“ਇਸ ਜੰਗ ਨਾਲ ਦੁਨੀਆਂ ਉੱਤੇ ਬੜੇ ਭਿਆਨਕ ਅਸਰ ਪੈਣਗੇ। ਹਥਿਆਰਾਂ ਦੀ ਦੌੜ ...”
(25 ਮਾਰਚ 2026)
ਜੰਗ ਅਜਿਹੀ ਭਿਆਨਕ ਅਲਾਮਤ ਹੁੰਦੀ ਹੈ ਜਿਸ ਨਾਲ ਮਨੁੱਖਤਾ ਦੇ ਪਿੰਡੇ ’ਤੇ ਹੋਏ ਜਖ਼ਮ ਸਦੀਆਂ ਤਕ ਰਿਸਦੇ ਰਹਿੰਦੇ ਹਨ। ਜੰਗ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਹੋਵੇ, ਇਹ ਦੁਨੀਆਂ ਦੇ ਹਰ ਮਨੁੱਖ ਲਈ ਘਾਟੇਵੰਦਾ ਸੌਦਾ ਸਾਬਤ ਹੁੰਦੀ ਹੈ। ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਥੋਪੀ ਗਈ ਜੰਗ ਦੇ ਗਹਿਰੇ ਪ੍ਰਭਾਵ ਵਿੱਚ ਇਸ ਸਮੇਂ ਮੱਧ ਪੂਰਬ ਦੇ ਕਈ ਦੇਸ਼ ਹਨ। ਇਸ ਜੰਗ ਦਾ ਪ੍ਰਭਾਵ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਸਭ ਉੱਤੇ ਵੀ ਪੈਣ ਲੱਗ ਪਿਆ ਹੈ।
ਅਮਰੀਕਾ ਅਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲੇ ਵਿੱਚ ਹੁਣ ਤਕ ਲਗਭਗ 3100 ਤੋਂ ਉੱਪਰ ਇਰਾਨੀ ਲੋਕ ਮਾਰੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਇਰਾਨ ਦੇ ਧਾਰਮਿਕ ਆਗੂ ਅਯਾਤੁਲਗ ਅਲੀ ਖਾਮਨੇਈ ਉਸਦੀ ਧੀ ਜਵਾਈ ਤੇ ਪੋਤੀ ਸ਼ਾਮਲ ਹਨ। ਪੂਰੀ ਦੁਨੀਆਂ ਵਿੱਚ ਉਦੋਂ ਹਾਹਾਕਾਰ ਮਚ ਗਈ ਜਦੋਂ ਅਮਰੀਕਾ ਤੇ ਇਜ਼ਰਾਇਲ ਵੱਲੋਂ ਇਰਾਨ ਦੇ ਸ਼ਹਿਰ ਮੀਨਾਬ ਤੇ ਕੀਤੇ ਗਏ ਹਮਲੇ ਵਿੱਚ 167 ਪ੍ਰਾਇਮਰੀ ਸਕੂਲ ਦੀਆਂ ਬੱਚੀਆਂ ਨੂੰ ਮਾਰ ਦਿੱਤਾ ਗਿਆ। ਇਹ ਮਾਸੂਮ ਬੱਚੀਆਂ ਵਿੱਚੋਂ ਵਧੇਰੇ ਦਸ ਸਾਲ ਤੋਂ ਘੱਟ ਉਮਰ ਦੀਆਂ ਸਨ। ਇਨ੍ਹਾਂ ਬੱਚੀਆਂ ਦੇ ਸਰੀਰਾਂ ਦੇ ਚੀਥੜੇ ਉਡ ਗਏ। ਇਨ੍ਹਾਂ ਦੇ ਵਾਰਸਾਂ ਨੂੰ ਰੋਂਦਿਆਂ ਦੇਖ ਕੇ ਅਤੇ ਇਨ੍ਹਾਂ ਦੀਆਂ ਜਦੋਂ ਸਮੂਹਕ ਕਬਰਾਂ ਪੁੱਟੀਆਂ ਗਈਆਂ ਤਾਂ ਇਸ ਮੰਜ਼ਿਰ ਨੂੰ ਦੇਖ ਕੇ ਦੁਨੀਆਂ ਦੀ ਹਰ ਸੰਵੇਦਨਸ਼ੀਲ ਅੱਖ ਨਮ ਹੋਈ। ਇਹ ਸਭ ਕੁਝ ਉਸ ਡੌਨਲਡ ਟਰੰਪ ਦੀ ਦੇਖ ਰੇਖ ਵਿੱਚ ਹੋਇਆ, ਜਿਹੜਾ 2025 ਵਿੱਚ ਆਪਣੇ ਲਈ ਨੋਬਲ ਸ਼ਾਂਤੀ ਪੁਰਸਕਾਰ ਲੈਣ ਲਈ ਜ਼ੋਰ ਲਾ ਰਿਹਾ ਸੀ।
ਇਸ ਹਮਲੇ ਸਬੰਧੀ ਡੌਨਲਡ ਟਰੰਪ ਦੇ ਤਰਕ ਬੜੇ ਬਚਗਾਨਾ ਹਨ। ਇਹ ਸਮੇਂ ਅਨੁਸਾਰ ਬਦਲਦੇ ਵੀ ਰਹਿੰਦੇ ਹਨ। ਹਮਲੇ ਸਬੰਧੀ ਡੌਨਲਡ ਟਰੰਪ ਨੇ ਕਿਹਾ ਇਹ ਹਮਲਾ ਇਰਾਨੀ ਲੋਕਾਂ ਦੀ ਅਜ਼ਾਦੀ ਲਈ ਕੀਤਾ ਗਿਆ ਹੈ, ਮਗਰੋਂ ਉਹਨਾਂ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਇਜ਼ਰਾਇਲ ਇਰਾਨ ’ਤੇ ਹਮਲਾ ਕਰਨ ਵਾਲਾ ਸੀ, ਇਸ ਲਈ ਸਾਨੂੰ ਇਹ ਖਦਸ਼ਾ ਸੀ ਕਿ ਕਿਤੇ ਇਹ ਨਾ ਹੋਵੇ ਕਿ ਜਵਾਬ ਵਿੱਚ ਇਰਾਨ ਸਾਡੇ ਫੌਜੀ ਅੱਡਿਆਂ ’ਤੇ ਹਮਲਾ ਕਰ ਦੇਵੇ, ਇਸ ਲਈ ਅਸੀਂ ਆਪਣੇ ’ਤੇ ਹੋਣ ਵਾਲੇ ਹਮਲੇ ਨੂੰ ਰੋਕਣ ਲਈ ਪਹਿਲਾਂ ਹੀ ਹਮਲਾ ਕਰ ਦਿੱਤਾ। ਅਗਲਾ ਤਰਕ ਇਹ ਸੀ ਕਿ ਇਰਾਨ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਰੋਕਣ ਲਈ ਸਹਿਮਤ ਨਹੀਂ ਹੋ ਰਿਹਾ ਸੀ, ਇਸ ਲਈ ਹਮਲਾ ਕੀਤਾ ਗਿਆ ਤਾਂ ਕਿ ਉਸਦੇ ਪ੍ਰਮਾਣੂ ਪ੍ਰੋਗਰਾਮ ਨੂੰ ਨਸ਼ਟ ਕੀਤਾ ਜਾ ਸਕੇ। ਇੱਕ ਹੋਰ ਤਰਕ ਇਹ ਵੀ ਦਿੱਤਾ ਗਿਆ ਕਿ ਇਰਾਨ ਅਜਿਹੀਆਂ ਮਿਜ਼ਾਇਲਾਂ ਬਣਾ ਰਿਹਾ ਸੀ ਜੋ ਅਮਰੀਕਾ ਤਕ ਮਾਰ ਕਰ ਸਕਦੀਆਂ ਸਨ, ਇਸ ਲਈ ਇਹ ਹਮਲਾ ਕੀਤਾ ਗਿਆ। ਇਸ ਸਮੇਂ ਦੁਨੀਆ ਹੀ ਨਹੀਂ ਅਮਰੀਕਾ ਦੇ ਲੋਕ ਵੀ ਇਹ ਸਮਝ ਰਹੇ ਹਨ ਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਇਨ੍ਹਾਂ ਸਾਰੀਆਂ ਹੀ ਗੱਲਾਂ ਵਿੱਚ ਕੋਈ ਵਜ਼ਨ ਨਹੀਂ।
ਇਹ ਹਮਲਾ ਯੂਐਨ ਕਾਨੂੰਨ ਦੀ ਉਲੰਘਣਾ ਹੈ। ਮਾਨਵੀ ਹੱਕ ਹਕੂਕ ਦੇ ਖਿਲਾਫ ਇਹ ਇੱਕ ਤਰ੍ਹਾਂ ਬਹੁਤ ਵੱਡਾ ਅਪਰਾਧ ਹੈ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦਾ ਮੰਨਣਾ ਹੈ ਕਿ ਇਰਾਨ ਦੀ ਵਧਦੀ ਜੰਗੀ ਤਾਕਤ ਇਸ ਖਿੱਤੇ ਵਿੱਚ ਬਹੁਤ ਵੱਡਾ ਖਤਰਾ ਸਾਬਤ ਹੋਣ ਜਾ ਰਹੀ ਸੀ, ਇਸ ਲਈ ਇਹ ਹਮਲਾ ਕੀਤਾ ਗਿਆ। ਉਹਨਾਂ ਦਾ ਮੰਨਣਾ ਇਹ ਵੀ ਹੈ ਕਿ ਇਰਾਨ, ਹਮਾਸ ਅਤੇ ਹੋਰ ਕੁਝ ਗਰੁੱਪ ਜੋ ਇਜ਼ਰਾਇਲ ਖਿਲਾਫ ਲੜਦੇ ਹਨ, ਉਹਨਾਂ ਨੂੰ ਹਥਿਆਰ ਮੁਹਈਆ ਕਰਵਾਉਂਦਾ ਹੈ, ਇਸ ਲਈ ਇਸ ਨੈੱਟਵਰਕ ਨੂੰ ਤੋੜਨ ਲਈ ਇਹ ਹਮਲਾ ਕੀਤਾ ਗਿਆ ਤਾਂ ਕਿ ਇਸ ਖਿੱਤੇ ਵਿੱਚ ਅਮਨ ਕਾਨੂੰਨ ਬਹਾਲ ਕੀਤਾ ਜਾ ਸਕੇ। ਇੱਥੇ ਪੁੱਛਿਆ ਇਹ ਜਾਣਾ ਚਾਹੀਦਾ ਹੈ ਹੁਣ ਤਕ ਇਜ਼ਰਾਇਲ, ਜੋ ਕੁਝ ਫਲਸਤੀਨ ਵਿੱਚ ਗਾਜ਼ਾ ਦੇ ਲੋਕਾਂ ਨਾਲ ਕਰਦਾ ਆਇਆ ਹੈ, ਉਹ ਕੀ ਸੀ? ਕਿਵੇਂ ਹਸਪਤਾਲਾਂ, ਸਕੂਲਾਂ ਨੂੰ ਮਿਜ਼ਾਇਲਾਂ ਨਾਲ ਤਬਾਹ ਕਰ ਦਿੱਤਾ ਗਿਆ? ਕਿਵੇਂ ਗਾਜ਼ਾ ਦੇ ਛੋਟੇ ਛੋਟੇ ਬੱਚਿਆਂ ਨੂੰ ਸਕੂਲਾਂ, ਹਸਪਤਾਲਾਂ ’ਤੇ ਬੰਬਾਰੀ ਕਰਕੇ ਮਾਰ ਦਿੱਤਾ ਗਿਆ? ਦੁਨੀਆਂ ਨੇ ਦੇਖਿਆ ਕਿ ਕਿਵੇਂ ਗਾਜ਼ਾ ਦੇ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਵਿਲਕਦੇ-ਤੜਫਦੇ ਭੁੱਖ ਨਾਲ ਮਰਨ ਲਈ ਮਜਬੂਰ ਕਰ ਦਿੱਤਾ ਗਿਆ। ਇਜ਼ਰਇਲ ਦੇ ਆਧੁਨਿਕ ਹਥਿਆਰ, ਜੋ ਆਪਣੇ ਟਾਰਗਟ ਨੂੰ ਲੱਭ ਕੇ ਮਾਰਨ ਵਿੱਚ ਸਮਰੱਥ ਹਨ ਤਾਂ ਸਵਾਲ ਪੈਦਾ ਹੁੰਦਾ ਕਿ ਕੀ ਇਨ੍ਹਾਂ 167 ਮਸੂਮ ਬੱਚੀਆਂ ਨੂੰ ਮਾਰਨ ਪਿੱਛੇ ਗਾਜ਼ਾ ਦੇ ਮਸੂਮਾਂ ਦੀਆਂ ਮੌਤਾਂ ਵਾਲੇ ਮੰਜ਼ਿਰ ਨੂੰ ਦੁਹਰਾਉਣਾ ਹੀ ਸੀ?
ਜੰਗ ਦੇ ਮਾਰੂ ਪ੍ਰਭਾਵ ਅਗਲੇ ਕੁਝ ਅਰਸੇ ਦੌਰਾਨ ਦਿਸਣੇ ਸ਼ੁਰੂ ਹੋ ਜਾਣਗੇ। ਤੇਲ ਦੀਆਂ ਕੀਮਤਾਂ ਵਧਣ ਲੱਗੀਆਂ ਹਨ, ਜਿਸ ਨਾਲ ਹਰ ਤਰ੍ਹਾਂ ਦੀਆਂ ਚੀਜ਼ਾਂ ਖਾਸ ਕਰਕੇ ਖਾਣ ਪੀਣ ਵਾਲੀਆਂ ਚੀਜ਼ਾਂ ਵਸਤਾਂ, ਘਰੇਲੂ ਵਰਤੋਂ ਦੀਆਂ ਚੀਜ਼ਾਂ ਅਤੇ ਦਵਾਈਆਂ ਦੇ ਭਾਅ ਵਧਣ ਲੱਗੇ ਹਨ। ਤੇਲ ਕੀਮਤਾਂ ਵਧਣਗੀਆਂ ਤਾਂ ਮਹਿੰਗਾਈ ਵਧੇਗੀ। ਮਹਿੰਗਾਈ ਵਧੇਗੀ ਤਾਂ ਇਸਦਾ ਅਸਰ ਸਾਡੀ ਸਭ ਦੀ ਜੇਬ ’ਤੇ ਹੋਵੇਗਾ। ਪਰ ਅਜਿਹਾ ਕੌਣ ਕਰ ਰਿਹਾ ਹੈ, ਅਜਿਹਾ ਕਿਉਂ ਕੀਤਾ ਜਾ ਰਿਹਾ ਹੈ? ਇਸਦਾ ਜਵਾਬ ਹੈ ਅਮਰੀਕਾ, ਜਿਸਦੀ ਵਾਗਡੋਰ ਇਸ ਸਮੇਂ 79 ਸਾਲ ਦੇ ਵਿਅਕਤੀ ਡੌਨਲਡ ਟਰੰਪ ਦੇ ਹੱਥ ਵਿੱਚ ਹੈ। ਉਸਦੀ ਇੱਛਾ ਹੈ ਕਿ ਇਰਾਨ ਵਿੱਚ ਸੱਤਾ ਤਬਦੀਲੀ ਕੀਤੀ ਜਾਵੇ। ਇਜ਼ਰਾਇਲ ਦਾ ਆਗੂ ਨੇਤਨਯਾਹੂ ਜਿਸਦੀ ਉਮਰ ਇਸ ਸਮੇਂ 76 ਸਾਲ ਹੈ, ਨੂੰ ਇਹ ਖਤਰਾ ਸੀ ਕਿ ਇਰਾਨ ਸਾਡੇ ਲਈ ਖਤਰਾ ਸਾਬਤ ਹੋ ਸਕਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਆਗੂਆਂ ਨੂੰ ਇਹ ਅਧਿਕਾਰ ਕਿਸਨੇ ਦਿੱਤਾ ਕਿ ਤੁਸੀਂ ਅਜਿਹਾ ਕਰਨ ਲਈ ਆਮ ਲੋਕਾਂ ’ਤੇ ਬੰਬਾਰੀ ਕਰੋ, ਮਾਸੂਮ ਬੱਚਿਆਂ ਦੇ ਕਤਲ ਕਰੋ ਅਤੇ ਦੁਨੀਆਂ ਨੂੰ ਬਲਦੀ ਦੇ ਬੁੱਥੇ ਦਿਓ?
ਪਰਸ਼ੀਅਨ ਗਲਫ ਤੋਂ ਨਿਕਲਣ ਵਾਲੇ ਸਮੁੰਦਰੀ ਰਸਤਾ, ਜਿਸ ਨੂੰ ਸਟਰੇਟ ਆਫ ਹਾਰਮਜ਼ ਕਿਹਾ ਜਾਂਦਾ ਹੈ, ਲਗਭਗ ਬੰਦ ਹੋ ਗਿਆ ਹੈ। ਦੁਨੀਆਂ ਦੇ ਕੇਵਲ 33 ਕਿਲੋਮੀਟਰ ਚੌੜੇ ਅਤੇ ਸਭ ਤੋਂ ਮਹੱਤਵਪੂਰਨ ਇਸ ਰਸਤੇ ਦੇ ਇੱਕ ਪਾਸੇ ਇਰਾਨ ਅਤੇ ਦੂਜੇ ਪਾਸੇ ਓਮਾਨ ਦੇਸ਼ ਹੈ। ਇਸ ਰਸਤੇ ਤੋਂ ਭਾਰਤ ਆਪਣੇ ਲਈ ਲਗਭਗ 50 ਪ੍ਰਤੀਸ਼ਤ ਤੇਲ ਲੈਂਦਾ ਹੈ ਅਤੇ ਚੀਨ ਵੀ ਇਸੇ ਰਸਤੇ ਰਾਹੀਂ ਆਪਣਾ 80 ਤੋਂ 90 ਪ੍ਰਤੀਸ਼ਤ ਤੇਲ ਆਯਾਤ ਕਰਦਾ ਹੈ। ਅਮਰੀਕਾ-ਇਜ਼ਰਾਈਲ ਅਤੇ ਇਰਾਨ ਦੇ ਯੁੱਧ ਦੇ ਚਲਦਿਆਂ ਇਹ ਰਸਤਾ ਇਸ ਸਮੇਂ ਲਗਭਗ ਬੰਦ ਹੋ ਗਿਆ ਹੈ। ਇਸ ਰਸਤੇ ਤੋਂ ਕੇਵਲ ਤੇਲ ਹੀ ਨਹੀਂ ਲਿਕੂਇਡ ਨੈਚੁਰਲ ਗੈਸ ਅਤੇ ਹੋਰ ਕਈ ਤਰ੍ਹਾਂ ਦੇ ਪ੍ਰਦਾਰਥ ਇੱਧਰ ਆਉਂਦੇ ਹਨ ਅਤੇ ਇੱਧਰੋਂ ਬਹੁਤ ਸਾਰੀਆਂ ਵਸਤਾਂ ਉੱਧਰ ਜਾਂਦੀਆਂ ਹਨ। ਦੁਨੀਆਂ ਦੇ ਇਸ ਬਹੁਤ ਹੀ ਮਹੱਤਵਪੂਰਨ ਰਸਤੇ ਰਾਹੀਂ ਸਾਊਦੀ ਅਰਬ, ਓਮਾਨ, ਇਰਾਕ, ਕੁਵੈਤ, ਯੂਏਈ, ਜਾਪਾਨ ਆਦਿ ਤੋਂ ਇਲਾਵਾ ਯੂਰਪ ਅਤੇ ਏਸ਼ੀਆ ਨੂੰ ਵਸਤਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ।
ਇਹ ਜੰਗ ਇੰਨੀ ਭਿਆਨਕ ਹੋ ਸਕਦੀ ਹੈ, ਇਸਦਾ ਅੰਦਾਜ਼ਾ ਇਜ਼ਰਾਇਲ ਅਤੇ ਅਮਰੀਕਾ ਨੂੰ ਨਹੀਂ ਸੀ। ਉਨ੍ਹਾਂ ਦਾ ਮੁੱਖ ਟਾਰਗਟ ਉੱਥੇ ਦੇ ਆਗੂ ਨੂੰ ਮਾਰ ਕੇ ਇੱਥੇ ਆਪਣੀ ਕੱਠਪੁੱਤਲੀ ਸਰਕਾਰ ਦੀ ਸਥਾਪਤੀ ਕਰਨਾ ਸੀ। ਉਨ੍ਹਾਂ ਨੂੰ ਲਗਦਾ ਸੀ ਕਿ ਇਰਾਨ ਦੀ ਸਰਕਾਰ ਤੋਂ ਅੱਕੇ ਲੋਕ ਜਿਉਂ ਹੀ ਖਾਮਨੇਈ ਦੀ ਮੌਤ ਦੀ ਖਬਰ ਸੁਣਨਗੇ ਤਾਂ ਸਾਰਾ ਇਰਾਨ ਜਸ਼ਨ ਮਨਾਉਣ ਲਈ ਸੜਕਾਂ ’ਤੇ ਆ ਜਾਵੇਗਾ ਅਤੇ ਇਸਦੇ ਨਾਲ ਹੀ ਸਾਡਾ ਕੰਮ ਸਿੱਧਾ ਹੋ ਜਾਵੇਗਾ। ਪਰ ਜਿਵੇਂ ਕਿਸੇ ਜੰਗ ਨੂੰ ਸ਼ੁਰੂ ਕਰਨ ਵਾਲੇ ਦੇ ਹੱਥ ਜੰਗ ਨੂੰ ਰੋਕਣਾ ਨਹੀਂ ਹੁੰਦਾ, ਇਸੇ ਤਰ੍ਹਾਂ ਜ਼ਰੂਰੀ ਨਹੀਂ ਕਿ ਜੰਗ ਦੇ ਨਤੀਜੇ ਆਸ ਮੁਤਾਬਿਕ ਹੀ ਹੋਣ। ਇਹ ਹੱਦ ਤੋਂ ਵੱਧ ਭਿਆਨਕ ਵੀ ਹੋ ਸਕਦੇ ਹਨ। ਪੂਰੀ ਦੁਨੀਆਂ ਇਹ ਦੇਖ ਰਹੀ ਹੈ ਆਪਣੇ ਆਗੂ ਦੀ ਮੌਤ ਤੋਂ ਮਗਰੋਂ ਜਿਵੇਂ ਇਰਾਨ ਵੱਲੋਂ ਇਹ ਜੰਗ ਲੜੀ ਜਾ ਰਹੀ ਹੈ, ਇਸ ਨਾਲ ਅਮਰੀਕੀ ਥਾਣੇਦਾਰੀ ਨੂੰ ਵੱਡਾ ਖਤਰਾ ਪੈਦਾ ਹੋ ਗਿਆ ਹੈ। ਜਿਵੇਂ ਅਮਰੀਕਾ ਦੀ ਇੱਛਾ ਸੀ ਕਿ ਇਰਾਨ ਦੇ ਆਗੂ ਖਾਮਨੇਈ ਨੂੰ ਮਾਰ ਕੇ ਇਰਾਨੀਆਂ ਨੂੰ ਰਾਹਤ ਦਿੱਤੀ ਜਾਵੇ, ਇਸ ਤਰ੍ਹਾਂ ਦੇ ਭਲਾਈ ਦੇ ਕੰਮ ਪਹਿਲਾਂ ਲੀਬੀਆ ਦੇ ਜਨਰਲ ਗਦਾਫੀ ਨੂੰ ਮਾਰ ਕੇ, ਇਰਾਕ ਦੇ ਸਦਾਮ ਹੂਸੈਨ ਨੂੰ ਫਾਸੀ ਲਾ ਕੇ ਅਤੇ ਵੈਨਜ਼ੁਏਲਾ ਦੇ ਰਾਸ਼ਟਰਪਤੀ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦੇਸ਼ਾਂ ਵਿੱਚ ਅਮਰੀਕਾ ਆਪਣੇ ਝੰਡੇ ਗੱਡ ਚੁੱਕਾ ਹੈ। ਹੁਣ ਉਸਨੇ ਆਪਣਾ ਨਵਾਂ ਸ਼ਿਕਾਰ ਇਰਾਨ ਨੂੰ ਬਣਾਇਆ ਹੈ। ਇੱਥੇ ਹੁਣ ਤਕ ਹਜ਼ਾਰਾਂ ਲੋਕਾਂ ਦੇ ਘਰਾਂ ਵਿੱਚ ਮੌਤ ਦੇ ਸੱਥਰ ਵਿਛ ਗਏ। ਇਹ ਹੀ ਨਹੀਂ, ਅਮਰੀਕਾ ਦੇ ਫੌਜੀ ਵੀ ਮਾਰੇ ਜਾ ਰਹੇ ਹਨ। ਬੇਸ਼ਕ ਲੋਕ ਮਰ ਰਹੇ ਹਨ, ਅਮਰੀਕਾ ਅਨੁਸਾਰ ਇਹ ਬੜਾ ਜ਼ਰੂਰੀ ਹੈ ਕਿ ਦੁਨੀਆਂ ਨੂੰ ਉਸਦੇ ਪਰਮਾਣੂ ਖਤਰੇ ਤੋਂ ਬਚਾਇਆ ਜਾਵੇ, ਜਿਵੇਂ ਪਹਿਲਾਂ ਜਨਰਲ ਗਦਾਫੀ, ਸਦਾਮ ਹੂਸੈਨ, ਗਾਜ਼ਾ ਵਿੱਚ ਹਜ਼ਾਰਾਂ ਔਰਤਾਂ ਬਜ਼ੁਰਗਾਂ ਅਤੇ ਮਾਸੂਮ ਬੱਚਿਆਂ ਨੂੰ ਮਾਰ ਕੇ ਉਹਨਾਂ ਨੇ ਬਚਾਇਆ ਸੀ।
ਦੁਨੀਆਂ ਇਸ ਸਮੇਂ ਇੱਕ ਬੜੇ ਭਿਆਨਕ ਦੌਰ ਵਿੱਚ ਹੈ। ਇਸ ਦੌਰ ਨੇ ਸਾਨੂੰ ਦੱਸਿਆ ਹੈ ਕਿ ਦੁਨੀਆਂ ਦੀ ਤਾਕਤ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਹੋਣੀ ਚਾਹੀਦਾ ਹੈ, ਜਿਨ੍ਹਾਂ ਨੂੰ ਇਸਦੀ ਲਾਲਸਾ ਨਾ ਹੋਵੇ ਨਾ ਕਿ ਉਹਨਾਂ ਦੋ ਕੁ ਵਿਅਕਤੀਆਂ ਕੋਲ, ਜਿਨ੍ਹਾਂ ਦੀ ਲਾਲਸਾ ਦਾ ਕੋਈ ਪਾਰਾਵਾਰ ਨਹੀਂ। ਦੁਨੀਆਂ ਦੀ ਤਾਕਤ ਦੁਨੀਆਂ ਦੇ ਵੱਖ ਵੱਖ ਖਿੱਤਿਆਂ ਦੇ ਲੋਕਾਂ ਦੇ ਹੱਥਾਂ ਵਿੱਚ ਹੋਣੀ ਚਾਹੀਦੀ। ਜਦੋਂ ਜਦੋਂ ਸੱਤਾ ਦੀ ਤਾਕਤ ਕੁਝ ਲੋਕਾਂ ਦੇ ਹੱਥਾਂ ਤਕ ਸੀਮਿਤ ਹੁੰਦੀ ਹੈ ਤਾਂ ਇਸਦਾ ਖਮਿਆਜ਼ਾ ਲੱਖਾਂ ਬੇਗੁਨਾਹ ਲੋਕਾਂ ਨੂੰ ਭੁਗਤਣਾ ਪੈਂਦਾ ਹੈ।
ਇਸ ਜੰਗ ਨਾਲ ਦੁਨੀਆਂ ਉੱਤੇ ਬੜੇ ਭਿਆਨਕ ਅਸਰ ਪੈਣਗੇ। ਹਥਿਆਰਾਂ ਦੀ ਦੌੜ ਹੋਰ ਤੇਜ਼ ਹੋਵੇਗੀ। ਵਿਕਾਸ਼ਸ਼ੀਲ ਮੁਲਕਾਂ ਵਿੱਚ ਗਰੀਬੀ ਹੋਰ ਵਧੇਗੀ। ਦੇਸ਼ਾਂ ਕੋਲ ਹਥਿਆਰ ਤਾਂ ਹੋਣਗੇ ਪਰ ਆਪਣੀ ਪਰਜਾ ਲਈ ਚੱਜ ਆਚਾਰ ਦੀ ਰੋਟੀ ਨਹੀਂ ਹੋਵੇਗੀ। ਜੰਗ ਦਾ ਸੰਕਟ ਫੈਲ ਰਿਹਾ ਅਤੇ ਗਹਿਰਾ ਹੋ ਰਿਹਾ ਹੈ। ਇਹ ਸੰਤਾਪ ਦਹਾਕਿਆਂ ਤਕ ਲੋਕਾਂ ਨੂੰ ਪ੍ਰਭਾਵਤ ਕਰੇਗਾ। ਇਹ ਜੰਗ ਦੁਨੀਆਂ ਦੀਆਂ ਆਰਥਿਕ ਨੀਤੀਆਂ ਨੂੰ ਮਾੜੇ ਢੰਗ ਨਾਲ ਪ੍ਰਭਾਵਿਤ ਕਰੇਗੀ। ਦੁਨੀਆਂ ਦੇ ਦੇਸ਼ਾਂ ਦਾ ਜੋ ਪੈਸਾ ਰੋਟੀ ਕੱਪੜੇ ਅਤੇ ਮਕਾਨ ਉੱਤੇ ਖਰਚ ਹੋਣਾ ਸੀ ਉਹ ਖਰਚ ਬੰਬਾਂ, ਮਿਜ਼ਾਇਲਾਂ ਅਤੇ ਮਾਰੂ ਹਥਿਆਰਾਂ ਉੱਤੇ ਖਰਚ ਹੋਵੇਗਾ। ਅਮਰੀਕਾ ਇਜ਼ਰਾਇਲ ਅਤੇ ਇਰਾਨ ਦਰਮਿਆਨ ਚੱਲ ਰਹੀ ਇਸ ਜੰਗ ਵਿੱਚ ਇੱਕ ਪਾਸੇ ਉਹ ਲੋਕ ਹਨ ਜਿਨ੍ਹਾਂ ਨੂੰ ਆਪਣੀ ਹੋਂਦ ਦਾ ਖਤਰਾ ਭਾਸ ਰਿਹਾ ਹੈ, ਦੂਜੇ ਪਾਸੇ ਉਹ ਹਨ, ਜਿਨ੍ਹਾਂ ਨੂੰ ਇਹ ਲਗਦਾ ਹੈ ਕਿ ਉਹਨਾਂ ਦੀ ਚੌਧਰ ਹੋਰ ਵਧਣੀ ਚਾਹੀਦੀ ਹੈ। ਦੁਨੀਆਂ ਦੇ ਲੋਕਾਂ ਨੂੰ ਇਸ ਜੰਗ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ। ਇਹ ਕਦੇ ਵੀ ਨਹੀਂ ਹੋਣਾ ਚਾਹੀਦਾ ਕਿ ਕੁਝ ਕੁ ਵਿਅਕਤੀ ਕਿਸੇ ਖਿੱਤੇ ਜਾਂ ਦੁਨੀਆਂ ਦੇ ਲੋਕਾਂ ਦੀ ਤਕਦੀਰ ਲਿਖਣ ਦੇ ਸਮਰੱਥ ਹੋ ਜਾਣ ਅਤੇ ਇਨ੍ਹਾਂ ਨੂੰ ਇਹ ਅਧਿਕਾਰ ਹੋਵੇ ਕਿ ਇਹ ਦੁਨੀਆਂ ਦੇ ਜਿਸ ਖਿੱਤੇ ਵਿੱਚ ਮਰਜ਼ੀ ਲੋਕਾਂ ਦੀ ਤਬਾਹੀ ਦੇ ਮਨਸੂਬੇ ਘੜ ਲੈਣ।
ਦੁਨੀਆਂ ਨੂੰ ਇਸ ਜੰਗ ਨੂੰ ਚੌਧਰ ਅਤੇ ਹੋਂਦ ਨੂੰ ਬਚਾਉਣ ਵਾਲੀ ਜੰਗ ਦੇ ਰੂਪ ਵਿੱਚ ਦੇਖਣਾ ਚਾਹੀਦਾ ਹੈ। ਦੁਨੀਆਂ ਦੇ ਲੋਕ ਆਪਣੇ ਬੱਚਿਆਂ ਅਤੇ ਆਪਣੇ ਘਰਾਂ ਦੀ ਸਲਾਮਤੀ ਚਾਹੁੰਦੇ ਹਨ, ਕਿਸੇ ਖਿੱਤੇ ਵਿੱਚ ਲੋਕਾਂ ਨੂੰ ਮਾਰ ਕੇ ਘਰਾਂ, ਸਕੂਲਾਂ, ਹਸਪਤਾਲਾਂ ਨੂੰ ਤਬਾਹ ਕਰਕੇ ਲੋਕਾਂ ਲਈ ਖੁਸ਼ੀ ਅਤੇ ਖੁਸ਼ਹਾਲੀ ਪੈਦਾ ਨਹੀਂ ਕੀਤੀ ਜਾ ਸਕਦੀ। ਦੂਜਿਆਂ ਦੀ ਤਬਾਹੀ ਕਰ ਕੇ ਪ੍ਰਾਪਤ ਕੀਤੀਆਂ ਜਿੱਤਾਂ, ਜਿੱਤਾਂ ਨਹੀਂ ਹੁੰਦੀਆਂ ਬਲਕਿ ਇਹ ਜ਼ੁਲਮੋ-ਤਸ਼ੱਦਦ ਦੀ ਖੇਡ ਹੁੰਦੀ ਹੈ ਅਤੇ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਨੂੰ ਇਸ ਖੂਨੀ ਖੇਡ ਨੂੰ ਰੋਕਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































