“ਅਫਸੋਸ ਇਹ ਹੈ ਕਿ ਇੱਥੇ ਸ਼ਹੀਦ ਹੋਣ ਵਾਲੇ ਸੂਰਬੀਰਾਂ ਵਿੱਚੋਂ ਕਿਸੇ ਇੱਕ ਦਾ ...”
(28 ਜੁਲਾਈ 2026)
ਇਨ੍ਹਾਂ ਖੇਤਾਂ ਵਿੱਚ ਡੁੱਲੀ ਹੈ ਰੱਤ ਸਾਡੀ...
ਸਿਖਰ ਦੀ ਸਰਦੀ ਅਤੇ ਸ਼ਾਮ ਦਾ ਸਮਾਂ ਸੀ, ਸੰਨ 1845 ਦੇ ਦਸੰਬਰ ਮਹੀਨੇ ਦੀ 18 ਤਰੀਕ, ਜਦੋਂ ਅੰਗਰੇਜ਼ੀ ਸਰਕਾਰ ਅਤੇ ਪੰਜਾਬ ਦੀਆਂ ਫੌਜਾਂ ਦਰਮਿਆਨ ਪਿੰਡ ਮੁੱਦਕੀ ਜ਼ਿਲ੍ਹਾ ਫਿਰੋਜ਼ਪੁਰ ਦੇ ਸਥਾਨ ’ਤੇ ਦਿਲ ਹੂਲਵਾਂ ਯੁੱਧ ਹੋਇਆ। ਇੱਕ ਪਾਸੇ ਅੰਗਰੇਜ਼ ਹਕੂਮਤ, ਜਿਸਦੇ ਰਾਜ ਵਿੱਚ ਕਦੇ ਸੂਰਜ ਅਸਤ ਨਹੀਂ ਸੀ ਹੁੰਦਾ, ਦੁਨੀਆਂ ਦੀ ਸਭ ਤੋਂ ਤਾਕਤਵਾਰ ਫੌਜ; ਦੂਜੇ ਪਾਸੇ ਜਮਰੌਦ (ਅਫਗਾਨਿਸਤਾਨ) ਤਕ ਝੰਡਾ ਝੁਲਾਉਣ ਵਾਲੀ ਸਿੱਖ ਫੌਜ। ਇਹ ਉਹ ਜੰਗ ਸੀ ਜਿਸ ਵਿੱਚ ਹਿੰਦੁਸਤਾਨ ਦਾ ਗਵਰਨਰ ਜਨਰਲ ਲਾਰਡ ਹਾਰਡਿੰਗ ਬੜੀ ਦਿਲਚਸਪੀ ਨਾਲ ਆਪਣੇ ਹੀ ਫੌਜੀ ਜਰਨੈਲ ਹਿਊ ਗੱਫ ਦੇ ਅਧੀਨ ਹੋ ਕੇ ਸਿੱਖ ਫੌਜ ਦੇ ਵਿਰੁੱਧ ਲੜਿਆ। ਉਹ ਜੰਗ, ਜਿਸ ਨੂੰ ਕਵੀ ਸ਼ਾਹ ਮੁਹੰਮਦ ਨੇ ਹਿੰਦਸਤਾਨ ਅਤੇ ਪੰਜਾਬ ਦਰਮਿਆਨ ਲੜੀ ਜਾਣ ਵਾਲੀ ਜੰਗ ਕਿਹਾ।
ਅੰਗਰੇਜ਼ ਹਕੂਮਤ ਨੇ ਹਿੰਦੁਸਤਾਨ ਦੀਆਂ ਵੱਡੀਆਂ ਵੱਡੀਆਂ ਰਿਆਸਤਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਪਰ ਮਹਾਰਾਜਾ ਰਣਜੀਤ ਸਿੰਘ ਵੱਲ ਅੱਖ ਚੁੱਕ ਕੇ ਦੇਖਣ ਦਾ ਉਹਨਾਂ ਦਾ ਅਜੇ ਹੀਆ ਨਹੀਂ ਸੀ ਪੈਂਦਾ। ਜੂਨ 1839 ਵਿੱਚ ਰਣਜੀਤ ਸਿੰਘ ਦੀ ਮੌਤ ਹੋਈ। ਲਾਹੌਰ ਸਰਕਾਰ ਦੀ ਸਥਿਤੀ ਡਾਵਾਂਡੋਲ ਹੋ ਗਈ। ਅੰਗਰੇਜ਼ਾਂ ਨੇ ਮੌਕੇ ਦਾ ਫਾਇਦਾ ਉਠਾ ਕੇ ਪੰਜਾਬ ਨੂੰ ਆਪਣੇ ਕਬਜ਼ੇ ਹੇਠ ਕਰਨ ਲਈ ਜੁਗਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਹਿੰਦੁਸਤਾਨ ਦੇ ਗਵਰਨਰ ਜਨਰਲ ਲਾਰਡ ਐਲਨਬਰਾ ਨੂੰ ਤਬਦੀਲ ਕਰਕੇ ਉਹਦੀ ਥਾਂ ਲਾਰਡ ਹਾਰਡਿੰਗ ਦੀ ਨਿਯੁਕਤੀ ਕੀਤੀ ਗਈ। ਲਾਰਡ ਹਾਰਡਿੰਗ ਜੰਗੀ ਮੁਹਿੰਮਾਂ ਲਈ ਮਾਹਿਰ ਮੰਨਿਆ ਜਾਂਦਾ ਸੀ। ਲਾਹੌਰ ਹਕੂਮਤ ਦੀ ਘੇਰਾਬੰਦੀ ਕਰਨ ਲਈ ਲੁਧਿਆਣਾ, ਅੰਬਾਲਾ ਅਤੇ ਫਿਰੋਜ਼ਪੁਰ ਵਿੱਚ ਅੰਗਰੇਜ਼ੀ ਫੌਜ ਦੀਆਂ ਵੱਡੀਆਂ ਬਟਾਲੀਅਨਾਂ ਉਤਾਰੀਆਂ ਗਈਆਂ। ਪੰਜਾਬ ਦੀ ਫੌਜ ਦਾ ਟਾਕਰਾ ਕਰਨ ਲਈ ਬੰਬਈ ਤੋਂ ਵਿਸ਼ੇਸ਼ ਤੋਪਾਂ ਵੱਡੀ ਗਿਣਤੀ ਵਿੱਚ ਮੰਗਵਾਈਆਂ ਗਈਆਂ। ਫੌਜ ਨੂੰ ਸਤਲੁਜ ਦਰਿਆ ਪਾਰ ਕਰਾਉਣ ਲਈ ਬੰਬਈ ਵਿੱਚ ਹੀ ਮਜ਼ਬੂਤ ਬੇੜੇ ਬੇੜੀਆਂ ਬਣਵਾਏ ਗਏ। ਅੰਗਰੇਜ਼ ਹਕੂਮਤ ਨੇ ਆਪਣੇ ਵਿਸ਼ੇਸ਼ ਜਾਸੂਸ ਭੇਜ ਕੇ ਪੰਜਾਬ ਦੀ ਫੌਜ ਦੇ ਸੈਨਾਪਤੀ ਤੇਜਾ ਸਿੰਘ ਅਤੇ ਲਾਹੌਰ ਦਰਬਾਰ ਦੇ ਪ੍ਰਧਾਨ ਮੰਤਰੀ ਲਾਲ ਸਿੰਘ ਨੂੰ ਆਪਣੇ ਨਾਲ ਗੰਢਿਆ। ਕਿਹਾ ਜਾਂਦਾ ਹੈ ਕਿ ਇਸ ਸਮੇਂ ਪੰਜਾਬ ਦੀ ਫੌਜ ਇੰਨੀ ਸ਼ਕਤੀਸ਼ਾਲੀ ਸੀ ਕਿ ਅੰਗਰੇਜ਼ ਉਹਨਾਂ ਨਾਲ ਸਿੱਧੀ ਟੱਕਰ ਲੈ ਕੇ ਜਿੱਤਣ ਦੀ ਸੋਚ ਵੀ ਨਹੀਂ ਸਕਦੇ ਸਨ। ਬਣੀ ਯੋਜਨਾ ਤਹਿਤ ਲਾਲ ਸਿੰਘ ਅਤੇ ਤੇਜਾ ਸਿੰਘ ਨੇ ਸਿੱਖ ਫੌਜ ਨੂੰ ਅੰਗਰੇਜ਼ਾਂ ਖਿਲਾਫ ਭੜਕਾਉਣਾ ਸ਼ੁਰੂ ਕਰ ਦਿੱਤਾ ਕਿ ਅੰਗਰੇਜ਼ ਸਾਡੇ ’ਤੇ ਹਮਲਾ ਕਰਨ ਲਈ ਸਤਲੁਜ ਪਾਰ ਵੱਡੇ ਪੱਧਰ ’ਤੇ ਜੰਗੀ ਤਿਆਰੀਆਂ ਕਰ ਰਹੇ ਹਨ। ਇਨ੍ਹਾਂ ਤਕਰੀਰਾਂ ਦਾ ਅਸਰ ਇਹ ਹੋਇਆ ਕਿ 10-11 ਦਸੰਬਰ 1845 ਨੂੰ ਕਰੀਬ 60 ਹਜ਼ਾਰ ਪੰਜਾਬ ਦੇ ਜਵਾਨਾਂ ਨੇ ਤੇਜਾ ਸਿੰਘ ਦੀ ਅਗਵਾਈ ਹੇਠ ਮੱਖੂ ਕਸਬੇ ਨੇੜਿਓਂ ਸਭਰਾਵਾਂ ਦੇ ਸਥਾਨ ਤੋਂ ਸਤਲੁਜ ਦਰਿਆ ਪਾਰ ਕੀਤਾ। ਇਸ ਤੋਂ ਦੋ ਦਿਨ ਬਾਅਦ 13 ਦਸੰਬਰ ਨੂੰ ਹਿੰਦੁਸਤਾਨ ਦੇ ਗਵਰਨਰ ਲਾਰਡ ਹਾਰਡਿੰਗ ਨੇ ਮਹਾਰਾਜੇ ਦੀ ਫੌਜ ਨਾਲ ਜੰਗ ਦਾ ਐਲਾਨ ਕਰ ਦਿੱਤਾ। ਲਾਹੌਰ ਫੌਜ ਨੇ ਫਿਰੋਜ਼ਪੁਰ ਤੋਂ 15 ਮੀਲ ਦੂਰ ਫਿਰੋਜਸ਼ਾਹ ਫੇਰੂਸ਼ਹਿਰ ਪਿੰਡਾਂ ਨੇੜੇ ਆਪਣੇ ਕੈਂਪ ਲਾ ਕੇ ਮੋਰਚੇ ਬਣਾਉਣੇ ਸ਼ੁਰੂ ਕਰ ਦਿੱਤੇ। ਅੰਗਰੇਜ਼ ਫੌਜ ਦੇ ਸੈਨਾਪਤੀ ਹਿਊ ਗੱਫ ਨੇ ਸਿੱਖਾਂ ਤੋਂ 4 ਮੀਲ ਦੂਰ ਮੁੱਦਕੀ ਪਿੰਡ ਵਿੱਚ ਡੇਰੇ ਲਾਈ ਬੈਠੀ ਅੰਗਰੇਜ਼ੀ ਫੌਜ ਨੂੰ ਸਿੱਖਾਂ ਨਾਲ ਦੋ ਹੱਥ ਕਰਨ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਗਦਾਰ ਲਾਲ ਸਿੰਘ ਅਤੇ ਤੇਜਾ ਸਿੰਘ, ਜੋ ਅੰਗਰੇਜ਼ਾਂ ਦੀ ਬਣਾਈ ਯੋਜਨਾ ਤਹਿਤ ਪੰਜਾਬ ਦੀ ਸ਼ਕਤੀਸ਼ਾਲੀ ਫੌਜ ਨੂੰ ਕਮਜ਼ੋਰ ਕਰਨ ਲਈ ਉਕਸਾ ਕੇ ਇੱਧਰ ਲਿਆਏ ਸਨ, ਨੇ ਸਿੱਖ ਫੌਜ ਨੂੰ ਦੋਂਹ ਹਿੱਸਿਆਂ ਵਿੱਚ ਵੰਡ ਦਿੱਤਾ। ਲਾਲ ਸਿੰਘ ਅਤੇ ਤੇਜਾ ਸਿੰਘ ਨਹੀਂ ਚਾਹੁੰਦੇ ਸਨ ਕਿ ਸਿੱਖ ਫੌਜ ਸੰਗਠਤ ਰਹਿ ਕੇ ਗੋਰਿਆਂ ਨਾਲ ਲੜੇ। ਇਸੇ ਮਕਸਦ ਨਾਲ 18 ਦਸੰਬਰ ਨੂੰ ਸਵੇਰਸਾਰ ਹੀ ਲਾਲ ਸਿੰਘ ਫੌਜ ਦੀ ਇੱਕ ਟੁਕੜੀ ਲੈ ਕੇ ਮੁੱਦਕੀ ਪਿੰਡ ਵੱਲ ਵਧਿਆ। ਸ਼ਾਮ 4 ਵਜੇ ਦੇ ਕਰੀਬ ਪਿੰਡ ਦੇ ਲਹਿੰਦੇ ਪਾਸੇ ਪਾਣੀ ਦੀ ਇੱਕ ਖੱਡ ਦੇ ਨੇੜੇ ਲਹੂ ਵੀਟਵੀਂ ਲੜਾਈ ਹੋਈ। ਇਹ ਲੜਾਈ ਭਾਵੇਂ ਕੁਝ ਘੰਟਿਆਂ ਦੀ ਸੀ ਪਰ ਸਿੱਖ ਫੌਜ ਦੇ ਜਵਾਨ ਇੰਨੀ ਵੀਰਤਾ ਨਾਲ ਲੜੇ ਕਿ ਅੰਗਰੇਜ਼ ਹੈਰਾਨ ਰਹਿ ਗਏ। ਇਤਿਹਾਸਕਾਰਾਂ ਅਨੁਸਾਰ ਅੰਗਰੇਜ਼ਾਂ ਨੂੰ ਇਹ ਲੜਾਈ ਬੜੀ ਮਹਿੰਗੀ ਪਈ। ਇੱਥੇ ਰੌਬਰਟਸੇਲ, ਸਰ ਜਾਨ ਮੈਕਾਸਕਿਲ, ਆਰ ਹੈਰੀ ਅਤੇ ਬ੍ਰਿਗੇਡੀਅਰ ਬੋਲਟਨ ਵਰਗੇ ਵੱਡੇ ਅੰਗਰੇਜ਼ ਅਫਸਰ ਮਾਰੇ ਗਏ। ਸਿੱਖ ਫੌਜ ਦਾ ਕਾਫੀ ਜਾਨੀ ਨੁਕਸਾਨ ਹੋਇਆ। ਇੱਕ ਅੰਦਾਜ਼ੇ ਮੁਤਾਬਿਕ ਇੱਥੇ ਦੋ ਤੋਂ ਤਿੰਨ ਹਜ਼ਾਰ ਦੇ ਕਰੀਬ ਸਿੱਖ ਸ਼ਹੀਦ ਹੋਏ। ਕੁਝ ਇਤਿਹਾਸਕਾਰਾਂ ਨੇ ਇਹ ਗਿਣਤੀ 872 ਦੱਸੀ ਹੈ। ਇਹ ਗਿਣਤੀ ਵੀ ਸਪਸ਼ਟ ਨਹੀਂ ਹੈ।
ਅਫਸੋਸ ਦੀ ਗੱਲ ਇਹ ਹੈ ਕਿ ਆਪਣੀ ਧਰਤੀ ਮਾਂ ਦੀ ਰੱਖਿਆ ਲਈ ਜੂਝਣ ਵਾਲੇ ਇਨ੍ਹਾਂ ਸੂਰਬੀਰਾਂ ਵਿੱਚੋਂ ਕਿਸੇ ਇੱਕ ਦਾ ਨਾਮ ਵੀ ਕਿਸੇ ਨੂੰ ਪਤਾ ਨਹੀਂ। ਹਨੇਰਾ ਹੋਣ ’ਤੇ ਅੰਗਰੇਜ਼ ਫੌਜ ਮੈਦਾਨ ਵਿੱਚੋਂ ਪਿਛਾਂਹ ਹਟ ਗਈ ਅਤੇ ਸਿੱਖ ਫੌਜ ਨੂੰ ਵਾਪਸੀ ਦਾ ਹੁਕਮ ਹੋ ਗਿਆ। ਕਸਬਾ ਮੁੱਦਕੀ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਉਹ ਪਾਣੀ ਦੀ ਖੱਡ ਅੱਜ ਵੀ ਮੌਜੂਦ ਹੈ। ਅੰਗਰੇਜ਼ ਅਫਸਰਾਂ ਦੀ ਕਬਰਾਂ ਵੀ ਕੁਝ ਘਰਾਂ ਵਿੱਚ ਬਣੀਆਂ ਹੋਈਆਂ ਹਨ। ਪਰ ਕਿਸੇ ਇੱਕ ਵੀ ਸਿੱਖ ਸਿਪਾਹੀ ਦੀ ਕਿਤੇ ਕੋਈ ਯਾਦਗਾਰ ਨਹੀਂ। ਪਾਣੀ ਦੀ ਇਸ ਇਤਿਹਾਸਕ ਖੱਡ ਨੇ ਹੁਣ ਗੰਦੇ ਛੱਪੜ ਦਾ ਰੂਪ ਲਿਆ ਹੋਇਆ ਹੈ। ਅਸੀਂ ਆਪਣੇ ਵਿਰਸੇ ਪ੍ਰਤੀ ਕਿੰਨੇ ਲਾਪ੍ਰਵਾਹ ਹਾਂ, ਇਹਦੀ ਇੱਕ ਸਿਖਰ ਨੂੰ ਇਸ ਇਤਿਹਾਸਕ ਗੰਦੇ ਛੱਪੜ ਦੇ ਰੂਪ ਵਿੱਚੋਂ ਅੱਜ ਵੀ ਦੇਖਿਆ ਜਾ ਸਕਦਾ ਹੈ। ਇਹੋ ਖੱਡ ਹੈ ਜਿਸ ਬਾਰੇ ਕਵੀ ਸ਼ਾਹ ਮੁਹੰਮਦ ਆਪਣੇ ਕਿੱਸੇ ਵਿੱਚ ਲਿਖਦਾ ਹੈ:
ਇੱਕ ਪਿੰਡ ਦਾ ਨਾਮ ਜੋ ਮੁੱਦਕੀ ਸੀ, ਉੱਥੇ ਭਰੀ ਸੀ ਪਾਣੀ ਦੀ ਖੱਡ ਮੀਆਂ।
ਘੋੜ-ਚੜ੍ਹੇ ਅਕਾਲੀਏ ਕਰ ਧਾਵਾ, ਝੰਡੇ ਆਣਕੇ ਦਿੱਤੇ ਸੀ ਗੱਡ ਮੀਆਂ।
ਮੁੱਦਕੀ ਜੰਗ ਤੋਂ ਬਾਅਦ ਤਿੰਨ ਦਿਨ ਤਕ ਤੇਜਾ ਸਿੰਘ ਅਤੇ ਲਾਲ ਸਿੰਘ ਨੇ ਅੰਗਰੇਜ਼ਾਂ ਨੂੰ ਤਿਆਰੀ ਕਰਨ ਦਾ ਮੌਕਾ ਦਿੱਤਾ। ਕੁਝ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਤੇਜਾ ਸਿੰਘ ਨੇ ਸਤਲੁਜ ਪਾਰ ਕਰਦਿਆਂ ਸਾਰ ਫਿਰੋਜ਼ਪੁਰ ਜਾ ਕੇ ਮਿ. ਲਿਟਲਰ ਨੂੰ ਪੁੱਛਿਆ ਕੇ ਮੇਰੇ ਲਈ ਕੀ ਹੁਕਮ ਹੈ? ਅਤੇ ਅੰਗਰੇਜ਼ ਅਫਸਰਾਂ ਨੇ ਉਹਨਾਂ ਨੂੰ ਆਖਿਆ ਕਿ ਉਹ ਆਪਣੀ ਫੌਜ ਨੂੰ ਕੁਝ ਦਿਨਾਂ ਲਈ ਰੋਕ ਕੇ ਰੱਖਣ। ਮੁੱਦਕੀ ਦੀ ਜੰਗ ਤੋਂ ਬਾਅਦ ਤੀਜੇ ਦਿਨ 21 ਦਸੰਬਰ ਨੂੰ ਸਵੇਰ ਹੁੰਦਿਆਂ ਹੀ ਜਨਰਲ ਹਿਊ ਗਫ ਆਪਣੇ ਨਾਲ 10 ਹਜ਼ਾਰ ਸਿਪਾਹੀ ਲੈ ਕੇ ਮਿਸ਼ਰੀ ਵਾਲੇ ਪਿੰਡ ਵਿੱਚ ਪਹੁੰਚ ਗਿਆ। ਅੰਗਰੇਜ਼ਾਂ ਨੇ ਮੁੱਦਕੀ ਨੇੜਲੇ ਪਿੰਡ ਲੋਹਾਮ, ਵਾੜਾ ਭਾਈਕਾ, ਸਰਾਂਵਾਲੀ, ਮਿਸ਼ਰੀਵਾਲਾ ਅਦਿ ਪਿੰਡਾਂ ਦੇ ਲੋਕਾਂ ਤੋਂ ਜਬਰਦਸਤੀ ਗੱਡੇ, ਬਲਦ, ਊਠ ਲਏ ਅਤੇ ਇਨ੍ਹਾਂ ਨੂੰ ਜੰਗੀ ਸਾਜ਼ੋ ਸਾਮਾਨ, ਤੋਪਾਂ ਬਰੂਦ ਆਦਿ ਢੋਣ ਲਈ ਵਰਤਿਆ। ਸਥਾਨਕ ਲੋਕਾਂ ਦੀ ਵੀ ਡਰਾ ਧਮਕਾਅ ਕੇ ਇਸ ਕੰਮ ਵਿੱਚ ਮਦਦ ਲਈ ਗਈ। ਲੋਕਾਂ ਵਿੱਚ ਇਹ ਪ੍ਰਚਾਰ ਕੀਤਾ ਗਿਆ ਕਿ ਜਿਨ੍ਹਾਂ ਨੇ ਲਾਹੌਰ ਫੌਜ ਦੀ ਮਦਦ ਕੀਤੀ ਉਹਨਾਂ ਦੀਆਂ ਜ਼ਮੀਨਾਂ ਜ਼ਬਤ ਕਰ ਲਈਆਂ ਜਾਣਗੀਆਂ। ਮਿਸ਼ਰੀ ਵਾਲੇ ਪਿੰਡ ਪਹੁੰਚ ਕੇ ਫਿਰੋਜ਼ਪੁਰ ਤੋਂ ਆਉਣ ਵਾਲੀ ਲਿਟਲਰ ਦੀ ਕਮਾਨ ਹੇਠਲੀ ਬਟਾਲੀਅਨ ਦੀ ਉਡੀਕ ਕੀਤੀ ਗਈ। ਦੁਪਹਿਰ ਦੇ ਕਰੀਬ ਇੱਕ ਵਜੇ ਇਹ ਅੰਗਰੇਜ਼ ਸਿਪਾਹੀਆਂ ਦੀ 18 ਜਜ਼ਾਰ ਹਜ਼ਾਰ ਫੌਜ ਪੰਜਾਬ ਦੀ ਫੌਜ ਨਾਲ ਲੜਨ ਲਈ ਤਿਆਰ ਸੀ।
ਅੰਗਰੇਜ਼ ਫੌਜੀ ਅਫਸਰ ਬਰੂਸ, ਜੋ ਇਸ ਜੰਗ ਵਿੱਚ ਆਪ ਵੀ ਲੜਿਆ, ਲਿਖਦਾ ਹੈ, “ਹੁਣ 18 ਹਜ਼ਾਰ ਫੌਜ ਸਿੱਖ ਫੌਜ ਨਾਲ ਲੜਨ ਲਈ ਤਿਆਰ ਖੜ੍ਹੀ ਸੀ। ਢਲਦਾ ਸੂਰਜ ਮੈਦਾਨ ਉੱਤੇ ਉਹਨਾਂ ਦੇ ਲੰਬੇ ਪ੍ਰਛਾਵੇਂ ਸੁੱਟ ਰਿਹਾ ਸੀ। ਲਹੂ ਲਿਬੜੇ ਰੈਜਮੈਂਟਾਂ ਦੇ ਝੰਡੇ, ਡਰੈਗਨ ਰਜਮੈਂਟ ਦੇ ਸਪਾਹੀਆਂ ਦੀਆਂ ਲੰਮੀਆਂ ਲਾਲ ਤੇ ਚਿੱਟੀਆਂ ਕਲਗੀਆਂ ਬੇ ਅਵਾਜ਼ ਹਵਾ ਵਿੱਚ ਝੁਕੀਆਆਂ ਪਈਆਂ ਸਨ। ਘਬਰਾਏ ਹੋਏ ਅਤੇ ਦਬਾਓ ਵਿੱਚ ਆਏ ਫੌਜੀ ਅਰਦਾਸਾਂ ਕਰ ਰਹੇ ਸਨ ਕਿ ਉਹ ਜਿਊਂਦੇ ਬਚ ਨਿਕਲਣ।”
ਇੱਕ ਹੋਰ ਅੰਗਰੇਜ਼ ਕੈਪਨ ਜੌਹਨ, ਜੋ ਇਸ ਜੰਗ ਵਿੱਚ ਲੜਿਆ 80ਵੀਂ ਪਿਆਦਾ ਰਜਮੈਂਟ ਦਾ ਅਫਸਰ ਸੀ, ਉਸਨੇ ਆਪਣੀ ਡਾਇਰੀ ਵਿੱਚ ਲਿਖਿਆ ਹੈ, “ਚਾਰ ਵਜੇ ਬਿਗਲ ਵੱਜਿਆ, ਉੱਚਾ ਅਤੇ ਸਾਫ, ਬਟਾਲੀਅਨਾਂ ਨੇ ਲਾਈਨ ਵਿੱਚ ਖਿਲਰ ਕੇ ਨਿੱਕੇ ਨਿੱਕੇ ਦ੍ਰਖਤਾਂ ਦੇ ਜੰਗਲ ਵਿੱਚੋਂ ਅੱਗੇ ਵਧਣਾ ਸ਼ੁਰੂ ਕੀਤਾ। ਅਸੀਂ ਮੀਲ ਕੁ ਦੂਰ ਖੁੱਲ੍ਹੀ ਥਾਂ ਵੱਲ ਜਾ ਰਹੇ ਸਾਂ ਜਿਹੜੀ ਸਿੱਖਾਂ ਦੇ ਮੋਰਚਿਆਂ ਤੋਂ 300 ਗਜ਼ ਉਰ੍ਹਾਂ ਸੀ। ਛੇਤੀ ਹੀ ਸਾਡੀ ਫੌਜ ’ਤੇ ਤੋਪਾਂ ਦੀ ਮਾਰ ਸ਼ੁਰੂ ਹੋ ਗਈ। ਸਿੱਖਾਂ ਦੀਆਂ ਤੋਪਾਂ ਦੇ ਗੋਲੇ ਅਤੇ ਗੋਲੀਆਂ ਦ੍ਰਖਤਾਂ ਵਿੱਚੋਂ ਦੀ ਘੂਕਦੇ ਆ ਕੇ ਸਾਡੇ ਗਲ ਪੈ ਰਹੇ ਸਨ। ਇਸ ਤੋਂ ਪਹਿਲਾਂ ਕਿ ਸਾਡੇ ਤੋਪਚੀ ਉਹਨਾਂ ਨੂੰ ਆਪਣੀ ਮਾਰ ਹੇਠ ਲਿਆਉਂਦੇ, ਉਹਨਾਂ ਦੀਆਂ ਤੋਪਾਂ ਸਾਡੀ ਭਿਆਨਕ ਤਬਾਹੀ ਕਰ ਰਹੀਆਂ ਸਨ।”
ਜਾਰਜ ਬਰੂਸ ਲਿਖਦਾ ਹੈ, “ਲੜਾਈ ਅੰਗਰੇਜ਼ਾਂ ਦੇ ਵਿਰੁੱਧ ਜਾ ਰਹੀ ਸੀ। ਅੰਗਰੇਜ਼ ਪਿਆਦਾ ਫੌਜ ਦੇ ਪਿੱਛੇ ਹਟਣ ’ਤੇ ਸਿੱਖ ਜੈਕਾਰੇ ਛੱਡਦੇ। ਉਹਨਾਂ ਦੀਆਂ ਤੋਪਾਂ ਸਾਡੀਆਂ ਤੋਪਾਂ ਨਾਲੋਂ ਗੋਲੇ ਵੀ ਬਹੁਤੇ ਛੱਡ ਰਹੀਆਂ ਸਨ। ਇਹ ਗੋਲੇ ਅਤੇ ਜੈਕਾਰੇ ਜੰਗ ਦੇ ਰੌਲੇ ਰੱਪੇ ਤੋਂ ਹੋਰ ਉੱਚੇ ਹੋ ਕੇ ਸੁਣਦੇ। ਇਸ ਵੇਲੇ ਸੱਜੇ ਪਾਸਿਓਂ ਜਨਰਲ ਗਿਲਬਰਟ ਦੀਆਂ ਡਵੀਜਨਾਂ, ਜਿਨ੍ਹਾਂ ਦਾ ਆਗੂ ਜਨਰਲ ਗਫ ਸੀ ਅਤੇ ਖੱਬੇ ਵੈਲੇਸ ਦੀਆਂ ਡਵੀਜਨਾਂ, ਜਿਨ੍ਹਾਂ ਦਾ ਆਗੂ ਹਿੰਦੁਸਤਾਨ ਦਾ ਗਵਰਨਰ ਹਾਰਡਿੰਗ ਸੀ, ਨੇ ਨਾਲੋ ਨਾਲ ਸਿੱਖਾਂ ’ਤੇ ਹੱਲਾ ਬੋਲ ਦਿੱਤਾ।” ਉਹ ਲਿਖਦਾ ਹੈ, “ਅਸੀਂ ਤੋਪਾਂ ਦੇ ਗੋਲਿਆਂ ਦੀ ਮਾਰ ਸਹਿੰਦੇ ਅੱਗੇ ਵਧੇ। ਸਾਡੀ ਫੌਜ ਦੀ ਤਬਾਹੀ ਲਈ ਬਰੂਦੀ ਸੁਰੰਗਾਂ ਵਿਛਾਈਆਂ ਹੋਈਆਂ ਸਨ, ਜੋ ਸਾਡੇ ਪੈਰਾਂ ਹੇਠ ਆ ਕੇ ਫਟਦੀਆਂ। ਕੱਟ ਵੱਢ ਦਾ ਕਹਿਰ ਸੀ ਫਿਰ ਵੀ ਸਾਡੇ ਸਾਥੀਆਂ ਨੇ ਹੱਲਾ ਜਾਰੀ ਰੱਖਿਆ। ਇਕੱਲੀਆਂ ਸੰਗੀਨਾਂ ਨਾਲ ਉਹ ਸਿੱਖਾਂ ਦੇ ਮੋਰਚਿਆਂ ’ਤੇ ਟੁੱਟ ਪਏ ਤੇ ਉਹਨਾਂ ਦੀਆਂ ਅਗਲੀਆਂ ਤੋਪਾਂ ’ਤੇ ਕਬਜ਼ਾ ਕਰ ਲਿਆ। ਸਿੱਖ ਇੱਕ ਪੈਰ ਵੀ ਪਿਛਾਂਹ ਨਾ ਹਟੇ, ਸਗੋਂ ਆਪਣੀਆਂ ਤੋਪਾਂ ਕੋਲ ਹੀ ਲੜਦੇ ਸਾਡੇ ਸਾਥੀਆਂ ਨੂੰ ਮਾਰਦੇ ਮਰ ਗਏ। ਅਚਾਨਕ ਬਰੂਦੀ ਸੁਰੰਗਾਂ ਦੇ ਫਟਣ ਨਾਲ ਉਹਨਾਂ ਦੇ ਕੈਂਪਾਂ ਨੂੰ ਅੱਗ ਲੱਗ ਗਈ। ਸਾਡਾ ਅੱਗੇ ਵਧਣਾ ਰੁਕ ਗਿਆ। ਅਸੀਂ ਕੁਝ ਪਿੱਛੇ ਹਟੇ ਗਏ। ਸਿੱਖਾਂ ਦੇ ਮੋਰਚਿਆਂ ਅੱਗੇ ਖਾਈਆਂ ਸਨ ਜੋ ਟਹਿਣੀਆਂ ਅਤੇ ਪੱਤਿਆਂ ਨਾਲ ਢਕੀਆਂ ਹੋਈਆਂ ਸਨ। ਅੰਗਰੇਜ਼ ਫੌਜੀ ਉਹਨਾਂ ਵਿੱਚ ਡਿਗਦੇ, ਲਾਹਨਤਾਂ ਪਾਉਂਦੇ, ਗਾਹਲਾਂ ਕੱਢਦੇ ਇੱਕ ਦੂਜੇ ਉੱਤੇ ਡਿਗ ਰਹੇ ਸਨ। ਆਪਣੀਆਂ ਬੰਦੂਕਾਂ ਗਲ ਵਿੱਚ ਪਾ ਕੇ ਮੁਸ਼ਕਿਲ ਨਾਲ ਬਾਹਰ ਨਿਕਲਦੇ। ਗਿਲਬਰਟ ਦੀ ਡਵੀਜਨ ਦੀ ਕਮਾਨ ਜਨਰਲ ਗਫ ਆਪ ਕਰ ਰਿਹਾ ਸੀ। ਦੋਵਾਂ ਪਾਸਿਆਂ ਦੇ ਫੌਜੀ ਗੁੱਥ ਮਗੁੱਥਾ ਹੋਏ। ਛੇਤੀ ਹੀ ਹੇਠਲੀ ਖਾਈ ਅਤੇ ਇਸਦਾ ਉਤਲਾ ਹਿੱਸਾ ਸਿੱਖਾਂ, ਹਿੰਦੁਸਤਾਨੀਆਂ ਅਤੇ ਅੰਗਰੇਜ਼ਾਂ ਦੀਆਂ ਲਾਸ਼ਾਂ ਨਾਲ ਢਕੇ ਗਏ। ਤਰਕਾਲਾਂ ਦੇ ਹਨੇਰੇ ਵਿੱਚ ਜਦੋਂ ਘਮਸਾਨ ਦਾ ਜੰਗ ਮਚ ਰਿਹਾ ਸੀ ਤਾਂ ਇੱਕ ਗੋਲਾ ਸਿੱਖ ਫੌਜ ਦੇ ਅਸਲੇਖਾਨੇ ਵਿੱਚ ਜਾ ਲੱਗਾ। ਬਰੂਦ ਫਟਣ ਲੱਗ ਪਿਆ। ਇੱਕ ਢੇਰ ਪਿੱਛੋਂ ਦੂਜਾ। ਇਸ ਹਫੜਾ ਦਫੜੀ ਦਾ ਫਾਇਦਾ ਉਠਾ ਕੇ ਸਿੱਖਾਂ ਨੇ ਜਿਹੜੇ ਗੋਰੇ ਉਹਨਾਂ ਦੇ ਮੋਰਚਿਆਂ ਵਿੱਚ ਆਣ ਵੜੇ ਸਨ, ਸਭ ਨੂੰ ਖਤਮ ਕਰ ਦਿੱਤਾ।”
ਇਸ ਤਰ੍ਹਾਂ ਸਿੱਖਾਂ ਨੇ ਆਪਣੇ ਕੈਂਪ ਵਿੱਚ ਅੱਗ ਲੱਗਣ ਦੇ ਬਾਵਜੂਦ ਵੀ ਇੱਕ ਵਾਰ ਫਿਰ ਅੰਗਰੇਜ਼ੀ ਫੌਜ ਦੇ ਹੱਲੇ ਨੂੰ ਨਕਾਰਾ ਕਰ ਦਿੱਤਾ। ਪਲਾਂ ਛਿਣਾਂ ਵਿੱਚ ਵੱਡੀ ਗਿਣਤੀ ਵਿੱਚ ਚਲਦੇ ਫਿਰਦੇ ਮਨੁੱਖੀ ਸਰੀਰ ਲਾਸ਼ਾਂ ਦੇ ਢੇਰ ਬਣ ਗਏ। ਲੜਾਈ ਚਾਰ ਵਜੇ ਸ਼ੁਰੂ ਹੋਈ ਤੇ ਹਨੇਰਾ ਹੋਣ ਤਕ ਚਲਦੀ ਰਹੀ।
ਇੱਕ ਵਿਸ਼ਾਲ ਇਲਾਕੇ ਵਿੱਚ ਲੜੀ ਗਈ ਇਸ ਜੰਗ ਬਾਰੇ 50ਵੀਂ ਅੰਗਰੇਜ਼ ਰਜਮੈਂਟ ਦਾ ਲੈਫਟੀਨੈਟ ਬੈਲਰਜ਼, ਜੋ ਜੰਗ ਵਿੱਚ ਸ਼ਾਮਲ ਸੀ, ਲਿਖਦਾ ਹੈ- “ਉਹ ਬੜੀ ਡਰਾਉਣੀ ਰਾਤ ਸੀ। ਪਿੰਡ ਦੇ ਇੱਕ ਪਾਸੇ ਇੱਕ ਕੈਂਪ ਸੜ ਰਿਹਾ ਸੀ। ਸੁਰੰਗਾਂ ਸਿੱਕੇ ਅਤੇ ਬਰੂਦ ਨਾਲ ਭਰੀਆਂ ਗੱਡੀਆਂ ਫਟ ਰਹੀਆਂ ਸਨ। ਜਿਹੜੇ ਸਿਪਾਹੀ ਅੱਗਾਂ ਬਾਲਦੇ, ਉਹਨਾਂ ਨੂੰ ਬੁਝਾ ਦੇਣ ਲਈ ਉੱਚੀ ਉੱਚੀ ਹੁਕਮ ਸੁਣੀਦੇ। ਸਿੱਖਾਂ ਨੂੰ ਨੇੜੇ ਆਉਣ ਤੋਂ ਰੋਕਣ ਲਈ ਗੋਲੀਆਂ ਦੀ ਵਾਛੜ ਕੀਤੀ ਜਾ ਰਹੀ ਸੀ। ਵੱਡੀਆਂ ਤੋਪਾਂ ਦੀ ਗਰਜ਼ ਅਤੇ ਠਾਹ ਠਾਹ ਲਗਾਤਾਰ ਸੁਣਾਈ ਦੇ ਰਹੀ ਸੀ। ਗੋਲੇ ਲਗਾਤਾਰ ਸ਼ੂਕ ਰਹੇ ਸਨ। ਬਿਗਲ ਵੱਜ ਰਹੇ ਸਨ, ਢੋਲ ਸੁਣੀਦੇ ਸਨ ਅਤੇ ਦੁਸ਼ਮਣ ਜੈਕਾਰੇ ਛੱਡ ਰਹੇ ਸਨ। ਤ੍ਰੇਹ, ਥਕਾਵਟ ਅਤੇ ਸਰਦੀ ਦਾ ਕੋਈ ਅੰਤ ਨਹੀਂ ਸੀ। ਇਹ ਬੁੱਝਣਾ ਔਖਾ ਸੀ ਕਿ ਜੋ ਫੌਜ ਬਚੀ ਹੈ, ਉਹ ਹਾਰੀ ਹੈ ਜਾਂ ਜਿੱਤੀ। ਇਹ ਸਾਰੀਆਂ ਗੱਲਾਂ ਰਾਤ ਨੂੰ ਬੜਾ ਖੌਫਨਾਕ ਬਣਾ ਰਹੀਆਂ ਸਨ।”
ਫਿਰੋਜਸ਼ਾਹ ਦੀ ਇਸ ਲੜਾਈ ਵਿੱਚ ਲੜਨ ਵਾਲਾ ਇੱਕ ਹੋਰ ਅੰਗਰੇਜ਼ ਅਫਸਰ ਰਾਬਰਟ ਕਸਟ ਲਿਖਦਾ ਹੈ, “ਅੰਗਰੇਜ਼ਾਂ ਵੱਲੋਂ ਫੱਟੜਾਂ ਨੂੰ ਬਚਾਉਣ ਲਈ ਬਿਨਾਂ ਸ਼ਰਤ ਹਥਿਆਰ ਸੁੱਟ ਦੇਣ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਸਨ।”
ਇਸ ਲੜਾਈ ਵਿੱਚ ਸ਼ਾਮਲ ਇੱਕ ਹੋਰ ਅੰਗਰੇਜ਼ ਅਫਸਰ ਸਰ ਹੋਪ ਗਰਾਂਟ ਨੇ ਲਿਖਿਆ ਹੈ, “ਸੱਚਮੁੱਚ ਹੀ ਉਹ ਰਾਤ ਬੜੀ ਉਦਾਸ ਅਤੇ ਕੁਸ਼ਗਨੀ ਰਾਤ ਸੀ। ਹਿੰਦੁਸਤਾਨ ਦੇ ਇਤਿਹਾਸ ਵਿੱਚ ਸਾਡੀਆਂ ਜੰਗਾਂ ਦੇ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਕਦੇ ਅੰਗਰੇਜ਼ੀ ਫੌਜ ਦੀ ਐਨੇ ਵੱਡੇ ਪੈਮਾਨੇ ’ਤੇ ਇਹੋ ਜਿਹੀ ਹਾਰ, ਜਿਸਦਾ ਅਰਥ ਬੀ ਨਾਸ ਹੋਣਾ ਹੋਵੇ, ਦੇ ਨੇੜੇ ਕਦੇ ਨਹੀਂ ਸੀ ਅੱਪੜੀ। ਸਿੱਖਾਂ ਨੇ ਦੁਬਾਰਾ ਆਪਣੇ ਸਾਰੇ ਮੋਰਚੇ ਖੋਹ ਲਏ ਸਨ। ਹੰਭੀਆਂ ਹੋਈਆਂ ਅਤੇ ਆਹੂ ਲੱਥੀਆਂ ਸਾਡੀਆਂ ਡਵੀਜਨਾਂ ਇੱਕ ਵੱਡੇ ਰਕਬੇ ਵਿੱਚ ਬਿਨਾਂ ਆਪਸੀ ਤਾਲਮੇਲ ਦੇ ਪਈਆਂ ਸਨ।”
ਲਾਰਡ ਹਾਰਡਿੰਗ ਨੇ ਉਹ ਤਲਵਾਰ, ਜੋ ਯੂਰਪ ਵਿੱਚ ਨਿਪੋਲੀਅਨ ਖਿਲਾਫ ਜੰਗ ਲੜਦਿਆਂ ਉਸ ਨੂੰ ਇਨਾਮ ਵਜੋਂ ਹਾਸਲ ਹੋਈ ਸੀ, ਆਪਣੇ ਪੁੱਤਰ ਚਾਰਲਸ ਹਾਰਡਿੰਗ ਨੂੰ ਦੇ ਕੇ ਵਾਪਸ ਮੁੱਦਕੀ ਭੇਜ ਦਿੱਤਾ, ਨਾਲ ਇਹ ਹਦਾਇਤ ਕੀਤੀ ਕਿ ਸਾਡਾ ਇੱਥੋਂ ਜਿੱਤ ਕੇ ਨਿਕਲਣਾ ਹੁਣ ਲਗਭਗ ਅਸੰਭਵ ਹੈ। ਜੇਕਰ ਹਾਰ ਹੋ ਗਈ ਤਾਂ ਉਸਦੇ ਸਾਰੇ ਨਿੱਜੀ ਕਾਗਜ਼ ਸਾੜ ਦਿੱਤੇ ਜਾਣ।
ਅੰਗਰੇਜ਼ਾਂ ਦਾ ਗੋਲਾ ਬਰੂਦ ਖਤਮ ਹੋ ਗਿਆ ਸੀ। ਹਰ ਪਾਸੇ ਨਿਰਾਸਤਾ ਦਾ ਆਲਮ ਸੀ। ਅੰਗਰੇਜ਼ ਜਰਨੈਲਾਂ ਨੇ ਆਪ ਮੰਨਿਆ ਕਿ ਸਿੱਖ ਹੈਰਾਨੀਜਨਕ ਵੀਰਤਾ ਨਾਲ ਲੜੇ। ਧਰਤੀ ’ਤੇ ਦੂਰ ਤਕ ਰੱਤ ਹੀ ਰੱਤ ਹੋ ਗਈ। ਜੰਗ ਵਿੱਚ ਫੱਟੜ ਦੋਹਾਂ ਪਾਸਿਆਂ ਦੇ ਸਿਪਾਹੀ ਕਰਾਹੁੰਦੇ ਬਾਲਾਂ ਵਾਂਗ ਰੋਂਦੇ ਜੰਗੀ ਮੈਦਾਨ ਤੋਂ ਬਾਹਰ ਦੇ ਰੁੱਖਾਂ ਦੀ ਓਟ ਲੈਂਦੇ। ਲਾਸ਼ਾਂ ਦੇ ਉੱਤੋਂ ਦੀ ਰਿੜ੍ਹ ਰਿੜ੍ਹ ਕੇ ਬਚਦੇ ਬਚਾਉਂਦੇ ਪਾਣੀ-ਪਾਣੀ ਦੀ ਦੁਹਾਈ ਦਿੰਦੇ। ਹਿੰਦੁਸਤਾਨ ਦਾ ਗਵਰਨਰ ਜਨਰਲ ਲਾਰਡ ਹਾਰਡਿੰਗ ਪੰਜਾਬ ਦੇ ਜਾਇਆਂ ਅੱਗੇ ਗੋਡੇ ਟੇਕਣ ਲਈ ਤਿਆਰ ਹੋ ਗਿਆ। ਮੇਵਾ ਸਿੰਘ, ਮਾਖੇ ਖਾਂ, ਮਜਹਰ ਅਲੀ, ਸ਼ਮਸ਼ੇਰ ਸਿੰਘ, ਰਤਨ ਸਿੰਘ, ਦਲ ਸਿੰਘ ਆਦਿ ਕੁਝ ਨਾਮ ਹਨ ਜੋ ਸਿੱਖ ਫੌਜ ਵੱਲੋਂ ਬੜੀ ਬਹਾਦਰੀ ਨਾਲ ਲੜੇ। ਪੰਜਾਬ ਦੇ ਮਹਾਨ ਲੋਕ ਜਿਨ੍ਹਾਂ ਵਿੱਚ ਹਿੰਦੂ, ਮੁਸਲਮਾਨ ਅਤੇ ਸਿੱਖ ਲਗਭਗ ਸਾਰੀਆਂ ਕੌਮਾਂ ਦੇ ਲੋਕ ਸਨ, ਇੰਨੀ ਬਹਾਦਰੀ ਨਾਲ ਲੜੇ ਕਿ ਇਨ੍ਹਾਂ ਯੋਧਿਆਂ ਨੇ ਅੰਗਰੇਜ਼ੀ ਫੌਜ ਨੂੰ ਭੈਭੀਤ ਕਰ ਦਿੱਤਾ। ਕਾਲੀ ਹਨੇਰੀ ਠੰਢੀ ਰਾਤ ਵਿੱਚ ਪੰਜਾਬੀ ਸੂਰਮੇ ਜੈਕਾਰੇ ਛੱਡ ਰਹੇ ਸਨ। ਉਹ ਜਾਣਦੇ ਸਨ ਕਿ ਉਹ ਆਪਣੀ ਸਰ ਜ਼ਮੀਂ ਅਤੇ ਅਖਣ ਗੈਰਤ ਲਈ ਲੜ ਰਹੇ ਹਨ। ਦਰਿਆਓਂ ਪਾਰ ਲੰਘ ਕੇ ਉਹਨਾਂ ਨੇ ਅੰਗਰੇਜ਼ੀ ਹਕੂਮਤ ਦੀ ਹੈਂਕੜ ਭੰਨ ਦਿੱਤੀ ਸੀ। ਕੈਪਟਨ ਕੁਮਿੰਗ ਲਿਖਦਾ ਹੈ, “ਸਾਡੇ ਵਿੱਚੋਂ ਕੋਈ ਵਿਰਲੇ ਹੀ ਹੋਣਗੇ ਜਿਨ੍ਹਾਂ ਨੂੰ ਇਹ ਵਿਸ਼ਵਾਸ ਨਾ ਹੋਵੇ ਕਿ ਇਹ ਰਣਭੂਮੀ ਸਾਡੀ ਕਬਰ ਨਹੀਂ ਬਣੇਗੀ।” ਵੱਡੀ ਗਿਣਤੀ ਵਿੱਚ ਮਾਰੀ ਗਈ ਅਤੇ ਫੱਟੜ ਹੋਈ ਅੰਗਰੇਜ਼ੀ ਫੌਜ ਤਰਾਹ ਤਰਾਹ ਕਰ ਰਹੀ ਸੀ। ਹੱਡ ਚੀਰਵੀਂ ਸਰਦੀ ਅਤੇ ਥਕਾਵਟ ਨਾਲ ਫੌਜ ਇੰਨੀ ਬੇਹਾਲ ਹੋ ਗਈ ਕਿ ਲੜਨਾ ਜਿਵੇਂ ਉਹਨਾਂ ਦੇ ਵੱਸੋਂ ਬਾਹਰੀ ਗੱਲ ਹੋ ਗਈ ਹੋਵੇ। ਇਹ ਉਹ ਸਮਾਂ ਸੀ ਜਦੋਂ ਪੰਜਾਬ ਦੇ ਸੂਰਬੀਰਾਂ ਨੇ ਹਿੰਦੁਸਤਾਨ ਦੀ ਕਿਸਮਤ ਲਿਖਣ ਲਈ ਆਪਣਾ ਲਹੂ ਡੋਲ੍ਹ ਕੇ ਸਿਆਹੀ ਤਿਆਰ ਕਰ ਲਈ ਸੀ, ਬੱਸ ਲਿਖਿਆ ਜਾਣਾ ਹੀ ਬਾਕੀ ਸੀ। ਇਤਿਹਾਸ ਦੇ ਇਸ ਅਣਗੌਲੇ ਕਾਂਡ ਸੰਬੰਧੀ ਕਵੀ ਸ਼ਾਹ ਮੁਹੰਮਦ ਲਿਖਦਾ ਹੈ:
ਫੇਰੂ ਸ਼ਹਿਰ ਦੇ ਹੇਠ ਜਾ ਖੇਤ ਰੁੱਧੇ, ਤੋਪਾਂ ਚੱਲੀਆਂ ਨੀ ਵਾਂਗ ਤੋੜਿਆਂ ਦੇ।
ਸਿੰਘ ਸੂਰਮੇ ਆਣ ਮੈਦਾਨ ਲੱਥੇ, ਗੰਜ ਲਾਹ ਸੁੱਟੇ ਉਹਨਾਂ ਗੋਰਿਆਂ ਦੇ।
ਅਗਲੇ ਦਿਨ 22 ਦਸੰਬਰ ਨੂੰ ਸੂਰਬੀਰ ਪੰਜਾਬੀਆਂ ਨੂੰ ਜਾਪਿਆ ਕਿ ਮੈਦਾਨ ਉਹਨਾਂ ਦੇ ਹੱਥ ਵਿੱਚ ਹੈ। ਉਹ ਜਨਰਲ ਹਿਊ ਗੱਫ ਅਤੇ ਲਾਰਡ ਹਾਰਡਿੰਗ ਨੂੰ ਘੇਰਨ ਲੈਣ ਲਈ ਬੇਤਾਬ ਹੋ ਰਹੇ ਸਨ। ਜਦੋਂ ਪੰਜਾਬ ਦੀ ਹੀ ਨਹੀਂ ਬਲਕਿ ਹਿੰਦੁਸਤਾਨ ਦੀ ਕਿਸਮਤ ਉਹ ਆਪਣੇ ਹੱਥਾਂ ਨਾਲ ਲਿਖ ਸਕਦੇ ਸਨ, ਪੈਦਲ ਅਤੇ ਘੋੜ ਸਵਾਰ ਜਵਾਨ ਹਮਲਾ ਕਰਨ ਲਈ ਅੱਗੇ ਵਧ ਰਹੇ ਸਨ, ਇੱਕ ਜੋਰਦਾਰ ਅਟੈਕ ਹੋਣ ਵਾਲਾ ਸੀ ਤਾਂ ਐਨ ਇਸੇ ਮੌਕੇ ਗਦਾਰ ਤੇਜਾ ਸਿੰਘ ਨੇ ਬਿਗਲਰਾਂ ਨੂੰ ਹੁਕਮ ਕੀਤਾ ਕਿ ਉਹ ਫੌਜ ਨੂੰ ਪਿਛਾਂਹ ਮੁੜਨ ਦਾ ਬਿਗਲ ਵਜਾਉਣ। ਬਿਗਲ ਵੱਜਿਆ, ਬਿਗਲ ਕਾਹਦਾ ਵੱਜਿਆ, ਪੰਜਾਬ ਸਮੇਤ ਹਿੰਦੁਸਤਾਨ ਦੀ ਕਿਸਮਤ ਸੌਂ ਗਈ। ਇਹ ਕਾਲਾ ਵਕਤ ਸੀ ਜਦੋਂ ਦੇਸ਼ ਦੀ ਸਾਲਾਂ ਲੰਮੀ ਗੁਲਾਮੀ ਅਤੇ ਹਜ਼ਾਰਾਂ ਸੂਰਬੀਰਾਂ ਦੀ ਕੁਰਬਾਨੀ ਦਾ ਇੱਕ ਵਾਰ ਫਿਰ ਮੁੱਢ ਬੱਝ ਗਿਆ। ਇਸ ਨੂੰ ਉਹ ਸਮਾਂ ਵੀ ਕਿਹਾ ਜਾ ਸਕਦਾ ਹੈ ਜਿੱਥੋਂ ਵਿਸ਼ਾਲ ਭਾਰਤ ਦੇਸ਼ ਦੀ ਵੰਡ ਅਤੇ ਲੱਖਾਂ ਲੋਕਾਂ ਦੇ ਕਤਲੋਗਾਰਤ ਦੀ ਸ਼ੁਰੂਆਤ ਹੋਈ।
ਤਾਰੀਖ ਕੀ ਨਜ਼ਰੋਂ ਨੇ ਵੋਹ ਦੌਰ ਭੀ ਦੇਖਾ ਹੈ,
ਲਮਹੋਂ ਨੇ ਖਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ।
ਇਸ ਤਰ੍ਹਾਂ ਹਜ਼ਾਰਾਂ ਸੂਰਬੀਰਾਂ ਦੀ ਕੁਰਬਾਨੀ ਦਾ ਮੁੱਲ ਵੱਟ ਕੇ ਜੇਬਾਂ ਭਰਨ ਵਾਲੇ ਗਦਾਰ ਤੇਜਾ ਸਿੰਘ ਅਤੇ ਲਾਲ ਸਿੰਘ ਦੀ ਖੋਟੀ ਨਿਅਤ ਕਰਕੇ ਇਤਿਹਾਸ ਬਦਲਦਾ ਬਦਲਦਾ ਰਹਿ ਗਿਆ। ਵਾਪਸੀ ਦੇ ਬਿਗੁਲ ਤੋਂ ਹੈਰਾਨ ਸਿੱਖ ਫੌਜ ਨੇ ਸਤਲੁਜ ਵੱਲ ਚਾਲੇ ਪਾ ਦਿੱਤੇ ਤੇ ਹਾਰੇ ਹੋਏ ਅੰਗਰੇਜ਼ ਜਿੱਤ ਦੀਆਂ ਚਾਂਗਰਾਂ ਮਾਰਨ ਲੱਗ ਪਏ। ਉਸ ਸਮੇਂ ਦਾ ਪੰਜਾਬ ਦਾ ਦਰਵੇਸ਼ ਕਵੀ ਸ਼ਾਹ ਮੁਹੰਮਦ ਖੂਨ ਦੇ ਅੱਥਰੂ ਰੋਇਆ ਉਸ ਲਿਖਿਆ ਸੀ
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।
ਉਹ ਜੰਗ ਜਿਸ ਨੂੰ ਅੰਗਰੇਜ਼ਾਂ ਨੇ Battle of Royal ਕਿਹਾ, ਦੋ ਕੌਮਾਂ ਦਰਮਿਆਨ ਲੜੀ ਜਾਣ ਵਾਲੀ ਜੰਗ ਦੀ ਅਹਿਮੀਅਤ ਦਿੱਤੀ। ਜੰਗ ਵਿੱਚ 694 ਅੰਗਰੇਜ਼ 1000 ਪੰਜਾਬ ਦੇ ਲੋਕ ਮੌਤ ਦੀ ਭੇਟ ਚੜ੍ਹ ਗਏ। ਇਹ ਗਿਣਤੀ ਸਮੇਂ ਦੀ ਅੰਗਰੇਜ਼ੀ ਸਰਕਾਰ ਵੱਲੋਂ ਦਰਸਾਈ ਗਈ। ਪਰ ਇਹ ਗਿਣਤੀ ਸਹੀ ਨਹੀਂ ਹੈ। ਦੋਹਾਂ ਧਿਰਾਂ ਦੇ ਜੰਗ ਵਿੱਚ ਸ਼ਹੀਦ ਹੋਏ ਲੋਕਾਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ ਪਰ ਸਹੀ ਤੱਥ ਉਜਾਗਰ ਕਰਨੇ ਅੰਗਰੇਜ਼ੀ ਸਰਕਾਰ ਦੇ ਪੱਖ ਵਿੱਚ ਨਹੀਂ ਸਨ। ਇਹ ਜਿੱਤੀ ਹੋਈ ਜੰਗ ਦੋ ਗਦਾਰਾਂ ਕਾਰਨ ਪੰਜਾਬ ਦੀ ਧਰਤੀ ਦੇ ਵਾਰਸ ਹਾਰ ਚੁੱਕੇ ਸਨ। ਖਿੰਡੀ ਪੁੰਡੀ ਫੌਜ ਨੇ ਸਤਲੁਜ ਵੱਲ ਦਾ ਰੁੱਖ ਕਰ ਲਿਆ। ਹੁਕਮ ਦੀ ਬੱਧੀ ਫੌਜ ਨੂੰ ਪਹਿਲੇ ਦਿਨ ਹੋਈ ਲੜਾਈ ਵਿੱਚ ਸ਼ਹੀਦ ਹੋਇਆਂ ਦੀਆਂ ਲਾਸ਼ਾਂ ਅਤੇ ਫੱਟੜ ਹੋਏ ਫੌਜੀਆਂ ਨੂੰ ਸੰਭਾਲਣ ਵੀ ਨਾ ਦਿੱਤਾ ਗਿਆ। ਵਾੜਾ ਭਾਈ ਕਾ ਪਿੰਡ ਦੇ ਕੁਝ ਖੇਤ ਹਨ, ਜਿਨ੍ਹਾਂ ਨੂੰ ਅੱਜ ਵੀ ਲੋਕ ‘ਸਿਰੀਆਂ ਵਾਲਾ ਖੇਤ’ ਆਖਦੇ ਹਨ। ਕਿਹਾ ਜਾਂਦਾ ਹੈ ਕਿ ਇਨ੍ਹਾਂ ਖੇਤਾਂ ਵਿੱਚ ਵੱਢੇ ਪਏ ਮਨੁੱਖੀ ਸਿਰ, ਜੋ ਵੱਡੀ ਗਿਣਤੀ ਵਿੱਚ ਸਨ, ਕਈ ਦਿਨ ਰੁਲਦੇ ਰਹੇ। ਜ਼ਖਮੀ ਹੋਏ ਸਿੰਘ, ਜਿਨ੍ਹਾਂ ਦੀਆਂ ਲੱਤਾਂ ਬਾਹਾਂ ਉਡ ਗਈਆਂ ਸਨ, ਕਈ ਦਿਨ ਪਾਣੀ ਪਾਣੀ ਪੁਕਾਰਦੇ ਰਹੇ। ਇਸ ਧਰਤੀ ’ਤੇ ਵਾਪਰੀਆਂ ਦਰਦਨਾਕ ਦਿਲ ਕੰਬਾਊ ਘਟਨਾਵਾਂ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ (ਭਾਵੇਂ ਇਹ ਗੈਰਵਿਗਿਆਨਕ ਗੱਲ ਹੈ) ਲੋਕ ਕਹਿੰਦੇ ਹਨ ਕਿ ਕਦੇ ਕਦੇ ਇਨ੍ਹਾਂ ਇਲਾਕਿਆਂ ਵਿੱਚੋਂ ਅੱਜ ਵੀ ਪਾਣੀ ਪਾਣੀ ਦੀਆਂ ਅਵਾਜ਼ਾਂ ਆਉਂਦੀਆਂ ਹਨ। ਇਸ ਤੋਂ ਬਾਅਦ ਅੰਗਰੇਜ਼ਾਂ ਅਤੇ ਸਿੱਖਾਂ ਦੀਆਂ ਬੱਦੋਵਾਲ, ਆਲੀਵਾਲ ਅਤੇ ਸਭਰਾਵਾਂ ਦੀਆਂ ਜੰਗਾਂ ਹੋਈਆਂ। 10 ਫਰਵਰੀ 1846 ਨੂੰ ਸਭਰਾਵਾਂ ਦੀ ਲੜਾਈ ਤੋਂ ਬਾਅਦ ਅੰਗਰੇਜ਼ਾਂ ਨੇ ਸਤਲੁਜ ਦਰਿਆ ਨੂੰ ਪਾਰ ਕਰ ਲਿਆ।
ਮੁੱਦਕੀ ਅਤੇ ਫਿਰੋਜਸ਼ਾਹ ਆਦਿ ਕੁਝ ਥਾਂਵਾਂ ’ਤੇ ਅੰਗਰੇਜ਼ ਹਕੂਮਤ ਵੱਲੋਂ 1870 ਵਿੱਚ ਆਪਣੇ ਸਿਪਾਹੀਆਂ ਦੀ ਯਾਦ ਵਿੱਚ ਲਾਟਾਂ ਉਸਾਰੀਆਂ ਗਈਆਂ ਹਨ। ਮੁੱਦਕੀ ਨੇੜੇ ਅੰਗਰੇਜ਼ ਸਿਪਾਹੀਆਂ ਦੀ ਯਾਦਗਾਰ ’ਤੇ ਸਾਡੀ ਭਾਰਤ ਸਰਕਾਰ ਵੱਲੋਂ ਇੱਕ ਚੌਕੀਦਾਰ ਵੀ ਨਿਯੁਕਤ ਕੀਤਾ ਹੋਇਆ ਹੈ। ਉਸਦੇ ਦੱਸਣ ਮੁਤਾਬਿਕ ਅੱਜ ਵੀ ਅੰਗਰੇਜ਼ ਆਪਣੇ ਵੱਡੇ ਵਡੇਰਿਆਂ ਦੀਆਂ ਇਨ੍ਹਾਂ ਯਾਦਗਾਰਾਂ ਨੂੰ ਸਿਜਦਾ ਕਰਨ ਪੁੱਜਦੇ ਹਨ। ਦੂਜੇ ਪਾਸੇ ਉਹਨਾਂ ਗੁੰਮਨਾਮ ਪੰਜਾਬੀ ਯੋਧਿਆਂ, ਜਿਨ੍ਹਾਂ ਨੇ ਦੇਸ਼ ਕੌਮ ਲਈ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ, ਦੀ ਕੋਈ ਢੁੱਕਵੀਂ ਯਾਦਗਾਰ ਨਹੀਂ ਹੈ।
ਇਨ੍ਹਾਂ ਖੇਤਾਂ ਵਿੱਚ ਡੁੱਲ੍ਹੀ ਹੈ ਰੱਤ ਸਾਡੀ,
ਇੱਥੇ ਕਿਵੇਂ ਨਾ ਸਾਵੀਆਂ ਹੋਣ ਫਸਲਾਂ।
ਅਫਸੋਸ ਇਹ ਹੈ ਕਿ ਇੱਥੇ ਸ਼ਹੀਦ ਹੋਣ ਵਾਲੇ ਸੂਰਬੀਰਾਂ ਵਿੱਚੋਂ ਕਿਸੇ ਇੱਕ ਦਾ ਵੀ ਨਾਮ ਸਥਾਨਕ ਲੋਕ ਨਹੀਂ ਜਾਣਦੇ। 1930 ਵਿੱਚ ਇੱਥੇ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਇੱਕ ਗੁਰਦਵਾਰਾ ਸ਼ਹੀਦਗੰਜ ਸਾਹਿਬ ਬਣਾਇਆ ਗਿਆ ਅਤੇ ਇਸ ਜੰਗੀ ਸਾਜ਼ੋ ਸਾਮਾਨ ਨੂੰ ਸੰਭਾਲਣ ਲਈ ਪਿੰਡ ਘੱਲ ਖੁਰਦ ਵਿਖੇ ਇੱਕ ਮਿਊਜ਼ੀਅਮ, ਜਿਸਦਾ ਉਦਘਾਟਨ ਸੰਜੇ ਗਾਂਧੀ ਨੇ ਆਪਣੇ ਸਮੇਂ ਵਿੱਚ ਕੀਤਾ ਸੀ, ਬਣਾਇਆ ਗਿਆ ਹੈ। ਇੱਥੇ ਜੰਗ ਨਾਲ ਸਬੰਧਤ ਕੁਝ ਗਿਣਤੀ ਦੀਆਂ ਤਸਵੀਰਾਂ, ਪਿਸਤੌਲ, ਬੰਦੂਕਾਂ, ਤਲਵਾਰਾਂ, ਨਿੱਕੀਆਂ ਵੱਡੀਆਂ ਕੁਝ ਤੋਪਾਂ ਪਈਆਂ ਹਨ। ਹਰ ਸ਼ੈਅ ਦੀ ਹਾਲਤ ਖਸਤਾ ਹੈ। ਮਿਊਜੀਅਮ ਦੀ ਬਿਲਡਿੰਗ ਫਰਸ਼ ਤੋਂ ਲੈ ਕੇ ਛੱਤਾਂ ਤਕ ਮੁਰੰਮਤ ਨੂੰ ਤਰਸਦੀ ਪਰਤੀਤ ਹੁੰਦੀ ਹੈ। ਮਿਊਜ਼ੀਅਮ ਦੇ ਸਟਾਫ ਨਾਲ ਗੱਲ ਕੀਤਿਆਂ ਪਤਾ ਲੱਗਾ ਕਿ ਘੱਟ ਹੀ ਲੋਕ ਹਨ, ਜੋ ਮਿਊਜ਼ੀਅਮ ਦੇਖਣ ਆਉਂਦੇ ਹਨ। ਸ਼ਾਇਦ ਸਾਡੀ ਮਨੋਬਿਰਤੀ ਹੀ ਅਜਿਹੀ ਹੈ ਕਿ ਆਪਣੇ ਵਿਰਸੇ ਵਿੱਚੋਂ ਕੁਝ ਸਿੱਖਣਾ ਸਾਡੇ ਵੱਸ ਦੀ ਗੱਲ ਨਹੀਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)
























































































































