“ਸੇਠਾ, ਗੱਲ ਸੁਣ ਮੇਰੀ ਧਿਆਨ ਨਾਲ, ਅੱਜਕੱਲ੍ਹ ਧੀਆਂ ਪੁੱਤਰਾਂ ’ਤੇ ਬਹੁਤੀ ਆਸ ਨਹੀਂ ...”
(17 ਸਤੰਬਰ 2025)
ਬਨਵਾਰੀ ਲਾਲ ਬਿਜਲੀ ਬੋਰਡ ਵਿੱਚੋਂ ਜੇ ਈ ਰਿਟਾਇਰ ਹੋਇਆ ਸੀ। ਸਾਰੀ ਨੌਕਰੀ ਦੌਰਾਨ ਤਨਖ਼ਾਹ ਨੂੰ ਤਾਂ ਉਸਨੇ ਕਿਸੇ ਗਿਣਤੀ ਵਿੱਚ ਹੀ ਨਹੀਂ ਸੀ ਲਿਆ, ਉੱਪਰਲੀ ਕਮਾਈ ਨੂੰ ਹੀ ਉਹ ਅਸਲੀ ਕਮਾਈ ਮੰਨਦਾ ਸੀ। ਉਸਨੇ ਦੋ ਨੰਬਰ ਦਾ ਬਥੇਰਾ ਧਨ ਕਮਾਇਆ ਸੀ। ਜਦੋਂ ਵੀ ਕਿਸੇ ਕਿਸਾਨ ਨੇ ਮੋਟਰ ਦਾ ਕੁਨੈਕਸ਼ਨ ਲੈਣ ਲਈ ਅਪਲਾਈ ਕਰਨਾ, ਤਦ ਉਹ ਕੋਈ ਨਾ ਕੋਈ ਅਜਿਹੀ ਢੁੱਚਰ ਡਾਹੁੰਦਾ ਕਿ ਉਹਦੀ ਮੋਟਰ ਦਾ ਕੁਨੈਕਸ਼ਨ ਪਾਸ ਨਾ ਹੁੰਦਾ।
ਪੰਜ ਵਰ੍ਹੇ ਪਹਿਲਾਂ ਉੱਚੇ ਪਿੰਡ ਦੇ ਕਰਮਜੀਤ ਸਿੰਘ ਗਰੇਵਾਲ ਨੇ ਪੰਜ ਪਾਵਰ ਦੀ ਮੋਟਰ ਦਾ ਕੁਨੈਕਸ਼ਨ ਲੈਣ ਲਈ ਅਰਜ਼ੀ ਦਿੱਤੀ। ਜਿਉਂ ਹੀ ਉਹਦੀ ਅਰਜ਼ੀ ਬਨਵਾਰੀ ਦੀ ਮੇਜ਼ ’ਤੇ ਆਈ, ਉਸਨੇ ਬਿਨਾਂ ਵਜਾਹ ਕਈ ਨੁਕਸ ਕੱਢ ਦਿੱਤੇ ਸਨ ਅਤੇ ਇਤਰਾਜ਼ ਲਾ ਦਿੱਤੇ; ਜਿਸ ਕਰਕੇ ਕਰਮਜੀਤ ਸਿੰਘ ਦੀ ਅਰਜ਼ੀ ਰੱਦ ਹੋ ਗਈ।
ਉਸ ਦਿਨ ਸੋਮਵਾਰ ਸੀ। ਨੰਦ ਸਿੰਘ ਨੰਬਰਦਾਰ ਤੜਕੇ-ਤੜਕੇ ਪੱਗ ਬੰਨ੍ਹ ਕੇ ਸ਼ਹਿਰ ਜਾਣ ਲਈ ਤਿਆਰ ਹੋ ਗਿਆ। ਜਿਉਂ ਹੀ ਉਹ ਆਪਣੇ ਘਰੋਂ ਨਿੱਕਲਿਆ, ਕਰਮਜੀਤ ਸਿੰਘ ਦੇ ਘਰ ਵੱਲ ਨੂੰ ਮੁੜ ਪਿਆ। ਬਾਰ ਮੋਹਰੇ ਖੜ੍ਹੋ ਕੇ ਉਹਨੇ ਅਵਾਜ਼ ਮਾਰੀ, “ਮੈਂ ਕਿਹਾ ਕਰਮਜੀਤ ਸਿਆਂ ਘਰੇ ਈ ਐਂ?”
ਉਸ ਸਮੇਂ ਕਰਮਜੀਤ ਫੌੜ੍ਹਾ ਲੈ ਕੇ ਮੱਝਾਂ ਦਾ ਗੋਹਾ ਪਿਛਾਂਹ ਹਟਾ ਰਿਹਾ ਸੀ। ਨੰਬਰਦਾਰ ਦੀ ਅਵਾਜ਼ ਪਛਾਣ ਕੇ ਉਹ ਬੋਲਿਆ, “ਆ ਜਾ, ਆ ਜਾ, ਨੰਬਰਦਾਰਾ ਲੰਘਿਆ।”
ਨੰਬਰਦਾਰ ਖੰਘੂਰਾ ਮਾਰ ਕੇ ਅੰਦਰ ਚਲਾ ਗਿਆ। ਚੁੱਲ੍ਹੇ ਮੋਹਰੇ ਬੈਠੀ ਕਰਮਜੀਤ ਸਿੰਘ ਦੀ ਨੂੰਹ ਸੰਦੀਪ ਕੌਰ ਰੋਟੀਆਂ ਲਾਹ ਰਹੀ ਸੀ। ਨੰਬਰਦਾਰ ਦਾ ਖੰਘੂਰਾ ਸੁਣ ਉਸਨੇ ਲੰਮਾ ਘੁੰਡ ਕੱਢ ਲਿਆ। ਨੰਬਰਦਾਰ ਨੇ ਬਾਣ ਦੇ ਮੰਜੇ ’ਤੇ ਬਹਿੰਦਿਆਂ ਪੁੱਛਿਆ, “ਹੋਰ ਸੁਣਾ, ਖੇਤੀ ਪੱਤੀ ਕਿਵੇਂ ਐਂ!”
“ਨੰਬਰਦਾਰਾ ਤੈਨੂੰ ਕੀ ਦੱਸਾਂ? ਨਵੀਂ ਮੋਟਰ ਦਾ ਕਨੈਕਸ਼ਨ ਲੈਣ ਲਈ ਅਰਜ਼ੀ ਦਿੱਤੀ ਸੀ, ਉਹ ਰੱਦ ਹੋ ਗਈ। ਸਮਝ ਨਹੀਂ ਆਉਂਦੀ, ਕੀ ਕਰਾਂ? ਕਿੱਥੇ ਜਾਮਾ?”
“ਕਰਮਜੀਤ ਸਿਆਂ, ਭਲਾ ਇਹ ਕੀ ਗੱਲ ਕੀਤੀ? ਜੇ ਅਰਜ਼ੀ ’ਕੇਰਾਂ ਰੱਦ ਹੋ ਗਈ, ਤਾਂ ਕਿਹੜਾ ਆਖ਼ਰ ਆ ਗੀ। ਰੱਦ ਹੋਈ ਅਰਜ਼ੀ ਪਾਸ ਬੀ ਹੋ ਸਕਦੀ ਐ। ਬੱਸ, ਗੱਲ ਇੰਨੀ ਕੁ ਐ। ਬਈ ਅਰਜ਼ੀ ਦੇ ਪਹੀਏ ਲਾਉਣੇ ਪੈਣੇ ਐਂ!”
“ਦੇਖ ਨੰਬਰਦਾਰਾ, ਅਸੀਂ ਤਾਂ ਹੈਗੇ ਜੱਟ ਬੂਟ। ਸਾਨੂੰ ਤਾਂ ਮਿੱਟੀ ਨਾਲ ਮਿੱਟੀ ਹੋਣਾ ਆਉਂਦਾ ਐ। ਨਾ ਮੈਂ ਬਹੁਤਾ ਦਫਤਰਾਂ ਵਿੱਚ ਗਿਆਂ, ਤੇ ਨਾ ਹੀ ਮੈਨੂੰ ਇਨ੍ਹਾਂ ਦਫਤਰੀ ਬਾਬੂਆਂ ਦੀ ਰਮਜ਼ ਹੀ ਕਦੇ ਸਮਝ ਪੈਂਦੀ ਐ। ਤੇਰਾ ਤਾਂ ਸ਼ਹਿਰ ਗੇੜਾ ਵੱਜਦਾ ਰਹਿੰਦਾ ਹੈ, ਤੂੰ ਮੇਰਾ ਮੋਟਰ ਆਲਾ ਕੰਮ ਸਿਰੇ ਲਵਾ ਦੇ। ਜਿਵੇਂ ਕਹੇਂਗਾ, ਕਰ ਲਮਾਗੇ। ਮੈਂ ਤੈਥੋਂ ਬਾਹਰ ਨਹੀਂ ਹੁੰਦਾ। ਸੇਵਾ ਪਾਣੀ ਮੈਂ ਪੂਰੀ ਕਰ ਦੂੰ।”
ਨੰਬਰਦਾਰ ਨੇ ਕਰਮਜੀਤ ਦੇ ਕੰਨ ਵਿੱਚ ਪਤਾ ਨਹੀਂ ਕੀ ਫੂਕ ਮਾਰੀ, ਹਫ਼ਤੇ ਵਿੱਚ ਕਰਮਜੀਤ ਦੀ ਨਵੀਂ ਮੋਟਰ ਚੱਲ ਪਈ ਸੀ।
ਬਨਵਾਰੀ ਲਾਲ ਦੇ ਇੱਕ ਪੁੱਤਰ ਅਤੇ ਇੱਕ ਧੀ ਸੀ। ਘਰ ਵਿੱਚ ਖੁੱਲ੍ਹਾ ਪੈਸਾ ਆਉਂਦਾ ਦੇਖ ਕੇ ਦੋਵੇਂ ਭੈਣ ਭਰਾ ਬਹੁਤੇ ਖਰਚੀਲੇ ਹੋ ਗਏ ਸਨ। ਖੁੱਲ੍ਹਾ ਖਾਣ ਪੀਣ, ਪਹਿਨਣ ਪੱਚਰਣ ਦੀ ਆਦਤ ਕਾਰਨ ਪੜ੍ਹਾਈ ਵੱਲ ਦੋਵਾਂ ਦਾ ਹੀ ਧਿਆਨ ਨਹੀਂ ਸੀ। ਕੁੜੀ ਤਾਂ ਫਿਰ ਵੀ ਠੀਕ ਸੀ ਪਰ ਮੁੰਡੇ ਨੇ ਤਾਂ ਦਸਵੀਂ ਮਸਾਂ ਪਾਸ ਕੀਤੀ ਸੀ। ਅੱਗੇ ਪੜ੍ਹਨ ਲਈ ਉਸਨੇ ਸਾਫ਼ ਨਾਂਹ ਕਰ ਦਿੱਤੀ ਸੀ। ਪਿਓ ਨੇ ਉਸ ਨੂੰ ਆੜ੍ਹਤ ਦਾ ਕੰਮ ਸਿੱਖਣ ਲਾਇਆ, ਉਹਦੇ ਵਿੱਚ ਉਹਨੇ ਪੂਰੀ ਨਾ ਪਾਈ। ਉਸ ਨੂੰ ਇਲੈਕਟ੍ਰਿਕ ਸਟੋਰ ਖੋਲ੍ਹ ਕੇ ਦਿੱਤਾ। ਜਦੋਂ ਮੁੰਡੇ ਨੇ ਰੁਚੀ ਨਾਲ ਕੰਮ ਨਾ ਕੀਤਾ ਤਾਂ ਛੇ ਮਹੀਨਿਆਂ ਪਿੱਛੋਂ ਉਹ ਵੀ ਬੰਦ ਕਰਨਾ ਪਿਆ। ਜਦੋਂ ਪਿਓ ਨੇ ਦੇਖਿਆ ਕਿ ਉਹ ਕਿਸੇ ਪਾਸੇ ਵੀ ਪੂਰੀ ਨਹੀਂ ਪਾ ਰਿਹਾ ਤਾਂ ਉਸਨੇ ਕੈਨੇਡਾ ਦੀ ਇੱਕ ਪੀ.ਆਰ. ਕੁੜੀ ਦੇ ਮਾਪਿਆਂ ਨੂੰ ਖ਼ਾਸੀ ਮੋਟੀ ਰਕਮ ਦੇ ਕੇ ਮੁੰਡੇ ਨੂੰ ਵਿਆਹ ਕੇ ਕੈਨੇਡਾ ਭੇਜ ਦਿੱਤਾ।
ਬਨਵਾਰੀ ਲਾਲ ਦੀ ਧੀ ਅਨੂਪਮਾ ਕਾਲਜ ਵਿੱਚ ਬੀ.ਏ. ਭਾਗ ਤੀਜਾ ਵਿੱਚ ਪੜ੍ਹਦੀ ਸੀ। ਅਨੂਪਮਾ ਰੰਗ ਰੂਪ ਅਤੇ ਸੁਹੱਪਣ ਵਿੱਚ ਉਹ ਆਪਣੀ ਮਾਂ ’ਤੇ ਗਈ ਸੀ। ਪੰਜ ਫੁੱਟ ਛੇ ਇੰਚ, ਲੰਮੇ ਭਾਰੇ ਕਾਲੇ ਕੇਸ, ਗੋਡਿਆਂ ਤੋਂ ਹੇਠਾਂ ਤਕ ਲਮਕਦੀ ਮੋਟੀ ਗੁੱਤ, ਸੋਹਣੀ ਸੁਨੱਖੀ ਹਿਰਨੋਟੀ ਅੱਖਾਂ ਵਾਲੀ, ਪਤਲੀ ਪਤੰਗ ਵਰਗੀ ਮਲੂਕ ਜਿਹੀ ਮੁਟਿਆਰ ਕੁੜੀ ਸੀ ਅਨੂਪਮਾ। ਉਸਦੀ ਬੋਤਲ ਵਰਗੀ ਫਿੱਗਰ, ਸੁਰਾਹੀਦਾਰ ਗਰਦਨ, ਕਮਰ ਇੰਨੀ ਪਤਲੀ ਕਿ ਦੋਵਾਂ ਹੱਥਾਂ ਵਿੱਚ ਅਸਾਨੀ ਨਾਲ ਆ ਜਾਵੇ। ਹਿੰਦੀ ਸਾਹਿਤ ਵਿੱਚ ਉਸਦੀ ਡੂੰਘੀ ਦਿਲਚਸਪੀ ਸੀ। ਕਾਲਜ ਵਿੱਚ ਹੁੰਦੇ ਹਰੇਕ ਸਾਹਿਤਕ ਅਤੇ ਸੱਭਿਆਚਾਰਕ ਸਮਾਗਮ ਵਿੱਚ ਉਸਦੇ ਗੀਤ ਦੇ ਬੋਲ ਸਮਾਗਮ ਨੂੰ ਚਾਰ ਚੰਨ ਲਾ ਦਿੰਦੇ। ਜਦੋਂ ਉਹ ਗੀਤ ਦੇ ਬੋਲਾਂ ਨਾਲ ਇਕਸੁਰ ਹੋ ਕੇ ਗਾਉਂਦੀ, ਤਾਂ ਸੁਣਨ ਵਾਲਿਆਂ ਨੂੰ ਇੰਝ ਭਾਸਦਾ, ਜਿਵੇਂ ਉਹਦੇ ਗਲੇ ਵਿੱਚ ਸਰਸਵਤੀ ਦਾ ਵਾਸਾ ਹੋਵੇ। ਕਾਲਜ ਪੜ੍ਹਦਿਆਂ ਉਸਦਾ ਇੱਕ ਰੱਜੇ ਪੁੱਜੇ ਸਰਦਾਰਾਂ ਦੇ ਮੁੰਡੇ ਯਾਦਵਿੰਦਰ ਸਿੱਧੂ ਨਾਲ ਪਿਆਰ ਪੈ ਗਿਆ ਸੀ। ਯਾਦਵਿੰਦਰ ਬਾਰੇ ਸਾਰੀ ਗੱਲਬਾਤ ਉਸਨੇ ਆਪਣੀ ਮਾਂ ਨੂੰ ਦੱਸ ਦਿੱਤੀ। ਭਾਵੇਂ ਅਨੁਰਾਧਾ ਧੀ ਦਾ ਵਿਆਹ ਸਰਦਾਰਾਂ ਦੇ ਮੁੰਡੇ ਨਾਲ ਕਰਨ ਲਈ ਤਿਆਰ ਹੋ ਗਈ ਸੀ, ਪ੍ਰੰਤੂ ਬਨਵਾਰੀ ਨੇ ਇੱਕੋ ਨੰਨਾ ਫੜੀ ਰੱਖਿਆ। ਆਖ਼ਰ ਮੁੰਡੇ ਕੁੜੀ ਨੇ ਘਰੋਂ ਭੱਜ ਕੇ ਕੋਰਟ ਮੈਰਿਜ ਕਰਵਾ ਲਈ।
ਰਿਟਾਇਰਮੈਂਟ ਤੋਂ ਬਾਅਦ ਬਨਵਾਰੀ ਨੂੰ ਮਿਲਣ ਵਾਲੀ ਪੈਨਸ਼ਨ ਉਸਦੀ ਤਨਖ਼ਾਹ ਦਾ ਅੱਧ ਹੀ ਰਹਿ ਗਿਆ। ਦੂਜਾ ਹੁਣ ਸਾਮੀਆਂ ਆਉਣੀਆਂ ਵੀ ਬੰਦ ਹੋ ਗਈਆਂ ਸਨ। ਜਿਸਨੇ ਸਾਰੀ ਉਮਰ ਦੋਹੀਂ ਹੱਥੀਂ ਸੰਧੂਰੀ ਅੰਬ ਖਾਧੇ ਹੋਣ, ਉਹਨੂੰ ਅੰਬਾਕੜੀਆਂ ਨਾਲ ਭਲਾ ਕਿੱਥੋਂ ਸਬਰ ਆਉਣਾ ਸੀ। ਹੁਣ ਬੈੱਡ ’ਤੇ ਲੇਟਿਆ ਬਨਵਾਰੀ ਲਾਲ ਸਾਰਾ ਦਿਨ ਕਮਰੇ ਦੀ ਛੱਤ ਵੱਲ ਦੇਖਦਾ ਰਹਿੰਦਾ। ਉਸ ਨੂੰ ਇਹੋ ਝੋਰਾ ਲੱਗਿਆ ਰਹਿੰਦਾ ਕਿ ਹੁਣ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ? ਇਹੋ ਸੋਚ-ਸੋਚ ਕੇ ਦੋ ਮਹੀਨਿਆਂ ਵਿੱਚ ਹੀ ਉਹ ਡਿਪਰੈਸ਼ਨ ਵਿੱਚ ਚਲਾ ਗਿਆ। ਭਾਵੇਂ ਸ਼ਹਿਰ ਦੇ ਮਸ਼ਹੂਰ ਡਾ. ਪਰਮਜੀਤ ਕੌਸ਼ਲ ਤੋਂ ਉਸਦੀ ਦਵਾਈ ਚੱਲ ਰਹੀ ਸੀ ਪਰ ਫਿਰ ਵੀ ਬਨਵਾਰੀ ਲਾਲ ਦੀ ਸਿਹਤ ਦਿਨੋਂ ਦਿਨ ਨਿੱਘਰਦੀ ਹੀ ਜਾ ਰਹੀ ਸੀ।
ਆਖ਼ਰ ਉਸਦੀ ਪਤਨੀ ਅਨੁਰਾਧਾ ਉਸ ਨੂੰ ਫੋਰਟਿਸ ਹਸਪਤਾਲ ਮੁਹਾਲੀ ਲੈ ਗਈ। ਉਸਦਾ ਇਲਾਜ ਕਰਨ ਲਈ ਫੋਰਟਿਸ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਆਪਣੀ ਪੂਰੀ ਵਾਹ ਲਾ ਦਿੱਤੀ। ਅੱਜ ਹੋਰ, ਕੱਲ੍ਹ ਹੋਰ ਬਨਵਾਰੀ ਲਾਲ ਦੀ ਸਿਹਤ ਵਿੱਚ ਮੋੜਾ ਪੈਣਾ ਸ਼ੁਰੂ ਹੋ ਗਿਆ। ਪੂਰੇ ਦੋ ਸਾਲ ਫੋਰਟਿਸ ਤੋਂ ਇਲਾਜ ਚੱਲਦਾ ਰਿਹਾ। ਦਵਾਈ ਭਾਵੇਂ ਹੁਣ ਵੀ ਚੱਲ ਰਹੀ ਸੀ, ਪ੍ਰੰਤੂ ਉਹ ਕਾਫ਼ੀ ਹੱਦ ਤਕ ਠੀਕ ਹੋ ਚੁੱਕਾ ਸੀ। ਪਰ ਉਸ ਵੱਲੋਂ ਇਕੱਠੀ ਕੀਤੀ ਸਾਰੀ ਜਮ੍ਹਾਂ ਪੂੰਜੀ ਇਨ੍ਹਾਂ ਦੋ ਸਾਲਾਂ ਵਿੱਚ ਖੁਰ ਗਈ।
ਫਰਵਰੀ ਦਾ ਮਹੀਨਾ ਚੜ੍ਹ ਗਿਆ। ਐਤਵਾਰ ਦਾ ਦਿਨ ਸੀ। ਠੰਢ ਦਾ ਪ੍ਰਕੋਪ ਕਾਫ਼ੀ ਹੱਦ ਤਕ ਘੱਟ ਗਿਆ ਸੀ। ਮੌਸਮ ਵਿੱਚ ਕਾਫ਼ੀ ਮੋੜਾ ਪੈ ਚੁੱਕਿਆ ਸੀ। ਵਿਹੜੇ ਵਿੱਚ ਕੁਰਸੀ ’ਤੇ ਬੈਠਾ ਬਨਵਾਰੀ ਲਾਲ ਕੋਸੀ-ਕੋਸੀ ਧੁੱਪ ਦਾ ਨਿੱਘ ਮਾਣਦਾ ਹੋਇਆ ਅਖ਼ਬਾਰ ਪੜ੍ਹ ਰਿਹਾ ਸੀ। ਅਚਾਨਕ ਉਸਦੇ ਮੋਬਾਇਲ ਫ਼ੋਨ ਦੀ ਘੰਟੀ ਵੱਜ ਉੱਠੀ। ਉਸਨੇ ਅਖ਼ਬਾਰ ਵੱਲੋਂ ਆਪਣਾ ਧਿਆਨ ਹਟਾਇਆ। ਫ਼ੋਨ ’ਤੇ ਨਜ਼ਰ ਮਾਰੀ। ਕਾਲਜ ਵਿੱਚ ਉਸਦੇ ਨਾਲ ਪੜ੍ਹਦੇ ਰਹੇ ਉਸਦੇ ਅਜ਼ੀਜ਼ ਮਿੱਤਰ ਪ੍ਰੋਫੈਸਰ ਬਲਵੰਤ ਸਿੰਘ ਗਿੱਲ ਦਾ ਨਾਂ ਲਿਖਿਆ ਹੋਇਆ ਸੀ। ਉਸਨੇ ਫ਼ੋਨ ਨੂੰ ਕੰਨ ਨਾਲ ਲਾਉਂਦਿਆਂ ਕਿਹਾ-“ਹੈਲੋ!”
“ਸੇਠ ਸਾਹਿਬ, ਹੋਰ ਸੁਣਾਓ! ਕੀ ਹਾਲ ਚਾਲ ਐ ਤੁਹਾਡਾ? ਸਿਹਤ ਕਿਵੇਂ ਐਂ ਤੁਹਾਡੀ?”
“ਵਾਹ ਜੀ ਵਾਹ!!! ਪ੍ਰੋਫੈੱਸਰ ਗਿੱਲ, ਸਤਿ ਸ਼੍ਰੀ ਅਕਾਲ। ਬੱਸ ਇੱਕ ਤੂੰ ਹੀਂ ਮੇਰਾ ਜਿਗਰੀ ਯਾਰ ਐਂ, ਜਿਹਨੂੰ ਮੇਰੀ ਸਿਹਤ ਦਾ ਫਿਕਰ ਰਹਿੰਦਾ ਐ। ਦੇਖ ਲੈ ਭਰਾਵਾ, ਮੈਂ ਸਾਰੀ ਉਮਰ ਆਪਣੇ ਧੀ ਪੁੱਤ ਲਈ ਏਨਾ ਪੈਸਾ ਕਮਾਇਆ, ਮੁੰਡੇ ਨੇ ਕਦੇ ਮੈਨੂੰ ਫ਼ੋਨ ਨਹੀਂ ਕੀਤਾ, ਕੁੜੀ ਨੇ ਤਾਂ ਕਰਨਾ ਈ ਕੀ ਐ?”
“ਸੇਠਾ, ਗੱਲ ਸੁਣ ਮੇਰੀ ਧਿਆਨ ਨਾਲ, ਅੱਜਕੱਲ੍ਹ ਧੀਆਂ ਪੁੱਤਰਾਂ ’ਤੇ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ। ਸਭ ਆਪੋ ਆਪਣੀ ਪਰਿਵਾਰਕ ਜ਼ਿੰਦਗੀ ਵਿੱਚ ਮਸਤ ਹਨ। ਹੁਣ ਤਾਂ ਸਾਰੀ ਦੁਨੀਆਂ ਪੈਸੇ ਦੀ ਪੁੱਤ ਹੋ ਗਈ ਐ।”
“ਬਲਵੰਤ ਸਿਆਂ, ਤੈਨੂੰ ਕੀ ਦੱਸਾਂ... ਸਾਰੀ ਉਮਰ ਵਿੱਚ ਜਿਹੜੀ ਪਾਈ-ਪਾਈ ਕਰਕੇ ਜੋੜੀ ਸੀ, ਸਾਰੀ ਡਾਕਟਰਾਂ ਦੇ ਢਿੱਡ ਵਿੱਚ ਪੈ ਗਈ ਐ। ਦੋ ਸਾਲਾਂ ਵਿੱਚ ਬਾਈ ਲੱਖ ਰੁਪਈਆ ਲੱਗ ਗਿਆ ਮੇਰਾ।”
“ਬਨਵਾਰੀ ਇਸੇ ਲਈ ਤਾਂ ਮੈਂ ਤੈਨੂੰ ਕਹਿਨਾਂ ਹੁੰਨਾਂ, ਬਈ ਆਪਣੇ ਹੱਥੀਂ ਪੁੰਨ ਦਾਨ ਕਰ ਲਿਆ ਕਰ। ਪਤਾ ਨਹੀਂ ਕਿਹੜੇ ਗਰੀਬ ਗੁਰਬੇ ਦੀ ’ਸੀਸ ਲੱਗ ਜਾਂਦੀ ਐ। ਸਿਆਣੇ ਕਹਿੰਦੇ ਐ ਕਿ ਬੰਦਾ ਘਰੋਂ ਚਾਹੇ ਗ਼ਰੀਬ ਹੋਵੇ, ਪਰ ਦਿਲ ਦਾ ਕੰਗਾਲ ਨਹੀਂ ਹੋਣਾ ਚਾਹੀਦਾ। ਅੱਛਾ, ਮੇਰੀ ਗੱਲ ਸੁਣ ਧਿਆਨ ਨਾਲ, ਮੈਂ ਪਿੰਗਲਵਾੜੇ ਵਿੱਚੋਂ ਹੀ ਫ਼ੋਨ ਕਰ ਰਿਹਾਂ। ਅਗਲੇ ਮਹੀਨੇ ਦੇ ਆਖ਼ਰੀ ਐਤਵਾਰ ਪਿੰਗਲਵਾੜਾ ਸੰਸਥਾ ਆਪਣਾ ਪੱਚੀਵਾਂ ਸਥਾਪਨਾ ਦਿਵਸ ਮਨਾ ਰਹੀ ਐ। ਤੂੰ ਆ ਜਾ ਸੰਸਥਾ ਵਿੱਚ। ਘਰ ਵਿੱਚ ਵੀ ਤਾਂ ਸਾਰਾ ਦਿਨ ਮੰਜਾ ਤੋੜਦਾ ਰਹਿਨੈਂ, ਬੈਠਾ ਪੈਸੇ ਨੂੰ ਈਂ ਝੂਰਦਾ ਰਹਿੰਨੈਂ। ਇੱਥੇ ਆ ਕੇ ਬੰਦੇ ਦਾ ਮਨ ਬਦਲ ਜਾਂਦਾ ਐ। ਮਰੀਜ਼ਾਂ ਨਾਲ ਗੱਲ ਕਰਕੇ ਬੜੀ ਤਸੱਲੀ ਮਿਲਦੀ ਐ। ... ਬਨਵਾਰੀ ਲਾਲ, ਤੂੰ ਆ ਰਿਹਾ ਹੈਂ ਨਾ ਸੰਸਥਾਨ ਵਿੱਚ?”
“ਗਿੱਲ ਸਾਹਿਬ, ਗੱਲ ਇਹ ਐ, ਮੈਂ ਆ ਤਾਂ ਜਾਵਾਂ ਪਰ ਤੂੰ ਸੌ ਪੰਜਾਹ ਦੀ ਮੇਰੀ ਪਰਚੀ ਕੱਟ ਦੇਂਗਾ।” ਇਹ ਆਖ ਕੇ ਬਨਵਾਰੀ ਨੇ ਫ਼ੋਨ ਕੱਟ ਦਿੱਤਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (