“ਵੱਧ ਅਨਾਜ ਦੇ ਉਤਪਾਦਨ ਲਈ ਜਿਵੇਂ ਪੰਜਾਬ ਵਿਚਲਾ ਧਰਤੀ ਹੇਠਲਾ ਪਾਣੀ ਬਹੁਤ ...”
(20 ਸਤੰਬਰ 2025)
“ਪਹਿਲਾ ਪਾਣੀ ਜੀਓ ਹੈ ...” ਪਾਣੀ ਹੀ ਜੀਵਨ ਹੈ, ਇਹ ਜਾਣਿਆ ਪਹਿਚਾਣਿਆ ਤੱਥ ਹੈ। ਪਾਣੀ ਅਤੇ ਹਵਾ ਬਿਨ ਜੀਵਨ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਹਾਲਾਂ ਕਿ ਭੁੱਖ ਮਨੁੱਖ ਕੁਝ ਦੇਰ ਬਰਦਾਸ਼ਤ ਕਰ ਸਕਦਾ ਹੈ, ਹਵਾ ਬਿਨਾਂ ਤਾਂ ਦੂਜਾ ਸਾਹ ਵੀ ਸੰਭਵ ਨਹੀਂ ਹੈ ਤੇ ਪਾਣੀ ਵੀ ਸਾਹ ਤੋਂ ਬਾਦ ਦੂਜੀ ਵੱਡੀ ਲੋੜ ਹੈ। ਧਰਤੀ ਜੇਡ ਗਰੀਬ ਨਾ ਕੋਈ! ਇਹ ਵੀ ਅਕਸਰ ਸੁਣਨ ਨੂੰ ਮਿਲਦਾ ਹੈ। ਇਸ ਤੋਂ ਬਿਨਾਂ ਤਾਂ ਕੁਝ ਵੀ ਸੰਭਵ ਨਹੀਂ ਹੈ। ਕਾਦਰ ਨੇ ਇਹ ਅਜੀਬ ਰਚਨਾ ਐਸੀ ਰਚੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਸਭ ਕਾਸੇ ਦੇ ਸਬੰਧ ਜੋੜ ਰੱਖੇ ਹਨ। ਇੰਜ ਹੀ ਸੰਸਾਰ ਬਣਦਾ ਅਤੇ ਚੱਲਦਾ ਹੈ। ਨਾ ਤਾਂ ਇੱਥੇ ਕਿਸੇ ਵੀ ਚੀਜ਼ ਜਾਂ ਤੱਤ ਦੀ ਕਮੀ ਸਹਿ ਹੁੰਦੀ ਹੈ ਤੇ ਨਾ ਹੀ ਬਹੁਤਾਤ! ਸਭ ਕਾਸੇ ਦਾ ਸੰਤੁਲਨ ਬਣਿਆ ਰਹੇ ਤਾਂ ਗੱਡੀ ਇਕਸਾਰ ਚੱਲਦੀ ਰਹਿੰਦੀ ਹੈ। ਜ਼ਰਾ ਵੀ ਸੰਤੁਲਨ ਵਿਗੜਿਆ ਨਹੀਂ ਕਿ ਗੱਡੀ ਮੂਧੀ ਹੋਈ ਨਹੀਂ। ਇਸੇ ਸਰਬ-ਵਿਆਪਕ ਸਚਾਈ ਨੂੰ ਅਧਾਰ ਬਣਾ ਕੇ ਹੀ ਸਾਡੇ ਪੁਰਖਿਆਂ ਨੇ ਕਈ ਮੁਹਾਵਰੇ ਤੈਅ ਕੀਤੇ ਸਨ। ਜਿਵੇਂ, “ਕਿਸੇ ਵੀ ਚੀਜ਼ ਦੀ ਬਹੁਤਾਤ ਭੈੜੀ ਹੁੰਦੀ ਹੈ।” ਅਰਥਾਤ -ਐਕਸੈੱਸ ਆਫ਼ ਐਵਰੀਥਿੰਗ ਇੰਜ ਬੈਡ! ਪਰ ਆਮ ਜੀਵਨਧਾਰਾ ਵਿੱਚ ਕਦੇ ਕਦੇ ਸਾਨੂੰ ਅਜਿਹੇ ਮੁਹਾਵਰੇ ਸੁਖਾਵੇਂ ਨਹੀਂ ਲੱਗਦੇ। ਬ੍ਰਹਿਮੰਡ ਦੇ ਰਚਨਹਾਰ ਦੇ ਵੀ ਤਾਂ ਕੁਝ ਨਿਯਮ ਜ਼ਰੂਰ ਹਨ! ਸੁਣਨ ਵਿੱਚ ਤਾਂ ਇਹ ਵੀ ਆਉਂਦਾ ਹੈ ਕਿ ਪ੍ਰਮਾਤਮਾ ਨੇ ਮਨੁੱਖ ਵੀ ਆਪਣੇ ਵਰਗਾ ਹੀ ਬਣਾਇਆ ਹੈ। ਪ੍ਰਮਾਤਮਾ ਤਾਂ ਸਰਬ-ਸ਼ਕਤੀਮਾਨ ਹੈ। ਨਿਸ਼ਚੇ ਹੀ ਉਸ ਦਾ ਪ੍ਰਤੀਪੂਰਕ ਵੀ ਜ਼ਿਆਦਾ ਤੋਂ ਜ਼ਿਆਦਾ ਸ਼ਕਤੀਆਂ ਪ੍ਰਾਪਤ ਕਰਨੀਆਂ ਚਾਹੇਗਾ। ਇਹੀ ਕਾਰਨ ਹੈ ਕਿ ਮਨੁੱਖ ਨੇ ਵਿਗਿਆਨ ਦੀ ਖੋਜ ਕੀਤੀ ਹੈ ਤੇ ਵਿਗਿਆਨ ਦੇ ਜ਼ਰੀਏ ਹੀ ਉਹ ਕੁਦਰਤ ’ਤੇ ਕਾਬੂ ਪਾਉਣ ਦੀ ਲਾਲਸਾ ਵਿੱਚ ਮਸਰੂਫ਼ ਹੈ। ਪਰ ਸਵਾਰਥ ਅਤੇ ਹੰਕਾਰ ਮਨੁੱਖ ਦੇ ਰਾਹ ਦਾ ਰੋੜਾ ਬਣ ਜਾਂਦੇ ਹਨ। ਸਰਬ-ਸ਼ਕਤੀਮਾਨ ਪ੍ਰਮਾਤਮਾ ਨੇ ਮਨੁੱਖ ਨੂੰ ਸੋਚਣ ਸਮਝਣ ਅਤੇ ਪਰਖਣ ਦੀ ਸੂਝਬੂਝ ਨਾਲ ਸਰਸ਼ਾਰ ਕਰਕੇ ਮਨੁੱਖਤਾ ਦੇ ਭਲੇ ਤੇ ਸੁੱਖ ਸਹੂਲਤਾਂ ਦਾ ਸੁਪਨਾ ਸਿਰਜਿਆ ਸੀ। ਮਨੁੱਖ ਨੇ ਨਾਲ ਦੀ ਨਾਲ ਈਰਖਾ ਅਤੇ ਹਉਮੈਂ ਵਰਗੇ ਹੱਥਕੰਡੇ ਵਿਕਸਤ ਕਰਕੇ ਪ੍ਰਮਾਣੂ ਅਤੇ ਹੋਰ ਵਿਸਫੋਟਕ ਤਿਆਰ ਕਰਕੇ ਮਨੁੱਖਤਾ ਦੇ ਵਿਨਾਸ਼ ਦੀ ਨੀਂਹ ਵੀ ਰੱਖ ਦਿੱਤੀ। ਮਨੁੱਖ ਨੇ ਆਪਣੀ ਸਹੂਲਤ ਲਈ ਸਰਦ ਅਤੇ ਗਰਮ ਮੌਸਮ ਅਤੇ ਵਾਤਾਵਰਣ ਬਦਲਣ ਦੇ ਢੰਗ ਖੋਜ ਕੇ ਵਾਤਾਵਰਣ ਨੂੰ ਗੰਧਲਾ ਬਣਾ ਦਿੱਤਾ ਹੈ। ਮਨੁੱਖੀ ਵਿਕਾਸ ਦੇ ਮਾਪਦੰਡਾਂ ਨਾਲ ਗਲੋਬਲ ਵਾਰਮਿੰਗ ਨਾਮ ਦਾ ਦੈਂਤ ਥੈਲੇ ਵਿੱਚੋਂ ਬਾਹਰ ਆ ਜਾਣ ਕਰਕੇ ਵਾਤਾਵਰਣ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਗਿਆ ਹੈ। ਪਹਿਲਾਂ ਸਾਲ 2019 ਵਿੱਚ ਕੋਵਿਡ ਨਾਮ ਦੀ ਮਹਾਂਮਾਰੀ ਨੇ ਮਨੁੱਖ ਨੂੰ ਮਜ਼ਾ ਚਖਾਇਆ ਸੀ। ਹੁਣ ਮੀਂਹ ਦੀ ਬਹੁਤਾਤ ਅਤੇ ਹੜ੍ਹਾਂ ਦੇ ਪਾਣੀ ਨੇ ਆਪਣਾ ਰੰਗ ਵਿਖਾਇਆ ਹੈ। ਕੁਦਰਤ ਦੇ ਆਪਣੇ ਨਿਯਮ ਹਨ। ਪਾਣੀ ਦੀ ਦੁਰਵਰਤੋਂ ਨਾਲ ਇਸ ਦੀ ਕਮੀ ਅਤੇ ਪ੍ਰਦੂਸ਼ਣ ਨਾਲ ਪਾਣੀ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ। ਮਨੁੱਖੀ ਸਰੀਰ ਦੀ ਰਚਨਾ ਵੀ ਬ੍ਰਹਿਮੰਡ ਦੀ ਰਚਨਾ ਨਾਲ ਰਲਦੀ ਮਿਲਦੀ ਹੀ ਬਣੀ ਹੋਈ ਹੈ। ਧਰਤੀ ਵਿੱਚ ਵੀ ਦੋ ਤਿਹਾਈ ਪਾਣੀ ਹੈ ਤੇ ਮਨੁੱਖੀ ਸਰੀਰ ਵਿੱਚ ਵੀ। ਪੰਜ ਤੱਤਾਂ ਦੇ ਬਣੇ ਮਨੁੱਖੀ ਸਰੀਰ ਦੇ ਅੰਸ਼ ਵੀ ਤਾਂ ਓਹੀ ਹਨ। ਜਿਵੇਂ ਜਿਵੇਂ ਮਨੁੱਖ ਵਿਕਾਸ ਕਰ ਰਿਹਾ ਹੈ, ਅਬਾਦੀ ਅਤੇ ਮਨੁੱਖੀ ਲੋੜਾਂ ਵੀ ਵਧਦੀਆਂ ਜਾਂਦੀਆਂ ਹਨ। ਲੋੜਾਂ ਦੀ ਪੂਰਤੀ ਲਈ ਸਾਧਨ ਜੁਟਾਉਣ ਸਮੇਂ ਮਨੁੱਖ ਦੇ ਮਨ ਵਿੱਚ ਸਵਾਰਥ ਅਤੇ ਲਾਲਸਾ ਹਾਵੀ ਹੋ ਜਾਂਦੀ ਹੈ, ਜਿਸ ਨਾਲ ਮਿਲਾਵਟ ਅਤੇ ਹੇਰਾਫੇਰੀ ਵਰਗੀਆਂ ਘਟਨਾਵਾਂ ਵਾਪਰਦੀਆਂ ਹਨ। ਵੱਧ ਅਨਾਜ ਦੇ ਉਤਪਾਦਨ ਲਈ ਜਿਵੇਂ ਪੰਜਾਬ ਵਿਚਲਾ ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਹੋ ਗਿਆ ਹੈ ਅਤੇ ਪੰਜਾਬ ਦਾ ਬਹੁਤ ਸਾਰਾ ਖੇਤਰ ਡਾਰਕ-ਜ਼ੋਨ ਵਿੱਚ ਸ਼ਾਮਲ ਹੋ ਗਿਆ। ਪੰਜਾਬ ਦੇ ਗੁਆਂਢੀ ਰਾਜ ਆਪੋ ਆਪਣੀ ਲੋੜ ਦੀ ਪੂਰਤੀ ਲਈ ਲਗਾਤਾਰ ਪੰਜਾਬ ਉੱਤੇ ਦਬਾਅ ਬਣਾਉਂਦੇ ਰਹਿੰਦੇ ਹਨ। ਡੈਮਾਂ ਵਿਚਲੇ ਪਾਣੀ ਦੇ ਘੱਟਦੇ ਪੱਧਰ ਨੂੰ ਧਿਆਨ ਵਿਚ ਰੱਖਦੇ ਹੋਏ ਬੜੇ ਸੰਕੋਚ ਨਾਲ ਪਾਣੀ ਦੀ ਵਰਤੋਂ ਹੁੰਦੀ ਸੀ। ਵਰਖਾ ਰੁੱਤ ਦੇ ਅਨੁਮਾਨ ਤਾਂ ਬਹੁਤ ਪਹਿਲਾਂ ਤੋਂ ਸੁਣਨ ਨੂੰ ਮਿਲਦੇ ਸਨ ਕਿ ਇਸ ਵਾਰ ਵਰਖਾ ਅਧਿਕ ਹੋਣ ਦੀ ਸੰਭਾਵਨਾ ਹੈ। ਚਾਹੀਦਾ ਤਾਂ ਇਹ ਸੀ ਕਿ ਡੈਮਾਂ ਵਿੱਚੋਂ ਵੱਧ ਪਾਣੀ ਪਹਿਲਾਂ ਕੱਢ ਕੇ ਲੋੜੀਂਦੀ ਜਗ੍ਹਾ ਬਣਾਈ ਜਾਂਦੀ। ਪਰ ਕਈ ਰਾਜਨੀਤਕ ਮਜਬੂਰੀਆਂ ਕਾਰਨ ਜਾਂ ਤਾਂ ਲੋੜੀਂਦੇ ਪ੍ਰਬੰਧ ਹੁੰਦੇ ਜਾਂ ਕੀਤੇ ਨਹੀਂ ਜਾਂਦੇ। ਕੁਦਰਤ ਨੇ ਆਪਣੀ ਬੁੱਕਲ ਵਿੱਚ ਬੜਾ ਕੁਝ ਸਮੇਟ ਕੇ ਰੱਖਿਆ ਹੋਇਆ ਹੈ, ਜਿਸ ਵਿੱਚ ਹੜ੍ਹ, ਸੋਕਾ, ਅਕਾਲ, ਤੂਫਾਨ, ਭੁਚਾਲ ਆਦਿ ਕਈ ਕੁਝ ਹੈ।
ਧਰਤੀ ਦਾ ਅੰਦਰਲਾ ਹਿੱਸਾ ਬਹੁਤ ਗਰਮ ਹੈ। ਕਈ ਥਾਂਵਾਂ ’ਤੇ ਜਵਾਲਾ-ਮੁਖੀ ਲਾਵਾ ਫਟਦਾ ਰਹਿੰਦਾ ਹੈ। ਭੁਚਾਲ ਅਤੇ ਸੁਨਾਮੀ ਵਰਗੀਆਂ ਦੁਰਘਟਨਾਵਾਂ ਵੀ ਵਾਪਰਦੀਆਂ ਰਹਿੰਦੀਆਂ ਹਨ। ਪ੍ਰਮਾਣੂ ਤਜਰਬਿਆਂ ਦੇ ਵਿਸਫੋਟਾਂ ਅਤੇ ਹੋਰ ਗੈਸਾਂ ਦੇ ਵਿਸਰਜਨ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਰਹਿੰਦਾ ਹੈ। ਗੰਦਗੀ ਮਨੁੱਖ ਫੈਲਾਉਂਦਾ ਹੈ ਤੇ ਸਫ਼ਾਈ ਕੁਦਰਤ ਕਰਦੀ ਹੈ। ਅਸੀਂ ਭਲੀ ਭਾਂਤ ਜਾਣਦੇ ਹਾਂ ਕਿ ਮਨੁੱਖੀ ਸਵਾਰਥ ਨੇ ਪਵਿੱਤਰ ਕਹਾਉਣ ਵਾਲੇ ਗੰਗਾ ਅਤੇ ਯਮੁਨਾ ਦਰਿਆਵਾਂ ਦੇ ਪਾਣੀ ਨੂੰ ਕਿੰਨਾ ਗੰਧਲਾ ਕੀਤਾ ਹੈ। ਮਨੁੱਖ ਅਤੇ ਸਰਕਾਰਾਂ ਉਹਨਾਂ ਨਦੀਆਂ ਨੂੰ ਸਾਫ਼ ਨਹੀਂ ਕਰ ਸਕੀਆਂ। ਕੁਦਰਤ ਨੇ ਬਾਰਸ਼ ਦੇ ਪਾਣੀ ਨਾਲ ਸਾਰੀ ਗੰਦਗੀ ਸਾਫ਼ ਕੀਤੀ ਹੈ। ਪਾਣੀ ਦੀ ਕਮੀ ਨਾਲ ਦੋ ਚਾਰ ਹੋ ਰਿਹਾ ਮਨੁੱਖ ਹੁਣ ਫਿਰ ਕੁਦਰਤ ’ਤੇ ਹੀ ਕਰੋਪ ਹੋਣ ਦਾ ਦੋਸ਼ ਮੜ੍ਹ ਰਿਹਾ ਹੈ। ਪੰਜ ਆਬ ਤਾਂ ਹੁਣ ਮਨੁੱਖ ਦੀ ਸੰਭਾਲ ਤੋਂ ਬਾਹਰੇ ਹੋ ਗਏ ਹਨ। ਹੁਣ ਕੋਈ ਵੀ ਗੁਆਂਢੀ ਪ੍ਰਾਂਤ ਜਾਂ ਸੰਘੀ ਖੇਤਰ ਪਾਣੀ ਦੀ ਮੰਗ ਨਹੀਂ ਕਰਦਾ? ਪਾਣੀ ’ਤੇ ਕਰ ਮੰਗਣ ਵਾਲਾ ਹਿਮਾਚਲ ਵੀ ਹੁਣ ਪਾਣੀ ਰੋਕਣ ਵਿੱਚ ਅਸਮਰਥ ਹੈ। ਪੰਜਾਬ ਕੀ ਕਰੇ? ਉਸ ਨੇ ਤਾਂ ਝੱਲਣਾ ਹੀ ਹੋਇਆ! "ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ" ਇਹ ਵੀ ਸਰਬ-ਵਿਆਪਕ ਸਚਾਈ ਹੈ। ਪਾਣੀ ਤਾਂ ਪਾਣੀ ਹੀ ਹੈ। ਇਸ ਦੀ ਸੰਜਮ ਅਤੇ ਸੰਕੋਚ ਨਾਲ ਵਰਤੋਂ ਅਤੇ ਸੰਭਾਲ ਸਭ ਦੀ ਜ਼ਿੰਮੇਵਾਰੀ ਬਣਦੀ ਹੈ। ਕੁਦਰਤ ਦੇ ਇਸ ਕ੍ਰਿਸ਼ਮੇ ’ਤੇ ਅਜਿਹੇ ਸਮੇਂ ਰੋਕ ਲਾਉਣ ਦਾ ਕੋਈ ਵੀ ਸਾਧਨ ਨਹੀਂ ਹੈ। ਪਾਣੀ ਦਾ ਵਹਾਅ ਬੇਕਾਬੂ ਹੁੰਦਾ ਹੈ। ਇੱਕ ਦੂਜੇ ਉੱਪਰ ਦੋਸ਼ ਲਗਾਉਣ ਦੀ ਥਾਂ ਜੇ ਸਾਰੇ ਹੀ ਆਪੋ ਆਪਣੀ ਜ਼ਿੰਮੇਵਾਰੀ ਮਹਿਸੂਸ ਕਰਨ ਤਾਂ ਸਭ ਮੁਸ਼ਕਲਾਂ ਹੱਲ ਹੋ ਜਾਂਦੀਆਂ ਹਨ। ਪਰ ਜੇ ਹਰ ਪਾਸੇ ਰਾਜਨੀਤੀ ਅਤੇ ਸਵਾਰਥ ਹੀ ਹਾਵੀ ਰੱਖਣਾ ਹੈ ਤਾਂ ਫਿਰ ਮੁਸ਼ਕਲਾਂ ਤਾਂ ਉਤਪੰਨ ਹੋਣਗੀਆਂ ਹੀ। ਉਹ ਪਾਣੀ ਜਿਸ ਦੀ ਸਪਲਾਈ ਲਈ ਐੱਸ ਵਾਈ ਐੱਲ ਨਹਿਰ ਵਰਗੇ ਮੁੱਦੇ ਲੰਬੇ ਸਮੇਂ ਤੋਂ ਸਰਕਾਰਾਂ ਬਣਾਉਣ ਤੇ ਤੋੜਨ ਦਾ ਕਾਰਨ ਬਣਦੇ ਆ ਰਹੇ ਹਨ, ਲੜਾਈਆਂ ਝਗੜੇ ਵੀ ਹੁੰਦੇ ਰਹੇ ਹਨ, ਉਹੋ ਪਾਣੀ ਹੁਣ ਸਭ ਲਈ ਡਰਾਉਣਾ ਬਣਿਆ ਹੋਇਆ ਹੈ। ਗੁਰਬਾਣੀ ਬੜਾ ਸੋਹਣਾ ਸੰਕੇਤ ਕਰਦੀ ਹੈ, "ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਭਰ ਸਰਵਰ ਜਬ ਉੱਛਲੇ ਤਬ ਤਰਣ ਦੁਹੇਲਾ।"
ਵਾਤਾਵਰਣ ਦਾ ਸੰਤੁਲਨ ਕਾਇਮ ਰਹੇ ਤਾਂ ਬਾਰਸ਼ਾਂ ਵੀ ਸਮੇਂ ਅਤੇ ਲੋੜ ਅਨੁਸਾਰ ਹੀ ਹੁੰਦੀਆਂ ਹਨ। ਪਰ ਜਦੋਂ ਸਵਾਰਥ ਅਤੇ ਲਾਲਚ ਲਈ ਅੰਨ੍ਹੇ-ਵਾਹ ਦ੍ਰਖਤ ਕੱਟ ਲਏ ਜਾਣ, ਨਵੇਂ ਦਰੱਖਤ ਲਗਾਉਣਅ ਤੇ ਸਾਂਭ ਸੰਭਾਲ ਦੀ ਕੋਈ ਪ੍ਰਵਾਹ ਨਾ ਕਰੇ ਤਾਂ ਵਾਤਾਵਰਣ ਦੂਸ਼ਿਤ ਹੋਣ ਨਾਲ ਦੂਰਗਾਮੀ ਅਸਰ ਹੁੰਦਾ ਹੈ। ਹੜ੍ਹ ਦੇ ਪਾਣੀ ਨੇ ਸਭ ਬੰਨ੍ਹ ਅਤੇ ਗੇਟ ਤੋੜ ਕੇ ਆਪਣਾ ਰਾਹ ਬਣਾ ਲਿਆ। ਕੋਈ ਵੀ ਇਸ ਦੀਆਂ ਪੰਡਾਂ ਨਹੀਂ ਬੰਨ੍ਹ ਸਕਿਆ ਅਤੇ ਨਾ ਹੀ ਬੰਨ੍ਹ ਸਕੇਗਾ। ਮਨੁੱਖ, ਜੋ ਸੁਭਾਅ ਤੋਂ ਹੀ ਸਵਾਰਥੀ ਤੇ ਲਾਲਚੀ ਹੈ, ਨੂੰ ਸਵਾਰਥ, ਲਾਲਚ, ਹਉਮੈਂ ਤੋਂ ਉੱਪਰ ਉੱਠ ਕੇ, ਸੱਤਾ ਦੇ ਲਾਲਚ ਤੋਂ ਕਿਨਾਰਾ ਕਰਕੇ ਸਰਬੱਤ ਦੇ ਭਲੇ ਲਈ ਸੋਚਣਾ ਅਤੇ ਸਮਰਪਣ ਕਰਨ ਦੀ ਭਾਵਨਾ ਨੂੰ ਅਪਣਾਉਣਾ ਪਵੇਗਾ, ਤਾਂ ਹੀ ਮਨੁੱਖੀ ਜੀਵਨ ਸੁਖੀ ਅਤੇ ਵਿਕਸਤ ਹੋ ਸਕੇਗਾ, ਨਹੀਂ ਤਾਂ ਹੜ੍ਹ ਅਤੇ ਸੋਕੇ ਵਰਗੇ ਹਾਲਤ ਬਣਦੇ ਹੀ ਰਹਿਣਗੇ ਤੇ ਸਵਾਰਥੀ ਮਨੁੱਖ ਭ੍ਰਿਸ਼ਟ ਗਤੀਵਿਧੀਆਂ ਵਿੱਚ ਉਲਝਦੇ ਰਹਿਣਗੇ। ਕੁਦਰਤ ਗੰਦਗੀ ਦੀ ਸਫ਼ਾਈ ਲਈ ਹੀ ਅਜਿਹੇ ਰਾਹ ਅਤੇ ਢੰਗ ਵਰਤਦੀ ਹੈ।
ਗ਼ਲਤੀ ਹਮੇਸ਼ਾ ਮਨੁੱਖ ਹੀ ਕਰਦਾ ਹੈ, ਚਾਹੇ ਉਹ ਸਰਕਾਰ ਦੇ ਰੂਪ ਵਿੱਚ ਕਰੇ ਜਾਂ ਪ੍ਰਬੰਧਕ ਦੇ ਰੂਪ ਵਿੱਚ! ਪਰ ਉਹ ਚਲਾਕੀ ਨਾਲ ਕੁਦਰਤ ਸਿਰ ਦੋਸ਼ ਮੜ੍ਹ ਕੇ ਆਪਣੇ ਆਪ ਨੂੰ ਸੁਰਖ਼ਰੂ ਰੱਖਣ ਵਿੱਚ ਮਸਤ ਰਹਿੰਦਾ ਹੈ। ਪਰ ਸਦਾ ਚਲਾਕੀਆਂ ਕੰਮ ਨਹੀਂ ਆਉਂਦੀਆਂ ਅਤੇ ਨਤੀਜਾ ਮਨੁੱਖਤਾ ਦੇ ਜਾਨੀ ਤੇ ਮਾਲੀ ਨੁਕਸਾਨ ਦੇ ਰੂਪ ਵਿੱਚ ਨਿਕਲਦਾ ਹੈ। ਪਾਣੀ ਤਾਂ ਸਦਾ ਹੀ ਨਿਰਮਲ ਅਤੇ ਸਵੱਛ ਹੁੰਦਾ ਹੈ ਤੇ ਸਫ਼ਾਈ ਦਾ ਹੀ ਸੋਮਾ ਹੈ। ਸਾਡੇ ਆਪਣੇ ਹੀ ਹੱਥ, ਦਿਮਾਗ਼ ਅਤੇ ਢੰਗ ਤਰੀਕੇ ਗੰਦੇ ਹੁੰਦੇ ਹਨ। ਪਾਣੀ ਪਿਆਸ ਬੁਝਾਉਣ ਅਤੇ ਸਫਾਈ-ਧੁਲਾਈ ਲਈ ਵਰਤਿਆ ਜਾਣ ਵਾਲਾ ਮੁੱਖ ਸੋਮਾ ਹੈ। ਮਨੁੱਖ ਕਿੰਨਾ ਵੀ ਗੰਦ ਪਾ ਦੇਵੇ, ਗੰਦਗੀ ਖਿਲਾਰ ਲਵੇ ਪਾਣੀ ਝੱਟ ਸਾਫ਼ ਕਰ ਦੇਂਦਾ ਹੈ। ਪਾਣੀ ਜ਼ਿੰਦਗੀ ਹੈ, ਜੀਵਨ-ਦਾਨ ਹੈ! ਪਰ ਇਸ ਦੇ ਮੂਲ ਸਰੋਤ ਆਕਸੀਜਨ ਅਤੇ ਹਾਈਡਰੋਜਨ ਹਨ। ਇੱਕ ਅੱਗ ਬਾਲਣ ਵਿੱਚ ਸਹਾਈ ਹੁੰਦੀ ਹੈ ਤੇ ਦੂਜੀ ਖ਼ੁਦ ਬਲਦੀ ਹੈ। ਪਰ ਪਾਣੀ ਅੱਗ ਨੂੰ ਬੁਝਾਉਣ ਦਾ ਕੰਮ ਕਰਦਾ ਹੈ। ਇਸ ਦੀ ਕਮੀ ਕਾਰਨ ਸੋਕਾ, ਅਕਾਲ ਅਤੇ ਫਿਰ ਮੌਤ ਦਾ ਨੰਬਰ ਆ ਜਾਂਦਾ ਹੈ। ਇਸ ਦੀ ਤੋਟ ਵੀ ਮਾੜੀ ਅਤੇ ਬਹੁਲਤਾ ਤਾਂ ਹੜ੍ਹਾਂ ਦੇ ਰੂਪ ਵਿੱਚ ਸਭ ਨੇ ਵੇਖ ਹੀ ਲਈ ਹੈ। ਪਾਣੀ ਦੀ ਸੰਤੁਲਿਤ ਮਾਤਰਾ ਹੀ ਮਨੁੱਖ ਦਾ ਸਹਾਰਾ ਹੈ, ਖ਼ੁਸ਼ਹਾਲੀ ਅਤੇ ਤਰੱਕੀ ਦਾ ਸਾਧਨ ਹੈ। ਪਰ ਮਨੁੱਖ ਦਾ ਸੁਭਾਅ ਹੀ ਐਸਾ ਹੈ ਕਿ ਉਹ ਹਰ ਸਥਿਤੀ ਦੇ ਉਲਟ ਸੋਚਦਾ ਹੈ। ਪਾਣੀ ਦੀ ਯੋਗ ਵਰਤੋਂ ਕਰਨ ਦੀ ਥਾਂ ਦੁਰਵਰਤੋਂ ਕਰਨ ਵਿੱਚ ਮਸਤ ਰਹਿੰਦਾ ਹੈ। ਕੁਦਰਤ ਦੇ ਅਨਮੋਲ ਅਤੇ ਮੁਫ਼ਤ ਤੋਹਫ਼ੇ ਨੂੰ ਮਨੁੱਖ ਨੇ ਬੋਤਲਾਂ ਵਿੱਚ ਬੰਦ ਕਰਕੇ ਮੁਨਾਫ਼ਾ ਕਮਾਉਣ ਦੇ ਢੰਗਾਂ ਰਾਹੀਂ ਵੀ ਪਾਣੀ ਦੀ ਦੁਰਵਰਤੋਂ ਹੀ ਕੀਤੀ ਹੈ। ਫਿਰ ਪਾਣੀ ਨੇ ਆਪਣਾ ਅਸਲੀ ਰੰਗ ਵੀ ਵਿਖਾਉਣਾ ਹੀ ਹੋਇਆ। ਇਸੇ ਨੂੰ ਹੀ ਪਰਲੋ ਅਤੇ ਮਹਾਂ ਪਰਲੋ ਕਹਿੰਦੇ ਹਨ।
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (