਿਤਾਇਆ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਵੀ ਸੁਪਨੇ ਕੱਚੇ ਘਰ ਦੇ ਹੀ ਆਉਂਦੇ ਹਨ। ਭਾਵੇਂ ਸਾਡੇ ਕੱਚੇ ਕੋਠੇ ਦੇ ਨਾਲ ਪੱਕਾ ਕੋਠਾ ਵੀ ਹੁੰਦਾ ਸੀ ਪਰ ਲੰਮਾ ਸਮਾਂ ਉਸਦੀਆਂ ਛੱਤਾਂ ਵੀ ਕੱਚੀਆਂ ਰਹੀਆਂ।
ਜੇਠ ਮਹੀਨੇ ਜਦੋਂ ਭਰ ਗਰਮੀ ਹੁੰਦੀ ਤਾਂ ਗਰਮੀ ਤੋਂ ਅੱਕੇ ਲੋਕ ਬੋਰੜੇ (ਪ੍ਰੀ-ਮਾਨਸੂਨ) ਦੀ ਉਡੀਕ ਕਰਦੇ। ਕੁਝ ਰਾਹਤ ਮਿਲਦੀ। ਲੋਕ ਖੇਤਾਂ ਦੀ ਵਹਾਈ ਦੇ ਨਾਲ-ਨਾਲ ਮੈਲ-ਮਿੱਟੀ ਦੇ ਆਹਰ ਵਿੱਚ ਜੁਟ ਜਾਂਦੇ। ਗਰਮੀ ਦਾ ਪਾਰਾ ਫਿਰ ਚੜ੍ਹ ਜਾਂਦਾ। ਲੋਕ ਬੇਸਬਰੀ ਨਾਲ ਬਰਸਾਤ ਸ਼ੁਰੂ ਹੋਣ ਦੀ ਉਡੀਕ ਕਰਦੇ। ਜੇਕਰ ਮਾਨਸੂਨ ਦੇ ਪਹੁੰਚਣ ਵਿੱਚ ਦੇਰੀ ਹੋ ਜਾਂਦੀ ਤਾਂ ਲੋਕ ਕਿਆਫੇ ਲਾਉਂਦੇ। ਕਈ ਵਾਰ ਬੱਦਲ ਧਰਤੀ ਨਾਲ ਲੱਗ ਕੇ ਮੁੜ ਜਾਂਦੇ। ਉਡੀਕ-ਉਡੀਕ ਕੇ ਕੁੜੀਆਂ ਗੁੱਡੀ ਫੂਕਦੀਆਂ। ਮੀਂਹ ਪੈਣ ਲਈ ਅਰਦਾਸਾਂ ਕਰਦੀਆਂ। ਮੀਂਹ ਸ਼ੁਰੂ ਹੁੰਦਾ ਤਾਂ ਮੁੜ੍ਹਕੇ ਦੇ ਭੰਨੇ ਸਰੀਰਾਂ ਨੂੰ ਰਾਹਤ ਮਿਲਦੀ। ਲੋਕ ਬੀਜ ਚੁੱਕ ਲੈਂਦੇ। ਹੌਲੀ-ਹੌਲੀ ਇਹ ਮੀਂਹ ਝੜੀਆਂ ਵਿੱਚ ਤਬਦੀਲ ਹੋ ਜਾਂਦੇ। ਕੱਚੇ ਵਿਹੜੇ ਗੰਡੋਇਆਂ ਨਾਲ ਭਰ ਜਾਂਦੇ ਅਤੇ ਉਹ ਅੰਦਰਾਂ ਵੱਲ ਨੂੰ ਤੁਰ ਪੈਂਦੇ। ਇਸਤਰੀਆਂ ਸਿਰ ’ਤੇ ਬੋਰੀ ਦਾ ਝੁੰਬ ਮਾਰ ਕੇ ਕੋਠੇ ’ਤੇ ਰੱਖੇ ਚੀਕਣੀ ਮਿੱਟੀ ਦੇ ਡਲਿਆਂ ਨੂੰ ਸੁਆਰਦੀਆਂ ਤਾਂ ਜੋ ਲਗਾਤਾਰ ਪੈ ਰਹੇ ਮੀਂਹ ਕਾਰਨ ਚੋਅ ਰਹੇ ਕੋਠਿਆਂ ਦਾ ਪਾਣੀ ਰੁਕ ਜਾਵੇ। ਇਸ ਦੌਰਾਨ ਕੰਧਾਂ ਬੈਠ ਜਾਂਦੀਆਂ। ਕੋਠਿਆਂ ਦੇ ਖਣ ਡਿਗ ਪੈਂਦੇ। ਡਿਗੇ ਹੋਏ ਜਾਂ ਡਿਗਣ ਦੀ ਹਾਲਤ ਵਾਲੇ ਕੋਠਿਆਂ ਵਾਲੇ ਗੁਆਂਢੀਆਂ ਦਾ ਆਸਰਾ ਲੈ ਲੈਂਦੇ। ਉਹਨਾਂ ਦਿਨਾਂ ਵਿੱਚ ਆਲ਼ੇ-ਦੁਆਲ਼ੇ ਦੀਆਂ ਖਬਰਾਂ ਲਈ ਅੱਜ ਵਰਗਾ ਮੀਡੀਆ ਨਹੀਂ ਸੀ ਹੁੰਦਾ। ਪਿੰਡ ਦੀਆਂ ਹੱਟੀਆਂ ਹੀ ਖਬਰਾਂ ਦੇ ਆਦਾਨ-ਪ੍ਰਦਾਨ ਵਾਲਾ ਲੋਕਲ ਚੈਨਲ ਹੁੰਦਾ ਸੀ ਜਾਂ ਫਿਰ ਕਿਸੇ ਇੱਕ-ਅੱਧੇ ਕੋਲ ਮੌਜੂਦ ਰੇਡੀਓ ਰਾਹੀਂ ਸਮੇਂ-ਸਮੇਂ ’ਤੇ ਜਾਣਕਾਰੀ ਮਿਲ ਜਾਂਦੀ ਸੀ। ਬੀਬੀ ਦੇ ਮੂੰਹੋਂ ਸੁਣੀ ਗੱਲ “ਵੀਰਵਾਰ ਦੀ ਝੜੀ, ਨਾ ਕੋਠਾ ਨਾ ਕੜੀ।” ਇਸਨੂੰ ਹਰੇਕ ਦਿਨ ਨਾਲ ਜੋੜ ਲਿਆ ਜਾਂਦਾ। ਝੜੀਆਂ ਦੌਰਾਨ ਕੱਚੇ ਕੋਠੇ ਵਾਲਿਆਂ ਦੀ ਜਾਨ ਮੁੱਠੀ ਵਿੱਚ ਆਈ ਰਹਿੰਦੀ। ਰਾਤ ਵੇਲੇ ਜਾਨ ਹੋਰ ਵੀ ਤ੍ਰਾਹ-ਤ੍ਰਾਹ ਕਰਦੀ। ਭੁੱਖੇ ਪਸ਼ੂ ਆਪਣੇ ਮਾਲਕਾਂ ਦੇ ਮੂੰਹਾਂ ਵੱਲ ਦੇਖਦੇ। ਮੀਂਹ ਦਾ ਜ਼ੋਰ ਘਟਣ ਸਾਰ ਉਹਨਾਂ ਲਈ ਪੱਠਾ-ਦੱਥਾ ਵੱਢ ਕੇ ਸੁੱਟ ਦਿੱਤਾ ਜਾਂਦਾ। ਲੋਕ ਵਾਰ-ਵਾਰ ਉੱਪਰ ਵੱਲ ਮੂੰਹ ਕਰ ਕੇ ਬੱਦਲਾਂ ਦੀਆਂ ਚਾਲਾਂ ਦੇਖਦੇ। ਚਾਲਾਂ ਸਿੱਧੀਆਂ ਹੋਣ ਕਾਰਨ ਮੀਂਹ ਵਰ੍ਹਨ ਦਾ ਡਰ ਬਰਕਰਾਰ ਰਹਿੰਦਾ। ਗੁੱਡੀ ਫੂਕ ਕੇ ਮੀਂਹ ਵਰ੍ਹਨ ਦੀ ਅਰਜੋਈ ਕਰਨ ਵਾਲੀਆਂ ਕੁੜੀਆਂ ਨਿੰਬਲ ਹੋਣ ਦੀ ਅਰਦਾਸ ਕਰਦੀਆਂ, ਛੰਨਾਂ ਵਾਲੀਆਂ ਸੁੱਕੀਆਂ ਕੰਧਾਂ ’ਤੇ ਨਿੰਬਲੀਆਂ ਬਣਾਉਂਦੀਆਂ। ਉਹਨਾਂ ਦਾ ਵਿਸ਼ਵਾਸ ਸੀ ਕਿ ਕੰਧਾਂ ਉੱਤੇ ਗੋਹੇ ਨਾਲ ਨਿੰਬਲੀਆਂ ਉਲੀਕਣ ਨਾਲ ਮੀਂਹ ਹਟ ਜਾਂਦਾ ਹੈ। ਸਾਡੇ ਵਾੜੇ ਵਾਲੀ ਲੰਮੀ ਛੰਨ ਦਾ ਚੰਨਾ (ਪਾਸੇ ਵਾਲੀ ਕੰਧ) ਦੱਖਣ ਦਿਸ਼ਾ ਵੱਲ ਹੋਣ ਕਰ ਕੇ ਹਰ ਬਰਸਾਤ ਨੂੰ ਡਿਗ ਪੈਂਦਾ ਸੀ। ਇਸ ਕੰਧ ਅਤੇ ਕੱਚੀ ਸੜਕ ਵਿਚਾਲੇ ਮੱਕੀ ਦਾ ਖੇਤ ਹੁੰਦਾ ਸੀ। ਬੀਬੀ ਹਰ ਸਾਲ ਬੜੀ ਹਿੰਮਤ ਕਰਕੇ ਸੁੱਸਰੀਆਂ (ਮਿੱਟੀ ਦੀਆਂ ਕੱਚੀਆਂ ਇੱਟਾਂ ਜਿਨ੍ਹਾਂ ਦੀ ਸ਼ਕਲ ਸੁੱਸਰੀਆਂ ਵਰਗੀ ਹੁੰਦੀ ਹੈ) ਬਣਾ ਕੇ ਕੰਧ ਖੜ੍ਹੀ ਕਰਦੀ। ਉਸ ਨੂੰ ਲਿੱਪ-ਪੋਚਕੇ ਤਿਆਰ ਕਰਦੀ। ਮੱਕੀ ਵੱਢਣ ਤੋਂ ਪਹਿਲਾਂ ਇਹ ਤਿਆਰ ਹੋ ਜਾਂਦੀ। ਇਹ ਸਿਲਸਿਲਾ ਹਰ ਸਾਲ ਚਲਦਾ। ਉਹਨਾਂ ਦਿਨਾਂ ਵਿੱਚ ਸਕੂਲਾਂ ਦੇ ਵਿਹੜੇ ਅਤੇ ਕਮਰਿਆਂ ਦੇ ਫਰਸ਼ ਕੱਚੇ ਹੁੰਦੇ ਸਨ। ਅਸੀਂ ਆਪਣੇ ਸਕੂਲੀ ਦਿਨਾਂ ਵਿੱਚ ਲਿੱਪਦੇ ਪੋਚਦੇ ਰਹੇ। ਇਹ ਕੰਮ ਮਹੀਨਾਵਾਰ ਹੁੰਦਾ ਸੀ। ਮੁੰਡੇ ਗੋਹਾ ਅਤੇ ਮਿੱਟੀ ਲੈ ਕੇ ਆਉਂਦੇ ਅਤੇ ਕੁੜੀਆਂ ਲਿਪਾਈ ਕਰਦੀਆਂ। ਇਹ ਕੰਮ ਪੂਰੇ ਚਾਅ ਨਾਲ ਕੀਤਾ ਜਾਂਦਾ।
1988 ਦੀਆਂ ਝੜੀਆਂ ਨੇ ਤਾਂ ਕੱਚੇ ਘਰਾਂ ਦਾ ਖਾਤਮਾ ਹੀ ਕਰ ਦਿੱਤਾ। ਜਿਵੇਂ ਇਹ ਝੜੀਆਂ ਲੋਕਾਂ ਦੇ ਪੱਕੇ ਮਕਾਨ ਪੁਆਉਣ ਲਈ ਲੱਗੀਆਂ ਹੋਣ। ਲੋਕਾਂ ਦੇ ਚੱਕ-ਚਕਾ ਕੇ ਭਾਵੇਂ ਇੱਕ-ਇੱਕ ਹੀ ਪਰ ਪੱਕੀ ਛੱਤ ਵਾਲਾ ਮਕਾਨ ਪਾ ਲਿਆ। ਕੁਝ ਸਰਕਾਰੂ ਮਦਦ ਵੀ ਹੋ ਗਈ ਸੀ। ਉਹਨਾਂ ਦਿਨਾਂ ਵਿੱਚ ਜਿਸ ਇੱਕ ਅੱਧੇ ਦਾ ਪੱਕਾ ਮਕਾਨ ਹੁੰਦਾ ਸੀ, ਉਹਨਾਂ ਦੀ ਪਛਾਣ ਪਿੰਡ ਵਿੱਚ “ਪੱਕਿਆਂ ਵਾਲੇ” ਕਰਕੇ ਹੁੰਦੀ ਸੀ। ਹੁਣ ਬਹੁਤੇ ਪੱਕਿਆਂ ਵਾਲੇ ਬਣ ਗਏ ਸਨ। ਇਸ ਉਪਰੰਤ ਭਿੱਤ ਕੁੱਟਣ ਦਾ ਕੰਮ ਲਗਭਗ ਖਤਮ ਹੀ ਹੋ ਗਿਆ। ਸਾਡੀ ਪਿਛਲੀ ਪੀੜ੍ਹੀ ਦੀਆਂ ਔਰਤਾਂ ਨੇ ਬਹੁਤ ਲਿਪਾਈ ਕੀਤੀ। ਦੂਜਾ ਪੱਖ ਦੇਖੀਏ ਤਾਂ ਇਨ੍ਹਾਂ ਕੱਚੇ ਘਰਾਂ ਨੇ ਸਾਡੀਆਂ ਪੀੜ੍ਹੀਆਂ ਨੂੰ ਦਿੱਤਾ ਵੀ ਬਹੁਤ ਕੁਝ। ਇਨ੍ਹਾਂ ਕੱਚੇ ਵਿਹੜਿਆਂ ਵਿੱਚ ਪੈਂਦੀਆਂ ਪੀਂਘਾਂ ’ਤੇ ਝੂਟਦੀਆਂ ਮੁਟਿਆਰਾਂ ਦੇ ਮੂੰਹੋਂ ਗੀਤਾਂ ਦੇ ਬੋਲ ਆਪ-ਮੁਹਾਰੇ ਫੁੱਟਦੇ ਰਹੇ। ਲੋਕ-ਗੀਤਾਂ ਦਾ ਪੀੜ੍ਹੀ ਦਰ ਪੀੜ੍ਹੀ ਵਹਾਅ ਚਲਦਾ ਰਿਹਾ। ਇੱਥੇ ਲਗਦੇ ਤ੍ਰਿੰਞਣਾ ਦੇ ਚਰਖਿਆਂ ਦੀ ਘੂਕਰ ਅਮੀਰ ਸੱਭਿਆਚਾਰ ਨੂੰ ਜਿਊਂਦਾ ਰੱਖਦੀ ਰਹੀ। ਕੱਚਿਆਂ ਵਿੱਚ ਵਸਦੇ ਸਾਂਝੇ ਪਰਿਵਾਰਾਂ ਵਿੱਚ ਪਲ ਕੇ ਵੱਡੇ ਹੋਏ ਬੱਚਿਆਂ ਦੀਆਂ ਸਾਂਝਾਂ ਪਕੇਰੀਆਂ ਹੋਈਆਂ। ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੇ ਲੇਖ “ਘਰ ਦਾ ਪਿਆਰ” ਵਿੱਚ ਲਿਖਿਆ ਹੈ ਕਿ ਮੈਨੂੰ ਹਿੰਦੁਸਤਾਨ ਉੰਨਾ ਹੀ ਪਿਆਰਾ ਹੈ ਜਿੰਨਾ ਕਿ ਮੈਨੂੰ ਆਪਣੇ ਅਡਿਆਲੇ ਪਿੰਡ ਦਾ ਕੱਚਾ ਕੋਠਾ ਅਤੇ ਉਸ ਵਿੱਚ ਵਸਦੇ ਬੰਦੇ ਪਿਆਰੇ ਹਨ।
ਬੀਬੀ 2024 ਵਿੱਚ ਪੂਰੀ ਹੋਈ। ਉਹ ਘਰ ਅਤੇ ਵਾੜੇ ਦੀ ਲੰਮਾ ਅਰਸਾ ਕੀਤੀ ਲਿਪਾਈ ਅਤੇ ਚੋਂਦੀਆਂ ਛੱਤਾਂ ਨੂੰ ਅਜੇ ਵੀ ਯਾਦ ਕਰ ਲੈਂਦੀ ਸੀ। ਅਖੇ, ਹੁਣ ਤਾਂ ਥੋਬਾ ਲਾਉਣ ਜੋਗੀ ਥਾਂ ਵੀ ਕੱਚੀ ਥਾਂ ਨਹੀਂ ਰਹੀ। ਤੰਗੀਆਂ ਵੀ ਬਥੇਰੀਆਂ ਕੱਟੀਆਂ, ਸੁਖ ਵੀ ਦੇਖ ਲਿਆ। ਨਵੀਂ ਪੀੜ੍ਹੀ ਨੂੰ ਇਸਦਾ ਕੀ ਅਹਿਸਾਸ ਜਿਹੜੀ ਪੱਕਿਆਂ ਵਿੱਚ ਹੀ ਪੈਦਾ ਹੋਈ। ਇਨ੍ਹਾਂ ਸੋਚਾਂ ਵਿੱਚੋਂ ਬਾਹਰ ਨਿਕਲਿਆ ਤਾਂ ਗੀਤ ਦੀਆਂ ਆਖਰੀ ਪੰਕਤੀਆਂ ਨੇ ਸਰੋਤੇ ਕੀਲੇ ਹੋਏ ਸਨ:
ਅੰਬ ਦੁਸਹਿਰੀ ਚੂਪਣ ਆਇਓ ਪੁਰਹੀਰਾਂ,
ਇਕਵਿੰਦਰ ਘਰ ਹੋਣਾ ਹੈ ਬਰਸਾਤਾਂ ਨੂੰ।
ਸਾਡਾ ਘਰ ਵੀ ਚੋਣਾ ਹੈ ਬਰਸਾਤਾਂ ਨੂੰ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































