Iqbal S Sakrodi Dr 7ਕਰਤਾਰ ਸਿੰਘ ਸਰਾਭਾ ਵਿਰੁੱਧ ਸੱਤ ਸਫਿਆਂ ਦਾ ਫੈਸਲਾ ਲਿਖਿਆ ਗਿਆ। ਫੈਸਲੇ ਵਿੱਚ ...
(24 ਮਈ 2026)


ਦੇਸ਼ ਨੂੰ ਅਜ਼ਾਦ ਹੋਇਆਂ ਲਗਭਗ ਅੱਠ ਦਹਾਕੇ ਬੀਤ ਚੁੱਕੇ ਹਨ। ਅੱਜ ਅਸੀਂ ਜਿਸ ਅਜ਼ਾਦ ਮਾਹੌਲ ਵਿੱਚ ਜੀਅ ਰਹੇ ਹਾਂ
, ਉਹ ਕਦੇ ਸਾਡੇ ਦੇਸ਼ ਦੇ ਬਹਾਦਰ ਲੋਕਾਂ ਦਾ ਖਾਬ ਹੋਇਆ ਕਰਦਾ ਸੀ, ਜਿਸ ਨੂੰ ਪੂਰਾ ਕਰਨ ਲਈ ਅਣਖੀ ਅਤੇ ਖੁੱਦਾਰ ਗੱਭਰੂਆਂ ਨੇ ਆਪਣੀਆਂ ਸਾਰੀਆਂ ਖੁਸ਼ੀਆਂ ਦਾ ਤਿਆਗ ਕਰਕੇ ਆਪਣੇ ਪ੍ਰਾਣਾਂ ਦੀ ਆਹੂਤੀ ਪਾ ਦਿੱਤੀ ਕਿਉਂਕਿ ਦੇਸ਼ ਪਿਆਰ ਉਨ੍ਹਾਂ ਦੇ ਤਨ ਮਨ ਵਿੱਚ ਵਸਿਆ ਹੋਇਆ ਸੀ। ਅਜਿਹਾ ਹੀ ਇੱਕ ਮੁੱਛ ਫੁੱਟ ਗੱਭਰੂ ਸੀ ਸ਼ਹੀਦ ਕਰਤਾਰ ਸਿੰਘ ਸਰਾਭਾ, ਜਿਸ ਨੂੰ ਦੇਸ਼ ਦੀ ਅਜ਼ਾਦੀ ਦੀ ਮੰਗ ਕਰਨ ਕਾਰਨ ਕੇਵਲ ਉੰਨੀ ਵਰ੍ਹਿਆਂ ਦੀ ਚੜ੍ਹਦੀ ਜਵਾਨੀ ਦੀ ਉਮਰੇ ਅੰਗਰੇਜ਼ੀ ਸਾਮਰਾਜ ਨੇ ਸੈਂਟਰਲ ਜੇਲ੍ਹ ਲਾਹੌਰ ਵਿੱਚ ਫਾਂਸੀ ’ਤੇ ਚਾੜ੍ਹ ਦਿੱਤਾ ਸੀ।

ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਮਾਤਾ ਸਾਹਿਬ ਕੌਰ ਦੀ ਕੁੱਖੋਂ, ਪਿਤਾ ਮੰਗਲ ਸਿੰਘ ਦੇ ਘਰ ਪਿੰਡ ਸਰਾਭਾ, ਜ਼ਿਲ੍ਹਾ ਲੁਧਿਆਣਾ ਵਿੱਚ 24 ਮਈ 1896 ਨੂੰ ਇੱਕ ਸਰਦੇ ਪੁੱਜਦੇ ਕਿਸਾਨ ਪਰਿਵਾਰ ਵਿੱਚ ਹੋਇਆ। ਬਾਲੜੀ ਉਮਰ ਵਿੱਚ ਹੀ ਪਿਤਾ ਦੀ ਮੌਤ ਹੋਣ ਕਾਰਨ ਉਸਦੇ ਪਾਲਣ ਪੋਸਣ ਦੀ ਜ਼ਿੰਮੇਵਾਰੀ ਦਾਦਾ ਬਚਨ ਸਿੰਘ ’ਤੇ ਆ ਪਈਕਰਤਾਰ ਸਿੰਘ ਨੇ ਮੁਢਲੀ ਵਿੱਦਿਆ ਸਰਾਭਾ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਲਈ। ਅੱਠਵੀਂ ਤਕ ਦੀ ਪੜ੍ਹਾਈ ਮਾਲਵਾ ਖਾਲਸਾ ਸਕੂਲ ਲੁਧਿਆਣਾ ਤੋਂ ਕੀਤੀ। ਇਸ ਪਿੱਛੋਂ ਉਹ ਆਪਣੇ ਚਾਚੇ ਡਾ. ਵੀਰ ਸਿੰਘ ਕੋਲ ਕਟਕ ਚਲਿਆ ਗਿਆ। ਉੱਥੇ ਹੀ ਰੇਵਨਸਾਹ ਯੂਨੀਵਰਸਿਟੀ ਤੋਂ ਦਸਵੀਂ ਦਾ ਇਮਤਿਹਾਨ ਪਾਸ ਕੀਤਾ। ਪੜ੍ਹਾਈ ਵਿੱਚ ਮੁੱਢ ਤੋਂ ਹੀ ਹੁਸ਼ਿਆਰ ਕਰਤਾਰ ਸਿੰਘ ਆਪਣੇ ਦਾਦਾ ਜੀ ਦਾ ਸੁਪਨਾ ਪੂਰਾ ਕਰਨ ਲਈ ਕੈਲੇਫੋਰਨੀਆ ਯੂਨੀਵਰਸਿਟੀ ਵਿੱਚ ਰਸਾਇਣ ਵਿਗਿਆਨ ਦੀ ਪੜ੍ਹਾਈ ਕਰਨ ਲੱਗ ਪਿਆ।

ਜਦੋਂ ਕਰਤਾਰ ਸਿੰਘ ਪਹਿਲੀ ਵਾਰੀ ਬਰਕਲੇ ਦੇ ਨਾਲੰਦਾ ਕਲੱਬ ਵਿੱਚ ਗਿਆ ਤਾਂ ਉੱਥੇ ਉਸਦੀ ਹੋਰ ਭਾਰਤੀ ਵਿਦਿਆਰਥੀਆਂ ਨਾਲ ਮੁਲਾਕਾਤ ਹੋਈ, ਜਿਸਦੇ ਨਤੀਜੇ ਵਜੋਂ ਉਸਦੇ ਮਨ ਵਿੱਚ ਦੇਸ਼ ਭਗਤੀ ਦੀ ਭਾਵਨਾ ਹੋਰ ਪ੍ਰਚੰਡ ਹੋ ਗਈ। ਉਸਨੇ ਵਿਦੇਸ਼ ਵਿੱਚ ਰਹਿੰਦਿਆਂ ਜਨ-ਸਧਾਰਨ ਨੂੰ ਅਜ਼ਾਦੀ ਨਾਲ ਵਿਚਰਦਿਆਂ ਦੇਖਿਆ। ਪ੍ਰੰਤੂ ਆਪਣੇ ਭਾਰਤ ਵਿੱਚ ਅੰਗਰੇਜ਼ੀ ਸਰਕਾਰ ਵੱਲੋਂ ਭਾਰਤੀਆਂ ’ਤੇ ਕੀਤੇ ਜਾਂਦੇ ਜ਼ੁਲਮਾਂ, ਵਿਤਕਰਿਆਂ ਅਤੇ ਪੱਖਪਾਤ ਨੂੰ ਦੇਖ ਕੇ ਕਰਤਾਰ ਸਿੰਘ ਦਾ ਕੋਮਲ ਹਿਰਦਾ ਵਲੂੰਧਰਿਆ ਗਿਆ। ਬੱਸ ਉਦੋਂ ਤੋਂ ਹੀ ਉਹ ਭਾਰਤ ਮਾਤਾ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਲਈ ਤਿਆਰ-ਬਰ-ਤਿਆਰ ਹੋ ਗਿਆ।

ਜੂਨ 1913 ਈਸਵੀ ਵਿੱਚ ‘ਗਦਰ ਪਾਰਟੀ’ ਦੀ ਸਥਾਪਨਾ ਕੀਤੀ ਗਈ। ਅਰੰਭ ਵਿੱਚ ਪਿੰਡ ਭਕਨਾ, ਜ਼ਿਲ੍ਹਾ ਅੰਮ੍ਰਿਤਸਰ ਦੇ ਇੱਕ ਕਿਸਾਨ ਸੋਹਣ ਸਿੰਘ ਭਕਨਾ ਨੂੰ ਪ੍ਰਧਾਨ ਅਤੇ ਲਾਲਾ ਹਰਦਿਆਲ ਨੂੰ ਇਸਦੇ ਸਕੱਤਰ ਬਣਾਇਆ ਗਿਆ। ਸੋਹਣ ਸਿੰਘ ਭਕਨਾ ਨੇ ਕਰਤਾਰ ਸਿੰਘ ਸਰਾਭਾ ਨੂੰ ਇੱਕ ਸੁਤੰਤਰ ਦੇਸ਼ ਦੀ ਖਾਤਰ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਵਿਰੁੱਧ ਸਰਗਰਮ ਹੋ ਕੇ ਮੁਹਿੰਮ ਚਲਾਉਣ ਲਈ ਪ੍ਰੇਰਿਤ ਕੀਤਾ। ਭਕਨਾ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਕਰਤਾਰ ਸਿੰਘ ਨੇ ਯੂਨੀਵਰਸਿਟੀ ਦੀ ਪੜ੍ਹਾਈ ਛੱਡ ਦਿੱਤੀ। ਉਹ ਲਾਲਾ ਹਰਦਿਆਲ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਗਦਰ ਪਾਰਟੀ ਲਈ ਕੰਮ ਕਰਨ ਲੱਗ ਪਿਆ। ਉਸਨੇ ‘ਗਦਰ ਦੀ ਗੂੰਜ’ ਅਖਬਾਰ ਨੂੰ ਪੰਜਾਬੀ ਭਾਸ਼ਾ ਵਿੱਚ ਲਿਖਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। ਉਹ ਦੇਸ਼ ਭਗਤੀ ਨਾਲ ਸੰਬੰਧਿਤ ਕਵਿਤਾਵਾਂ ਅਤੇ ਲੇਖ ਲਿਖ ਕੇ ਗਦਰ ਦੀ ਗੂੰਜ ਵਿੱਚ ਛਾਪਣ ਲੱਗ ਪਿਆ-

ਗਦਰ ਪਾਰਟੀ ਲੇਖਾ ਲੈਣਾ, ਕੰਮ ਨਹੀਂ ਕੋਈ ਚੋਰੀ ਦਾ।
ਰਲਮਿਲ ਸਾਰੇ ਕਰੋ ਖਾਤਮਾ, ਕੌਮ ਫਰੰਗੀ ਗੋਰੀ ਦਾ।
ਸੁੱਤੀ ਪਰਜਾ ਜਾਗ ਪਈ, ਤਦ ਅੱਗੇ ਕੰਮ ਚਲਾਵਣ ਦਾ।
ਆਉ ਸ਼ੇਰੋ ਗਦਰ ਮਚਾਈਏ, ਮੌਕਾ ਨਹੀਂ ਖੁੰਝਾਵਣ ਦਾ।
ਗਦਰ ਪਾਰਟੀ ਬੀੜਾ ਚੁੱਕਿਆ, ਹਿੰਦ ਆਜ਼ਾਦ ਕਰਾਵਣ ਦਾ।

ਕਰਤਾਰ ਸਿੰਘ ਸਰਾਭਾ ਥਾਂ-ਥਾਂ ’ਤੇ ਜਾ ਕੇ ਭਾਰਤੀਆਂ ਨੂੰ ਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ ਭਾਗ ਲੈਣ ਲਈ ਜਾਗਰੂਕ ਕਰਨ ਲੱਗਾ। 31 ਅਕਤੂਬਰ, 1913 ਈ. ਨੂੰ ਸੈਕਰਾਮੈਂਟੋ ਕੈਲੇਫੋਰਨੀਆ ਵਿੱਚ ਇੱਕ ਮੀਟਿੰਗ ਹੋ ਰਹੀ ਸੀ। ਤਦ ਕਰਤਾਰ ਸਿੰਘ ਭੱਜ ਕੇ ਮੰਚ ’ਤੇ ਜਾ ਚੜ੍ਹਿਆ। ਉਸਨੇ ਗਾਉਣਾ ਸ਼ੁਰੂ ਕਰ ਦਿੱਤਾ- “ਚੱਲੋ ਚੱਲੀਏ ਦੇਸ਼ ਨੂੰ ਯੁੱਧ ਕਰਨ”ਉਸਦੇ ਇਨ੍ਹਾਂ ਬੋਲਾਂ ਨੇ ਜਾਦੂ ਵਾਲਾ ਅਸਰ ਕੀਤਾ। ਕਰਤਾਰ ਸਿੰਘ ਸਰਾਭਾ ਦੇ ਮਨ ਵਿੱਚ ਦੇਸ਼ ਭਗਤੀ ਦੀ ਇਹੋ ਜਿਹੀ ਪ੍ਰਚੰਡ ਭਾਵਨਾ ਦੇਖ ਕੇ ਸੋਹਣ ਸਿੰਘ ਭਕਨਾ ਉਸ ਨੂੰ ‘ਬਾਬਾ ਜਰਨੈਲ’ ਕਹਿ ਕੇ ਸਨਮਾਨ ਦਿੰਦਾ ਸੀ।

ਉਸੇ ਸਮੇਂ ਗਦਰ ਪਾਰਟੀ ਦੇ ਮੈਂਬਰਾਂ ਨੂੰ ਭਾਰਤ ਆਉਣ ਲਈ ਕਿਹਾ ਗਿਆ ਤਾਂ ਜੋ ਅੰਗਰੇਜ਼ੀ ਸਾਮਰਾਜ ਵਿਰੁੱਧ ਹਥਿਆਰ ਬੰਦ ਵਿਦਰੋਹ ਦੀ ਤਿਆਰੀ ਕੀਤੀ ਜਾ ਸਕੇ। ਪਾਰਟੀ ਵੱਲੋਂ ਕਰਤਾਰ ਸਿੰਘ ਸਰਾਭਾ ਨੂੰ ਹਥਿਆਰ ਲੈਣ ਲਈ ਬੰਗਾਲ ਭੇਜਿਆ ਗਿਆ। ਉੱਥੇ ਉਸਦੀ ਭੇਂਟ ਵਿਸ਼ਣੂ ਗਨੇਸ਼ ਪਿੰਗਲੇ, ਸਚਿੰਦਰ ਨਾਥ ਸਾਨਿਆਲ, ਰਾਸ ਬਿਹਾਰੀ ਬੋਸ ਜਿਹੇ ਕ੍ਰਾਂਤੀਕਾਰੀਆਂ ਨਾਲ ਹੋਈ। ਕਰਤਾਰ ਸਿੰਘ ਸਰਾਭਾ ਨੇ ਵਿਸ਼ਨੂੰ ਗਣੇਸ਼ ਪਿੰਗਲੇ ਨਾਲ ਮੇਰਠ, ਆਗਰਾ, ਬਨਾਰਸ, ਅਲਾਹਾਬਾਦ, ਅੰਬਾਲਾ, ਲਾਹੌਰ, ਰਾਵਲਪਿੰਡੀ ਆਦਿ ਛਾਉਣੀਆਂ ਦਾ ਦੌਰਾ ਕੀਤਾ ਤਾਂ ਜੋ ਭਾਰਤੀ ਫੌਜੀਆਂ ਨੂੰ ਵਿਦਰੋਹ ਲਈ ਤਿਆਰ ਕੀਤਾ ਜਾ ਸਕੇ। ਕਰਤਾਰ ਸਿੰਘ ਸਰਾਭਾ ਅਤੇ ਉਸਦੇ ਸਾਥੀਆਂ ਨੇ ਝਾਬੇਵਾਲ, ਲੋਹਟਬੱਧੀ ਪਿੰਡਾਂ ਵਿੱਚ ਛੋਟੇ ਪੱਧਰ ’ਤੇ ਬੰਬ ਬਣਾਉਣੇ ਸ਼ੁਰੂ ਕਰ ਦਿੱਤੇ।

ਪਹਿਲੀ ਸੰਸਾਰ ਜੰਗ 1914 ਈ. ਵਿੱਚ ਸ਼ੁਰੂ ਹੋ ਗਈ, ਜਿਸ ਕਾਰਨ ਅੰਗਰੇਜ਼ੀ ਸਾਮਰਾਜ ਜੰਗ ਵਿੱਚ ਰੁੱਝ ਗਿਆ। ਇਸ ਨੂੰ ਇੱਕ ਚੰਗਾ ਮੌਕਾ ਸਮਝਦੇ ਹੋਏ ਗਦਰ ਪਾਰਟੀ ਦੇ ਆਗੂਆਂ ਨੇ 5 ਅਗਸਤ, 1914 ਈ. ਦੇ ‘ਗਦਰ ਦੀ ਗੂੰਜ’ ਪਰਚੇ ਵਿੱਚ ਅੰਗਰੇਜ਼ੀ ਸਾਮਰਾਜ ਵਿਰੁੱਧ ਜੰਗ ਦੇ ਐਲਾਨ ਦਾ ਫੈਸਲਾ ਪ੍ਰਕਾਸ਼ਿਤ ਕਰ ਦਿੱਤਾ। ਇਸਦੀਆਂ ਹਜ਼ਾਰਾਂ ਕਾਪੀਆਂ ਪਿੰਡਾਂ, ਸ਼ਹਿਰਾਂ ਅਤੇ ਫੌਜੀ ਛਾਉਣੀਆਂ ਵਿੱਚ ਵੰਡੀਆਂ ਗਈਆਂ। ਇਸ ਪਰਚੇ ਦੇ ਸਕਾਰਾਤਮਕ ਪ੍ਰਭਾਵ ਨੂੰ ਦੇਖਦਿਆਂ ਇੱਕ ਵਾਰ ਤਾਂ ਦੇਸ਼ ਭਗਤਾਂ ਨੂੰ ਇਉਂ ਲੱਗਣ ਲੱਗ ਪਿਆ ਸੀ ਕਿ ਹੁਣ ਅੰਗਰੇਜ਼ੀ ਸਾਮਰਾਜ ਦਾ ਖਾਤਮਾ ਹੋਣ ਹੀ ਵਾਲਾ ਹੈ।

25 ਜਨਵਰੀ, 1915 ਈ. ਨੂੰ ਰਾਸ ਬਿਹਾਰੀ ਬੋਸ ਅੰਮ੍ਰਿਤਸਰ ਪਹੁੰਚ ਗਿਆ। 12 ਫਰਵਰੀ, 1915 ਈ. ਨੂੰ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ 21 ਫਰਵਰੀ, 1915 ਈ. ਤੋਂ ਵਿਦਰੋਹ ਅਰੰਭ ਕੀਤਾ ਜਾਣਾ ਤੈਅ ਹੋਇਆ। ਪ੍ਰੰਤੂ ਅੰਗਰੇਜ਼ੀ ਸਰਕਾਰ ਦੀ ਚਲਾਕੀ ਕਾਰਨ ਕਿਰਪਾਲ ਸਿੰਘ ਨਾਂ ਦਾ ਇੱਕ ਮੁਖਬਰ ਗਦਰ ਪਾਰਟੀ ਵਿੱਚ ਸ਼ਾਮਲ ਹੋ ਚੁੱਕਾ ਸੀ। ਉਹ ਗਦਰ ਪਾਰਟੀ ਨਾਲ ਸੰਬੰਧਿਤ ਸਾਰੀ ਗੁਪਤ ਰਿਪੋਰਟ ਸਰਕਾਰ ਨੂੰ ਭੇਜ ਦਿੰਦਾ ਸੀ। ਉਸਦੀ ਮੁਖਬਰੀ ਕਾਰਨ ਬਹੁਤ ਵੱਡੀ ਗਿਣਤੀ ਵਿੱਚ ਗਦਰ ਪਾਰਟੀ ਦੇ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪ੍ਰੰਤੂ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਝਕਾਨੀ ਦੇ ਕੇ ਕਾਬਲ ਵੱਲ ਨਿਕਲ ਗਏ। ਕੁਝ ਦਿਨਾਂ ਬਾਅਦ ਜਦੋਂ ਇਹ ਤਿੰਨੇ ਦੇਸ਼ ਭਗਤ ਪੰਜਾਬ ਵਿੱਚ ਵਾਪਸ ਆਏ ਤਾਂ ਸ਼ਾਹਪੁਰ ਜ਼ਿਲ੍ਹੇ ਵਿੱਚ ਵਿਲਸਨਪੁਰ ਵਿੱਚ ਇਨ੍ਹਾਂ ਤਿੰਨਾਂ ਦੇਸ਼ ਭਗਤਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਅੰਗਰੇਜ਼ੀ ਅਦਾਲਤ ਵਿੱਚ ਮੁਕੱਦਮਾ ਚਲਾਇਆ ਗਿਆ ਤਾਂ ਕਰਤਾਰ ਸਿੰਘ ਸਰਾਭਾ ਅਤੇ ਉਸਦੇ ਸਾਥੀਆਂ ਵੱਲੋਂ ਆਪਣੇ ਬਚਾ ਲਈ ਕੋਈ ਵਕੀਲ ਨਾ ਕੀਤਾ ਗਿਆ। ਸਗੋਂ ਕਰਤਾਰ ਸਿੰਘ ਨੇ ਸਾਰੇ ਦੋਸ਼ਾਂ ਦੀ ਪੂਰੀ ਜ਼ਿੰਮੇਵਾਰੀ ਆਪਣੇ ’ਤੇ ਲੈ ਲਈ। ਇਹ ਸਾਰਾ ਕੁਝ ਦੇਖ ਕੇ ਅੰਗਰੇਜ਼ ਜੱਜ ਵੀ ਹੈਰਾਨ ਰਹਿ ਗਿਆ ਕਿ ਇੱਕ ਮੁੱਛ ਫੁੱਟ ਗੱਭਰੂ ਕੇਵਲ ਉੱਨੀਂ ਵਰ੍ਹਿਆਂ ਦੀ ਉਮਰ ਵਿੱਚ ਇੰਨੀ ਨਿਡਰਤਾ ਅਤੇ ਬੀਰਤਾ ਨਾਲ ਗੱਲ ਕਰ ਰਿਹਾ ਹੈ। ਜੱਜ ਨੇ ਕਰਤਾਰ ਸਿੰਘ ਦੀ ਛੋਟੀ ਉਮਰ ਦੇਖ ਕੇ ਉਸ ਨੂੰ ਆਪਣੇ ਬਿਆਨਾਂ ਵਿੱਚ ਸੋਧ ਕਰਨ ਦੀ ਮੋਹਲਤ ਦੇ ਦਿੱਤੀ। ਪ੍ਰੰਤੂ ਕਰਤਾਰ ਸਿੰਘ ਸਰਾਭਾ ਨੇ ਸਾਰੀ ਸਾਜ਼ਿਸ਼ ਦੀ ਜ਼ਿੰਮੇਵਾਰੀ ਪੂਰੀ ਦ੍ਰਿੜ੍ਹਤਾ ਨਾਲ ਆਪਣੇ ਉੱਤੇ ਲੈ ਲਈ। ਇਸ ਅਧਾਰ ’ਤੇ ਕਰਤਾਰ ਸਿੰਘ ਸਰਾਭਾ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ।

ਜੱਜ ਵੱਲੋਂ ਕਰਤਾਰ ਸਿੰਘ ਸਰਾਭਾ ਵਿਰੁੱਧ ਸੱਤ ਸਫਿਆਂ ਦਾ ਫੈਸਲਾ ਲਿਖਿਆ ਗਿਆ। ਫੈਸਲੇ ਵਿੱਚ ਸਭ ਤੋਂ ਅਹਿਮ ਗੱਲ ਇਹ ਲਿਖੀ ਗਈ ਸੀ ਕਿ ਗਦਰ ਦੀ ਕੋਈ ਵੀ ਅਜਿਹੀ ਘਟਨਾ ਨਹੀਂ ਹੈ, ਜਿਸ ਵਿੱਚ ਕਰਤਾਰ ਸਿੰਘ ਸਰਾਭਾ ਸ਼ਾਮਲ ਨਾ ਹੋਵੇ। ਇਸ ਪ੍ਰਕਾਰ ਉਸ ਨੂੰ ਅੰਗਰੇਜ਼ੀ ਸਰਕਾਰ ਲਈ ਸਭ ਤੋਂ ਵੱਧ ਖਤਰਨਾਕ ਦੱਸਿਆ ਗਿਆਆਖਰ 16 ਨਵੰਬਰ, 1915 ਈ ਨੂੰ ਉੱਨੀਂ ਵਰ੍ਹਿਆਂ ਦੇ ਨੌਜਵਾਨ ਕਰਤਾਰ ਸਿੰਘ ਸਰਾਭਾ ਨੂੰ ਉਸਦੇ ਛੇ ਹੋਰ ਸਾਥੀਆਂ ਸਮੇਤ ਸੈਂਟਰਲ ਜੇਲ੍ਹ ਲਾਹੌਰ ਵਿੱਚ ਫਾਂਸੀ ’ਤੇ ਲਟਕਾ ਦਿੱਤਾ ਗਿਆ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Dr. Iqbal S Sakrodi

Dr. Iqbal S Sakrodi

Sangrur, Punjab, India.
WhatsApp: (91 - 84276 - 85020)

Email: (dr.iqbalsingh1962@gmail.com)

More articles from this author