“ਸਮੇਂ ਦੀ ਵੱਡੀ ਮੰਗ ਹੈ ਕਿ ਭਵਿੱਖ ਦੀਆਂ ਵੱਡੀਆਂ ਤਬਦੀਲੀਆਂ ਲਈ ਅਸੀਂ ਆਪਣੇ ਆਪ ਨੂੰ ...”
(22 ਜੂਨ 2026)
ਆਉਣ ਵਾਲੇ ਸਮੇਂ ਦੌਰਾਨ ਮਨੁੱਖ ਦੇ ਮਨ ਮਸਤਕ, ਆਰਥਿਕਤਾ ਅਤੇ ਰਹਿਣ ਸਹਿਣ ਵਿੱਚ ਵੱਡੀਆਂ ਤਬਦੀਲੀਆਂ ਵਾਪਰਨ ਜਾ ਰਹੀਆਂ ਹਨ। ਇਹ ਤਬਦੀਲੀਆਂ ਬੜੀਆਂ ਹੈਰਾਨੀਜਨਕ ਹੋਣਗੀਆਂ। ਏ ਆਈ ਦਾ ਅਜੇ ਜਨਮ ਹੀ ਹੋਇਆ ਹੈ। ਇਹ ਅਜੇ ਬਾਲਪਣ ਵਿੱਚ ਹੈ। ਇਸਦੇ ਜਨਮ ਹੁੰਦਿਆਂ ਹੀ ਕਈ ਖੇਤਰਾਂ ਵਿੱਚ ਬਹੁਤ ਕੁਝ ਬਦਲਣ ਲੱਗਾ ਹੈ। ਸਾਡਾ ਭਵਿੱਖ ਇੰਨਾ ਬਦਲ ਜਾਵੇਗਾ ਜਿਸਦਾ ਅਸੀਂ ਕਦੇ ਕਿਆਸ ਵੀ ਨਹੀਂ ਕੀਤਾ ਸੀ।
ਤੁਹਾਨੂੰ ਤੁਹਾਡੇ ਕਿਸੇ ਆਪਣੇ ਨੇ ਫੋਨ ਕਰਕੇ ਕਿਹਾ, “ਮੈਂ ਅੱਜ ਬਹੁਤ ਉਦਾਸ ਹਾਂ, ਮੇਰਾ ਦਿਲ ਨਹੀਂ ਲੱਗ ਰਿਹਾ।” ਇਸਦਾ ਕਲਾਤਮਿਕ ਜਵਾਬ ਦੇਣ ਲਈ ਤੁਸੀਂ ਆਪਣੀ ਮਰਜ਼ੀ ਨਾਲ ਜਿਵੇਂ- “ਅੱਜਕਲ ਕਿਉਂ ਨਹੀਂ ਲਗਦਾ ਦਿਲ ਤੇਰਾ, ਕੀ ਹੋਇਆ ਹੈ ਦਿਲ ਨੂੰ।” ਇਸ ਵਿਸ਼ੇ ਦਾ ਗੀਤ ਏ ਆਈ ਤੋਂ ਲਿਖਵਾ ਸਕਦੇ ਹੋ। ਇੱਥੇ ਹੀ ਬੱਸ ਨਹੀਂ, ਤੁਸੀਂ ਇਸ ਗੀਤ ਦਾ ਸੰਗੀਤ ਤਿਆਰ ਕਰਕੇ ਅਤੇ ਇਸ ਨੂੰ ਤੁਸੀਂ ਆਪਣੀ ਅਵਾਜ਼ ਜਾਂ ਤੁਹਾਡੇ ਮਿੱਤਰ ਦੇ ਪਸੰਦੀਦਾ ਸਟਾਰ ਗਾਇਕ ਤੋਂ ਗਵਾ ਕੇ, ਏ ਆਈ ਦੋ ਮਿੰਟ ਵਿੱਚ ਤੁਹਾਨੂੰ ਤਿਆਰ ਕਰਕੇ ਦੇ ਸਕਦੀ ਹੈ ਜੋ ਤੁਸੀਂ ਆਪਣੇ ਮਿੱਤਰ ਨੂੰ ਭੇਜ ਸਕਦੇ ਹੋ। ਇਸ ਤੋਂ ਵੀ ਅਗਾਂਹ, ਇਸ ਗੀਤ ਦੀ ਤੁਸੀਂ ਆਪਣੀ ਮਰਜ਼ੀ ਦੀ ਵੀਡੀਓ, ਜਿਸ ਵਿੱਚ ਸਮੁੰਦਰਾਂ, ਪਹਾੜਾਂ, ਰੇਗਸਤਾਨਾਂ, ਹੈਲੀਕਾਪਟਰ, ਹਵਾਈ ਅਤੇ ਸਮੁੰਦਰੀ ਜਹਾਜ਼ਾਂ ਦੇ ਦ੍ਰਿਸ਼ ਹੋਣ, ਵੀ ਤਿਆਰ ਕਰ ਸਕਦੇ ਹੋ। ਅੱਜ ਤੋਂ ਕੁਝ ਸਾਲ ਪਹਿਲਾਂ ਇਸ ਕੰਮ ਲਈ ਕਈ ਦਿਨ ਲਗਦੇ ਸਨ ’ਤੇ ਇਸ ਲਈ ਸਾਨੂੰ ਲੱਖਾਂ ਰੁਪਏ ਚਾਹੀਦੇ ਸਨ।
ਆਪਣੀ ਮਰਜ਼ੀ ਦੀ ਫਿਲਮ ਦੀ ਕਹਾਣੀ, ਕਵਿਤਾ, ਵੀਡੀਓ, ਫੋਟੋ, ਪੇਂਟਿੰਗ, ਗੀਤ ਸੰਗੀਤ, ਕਿਸੇ ਵਿਸ਼ੇ ਸੰਬੰਧੀ ਕੋਈ ਖੋਜ ਕਰਨੀ ਹੋਵੇ, ਇਹ ਸਭ ਕੁਝ ਏ ਆਈ ਦਾ ਅਵਤਾਰ ਮਿੰਟਾਂ ਸਕਿੰਟਾਂ ਵਿੱਚ ਕਰਨ ਦੀ ਮੁਹਾਰਤ ਰੱਖਦਾ ਹੈ। ਇਹ ਅਜੇ ਸ਼ੁਰੂਆਤ ਮਾਤਰ ਹੈ। ਭਵਿੱਖ ਵਿੱਚ ਤਾਂ ਇੰਨਾ ਕੁਝ ਤਬਦੀਲ ਹੋ ਜਾਵੇਗਾ ਕਿ ਪਹਿਲੀ ਵਾਰ ਮਾਨਵਜਾਤੀ ਇੰਨੇ ਵੱਡੇ ਹੈਰਾਨੀਜਨਕ ਵਰਤਾਰੇ ਵਿੱਚ ਪ੍ਰਵੇਸ਼ ਕਰੇਗੀ।
ਏ ਆਈ ਤਕਨੀਕ ਇੱਕ ਅਜਿਹਾ ਵੇਗ ਹੈ ਜੋ ਸਭ ਕੁਝ ਨੂੰ ਪ੍ਰਭਾਵਤ ਕਰਨ ਦੀ ਮੁਹਾਰਤ ਰੱਖਦਾ ਹੈ। ਕੰਪਿਊਟਰ ਦੀ ਮਦਦ ਨਾਲ ਵੀ ਜਿਸ ਕੰਮ ਨੂੰ ਕਰਨ ਲਈ ਪਹਿਲਾਂ ਦਿਨ ਹਫਤੇ ਲਗਦੇ ਸਨ, ਉਹ ਹੁਣ ਮਿੰਟਾਂ ਸਕਿੰਟਾਂ ਵਿੱਚ ਹੋਣ ਲੱਗੇਗਾ। ਕੋਈ ਵੈਬਸਾਈਡ ਬਣਾਉਣੀ ਹੈ, ਕਿਸੇ ਤਰ੍ਹਾਂ ਦੀ ਮਸ਼ਹੂਰੀ ਕਰਨ ਲਈ ਕੋਈ ਛੋਟੀ ਫਿਲਮ ਜਾਂ ਪੋਸਟਰ ਤਿਆਰ ਕਰਨਾ ਹੈ, ਕੋਈ ਕਾਰਡ ਜਾਂ ਸਕਪ੍ਰਿਟ ਲਿਖਣੀ ਹੈ, ਏ ਆਈ ਟੂਲ ਇਸ ਸਭ ਕੁਝ ਨੂੰ ਮਿੰਟਾਂ ਸਕਿੰਟਾਂ ਵਿੱਚ ਕਰਨ ਦੀ ਮੁਹਾਰਤ ਰੱਖਦੇ ਹਨ। ਏ ਆਈ ਦੇ ਮਾਹਿਰ ਇਹ ਕਹਿ ਰਹੇ ਹਨ ਕਿ ਇਸ ਸਮੇਂ ਦੁਨੀਆਂ ਵਿੱਚ ਬੜੇ ਵਿਲੱਖਣ ਕੰਮਾਂ ਨੂੰ ਅੰਜਾਮ ਦੇਣ ਵਾਲੇ ਏ ਆਈ ਟੂਲਜ਼ ਜਿਵੇਂ ਚੈਟ ਜੀ ਪੀ ਟੀ ਜਾਂ ਗਰੋਕ ਵਰਗੀਆਂ ਸਾਈਟਾਂ ਲਈ ਭਵਿੱਖ ਵਿੱਚ ਲੋਕ ਹੱਸਿਆ ਕਰਨਗੇ ਕਿ ਸ਼ੁਰੂ ਵਿੱਚ ਇਸ ਤਰ੍ਹਾਂ ਦੀ ਏ ਆਈ ਨਾਲ ਕੰਮ ਚਲਦਾ ਸੀ।
ਅਗਲੇ ਦੋ ਤਿੰਨ ਸਾਲਾਂ ਵਿੱਚ ਏ ਆਈ ਦਾ ਪ੍ਰਭਾਵ ਸਾਡੇ ਮੋਬਾਇਲ ਜਾਂ ਕੰਪਿਊਟਰ ਤਕ ਹੀ ਸੀਮਿਤ ਨਹੀਂ ਰਹੇਗਾ ਬਲਕਿ ਏ ਆਈ ਰੋਬੌਟ ਸਾਡੇ ਘਰਾਂ ਵਿੱਚ ਹਰ ਤਰ੍ਹਾਂ ਦੇ ਕੰਮ ਕਰਨ ਲੱਗ ਪੈਣਗੇ। ਦੁਨੀਆਂ ਭਰ ਦੀ ਸਿੱਖਿਆ ਦਾ ਗਿਆਨ ਸਾਡੇ ਤੋਂ ਹੁਣ ਇੱਕ ਕਲਿੱਕ ਦੂਰ ਹੈ। ਇਸ ਸਥਿਤੀ ਵਿੱਚ ਸਾਡੇ ਸਲੇਬਸਾਂ, ਡਿਗਰੀਆਂ, ਡਿਪਲੋਮੇ, ਕੋਰਸਾਂ, ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਕੀ ਭੂਮਿਕਾ ਰਹਿ ਜਾਵੇਗੀ, ਇਸ ਬਾਰੇ ਮਾਨਵਜਾਤ ਵੱਲੋਂ ਸੋਚਿਆ ਜਾਣਾ ਅਜੇ ਬਾਕੀ ਹੈ। ਤਕਨੀਕ ਦੇ ਮਾਹਿਰ ਦੱਸ ਰਹੇ ਹਨ ਅਗਲੇ ਕੁਝ ਕੁ ਸਾਲਾਂ ਵਿੱਚ ਜਦੋਂ ‘ਏ ਜੀ ਆਈ’ ਆਰਟੀਫੀਸ਼ਲ ਜਨਰਲ ਇੰਟੈਲੀਜੈਂਸ ਦਾ ਪ੍ਰਵੇਸ਼ ਹੋਵੇਗਾ ਤਾਂ ਸਭ ਕੁਝ ਇੰਨੀ ਤੇਜ਼ੀ ਨਾਲ ਤਬਦੀਲ ਹੋਣ ਲੱਗੇਗਾ ਕਿ ਸਾਡੇ ਕੋਲ ਹੈਰਾਨ ਹੋਣ ਦਾ ਸਮਾਂ ਵੀ ਨਹੀਂ ਹੋਵੇਗਾ। ਇੱਥੇ ਸਾਡੇ ਲਈ ਅਫਸੋਸਨਾਕ ਗੱਲ ਇਹ ਹੈ ਕਿ ਅੱਜ ਵੀ ਸਾਡੇ ਸਕੂਲਾਂ ਉਹ ਪੜ੍ਹਾਈ ਕਰਵਾਈ ਜਾ ਰਹੀ ਹੈ ਜਿਸ ਨੂੰ ਪੜ੍ਹਨ ਨਾਲ ਪੰਜਾਹ ਸਾਲ ਪਹਿਲਾਂ ਵਾਲੀ ਨੌਕਰੀ ਮਿਲਦੀ ਸੀ। ਜਦਕਿ ਸਮਾਂ ਬਹੁਤ ਅੱਗੇ ਨਿਕਲ ਗਿਆ ਹੈ ਅਤੇ ਚੀਜ਼ਾਂ ਇੰਨੀ ਤੇਜ਼ੀ ਨਾਲ ਤਬਦੀਲ ਹੋਣ ਲੱਗੀਆਂ ਹਨ ਕਿ ਅੱਜ ਜਿਹੜਾ ਗਿਆਨ ਹੁਣ ਮੁੱਲਵਾਨ ਲਗਦਾ ਹੈ ਅਗਲੇ ਸਾਲ ਉਹ ਅਰਥਹੀਣ ਹੋ ਜਾਣ ਵਾਲਾ ਹੈ।
ਅਤਿ ਆਧੁਨਿਕ ਇਨ੍ਹਾਂ ਤਬਦੀਲੀਆਂ ਦਾ ਸਾਡੇ ਮਨ ਮਸਤਕ ’ਤੇ ਕਿਹੋ ਜਿਹਾ ਪ੍ਰਭਾਵ ਪਵੇਗਾ, ਇਸਦਾ ਠੀਕ ਠੀਕ ਅੰਦਾਜ਼ਾ ਏ ਆਈ ਦੇ ਮਾਹਿਰਾਂ ਨੂੰ ਵੀ ਨਹੀਂ ਲੱਗ ਰਿਹਾ। ਅਸੀਂ ਟੈਕਨੀਕ ਦੇ ਉਸ ਯੁਗ ਵਿੱਚ ਪ੍ਰਵੇਸ਼ ਕਰ ਗਏ ਹਾਂ ਜਿੱਥੇ ਵੱਡੀ ਗਿਣਤੀ ਲੋਕਾਂ ਦਾ ਜ਼ਿਆਦਾਤਰ ਸਮਾਂ ਆਪਣੇ ਆਪ ਤੋਂ ਦੂਰ ਹੋ ਕੇ ਬੀਤਦਾ ਹੈ। ਸੋਸ਼ਲ ਮੀਡੀਆ ਦੇ ਇਸ ਦੌਰ ਵਿੱਚ ਅਸੀਂ ਹਰ ਦਿਨ ਆਪਣੇ ਆਪ ਤੋਂ ਦੂਰ ਹੋ ਰਹੇ ਹਾਂ। ਪਹਿਲਾਂ ਬੰਦਾ ਆਪਣੇ ਆਲੇ ਦੁਆਲੇ ਦੇ ਕੁਝ ਕੁ ਪੰਦਰਾਂ ਵੀਹ ਲੋਕਾਂ ਵਿੱਚ ਆਪਣੇ ਅਕਸ ਨੂੰ ਦੇਖਦਾ ਸੀ ਕਿ ਇਨ੍ਹਾਂ ਵਿੱਚ ਮੇਰੀ ਵਾਹ ਵਾਹ ਬਣੀ ਰਹੇ। ਹੁਣ ਉਸਦਾ ਦਾਇਰਾ ਹੋਰ ਵਧ ਕੇ ਮੋਬਾਇਲ ਦੀ ਸਕਰੀਨ ਦੀ ਡਿਜਿਟਲ ਦੋਸਤੀ ਤਕ ਹੋ ਗਿਆ ਹੈ। ਮੋਬਾਇਲ ਦੀ ਸਕਰੀਨ ਤੋਂ ਮਿਲੇ ਲਾਈਕਾਂ ਦੇ ਨੰਬਰ ਅਤੇ ਕੂਮੈਟਸ ਨਾਲ ਬਣੀ ਰਾਇ ਹੁਣ ਸਾਡੇ ਮਨ ਦੀ ਅਵਸਥਾ ਨੂੰ ਨਿਰਧਾਰਤ ਕਰਨ ਲੱਗ ਪਈ ਹੈ। ਹਰ ਪੰਜ ਮਿੰਟ ਬਾਅਦ ਮੋਬਾਇਲ ਦੇਖਣ ਦੀ ਆਦਤ ਨੇ ਸਾਨੂੰ ਇੱਕ ਤਰ੍ਹਾਂ ਨਾਲ ਡਿਜਿਟਲ ਦੁਨੀਆਂ ਦਾ ਗੁਲਾਮ ਬਣਾ ਦਿੱਤਾ ਹੈ। ਸਾਡੇ ਮਨਾਂ ਨੂੰ ਇੱਕ ਤਰ੍ਹਾਂ ਨਾਲ ਮੋਬਾਇਲ ਦੀ ਤੋੜ (ਲੱਤ) ਲੱਗਣ ਲੱਗੀ ਹੈ। ਬਿਨਾਂ ਸ਼ੱਕ ਇੰਟਰਨੈੱਟ ਦੀ ਦੁਨੀਆਂ ਨੇ ਮਨੁੱਖ ਨੂੰ ਬਹੁਤ ਕੁਝ ਦਿੱਤਾ ਹੈ, ਬਹੁਤ ਕੁਝ ਉਸਦੇ ਨੇੜੇ ਨੇੜੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਮੌਸਮ, ਚੀਜ਼ਾਂ ਵਸਤਾਂ ਦੇ ਮੁੱਲ ਅਤੇ ਇਨ੍ਹਾਂ ਦੀਆਂ ਜਾਣਕਾਰੀਆਂ, ਆਪਣੇ ਕਾਰੋਬਾਰ ਦੇ ਫੈਲਾਅ ਕਰਨ ਦੇ ਢੰਗ ਤਰੀਕੇ ਅਤੇ ਹੋਰ ਬਹੁਤ ਕੁਝ ਨੂੰ ਇੰਟਰਨੈੱਟ ਨੇ ਅਸਾਨ ਬਣਾਇਆ ਹੈ। ਇਹ ਵੀ ਸਮਝਣ ਦੀ ਲੋੜ ਹੈ ਕਿ ਅੱਜ ਦੇ ਦੌਰ ਵਿੱਚ ਮੋਬਾਇਲ ਫੋਨ ਅਤੇ ਇੰਟਰਨੈੱਟ ਬਗੈਰ ਗੁਜ਼ਾਰਾ ਨਹੀਂ ਪਰ ਇਸ ਤੋਂ ਵੱਧ ਇਹ ਜਾਣਨ ਦੀ ਲੋੜ ਹੈ ਕਿ ਅਸੀਂ ਇਸ ਸਭ ਕੁਝ ਦੇ ਗੁਲਾਮ ਵੀ ਬਣ ਰਹੇ ਹਾਂ। ਇੰਨੇ ਗੁਲਾਮ ਕਿ ਅਸੀਂ ਜੀਵਨ ਦੇ ਬਹੁਮੁੱਲੇ ਪੱਖ ਵਿਸਰਦੇ ਜਾ ਰਹੇ ਹਨ। ਜ਼ਰਾ ਕਿਆਸ ਕਰੋ, ਇੱਕ ਬੰਦਾ ਆਪਣਾ ਬਹੁਤ ਸਾਰਾ ਸਮਾਂ ਜੇਕਰ ਕੰਪਿਊਟਰ ਜਾਂ ਮੋਬਾਇਲ ਫੋਨ ’ਤੇ ਹੀ ਖਰਚ ਕਰ ਦਿੰਦਾ ਹੈ, ਉਸਦੇ ਆਖਰੀ ਸਮੇਂ ’ਤੇ ਜਦੋਂ ਡਾਕਟਰਾਂ ਵੱਲੋਂ ਉਸ ਨੂੰ ਕਿਹਾ ਜਾਵੇ ਕਿ ਹੁਣ ਤੁਹਾਡੇ ਕੋਲ ਬਹੁਤ ਥੋੜ੍ਹਾ ਕੁਝ ਦਿਨਾਂ ਦਾ ਸਮਾਂ ਬਚਿਆ ਹੈ ਤਾਂ ਉਸ ਨੂੰ ਹੇਰਵਾ ਜ਼ਰੂਰ ਹੋਵੇਗਾ ਕਿ ਜੀਵਨ ਵਿੱਚ ਕਰਨ ਵਾਲਾ ਹੋਰ ਬਹੁਤ ਕੁਝ ਸੀ, ਜੋ ਰਹਿ ਗਿਆ ਅਤੇ ਜੋ ਸਮਾਂ ਮਿਲਿਆ ਸੀ ਉਹ ਬਹੁਤ ਸਾਰੀਆਂ ਫਜ਼ੂਲ ਚੀਜ਼ਾਂ ਨੂੰ ਇਕੱਠੇ ਕਰਦਿਆਂ ਗੁਜ਼ਰ ਗਿਆ। ਭਵਿੱਖ ਵਿੱਚ ਚੀਜ਼ਾਂ ਹੋਰ ਤੇਜ਼ੀ ਨਾਲ ਬਦਲਣ ਜਾ ਰਹੀਆਂ ਹਨ। ਅਸੀਂ ਇਸ ਸਮੇਂ ਜਾਣਕਾਰੀਆਂ ਦੇ ਵੱਡੇ ਭਿਆਨਕ ਹੜ੍ਹ ਦੇ ਦੌਰ ਵਿੱਚ ਹਾਂ। ਆਮ ਮਨੁੱਖ ਲਈ ਵੱਡੇ ਭਰਮਾਂ ਦੀ ਸਿਰਜਣਾ ਹੋਵਗੀ, ਅਸੀਂ ਸੱਚ ਝੂਠ ਦਾ ਫਰਕ ਕਰਨ ਦੀ ਸਮਰੱਥਾ ਨੂੰ ਗਵਾ ਲਵਾਂਗੇ।
ਵੱਡੇ ਬਦਲਾਵਾਂ ਦੇ ਮੋੜ ’ਤੇ ਖੜ੍ਹੀ ਮਾਨਵਜਾਤ ਲਈ ਸੋਚਣ ਵਾਲੀ ਗੱਲ ਇਹ ਹੈ ਕਿ ਤਕਨੀਕ ਦੇ ਵਿਕਾਸ ਵਿੱਚ ਮਨੁੱਖੀ ਮਨ ਦੀਆਂ ਸੰਭਾਵਨਾਵਾਂ ਕਿਹੋ ਜਿਹੀਆਂ ਹੋਣਗੀਆਂ। ਕੀ ਮਨੁੱਖ ਨੂੰ ਸੋਚਣ ਵਿਚਾਰਨ ਦੀ ਲੋੜ ਨਹੀਂ ਰਹੇਗੀ? ਜਾਂ ਇਹ ਇੰਨੀ ਸੀਮਿਤ ਹੋ ਜਾਵੇਗੀ ਕਿ ਸਾਨੂੰ ਆਪਣਾ ਦਿਮਾਗ ਵਰਤਣਾ ਹੀ ਨਹੀਂ ਪਵੇਗਾ। ਜਦੋਂ ਅਸੀਂ ਆਪਣਾ ਦਿਮਾਗ ਬਹੁਤ ਘੱਟ ਖਰਚ ਕਰਾਂਗੇ ਤਾਂ ਦੁਨੀਆਂ ਦੇ ਵੱਡੀ ਗਿਣਤੀ ਲੋਕਾਂ ’ਤੇ ਕਿਹੋ ਜਿਹੇ ਪ੍ਰਭਾਵ ਪੈਣਗੇ? ਜਿਵੇਂ ਹੁਣ ਵੀ ਸਾਡੇ ਬੱਚੇ ਚੌਵੀ ਨੂੰ ਚਾਰ ਨਾਲ ਗੁਣਾਂ ਕਰਨ ਲਈ ਮੋਬਾਇਲ ਦੀ ਵਰਤੋਂ ਕਰਦੇ ਹਨ। ਭਵਿੱਖ ਵਿੱਚ ਜਦੋਂ ਬਹੁਤ ਕੁਝ ਏ ਆਈ ’ਤੇ ਨਿਰਭਰ ਹੋ ਜਾਣਾ ਵਾਲਾ ਹੈ ਤਾਂ ਕੀ ਅਸੀਂ ਆਪਣੇ ਦਿਮਾਗ ਦੀ ਵਰਤੋਂ ਘੱਟ ਕਰ ਦੇਵਾਂਗੇ? ਜੇਕਰ ਅਜਿਹਾ ਹੁੰਦਾ ਹੈ ਤਾਂ ਇਸਦਾ ਸਾਡੇ ਮਨ ਮਸਤਕ ’ਤੇ ਕੀ ਪ੍ਰਭਾਵ ਪਵੇਗਾ? ਦੂਜੇ ਪਾਸੇ ਸੋਚਿਆ ਇਹ ਵੀ ਜਾ ਰਿਹਾ ਹੈ ਭਵਿੱਖ ਵਿੱਚ ਮਾਨਵਜਾਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਮਨੁੱਖ ਦੇ ਬਹੁਤ ਸਾਰੇ ਕੰਮ ਮਸ਼ੀਨਾਂ ਸੰਭਾਲ ਲੈਣਗੀਆਂ ਤਾਂ ਮਨੁੱਖ ਦੇ ਕੋਲ ਜੋ ਵਿਹਲ ਹੋਵੇਗੀ, ਉਸ ਵਿਹਲ ਜ਼ਰੀਏ ਉਹ ਕੁਝ ਜ਼ਿਆਦਾ ਕਰੀਏਟਿਵ ਹੋ ਜਾਵੇਗਾ। ਉਹ ਉਹਨਾਂ ਵਿਸ਼ਿਆਂ ਸੰਬੰਧੀ ਹੋਰ ਗਹਿਰ ਗੰਭੀਰ ਸੋਚ ਵਿਚਾਰ ਕਰਨ ਲੱਗੇਗਾ ਜੋ ਉਸਦੀ ਸੋਚ ਤੋਂ ਪਰੇ ਹਨ। ਇਸਦਾ ਨਕਾਰਾਤਮਿਕ ਪੱਖ ਇਹ ਵੀ ਹੈ ਕਿ ਸਾਨੂੰ ਮਿਲੀ ਵਿਹਲ ਸਾਡੇ ਲਈ ਬਹੁਤ ਵੱਡਾ ਸੰਕਟ ਵੀ ਬਣ ਸਕਦੀ ਹੈ। ਇਹ ਵੀ ਹੋ ਸਕਦਾ ਹੈ ਭਵਿੱਖ ਵਿੱਚ ਵਿਹਲ ਮਨੁੱਖ ਦੀ ਸਭ ਤੋਂ ਵੱਡੀ ਸਮੱਸਿਆ ਬਣ ਜਾਵੇ।
ਅੱਜ ਸਾਡੇ ਬੱਚਿਆਂ ਨੇ ਟੀ ਵੀ, ਮੋਬਾਇਲ ਅਤੇ ਬੋਝਲ ਸਿੱਖਿਆ ਦੇ ਪ੍ਰਭਾਵ ਕਰਕੇ ਖੇਡਣਾ ਬੰਦ ਕਰ ਦਿੱਤਾ ਹੈ। ਅੱਜ ਤੋਂ ਪੰਜ ਦਹਾਕੇ ਪਹਿਲਾਂ ਸਾਰੇ ਦੇ ਸਾਰੇ ਹੀ ਬੱਚੇ ਖੇਡਦੇ ਹੁੰਦੇ ਸਨ। ਪਰ ਹੁਣ ਛੋਟੇ ਛੋਟੇ ਬੱਚਿਆਂ, ਜਿਨ੍ਹਾਂ ਨੂੰ ਇਸਦੀ ਨਹੀਂ ਵੀ ਸਮਝ ਉਹਨਾਂ ਨੂੰ ਲਾਲਚ ਲਾਈ ਰੱਖਣ ਲਈ ਉਹਨਾਂ ਅੱਗੇ ਫੋਨ ਰੱਖ ਦਿੱਤਾ ਜਾਂਦਾ ਹੈ। ਸਕੂਲਾਂ ਦੀ ਬੇਲੋੜੀ ਬੋਝਲ ਅਤੇ ਅਕਾਊ ਪੜ੍ਹਾਈ ਅਤੇ ਟੂਇਸ਼ਨਾਂ ਤੋਂ ਹੀ ਬੱਚਿਆਂ ਨੂੰ ਟਾਈਮ ਨਹੀਂ ਮਿਲਦਾ, ਜੇ ਮਿਲਦਾ ਹੈ ਤਾਂ ਉਹਨਾਂ ਦਾ ਬਾਕੀ ਸਮਾਂ ਹੁਣ ਮੋਬਾਇਲ ’ਤੇ ਖਰਚ ਹੋ ਰਿਹਾ ਹੈ। ਬੀਤੇ ਸਮੇਂ ਵਿੱਚ ਸਾਰੇ ਦੇ ਸਾਰੇ ਬੱਚੇ ਵੱਖ ਵੱਖ ਪ੍ਰਕਾਰ ਦੀਆਂ ਖੇਡਾਂ ਖੇਡਦੇ ਸਨ ਤਾਂ ਹੁਣ ਵਾਲੇ ਬੱਚਿਆਂ ਵਿੱਚੋਂ ਕੇਵਲ 50% ਬੱਚੇ ਹਨ, ਜੋ ਖੇਡਦੇ ਹਨ, ਬਾਕੀ ਸਾਰੇ ਖੇਡਣ ਤੋਂ ਬਗੈਰ ਹੀ ਵੱਡੇ ਹੋ ਰਹੇ ਹਨ। ਭਵਿੱਖ ਵਿੱਚ ਇਹ ਅਮਲ ਹੋਰ ਤੇਜ਼ੀ ਨਾਲ ਵਧ ਰਿਹਾ ਹੈ। ਇਸਦਾ ਭਾਵ ਇਹੋ ਹੀ ਹੈ ਕਿ ਅਸੀਂ ਅਤੇ ਸਾਡੀ ਅਗਲੀ ਪੀੜ੍ਹੀ ਬੜੀ ਤੇਜ਼ੀ ਨਾਲ ਤਕਨੀਕ ਦਾ ਪ੍ਰਭਾਵ ਕਬੂਲ ਕਰ ਰਹੀ ਹੈ ਅਤੇ ਇਸੇ ਦੇ ਅਨੁਸਾਰ ਬਣਦੀ ਜਾ ਰਹੀ ਹੈ। ਭਵਿੱਖ ਵਿੱਚ ਇਨ੍ਹਾਂ ਸਭ ਵਰਤਾਰਿਆਂ ਦੇ ਸਾਡੀ ਆਉਣ ਵਾਲੀ ਪੀੜ੍ਹੀ ’ਤੇ ਕੀ ਪ੍ਰਭਾਵ ਪੈਣਗੇ, ਇਸ ਸੰਬੰਧੀ ਫਿਲਹਾਲ ਕਿਸੇ ਪਾਸੇ ਕੋਈ ਫਿਕਰਮੰਦੀ ਜ਼ਾਹਿਰ ਨਹੀਂ ਹੋ ਰਹੀ। ਇਹ ਵੀ ਹੋ ਸਕਦਾ ਹੈ ਕਿ ਭਵਿੱਖ ਵਿੱਚ ਅਸੀਂ ਤਕਨੀਕ ਦੇ ਇੰਨੇ ਗੁਲਾਮ ਬਣ ਜਾਈਏ ਕਿ ਅਸੀਂ ਆਪਣੀ ਅਜ਼ਾਦੀ ਦਾ ਅਹਿਸਾਸ ਹੀ ਗਵਾ ਲਈਏ? ਜਿਵੇਂ ਕਿ ਹੁਣ ਹੋ ਰਿਹਾ ਹੈ, ਕੁਝ ਸ਼ਹਿਰਾਂ ਵਿੱਚ ਮੋਬਾਇਲ ਏਡਿਕਸ਼ਨ ਸੈਂਟਰ ਬਣ ਰਹੇ ਹਨ ਅਤੇ ਤਕਨੀਕ ਦੀ ਗੁਲਾਮੀ ਦੇ ਮਰੀਜ਼ ਇੱਥੇ ਇਨ੍ਹਾਂ ਸੈਂਟਰਾਂ ਭਰਤੀ ਵੀ ਕੀਤੇ ਜਾਂਦੇ ਹਨ।
ਸਮੇਂ ਦੀ ਵੱਡੀ ਮੰਗ ਹੈ ਕਿ ਭਵਿੱਖ ਦੀਆਂ ਵੱਡੀਆਂ ਤਬਦੀਲੀਆਂ ਲਈ ਅਸੀਂ ਆਪਣੇ ਆਪ ਨੂੰ ਤਿਆਰ ਕਰੀਏ। ਸਾਡੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਸਲੇਬਸਾਂ ਵਿੱਚ ਵੱਡੀਆਂ ਤਬਦੀਲੀਆਂ ਦੀ ਲੋੜ ਹੈ। ਉਹ ਵਿਸ਼ੇ, ਜਿਹੜੇ ਭਵਿੱਖ ਦੇ ਕੁਝ ਕੁ ਸਾਲਾਂ ਵਿੱਚ ਅਰਥਹੀਣ ਹੋ ਜਾਣੇ ਹਨ, ਉਹਨਾਂ ਦਾ ਤੁਰੰਤ ਤਿਆਗ ਕੀਤਾ ਜਾਣਾ ਚਾਹੀਦਾ ਹੈ। ਤਕਨੀਕ ਦੀ ਹਨੇਰੀ ਵਿੱਚ ਬੰਦਾ, ਬੰਦਾ ਕਿਵੇਂ ਬਣਿਆ ਰਹੇ, ਇਸਦੀ ਕੁਦਰਤ ਨਾਲ ਇੱਕਮਿਕਤਾ ਬਰਕਰਾਰ ਰਹੇ, ਇਸ ਤਰ੍ਹਾਂ ਦੇ ਮੌਲਿਕ ਵਿਸ਼ਿਆਂ ਸੰਬੰਧੀ ਵੀ ਸੋਚ ਵਿਚਾਰ, ਚਿੰਤਨ-ਮਨਨ ਕੀਤੇ ਜਾਣ ਦੀ ਵੱਡੀ ਲੋੜ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































