DarshanSRiarAdv7ਸਮਾਂ ਬਦਲਣ ਨਾਲ ਪੁਰਾਤਨ ਇਤਿਹਾਸ ਵਾਲੇ ਸਰਵਣ ਪੁੱਤਰਾਂ ਦੀ ਅਣਹੋਂਦ ਹੁਣ ...
(31 ਅਗਸਤ 2026)

 

ਔਲਾਦ ਮਾਪਿਆਂ ਲਈ ਵਾਰਸ ਅਤੇ ਨਾਮ ਜ਼ਿੰਦਾ ਰੱਖਣ ਲਈ ਬਹੁਤ ਜ਼ਰੂਰੀ ਹੁੰਦੀ ਹੈ। ਸਾਰਿਆਂ ਮਾਪਿਆਂ ਦੇ ਘਰ ਔਲਾਦ ਹੋਵੇ, ਇਹ ਯਕੀਨੀ ਨਹੀਂ ਕਿਹਾ ਜਾ ਸਕਦਾ। ਬਹੁਤ ਅਜਿਹੇ ਲੋਕ ਵੀ ਹੁੰਦੇ ਹਨ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੁੰਦੀ। ਔਲਾਦ ਹੋਣਾ ਜਾਂ ਨਾ ਹੋਣਾ ਕੁਦਰਤ ’ਤੇ ਨਿਰਭਰ ਕਰਦਾ ਹੈ। ਬਹੁਤੇ ਲੋਕ ਇਸ ਨੂੰ ਤਕਦੀਰ ਜਾਂ ਕਿਸਮਤ ਨਾਲ ਵੀ ਜੋੜ ਦਿੰਦੇ ਹਨ। ਇੰਜ ਔਲਾਦ ਕੁਦਰਤ ਦੇ ਮਹਾਨ ਤੋਹਫੇ ਵਜੋਂ ਜਾਣੀ ਜਾਂਦੀ ਹੈ। ਕਈ ਲੋਕ ਇਸ ਨੂੰ ਪਿਛਲੇ ਕਰਮਾਂ ਨਾਲ ਵੀ ਜੋੜ ਦਿੰਦੇ ਹਨ। ਹਾਲਾਂਕਿ ਵਿਗਿਆਨ ਇਨ੍ਹਾਂ ਸਿਧਾਂਤਾਂ ਨੂੰ ਨਹੀਂ ਮੰਨਦੀ। ਫਿਰ ਵੀ ਸਾਡੀ ਸੰਸਕ੍ਰਿਤੀ ਅਨੁਸਾਰ, ਜੱਗ ’ਤੇ ਆਪਣੀ ਜੜ੍ਹ ਚਲਦੀ ਰੱਖਣ ਲਈ ਔਲਾਦ ਪ੍ਰਾਪਤ ਕਰਨ ਲਈ ਲੋਕ ਜਾਦੂ ਟੂਣੇ ਕਰਨ, ਸਾਧਾਂ ਸੰਤਾਂ ਦੀ ਹਾਜ਼ਰੀ ਭਰਨ ਅਤੇ ਹੋਰ ਵੀ ਕਈ ਤਰ੍ਹਾਂ ਦੇ ਅਡੰਬਰ ਕਰਦੇ ਹਨ ਤਾਂ ਕਿ ਉਨ੍ਹਾਂ ਨੂੰ ਔਲਾਦ ਦਾ ਸੁਖ ਜ਼ਰੂਰ ਪ੍ਰਾਪਤ ਹੋਵੇ ਤੇ ਉਹ ਜਹਾਨੋਂ ਸੱਖਣੇ ਨਾ ਜਾਣ। ਸਿੱਖ ਇਤਿਹਾਸ ਵਿੱਚ ਇੰਜ ਔਲਾਦ ਦਾ ਸੁਖ ਪ੍ਰਾਪਤ ਕਰਨ ਲਈ ਮਾਤਾ ਸੁਲੱਖਣੀ ਦੀ ਛੇਵੇਂ ਪਾਤਸ਼ਾਹ ਕੋਲ ਫਰਿਆਦ ਅਤੇ ਮਾਤਾ ਭਾਨੀ ਜੀ ਦੀ ਬਾਬਾ ਬੁੱਢਾ ਜੀ ਪਾਸ ਫਰਿਆਦ ਦਾ ਜ਼ਿਕਰ ਅਸੀਂ ਆਮ ਸੁਣਦੇ ਹਾਂ। ਇੰਜ ਔਲਾਦ ਦਾ ਹੋਣਾ ਮਹਾਨ ਪ੍ਰਾਪਤੀ ਮੰਨਿਆ ਜਾਂਦਾ ਹੈ। ਅੱਜ ਦੇ ਵਿਗਿਆਨਕ ਯੁਗ ਵਿੱਚ ਬਹੁਤ ਸਾਰੀਆਂ ਨਵੀਂਆਂ ਤਕਨੀਕਾਂ ਈਜਾਦ ਹੋ ਚੁੱਕੀਆਂ ਹਨ ਜਿਨ੍ਹਾਂ ਦੀ ਬਦੌਲਤ ਔਲਾਦ-ਹੀਣ ਜੋੜਿਆਂ ਨੂੰ ਵੀ ਇਹ ਸੁਖ ਪ੍ਰਾਪਤ ਹੋ ਜਾਂਦਾ ਹੈ। ਅੱਜ-ਕੱਲ੍ਹ ਉਧਾਰੀ ਕੁੱਖ ਲੈ ਕੇ ਵੀ ਬੱਚੇ ਪੈਦਾ ਹੋਣ ਲੱਗ ਪਏ ਹਨ ਤੇ ਟੈੱਸਟ ਟਿਊਬ ਵਿਧੀ ਰਾਹੀਂ ਵੀ ਵਿਗਿਆਨ ਨੇ ਕਾਫੀ ਹੱਦ ਤਕ ਅਸੰਭਵ ਨੂੰ ਸੰਭਵ ਬਣਾ ਦਿੱਤਾ ਹੈ। ਕੁਦਰਤ ਨੇ ਮਹਾਨ ਰਚਨਾ ਰਚ ਕੇ ਇਸ ਬ੍ਰਹਿਮੰਡ ਨੂੰ ਰੁਸ਼ਨਾਉਣ ਦਾ ਕੰਮ ਕੀਤਾ ਹੈ। ਕਿੱਡੀ ਸੋਹਣੀ ਬਨਸਪਤੀ, ਜੰਗਲ-ਬੇਲੇ, ਨਦੀਆਂ-ਨਾਲੇ, ਉੱਚੇ ਉੱਚੇ ਪਹਾੜ! ਕਿਧਰੇ ਠਾਠਾਂ ਮਾਰਦੇ ਸਾਗਰ ਅਤੇ ਮਹਾਂਸਾਗਰ, ਨਾਲ ਹੀ ਰੇਗਿਸਤਾਨ! ਖਣਿਜ ਪਦਾਰਥ, ਲੋਹਾ, ਕੋਇਲਾ, ਤੇਲ ਅਤੇ ਗੈਸ ਦੇ ਭੰਡਾਰ! ਇਸ ਸਭ ਕਾਸੇ ਨੂੰ ਵਰਤਣ ਅਤੇ ਸੰਭਾਲਣ ਲਈ ਜੀਅ-ਜੰਤ, ਪਸ਼ੂ-ਪੰਛੀ! ਜਿਨ੍ਹਾਂ ਵਿੱਚ 84 ਲੱਖ ਵੰਨਗੀਆਂ ਜਾਂ ਜੂਨੀਆਂ ਦਾ ਜ਼ਿਕਰ ਵੀ ਅਕਸਰ ਸੁਣਨ ਨੂੰ ਆਮ ਮਿਲਦਾ ਰਹਿੰਦਾ ਹੈ। ਇਨ੍ਹਾਂ ਵਿੱਚ ਮਨੁੱਖ, ਸਭ ਤੋਂ ਉੱਤਮ ਜੀਵ ਬਣਿਆ, ਜਿਸਨੇ ਹੌਲੀ ਹੌਲੀ ਪਰਿਵਾਰ ਸਿਰਜੇ। ਫਿਰ ਕੁਟੰਬ ਕਬੀਲੇ ਅਤੇ ਪਿੰਡ, ਦੇਸ਼ ਅਤੇ ਮਹਾਂਦੀਪ ਹੋਂਦ ਵਿੱਚ ਆਏ। ਮਨੁੱਖਤਾ ਦੀ ਹੇਠਲੇ ਪੱਧਰ ’ਤੇ ਸਭ ਤੋਂ ਛੋਟੀ ਇਕਾਈ ਪਰਿਵਾਰ ਤੋਂ ਸ਼ੁਰੂ ਹੋਈ। ਵੱਖੋ ਵੱਖ ਖੇਤਰਾਂ ਵਿੱਚ ਵੰਨ ਸੁਵੰਨੇ ਢੰਗ ਤਰੀਕੇ ਅਪਣਾਏ ਜਾਣ ਲੱਗੇ। ਕਿਤੇ ਪਿਤਾ-ਪੁਰਖੀ ਪਰਿਵਾਰ ਹੋਂਦ ਵਿੱਚ ਆਏ ਕਿਧਰੇ ਮਾਤਾ-ਪੁਰਖੀ! ਸਾਂਝੇ ਪਰਿਵਾਰਾਂ ਦੀ ਪ੍ਰਕਿਰਿਆ ਵੀ ਕਾਫੀ ਦੇਰ ਪ੍ਰਭਾਵੀ ਰਹੀ। ਸਮੇਂ ਸਮੇਂ ਤਬਦੀਲੀ ਅਤੇ ਰੀਤੀ ਰਿਵਾਜ਼ਾਂ ਵਿੱਚ ਆਏ ਬਦਲਾਵ ਕਾਰਨ ਅੱਜ-ਕੱਲ੍ਹ ਵਿਅਕਤੀਵਾਦੀ ਜਾਂ ਇਕਹਿਰੇ ਪਰਿਵਾਰਾਂ ਦਾ ਪ੍ਰਚਲਣ ਜ਼ਿਆਦਾ ਮਹੱਤਵਪੂਰਨ ਬਣ ਚੁੱਕਾ ਹੈ। ਪਰਿਵਾਰਾਂ ਦਾ ਵਾਧਾ ਹੋਣ ਨਾਲ ਔਲਾਦ ਅਤੇ ਮਾਪਿਆਂ ਦੇ ਸੰਬੰਧ ਅਤੇ ਉਨ੍ਹਾਂ ਦਾ ਜ਼ਿਕਰ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੁਦਰਤ ਦਾ ਆਪਣਾ ਇੱਕ ਤੰਤਰ ਹੈ ਜਿਸ ਅਧੀਨ ਆਪੋ-ਆਪਣੀ ਨਸਲ ਅੱਗੇ ਵਧਾਉਣ ਲਈ ਮਾਪਿਆਂ ਨੂੰ ਵਿਸ਼ੇਸ਼ ਪ੍ਰਬੰਧ ਕਰਨਾ ਪੈਂਦਾ ਹੈ। ਕਈ ਨਸਲਾਂ ਨੂੰ ਕੁਰਬਾਨੀ ਵੀ ਦੇਣੀ ਪੈਂਦੀ ਹੈ ਤੇ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਪਰਿਵਾਰਾਂ ਦੀ ਦੇਖਭਾਲ ਅਤੇ ਖੁਸ਼ਹਾਲੀ ਲਈ ਕਈ ਕਿਸਮ ਦੀਆਂ ਪਰੰਪਰਾਵਾਂ ਅਤੇ ਰੀਤੀ ਰਿਵਾਜ਼ ਵੀ ਸਮੇਂ ਸਮੇਂ ਹੋਂਦ ਵਿੱਚ ਆਉਂਦੇ ਰਹੇ ਹਨ।

ਮਾਂ ਅਤੇ ਪਿਉ ਨੂੰ ਜੋੜਨ ਨਾਲ ਸ਼ਬਦ ਮਾਪੇ ਹੋਂਦ ਵਿੱਚ ਆਇਆ ਸੀ। ਮਾਪੇ ਉਮਰ ਭਰ ਆਪਣੀ ਔਲਾਦ ਦੀ ਪਾਲਣਾ ਹਿਤ ਹਰ ਕਿਸਮ ਦੀ ਘਾਲਣਾ ਘਾਲਣਾ ਲਈ ਤਿਆਰ ਰਹਿੰਦੇ ਹਨ। ਕਿਉਂਕਿ ਜੋ ਵੀ ਜੀਵ ਇਸ ਬ੍ਰਹਿਮੰਡ ਵਿੱਚ ਪੈਦਾ ਹੁੰਦਾ ਹੈ, ਉਹ ਆਪਣੀ ਨਸਲ ਦੀ ਹਰ ਤਰੀਕੇ ਨਾਲ ਬਿਹਤਰੀ ਚਾਹੁੰਦਾ ਹੋਇਆ ਸੰਘਰਸ਼ ਕਰਦਾ ਰਹਿੰਦਾ ਹੈ ਤਾਂਕਿ ਉਸਦੀ ਨਸਲ ਅੱਗੇ ਵਧੀਆ ਹਾਲਤ ਵਿੱਚ ਚਲਦੀ ਰਹੇ। ਭਾਵੇਂ ਇਹ ਜੀਵਨ ਬਹੁਤ ਸੀਮਿਤ ਹੈ ਅਤੇ ਨਾਸ਼ਵਾਨ ਹੈ, ਪਰ ਪਰੰਪਰਾਵਾਂ ਦੀ ਲੜੀ ਬਿਹਤਰ ਢੰਗ ਨਾਲ ਅੱਗੇ ਤਾਂ ਹੀ ਚੱਲ ਸਕਦੀ ਹੈ ਜੇ ਸੰਬੰਧਿਤ ਨਸਲ ਦੇ ਮਾਪੇ ਅਤੇ ਅੱਗੋਂ ਪੈਰਵਾਈ ਕਰਨ ਵਾਲੀ ਔਲਾਦ ਆਪੋ ਆਪਣੀ ਜ਼ਿੰਮੇਵਾਰੀ ਦਾ ਯੋਗ ਅਹਿਸਾਸ ਕਰਨ ਅਤੇ ਉਸਦੀ ਕਸਵੱਟੀ ਉੱਤੇ ਪੂਰੇ ਉੱਤਰਨ। ਕਈ ਵਾਰ ਆਮ ਸੁਣਨ ਵਿੱਚ ਮਿਲਦਾ ਹੈ ਕਿ ਪੁੱਤ ਤਾਂ ਕਪੁੱਤ ਹੋ ਸਕਦੇ ਹਨ ਪਰ ਮਾਪੇ ਕਦੇ ਕੁਮਾਪੇ ਨਹੀਂ ਬਣ ਸਕਦੇ! ਸਿਆਣਿਆਂ ਦਾ ਕਥਨ ਹੈ ਕਿ ਧੂੰਆਂ ਤਾਂ ਹੀ ਨਿਕਲਦਾ ਹੈ ਜੇ ਅੱਗ ਧੁਖਦੀ ਹੋਵੇ। ਭਾਵ ਇਹ ਮੁਹਾਵਰੇ ਜਾਂ ਬੋਲ ਐਵੇਂ ਹੀ ਸੁਤੇ ਸਿੱਧ ਨਹੀਂ ਪੈਦਾ ਹੋ ਗਏ। ਕਿਧਰੇ ਕੁਝ ਨਾ ਕੁਝ ਅਜਿਹਾ ਵਾਪਰਿਆ ਹੋਵੇਗਾ ਤਾਂ ਹੀ ਉਹ ਨਾਮ ਪੈਦਾ ਹੋਇਆ। ਅੱਜ-ਕੱਲ੍ਹ ਦੇ ਪਦਾਰਥਵਾਦੀ ਦੌਰ ਵਿੱਚ ਤਾਂ ਹੋਰ ਵੀ ਬਹੁਤ ਕੁਝ ਅਚੰਭੇਦਾਇਕ ਸੁਣਨ ਵਿੱਚ ਆਉਣ ਲੱਗ ਪਿਆ ਹੈ। ਅਧਿਆਤਮਿਕ ਪੱਖ ਦਾ ਅਧਿਐਨ ਕਰੀਏ ਤਾਂ ਪਤਾ ਲਗਦਾ ਹੈ ਕਿ ਮੌਜੂਦਾ ਦੌਰ ਦਾ ਮਨੁੱਖ ਬਹੁਤ ਲਾਲਚੀ, ਲਾਲਸਾ ਭਰਪੂਰ, ਸਵਾਰਥੀ ਅਤੇ ਨੈਤਿਕ ਕਦਰਾਂ-ਕੀਮਤਾਂ ਤੋਂ ਊਣਾ ਹੁੰਦਾ ਜਾ ਰਿਹਾ ਹੈ। ਪੁਰਾਤਨ ਸਮੇਂ ਵਿੱਚ ਮਨੁੱਖਤਾ ਪ੍ਰੇਮ-ਪਿਆਰ ਦੀ ਮੁਰੀਦ ਅਤੇ ਮਿਲਾਪੜੀ ਹੁੰਦੀ ਸੀ। ਭਰਾਤਰੀ ਭਾਵ ਅਤੇ ਪਿਆਰ ਦੀਆਂ ਤੰਦਾਂ ਬਹੁਤ ਮੋਹ ਭਰੀਆਂ ਅਤੇ ਗੂੜ੍ਹੀਆਂ ਹੁੰਦੀਆਂ ਸਨ। ਪਿੰਡ ਦੀ ਧੀ-ਭੈਣ ਦਾ ਸਾਰੇ ਆਦਰ ਮਾਣ ਕਰਦੇ ਸਨ। ਧੀਆਂ-ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਸਨ ਤੇ ਸਾਰੇ ਲੋਕ ਹੀ ਉਨ੍ਹਾਂ ਦਾ ਹਰ ਤਰ੍ਹਾਂ ਸਤਿਕਾਰ ਕਰਦੇ ਸਨ। ਘਰ ਪਰਿਵਾਰ ਵਿੱਚ ਵੱਡੇ ਮਨੁੱਖ ਦਾ ਬਹੁਤ ਇੱਜ਼ਤ ਮਾਣ ਹੁੰਦਾ ਸੀ। ਪਹਿਲਾਂ ਪਹਿਲ ਤਾਂ ਵੱਡੇ ਪਰਿਵਾਰਾਂ ਵਿੱਚ ਵਿਆਹ ਹੀ ਬਹੁਤ ਘੱਟ ਹੁੰਦੇ ਸਨ। ਪੰਜ-ਪੰਜ ਛੇ-ਛੇ ਭਰਾ ਤਾਂ ਆਮ ਹੁੰਦੇ ਸਨ। ਉਨ੍ਹਾਂ ਵਿੱਚੋਂ ਵਿਆਹਿਆ ਇੱਕ ਹੀ ਹੁੰਦਾ ਸੀ। ਬਾਕੀ ਭਾਵੇਂ ਛੜੇ ਹੁੰਦੇ ਸਨ ਪਰ ਘਰ ਦੀ ਔਰਤ ਬੜੀ ਸਮਝ ਨਾਲ ਸਾਰੇ ਭਰਾਵਾਂ ਨੂੰ ਇੱਕ ਲੜੀ ਵਿੱਚ ਪਰੋ ਕੇ ਰੱਖਦੀ ਸੀ। ਜਿਹੜਾ ਵੱਡਾ ਵਿਆਹਿਆ ਹੁੰਦਾ ਉਹ ਘਰ ਦੇ ਮੁਖੀ ਵਜੋਂ ਸਾਰੇ ਉੱਪਰਲੇ ਕੰਮ ਕਰਨ ਲਈ ਅਜ਼ਾਦ ਹੁੰਦਾ ਸੀ ਤੇ ਬਾਕੀ ਖੇਤੀਬਾੜੀ ਜਾਂ ਜੋ ਵੀ ਪਰਿਵਾਰਕ ਕਿੱਤਾ ਹੁੰਦਾ, ਛੋਟੇ ਸਭ ਰਲਮਿਲ ਕੇ ਸਾਂਭਦੇ ਸਨ। ਇਹਨੂੰ ਬਹੁ ਪਤੀ ਪਰਿਵਾਰ ਦਾ ਨਾਮ ਵੀ ਦਿੱਤਾ ਜਾਂਦਾ ਸੀ। ਰਾਜੇ ਰਾਣਿਆਂ ਵਿੱਚ ਤਾਂ ਬਹੁ-ਪਤਨੀ ਪਰਿਵਾਰਾਂ ਦਾ ਬੋਲਬਾਲਾ ਤਾਂ ਬਹੁਤ ਦੇਰ ਰਿਹਾ ਹੈ। ਬਹੁ-ਪਤੀ ਦੀ ਉਦਾਹਰਨ ਆਮ ਲੋਕ ਪਾਂਡਵ ਅਤੇ ਉਨ੍ਹਾਂ ਦੀ ਪਤਨੀ ਦਰੋਪਦੀ ਦਰਸਾਉਂਦੇ ਸਨ। ਰਾਜਾ ਦਸਰਥ ਅਤੇ ਮਹਾਰਾਜਾ ਰਣਜੀਤ ਸਿੰਘ ਬਹੁ-ਪਤਨੀ ਪਰਿਵਾਰਾਂ ਦੀ ਮੁੱਖ ਉਦਾਹਰਨ ਹਨ। ਸਾਂਝੇ ਪਰਿਵਾਰ ਚਲਾਉਣ ਲਈ ਮੁਖੀ ਨੂੰ ਪੂਰੇ ਘਰ ਵਿੱਚ ਇਕਸਾਰ ਨਿਯਮ ਚਲਾਉਣੇ ਪੈਂਦੇ ਸਨ। ਜਿੱਥੇ ਵੀ ਕਿਤੇ ਵਿਤਕਰੇ ਦੀ ਗੱਲ ਸੁਣਨ ਨੂੰ ਮਿਲਦੀ, ਉੱਥੇ ਹੀ ਮਨਾਂ ਵਿੱਚ ਦੂਰੀ ਪੈਦਾ ਹੋ ਜਾਣ ਨਾਲ ਸਾਂਝੇ ਪਰਿਵਾਰਾਂ ਦੀ ਹੋਂਦ ਖਤਰੇ ਵਿੱਚ ਪੈ ਜਾਂਦੀ ਸੀ। ਜਦੋਂ ਤਕ ਲੋਕ ਸਿੱਧ ਪੱਧਰੇ ਰਹੇ, ਮੁਖੀ ਵਿੱਚ ਵਿਸ਼ਵਾਸ ਬਣਿਆ ਰਿਹਾ; ਸਾਂਝੇ ਪਰਿਵਾਰ ਸਫਲਤਾ ਨਾਲ ਚਲਦੇ ਰਹੇ। ਉਸ ਏਕੇ ਵਿੱਚ ਇਤਫਾਕ ਕਾਰਨ ਬਰਕਤ ਵੀ ਬਹੁਤ ਹੁੰਦੀ ਸੀ। ਕੰਮ ਘੱਟ ਸਮੇਂ ਵਿੱਚ ਨੇਪਰੇ ਚੜ੍ਹ ਜਾਂਦੇ ਸਨ। ਆਧੁਨਿਕਤਾ ਅਤੇ ਨਵੀਂਆਂ ਤਕਨੀਕਾਂ ਆਉਣ ਨਾਲ ਮਨੁੱਖ ਦੀ ਸੋਚ ਸਵਾਰਥੀ ਅਤੇ ਇਕੱਲਵਾਦ ਦੀ ਹੋ ਗਈ ਹੈ। ਆਧੁਨਿਕ ਔਰਤਾਂ ਅਜ਼ਾਦੀ ਚਾਹੁੰਦੀਆਂ ਹਨ, ਅਧੀਨਗੀ ਉਨ੍ਹਾਂ ਨੂੰ ਪ੍ਰਵਾਨ ਨਹੀਂ ਹੈ। ਇਸੇ ਕਾਰਨ ਹੀ ਹੁਣ ਸਾਂਝੇ ਪਰਿਵਾਰ ਆਮ ਤੌਰ ’ਤੇ ਖਤਮ ਹੀ ਹੋ ਗਏ ਹਨ ਜਾਂ ਵਿਰਲੇ ਟਾਵੇਂ ਹੀ ਬਚੇ ਹਨ। ਅੱਜ-ਕੱਲ੍ਹ ਪਤੀ-ਪਤਨੀ ਅਤੇ ਬੱਚੇ ਹੀ ਇੱਕ ਪਰਿਵਾਰ ਵਿੱਚ ਰਹਿ ਕਿ ਖੁਸ਼ ਹਨ। ਸਾਂਝੇ ਪਰਿਵਾਰ ਖਤਮ ਹੋਣ ਦਾ ਜ਼ਿਆਦਾ ਨੁਕਸਾਨ ਬਜ਼ੁਰਗ ਲੋਕਾਂ ਨੂੰ ਮਹਿਸੂਸ ਹੋਇਆ ਹੈ। ਆਧੁਨਿਕ ਪੀੜ੍ਹੀ ਬਜ਼ੁਰਗਾਂ ਦੇ ਨਾਲ ਰਹਿ ਕਿ ਖੁਸ਼ ਮਹਿਸੂਸ ਨਹੀਂ ਕਰਦੀ। ਬਜ਼ੁਰਗ ਲੋਕ ਗਲਤੀਆਂ ਤੋਂ ਮਨ੍ਹਾਂ ਕਰਦੇ ਹਨ। ਉਨ੍ਹਾਂ ਨੇ ਮੁਸ਼ਕਿਲ ਸਮੇਂ ਦਾ ਦੌਰ ਹੰਢਾਇਆ ਹੁੰਦਾ ਹੈ। ਮੇਲ-ਮਿਲਾਪ ਅਤੇ ਭਰਾਤਰੀ ਭਾਵ ਉਨ੍ਹਾਂ ਦੇ ਹੱਡੀਂ ਰਚਿਆ ਹੁੰਦਾ ਹੈ। ਉਹ ਓਹੀ ਮੇਲ ਮਿਲਾਪ ਵਾਲਾ ਜੀਵਨ ਪਸੰਦ ਕਰਦੇ ਹਨ ਜਦੋਂਕਿ ਆਧੁਨਿਕ ਪੀੜ੍ਹੀ ਇਕੱਲਾ ਅਤੇ ਆਪਹੁਦਰਾਪਣ ਪਸੰਦ ਕਰਦੀ ਹੈ। ਇਹ ਬਜ਼ੁਰਗਾਂ ਨੂੰ ਤਾਂ ਟੋਕਣਾ ਚਾਹੁੰਦੇ ਹਨ ਪਰ ਆਪ ਕਿਸੇ ਵੀ ਦਖਲ-ਅੰਦਾਜ਼ੀ ਨੂੰ ਪਸੰਦ ਨਹੀਂ ਕਰਦੇ? ਇੰਜ ਦੋ ਮੁੱਖ ਪੀੜ੍ਹੀਆਂ ਦਰਮਿਆਨ ਖਿਲਾਅ ਵਾਲੀ ਸਥਿਤੀ ਬਣਦੀ ਜਾ ਰਹੀ ਹੈ। ਪੰਜਾਬੀ ਦਾ ਇੱਕ ਮੁਹਾਵਰਾ ਹੈ, “ਢਕੀ ਰਿੱਝੇ ਤੇ ਕੋਈ ਨਾ ਬੁੱਝੇ” ਉਸੇ ਅਨੁਸਾਰ ਥੋੜ੍ਹੀ ਜਾਂ ਬਹੁਤੀ ਇਹ ਘਰ-ਘਰ ਦੀ ਕਹਾਣੀ ਬਣਦੀ ਜਾ ਰਹੀ ਹੈ। ਜੇ ਤਾਂ ਬੱਚੇ ਵੀ ਬਜ਼ੁਰਗਾਂ ਨੂੰ ਸਮਝ ਲੈਣ ਤਾਂ ਟਕਰਾਅ ਟੱਲ ਜਾਂਦਾ ਹੈ ਨਹੀਂ ਤਾਂ ਵਿਚਾਰੇ ਬਜ਼ੁਰਗ ਬਿਰਧ-ਘਰਾਂ ਦਾ ਸ਼ਿੰਗਾਰ ਬਣ ਜਾਂਦੇ ਹਨ। ਬਿਰਧ ਘਰ ਭਾਵੇਂ ਪੱਛਮੀ ਕਲਚਰ ਦੀ ਉਪਜ ਹਨ ਤੇ ਸਾਡੀ ਭਾਰਤੀ ਸੰਸਕ੍ਰਿਤੀ ਦੇ ਹਾਣ ਦੇ ਨਹੀਂ ਹਨ ਪਰ ਦੁਨੀਆ ਦੇ ਗਲੋਬਲ ਪਿੰਡ ਬਣ ਜਾਣ ਕਾਰਨ ਹੁਣ ਪੱਛਮ ਪੂਰਬ ਦੇ ਰਿਵਾਜ਼ਾਂ ਵਿੱਚ ਜ਼ਿਆਦਾ ਫਰਕ ਨਹੀਂ ਰਿਹਾ। ਏਧਰੋਂ ਉੱਧਰ ਤੇ ਓਧਰੋਂ ਇੱਧਰ ਪ੍ਰਵਾਸ ਹੋਣ ਨਾਲ ਸਭ ਕੁਝ ਮਿਲਦਾ ਜਾ ਰਿਹਾ ਹੈ। ਮਨੁੱਖ ਦੀ ਫਿਤਰਤ ਬੜੀ ਅਜੀਬ ਹੈ। ਇਹ ਭੈੜੀਆਂ ਆਦਤਾਂ ਜਲਦੀ ਗ੍ਰਹਿਣ ਕਰਦਾ ਹੈ, ਚੰਗੀਆਂ ਵਿੱਚ ਭਾਵੇਂ ਪਛੜ ਜਾਵੇ। ਦਾਜ-ਦਹੇਜ, ਗਰਭ ਵਿੱਚ ਭਰੂਣ ਹੱਤਿਆ ਅਤੇ ਹੁਣ ਤਲਾਕ ਪ੍ਰਥਾ ਦਾ ਆਮ ਜਿਹਾ ਹੋ ਜਾਣਾ ਇਸ ਗੱਲ ਦਾ ਪ੍ਰਤੱਖ ਸਬੂਤ ਹਨ। ਤਬਦੀਲੀ ਕੁਦਰਤ ਦਾ ਨਿਯਮ ਜੁ ਹੋਇਆ, ਇਸ ਲਈ ਇਸ ਨੂੰ ਕੋਈ ਰੋਕ ਨਹੀਂ ਸਕਦਾ।

ਪ੍ਰਮਾਣੂ ਹਥਿਆਰ ਵੀ ਇਸੇ ਦਾ ਸਬੂਤ ਹਨ। ਅਮੀਰ ਦੇਸ਼ਾਂ ਨੇ ਆਪ ਬਣਾ ਲਏ ਤੇ ਦੂਜਿਆਂ ਵਿਰੁੱਧ ਵਰਤ ਵੀ ਲਏ। ਜਦੋਂ ਨੁਕਸਾਨ ਆਪਣਾ ਵੀ ਹੁੰਦਾ ਨਜ਼ਰ ਆਇਆ ਤਾਂ ਦੂਜਿਆਂ ਉੱਤੇ ਪਾਬੰਦੀਆਂ ਦੀ ਗੱਲ ਸ਼ੁਰੂ ਹੋ ਗਈ। ਕੋਈ ਵੀ ਦੇਸ਼ ਹਿੰਸਾ ਨਹੀਂ ਚਾਹੁੰਦਾ। ਪ੍ਰਚਾਰ ਵੀ ਇਹੀ ਕਰਦੇ ਹਨ। ਪਰ ਅਮਰੀਕਾ ਅਤੇ ਰੂਸ, ਕਿਸੇ ਦੀ ਵੀ ਹੈਂਕੜ ਖਤਮ ਨਹੀਂ ਹੁੰਦੀ। ਕਿਤੇ ਨਾ ਕਿਤੇ ਯੁੱਧ ਛੇੜੀ ਰੱਖਦੇ ਹਨ। ਹਾਲਾਂਕਿ ਨੁਕਸਾਨ ਉਨ੍ਹਾਂ ਦਾ ਖੁਦ ਦਾ ਵੀ ਬਹੁਤ ਹੁੰਦਾ ਹੈ। ਪਰ ਮੈਂ ਨਾ ਮੈਨੂੰ ਵਾਲੀ ਕਥਾ ਦੁਹਰਾਈ ਜਾਂਦੀ ਹੈ। ਖੈਰ! ਜਿਨ੍ਹਾਂ ਪਰਿਵਾਰਾਂ ਵਿੱਚ ਬਜ਼ੁਰਗ ਜੋੜੇ ਸਹੀ ਸਲਾਮਤ ਹੁੰਦੇ ਹਨ ਉੱਥੇ ਮੁਸ਼ਕਲਾਂ ਘੱਟ ਪੇਸ਼ ਆਉਂਦੀਆਂ ਹਨ। ਜੇ ਆਉਣ ਵੀ ਤਾਂ ਦੋਵੇਂ ਸਲਾਹ ਮਸ਼ਵਰੇ ਨਾਲ ਹੱਲ ਕਰ ਲੈਂਦੇ ਹਨ। ਪਰ ਜਿਨ੍ਹਾਂ ਪਰਿਵਾਰਾਂ ਵਿੱਚ ਬਜ਼ੁਰਗ ਇੱਕ ਹੀ ਰਹਿ ਜਾਂਦਾ ਹੈ, ਭਾਵੇਂ ਨਰ ਹੋਵੇ ਤੇ ਭਾਵੇਂ ਮਾਦਾ, ਉਨ੍ਹਾਂ ਦੀ ਜ਼ਿੰਦਗੀ ਜ਼ਿਆਦਾ ਵਧੀਆਂ ਨਹੀਂ ਰਹਿੰਦੀ। ਛੋਟੇ ਬੱਚਿਆਂ ਦਾ ਤਾਂ ਬਜ਼ੁਰਗ ਦਾਦੇ-ਦਾਦੀਆਂ ਅਤੇ ਨਾਨੇ-ਨਾਨੀਆਂ ਨਾਲ ਪਿਆਰ ਕੁਦਰਤੀ ਤੋਹਫੇ ਵਾਂਗ ਹੁੰਦਾ ਹੈ। ਇਨ੍ਹਾਂ ਵਿੱਚ ਅਪਣੱਤ ਬਹੁਤ ਹੁੰਦੀ ਹੈ। ਪਰ ਅੱਜ-ਕੱਲ੍ਹ ਦੇ ਪੁੱਤਰ ਅਤੇ ਨੂੰਹਾਂ ਤਾਂ ਕਿਸਮਤ ਨਾਲ ਹੀ ਯੋਗ ਮਿਲਦੀਆਂ ਹਨ, ਜੋ ਸਹੁਰੇ ਨੂੰ ਪਿਤਾ ਤੋਂ ਵੱਧ ਇੱਜ਼ਤ ਮਾਣ ਦਿੰਦੀਆਂ ਹਨ। ਉਂਜ ਇੱਕ ਧਿਰ ਨੂੰ ਹੀ ਦੋਸ਼ ਦੇਣਾ ਵੀ ਠੀਕ ਨਹੀਂ ਹੁੰਦਾ। ਕਿਉਂਕਿ ਆਮ ਕਹਾਵਤ ਹੈ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ। ਫਿਰ ਵੀ ਪਤਾ ਨਹੀਂ ਕਿਉਂ ਇੰਜ ਮਹਿਸੂਸ ਹੁੰਦਾ ਹੈ ਕਿ ਆਧੁਨਿਕ ਪੌਸ਼ ਬਜ਼ੁਰਗ ਖੇਮੇ ਨਾਲ ਬਹੁਤਾ ਖੁਸ਼ ਨਹੀਂ ਹੁੰਦਾ। ਉਹ ਉਨ੍ਹਾਂ ਕੋਲੋਂ ਹਰ ਸਹੂਲਤ ਲੈਣੀ ਤਾਂ ਚਾਹੁੰਦਾ ਹੈ, ਲਾਡ-ਪਿਆਰ ਤੇ ਮੁਹੱਬਤ ਵੀ ਚਾਹੁੰਦਾ ਹੈ, ਪਰ ਇੱਜ਼ਤ ਅਤੇ ਸਤਿਕਾਰ ਦੇਣਾ ਜ਼ਰੂਰੀ ਨਹੀਂ ਸਮਝਦਾ। ਜੇ ਕਿਧਰੇ ਉਨ੍ਹਾਂ ਦੇ ਆਪਣੇ ਬੱਚੇ, ਬਜ਼ੁਰਗਾਂ ਨਾਲ ਹੁੰਦੀ ਵਧੀਕੀ ਦੇਖਦੇ ਜੈਸੇ ਨੂੰ ਤੈਸਾ ਵਿਹਾਰ ਕਰਨ ਦੀ ਹਿਮਾਕਤ ਕਰਨ ਤਾਂ ਉਨ੍ਹਾਂ ਦਾ ਗੁੱਸਾ ਬੇਕਾਬੂ ਹੋ ਜਾਂਦਾ ਹੈ। ਉਹ ਭੁੱਲ ਜਾਂਦੇ ਹਨ ਕਿ ਇਹ ਦੁਨੀਆ ਖੂਹ ਦੀ ਅਵਾਜ਼ ਵਾਂਗ ਹਰੇਕ ਨਾਲ ਓਹ‌ੋ ਜਿਹਾ ਵਿਹਾਰ ਕਰਦੀ ਹੈ, ਜਿਹੋ ਜਿਹਾ ਉਹ ਆਪ ਦੂਜਿਆਂ ਨਾਲ ਕਰਦੇ ਹਨ।

ਪੁਰਾਤਨ ਸੱਭਿਆਚਾਰ ਵਿੱਚ ਇੱਕ ਉਦਾਹਰਨ ਬੜੀ ਪ੍ਰਚਲਿਤ ਸੀ। ਇੱਕ ਨੌਜਵਾਨ ਆਪਣੇ ਬਿਰਧ ਪਿਤਾ ਨੂੰ ਪਿੰਡ ਦੇ ਡੂੰਘੇ ਛੱਪੜ ਵਿੱਚ ਸੁੱਟ ਕੇ ਪਾਰ ਬੁਲਾ ਦਿੰਦਾ ਹੈ। ਜਦੋਂ ਉਹ ਬਜ਼ੁਰਗ ਹੁੰਦਾ ਹੈ ਤਾਂ ਉਸ ਨਾਲ ਵੀ ਓਹੀ ਭਾਣਾ ਵਰਤਦਾ ਹੈ ਤੇ ਫਿਰ ਪਰੰਪਰਾ ਹੀ ਬਣ ਜਾਂਦੀ ਹੈ। ਫਿਰ ਇੱਕ ਵਾਰ ਇੱਕ ਬਜ਼ੁਰਗ ਦਾ ਪੁੱਤਰ ਜਦੋਂ ਉਸ ਨੂੰ ਛੱਪੜ ਵਿੱਚ ਸੁੱਟਣ ਲੱਗਾ ਤਾਂ ਉਸਨੇ ਆਪਣੇ ਬੇਟੇ ਨੂੰ ਹਦਾਇਤ ਕੀਤੀ,ਥੋੜ੍ਹਾ ਜਿਹਾ ਅਗਾਂਹ ਹੋਰ ਡੂੰਘੇ ਪਾਣੀ ਵਿੱਚ ਸੁੱਟੀਂ ਪੁੱਤਰਾ, ਇੱਥੇ ਕੁ ਤਾਂ ਮੈਂ ਆਪਣੇ ਪਿਉ ਨੂੰ ਸੁੱਟਿਆ ਸੀ।” ਪੁੱਤਰ ਨੇ ਹਉਕਾ ਭਰਿਆ। ਅੱਜ ਇਹ ਤਾਂ ਕੱਲ੍ਹ ਨੂੰ ਉਸਦੀ ਵਾਰੀ ਜ਼ਰੂਰ ਆਵੇਗੀ। ਪੁੱਤਰ ਪਿਓ ਨੂੰ ਲੈਕੇ ਉਹਨੀਂ ਪੈਰੀਂ ਵਾਪਸ ਘਰ ਪਰਤ ਆਇਆ। ਫਿਰ ਰਹਿੰਦੀ ਉਮਰ ਲਈ ਉਸਨੇ ਆਪਣੇ ਪਿਤਾ ਦੀ ਖੂਬ ਸੇਵਾ ਕੀਤੀ ਤੇ ਸਤਿਕਾਰ ਦਿੱਤਾ। ਇੰਜ ਇਹ ਕੁੜੱਤਣ ਖਤਮ ਹੋ ਗਈ। ਪਰ ਮੁਸ਼ਕਿਲ ਇਹ ਹੈ ਕਿ ਬਿੱਲੀ ਦੇ ਗਲ ਟੱਲੀ ਬੰਨ੍ਹਣ ਦੀ ਗੱਲ ਤਾਂ ਸਾਰੇ ਕਰਦੇ ਹਨ। ਪਰ ਬੰਨ੍ਹਦਾ ਕੋਈ ਨਹੀਂ? ਕਿਸੇ ਨੂੰ ਤਾਂ ਬਲੀ ਦਾ ਬੱਕਰਾ ਬਣਨਾ ਹੀ ਪਵੇਗਾ ਨਹੀਂ ਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਪੈਣਾ ਹੈ। ਆਪਣੇ ਆਪ ਕੁਝ ਵੀ ਪਰੋਸ ਕੇ ਨਹੀਂ ਮਿਲਦਾ? ਕੋਸ਼ਿਸ਼ ਕਰਨੀ ਹੀ ਪੈਂਦੀ ਹੈ। ਮੁਫਤ ਦੀ ਲੱਸੀ ਪਿੱਛੇ ਮੁੱਛਾਂ ਮੁਨਵਾਉਣ ਵਾਲਿਆਂ ਨੂੰ ਬਦਨਾਮੀ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਕਿਉਂਕਿ ਕੁਦਰਤ ਦਾ ਵਿਧਾਨ ਹੈ ਕਿ ਇੱਥੇ ਕੁਝ ਵੀ ਮੁਫਤ ਨਹੀਂ ਮਿਲਦਾ?

ਸਮਾਂ ਬਦਲਣ ਨਾਲ ਪੁਰਾਤਨ ਇਤਿਹਾਸ ਵਾਲੇ ਸਰਵਣ ਪੁੱਤਰਾਂ ਦੀ ਅਣਹੋਂਦ ਹੁਣ ਜ਼ਰੂਰ ਖੜਕਦੀ ਹੈ। ਨਿੱਤ ਪਿਉ ਨੂੰ ਕਤਲ ਕਰਨ ਜਾਂ ਫਿਰ ਕੁੱਟ ਮਾਰ ਕਰਨ ਦੀਆਂ ਖਬਰਾਂ ਅਕਸਰ ਅਖਬਾਰਾਂ ਦਾ ਸ਼ਿੰਗਾਰ ਬਣਦੀਆਂ ਹਨ। ਵਿਰਲੇ ਟਾਵੇਂ ਪੁੱਤਰਾਂ ਨੂੰ ਬੇਦਖਲ ਕਰਨ ਦੇ ਕਿੱਸੇ ਵੀ ਜ਼ਰੂਰ ਸੁਣਨ ਨੂੰ ਮਿਲਦੇ ਹਨ। ਹੈਰਾਨੀਜਨਕ ਮਸਲੇ ਵੀ ਚਿੰਤਾ ਦਾ ਵਿਸ਼ਾ ਬਣਦੇ ਹਨ ਜਦੋਂ ਅੱਵਲ ਦਰਜਾ ਨੌਕਰੀਆਂ ਕਰ ਰਹੇ ਅਫਸਰ ਆਪਣੇ ਮਾਪਿਆਂ ਨੂੰ ਗੁਜ਼ਾਰਾ ਭੱਤਾ ਦੇਣ ਤੋਂ ਵੀ ਇਨਕਾਰੀ ਹੋ ਜਾਂਦੇ ਹਨ ਤੇ ਅਦਾਲਤਾਂ ਵਿੱਚ ਕਾਨੂੰਨੀ ਚਾਰਾਜੋਈ ਦਾ ਸਾਹਮਣਾ ਕਰਨ ਨੂੰ ਮਜਬੂਰ ਹੁੰਦੇ ਹਨ। ਕਈ ਬਜ਼ੁਰਗ ਅਜਿਹੀ ਔਲਾਦ ਨੂੰ ਕੋਸਦੇ ਅਤੇ ਬਦਸੀਸਾਂ ਦਿੰਦੇ ਵੀ ਸੁਣਨ ਨੂੰ ਮਿਲਦੇ ਹਨ। ਪਦਾਰਥਵਾਦੀ ਦੌਰ ਦਾ ਮਨੁੱਖ ਇੰਨਾ ਸਵਾਰਥੀ ਕਿਉਂ ਹੋ ਗਿਆ ਹੈ, ਸੁਣ ਕੇ ਮਨੁੱਖੀ ਕਦਰਾਂ ਕੀਮਤਾਂ ਬਹੁਤ ਹੌਲੀਆਂ ਪੈ ਜਾਂਦੀਆਂ ਹਨ। ਸਤੀਸ਼ ਕੌਲ ਵਰਗੀਆਂ ਨਾਮੀ ਫਿਲਮੀ ਹਸਤੀਆਂ ਨੂੰ ਜੇ ਆਪਣਾ ਬੁਢੇਪਾ ਬਿਰਧ ਘਰਾਂ ਵਿੱਚ ਬਿਤਾਉਣਾ ਪਵੇ ਤਾਂ ਏਦੂੰ ਵੱਡੀ ਸ਼ਰਮਨਾਕ ਗੱਲ ਹੋਰ ਕਿਹੜੀ ਹੋ ਸਕਦੀ ਹੈ। ਇਸੇ ਲਈ ਕਈ ਵਾਰ ਬਿਰਧ ਮਾਂਵਾਂ ਦੇ ਮੂੰਹੋਂ ਨਿਕਲੇ ਅਜਿਹੇ ਸ਼ਬਦ ਮੋਟਰਾਂ ਗੱਡੀਆਂ ’ਤੇ ਲਿਖੇ ਮਿਲਦੇ ਹਨ,ਦੁੱਧ ਨਾਲ ਪੁੱਤ ਪਾਲ ਕੇ ਅੰਤ ਪਾਣੀ ਨੂੰ ਤਰਸਦੀਆਂ ਮਾਵਾਂ।” ਤੇ,ਬਾਪੂ, ਬਾਪੂ ਕਹਿੰਦੇ ਸੀ, ਖੂਬ ਨਜ਼ਾਰੇ ਲੈਂਦੇ ਸੀ, ਆਪ ਬਾਪੂ ਅਖਵਾਇਆ, ਡਾਢਾ ਦੁੱਖ ਪਾਇਆ।” ਮਾਂ ਅਤੇ ਪਿਉ ਦਾ ਦਰਦ ਅਤੇ ਕੁਰਬਾਨੀ ਬੰਦਾ ਉਦੋਂ ਸਮਝਦਾ ਹੈ ਜਦੋਂ ਉਸ ਨੂੰ ਖੁਦ ਸੱਟ ਵੱਜਦੀ ਹੈ, ਪਰ ਉਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਇਸ ਪਵਿੱਤਰ ਰਿਸ਼ਤੇ ਦੀ ਮਹਾਨਤਾ ਦਰਸਾਉਂਦੀਆਂ ਅਨੇਕਾਂ ਕਥਾ ਕਹਾਣੀਆਂ ਨਾਲ ਇਤਿਹਾਸ ਭਰਿਆ ਪਿਆ ਹੈ। ਪਰ ਜੇ ਕੋਈ ਸਮਝੇ ਤਾਂ ਹੀ ਅਸਰ ਹੁੰਦਾ ਹੈ ਨਹੀਂ ਤਾਂ ਸੰਬੰਧਿਤ ਕਹਾਣੀਆਂ ਕਿਤਾਬਾਂ ਵਿੱਚ ਹੀ ਸਮੋ ਕਿ ਰਹਿ ਜਾਂਦੀਆਂ ਹਨ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author