Iqbal S Sakrodi Dr 7“ਸ਼ਹੀਦ ਭਗਤ ਸਿੰਘ ਦਾ ਜਨਮ ਸਹੀ ਅਰਥਾਂ ਵਿੱਚ ਉਦੋਂ ਹੀ ਮਨਾਇਆ ਜਾਣਾ ...”BhagatSinghShaheedC
(28 ਸਤੰਬਰ 2026)


BhagatSinghShaheedC
ਭਾਰਤ ਵਾਸੀਓ! ਅੱਜ ਜਿਹੜੀਆਂ ਅਜ਼ਾਦ ਫਿਜ਼ਾਵਾਂ ਵਿੱਚ ਅਸੀਂ ਸਕੂਨ ਨਾਲ ਜੀਅ ਰਹੇ ਹਾਂ
, ਉਹ ਕਦੇ ਸਾਡੇ ਦੇਸ਼ ਦੇ ਅਣਭੋਲ ਲੋਕਾਂ ਦੇ ਖਾਬ ਹੋਇਆ ਕਰਦੇ ਸਨ, ਜਿਨ੍ਹਾਂ ਨੂੰ ਪੂਰੇ ਕਰਨ ਲਈ ਦੇਸ਼ ਦੇ ਅਣਖੀ ਗੱਭਰੂਆਂ ਨੇ ਆਪਣੀਆਂ ਕੀਮਤੀ ਜਾਨਾਂ ਦੀ ਬਾਜ਼ੀ ਲਾ ਦਿੱਤੀ। ਦੇਸ਼ ਪ੍ਰੇਮ ਦਾ ਜਜ਼ਬਾ ਉਨ੍ਹਾਂ ਦੇ ਰੋਮ-ਰੋਮ ਵਿੱਚ ਵਸਿਆ ਹੋਇਆ ਸੀ। ਉਹ ਅਕਸਰ ਗਾਇਆ ਕਰਦੇ ਸਨ, “... ਮੇਰਾ ਰੰਗ ਦੇ ਬਸੰਤੀ ਚੋਲਾ, ਮੇਰਾ ਰੰਗ ਦੇ। ਮੇਰਾ ਰੰਗ ਦੇ ਬਸੰਤੀ ਚੋਲਾ ...।”

ਅੱਜ ਜੇਕਰ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਅਤੇ ਦਸ਼ਾ ਵੱਲ ਸੇਧਿਤ ਕਰਨਾ ਚਾਹੁੰਦੇ ਹਾਂ ਤਾਂ ਇਹ ਲਾਜ਼ਮੀ ਹੈ ਕਿ ਉਨ੍ਹਾਂ ਨੂੰ ਸਰਦਾਰ ਭਗਤ ਸਿੰਘ ਦੇ ਜੀਵਨ, ਰਚਨਾਵਾਂ, ਲਾਸਾਨੀ ਕੁਰਬਾਨੀ ਅਤੇ ਦੇਸ਼ਭਗਤੀ ਦੇ ਸੱਚੇ ਸੁੱਚੇ ਜਜ਼ਬੇ ਨਾਲ ਜੋੜਨ ਦੇ ਉਪਰਾਲੇ ਕਰੀਏ। ਸਰਦਾਰ ਭਗਤ ਸਿੰਘ ਦਾ ਜਨਮ ਪਿਤਾ ਸਰਦਾਰ ਕਿਸ਼ਨ ਸਿੰਘ ਦੇ ਘਰ, ਮਾਤਾ ਵਿਦਿਆਵਤੀ ਦੀ ਕੁੱਖੋਂ 27 ਸਤੰਬਰ, 1907 ਈਸਵੀ ਨੂੰ ਪਿੰਡ ਬੰਗਾ ਜ਼ਿਲ੍ਹਾ ਲਾਇਲਪੁਰ (ਹੁਣ ਫੈਸਲਾਬਾਦ, ਪਾਕਿਸਤਾਨ) ਵਿੱਚ ਹੋਇਆ। ਉਂਝ ਉਨ੍ਹਾਂ ਦਾ ਜੱਦੀ ਪਿੰਡ ਖਟਕੜ ਕਲਾਂ, ਜ਼ਿਲ੍ਹਾ ਨਵਾਂਸ਼ਹਿਰ ਵਿੱਚ ‌ਹੈ।

ਭਗਤ ਸਿੰਘ ਨੇ ਉਸ ਉਮਰੇ ਬੰਦੂਕਾਂ ਬੀਜੀਆਂ, ਜਦੋਂ ਉਸਦੀ ਤੋਤਲੀ ਜ਼ੁਬਾਨ ਅਜੇ ਬੰਦੂਕਾਂ ਆਖਣਾ ਤਕ ਨਹੀਂ ਸੀ ਜਾਣਦੀ। ਉਦੋਂ ਗੋਰਿਆਂ ਨੂੰ ਮਾਰਨ ਦੇ ਖਾਬ ਬੁਣੇ, ਜਦੋਂ ਉਨ੍ਹਾਂ ਦੇ ਹਾਣੀਆਂ ਦੇ ਨੈਣਾਂ ਵਿੱਚ ਤਿਤਲੀਆਂ ਜੁਗਨੂੰਆਂ ਦੇ ਖਾਬ ਹੋਇਆ ਕਰਦੇ ਸਨ। ਉਸ ਉਮਰੇ ਬੰਬ ਬਣਾਉਣ ਦਾ ਹੁਨਰ ਸਿੱਖਿਆ, ਜਦੋਂ ਮੁੱਛ ਫੁੱਟ ਗੱਭਰੂ ਆਪਣੇ ਹਾਣੀਆਂ ਨਾਲ ਪਾਣੀਆਂ ਵਿੱਚ ਅਠਖੇਲੀਆਂ ਕਰਦੇ ਹੁੰਦੇ ਹਨ। ਸਿਰਫ ਇਸ ਲਈ ਕਿ ਉਨ੍ਹਾਂ ਦੀਆਂ ਆਉਣ ਵਾਲੀਆਂ ਨਸਲਾਂ ਗੁਲਾਮੀ ਦਾ ਕਲੰਕ ਮੱਥੇ ਉੱਤੇ ਲੈ ਕੇ ਨਾ ਜੰਮਣ। ਮਹਿਜ਼ ਅਜ਼ਾਦ ਫਿਜ਼ਾਵਾਂ ਅਤੇ ਅਨੁਕੂਲ ਮੌਸਮਾਂ ਲਈ ਹੀ ਆਪਣੀ ਮੰਗੇਤਰ ਨੂੰ ਲਿਖੇ ਖਤਾਂ ਵਿੱਚ ਅਜੰਤਾ ਐਲੋਰਾ ਦੀਆਂ ਗੁਫਾਵਾਂ ਵਿੱਚ ਚਿੱਤਰੇ ਕੰਧ ਚਿੱਤਰਾਂ ਦਾ ਜ਼ਿਕਰ ਕਰਨ ਦੀ ਥਾਂ ਉਹ ਲਿਖਿਆ ਕਰਦੇ ਸਨ, “ਤੇਰੀ, ਮੇਰੇ ਵਿਹੜੇ ਵਿੱਚ, ਮੇਰੇ ਬੱਚੇ ਖਿਡਾਅ ਸਕਣ ਦੀ ਖਾਹਿਸ਼ ਨੂੰ, ਅਤੇ ਯੁੱਧ ਦੀ ਸਮੁੱਚਤਾ ਨੂੰ ਇੱਕੋ ਕਤਾਰ ਵਿੱਚ ਖੜ੍ਹਾ ਕਰਨਾ, ਮੇਰੇ ਲਈ ਸੰਭਵ ਨਹੀਂ ਹੋਇਆ, ਇਸ ਲਈ ਮੈਂ ਹੁਣ ਵਿਦਾ ਹੋ ਰਿਹਾ ਹਾਂ।”

ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ-ਨਾਲ ਬਹੁਤ ਵੱਡਾ ਇੱਕ ਮੌਲਿਕ ਚਿੰਤਕ ਵੀ ਸੀ। ਉਸਨੇ ਅੰਗਰੇਜ਼ੀ ਸਰਕਾਰ ਵਿਰੁੱਧ ਬਾਕਾਇਦਾ ਸਮਾਜਿਕ ਲਹਿਰ ਖੜ੍ਹੀ ਕੀਤੀ ਸੀ। ਉਨ੍ਹਾਂ ‘ਕਿਰਤੀ’ ਅਖਬਾਰ ਲਈ ਕਈ ਲੇਖ ਲਿਖੇ, ਜਿਨ੍ਹਾਂ ਰਾਹੀਂ ਦੇਸ਼ ਦੇ ਨੌਜਵਾਨਾਂ ਨੂੰ ਸੇਧ, ਪ੍ਰੇਰਨਾ ਅਤੇ ਅਗਵਾਈ ਪ੍ਰਾਪਤ ਹੁੰਦੀ ਸੀ। ਕਾਲਜ ਪੜ੍ਹਦਿਆਂ ਭਗਤ ਸਿੰਘ ਨੇ ਸੁਖਦੇਵ, ਭਗਵਤੀ ਚਰਨ, ਧਨਵੰਤਰੀ ਨਾਲ ਰਲ ਕੇ 1925 ਈਸਵੀ ਵਿੱਚ ‘ਨੌਜਵਾਨ ਭਾਰਤ ਸਭਾ’ ਬਣਾਈ। ਭਗਤ ਸਿੰਘ ਦੇ ਮਾਤਾ ਪਿਤਾ ਅਤੇ ਹੋਰ ਰਿਸ਼ਤੇਦਾਰ ਜਦੋਂ ਵੀ ਉਸਦੇ ਵਿਆਹ ਦੀ ਗੱਲ ਚਲਾਉਂਦੇ ਸਨ ਤਾਂ ਉਸਦਾ ਜਵਾਬ ਹੁੰਦਾ ਸੀ, ‘ਮੈਂ ਦੇਸ਼ ਦੀ ਅਜ਼ਾਦੀ ਨਾਲ ਪ੍ਰਣਾਇਆ ਹੋਇਆ ਹਾਂ। ਉਸੇ ਨਾਲ ਵਿਆਹ ਕਰਵਾਵਾਂਗਾ।’ ਅੰਗਰੇਜ਼ੀ ਸਾਮਰਾਜ ਵੱਲੋਂ ਢਾਹੇ ਜਾਂਦੇ ਤਸ਼ੱਦਦ ਅਤੇ ਜ਼ੁਲਮਾਂ ਨੂੰ ਸਹਿੰਦਿਆਂ ਭਗਤ ਸਿੰਘ ਅਤੇ ਉਸਦੇ ਸਾਥੀ ਅਕਸਰ ਗਾਇਆ ਕਰਦੇ ਸਨ-

“ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ।
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਿਲ ਮੇਂ ਹੈ।

ਅਭੀ ਸੇ ਹਮ ਤੁਮ੍ਹੇਂ ਕਯਾ ਬਤਾਏਂ, ਐ ਆਸਮਾਂ,
ਕਯਾ ਹਮਾਰੇ ਦਿਲ ਮੇਂ ਹੈ
,
ਕਯਾ ਹਮਾਰੇ ਦਿਲ ਮੇਂ ਹੈ
।”

ਭਗਤ ਸਿੰਘ ਨੇ ਅੰਗਰੇਜ਼ੀ ਪੁਲਿਸ ਅਫਸਰ ਜੌਨ ਸਾਂਡਰਸ ਦਾ 1928 ਈਸਵੀ ਵਿੱਚ ਕਤਲ ਕਰ ਦਿੱਤਾ ਸੀ। ਉਹ ਕੇਵਲ 23 ਸਾਲ ਦੀ ਭਰ ਜਵਾਨੀ ਦੀ ਉਮਰ ਵਿੱਚ ਫਾਂਸੀ ਦਾ ਰੱਸਾ ਚੁੰਮ ਕੇ ਦੇਸ਼ ਦੀ ਅਜ਼ਾਦੀ ਦੀ ਲੜਾਈ ਲਈ ਸ਼ਹਾਦਤ ਪਾ ਗਿਆ ਸੀ। ਲਾਹੌਰ (ਪਾਕਿਸਤਾਨ) ਵਿੱਚ ਸ਼ਾਦਮਾਨ ਚੌਂਕ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ। ਸੰਸਾਰ ਭਰ ਵਿੱਚ ਉਨ੍ਹਾਂ ਦੇ ਨਾਂ ’ਤੇ ਅਣਗਿਣਤ ਜਥੇਬੰਦੀਆਂ ਕਾਇਮ ਕੀਤੀਆਂ ਗਈਆਂ ਹਨ। ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੇ ਮੌਕੇ ’ਤੇ ਖਟਕੜ ਕਲਾਂ ਅਤੇ ਹੁਸੈਨੀਵਾਲਾ ਵਾਲਾ ਵਿਖੇ ਬੜੇ ਭਾਰੀ ਮੇਲੇ ਲਗਦੇ ਹਨ।

ਸ਼ਹੀਦ ਭਗਤ ਸਿੰਘ ਦਾ ਸੁਪਨਾ ਕੇਵਲ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣਾ ਹੀ ਨਹੀਂ ਸੀ, ਸਗੋਂ ਇਸ ਤੋਂ ਵੀ ਅਗਾਂਹ ਉਸਦੇ ਬਹੁਤ ਖੂਬਸੂਰਤ ਖਾਬ ਸਨ, ਜੋ ਹਾਲੇ ਤਕ ਪੂਰੇ ਨਹੀਂ ਹੋਏ। ਸਮੇਂ ਦੀਆਂ ਸਰਕਾਰਾਂ ਭਾਵੇਂ ਗੋਰੀਆਂ ਤੋਂ ਕਾਲੀਆਂ ਹੋ ਗਈਆਂ ਹਨ, ਭਾਵੇਂ ਉਨ੍ਹਾਂ ਦੀਆਂ ਰਗਾਂ ਵਿੱਚ ਵੀ ਸਾਡੇ ਖੂਨ ਵਰਗਾ ਹੀ ਖੂਨ ਦੌੜ ਰਿਹਾ ਹੈ ਪ੍ਰੰਤੂ ਉਹ ਅਜੇ ਤਕ ਸਾਡੀਆਂ ਨਹੀਂ ਹੋਈਆਂ। ਅੱਜ ਦੇ ਹਾਕਮਾਂ ਦੇ ਸੀਨਿਆਂ ਵਿੱਚ ਸਾਡੇ ਲਈ ਹਾਲੇ ਤਕ ਤੜਫ ਪੈਦਾ ਨਹੀਂ ਹੋਈ। ਸ਼ਹੀਦ ਭਗਤ ਸਿੰਘ ਦਾ ਜਨਮ ਸਹੀ ਅਰਥਾਂ ਵਿੱਚ ਉਦੋਂ ਹੀ ਮਨਾਇਆ ਜਾਣਾ ਸਾਰਥਕ ਹੋ ਸਕੇਗਾ, ਜਦੋਂ ਦੇਸ਼ ਦਾ ਹਰ ਗੱਭਰੂ ਅਤੇ ਮੁਟਿਆਰ ਦੇਸ਼ ਦੇ ਸ਼ਹੀਦਾਂ ਨਾਲ ਇਹ ਇਕਰਾਰ ਕਰੇਗਾ-

“ਅਸੀਂ ਲੜਾਂਗੇ ਸਾਥੀ ਉਦਾਸ ਮੌਸਮਾਂ ਲਈ,
ਅਸੀਂ ਲੜਾਂਗੇ ਸਾਥੀ ਗੁਲਾਮ ਸੱਧਰਾਂ ਲਈ
,
ਅਸੀਂ ਚੁਗਾਂਗੇ ਸਾਥੀ ਜ਼ਿੰਦਗੀ ਦੇ ਟੁਕੜੇ
।”

ਸੱਚਮੁੱਚ ਹੀ ਦੇਸ਼ ਲਈ ਸਰਦਾਰ ਭਗਤ ਸਿੰਘ ਦਾ ਯੋਗਦਾਨ ਬਹੁਤ ਮਹਾਨ ਅਤੇ ਲਾਸਾਨੀ ਹੈ। ਸ਼ਹੀਦ ਭਗਤ ਸਿੰਘ ਦੀਆਂ ਯਾਦਾਂ, ਲਾਸਾਨੀ ਕੁਰਬਾਨੀ ਅਤੇ ਉਸਦੀ ਵਿਚਾਰਧਾਰਾ ਨੂੰ ਹਮੇਸ਼ਾ-ਹਮੇਸ਼ਾ ਲਈ ਚੇਤਿਆਂ ਵਿੱਚ ਵਸਾ ਕੇ ਰੱਖਣ ਦੀ ਲੋੜ ਹੈ ਤਾਂ ਜੋ ਦੇਸ਼ ਦੀ ਨੌਜਵਾਨ ਪੀੜ੍ਹੀ ਉਸਦੀ ਵਿਚਾਰਧਾਰਾ ਤੋਂ ਹਮੇਸ਼ਾ ਪ੍ਰੇਰਨਾ ਲੈਂਦੀ ਰਹੇ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Dr. Iqbal S Sakrodi

Dr. Iqbal S Sakrodi

Sangrur, Punjab, India.
WhatsApp: (91 - 84276 - 85020)

Email: (dr.iqbalsingh1962@gmail.com)

More articles from this author