“ਉਨ੍ਹਾਂ ਵੱਲੋਂ ਖੇਤੀਬਾੜੀ, ਸਾਹਿਤ, ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੀਆਂ ...”
(1 ਸਤੰਬਰ 2026)
ਸ੍ਰ. ਮਹਿੰਦਰ ਸਿੰਘ ਦੁਸਾਂਝ ਪੰਜਾਬ ਦੇ ਉਹ ਪ੍ਰਸਿੱਧ ਅਗਾਂਹਵਧੂ ਕਿਸਾਨ ਸਨ, ਜਿਨ੍ਹਾਂ ਨੂੰ ਵਿਗਿਆਨਕ ਖੇਤੀ ਵਿੱਚ ਪੂਰੀ ਮੁਹਾਰਤ ਹਾਸਲ ਸੀ। ਉਨ੍ਹਾਂ ਦਾ ਜਨਮ ਪਿੰਡ ਜਗਤਪੁਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਵਿੱਚ ਪ੍ਰਿੰਸੀਪਲ ਗੁਰਚਰਨ ਸਿੰਘ ਦੁਸਾਂਝ ਦੇ ਗ੍ਰਹਿ ਵਿਖੇ 5 ਫਰਵਰੀ, 1940 ਈਸਵੀ ਨੂੰ ਹੋਇਆ। ਭਾਵੇਂ ਉਨ੍ਹਾਂ ਨੇ ਸਕੂਲੀ ਵਿੱਦਿਆ ਰਸਮੀ ਤੌਰ ’ਤੇ ਕਿਸੇ ਵੀ ਸੰਸਥਾ ਤੋਂ ਹਾਸਲ ਨਹੀਂ ਸੀ ਕੀਤੀ ਪ੍ਰੰਤੂ ਫਿਰ ਵੀ ਉਨ੍ਹਾਂ ਆਪਣੀ ਲਿਆਕਤ ਅਤੇ ਕਾਬਲੀਅਤ ਸਦਕਾ ਬੁੱਧੀਮਾਨੀ ਅਤੇ ਗਿਆਨੀ ਦੀ ਪੜ੍ਹਾਈ ਕੀਤੀ। ਉਹ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਭਾਸ਼ਾਵਾਂ ਦੇ ਮਾਹਰ ਸਨ। ਉਨ੍ਹਾਂ ਨੇ ਪੰਜਾਬੀ ਭਾਸ਼ਾ ਵਿੱਚ ਸਾਹਿਤ ਸਿਰਜਣਾ ਕਰਨ ਦੇ ਨਾਲ-ਨਾਲ ਵਿਗਿਆਨਕ ਢੰਗ ਨਾਲ ਖੇਤੀਬਾੜੀ ਕਰਕੇ ਦੇਸ਼ ਵਿਦੇਸ਼ ਵਿੱਚ ਬੜਾ ਨਾਮਣਾ ਖੱਟਿਆ। ਖੇਤੀਬਾੜੀ ਸੰਬੰਧੀ ਨਵੀਂ ਤੋਂ ਨਵੀਂ ਜਾਣਕਾਰੀ ਹਾਸਲ ਕਰਨ ਲਈ ਉਹ ਦੇਸ਼ ਵਿਦੇਸ਼ ਵਿੱਚ ਘੁੰਮਦੇ ਰਹੇ। ਭਾਰਤ ਵਿੱਚ ਉਨ੍ਹਾਂ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼, ਕੇਰਲਾ, ਤਾਮਿਲਨਾਡੂ, ਕਰਨਾਟਕਾ ਅਤੇ ਮਹਾਰਾਸ਼ਟਰ ਤਕ ਯਾਤਰਾਵਾਂ ਕੀਤੀਆਂ। ਅੰਤਰਰਾਸ਼ਟਰੀ ਪੱਧਰ ’ਤੇ ਉਨ੍ਹਾਂ ਥਾਈਲੈਂਡ, ਇੰਗਲੈਂਡ, ਹਾਲੈਂਡ, ਅਮਰੀਕਾ, ਕੈਨੇਡਾ, ਪਾਕਿਸਤਾਨ ਦੀ ਯਾਤਰਾ ਕੀਤੀ।
ਉਨ੍ਹਾਂ ਆਪਣੇ ਜੱਦੀ ਪਿੰਡ ਜਗਤਪੁਰ ਵਿੱਚ ਸਿੱਖਿਆ, ਸਾਹਿਤ, ਸਮਾਜ ਅਤੇ ਪਿੰਡ ਦੇ ਵਿਕਾਸ ਲਈ ਲਿਖਾਰੀ ਸਭਾ, ਜਗਤਪੁਰ ਦੀ ਸਥਾਪਨਾ 1960 ਈਸਵੀ ਵਿੱਚ ਕੀਤੀ। ਉਨ੍ਹਾਂ ਆਪਣੇ ਪਿੰਡ ਦੇ ਆਲੇ-ਦੁਆਲੇ ਦੇ ਲਗਭਗ ਦਸ ਪਿੰਡਾਂ ਲਈ ਕਿਤਾਬਾਂ ਦਾ ਪ੍ਰਬੰਧ ਕਰ ਕੇ ਪੇਂਡੂ ਸਾਹਿਤਕ ਲਾਇਬਰੇਰੀਆਂ ਦੀ ਸਥਾਪਨਾ ਕੀਤੀ। ਉਨ੍ਹਾਂ ਬਹੁਤ ਸਾਰੇ ਲੇਖਕਾਂ ਅਤੇ ਪਾਠਕਾਂ ਨੂੰ ਉਤਸ਼ਾਹਿਤ ਅਤੇ ਪ੍ਰੇਰਿਤ ਕਰਕੇ ਕਈ ਕਸਬਿਆਂ ਅਤੇ ਸ਼ਹਿਰਾਂ ਵਿੱਚ ਸਾਹਿਤ ਸਭਾਵਾਂ ਦੀ ਆਰੰਭਤਾ ਕਰਵਾਈ। ਉਨ੍ਹਾਂ ਆਪਣੇ ਆਲੇ-ਦੁਆਲੇ ਦੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕਰ ਕੇ ਨਵੇਂ ਪੌਦੇ ਲਵਾਏ ਅਤੇ ਉਨ੍ਹਾਂ ਨੂੰ ਪ੍ਰਵਾਨ ਚੜ੍ਹਾਇਆ। ਸਮਾਜ ਭਲਾਈ ਦੇ ਕੰਮਾਂ ਹਿਤ ਉਨ੍ਹਾਂ ਵਿਧਵਾ ਔਰਤਾਂ, ਬਜ਼ੁਰਗ ਇਸਤਰੀਆਂ, ਬੇਸਹਾਰਾ ਬਜ਼ੁਰਗਾਂ ਅਤੇ ਆਰਥਿਕ ਤੌਰ ’ਤੇ ਗਰੀਬ ਅਤੇ ਲੋੜਵੰਦ ਬੱਚਿਆਂ ਦੀ ਲੋੜੀਂਦੀ ਆਰਥਿਕ ਸਹਾਇਤਾ ਕੀਤੀ।
ਉਨ੍ਹਾਂ ਦੇ ਰਚੇ ਦੋ ਕਾਵਿ-ਸੰਗ੍ਰਹਿ ‘ਦਿਸ਼ਾ’ ਅਤੇ ‘ਰੌਸ਼ਨੀ ਦੀ ਭਾਲ’, ਇੱਕ ਕਹਾਣੀ-ਸੰਗ੍ਰਹਿ ‘ਕਿਰਤ ਨਾਲ ਜੁੜੇ ਰਿਸ਼ਤੇ’ ਪੰਜਾਬੀ ਪਾਠਕਾਂ ਵਿੱਚ ਬੇਹੱਦ ਹਰਮਨਪਿਆਰੇ ਹੋਏ ਹਨ। ਪਾਕਿਸਤਾਨ ਦੀ ਯਾਤਰਾ ਨਾਲ ਸੰਬੰਧਿਤ ਉਨ੍ਹਾਂ ਦਾ ਸਫਰਨਾਮਾ ‘ਯਾਦਾਂ ਪਾਕਿਸਤਾਨ ਦੀਆਂ’ ਛਪਾਈ ਅਧੀਨ ਹੈ।
ਉਨ੍ਹਾਂ ਵੱਲੋਂ ਖੇਤੀਬਾੜੀ, ਸਾਹਿਤ, ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੀਆਂ ਸ਼ਾਨਦਾਰ ਸੇਵਾਵਾਂ ਦੀ ਬਦੌਲਤ ਉਨ੍ਹਾਂ ਨੂੰ ਬਹੁਤ ਸਾਰੇ ਮਾਣ ਸਨਮਾਨ ਮਿਲੇ। ਉਨ੍ਹਾਂ ਵੱਲੋਂ ਕਣਕ ਦੇ ਸ਼ਾਨਦਾਰ ਉਤਪਾਦਨ ਲਈ ਕੀਤੇ ਉਪਰਾਲਿਆਂ ਦੀ ਬਦੌਲਤ, ਛੇਵੇਂ ਵਿਸ਼ਵ ਖੁਰਾਕ ਦਿਵਸ ਦੇ ਮੌਕੇ ’ਤੇ ਉਨ੍ਹਾਂ ਨੂੰ ਯੂ.ਐੱਨ.ਓ. ਵੱਲੋਂ ਬੈਂਕਾਕ (ਥਾਈਲੈਂਡ) ਵਿੱਚ ਅੰਤਰਰਾਸ਼ਟਰੀ ਪੁਰਸਕਾਰ ਨਾਲ 16 ਅਕਤੂਬਰ, 1986 ਈਸਵੀ ਨੂੰ ਸਨਮਾਨਿਤ ਕੀਤਾ ਗਿਆ। ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਕੀਤੀਆਂ ਗਈਆਂ ਸ਼ਾਨਦਾਰ ਸੇਵਾਵਾਂ ਲਈ ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ, ਲੰਡਨ (ਯੂ. ਕੇ.) ਵੱਲੋਂ ਅੰਤਰਰਾਸ਼ਟਰੀ ਪੰਜਾਬੀ ਕਾਵਿ ਸੰਮੇਲਨ ਦੇ ਮੌਕੇ ’ਤੇ ਸਨਮਾਨਿਤ ਕੀਤਾ ਗਿਆ। ਖੇਤੀਬਾੜੀ ਦੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਲਈ ਗਣਤੰਤਰ ਦਿਵਸ ਦੇ ਮੌਕੇ ’ਤੇ 26 ਜਨਵਰੀ, 1996 ਨੂੰ ਸਨਮਾਨਿਤ ਕੀਤਾ ਗਿਆ। ਖੇਤੀ ਖੇਤਰ ਵਿੱਚ ਨਵੀਂਆਂ ਖੋਜਾਂ ਕਰਨ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਿਸਾਨ ਮੇਲੇ ’ਤੇ ਸ. ਦਲੀਪ ਸਿੰਘ ਧਾਲੀਵਾਲ ਪੁਰਸਕਾਰ ਦਿੱਤਾ ਗਿਆ। ਇਸੇ ਤਰ੍ਹਾਂ ਖੇਤੀ ਵੰਨ-ਸੁਵੰਨਤਾ ਦਾ ਇੱਕ ਸ਼ਾਨਦਾਰ ਮਾਡਲ ਵਿਕਸਿਤ ਕਰਨ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਮੁੱਖ ਮੰਤਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ।
ਪੰਜਾਬ ਦਾ ਇਹ ਅਗਾਂਹਵਧੂ ਸੋਚ ਦਾ ਧਾਰਨੀ ਕਿਸਾਨ, ਵਿਗਿਆਨਕ ਖੇਤੀ ਦਾ ਮਾਹਿਰ, ਸਾਹਿਤ, ਸਿੱਖਿਆ, ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਛਿਆਸੀ ਵਰ੍ਹਿਆਂ ਤੋਂ ਵੱਧ ਉਮਰ ਹੰਢਾਅ ਕੇ ਲੰਘੀ 30 ਅਗਸਤ, 2026 ਨੂੰ ਇਸ ਜਹਾਨ ਤੋਂ ਰੁਖਸਤ ਹੋ ਗਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































