“ਪਹਾੜ ਚੀਰਦੀ ਸੜਕ ਲੰਘ ਕੇ ਅਸੀਂ ਮਾਂਝੀ ਦੇ ਪਿੰਡ ਲਾਗੇ ਡਰਾਈਵਰ ਨੂੰ ਕਹਿਕੇ ...”
(13 ਨਵੰਬਰ 2026)


ਗਰਮੀਆਂ ਦੀਆਂ ਛੁੱਟੀਆਂ ਹੋਣ ਤੋਂ ਪਹਿਲਾਂ ਹੀ ਅਸੀਂ ਤਖਤ ਸ੍ਰੀ ਪਟਨਾ ਸਾਹਿਬ ਜਾਣ ਲਈ ਰੇਲਵੇ ਦੀਆਂ ਸੀਟਾਂ ਬੁੱਕ ਕਰਵਾ ਲਈਆਂ ਸਨ। ਦੂਜੇ ਇਲਾਕੇ ਦੇ ਸਾਥੀਆਂ ਤੋਂ ਬਿਨਾਂ ਸਾਡੇ ਨਾਲ ਲਾਗਲੇ ਪਿੰਡਾਂ ਤੋਂ ਸੁਖਵੀਰ ਪੰਡੀਰ, ਜਗਦੇਵ ਸਿੰਘ ਅਤੇ ਅਰਜਨ ਸਿੰਘ ਸਨ। ਅੰਬਾਲਾ ਛਾਉਣੀ ਤੋਂ ਕਰੀਬ ਵੀਹ ਘੰਟੇ ਦੇ ਸਫਰ ਤੋਂ ਬਾਅਦ ਪਟਨਾ ਸਾਹਿਬ ਪਹੁੰਚੇ। ਰੇਲਵੇ ਸਟੇਸ਼ਨ ਦੇ ਬਾਹਰ ਗੁਰਦੁਆਰਾ ਸਾਹਿਬ ਦੀਆਂ ਬੱਸਾਂ ਪਹਿਲਾਂ ਹੀ ਸਾਡਾ ਇੰਤਜ਼ਾਰ ਕਰ ਰਹੀਆਂ ਸਨ। ਅਸੀਂ ਪਹਿਲੇ ਦੋ ਦਿਨ ਤਖਤ ਸਾਹਿਬ ਅਤੇ ਹੋਰ ਗੁਰੂ-ਘਰਾਂ ਦੇ ਦਰਸ਼ਨ ਕੀਤੇ। ਇੱਥੇ ਯਾਤਰੂਆਂ ਲਈ ਸਮੁੱਚੇ ਪ੍ਰਬੰਧ ਕਾਬਲੇ-ਤਾਰੀਫ ਸਨ।
ਭਾਵੇਂ ਸਾਡੇ ਨਾਲ 20-22 ਸਾਥੀ ਸਨ ਪਰ ਅਸੀਂ ਚਾਰ ਕੁ ਸਾਥੀਆਂ ਨੇ ਗੁਰੂ-ਘਰਾਂ ਦੇ ਦਰਸ਼ਨਾਂ ਉਪਰੰਤ ਬਿਹਾਰ ਸੂਬੇ ਦੇ ਕੁਝ ਚੋਣਵੇਂ ਇਲਾਕਿਆਂ ਨੂੰ ਦੇਖਣ ਦਾ ਪ੍ਰੋਗਰਾਮ ਵੀ ਮਨ ਵਿੱਚ ਧਾਰਿਆ ਹੋਇਆ ਸੀ। ਤੀਜੇ ਦਿਨ ਟੈਕਸੀ ਰਾਹੀਂ ਸਾਡਾ ਪ੍ਰੋਗਰਾਮ ਬੋਧ ਗਯਾ, ਨਾਲੰਦਾ ਅਤੇ ਪਹਿਲੀ ਪਾਤਸ਼ਾਹੀ ਨਾਲ ਸੰਬੰਧਤ ਗੁਰਦੁਆਰਾ ਸੀਤਲ ਕੁੰਡ ਜਾਣ ਦਾ ਸੀ। ਅਸੀਂ ਸਵਖਤੇ ਹੀ ਚੱਲ ਪਏ ਤਾਂ ਜੁ ਵੱਧ ਤੋਂ ਵੱਧ ਦੇਖਣਯੋਗ ਥਾਂਵਾਂ ਨੂੰ ਨੇੜਿਓਂ ਤੱਕਿਆ ਜਾ ਸਕੇ। ਨਾਸ਼ਤਾ ਵੀ ਇੱਕ ਢਾਬਾਨੁਮਾ ਰੈਸਟੋਰੈਂਟ ਵਿੱਚ ਕੀਤਾ। ਰਸਤੇ ਵਿੱਚ ਪਹਿਲੀ ਪਾਤਸ਼ਾਹੀ ਨਾਲ ਸੰਬੰਧਤ ਗੁਰਦੁਆਰਾ ਸਾਹਿਬ ਸੀਤਲ ਕੁੰਡ ਦੇ ਦਰਸ਼ਨ ਕੀਤੇ। ਵੱਡੇ ਰਕਬੇ ਵਿੱਚ ਫੈਲੇ ਪ੍ਰਚੀਨ ਭਾਰਤ ਦੇ ਉੱਚ ਸਿੱਖਿਆ ਦੇ ਪ੍ਰਸਿੱਧ ਕੇਂਦਰ ਨਾਲੰਦਾ ਯੂਨੀਵਰਸਿਟੀ ਨੂੰ ਦੇਖਿਆ ਅਤੇ ਇਸਦਾ ਇਤਿਹਾਸ ਜਾਣਿਆ। ਇਸ ਉਪਰੰਤ ਬੋਧ ਗਯਾ ਵੱਲ ਚੱਲ ਪਏ। ਲੰਮੇ ਸਮੇਂ ਤੋਂ ਬੋਧ ਗਯਾ ਦੇਖਣ ਦੀ ਇੱਛਾ ਵੀ ਪੂਰੀ ਹੋ ਗਈ।
ਵਾਪਸੀ ਉਪਰੰਤ ਟੈਕਸੀ ਡਰਾਈਵਰ ਨੇ ਨਵੇਂ ਰਾਸਤਿਓਂ ਮੋੜਾ ਪਾ ਲਿਆ। ਤਾੜ ਦੇ ਦ੍ਰਖਤਾਂ ਦੇ ਨਾਲ ਬਣੀਆਂ ਝੌਂਪੜੀਆਂ ਦੇ ਇੱਕ ਪਾਸੇ ਪੱਥਰ ਦਾ ਪਹਾੜ ਸ਼ੁਰੂ ਹੋ ਗਿਆ। ਨਵੀਂ ਬਣੀ ਸੜਕ ’ਤੇ ਗੱਡੀ ਤੇਜ਼ ਦੌੜ ਰਹੀ ਸੀ। ਸੁੰਨਸਾਨ ਖੇਤਾਂ ਵਿੱਚ ਤਾੜ ਦੇ ਲੰਮੇ ਦ੍ਰਖਤ ਸੁੰਦਰ ਲੱਗ ਰਹੇ ਸਨ। ਤੇਜ਼ ਚਲਦੀ ਗੱਡੀ ਵਿੱਚ ਬੈਠਿਆਂ ਇੰਜ ਲੱਗ ਰਿਹਾ ਸੀ ਜਿਵੇਂ ਦ੍ਰਖਤ ਪਿਛਾਂਹ ਵੱਲ ਦੌੜ ਰਹੇ ਹੋਣ। ਡਰਾਈਵਰ ਸਾਨੂੰ ਇਲਾਕੇ ਬਾਰੇ ਦੱਸਦਾ ਜਾ ਰਿਹਾ ਸੀ ਅਤੇ ਜੋ ਸਾਡੇ ਮਨ ਵਿੱਚ ਆ ਰਿਹਾ ਸੀ, ਅਸੀਂ ਉਸ ਕੋਲੋਂ ਪੁੱਛਦੇ ਜਾ ਰਹੇ ਸਾਂ। ਉਹ ਸਥਾਨਕ ਨਿਵਾਸੀ ਹੋਣ ਕਰਕੇ ਚੱਪੇ-ਚੱਪੇ ਤੋਂ ਜਾਣੂ ਸੀ। ਗੱਲਾਂ-ਗੱਲਾਂ ਵਿੱਚ ਜਦੋਂ ਮਾਊਂਟੇਨ ਮੈਨ (ਪਰਬਤ ਮਨੁੱਖ) ਦੇ ਪਿੰਡ ਦਾ ਜ਼ਿਕਰ ਆਇਆ ਤਾਂ ਸਾਡੀ ਉਤਸੁਕਤਾ ਹੋਰ ਵੀ ਵਧ ਗਈ। ਡਰਾਈਵਰ ਨੇ ਦੱਸਿਆ ਕਿ ਇਸੇ ਸੜਕ ’ਤੇ ਪਹਾੜਾਂ ਨਾਲ ਟੱਕਰ ਲੈਣ ਵਾਲੇ ਦਸ਼ਰਥ ਮਾਂਝੀ ਦਾ ਪਿੰਡ ਆਏਗਾ। ਮਾਂਝੀ ਦੀ ਤਸਵੀਰ ਅੱਖਾਂ ਮੋਹਰੇ ਘੁੰਮਣ ਲੱਗ ਪਈ। ਪਹਾੜ ਨਾਲ ਟੱਕਰ ਲੈਣ ਵਾਲੇ, ਦ੍ਰਿੜ੍ਹ ਇਰਾਦੇ ਦੇ ਮਾਲਕ ਲੋਕ ਨਾਇਕ ਦਸ਼ਰਥ ਮਾਂਝੀ ਨੂੰ ਭਲਾ ਕੌਣ ਨਹੀਂ ਜਾਣਦਾ। ਜਾਣਦਾ ਹੀ ਨਹੀਂ ਸਗੋਂ ਦਿਲੋਂ ਸਤਿਕਾਰਦਾ ਵੀ ਹੈ।
ਮਾਊਂਟੇਨ ਮੈਨ - ਦਸ਼ਰਥ ਮਾਂਝੀ: ਗਯਾ ਨੇੜੇ ਛੋਟੇ ਜਿਹੇ ਪਿੰਡ ਗਹਿਲੌਰ ਵਿੱਚ 1934 ਵਿੱਚ ਗਰੀਬ ਕਿਰਤੀ ਪਰਿਵਾਰ ਵਿੱਚ ਦਸ਼ਰਥ ਮਾਂਝੀ ਦਾ ਜਨਮ ਹੋਇਆ। ਛੋਟੀ ਉਮਰ ਤੋਂ ਕੋਲੇ ਦੀਆਂ ਖਾਨਾਂ ਵਿੱਚ ਕੰਮ ਕੀਤਾ। ਬਾਅਦ ਵਿੱਚ ਉਹ ਪਿੰਡ ਆ ਗਿਆ। ਮਾਂਝੀ ਹੱਡ ਭੰਨਵੀਂ ਮਿਹਨਤ ਕਰਨ ਵਾਲਾ ਇਨਸਾਨ ਸੀ। ਦਸ਼ਰਥ ਮਾਂਝੀ ਜਿੱਥੇ ਮਜ਼ਦੂਰੀ ਕਰਦਾ ਸੀ, ਉਹ ਪਿੰਡ ਨੇੜਲੇ ਪਥਰੀਲੇ ਪਹਾੜ ਦੇ ਦੂਜੇ ਪਾਸੇ ਸੀ। ਉੱਥੇ ਪਹੁੰਚਣ ਲਈ ਪਥਰੀਲਾ ਪਹਾੜ ਪਾਰ ਕਰਨਾ ਪੈਂਦਾ ਸੀ। 1956 ਵਿੱਚ ਉਸਦਾ ਵਿਆਹ ਫਾਗੁਨੀ ਦੇਵੀ ਨਾਲ ਹੋਇਆ। ਫਾਗੁਨੀ ਦੇਵੀ ਉਸ ਲਈ ਖਾਣਾ ਲੈ ਕੇ ਜਾਇਆ ਕਰਦੀ ਸੀ। ਇੱਕ ਦਿਨ ਜਦੋਂ ਉਹ ਆਪਣੇ ਪਤੀ ਲਈ ਖਾਣਾ ਲੈ ਕੇ ਜਾ ਰਹੀ ਸੀ ਤਾਂ ਪਹਾੜੀ ਰਸਤੇ ਵਿੱਚ ਪੈਰ ਤਿਲ੍ਹਕਣ ਕਾਰਨ ਉਹ ਡਿਗ ਪਈ। ਉਸਦੀ ਹਾਲ ਗੰਭੀਰ ਹੋ ਗਈ। ਭਰ ਜਵਾਨੀ ਵਿੱਚ ਫਾਗੁਨੀ ਦੇਵੀ ਦੀ ਇਲਾਜ ਖੁਣੋ ਮੌਤ ਹੋ ਗਈ।
ਇਸ ਬੇਵਕਤੀ ਮੌਤ ਨੇ ਮਾਂਝੀ ਨੂੰ ਹਿਲਾ ਕੇ ਰੱਖ ਦਿੱਤਾ। ਮੌਤ ਦਾ ਕਾਰਨ ਉਘੜ-ਦੁਘੜਾ ਪਹਾੜੀ ਰਸਤਾ ਅਤੇ ਇਲਾਜ ਦੀ ਅਣਹੋਂਦ ਸੀ। ਸਮੇਂ ਸਿਰ ਡਾਕਟਰੀ ਮਦਦ ਨਾ ਮਿਲ ਸਕੀ। ਮਾਂਝੀ ਦੀ ਹਾਲਤ ਪਾਗਲਾਂ ਵਰਗੀ ਹੋ ਗਈ। ਉਹ ਇੱਕ ਸਾਲ ਸਦਮੇ ਵਿੱਚ ਰਿਹਾ। ਮਾਂਝੀ ਨੂੰ ਲੱਗਿਆ ਕਿ ਉਸਦੀਆਂ ਖੁਸ਼ੀਆਂ ਵਿੱਚ ਇਹ ਪੱਥਰ ਦਾ ਅਸਮਾਨ ਛੂੰਹਦਾ ਪਹਾੜ ਹੀ ਅੜਿੱਕਾ ਬਣਿਆ ਹੈ। ਫਿਰ ਕੀ ਸੀ, ਉਸਨੇ ਹੱਥ ’ਤੇ ਹੱਥ ਧਰਕੇ ਬੈਠਣ ਦੀ ਬਜਾਇ ਪਹਾੜ ਨਾਲ ਟੱਕਰ ਲੈਣ ਦੀ ਪੱਕੀ ਧਾਰ ਲਈ। ਪਹਾੜ ਨਾਲ ਟੱਕਰ ਪਹਾੜ ਜਿੱਡੇ ਜਿਗਰੇ ਵਾਲਾ ਬੰਦਾ ਹੀ ਲੈ ਸਕਦਾ ਹੈ। ਫਿਰ ਉਸ ਅੰਦਰ ਅਜਿਹੇ ਜਵਾਲਾ ਮੁਖੀ ਨੇ ਜਨਮ ਲਿਆ ਕਿ ਉਸਨੇ ਪਹਾੜ ਨੂੰ ਵੰਗਾਰਿਆ। ਹਥੌੜਾ ਅਤੇ ਛੈਣੀ ਹੱਥ ਫੜਕੇ ਉਸਨੇ ਪਹਾੜ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਤਾਂ ਜੋ ਉਹ ਲਮੇਰੇ ਹੋਏ ਰਸਤੇ ਨੂੰ ਨੇੜੇ ਕਰ ਸਕੇ।
ਮਾਂਝੀ ਸੋਚਦਾ ਕਿ ਕਿਤੇ ਕਿਸੇ ਹੋਰ ਮਾਂਝੀ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਨਾ ਲੱਗ ਜਾਵੇ। ਸੰਦ ਖਰੀਦਣ ਲਈ ਆਪਣੀਆਂ ਬੱਕਰੀਆਂ ਵੀ ਉਸ ਨੂੰ ਵੇਚਣੀਆਂ ਪਈਆਂ। ਪਹਿਲਾਂ ਤਾਂ ਲੋਕ ਉਸ ਉੱਤੇ ਹੱਸੇ, ਫਿਰ ਪਾਗਲ ਤਕ ਵੀ ਕਿਹਾ। ਪਰ ਮਾਂਝੀ ਤਾਂ ਪੱਕੇ ਇਰਾਦੇ ਦਾ ਮਾਲਕ ਸੀ। ਉਸਨੇ ਪਿਛਾਂਹ ਮੁੜਕੇ ਨਾ ਤੱਕਿਆ। 1960 ਤੋਂ 1982 ਤਕ ਦੇ 22 ਸਾਲ ਦੇ ਅਰਸੇ ਦਰਮਿਆਨ ਉਸਨੇ ਪਹਾੜ ਕੱਟ ਕੇ ਆਰ-ਪਾਰ ਰਾਹ ਬਣਾ ਦਿੱਤਾ; ਬਿਨਾਂ ਕਿਸੇ ਮਿਹਨਤਾਨੇ ਦੇ। ਸ਼ਹਿਰ ਅਤੇ ਪਿੰਡਾਂ ਵਿਚਕਾਰ ਫਾਸਲਾ ਘਟ ਗਿਆ। 300 ਫੁੱਟ ਉੱਚੇ ਪਥਰੀਲੇ ਪਹਾੜ ਦਾ ਸੀਨਾ ਕੋਈ ਵੱਡੇ ਜਿਗਰੇ ਵਾਲਾ ਹੀ ਚੀਰ ਸਕਦਾ ਸੀ। ਉਸਨੂੰ ਪਾਗਲ ਤਕ ਕਹਿਣ ਵਾਲੇ ਲੋਕ ਹੱਕੇ-ਬੱਕੇ ਰਹਿ ਗਏ ਅਤੇ ਉਸਦਾ ਗੁਣ-ਗਾਨ ਕਰਨ ਲੱਗੇ।
ਬਿਹਾਰ ਦਾ ਸ਼ਾਹਜਹਾਂ: ਮੁਹੱਬਤ ਭਰੀ ਇਸ ਕਹਾਣੀ ਕਰ ਕੇ ਲੋਕ ਮਾਂਝੀ ਨੂੰ ‘ਬਿਹਾਰ ਦਾ ਸ਼ਾਹਜਹਾਂ’ ਵੀ ਕਹਿੰਦੇ ਹਨ। ਅੱਜ-ਕੱਲ੍ਹ ਇਸ ਪਹਾੜ ਵਿੱਚੋਂ ਮਾਂਝੀ ਦੇ ਨਾਂ ’ਤੇ ਵਧੀਆ ਪੱਕੀ ਸੜਕ ਬਣੀ ਹੋਈ ਹੈ ਜਿਸਦਾ ਨਾਂ “ਦਸ਼ਰਥ ਮਾਂਝੀ ਰੋਡ” ਰੱਖਿਆ ਗਿਆ ਹੈ। ਮਾਂਝੀ ਦੀ ਪ੍ਰਾਪਤੀ ਨੂੰ ਮੀਡੀਆ ਨੇ ਦੇਸ਼ਾਂ-ਵਿਦੇਸ਼ਾਂ ਤਕ ਪਹੁੰਚਾਇਆ। ਮਾਂਝੀ ਦੀ ਜ਼ਿੰਦਗੀ ’ਤੇ ਆਧਾਰਿਤ ਫਿਲਮ “ਮਾਂਝੀ: ਦਾ ਮਾਊਂਟੇਨਮੈਨ” ਦਾ ਨਿਰਮਾਣ ਵੀ ਹੋਇਆ ਹੈ। ਫਿਲਮ ਦੇ ਨਿਰਮਾਤਾ ਅਨੁਸਾਰ ਇਸ ਫਿਲਮ ਵਿੱਚ ਅੱਜ ਦੇ ਨੌਜਵਾਨਾਂ ਲਈ ਅਸੰਭਵ ਨੂੰ ਸੰਭਵ ਕਰ ਦਿਖਾਉਣ ਦਾ ਸੰਦੇਸ਼ ਹੈ। ਮਸ਼ਹੂਰ ਐਕਟਰ ਆਮਿਰ ਖਾਨ ਨੇ ਆਪਣੇ ਸੀਰੀਅਲ “ਸੱਤਿਆਮੇਵ ਜਯਤੇ” ਦੀ ਇੱਕ ਲੜੀ ਦਸ਼ਰਥ ਮਾਂਝੀ ਨੂੰ ਸਮਰਪਿਤ ਕੀਤੀ ਜਿਸ ਵਿੱਚ ਮਹਾਨ ਮਾਂਝੀ ਦੇ ਕਾਰਨਾਮਿਆਂ ਦਾ ਜ਼ਿਕਰ ਕੀਤਾ। ਸਰਕਾਰਾਂ ਨੇ ਬੜਾ ਮਾਣ-ਤਾਣ ਦਿੱਤਾ। ਮਾਂਝੀ ਦੇ ਮਾਊਂਟੇਨਮੈਨ ਬਣਨ ਪਿੱਛੇ ਇੱਕ ਲੰਬੀ ਘਾਲਣਾ ਹੈ। 17 ਅਗਸਤ 2007 ਨੂੰ 73 ਸਾਲ ਦੀ ਉਮਰ ਵਿੱਚ ਦਸ਼ਰਥ ਮਾਂਝੀ ਆਪਣੀ ਵੱਖਰੀ ਪਛਾਣ ਬਣਾ ਕੇ ਇਸ ਦੁਨੀਆ ਤੋਂ ਰੁਖਸਤ ਹੋਇਆ।
ਦਸ਼ਰਥ ਮਾਂਝੀ ਉਤਸਵ: ਹਰ ਵਰ੍ਹੇ 17 ਅਗਸਤ ਨੂੰ “ਦਸ਼ਰਥ ਮਾਂਝੀ ਉਤਸਵ” ਮਨਾਇਆ ਜਾਂਦਾ ਹੈ। ਦਸ਼ਰਥ ਮਾਂਝੀ ਜੀ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਉਹ ਅੱਜ ਵੀ ਸਮਰਪਣ ਭਾਵਨਾ ਅਤੇ ਮਜ਼ਬੂਤ ਇਰਾਦੇ ਨਾਲ ਅਸੰਭਵ ਨੂੰ ਸੰਭਵ ਬਣਾਉਣ ਦਾ ਇਰਾਦਾ ਰੱਖਣ ਵਾਲੇ ਲੋਕਾਂ ਦੇ ਦਿਲਾਂ ’ਤੇ ਰਾਜ ਕਰ ਰਹੇ ਹਨ।
“ਦੁਨੀਆ ਵਿੱਚ ਕੁਝ ਵੀ ਅਸੰਭਵ ਨਹੀਂ ...” ਅਤੇ “ਜਿਸ ’ਤੇ ਜੱਗ ਹੱਸਿਆ, ਉਸਨੇ ਹੀ ਇਤਿਹਾਸ ਰਚਿਆ ...” ਵਰਗੇ ਟੋਟਕੇ ਸ਼ਾਇਦ ਮਾਂਝੀ ਵਰਗੇ ਲੋਕਾਂ ਲਈ ਹੀ ਬਣੇ ਹਨ। ਪਹਾੜ ਚੀਰਦੀ ਸੜਕ ਲੰਘ ਕੇ ਅਸੀਂ ਮਾਂਝੀ ਦੇ ਪਿੰਡ ਲਾਗੇ ਡਰਾਈਵਰ ਨੂੰ ਕਹਿਕੇ ਗੱਡੀ ਰੁਕਵਾਈ। ਮਾਂਝੀ ਦੇ ਪਿੰਡ ਵੱਲ ਨੂੰ ਮੂੰਹ ਕਰਕੇ ਪ੍ਰਣਾਮ ਕੀਤਾ ਅਤੇ ਇੱਕ ਯਾਦਗਰੀ ਫੋਟੋ ਖਿਚਵਾਈ। ਅਗਲੇ ਪੜਾਅ ਵੱਲ ਵਧਦਿਆਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਕਿਸੇ ਤੀਰਥ ਸਥਾਨ ਦੇ ਦਰਸ਼ਣ ਕਰਕੇ ਮੁੜ ਰਹੇ ਹੋਈਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































