“ਨੈਤਿਕ ਕਦਰਾਂ ਕੀਮਤਾਂ ਦੀ ਪਾਲਣਾ ਕਰਨਾ ਵੀ ਉੰਨਾ ਹੀ ਜ਼ਰੂਰੀ ਹੈ, ਜਿੰਨਾ ਕਿ ...”
(16 ਮਈ 2027)
ਰਾਜਨੀਤਕ ਦਲ ਲੋਕਰਾਜ ਦਾ ਮੁਢਲਾ ਥੰਮ੍ਹ ਹਨ। ਉਂਜ ਤਾਂ ਅਜ਼ਾਦ ਮੈਂਬਰ ਵੀ ਚੋਣਾਂ ਲੜਨ ਦੇ ਪੂਰੀ ਤਰ੍ਹਾਂ ਯੋਗ ਹੁੰਦੇ ਹਨ ਪਰ ਜਦੋਂ ਸੱਤਾ ਦੀ ਗੱਲ ਆਉਂਦੀ ਹੈ ਤਾਂ ਕਿਸੇ ਨਾ ਕਿਸੇ ਰਾਜਨੀਤਕ ਗਰੁੱਪ, ਸੰਗਠਨ ਜਾਂ ਦਲ ਦੀ ਲੋੜ ਪੈਂਦੀ ਹੈ। ਲੋੜੀਂਦਾ ਬਹੁਮਤ ਪ੍ਰਾਪਤ ਕਰਨ ਵਾਲਾ ਦਲ ਹੀ ਆਪਣੇ ਨੇਤਾ ਦੀ ਅਗਵਾਈ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਦਾ ਹੈ ਤੇ ਫਿਰ ਦੇਸ਼ ਦਾ ਮੁਖੀ, ਚਾਹੇ ਉਹ ਰਾਸ਼ਟਰਪਤੀ ਹੋਵੇ ਜਾਂ ਕੋਈ ਵੀ ਹੋਰ, ਬਰਾਬਰ ਦਾ ਅਹੁਦੇਦਾਰ ਹੀ ਸੰਬੰਧਿਤ ਨੇਤਾ ਨੂੰ ਸਰਕਾਰ ਬਣਾਉਣ ਦਾ ਆਦੇਸ਼ ਦਿੰਦਾ ਹੈ। ਕਿਉਂਕਿ ਸਾਡਾ ਦੇਸ਼ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਇੱਥੇ ਅਕਸਰ ਕਿਸੇ ਨਾ ਕਿਸੇ ਰਾਜ ਵਿੱਚ ਵਿਧਾਨ ਸਭਾ ਲਈ ਚੋਣਾਂ ਜਾਂ ਉਪ ਚੋਣਾਂ ਹੁੰਦੀਆਂ ਹੀ ਰਹਿੰਦੀਆਂ ਹਨ। ਹਰ ਪੰਜ ਸਾਲ ਬਾਅਦ ਸੰਸਦ ਦੇ ਹੇਠਲੇ ਸਦਨ ਲੋਕ ਸਭਾ ਦੀਆਂ ਚੋਣਾਂ ਤੇ ਇੰਜ ਹੀ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਹੁੰਦੀਆਂ ਹਨ। ਹੇਠਲੇ ਪੱਧਰ ’ਤੇ ਸਥਾਨਕ ਸਰਕਾਰਾਂ, ਭਾਵ ਪੰਚਾਇਤਾਂ, ਮਿਉਂਸਿਪਲ ਕਮੇਟੀਆਂ ਅਤੇ ਕਾਰਪੋਰੇਸ਼ਨਾਂ ਦੀਆਂ ਚੋਣਾਂ ਵੀ ਆਈਆਂ ਹੀ ਰਹਿੰਦੀਆਂ ਹਨ। ਲੋਕਰਾਜ ਕਿਉਂਕਿ ਲੋਕਾਂ ਦਾ ਰਾਜ ਕਹਾਉਂਦਾ ਹੈ, ਇਨ੍ਹਾਂ ਸਾਰੇ ਨੁਮਾਇੰਦਿਆਂ ਦੀ ਚੋਣ ਦੇਸ਼ ਦੇ ਸੰਬੰਧਿਤ ਬਾਲਗ ਵੋਟਰਾਂ ਦੁਆਰਾ ਹੀ ਹੁੰਦੀ ਹੈ। ਹਰੇਕ ਵੋਟ ਦੀ ਬੜੀ ਅਹਿਮੀਅਤ ਹੁੰਦੀ ਹੈ। ਜਿਸ ਵੋਟ ਨਾਲ ਪ੍ਰਾਂਤ ਜਾਂ ਦੇਸ਼ ਦੀ ਸਰਕਾਰ ਚੁਣ ਜਾਣੀ ਹੋਵੇ ਉਹਦੀ ਮਹੱਤਤਾ ਵੀ ਤਾਂ ਹੋਵੇਗੀ ਹੀ। ਅਬਾਦੀ ਜ਼ਿਆਦਾ ਹੋਣ ਕਾਰਨ ਸਾਡੇ ਦੇਸ਼ ਦੇ ਵੋਟਰਾਂ ਦੀ ਸੰਖਿਆ ਵੀ ਬਹੁਤ ਵੱਡੀ ਹੈ। ਅਕਸਰ ਹਰ ਸਾਲ ਜਨਵਰੀ ਦੇ ਮਹੀਨੇ ਵੋਟਰ ਸੂਚੀਆਂ ਵਿੱਚ ਸੋਧ ਵੀ ਹੁੰਦੀ ਰਹਿੰਦੀ ਹੈ ਤਾਂ ਕਿ ਕੋਈ ਵੀ ਬਾਲਗ ਆਪਣੇ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ। ਜਿਵੇਂ ਜਿਵੇਂ ਸਮਾਂ ਬੀਤ ਰਿਹਾ ਹੈ ਰਾਜਨੀਤਕ ਪਾਰਟੀਆਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਕਾਫੀ ਸਮਾਂ ਤਾਂ ਮੁੱਖ ਪਾਰਟੀਆਂ ਦੇ ਉਮੀਦਵਾਰ ਲਗਾਤਾਰ ਹੀ ਚੋਣਾਂ ਜਿੱਤ ਕੇ ਲੋਕ ਸਭਾ ਤੇ ਵਿਧਾਨ ਸਭਾਵਾਂ ਵਿੱਚ ਪਹੁੰਚ ਜਾਂਦੇ ਰਹੇ ਸਨ। ਪਰ ਹੁਣ ਜਾਗ੍ਰਿਤੀ ਆਉਣ ਨਾਲ ਅਤੇ ਸੱਤਾ ਸੁਖ ਭੋਗਣ ਅਤੇ ਦੇਖਣ ਨਾਲ ਰਾਜਸੀ ਲੋਕਾਂ ਵਿੱਚ ਰਾਜਨੀਤੀ ਵਿੱਚ ਪੈਰ ਪਸਾਰਨ ਦੀ ਹੋੜ ਜਿਹੀ ਲੱਗ ਗਈ ਹੈ। ਹਾਲਾਂ ਕਿ ਸੁਲਝੇ ਹੋਏ ਅਤੇ ਵਿਦਵਾਨ ਲੋਕ ਰਾਜਨੀਤੀ ਤੋਂ ਕੰਨੀ ਕਤਰਾਉਂਦੇ ਰਹੇ ਹਨ। ਦੇਸ਼ ਅਜ਼ਾਦ ਹੋਣ ਉਪਰੰਤ ਰਾਜਨੀਤੀ ਦੇ ਮੈਦਾਨ ਵਿੱਚ ਆਉਣ ਵਾਲੇ ਜ਼ਿਆਦਾ ਨੇਤਾ ਅਜ਼ਾਦੀ ਘੁਲਾਟੀਏ ਅਤੇ ਦੇਸ਼ ਭਗਤ ਸਨ। ਉਦੋਂ ਉਹਨਾਂ ਨੇਤਾਵਾਂ ਦੇ ਮਨਾਂ ਵਿੱਚ ਦੇਸ਼ ਸੇਵਾ ਅਤੇ ਦੇਸ਼ ਲਈ ਕੁਝ ਕਰ ਗੁਜ਼ਰਨ ਦੀ ਚਾਹਤ ਅਤੇ ਪੀੜ ਵੀ ਹੁੰਦੀ ਸੀ। ਸਵਦੇਸ਼ੀ ਖੱਦਰ ਦੇ ਕੱਪੜੇ ਪਹਿਨਣਾ ਉਦੋਂ ਨੇਤਾਵਾਂ ਦੀ ਮੁੱਖ ਪਛਾਣ ਹੁੰਦੀ ਸੀ। ਜਵਾਹਰ ਲਾਲ ਨਹਿਰੂ ਅਤੇ ਲਾਲ ਬਹਾਦਰ ਸ਼ਾਸਤਰੀ ਪਹਿਲੇ ਦੋ ਪ੍ਰਧਾਨ ਮੰਤਰੀ ਉਸ ਸਮੇਂ ਦੇ ਅਜਿਹੇ ਨੇਤਾ ਸਨ। ਲਾਲ ਬਹਾਦਰ ਸ਼ਾਸਤਰੀ ਜੀ ਬਾਰੇ ਤਾਂ ਬੜਾ ਮਸ਼ਹੂਰ ਸੀ ਕਿ ਉਹ ਫਜ਼ੂਲ ਖਰਚੀ ਬਿਲਕੁਲ ਨਹੀਂ ਸਨ ਕਰਦੇ। ਉਹਨਾਂ ਦੇ ਇੱਕ ਹੀ ਕੋਟ ਦਾ ਕਿੱਸਾ ਬੜਾ ਵਜ਼ਨਦਾਰ ਸ਼ਖਸੀਅਤ ਦੀ ਹਾਮੀ ਭਰਦਾ ਹੈ। ਵਫਾਦਾਰੀ, ਨੈਤਿਕਤਾ ਅਤੇ ਜ਼ਿੰਮੇਵਾਰੀ ਉਦੋਂ ਨੇਤਾਵਾਂ ਦੇ ਖੂਨ ਵਿੱਚ ਭਰੀ ਹੁੰਦੀ ਸੀ। ਪਰ ਸਮੇਂ ਦੇ ਬੀਤਣ ਅਤੇ ਬਦਲਣ ਨਾਲ ਬਹੁਤ ਕੁਝ ਬਦਲ ਗਿਆ ਹੈ। ਹੁਣ ਵਫਾਦਾਰੀਆਂ, ਨੈਤਿਕਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਤਾਂ ਖੰਭ ਲਾ ਕੇ ਉਡ ਗਈ ਪ੍ਰਤੀਤ ਹੁੰਦੀ ਹੈ। ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਵਿੱਚ ਹੀ ਸਾਡੇ ਦੇਸ਼ ਦੇ ਰਾਜਨੀਤਕ ਨੇਤਾਵਾਂ ਨੇ ਇੱਕ ਦੂਜੇ ਰਾਜਨੀਤਕ ਦਲ ਵਿੱਚ ਛੜੱਪੇ ਲਾ ਕੇ ਆਪਣੇ ਮਨਾਂ ਅਤੇ ਸੋਚ ਵਿੱਚ ਆਏ ਨਿਘਾਰ ਦਾ ਸਬੂਤ ਦੇਣਾ ਸ਼ੁਰੂ ਕਰ ਦਿੱਤਾ ਸੀ। ਹਰਿਆਣਾ ਪ੍ਰਾਂਤ ਦੇ ਇੱਕ ਨੇਤਾ ਨੇ ਉਦੋਂ ਇੱਕ ਹੀ ਦਿਨ ਵਿੱਚ ਤਿੰਨ ਵਾਰ ਆਪਣੀ ਰਾਜਨੀਤਕ ਪਾਰਟੀ ਬਦਲੀ ਸੀ। ਉਸਦੇ ਨਾਮ ਕਾਰਨ ਹੀ ਉਦੋਂ ‘ਆਇਆ ਰਾਮ ਤੇ ਗਿਆ ਰਾਮ’ ਨਾਮ ਦੀ ਕਹਾਵਤ ਹੀ ਮਸ਼ਹੂਰ ਹੋ ਗਈ ਸੀ। ਫਿਰ ਹਰਿਆਣਾ ਪ੍ਰਾਂਤ ਦੇ ਹੀ ਮਸ਼ਹੂਰ ਨੇਤਾ ਚੌਧਰੀ ਭਜਨ ਲਾਲ ਨੇ ਆਪਣੇ ਜਨਤਾ ਦਲ ਦੇ ਮੈਂਬਰਾਂ ਦੀ ਵੱਡੀ ਗਿਣਤੀ ਨਾਲ ਸਮੂਹਿਕ ਦਲ ਬਦਲੀ ਕਰਕੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰਕੇ ਆਪਣੀ ਸਰਕਾਰ ਕਾਇਮ ਰੱਖੀ ਸੀ। ਸੱਤਾ ਦਾ ਲਾਲਚ ਰਾਜਨੀਤਕ ਨੇਤਾਵਾਂ ਦੀ ਕਮਜ਼ੋਰੀ ਬਣ ਜਾਂਦਾ ਹੈ। ਜਦੋਂ ਕਮਜ਼ੋਰੀ ਜਾਂ ਲਾਲਚ ਪੈਦਾ ਹੋ ਜਾਵੇ, ਫਿਰ ਵਫਾਦਾਰੀਆਂ ਅਤੇ ਨੈਤਿਕਤਾ ਕੌਣ ਯਾਦ ਰੱਖਦਾ ਹੈ। ਖੈਰ! ਅਜ਼ਾਦੀ ਬਹੁਤ ਮਹਾਨ ਆਦਰਸ਼ ਹੁੰਦੀ ਹੈ। ਫਿਰ ਸਾਡਾ ਸੰਵਿਧਾਨ ਹਰੇਕ ਨਾਗਰਿਕ ਨੂੰ ਕੋਈ ਵੀ ਧਰਮ ਗ੍ਰਹਿਣ ਕਰਨ ਅਤੇ ਰਾਜਨੀਤਕ ਦਲ ਵਿੱਚ ਸ਼ਾਮਲ ਹੋਣ ਜਾਂ ਨਵਾਂ ਦਲ ਬਣਾਉਣ ਦੀ ਆਗਿਆ ਦਿੰਦਾ ਹੈ। ਪਰ ਹਰੇਕ ਅਜ਼ਾਦੀ ਦੇ ਨਾਲ ਨਾਲ ਅਧਿਕਾਰ ਅਤੇ ਜ਼ਿੰਮੇਵਾਰੀਆਂ ਵੀ ਹੁੰਦੀਆਂ ਹਨ। ਸਾਡੇ ਰਾਜਨੇਤਾ ਅਧਿਕਾਰਾਂ ਬਾਰੇ ਤਾਂ ਬਹੁਤ ਜਾਗਰੂਕ ਹੁੰਦੇ ਹਨ ਪਰ ਜ਼ਿੰਮੇਵਾਰੀਆਂ ਪੱਖੋਂ ਊਣੇ ਰਹਿੰਦੇ ਹਨ। ਇਸੇ ਕਾਰਨ ਨੈਤਿਕ ਨਿਘਾਰ ਪੈਦਾ ਹੁੰਦਾ ਹੈ। ਨੇਤਾ ਕੋਈ ਛੋਟਾ ਲਫਜ਼ ਨਹੀਂ ਹੁੰਦਾ। ਕਿਸੇ ਗਰੁੱਪ ਦੀ ਅਗਵਾਈ ਤਾਂ ਕੀ ਇੱਕ ਘਰ ਦੀ ਕਮਾਨ ਸਾਂਭਣੀ ਹੀ ਬੜੀ ਮਹੱਤਵਪੂਰਨ ਹੁੰਦੀ ਹੈ। ਫਿਰ ਇੱਕ ਹਲਕਾ, ਇੱਕ ਪ੍ਰਾਂਤ ਤੇ ਇੱਕ ਦੇਸ਼! ਨੇ+ਤਾ ਭਾਵ ਨੇਮ ਅਥਵਾ ਸਹੁੰ ਚੁੱਕ ਕੇ ਆਪਣੇ ਆਦਰਸ਼ ਦੀ ਪ੍ਰਾਪਤੀ ਵਾਲਾ ਤੇ ਤਾਂ ਤੋਂ ਭਾਵ ਤਿਆਗੀ, ਜਿਹੜਾ ਸਭ ਮੋਹ ਮਾਇਆ ਦੇ ਜੰਜਾਲ ਤੋਂ ਤਿਆਗ ਪ੍ਰਾਪਤ ਕਰਕੇ ਕੇਵਲ ਅਤੇ ਕੇਵਲ ਆਪਣੇ ਦੇਸ਼, ਪ੍ਰਾਂਤ ਅਤੇ ਫਰਜ਼ ਪ੍ਰਤੀ ਹੀ ਸੋਚੇ ਤੇਅ ਸਮਰਪਿਤ ਹੋਵੇ, ਉਸ ਨੂੰ ਨੇਤਾ ਕਿਹਾ ਜਾਂਦਾ ਹੇ। ਅੱਗੇ ਤੁਸੀਂ ਆਪ ਹੀ ਸੋਚ ਲਓ ਕਿ ਸਾਡੇ ਨੇਤਾ ਕਿੰਨੇ ਕੁ ਖਰੇ ਉੱਤਰਦੇ ਹਨ।
ਮਨੁੱਖ ਇਸ ਬ੍ਰਹਿਮੰਡ ਦਾ ਸਭ ਤੋਂ ਉੱਤਮ ਜੀਵ ਹੈ। ਸਾਰੇ ਦਾ ਸਾਰਾ ਹੀ ਬ੍ਰਹਿਮੰਡ ਹੈ ਵੀ ਨਾਸਵਾਨ। ਸਾਰੇ ਗੁਰੂ, ਪੀਰ, ਰਹਿਬਰ ਇਸੇ ਸਚਾਈ ਦਾ ਢੰਡੋਰਾ ਪਿੱਟਦੇ ਰਹੇ ਹਨ। ਉਹਨਾਂ ਨੇ ਕਦੇ ਵੀ ਲਾਲਚ ਨਾਲ ਭੰਡਾਰ ਭਰਨ ਦੀ ਚਾਹਨਾ ਨਹੀਂ ਦਰਸਾਈ। ਵਿਗਿਆਨ ਮਨੁੱਖ ਨੂੰ ਨਵੀਂਆਂ ਨਵੀਂਆਂ ਤਕਨੀਕਾਂ ਅਤੇ ਖੋਜਾਂ ਰਾਹੀਂ ਜ਼ਿੰਦਗੀ ਨੂੰ ਸੁਖੀ ਅਤੇ ਖੁਸ਼ਹਾਲ ਬਣਾਉਣ ਦੀਆਂ ਵਿਉਂਤਾਂ ਦਰਸਾਉਂਦਾ ਰਹਿੰਦਾ ਹੈ ਪਰ ਮਨੁੱਖ ਖੁਸ਼ੀ ਨੂੰ ਸੰਭਾਲਣ ਅਤੇ ਖੁਸ਼ ਹੋਣ ਦੀ ਬਜਾਏ ਆਪਣੀਆਂ ਪੁਸ਼ਤਾਂ ਲਈ ਜੋੜਨ ਵਿੱਚ ਲੱਗ ਜਾਂਦਾ ਹੈ। ਸਭ ਕੁਝ ਜਾਣਦਾ ਹੋਇਆ ਵੀ ਮਨੁੱਖ ਇਹ ਸਚਾਈ ਭੁੱਲ ਜਾਂਦਾ ਹੈ ਕਿ ਉਸਨੇ ਇੱਥੇ ਇੱਕ ਸੀਮਿਤ ਸਮੇਂ ਲਈ ਹੀ ਰਹਿਣਾ ਹੈ। ਅੱਗੇ ਪਿੱਛੇ ਵੱਲ ਝਾਤੀ ਮਾਰ ਕੇ ਵੇਖੀਏ ਕਿ ਸਾਡੇ ਤੋਂ ਪਹਿਲਾਂ ਕਿੰਨੇ ਲੋਕ ਇੱਥੇ ਆਏ ਅਤੇ ਤੁਰ ਗਏ। ਕਿੰਨਿਆਂ ਨੇ ਲਾਲਚ, ਹੰਕਾਰ, ਈਰਖਾ, ਚੋਰੀਆਂ, ਡਾਕੇ ਮਾਰੇ, ਕਤਲੋਗਾਰਤ ਫੈਲਾਈ ਪਰ ਆਖਰ ਮਿੱਟੀ ਹੋ ਗਏ। ਅੱਜ ਤਕ ਨਾ ਕੋਈ ਟਿਕ ਸਕਿਆ ਹੈ, ਨਾ ਅਗਾਂਹ ਕਿਸੇ ਨੇ ਟਿਕ ਸਕਣਾ ਹੈ। ਇਹ ਤਾਂ ਚਲੋ ਚਲੀ ਦਾ ਮੇਲਾ ਹੈ। ਫਿਰ ਭਈ ਜੀਓ ਅਤੇ ਜਿਊਣ ਦਿਓ ਦੀ ਨੀਤੀ ਨਾਲ ਇਸ ਰੰਗਲੇ ਜੀਵਨ ਨੂੰ ਕੁਰਹਿਤਾਂ ਰਹਿਤ ਰੰਗੀਨ ਬਣਾ ਕੇ ਕਿਉਂ ਨਾ ਜੀਵਿਆ ਜਾਵੇ? ਵੈਸੇ ਵੀ ਗੁਰਬਾਣੀ ਮਨੁੱਖ ਨੂੰ ਬਹੁਤ ਸੁਚੱਜੀ ਸੇਧ ਦਿੰਦੀ ਹੈ: ਪਾਪਾਂ ਬਾਝੋਂ ਹੋਵੇ ਨਾਹੀਂ ਮੋਇਆਂ ਸਾਥ ਨਾ ਜਾਈ, ਫਿਰ ਉਸ ਧਨ ਮਾਲ ਦੇ ਇਕੱਠੇ ਕਰਨ ਦਾ ਕੀ ਲਾਭ ਜਿਸਨੇ ਇਨਸਾਨ ਦਾ ਸਾਥ ਨਹੀਂ ਨਿਭਾਉਣਾ? ਜੇ ਸਿਕੰਦਰ ਨਹੀਂ ਰਿਹਾ, ਜਿਸਨੇ ਦੁਨੀਆ ਜਿੱਤਣ ਦੇ ਸੁਪਨੇ ਲਏ ਸਨ, ਸਾਧਨ ਵੀ ਮੌਜੂਦ ਸਨ ਪਰ ਆਖਰ ਖਾਲੀ ਹੱਥ ਕਫਣ ਵਿੱਚੋਂ ਬਾਹਾਂ ਬਾਹਰ ਕੱਢਣ ਦਾ ਸੰਦੇਸ਼ ਦੇ ਕੇ ਲੋਕਾਂ ਨੂੰ ਚੌਕਸ ਕਰ ਗਿਆ। ਪਰ ਸਮਝਦਾ ਕੌਣ ਹੈ? ਕਿਸੇ ਦੇ ਸਸਕਾਰ ਸਮੇਂ ਸ਼ਮਸ਼ਾਨ ਘਾਟ ਜਾਣ ਵਾਲੇ ਸਸਕਾਰ ਹੋਣ ਤਕ ਜ਼ਰੂਰ ਭੈਭੀਤ ਹੁੰਦੇ ਹਨ ਪਰ ਝੱਟ ਕੁ ਬਾਅਦ ਘਰ ਵੱਲ ਪਰਤਦੇ ਸਮੇਂ ਕਦੇ ਨਹੀਂ ਸੋਚਦੇ ਕਿ ਇੱਕ ਦਿਨ ਸਭ ਨੂੰ ਇੱਥੇ ਹੀ ਆਉਣਾ ਪੈਣਾ ਹੈ।
ਮੁੱਕਦੀ ਗੱਲ, ਰਾਜਨੀਤਕ ਦਲ ਬਣਾਉਣੇ ਜਾਂ ਬਦਲਣੇ ਲੋਕਰਾਜ ਦੀ ਸਫਲਤਾ ਲਈ ਮਾੜੇ ਨਹੀਂ ਹਨ ਪਰ ਉਹ ਸਵਾਰਥ ਰਹਿਤ ਬਦਲੇ ਅਤੇ ਬਣਾਏ ਜਾਣ। ਹਰ ਨੇਤਾ, ਹਰ ਨਾਗਰਿਕ ਆਪਣੀ ਅਜ਼ਾਦੀ ਦਾ ਲਾਭ ਜ਼ਰੂਰ ਲਵੇ ਪਰ ਦੂਜਿਆਂ ਦੀ ਅਜ਼ਾਦੀ ਦਾ ਵੀ ਖਿਆਲ ਜ਼ਰੂਰ ਰੱਖੇ। ਨੈਤਿਕ ਕਦਰਾਂ ਕੀਮਤਾਂ ਦੀ ਪਾਲਣਾ ਕਰਨਾ ਵੀ ਉੰਨਾ ਹੀ ਜ਼ਰੂਰੀ ਹੈ, ਜਿੰਨਾ ਕਿ ਸਰੀਰ ਨੂੰ ਜਿੰਦਾ ਰੱਖਣ ਲਈ ਖੁਰਾਕ! ਦੇਸ਼ ਦੀ ਸੰਸਦ ਨੇ ਬੜਾ ਸੋਹਣਾ ਦਲ ਬਦਲੀ ਕਾਨੂੰਨ ਵੀ ਬਣਾਇਆ ਹੋਇਆ ਹੈ। ਉਹਦੀ ਭਾਵਨਾ ਅਨੁਸਾਰ ਵੀ ਖੁਦ ਨੂੰ ਢਾਲ ਲਿਆ ਜਾਵੇ ਤਾਂ ਬਿਹਤਰ ਹੈ। ਨੈਤਿਕ ਜ਼ਿੰਮੇਵਾਰੀ ਤਾਂ ਇਹੀ ਕਹਿੰਦੀ ਹੈ ਕਿ ਜੇ ਵਫਾਦਾਰੀ ਬਦਲਣੀ ਹੈ ਤਾਂ ਅਸਤੀਫਾ ਦੇ ਕੇ ਬਦਲੀ ਜਾਵੇ ਤਾਂ ਹੀ ਸੋਭਦੀ ਹੈ। ਵਫਾਦਾਰੀਆਂ ਬਦਲਣਾ ਕੋਈ ਬਹੁਤਾ ਚੰਗਾ ਕਰਮ ਨਹੀਂ ਹੁੰਦਾ। ਫਿਰ ਵੀ ਜੇ ਇਨਸਾਨ ਦੇ ਵਿਚਾਰ ਅਤੇ ਵਿਚਾਰਧਾਰਾ ਬਦਲਦੀ ਹੈ ਤਾਂ ਨਵੀਂ ਵਿਚਾਰਧਾਰਾ ਗ੍ਰਹਿਣ ਕਰਨ ਤੋਂ ਪਹਿਲਾਂ ਪੁਰਾਣੀ ਤੋਂ ਅਸਤੀਫਾ ਦੇਣਾ ਨੈਤਿਕ ਤੌਰ ’ਤੇ ਨੇਤਾ ਲੋਕਾਂ ਲਈ ਬੜਾ ਜ਼ਰੂਰੀ ਹੈ। ਨਵੇਂ ਪਲੇਟਫਾਰਮ ਵਾਲਿਆਂ ਨੂੰ ਵੀ ਪੈਰਾਸ਼ੂਟ ਰਾਹੀਂ ਆਏ ਮਹਿਮਾਨਾਂ ਲਈ ਪਰਖ ਦਾ ਸਮਾਂ ਰੱਖਣਾ ਲੋਕਰਾਜ ਦੀ ਸਫਲਤਾ ਲਈ ਬੜਾ ਅਹਿਮ ਹੈ। ਪਰ ਕਾਹਲੀ ਵਿੱਚ ਕੋਈ ਵੀ ਪ੍ਰਵਾਹ ਨਹੀਂ ਕਰਦਾ ਹਾਲਾਂਕਿ ਕਾਹਲੀ ਅੱਗੇ ਹਮੇਸ਼ਾ ਟੋਏ ਹੁੰਦੇ ਹਨ। ਨੈਤਿਕ ਕਦਰਾਂ ਕੀਮਤਾਂ ਹੀ ਤਾਂ ਮਨੁੱਖ ਮਾਤਰ ਦਾ ਅਸਲ ਗਹਿਣਾ ਹੁੰਦੀਆਂ ਹਨ। “ਲਾਲਚ ਬੁਰੀ ਬਲਾ ਹੈ”, ਸਿਆਣੇ ਕਹਿੰਦੇ ਹਨ, ਵਰਨਾ ਟਰੰਪ ਸਾਹਿਬ ਤਾਂ ਰੋਜ਼ ਕੈਨੇਡਾ ਨੂੰ ਆਪਣੀ 51ਵੀਂ ਸਟੇਟ ਬਣਾਉਣ ਦੇ ਸੁਪਨੇ ਲੈਂਦੇ ਰਹਿੰਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)














































































































