Iqbal S Sakrodi Dr 7ਉਸ ਨੂੰ ਕੋਈ ਸਮਝ ਨਹੀਂ ਸੀ ਲੱਗ ਰਹੀ ਕਿ ਮਸਲਾ ਕੀ ਹੈ, ਕਿਉਂਕਿ ਇੰਨਾ ਜ਼ਿਆਦਾ ਸ਼ੋਰ ...
(16 ਮਾਰਚ 2026)


ਸੰਤ ਸਿੰਘ ਨੂੰ ਆਪਣੇ ਇਸ ਨਵੇਂ ਘਰ ਵਿੱਚ ਰਹਿੰਦਿਆਂ ਇੱਕੀ ਵਰ੍ਹੇ ਹੋ ਗਏ ਹਨ। ਉਸਨੇ ਇੱਕ ਜੁਲਾਈ
2005 ਈਸਵੀ ਨੂੰ ਪਹਿਲੀ ਵਾਰੀ ਗੁੱਲ ਅਤੇ ਬੁਲਬੁਲ ਦੇ ਜੋੜੇ ਨੂੰ ਘਰ ਦੀ ਬਾਹਰਲੀ ਕੰਧ ’ਤੇ ਬੈਠੇ ਦੇਖਿਆ ਸੀ। ਫੇਰ ਤਿੰਨ ਚਾਰ ਦਿਨਾਂ ਵਿੱਚ ਪੰਛੀਆਂ ਦੇ ਇਸ ਜੋੜੇ ਨੇ ਘਰ ਦੇ ਪੋਰਚ ਵਿੱਚ ਲਟਕਾਈਆਂ ਦੋ ਟੋਕਰੀਆਂ ਵਿੱਚੋਂ ਇੱਕ ਵਿੱਚ ਆਪਣਾ ਆਲ੍ਹਣਾ ਬਣਾ ਲਿਆ ਸੀ। ਬੇਸ਼ਕ ਉਹ ਪੰਛੀਆਂ ਲਈ ਘਰ ਦੇ ਵਿਹੜੇ ਵਿੱਚ ਅਤੇ ਛੱਤ ’ਤੇ ਪਹਿਲਾਂ ਤੋਂ ਹੀ ਪਾਣੀ ਰੱਖਦਾ ਰਿਹਾ ਸੀ ਪ੍ਰੰਤੂ ਪੰਛੀ ਜੋੜੇ ਵੱਲੋਂ ਨਵੇਂ ਬਣਾਏ ਆਲ੍ਹਣੇ ਕਾਰਨ ਉਸਨੇ ਘੁਮਿਆਰਾਂ ਦੀ ਢੱਠੀ ਜਿਹੀ ਕੱਚੀ ਦੁਕਾਨ ਤੋਂ ਮਿੱਟੀ ਦਾ ਇੱਕ ਹੋਰ ਕਸੋਰਾ ਲੈ ਆਂਦਾ ਸੀ। ਉਸੇ ਦਿਨ ਤੋਂ ਉਸਨੇ ਕਸੋਰੇ ਵਿੱਚ ਪਾਣੀ ਭਰ ਕੇ ਆਲ੍ਹਣੇ ਦੇ ਕੋਲ ਲਿਬਰਟੀ ਵਾਲੇ ਗੁਆਂਢੀਆਂ ਨਾਲ ਲਗਦੀ ਸਾਂਝੀ ਕੰਧ ’ਤੇ ਰੱਖਣਾ ਸ਼ੁਰੂ ਕਰ ਦਿੱਤਾ ਸੀ। ਨਾਲ ਹੀ ਉਹ ਇੱਕ ਛੋਟੀ ਜਿਹੀ ਕੌਲੀ ਵਿੱਚ ਕੁਝ ਚੋਗ਼ਾ ਵੀ ਖਿਲਾਰ ਦਿੰਦਾ ਸੀ।

ਇੱਕ ਗੱਲ ਦੀ ਉਸ ਨੂੰ ਬੜੀ ਹੈਰਾਨੀ ਹੁੰਦੀ ਸੀ ਕਿ ਪੰਛੀਆਂ ਦਾ ਇਹ ਜੋੜਾ ਉਹਦੇ ਕੋਲੋਂ, ਉਹਦੀ ਪਤਨੀ ਬਸੰਤ ਕੌਰ ਕੋਲੋਂ, ਉਹਦੇ ਮਾਂ ਜੀ ਬਚਨ ਕੌਰ ਕੋਲੋਂ ਅਤੇ ਉਹਦੇ ਪੁੱਤਰ ਹਰਜੋਤ ਕੋਲੋਂ ਬਿਲਕੁਲ ਨਹੀਂ ਸੀ ਡਰਦਾ। ਜਿਉਂ ਹੀ ਅਗਸਤ ਮਹੀਨੇ ਦਾ ਅਰੰਭ ਹੋਇਆ, ਬੁਲਬੁਲ ਨੇ ਆਂਡਿਆਂ ਵਿੱਚੋਂ ਦੋ ਬੱਚੇ ਕੱਢ ਲਏਚਾਰ ਪੰਜ ਦਿਨਾਂ ਵਿੱਚ ਦੋਵੇਂ ਬੱਚੇ ਛੋਟੀਆਂ-ਛੋਟੀਆਂ ਉਡਾਰੀਆਂ ਭਰਨ ਲੱਗ ਪਏ ਸਨ। ਲਗਭਗ ਪੰਦਰਾਂ ਸੋਲਾਂ ਦਿਨਾਂ ਵਿੱਚ ਪੰਛੀਆਂ ਦਾ ਜੋੜਾ ਅਤੇ ਦੋਵੇਂ ਬੱਚੇ ਉਡਾਰੀ ਮਾਰ ਗਏ

ਇਹ ਸਿਲਸਿਲਾ ਪਿਛਲੇ ਵੀਹ ਇੱਕੀ ਸਾਲਾਂ ਤੋਂ ਲਗਾਤਾਰ ਚਲਦਾ ਆ ਰਿਹਾ ਸੀ। ਪ੍ਰੰਤੂ ਇਸ ਵਰ੍ਹੇ ਬੁਲਬੁਲ ਅਤੇ ਗੁਲ ਦੀ ਆਮਦ ਪਹਿਲਾਂ ਨਾਲੋਂ ਕੁਝ ਪਛੜ ਕੇ ਹੋਈ ਸੀ। ਅਗਸਤ ਮਹੀਨੇ ਦੇ ਆਖ਼ਰੀ ਦਿਨ ਲੰਘ ਗਏ ਸਨ। ਜਦੋਂ ਪੰਛੀਆਂ ਦੇ ਇਸ ਜੋੜੇ ਦੀ ਘਰ ਵਿੱਚ ਆਮਦ ਹੋਈ, ਉਸ ਨੂੰ ਪੱਕੀ ਤਰ੍ਹਾਂ ਯਾਦ ਹੈ ਕਿ ਪੰਜ ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਗਿਆ ਸੀ। ਉਸ ਤੋਂ ਅਗਲੇ ਦਿਨ ਹੀ ਸੰਤ ਸਿੰਘ ਨੂੰ ਛੋਟੇ ਬੋਟਾਂ ਦੀ ਚੀਂ-ਚੀਂ ਦੀ ਮਧੁਰ ਧੁਨੀ ਸੁਣਾਈ ਦਿੱਤੀ ਸੀ। ਹਮੇਸ਼ਾ ਦੀ ਤਰ੍ਹਾਂ ਉਹ ਬਹੁਤ ਜ਼ਿਆਦਾ ਖ਼ੁਸ਼ ਹੋਇਆ। ਛੇ ਦਿਨ ਪਿੱਛੋਂ ਦੋਵੇਂ ਬੋਟਾਂ ਵਿੱਚੋਂ ਇੱਕ ਨੇ ਛੋਟੀ ਜਿਹੀ ਉਡਾਰੀ ਭਰੀ ਸੀ। ਫਿਰ ਉਹ ਵਾਰੀ-ਵਾਰੀ ਫੁਦਕਦਾ ਹੋਇਆ ਘਰ ਵਿੱਚ ਖੜ੍ਹੇ ਅਸ਼ੋਕਾ ਟ੍ਰੀ, ਅਮਰੂਦ, ਕੀਨੂੰ, ਨਿੰਬੂ ਦੇ ਰੁੱਖ ਉੱਤੇ ਜਾ ਬੈਠਾ ਸੀ। ਪ੍ਰੰਤੂ ਹੁਣ ਤਕ ਦੂਜਾ ਬੋਟ ਆਲ੍ਹਣੇ ਵਿੱਚ ਹੀ ਬੈਠਾ ਰਿਹਾ ਸੀ।

ਬਾਰਾਂ ਸਤੰਬਰ ਦੀ ਸਵੇਰ ਸੀ। ਉਹ ਪੋਰਚ ਦੇ ਹੇਠਾਂ ਕੁਰਸੀ ’ਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਪੰਛੀਆਂ ਦੇ ਜੋੜੇ ਨੇ ਵਾਰ-ਵਾਰ ਉਹਦੇ ਕੋਲ ਆ ਕੇ ਚੀਂ-ਚੀਂ ਕਰਕੇ ਬਹੁਤ ਜ਼ਿਆਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾਨਾਲੋ ਨਾਲ ਉਹ ਦੋਵੇਂ ਪੰਛੀ ਵਾਰੀ-ਵਾਰੀ ਉੱਪਰ ਆਲ੍ਹਣੇ ਵੱਲ ਵੀ ਉਡਾਰੀ ਭਰ ਰਹੇ ਸਨ। ਉਸ ਨੂੰ ਕੋਈ ਸਮਝ ਨਹੀਂ ਸੀ ਲੱਗ ਰਹੀ ਕਿ ਮਸਲਾ ਕੀ ਹੈ, ਕਿਉਂਕਿ ਇੰਨਾ ਜ਼ਿਆਦਾ ਸ਼ੋਰ ਇਸ ਪੰਛੀ ਜੋੜੇ ਨੇ ਪਹਿਲਾਂ ਕਦੇ ਨਹੀਂ ਸੀ ਪਾਇਆ। ਪੰਛੀਆਂ ਦਾ ਇੰਨਾ ਜ਼ਿਆਦਾ ਸ਼ੋਰ ਸੁਣ ਕੇ ਬਸੰਤ ਕੌਰ ਵੀ ਬਾਹਰ ਆ ਗਈਬਾਹਰ ਪੋਰਚ ਹੇਠ ਆਉਂਦਿਆਂ ਹੀ ਉਹ ਸਰਦਾਰ ਨੂੰ ਕਹਿਣ ਲੱਗੀ, “ਮੈਂ ਕਿਹਾ, ਸਰਦਾਰ ਸਾਹਿਬ! ਇਹ ਪੰਛੀ ਤੁਹਾਨੂੰ ਕੁਝ ਕਹਿਣਾ ਚਾਹੁੰਦੇ ਨੇ, ਤੁਹਾਨੂੰ ਕੋਈ ਸੁਨੇਹਾ ਲਾ ਰਹੇ ਨੇ। ਜ਼ਰਾ ਗ਼ੌਰ ਨਾਲ ਸਮਝੋ ਕਿ ਆਖ਼ਰ ਮਸਲਾ ਕੀ ਹੈ? ਇਹ ਇੰਨਾ ਸ਼ੋਰ ਕਿਉਂ ਪਾ ਰਹੇ ਨੇ? ਇਹ ਕਹਿਣਾ ਕੀ ਚਾਹੁੰਦੇ ਨੇ?”

ਪਤਨੀ ਦੇ ਕਹਿਣ ’ਤੇ ਉਹ ਕੁਰਸੀ ਤੋਂ ਉੱਠਿਆ। ਸਭ ਤੋਂ ਪਹਿਲਾਂ ਉਸਨੇ ਪੰਛੀਆਂ ਦੇ ਪਾਣੀ ਪੀਣ ਲਈ ਰੱਖਿਆ ਕਸੋਰਾ ਦੇਖਿਆ। ਉਹਦੇ ਵਿੱਚ ਸਾਫ ਪਾਣੀ ਭਰਿਆ ਹੋਇਆ ਸੀ। ਫਿਰ ਉਸਨੇ ਚੋਗੇ ਵਾਲੀ ਕੌਲੀ ਦੇਖੀ। ਉਹਦੇ ਵਿੱਚ ਵੀ ਕਾਫ਼ੀ ਸਾਰੇ ਦਾਣੇ ਪਏ ਸਨ। ਪ੍ਰੰਤੂ ਅਜੇ ਤਕ ਪੰਛੀ ਜੋੜਾ ਲਗਾਤਾਰ ਸ਼ੋਰ ਪਾ ਰਿਹਾ ਸੀ। ਯਕਦਮ ਉਹਦੇ ਜ਼ਿਹਨ ਵਿੱਚ ਇੱਕ ਸਵਾਲ ਆਇਆ ਕਿ ਇੱਕ ਬੋਟ ਦੋ ਦਿਨ ਪਹਿਲਾਂ ਹੀ ਉਡਾਰੀ ਭਰ ਗਿਆ ਸੀ  ਪ੍ਰੰਤੂ ਦੂਜਾ ਬੋਟ ਹੁਣ ਤਕ ਕਿਉਂ ਨਹੀਂ ਉੱਡਿਆ? ਇਹ ਸੋਚਦਿਆਂ ਉਸਨੇ ਅਖ਼ਬਾਰ ਨੂੰ ਇੱਕ ਪਾਸੇ ਸਕੂਟਰ ਦੀ ਸੀਟ ’ਤੇ ਰੱਖ ਦਿੱਤਾ। ਉਹ ਗੈਰਾਜ ਖੋਲ੍ਹ ਕੇ ਅੰਦਰੋਂ ਘੋੜਾ ਪੌੜੀ ਚੁੱਕ ਲਿਆਇਆ। ਪੌੜੀ ਨੂੰ ਪੰਛੀਆਂ ਦੇ ਆਲ੍ਹਣੇ ਕੋਲ ਲਾ ਲਿਆ। ਜਿਉਂ ਹੀ ਉਹ ਪੌੜੀ ’ਤੇ ਚੜ੍ਹਨ ਲੱਗਾ, ਪੰਛੀ ਜੋੜਾ ਇੱਕ ਪਾਸੇ ਚੁੱਪ ਚਾਪ ਸ਼ਾਂਤ ਹੋ ਕੇ ਬੈਠ ਗਿਆ। ਆਲ੍ਹਣੇ ਦੇ ਬਿਲਕੁਲ ਕੋਲ ਜਾ ਕੇ ਉਸਨੇ ਦੇਖਿਆ ਕਿ ਟੋਕਰੀ ਵਿੱਚ ਲਾਈ ਹੋਈ ਰਾਜਸਥਾਨੀ ਬੂਟੀ ਦੀਆਂ ਜੜ੍ਹਾਂ ਵਿੱਚ ਪਤੰਗ ਵਾਲੀ ਡੋਰ ਦਾ ਡੇਢ ਕੁ ਫੁੱਟ ਦਾ ਇੱਕ ਟੋਟਾ ਲਿਪਟਿਆ ਹੋਇਆ ਸੀ। ਆਲ੍ਹਣੇ ਵਿੱਚ ਬੈਠੇ ਬੋਟ ਦੇ ਦੋਵੇਂ ਪੰਜੇ ਡੋਰ ਅਤੇ ਬੂਟੀ ਦੀਆਂ ਜੜ੍ਹਾਂ ਵਿੱਚ ਉਲਝੇ ਪਏ ਸਨ। ਉਸ ਨੂੰ ਸਮਝਣ ਵਿੱਚ ਦੇਰ ਨਾ ਲੱਗੀ ਕਿ ਇਸੇ ਲਿਪਟੀ ਡੋਰ ਕਾਰਨ ਹੀ ਬੋਟ ਉਡਾਰੀ ਨਹੀਂ ਸੀ ਭਰ ਸਕਿਆ। ਉਸਨੇ ਬਸੰਤ ਕੌਰ ਨੂੰ ਅਵਾਜ਼ ਮਾਰੀ ਤੇ ਕਿਹਾ, “ਸ਼੍ਰੀਮਤੀ ਜੀ, ਅੰਦਰੋਂ ਕੈਂਚੀ ਤਾਂ ਲੈ ਕੇ ਆਉ। ਇਹ ਡੋਰ ਆਲਿਆਂ ਨੇ ਤਾਂ ਵਿਚਾਰੇ ਬੋਟ ਦੀ ਜਾਨ ਈ ਲੈ ਲੈਣੀ ਸੀ।”

ਜੀ, ਮੈਂ ਹੁਣੇ ਲਿਆਈ।”

ਬਸੰਤ ਕੌਰ ਕੈਂਚੀ ਲੈ ਕੇ ਕਾਹਲੀ ਨਾਲ ਬਾਹਰ ਆਈ ਤੇ ਬੋਲੀ, “ਆਹ ਲਓ ਜੀ ਕੈਂਚੀ।”

ਉਸਨੇ ਪਤਨੀ ਦੇ ਹੱਥੋਂ ਕੈਂਚੀ ਫੜੀ, ਬਹੁਤ ਹੀ ਧਿਆਨ ਨਾਲ ਬੂਟੀ ਦੀਆਂ ਜੜ੍ਹਾਂ ਅਤੇ ਡੋਰ ਦੇ ਧਾਗੇ ਨੂੰ ਹੌਲੀ-ਹੌਲੀ ਕੱਟਿਆ। ਜਿਉਂ ਹੀ ਬੋਟ ਦੇ ਪੰਜੇ ਡੋਰ ਅਤੇ ਬੂਟੀ ਦੀਆਂ ਜੜ੍ਹਾਂ ਤੋਂ ਮੁਕਤ ਹੋਏ, ਉਸਨੇ ਬੋਟ ਨੂੰ ਆਪਣੇ ਹੱਥ ਵਿੱਚ ਫੜ ਲਿਆ। ਥੋੜ੍ਹੀ ਦੇਰ ਬਾਅਦ ਦੁਬਾਰਾ ਬੋਟ ਨੂੰ ਉਸਦੇ ਆਲ੍ਹਣੇ ਵਿੱਚ ਬਿਠਾ ਦਿੱਤਾ। ਜਿਉਂ ਹੀ ਉਹ ਪੌੜੀ ਤੋਂ ਹੇਠਾਂ ‌ਉੱਤਰਿਆ, ਪੰਛੀ ਜੋੜਾ ਯਕਦਮ ਆਪਣੇ ਆਲ੍ਹਣੇ ਵਿੱਚ ਆ ਬੈਠਿਆ। ਉਸਨੇ ਥੋੜ੍ਹੀ ਦੂਰ ਖਲ੍ਹੋ ਕੇ ਉੱਪਰ ਆਲ੍ਹਣੇ ਵੱਲ ਨਜ਼ਰ ਮਾਰੀ ਤਾਂ ਪੰਛੀ ਜੋੜੇ ਨੇ ਉਸ ਵੱਲ ਦੇਖ ਕੇ ਮੁੜ ਚੀਂ-ਚੀਂ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿਵੇਂ ਉਹ ਸੰਤ ਸਿੰਘ ਦਾ ਸ਼ੁਕਰਾਨਾ ਕਰਦੇ ਹੋਣ। ਸੰਤ ਸਿੰਘ ਅਤੇ ਉਹਦੀ ਪਤਨੀ ਨੇ ਦੇਖਿਆ ਕਿ ਅੱਧੇ ਘੰਟੇ ਬਾਅਦ ਦੂਜਾ ਬੋਟ ਵੀ ਉਡਾਰੀ ਭਰ ਚੁੱਕਾ ਸੀ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Dr. Iqbal S Sakrodi

Dr. Iqbal S Sakrodi

Sangrur, Punjab, India.
WhatsApp: (91 - 84276 - 85020)

Email: (dr.iqbalsingh1962@gmail.com)

More articles from this author