“ਉਨ੍ਹਾਂ ਨੇ ਪੰਜਾਬੀ ਵਾਰਤਕ ਨੂੰ ਧਰਮ ਦੀਆਂ ਵਲਗਣਾਂ ਵਿੱਚੋਂ ਬਾਹਰ ਕੱਢਿਆ। ਉਨ੍ਹਾਂ ...”
(26 ਅਪਰੈਲ 2026)
ਸ੍ਰ. ਗੁਰਬਖਸ਼ ਸਿੰਘ ਪ੍ਰੀਤਲੜੀ ਮਾਨਵਵਾਦੀ ਵਿਚਾਰਧਾਰਾ ਨੂੰ ਪ੍ਰਣਾਏ ਪੰਜਾਬੀ ਦੇ ਮਹਾਨ ਵਾਰਤਾਕਾਰ ਹੋਏ ਹਨ। ਬੇਸ਼ਕ ਉਨ੍ਹਾਂ ਨੇ ਸਾਹਿਤ ਦੇ ਕਈ ਰੂਪਾਂ ਵਿੱਚ ਸਿਰਜਣਾ ਕੀਤੀ ਹੈ ਪ੍ਰੰਤੂ ਉਨ੍ਹਾਂ ਨੂੰ ਪੰਜਾਬੀ ਵਾਰਤਕ ਸਾਹਿਤ ਵਿੱਚ ਸਰਬ ਉੱਚ ਮੁਕਾਮ ਹਾਸਲ ਹੈ। ਉਨ੍ਹਾਂ ਦੀ ਲੇਖਣੀ ਦਾ ਮੂਲ ਸਿਧਾਂਤ, “ਪਿਆਰ ਕਬਜ਼ਾ ਨਹੀਂ, ਪਛਾਣ ਹੈ?” ਹਰ ਸਾਹਿਤ ਪ੍ਰੇਮੀ ਦੀ ਜ਼ੁਬਾਨ ’ਤੇ ਚੜ੍ਹਿਆ ਹੋਇਆ ਹੈ। ਉਨ੍ਹਾਂ ਦੀ ਹਰ ਰਚਨਾ ਪ੍ਰੀਤ ਦਾ ਸੁਨੇਹਾ ਦਿੰਦੀ ਨਜ਼ਰੀਂ ਪੈਂਦੀ ਹੈ। ਉਨ੍ਹਾਂ ਪ੍ਰੀਤ ਨਗਰ ਵਸਾ ਕੇ ਪਿਆਰ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਵੀ ਦਿੱਤਾ। ਉਨ੍ਹਾਂ ਦੀ ਪੰਜਾਬੀ ਵਾਰਤਕ ਸਾਹਿਤ ਨੂੰ ਇੱਕ ਹੋਰ ਵਿਲੱਖਣ ਦੇਣ ਇਹ ਹੈ ਕਿ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਪੰਜਾਬੀ ਵਾਰਤਕ ਨੂੰ ਧਰਮ ਦੀਆਂ ਵਲਗਣਾਂ ਵਿੱਚੋਂ ਬਾਹਰ ਕੱਢਿਆ ਹੈ। ਉਨ੍ਹਾਂ ਪਿਆਰ, ਰੁਮਾਂਸ, ਸੁੰਦਰਤਾ, ਰਾਜਨੀਤੀ, ਖੇਤੀਬਾੜੀ, ਚੰਗੇਰੀ ਜੀਵਨ ਜਾਚ, ਵਿਗਿਆਨ, ਲਿੰਗ, ਸਦਾਚਾਰ, ਸਮਾਜ ਸੁਧਾਰ, ਸਾਹਿਤ, ਅਰਥ ਸ਼ਾਸਤਰ ਅਤੇ ਹੋਰ ਬਹੁਤ ਸਾਰੇ ਨਵੇਂ ਵਿਸ਼ਿਆਂ ਨੂੰ ਲੈ ਕੇ ਪੰਜਾਬੀ ਵਿੱਚ ਵਾਰਤਕ ਰਚੀ ਹੈ। ਉਨ੍ਹਾਂ ਨੇ ਹਰ ਵਿਸ਼ੇ ਨੂੰ ਮਨੋਵਿਗਿਆਨਕ ਦ੍ਰਿਸ਼ਟੀਕੋਣ ਤੋਂ ਦੇਖਿਆ, ਜਾਣਿਆ ਅਤੇ ਸਾਹਿਤ ਵਿੱਚ ਪੇਸ਼ ਕੀਤਾ ਹੈ। ਪੱਛਮੀ ਸੱਭਿਆਚਾਰ ਦਾ ਵੀ ਉਨ੍ਹਾਂ ’ਤੇ ਬਹੁਤ ਡੂੰਘਾ ਪ੍ਰਭਾਵ ਪਿਆ ਹੈ। ਬੇਸ਼ਕ ਉਹ ਇੱਕ ਆਦਰਸ਼ਵਾਦੀ ਲੇਖਕ ਹਨ ਪ੍ਰੰਤੂ ਦੇਸ਼ ਦੀ ਵੰਡ ਹੋਣ ਉਪਰੰਤ ਉਨ੍ਹਾਂ ਦੀਆਂ ਰਚਨਾਵਾਂ ਵਿੱਚ ਸਮਾਜਵਾਦੀ ਰੰਗ ਵੀ ਵਧੇਰੇ ਉੱਘੜਿਆ ਹੈ।
ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਆਪਣੀ ਵਿਚਾਰਧਾਰਾ ਸੰਬੰਧੀ ਆਪਣੇ ਰਚੇ ਨਾਵਲ ‘ਅਣਵਿਆਹੀ ਮਾਂ’ ਦੀ ਭੂਮਿਕਾ ਵਿੱਚ ਲਿਖਿਆ ਹੈ- “ਮੇਰੀ ਲੇਖਣੀ ਦਾ ਹਰ ਭਾਗ ਗ਼ਲਤ ਕੀਮਤਾਂ ਦੇ ਖ਼ਿਲਾਫ ਪ੍ਰਗਟ ਜਾਂ ਅਪ੍ਰਗਟ ਗਿਲਾ ਹੈ। ਮੇਰਾ ਯਕੀਨ ਹੈ ਕਿ ਮਨੁੱਖ ਦੀ ਤਕਦੀਰ ਵਿੱਚ ਸਿਵਾਏ ਉਸਦੀਆਂ ਆਪ ਪ੍ਰਚਲਿਤ ਕੀਤੀਆਂ ਗ਼ਲਤ ਕੀਮਤਾਂ ਦੇ ਹੋਰ ਕੋਈ ਵੀ ਦੁੱਖ ਨਹੀਂ। ਜ਼ਿੰਦਗੀ ਹਰ ਕਿਸੇ ਲਈ ਇੱਕ ਦਿਲਚਸਪ ਘਟਨਾ ਹੈ। ਨਾ ਜ਼ਿੰਦਗੀ ਤੋਂ ਪਹਿਲਾਂ ਕੋਈ ਮੁਸੀਬਤ ਸੀ, ਨਾ ਜ਼ਿੰਦਗੀ ਤੋਂ ਪਿੱਛੋਂ ਕੋਈ ਹੋਵੇਗੀ। ਸਾਰੀਆਂ ਮੁਸੀਬਤਾਂ ਦਾ ਜਾਲ ਮਨੁੱਖ ਨੇ ਗ਼ਲਤ ਕੀਮਤਾਂ ਅਤੇ ਗ਼ਲਤ ਅਨੁਮਾਨਾਂ ਨਾਲ ਆਪ ਉਣਿਆ ਹੈ।”
ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਜਨਮ ਮਾਤਾ ਮਾਲਣੀ ਦੀ ਕੁੱਖੋਂ ਪਿਤਾ ਸ੍ਰ. ਪਿਸ਼ੌਰਾ ਸਿੰਘ ਦੇ ਘਰ 26 ਅਪਰੈਲ, 1895 ਈ. ਨੂੰ ਸਿਆਲਕੋਟ (ਪਾਕਿਸਤਾਨ) ਵਿੱਚ ਹੋਇਆ। ਘਰ ਦੀਆਂ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਉਨ੍ਹਾਂ ਨੇ 1912 ਈ ਵਿੱਚ ਦਸਵੀਂ ਦਾ ਇਮਤਿਹਾਨ ਪਾਸ ਕਰ ਲਿਆ। ਉਨ੍ਹਾਂ ਉਚੇਰੀ ਸਿੱਖਿਆ ਹਾਸਲ ਕਰਨ ਲਈ ਐੱਫ ਸੀ ਕਾਲਜ ਲਾਹੌਰ ਵਿੱਚ ਦਾਖ਼ਲਾ ਲੈ ਲਿਆ ਪ੍ਰੰਤੂ ਘਰੇਲੂ ਮਜਬੂਰੀਆਂ ਕਾਰਨ ਕਾਲਜ ਛੱਡ ਕੇ 15 ਰੁਪਏ ਮਹੀਨੇ ਦੀ ਕਲਰਕ ਦੀ ਨੌਕਰੀ ਕਰਨ ਲੱਗ ਪਏ। ਪ੍ਰੰਤੂ ਕੁਝ ਸਮੇਂ ਬਾਅਦ ਥਾਪਸਨ ਸਿਵਲ ਇੰਜਨੀਅਰਿੰਗ ਕਾਲਜ, ਰੁੜਕੀ ਤੋਂ ਸਿਵਲ ਇੰਜਨੀਅਰਿੰਗ ਵਿੱਚ ਡਿਪਲੋਮਾ ਹਾਸਲ ਕੀਤਾ। ਉਨ੍ਹਾਂ ਮਿਸ਼ੀਗਨ ਯੂਨੀਵਰਸਿਟੀ, ਅਮਰੀਕਾ ਤੋਂ ਬੀ ਐੱਸ ਸੀ ਇੰਜਨੀਅਰਿੰਗ ਦੀ ਡਿਗਰੀ 1922 ਈ. ਵਿੱਚ ਹਾਸਲ ਕੀਤੀ। ਇਸੇ ਸਮੇਂ ਉਨ੍ਹਾਂ ਦਾ ਵਿਆਹ ਸ਼ਿਵਦਈ ਨਾਲ ਹੋਇਆ। ਵਿਆਹ ਉਪਰੰਤ ਉਨ੍ਹਾਂ ਦੇ ਘਰ ਦੋ ਪੁੱਤਰਾਂ ਅਤੇ ਚਾਰ ਧੀਆਂ ਨੇ ਜਨਮ ਲਿਆ।
ਪਹਿਲੀ ਸੰਸਾਰ ਜੰਗ ਲੱਗ ਜਾਣ ਕਾਰਨ ਉਨ੍ਹਾਂ ਨੂੰ ਫ਼ੌਜ ਵਿੱਚ ਇੰਜਨੀਅਰਿੰਗ ਦੀ ਨੌਕਰੀ ਮਿਲ ਗਈ। ਫਿਰ ਭਾਰਤੀ ਰੇਲਵੇ ਵਿੱਚ ਅੱਠ ਸਾਲ ਤਕ ਇੰਜਨੀਅਰਿੰਗ ਦੀ ਨੌਕਰੀ ਕੀਤੀ। ਨੁਸ਼ਹਿਰੇ ਵਿੱਚ ਅਕਾਲੀ ਫੂਲਾ ਸਿੰਘ ਦੇ ਗੁਰਦੁਆਰੇ ਵਿੱਚ ਸੇਵਾ ਕਰਦਿਆਂ ਉੱਥੇ ਨਵੀਂ ਤਕਨੀਕ ਨਾਲ ਖੇਤੀਬਾੜੀ ਕਰਨੀ ਅਰੰਭ ਕੀਤੀ।
ਉਨ੍ਹਾਂ ਪਿਆਰ ਪ੍ਰਤੀ ਆਪਣੇ ਫਲਸਫੇ ਨੂੰ ਅਤੇ ਮਨੁੱਖੀ ਪ੍ਰੀਤ ਦੇ ਸੁਨੇਹੜਿਆਂ ਨੂੰ ਦੂਰ-ਦੂਰ ਤਕ ਪਹੁੰਚਾਉਣ ਲਈ ਮਾਸਿਕ ਰਿਸਾਲਾ ‘ਪ੍ਰੀਤਲੜੀ’ 1933 ਈ. ਵਿੱਚ ਅਰੰਭ ਕੀਤਾ। ਇਹ ਰਿਸਾਲਾ ਇੰਨਾ ਜ਼ਿਆਦਾ ਮਕਬੂਲ ਹੋਇਆ ਕਿ ਪ੍ਰੀਤਲੜੀ ਦਾ ਨਾਂ ਗੁਰਬਖਸ਼ ਸਿੰਘ ਨਾਲ ਪੱਕੇ ਤੌਰ ’ਤੇ ਜੁੜ ਗਿਆ। ਉਸ ਨੂੰ ਗੁਰਬਖਸ਼ ਸਿੰਘ ਪ੍ਰੀਤਲੜੀ ਵਾਲਾ ਕਿਹਾ ਜਾਣ ਲੱਗ ਪਿਆ। ਆਪ ਦੇ 1977 ਈ. ਵਿੱਚ ਪੰਜਾਬੀ ਸਾਹਿਤ ਪ੍ਰੇਮੀਆਂ ਨੂੰ ਵਿਛੋੜਾ ਦੇ ਜਾਣ ਤੋਂ ਬਾਅਦ ਵੀ ਪ੍ਰੀਤਲੜੀ ਰਿਸਾਲਾ ਸਾਹਿਤ ਦੀਆਂ ਪ੍ਰੀਤ ਸੁਗੰਧੀਆਂ ਵੰਡ ਰਿਹਾ ਹੈ। ਉਨ੍ਹਾਂ ਦੇ ਪੁੱਤਰ ਨਵਤੇਜ ਸਿੰਘ ਨੇ ਆਪਣੇ ਪਿਤਾ ਨਾਲ ਇਸ ਰਿਸਾਲੇ ਦੇ ਸਹਿ-ਸੰਪਾਦਕ ਦੇ ਤੌਰ ’ਤੇ 1950 ਈ. ਤੋਂ ਕਾਰਜ ਕਰਨਾ ਅਰੰਭ ਕੀਤਾ। ਤੇ ਉਹ ਆਪਣੇ ਅੰਤਿਮ ਸਾਹਾਂ 1981 ਈ. ਤਕ ਇਸਦੇ ਸੰਪਾਦਕ ਦੇ ਤੌਰ ’ਤੇ ਕੌਮ ਕਰਦੇ ਰਹੇ।
ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਰਚਨਾਵਾਂ-
ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਰਚਨਾਵਾਂ ਗਿਣਾਤਮਿਕ ਅਤੇ ਗੁਣਾਤਮਿਕਪੱਖੋਂ ਬਹੁਤ ਜ਼ਿਆਦਾ ਹਨ।
ਨਿਬੰਧਾਂ ਦੀਆਂ ਪੁਸਤਕਾਂ- ਸਾਵੀਂ ਪੱਧਰੀ ਜ਼ਿੰਦਗੀ, ਇੱਕ ਦੁਨੀਆਂ ਦੇ ਤੇਰਾਂ ਸੁਪਨੇ, ਪ੍ਰਸੰਨ ਲੰਮੀ ਉਮਰ, ਸਵੈ ਪੂਰਨਤਾ ਦੀ ਲਗਨ, ਨਵਾਂ ਸ਼ਿਵਾਲਾ, ਜ਼ਿੰਦਗੀ ਦੀ ਰਾਸ, ਪਰਮ ਮਨੁੱਖ, ਮੇਰੇ ਝਰੋਖੇ ਵਿੱਚੋਂ, ਖੁੱਲ੍ਹਾ ਦਰ, ਪ੍ਰੀਤ ਮਾਰਗ, ਫੈਸਲੇ ਦੀ ਘੜੀ, ਜ਼ਿੰਦਗੀ ਵਾਰਸ ਹੈ, ਖ਼ੁਸ਼ਹਾਲ ਜੀਵਨ, ਨਵੀਂਆਂ ਤਕਦੀਰਾਂ ਦੀ ਫੁੱਲ ਕਿਆਰੀ, ਇਹ ਜੱਗ ਸਾਡਾ, ਜ਼ਿੰਦਗੀ ਦੇ ਰਾਹ ਆਦਿ ਹਨ।
ਕਹਾਣੀ ਸੰਗ੍ਰਹਿ- ਨਾਗ ਪ੍ਰੀਤ ਦਾ ਜਾਦੂ, ਅਨੋਖੇ ਤੇ ਇਕੱਲੇ, ਅਸਮਾਨੀ ਮਹਾਂਨਦੀ, ਵੀਣਾ ਵਿਨੋਦ ਤੇ ਹੋਰ ਕਹਾਣੀਆਂ, ਪ੍ਰੀਤਾਂ ਦੀ ਪਹਿਰੇਦਾਰ, ਪ੍ਰੀਤ ਕਹਾਣੀਆਂ, ਸ਼ਬਨਮ, ਭਾਬੀ ਮੈਨਾ, ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ, ਜ਼ਿੰਦਗੀ ਵਾਰਸ ਹੈ, ਇੱਕ ਰੰਗ ਸਹਿਕਦਾ ਦਿਲ ਤੇ ਹੋਰ ਕਹਾਣੀਆਂ, ਪਹੁਤਾ ਪਾਂਧੀ, ਬੰਮ ਬਹਾਦਰ, ਆਖ਼ਰੀ ਸਬਕ ਆਦਿ।
ਨਾਵਲ- ਅਣਵਿਆਹੀ ਮਾਂ, ਰੁੱਖਾਂ ਦੀ ਜੀਰਾਂਦ, ਮਾਂ (ਅਨੁਵਾਦਿਤ ਨਾਵਲ ਹੈ)।
ਨਾਟਕ- ਰਾਜਕੁਮਾਰੀ ਲਤਿਕਾ ਤੇ ਹੋਰ ਪ੍ਰੀਤ ਡਰਾਮੇ, ਪ੍ਰੀਤ ਮੁਕਟ, ਪੂਰਬ-ਪੱਛਮ, ਸਾਡੀ ਹੋਣੀ ਦਾ ਲਿਸ਼ਕਾਰਾ।
ਬਾਲ ਸਾਹਿਤ- ਗੁਲਾਬੀ ਐਨਕਾਂ, ਪਰੀਆਂ ਦੀ ਮੋਰੀ, ਗੁਲਾਬੋ, ਮੁਰਾਦਾਂ ਪੂਰੀਆਂ ਕਰਨ ਵਾਲਾ ਖੂਹ, ਜੁੱਗਾਂ ਪੁਰਾਣੀ ਗੱਲ।
ਸਵੈ-ਜੀਵਨੀ ਅਤੇ ਯਾਦਾਂ - ਮੇਰੀਆਂ ਅਭੁੱਲ ਯਾਦਾਂ, ਮੰਜ਼ਿਲ ਦਿਸ ਪਈ, ਮੇਰੀ ਜੀਵਨ ਕਹਾਣੀ, ਚਿੱਠੀਆਂ ਜੀਤਾਂ ਦੇ ਨਾਂ।
ਸ੍ਰ. ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਤਿੰਨ ਵਾਰ ਪਹਿਲਾ ਸਾਹਿਤਕ ਇਨਾਮ ਪ੍ਰਾਪਤ ਹੋਇਆ। ਉਨ੍ਹਾਂ ਨੂੰ ਮੈਕਸਿਮ ਗੋਰਕੀ ਦੇ ਨਾਵਲ ‘ਮਾਂ’ ਦਾ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰਨ ਲਈ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਦਿੱਤਾ ਗਿਆ। ਉਹ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਪ੍ਰਧਾਨ ਵੀ ਰਹੇ। ਆਖ਼ਰ ਉਹ 82 ਵਰ੍ਹਿਆਂ ਦੀ ਉਮਰ ਹੰਢਾਅ ਕੇ 20 ਅਗਸਤ, 1978 ਈ. ਨੂੰ ਪੀ.ਜੀ.ਆਈ. ਚੰਡੀਗੜ੍ਹ ਵਿੱਚ ਸਵੇਰੇ ਛੇ ਵਜੇ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)













































































































