GurcharanSNoorpur7“ਜਿਸਨੇ ਇਹ ਲੇਖ ਨਹੀਂ ਪੜ੍ਹਿਆ, ਸਮਝੋ ਉਸਨੇ ‘ਸਰੋਕਾਰ’ ਵਿੱਚ ਕੁਝ ਵੀ ਨਹੀਂ ਪੜ੍ਹਿਆ .... --- ਸਰੋਕਾਰ)”
(13 ਜਨਵਰੀ 2026)


ਡੇਰੇ ਵਿੱਚ ਅਨੇਕਾਂ ਸ਼ਰਧਾਲੂ ਆਉਂਦੇ
, ਮੱਥੇ ਰਗੜਦੇ, ਸੁੱਖਣਾ ਸੁੱਖਦੇ, ਘਰਾਂ ਦੀ ਗਰੀਬੀ, ਮੰਦਹਾਲੀ ਅਤੇ ਘਰੇਲੂ ਕਲੇਸ਼ ਤੋਂ ਨਿਜਾਤ ਪਾਉਣ ਲਈ ਅਰਦਾਸਾਂ ਬੇਨਤੀਆਂ ਕਰਦੇਇਸੇ ਡੇਰੇ ਦੇ ਹੀ ਇੱਕ ਸ਼ਰਧਾਲੂ ਦੀ ਡੇਰੇ ਵਿੱਚ ਬੜੀ ਗਹਿਰੀ ਸ਼ਰਧਾ ਸੀਉਹ ਹਰ ਕੰਮ ਡੇਰੇ ਤੋਂ ਓਟ ਆਸਰਾ ਲੈ ਕੇ ਕਰਦਾਘਰ ਵਿੱਚ ਗਰੀਬੀ ਸੀ, ਇਸਦੇ ਬਾਵਜੂਦ ਵੀ ਡੇਰੇ ਲਈ ਦਸਵੰਦ ਕੱਢਦਾ, ਕਈ ਦਿਨ ਡੇਰੇ ਵਿੱਚ ਸਫਾਈਆਂ ਕਰਦਾ। ਜਦੋਂ ਕਦੇ ਇੱਥੇ ਉਸਾਰੀ ਹੋ ਰਹੀ ਹੁੰਦੀ ਤਾਂ ਮਿੱਟੀ, ਬਜਰੀ, ਰੇਤਾ, ਇੱਟਾਂ ਢੋਣ ਦੀ ਸੇਵਾ ਕਰਦਾ, ਸੰਗਤਾਂ ਦੇ ਜੂਠੇ ਭਾਂਡੇ ਮਾਂਜਦਾ। ਗੱਲ ਕੀ ਹਰ ਤਰ੍ਹਾਂ ਦੇ ਔਖੇ ਤੋਂ ਔਖੇ ਕੰਮ ਕਰਨ ਨੂੰ ਉਹ ਸੇਵਾ ਸਮਝਕੇ ਕਰਦਾ ਅਤੇ ਆਪਣੇ ਧੰਨਭਾਗ ਸਮਝਦਾਡੇਰੇਦਾਰ ਉਸਦੀ ਆਸਥਾ ਨੂੰ ਸਮਝਦਾ ਸੀਇੱਕ ਦਿਨ ਜਦੋਂ ਡੇਰੇਦਾਰ ਡੇਰੇ ਦੇ ਹਰੇ ਘਾਹ ਦੇ ਲਾਅਨ ਵਿੱਚ ਦੁੱਧ ਧੋਤਾ ਲਿਬਾਸ ਪਾ ਕੇ ਟਹਿਲ ਰਿਹਾ ਸੀ ਤਾਂ ਉਸਨੇ ਉਸ ਸ਼ਰਧਾਲੂ ਨੂੰ ਬੂਟਿਆਂ ਨੂੰ ਰੂੜੀ ਪਾਉਣ ਦੀ ਸੇਵਾ ਕਰਦਿਆਂ ਦੇਖਿਆਡੇਰੇਦਾਰ ਦੇ ਮਨ ਵਿੱਚ ਦਇਆ ਆਈ, ਉਸਨੇ ਸ਼ਰਧਾਲੂ ਨੂੰ ਅਵਾਜ਼ ਮਾਰੀ ਤੇ ਕਿਹਾ, “ਅਸੀਂ ਤੇਰੀ ਸੇਵਾ ’ਤੇ ਬੜੇ ਖੁਸ਼ ਹਾਂ, ਅੱਜ ਜੋ ਮੰਗਣਾ ਏਂ ਮੰਗ ਲੈ।”

ਸ਼ਰਧਾਲੂ ਨੂੰ ਕਈ ਸਾਲਾਂ ਤੋਂ ਜਿਸਦੀ ਉਮੀਦ ਸੀ, ਉਹ ਉਮੀਦ, ਉਹ ਆਸ ਪੂਰੀ ਹੋਣ ’ਤੇ ਆ ਗਈ ਸੀ ਉਸਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏਉਸ ਕਿਹਾ, “ਮਹਾਰਾਜ! ਮੈਨੂੰ ਅਤੇ ਮੇਰੇ ਪਰਿਵਾਰ ਨੂੰ ਖੁਸ਼ੀਆਂ ਦੀ ਬਖਸ਼ਿਸ਼ ਕਰੋਅਸੀਂ ਸਾਰਾ ਪਰਿਵਾਰ ਸਮਰੱਥ ਜ਼ਿੰਦਗੀ ਜਿਊਣ ਦੇ ਕਾਬਿਲ ਹੋਈਏਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਹੋਣ, ਮੈਂ ਚੰਗੀ ਜ਼ਿੰਦਗੀ ਜਿਊਣ ਦਾ ਇਛੁੱਕ ਹਾਂ ਮਹਾਰਾਜ!

ਡੇਰੇਦਾਰ ਉਸਦੀ ਗੱਲ ਤੋਂ ਕੁਝ ਨਿਰਾਸ਼ ਹੋਇਆ ਤੇ ਬੋਲਿਆ, “ਮੈਂ ਤੈਨੂੰ ਮੁਕਤੀ ਦਾ ਵਰ ਦਿੰਦਾ ਹਾਂ।”

ਪਰ ਮਹਾਰਾਜ ਮੈਂ ਚੰਗੀ ਜ਼ਿੰਦਗੀ ਵੀ ਜਿਉਣੀ ਚਾਹੁੰਦਾ ਹਾਂਇਹ ਵੀ ਚਾਹੁੰਦਾ ਹਾਂ ਕਿ ਮੇਰੇ ਧੀਆਂ ਪੁੱਤਰ ਵੀ ਚੰਗੀ ਜ਼ਿੰਦਗੀ ਜਿਊਣਉਹਨਾਂ ਨੂੰ ਕਿਸੇ ਅੱਗੇ ਹੱਥ ਨਾ ਅੱਡਣੇ ਪੈਣ।” ਸ਼ਰਧਾਲੂ ਨੇ ਸਵਾਲ ਕਰ ਦਿੱਤਾ

ਓ ਬੇਸਮਝ ਇਨਸਾਨ! ਅਸੀਂ ਤੈਨੂੰ ਮੁਕਤੀ ਦਾ ਵਰ ਦੇ ਰਹੇ ਹਾਂ ਤੇ ਤੂੰ ਫਿਰ ਦੁਨੀਆਵੀ ਝੰਜਟਾਂ ਵਿੱਚ ਪਿਆ ਹੋਇਆ ਏਂ? ਕੁਝ ਹੋਸ਼ ਕਰ, ਹੋਸ਼! ਕਿਹੋ ਜਿਹੀ ਜ਼ਿੰਦਗੀ ਚਾਹੀਦੀ ਹੈ ਤੈਨੂੰ, ਬੋਲ?” ਚਿੱਟੇ ਲਿਬਾਸ ਵਿੱਚੋਂ ਸੋਨੇ ਦੇ ਚੈਨ ਵਾਲੀ ਘੜੀ ਚਮਕੀ

ਓਹੋ ਜਿਹੀ ਜ਼ਿੰਦਗੀ ਜਿਹੋ ਜਿਹੀ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਹੈਜਦੋਂ ਤੁਹਾਡੀ ਇਹ ‘ਮੁਕਤੀ’ ਮੈਂਨੂੰ ਮਿਲੇਗੀ, ਉਦੋਂ ਤਾਂ ਮੈਂ ਹੋਣਾ ਹੀ ਨਹੀਂ ਤਾਂ ਇਹ ਮੁਕਤੀ ਮੇਰੇ ਕਿਸ ਕੰਮ? ਨਾਲੇ ਪਹਿਲਾਂ ਜ਼ਿੰਦਗੀ ਤਾਂ ਜਿਉਂ ਕੇ ਦੇਖ ਲਈਏ ਫਿਰ ਮੁਕਤੀ ਬਾਰੇ ਵੀ ਵਿਚਾਰ ਕਰ ਲਵਾਂਗੇ।”

... ਤੇ ਜੀਵਨ ਦੇ ਸੱਚ ਅੱਗੇ ਮੁਕਤੀ ਦਾ ਵਰਦਾਨ ਬੌਣਾ ਜਿਹਾ ਹੋ ਗਿਆ ਸੀ

ਅਖੌਤੀ ਧਰਮ ਪ੍ਰਚਾਰਕ, ਡੇਰੇਦਾਰ, ਪੁਜਾਰੀ ਸਾਨੂੰ ਕਿਸੇ ਅਗਲੇ ਜਨਮ ਨੂੰ ਸੋਧਣ, ਸੁਧਾਰਨ ਦੀਆਂ ਜੁਗਤਾਂ ਦੱਸ ਰਹੇ ਹਨ ਪਰ ਸਾਡੇ ਇਸ ਜੀਵਨ ਵਿੱਚ ਜੋ ਕੁਝ ਹੋ ਵਾਪਰ ਰਿਹਾ ਹੈ, ਉਸਦਾ ਫਿਕਰ ਕਿੱਥੇ ਹੈ? ਸਾਡੇ ਇਸ ਜੀਵਨ ਵਿੱਚ ਸਾਡੀਆਂ ਅੱਖਾਂ ਅੱਗੇ ਹਰ ਰੋਜ਼ ਵਧੀਕੀਆਂ ਹੋ ਰਹੀਆਂ ਹਨ, ਭ੍ਰਿਸ਼ਟਾਚਾਰ ਦਾ ਬੋਲਬਾਲਾ ਵਸੀਹ ਹੁੰਦਾ ਜਾ ਰਿਹਾ ਹੈਰਾਜਨੀਤਕ ਬਦਨੀਤੀਆਂ ਲੱਖਾਂ ਲੋਕਾਂ ਦੇ ਜੀਵਨ ਨੂੰ ਦੀਨ-ਹੀਣ ਬਣਾ ਰਹੀਆਂ ਹਨਮਾਵਾਂ ਦੇ ਸਰੂਆਂ ਵਰਗੇ ਪੁੱਤ ਨਸ਼ਿਆਂ ਦੀ ਅੱਗ ਵਿੱਚ ਝੁਲਸ ਰਹੇ ਹਨ, ਲੋਕਾਂ ਨੂੰ ਖੈਰਾਤਾਂ ਦੇ ਪਾਤਰ ਬਣਾ ਦਿੱਤਾ ਗਿਆ ਹੈਆਪਾ-ਧਾਪੀ ਅਤੇ ਮਾਰਾਮਾਰੀ ਦੇ ਇਸ ਦੌਰ ਵਿੱਚ ਕੁਦਰਤ ਦੇ ਖਜ਼ਾਨਿਆਂ ਨੂੰ ਹਰ ਦਿਨ ਲੁੱਟਿਆ ਜਾ ਰਿਹਾ ਹੈਜਲ, ਜੰਗਲ ਅਤੇ ਆਲੇ ਦੁਆਲੇ ਦੀ ਇੰਨੀ ਤਬਾਹੀ ਮਨੁੱਖੀ ਸੱਭਿਅਤਾ ਦੇ ਕਿਸੇ ਦੌਰ ਵਿੱਚ ਨਹੀਂ ਹੋਈ, ਜਿੰਨੀ ਇਸ ਵੇਲੇ ਹੋ ਰਹੀ ਹੈਇਸ ਤਬਾਹੀ ਵਿੱਚੋਂ ਮਨੁੱਖ ਦੀਆਂ ਬਿਮਾਰੀਆਂ, ਦੁਸ਼ਵਾਰੀਆਂ, ਗਰੀਬੀ, ਭੁੱਖ-ਨੰਗ  ਬੇਕਾਰੀ ਵਰਗੇ ਸੰਕਟ ਪੈਦਾ ਹੁੰਦੇ ਹਨਪਰ ਅਖੌਤੀ ਮਜ਼ਹਬੀ ਮੰਚਾਂ, ਜਿੱਥੋਂ ਮਨੁੱਖ ਨੂੰ ਇਸ ਜਨਮ ਨੂੰ ਚੰਗਾ ਬਣਾਉਣ ਅਤੇ ਜਨਮਾਂ-ਜਨਮਾਂਤਰਾਂ ਤੋਂ ਮੁਕਤੀ ਪਾਉਣ ਦੀ ਜੁਗਤ ਦੱਸੀ ਜਾ ਰਹੀ ਹੈ, ਉਸ ਮੰਚ ਤੋਂ ਮਨੁੱਖ ਦੀਆਂ ਇਹ ਸਮੱਸਿਆਵਾਂ, ਦੁੱਖ ਅਤੇ ਸੰਕਟ ਗੈਰਹਾਜਿਰ ਕਿਉਂ ਹਨਇਹ ਸਾਡੇ ਸਮਿਆਂ ਦਾ ਇੱਕ ਬਹੁਤ ਵੱਡਾ ਸਵਾਲ ਹੈ, ਜਿਸਦਾ ਜਵਾਬ ਸਾਡੇ ਸਮੇਂ ਦੇ ਅਖੌਤੀ ਮਜ਼ਹਬੀ ਰਹਿਬਰਾਂ ਕੋਲ ਕੋਈ ਨਹੀਂ

ਅਸੀਂ ਆਪਣੀ ਵਿਰਾਸਤ ’ਤੇ ਜੇਕਰ ਨਜ਼ਰ ਮਾਰੀਏ ਤਾਂ ਬੀਤੇ ਸਮਿਆਂ ਦੌਰਾਨ ਸਾਡੇ ਗੁਰੂ ਸਾਹਿਬਾਨ ਨੇ ਉਸ ਸਮੇਂ ਦੇ ਸ਼ਾਸਕਾਂ, ਰਾਜਿਆਂ-ਮਹਾਰਾਜਿਆਂ ਅਤੇ ਇਨ੍ਹਾਂ ਦੇ ਜੋਟੀਦਾਰਾਂ ਅਖੌਤੀ ਪੁਜਾਰੀ ਜਮਾਤ ਨੂੰ ਚੌਰਾਹੇ ਵਿੱਚ ਖੜ੍ਹੇ ਕਰਕੇ ਉਹਨਾਂ ਦੀ ਅਸਲੀਅਤ ਦੱਸੀਉਹਨਾਂ ਦੇ ਮੂੰਹ ਤੋਂ ਮਾਨਵਤਾ ਦਾ ਝੂਠ ਨਿਕਾਬ ਉਤਾਰਕੇ ਉਹਨਾਂ ਦੇ ਚਿਹਰਿਆਂ ਨੂੰ ਦੁਨੀਆਂ ਅੱਗੇ ਨੰਗਿਆਂ ਕਰਕੇ ਮਾਨਵਤਾ ਨੂੰ ਦੱਸਿਆ ਕਿ ਇਨ੍ਹਾਂ ਅਖੌਤੀ ਰਹਿਬਰਾਂ ਦੇ ਅਸਲੀ ਕਿਰਦਾਰ ਕੀ ਹਨਸੱਚ ਕਹਿਣ ਦੀ ਜੁਰਅਤ ਕਰਨ ਕਰਕੇ ਉਹਨਾਂ ਨੂੰ ਬਹੁਤ ਵੱਡੀਆਂ ਕੁਰਬਾਨੀਆਂ ਵੀ ਦੇਣੀਆਂ ਪਈਆਂਅਸੀਂ ਆਪਣੇ ਸ਼ਹੀਦਾਂ, ਮਹਾਂਪੁਰਸ਼ਾਂ ਅਤੇ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਪੜ੍ਹੀਏ ਤਾਂ ਸਾਨੂੰ ਪਤਾ ਚਲਦਾ ਹੈ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਵਿੱਚ ਸਮਾਜ ਹੈ, ਇਹ ਦੁਨੀਆਂ ਹੈ, ਇਸੇ ਜੀਵਨ ਨੂੰ ਚੰਗਾ ਅਤੇ ਬਿਹਤਰ ਬਣਾਉਣ ਦੀ ਤਾਗੀਦ ਹੈਇਸੇ ਸਮਾਜ ਲਈ ਕੁਝ ਚੰਗਾ ਕਰਨ ਦਾ ਸੰਕਲਪ ਹੈਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਇਹ ਫਰਮਾਉਂਦੇ ਹਨ ਕਿ:

ਕਾਦੀ ਕੂੜ ਬੋਲਿ ਮਲ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣਾ ਹੈ ਅੰਧ॥ ਤੀਨੈ ਓਜਾੜੇ ਕਾ ਬੰਧ॥

ਗੁਰੂ ਸਾਹਿਬ ਦਾ ਭਾਵ ਉਸ ਸਮੇਂ ਦੀ ਉਸ ਧਾਰਮਿਕ ਜਮਾਤ ਨੂੰ ਹੀ ਕੁਟਿਹਰੇ ਵਿੱਚ ਖੜ੍ਹਾ ਕਰਨਾ ਸੀ ਜੋ ਲੋਕਾਂ ਦੀ ਗੱਲ ਕਰਨ ਦੀ ਬਜਾਏ ਸਮੇਂ ਦੇ ਹਾਕਮਾਂ ਦੀ ਝੋਲੀ ਚੁੱਕ ਬਣੀ ਹੋਈ ਸੀਇਸ ਤਰ੍ਹਾਂ ਗੁਰੂ ਜੀ ਨੇ ਲੋਕਾਂ ਨੂੰ ਸੱਚ ਦੇ ਮਾਰਗ ’ਤੇ ਚੱਲਣ ਦੀ ਤਾਗੀਦ ਕਰਦਿਆਂ ਉਸ ਸਮੇਂ ਦੇ ਇਨ੍ਹਾਂ ਧਾਰਮਿਕ ਅਡੰਬਰ ਕਰਨ ਵਾਲਿਆਂ ਦੀ ਅਸਲੀਅਤ ਵੀ ਲੋਕਾਂ ਸਾਹਮਣੇ ਰੱਖੀਉਸ ਸਮੇਂ ਦੇ ਹਾਕਮ, ਜੋ ਲੋਕਾਂ ਨੂੰ ਲੁੱਟ ਕੇ ਆਪਣੀਆਂ ਤਜੌਰੀਆਂ ਭਰ ਰਹੇ ਸਨ, ਧਨਾਢ ਬਣ ਰਹੇ ਸਨ, ਲੋਕਾਂ ਦਾ ਹੱਕ ਖਾ ਰਹੇ ਸਨ, ਉਹਨਾਂ ਹਾਕਮਾਂ ਦੇ ਕਿਰਦਾਰ ਸਬੰਧੀ ਗੁਰੂ ਸਾਹਿਬ ਨੇ ਫਰਮਾਇਆ

ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤ॥
ਜੋ ਰਤੁ ਪੀਵਹਿ ਮਾਣਸਾ ਤਿਨੁ ਕਿਉਂ ਨਿਰਮਲੁ ਚੀਤੁ॥

ਸਾਡੇ ਅੱਜ ਦੇ ਸਮਾਜ ਵਿੱਚ ਇਹ ਸਭ ਕੁਝ ਬੀਤੇ ਨਾਲੋਂ ਕਈ ਗੁਣਾ ਵੱਧ ਹੋ ਬੀਤ ਰਿਹਾ ਹੈ ਪਰ ਸਾਡੇ ਸਮਿਆਂ ਦੀਆਂ ਵੱਖ ਵੱਖ ਸੰਪਰਦਾਵਾਂ, ਮਜ਼ਾਰਾਂ, ਡੇਰਿਆਂ, ਅਖੌਤੀ ਧਰਮ ਅਸਥਾਨਾਂ ਦੇ ਰਹਿਬਰਾਂ ਦੀ ਲੋਕ ਪੱਖੀ ਮਾਨਵਤਾ ਦੀ ਆਵਾਜ਼ ਕਿੱਥੇ ਹੈ? ਸਾਡੇ ਲੋਕ ਵੱਖ ਵੱਖ ਤਰ੍ਹਾਂ ਦੇ ਸੰਕਟ ਅਤੇ ਸਮੱਸਿਆਵਾਂ ਹੰਡਾ ਰਹੇ ਹਨਇਸ ਸਥਿਤੀ ਵਿੱਚ ਧਾਰਮਿਕ ਅਡੰਬਰ ਅਤੇ ਇਨ੍ਹਾਂ ਦੇ ਰਚਨਹਾਰੇ ਲੋਕਾਂ ਨੂੰ ਦੱਸਦੇ ਹਨ ਕਿ ਤੁਹਾਡੀਆਂ ਮੁਸ਼ਕਲਾਂ, ਸਮੱਸਿਆਵਾਂ ਕਿਸੇ ਰਾਜਨੀਤਕ ਭੈੜ ਕਰਕੇ ਨਹੀਂ ਬਲਕਿ ਇਹ ਸਭ ਕੁਝ ਤਾਂ ਕਿਸਮਤ ਦੀਆਂ ਖੇਡਾਂ ਨੇ, ਕਰਮਾਂ ਦਾ ਲੇਖਾ ਜੋਖਾ ਹੈਜੇਕਰ ਕਿਸੇ ਦਫਤਰ ਵਿੱਚ ਜਾਂਦਿਆਂ ਤੁਹਾਡੇ ਲੀੜੇ ਲਾਹ ਲਏ ਜਾਂਦੇ ਹਨ, ਕਿਸੇ ਸਰਕਾਰੀ ਅਦਾਰੇ ਵਿੱਚ ਤੁਹਾਡੀ ਗੱਲ ਨਹੀਂ ਸੁਣੀ ਜਾ ਰਹੀ, ਜੇਕਰ ਕਿਸੇ ਰਸਤੇ ਤੋਂ ਲੰਘਦਿਆਂ ਤੁਹਾਨੂੰ ਲੁੱਟ ਲਿਆ ਜਾਂਦਾ ਹੈ, ਜੇਕਰ ਇਸ ਧਰਤੀ ’ਤੇ ਤੁਹਾਡੇ ਬੱਚਿਆਂ ਦਾ ਭਵਿੱਖ ਤਬਾਹ ਕੀਤਾ ਜਾ ਰਿਹਾ ਹੈ, ਜੇਕਰ ਤੁਹਾਡੇ ਆਲੇ ਦੁਆਲੇ ਗੰਦਗੀ ਦੇ ਢੇਰ ਹਨ, ਜੇਕਰ ਤੁਹਾਡਾ ਆਲਾ ਦੁਆਲਾ ਬਿਮਾਰੀਆਂ ਪੈਦਾ ਕਰ ਰਿਹਾ ਹੈ, ਜੇਕਰ ਤੁਹਾਨੂੰ ਅਤੇ ਤੁਹਾਡੀ ਔਲਾਦ ਨੂੰ ਨਕਲੀ ਖਾਣੇ ਅਤੇ ਨਕਲੀ ਦਵਾਈਆਂ ਮਿਲ ਰਹੀਆਂ ਹਨ,  ਜਿਨ੍ਹਾਂ ਨੂੰ ਖਾਣ ਨਾਲ ਤੁਸੀਂ ਬਿਮਾਰ ਹੋ ਰਹੇ ਹੋ, ਤੁਹਾਨੂੰ ਜ਼ਿਹਨੀ ਤੌਰ ’ਤੇ ਗੁਲਾਮ ਬਣਾਉਣ ਲਈ ਹਰ ਤਰ੍ਹਾਂ ਦੇ ਰੱਸੇ ਪੈੜੇ ਵੱਟੇ ਜਾ ਰਹੇ ਹਨ, ਭ੍ਰਿਸ਼ਟਾਚਾਰ ਸਮਾਜ ਦੀਆਂ ਜੜ੍ਹਾਂ ਨੂੰ ਖਾ ਰਿਹਾ ਹੈ ਤਾਂ ਇਸ ਲਈ ਸਾਡਾ ਇਹ ਭ੍ਰਿਸ਼ਟ ਨਿਜ਼ਾਮ ਜ਼ਿੰਮੇਵਾਰ ਨਹੀਂ ਬਲਕਿ ਇਹ ਸਭ ਕੁਝ ਤਾਂ ਸਾਡੀ ਧੁਰੋਂ ਲਿਖੀ ਕਿਸਮਤ ਕਰਕੇ ਹੋ ਰਿਹਾ ਹੈਜੇਕਰ ਅਸੀਂ ਆਪਣੀ ਕਿਸਮਤ ਨੂੰ ਬਦਲਣਾ ਹੈ ਤਾਂ ਇਸ ਲਈ ਜ਼ਰੂਰੀ ਹੈ ਕਿ ਅਸੀਂ ਅਖੌਤੀ ਸਾਧਾਂ ਬਾਬਿਆਂ ਦੀਆਂ ਚੌਕੀਆਂ ਭਰੀਏ ਇਨ੍ਹਾਂ ਦੇ ਡੇਰਿਆਂ, ਦਰਬਾਰਾਂ ’ਤੇ ਜਾ ਕੇ ਸੇਵਾ ਕਰੀਏ, ਦਸਵੰਧ ਕੱਢੀਏਇਹ ਅੰਧਵਿਸ਼ਵਾਸ ਲੋਕਾਂ ਦੇ ਵਿਵੇਕ ਨੂੰ ਬੌਣਾ ਬਣਾ ਰਿਹਾ ਹੈਇਸ ਮਾਨਸਿਕਤਾ ਨਾਲ ਜਿੱਥੇ ਇਸ ਭ੍ਰਿਸ਼ਟ ਨਿਜ਼ਾਮ ਦਾ ਕੱਦ ਵੱਡਾ ਹੁੰਦਾ ਹੈ, ਉੱਥੇ ਇਸ ਮਾਨਸਿਕਤਾ ਨਾਲ ਇਸ ਨਿਜ਼ਾਮ ਦੀ ਉਮਰ ਵੀ ਲੰਮੀ ਹੁੰਦੀ ਹੈ

ਇਸੇ ਮਾਨਸਿਕਤਾ ਤਹਿਤ ਲੋਕ ਆਪਣੇ ਘਰਾਂ ਦੀ ਗਰੀਬੀ, ਬਿਮਾਰੀ, ਲੜਾਈਆਂ, ਕਲੇਸ਼ ਤੋਂ ਨਿਜਾਤ ਪਾਉਣ ਲਈ ਮਹੀਨੇ, ਮੱਸਿਆ, ਪੁੰਨਿਆ, ਵੱਖ ਵੱਖ ਦਿਨਾਂ ’ਤੇ ਇਨ੍ਹਾਂ ਡੇਰਿਆਂ, ਮੱਠਾਂ, ਮਜ਼ਾਰਾਂ, ਅਖੌਤੀ ਧਰਮ ਅਸਥਾਨਾਂ ’ਤੇ ਹਾਜ਼ਰੀਆਂ ਭਰਦੇ ਹਨ, ਚੜ੍ਹਾਵੇ ਚੜ੍ਹਾਉਂਦੇ ਹਨਇਸ ਨਾਲ ਅਖੌਤੀ ਧਰਮ ਸਥਾਨਾਂ ਦੀਆਂ ਜਾਇਦਾਦਾਂ ਬੇਹਿਸਾਬੀਆਂ ਵਧਦੀਆਂ ਹਨਅਖੌਤੀ ਰਾਜਨੀਤਕ ਆਗੂ ਵੋਟਾਂ ਦੇ ਪਰਾਗੇ ਭਰਨ ਲਈ ਇਨ੍ਹਾਂ ਡੇਰਿਆਂ, ਮੱਠਾਂ, ਮਜ਼ਾਰਾਂ ਦੀ ਹਾਜ਼ਰੀ ਭਰਦੇ ਹਨਹੁਣ ਤਾਂ ਗੱਲ ਇਸ ਤੋਂ ਕਿਤੇ ਅਗਾਂਹ ਚਲੀ ਗਈ ਹੈ। ਹੁਣ ਤਾਂ ਵੋਟਾਂ ਸਿਰ ’ਤੇ ਹੋਣ ਤਾਂ ਮਜ਼ਹਬੀ ਮੁੱਦਿਆਂ ਨੂੰ ਹੋਰ ਤੂਲ ਦਿੱਤੀ ਜਾਂਦੀ ਹੈਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਾ ਹੋਣ, ਰਾਜਨੀਤਕ ਭ੍ਰਿਸ਼ਟਾਚਾਰ ਵਧੇ-ਫੁੱਲੇ, ਇਸਦੀ ਉਮਰ ਲੰਮੀ ਹੋਵੇ, ਇਸ ਲਈ ਜ਼ਰੂਰੀ ਹੈ ਕਿ ਲੋਕ ਅਖੌਤੀ ਧਰਮ-ਕਰਮ ਦੇ ਭਲੇਖਿਆਂ ਦਾ ਸ਼ਿਕਾਰ ਬਣੇ ਰਹਿਣਕਿਸਮਤਵਾਦ ਦੇ ਚੱਕਰਾਂ ਵਿੱਚ ਭਸੇ ਲੋਕ ਰਾਜਨੀਤਕ ਭ੍ਰਿਸ਼ਟਾਚਾਰ ਅਤੇ ਲੋਕਮਾਰੂ ਨੀਤੀਆਂ ਪ੍ਰਤੀ ਨਿਰਲੇਪ ਰਹਿਣਇਸ ਤਰ੍ਹਾਂ ਰਾਜਨੀਤਕ ਕੁਟਿਲਤਾ ਅਤੇ ਭ੍ਰਿਸ਼ਟਾਚਾਰ ਰਾਹੀਂ ਹਰ ਤਰ੍ਹਾਂ ਦੀ ਕਾਣੀ ਵੰਡ ਜਾਰੀ ਰਹੇਗੀ ਤਾਂ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਜਾਣਗੀਆਂਸਮੱਸਿਆਵਾਂ ਦੇ ਕੱਦ ਵੱਡੇ ਹੋਣਗੇ ਤਾਂ ਜ਼ਾਹਿਰ ਹੈ ਕਿ ਕਿਸੇ ਗੈਬੀ ਸ਼ਕਤੀ ਦੇ ਓਟ ਆਸਰੇ ਦੀ ਲੋੜ ਰਹੇਗੀਜੇਕਰ ਅਜਿਹੀ ਓਟ ਦੀ ਜ਼ਰੂਰਤ ਹੈ ਤਾਂ ਇਸ ਨਾਲ ਡੇਰਿਆਂ, ਮਜ਼ਾਰਾਂ ਮੱਠਾਂ, ਧਰਮ ਅਸਥਾਨਾਂ ਉੱਤੇ ਭੀੜਾਂ ਵਿੱਚ ਹੋਰ ਵਾਧਾ ਹੋਵੇਗਾਇਸ ਢੰਗ ਨਾਲ ਭ੍ਰਿਸ਼ਟ ਰਾਜਨੀਤੀ, ਅਖੌਤੀ ਧਰਮ ਦੇ ਨਾਮ ’ਤੇ ਰਚੇ ਜਾਂਦੇ ਅਡੰਬਰਾਂ ਨੂੰ ਹਰ ਤਰ੍ਹਾਂ ਬਲ ਬਖਸ਼ਦੀ ਹੈ ਅਤੇ ਅਖੌਤੀ ਧਰਮਾਂ, ਮਜ਼ਹਬਾਂ ਦੇ ਠੇਕੇਦਾਰ ਭ੍ਰਿਸ਼ਟਤੰਤਰ ਦੀ ਉਮਰ ਲੰਮੀ ਕਰਨ ਲਈ ਇਸਦੀ ਹਿਮਾਇਤ ਵਿੱਚ ਖੜ੍ਹੇ ਹੁੰਦੇ ਹਨਇਸ ਤਰ੍ਹਾਂ ਇਹ ਇੱਕ ਦੂਜੇ ਦੇ ਪੂਰਕ ਬਣਦੇ ਹਨ

ਕਿਸੇ ਵੀ ਦੇਸ਼, ਸਮਾਜ ਨੂੰ ਆਪਣੀਆਂ ਸਮੱਸਿਆਵਾਂ ਤੋਂ ਨਿਜਾਤ ਪਾਉਣ ਲਈ ਵਿਗਿਆਨਕ ਪਹੁੰਚ ਦੀ ਲੋੜ ਹੁੰਦੀ ਹੈਦੁਨੀਆਂ ਦੇ ਜਿਹੜੇ ਮੁਲਕਾਂ ਵਿੱਚ ਵਿਗਿਆਨਕ ਸੋਚ ਦਾ ਪ੍ਰਸਾਰ ਹੋਇਆ, ਉੱਥੇ ਜ਼ਿਆਦਤਰ ਸਮੱਸਿਆਵਾਂ ਹੱਲ ਕਰ ਲਈਆਂ ਗਈਆਂ ਹਨਦੁਨੀਆਂ ਦੇ ਜਿਹੜੇ ਜਿਹੜੇ ਖਿੱਤਿਆਂ ਵਿੱਚ ਰੂੜ੍ਹੀਵਾਦੀ ਧਾਰਨਾਵਾਂ ਪ੍ਰਚਾਰੀਆਂ ਗਈਆਂ ਅਤੇ ਅੰਧਵਿਸ਼ਵਾਸ ਦਾ ਕੱਦ ਵਧਿਆ, ਉੱਥੇ ਲੋਕਾਂ ਦੀਆਂ ਸਮੱਸਿਆਵਾਂ ਘਟਣ ਦੀ ਬਜਾਏ ਵਧਦੀਆਂ ਗਈਆਂਜੇਕਰ ਕੋਈ ਵਿਅਕਤੀ ਨਿੱਜੀ ਤੌਰ ’ਤੇ ਸਾਧਨਾਂ ਪੱਖੋਂ ਸੰਪੰਨ ਹੈ ਪਰ ਉਸਦੇ ਆਲੇ ਦੁਆਲੇ ਦਾ ਸਮਾਜ ਅਜਿਹਾ ਹੈ ਜਿੱਥੇ ਲੁੱਟ-ਮਾਰ, ਨਸ਼ੇ ਹਨ, ਕਤਲੋਗਾਰਤ ਹੈ, ਇਹ ਸਮੱਸਿਆਵਾਂ ਕਿਸੇ ਨਾ ਕਿਸੇ ਰੂਪ ਉਸ ਸਾਧਨ ਸੰਪੰਨ ਵਿਅਕਤੀ ਦੇ ਜੀਅ ਦਾ ਜੰਜਾਲ ਵੀ ਬਣਨਗੀਆਂਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਇਹ ਸਮਾਜ ਬਿਹਤਰ ਹੋਵੇ, ਸਾਡਾ ਆਲਾ ਦੁਆਲਾ ਸਾਫ ਸੁਥਰਾ ਅਤੇ ਚੰਗਾ ਹੋਵੇ, ਸਾਡੇ ਸਮਾਜ ਵਿੱਚ ਸੁਖ ਸ਼ਾਂਤੀ ਅਤੇ ਸਹਿਜ, ਸਬਰ ਹੋਵੇ ਤਾਂ ਸਾਨੂੰ ਆਪਣੇ ਸਮਾਜ ਦੀਆਂ ਮੁਸ਼ਕਲਾਂ ਸਮੱਸਿਆਵਾਂ ਦੀ ਸ਼ਨਾਖਤ ਕਰਨੀ ਹੋਵੇਗੀ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਿਸੇ ਗੈਬੀ ਤਾਕਤ ਦੀ ਉਡੀਕ ਛੱਡ ਕੇ ਆਪ ਹੱਲ ਕਰਨ ਲਈ ਯਤਨਸ਼ੀਲ ਹੋਣਾ ਪਵੇਗਾਤਾਂ ਹੀ ਸਾਡਾ ਇਹ ਸਮਾਜ ਮਨੁੱਖਾਂ ਦੇ ਰਹਿਣਯੋਗ ਬਣ ਸਕਦਾ ਹੈ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਗੁਰਚਰਨ ਸਿੰਘ ਨੂਰਪੁਰ

ਗੁਰਚਰਨ ਸਿੰਘ ਨੂਰਪੁਰ

Zira, Firozpur, Punjab, India.
Phone: (91 - 98550 - 51099)
Email: (gurcharanzira@gmail.com)

More articles from this author