“ਇਹ ਸੱਚ ਹੈ ਕਿ ਦੁਨੀਆਂ ਪਹਿਲਾਂ ਦੇ ਮੁਕਾਬਲੇ ਕਾਫੀ ਹੱਦ ਤਕ ਸੋਹਣੀ ਬਣੀ ਹੈ। ਪਰ ਇਸਦੇ ...”
(6 ਜਨਵਰੀ 2026)
ਇਸ ਸਮੇਂ ਜੇਕਰ ਤੁਹਾਡੀ ਉਮਰ 55 ਸਾਲ ਤੋਂ ਵੱਧ ਹੈ ਤਾਂ ਤੁਸੀਂ ਆਪਣੇ ਆਪ ’ਤੇ ਫਖਰ ਮਹਿਸੂਸ ਕਰਿਓ, ਕਿਉਂਕਿ ਤੁਸੀਂ ਇਸ ਧਰਤੀ ਦੀ ਸਭ ਤੋਂ ਰੋਚਕ ਪੀੜ੍ਹੀ ਦੇ ਇਨਸਾਨ ਹੋ। ਇਸ ਉਮਰ ਦੇ ਮਰਦ, ਔਰਤਾਂ ਮਨੁੱਖੀ ਸੱਭਿਅਤਾ ਦੀ ਅਜਿਹੀ ਪੀੜ੍ਹੀ ਦੇ ਲੋਕ ਹਨ, ਜਿਨ੍ਹਾਂ ਵਰਗੇ ਲੋਕ ਇਸ ਧਰਤੀ ’ਤੇ ਪਹਿਲਾਂ ਕਦੇ ਨਾ ਹੋਏ ਹੋਣਗੇ।
ਇਸ ਦੌਰ ਦੇ ਲੋਕਾਂ ਨੇ ਖੇਤਾਂ ਵਿੱਚ ਡੰਗਰ ਚਾਰੇ, ਪੱਠੇ ਵੱਢੇ, ਪੰਡਾਂ ਚੱਕੀਆਂ, ਖੱਡੀਆਂ ’ਤੇ ਖੇਸ, ਦਰੀਆਂ ਬੁਣੇ, ਕੰਧਾਂ ਕੰਧੋਲੀਆਂ ਲਿੱਪੀਆਂ, ਖੇਤਾਂ ਦੇ ਬੰਨਿਆਂ ’ਤੇ ਬਹਿ ਕੇ ਰੋਟੀਆਂ ਖਾਧੀਆਂ, ਲੱਸੀਆਂ ਪੀਤੀਆਂ, ਖੂਹ ਵਗਦੇ ਵੇਖੇ, ਫਲ੍ਹੇ ਚਲਾਏ ਜਾਂ ਚਲਾਉਂਦੇ ਲੋਕਾਂ ਨੂੰ ਦੇਖਿਆ ਅਤੇ ਅੱਜ ਦਾ ਇੰਟਰਨੈੱਟ ਦਾ ਆਧੁਨਿਕ ਦੌਰ ਵੀ ਦੇਖ ਰਹੇ ਹਨ।
ਅੱਜ ਤੋਂ ਸੱਠ-ਸੱਤਰ ਸਾਲ ਪਹਿਲਾਂ ਪੰਜਾਬ ਦੇ ਕਿਸੇ ਘਰ ਵਿੱਚ ਟੀ ਵੀ ਨਹੀਂ ਸੀ। ਕਿਸੇ ਪਿੰਡ/ਸ਼ਹਿਰ ਜਾਂ ਗਲੀ ਮੁਹੱਲੇ ਜਦੋਂ ਕਿਸੇ ਘਰ ਪਹਿਲੀ ਵਾਰ ਲੱਕੜ ਦੇ ਫਰੇਮ ਵਾਲਾ ਟੀ ਵੀ ਆਇਆ ਤਾਂ ਲੋਕਾਂ ਨੇ ਟੋਲੀਆਂ ਦੇ ਰੂਪ ਵਿੱਚ ਪਹਿਲੀ ਵਾਰ ਉਸ ਘਰ ਜਾ ਕੇ ਟੀ ਵੀ ਦੇਖਿਆ ਅਤੇ ਵਿਗਿਆਨ ਦੇ ਇਸ ਕ੍ਰਿਸ਼ਮੇਂ ਅੱਗੇ ਸਾਡੇ ਲੋਕ ਹੈਰਾਨ ਹੋਏ। ਇੱਕ ਸਮਾਂ ਸੀ ਜਦੋਂ ਕਿਸੇ ਇੱਕ ਪਿੰਡ ਵਿਆਹ ’ਤੇ ਤਵਿਆਂ ਵਾਲਾ ਸਪੀਕਰ ਵੱਜਦਾ ਹੁੰਦਾ ਸੀ ਤਾਂ ਦੂਜੇ ਪਿੰਡ ਦੇ ਲੋਕ ਗਾਉਣ ਸੁਣਨ ਲਈ ਉਸ ਪਿੰਡ ਦੇ ਨੇੜੇ ਕਿਸੇ ਰਾਹ ਜਾਂ ਨਹਿਰ ’ਤੇ ਜਾ ਖੜ੍ਹਦੇ ਹੁੰਦੇ ਸਨ। ਇਸੇ ਦੌਰ ਵਿੱਚ ਜਦੋਂ ਲੋਕਾਂ ਨੇ ਟੇਪ ਰਿਕਾਰਡ ਤੋਂ ਪਹਿਲੀ ਵਾਰ ਵੱਜਦੇ ਗੀਤ ਸੁਣ ਤਾਂ ਹੈਰਾਨ ਹੋਏ। ਇਨ੍ਹਾਂ ਸਮਿਆਂ ਵਿੱਚ ਪੰਜਾਬ ਦੇ ਲੋਕਾਂ ਨੇ ਗੱਡਿਆਂ, ਬਲਦਾਂ, ਊਠਾਂ, ਟਾਂਗਿਆਂ ਉੱਤੇ ਵੀ ਜੰਝਾਂ, ਬਰਾਤਾਂ ਜਾਂਦੀਆਂ ਦੇਖੀਆਂ ਤੇ ਅੱਜ ਦਾ ਪ੍ਰੀ-ਵੈਡਿੰਗ ਦਾ ਦੌਰ ਵੀ ਦੇਖਿਆ। ਇਹ ਉਹ ਦੌਰ ਸੀ ਜਦੋਂ ਪੰਜਾਬੀ ਖੁਸ਼ੀ ਵਿੱਚ ਚਾਂਗਰਾਂ ਮਾਰਦੇ ਸਨ, ਉੱਚੀ ਉੱਚੀ ਹੱਸਦੇ ਸਨ। ਚਾਗਰਾਂ ਜਾਂ ਖੰਘੂਰਾ ਮਾਰਨ ਤੋਂ ਅਕਸਰ ਲੜਾਈਆਂ ਵੀ ਹੋ ਜਾਇਆ ਕਰਦੀਆਂ ਸਨ। ਪਿੰਡਾਂ ਤੋਂ ਸ਼ਹਿਰਾਂ ਵੱਲ ਆਵਾਜਾਈ ਜ਼ਿਆਦਾਤਰ ਟਾਗਿਆਂ ’ਤੇ ਹੁੰਦੀ ਸੀ। ਭਾਰ ਢੋਣ ਲਈ ਦੋ ਬਲਦਾਂ ਜਾਂ ਝੋਟਿਆਂ ਵਾਲੇ ਗੱਡੇ ਅਤੇ ਮਾਲਵੇ ਵਿੱਚ ਊਠ ਵਰਤਿਆ ਜਾਂਦਾ ਸੀ। ਦੂਰ ਦੁਰਾਡੇ ਰਿਸ਼ਤੇਦਾਰੀ ਵਿੱਚ ਜਾਣ ਲਈ ਮਾਣ ਨਾਲ ‘ਸਾਲਮ ਟਾਂਗਾ’ ਵੀ ਕੀਤਾ ਜਾਂਦਾ ਸੀ। ਬੀਤੇ 60 ਸਾਲ ਪੰਜਾਬ ਵਿੱਚ ਵੱਡੀਆਂ ਤਬਦੀਲੀਆਂ ਦੇ ਸਾਲ ਸਨ।
ਇਸੇ ਦੌਰ ਵਿੱਚ ਔਰਤਾਂ ਮਰਦ ਪਿੰਡ ਦੀ ਭੱਠੀ ਤੋਂ ਦਾਣੇ ਭੁੰਨਾਉਂਦੇ ਅਤੇ ਖਾਂਦੇ। ਹਰ ਪਿੰਡ ਵਿੱਚ ਚੌਲਾਂ ਦੀਆਂ ਦੇਗਾਂ ਲਾਹੁਣ/ਬਣਾਉਣ ਵਾਲੇ ਕੁਝ ਬੰਦੇ ਹੁੰਦੇ ਸਨ। ਲੋਕ ਚੌਲਾਂ ਦੀ ਦੇਗ ਲਾਹੁੰਦੇ ਤੇ ਪਿੰਡ ਦੇ ਵੱਡੇ ਛੋਟੇ ਲੋਕ ਅਕਸਰ ਆਪਣੀਆਂ ਝੋਲੀਆਂ ਵਿੱਚ ਪਵਾ ਕੇ ਚੌਲ ਖਾਂਦੇ। ਲੋਹੜੀਆਂ ਵੰਡੀਆਂ ਹੀ ਨਹੀਂ ਸੀ ਜਾਂਦੀਆਂ, ਮੰਗੀਆਂ ਵੀ ਜਾਂਦੀਆਂ ਸਨ। ਔਰਤਾਂ ਵੱਲੋਂ ਆਨਾਜ ਦਾ ਹੱਥੀਂ ਪੀਹਣ ਕਰਨਾ, ਰੋਜ਼ ਪਕਾਇਆ ਜਾਣ ਵਾਲਾ ਆਟਾ ਆਪਣੇ ਹੱਥੀਂ ਘਰ ਦੀ ਚੱਕੀ ’ਤੇ ਪੀਸਿਆ ਜਾਂਦਾ ਸੀ। ਇਸੇ ਸਮੇਂ ਦੌਰਾਨ ਹੀ ਆਨ ਲਾਈਨ ਪੈਕਟ ਬੰਦ ਬਜ਼ਾਰੂ ਰੋਟੀ ਦਾ ਦੌਰ ਵੀ ਸ਼ੁਰੂ ਹੋਇਆ। ਹਰ ਸ਼ਾਮ ਪਿੰਡਾਂ ਵਿੱਚ ਹਰ ਉਮਰ ਦੇ ਮੁੰਡੇ ਕੁੜੀਆਂ ਰਲ ਕੇ ਲੁਕਣ-ਮੀਚੀ/ਲੁਕਣ-ਮੀਟੀ ਖੇਡਦੇ। ਇਸ ਤੋਂ ਇਲਾਵਾ ਗੁੱਲੀ ਡੰਡਾ, ਖਿੱਦੋ ਖੂੰਡੀ, ਬਾਂਦਰ ਕਿੱਲਾ, ਕੋਟਲਾ-ਛਪਾਕੀ, ਬਾਰਾਂ-ਟਾਹਣੀ ਵਰਗੀਆਂ ਖੇਡਾਂ ਖੇਡੀਆਂ ਜਾਂਦੀਆਂ। ਹਰ ਪਿੰਡ ਦੇ ਬਾਹਰਵਾਰ ਪੜੁੱਲ ਬਣਾਏ ਜਾਂਦੇ ਤੇ ਇਨ੍ਹਾਂ ਤੋਂ ਛਾਲਾਂ ਮਾਰੀਆਂ ਜਾਂਦੀਆਂ। ਇਸ ਦੌਰ ਵਿੱਚ ਖੇਡਾਂ ਹੀ ਮਨੋਰੰਜਨ ਅਤੇ ਕਸਰਤ ਦਾ ਸਾਧਨ ਸਨ, ਇਸ ਲਈ ਹੈਲਥ ਕਲੱਬਾਂ ਦੀ ਲੋੜ ਨਹੀਂ ਸੀ। ਕੋਠੇ ਕੰਧਾਂ ਲਿੱਪਣ ਲਈ ਪਿੰਡ ਦੇ ਛੱਪੜ ਵਿੱਚੋਂ ਮਿੱਟੀ ਕੱਢੀ ਜਾਂਦੀ। ਲਿਪੀਆਂ ਕੰਧਾਂ ’ਤੇ ਸਾਉਣ ਮਹੀਨੇ ਬਾਰਸ਼ਾਂ ਪਈਆਂ ਤੇ’ ਉਹ ਮਿੱਟੀ ਖੁਰ ਕੇ ਮੁੜ ਛੱਪੜ ਵਿੱਚ ਗਈ ਤੇ ਸਰਦੀ ਦੇ ਸ਼ੁਰੂ ਹੁੰਦਿਆਂ ਮੁੜ ਉਹੀ ਅਮਲ ਦੁਹਰਾਇਆ ਜਾਂਦਾ। ਇਸ ਦੌਰ ਵਿੱਚ ਲੋਕ ਅਕਸਰ ਬਾਲਣ ਲੈਣ ਲਈ ਰੁੱਖਾਂ ’ਤੇ ਚੜ੍ਹਦੇ ਸਨ। ਰੁੱਖਾਂ ਤੋਂ ਡੂੰਮਣੇ ਚੋਂਦੇ ਸਨ ਤੇ ਆਪਣੇ ਹੱਥੀਂ ਕੱਢੇ ਸ਼ਹਿਦ ਦੇ ਸਵਾਦ ਨੂੰ ਚੱਖਦੇ ਸਨ। ਇਸੇ ਦੌਰ ਵਿੱਚ ਸਰਕਾਰੀ ਮੁਲਾਜ਼ਮਾਂ ਮਾਸਟਰਾਂ, ਪਟਵਾਰੀਆਂ, ਤਹਿਸੀਲਦਾਰਾਂ ਨੂੰ ਗੰਨੇ ਅਤੇ ਸਾਗ ਤੋੜ ਕੇ ਦਿੱਤੇ ਜਾਂਦੇ ਦਨ, ਖੁਸ਼ ਕੀਤਾ ਜਾਂਦਾ ਸੀ। ਜਵਾਨੀ ਵਿੱਚ ਬਹੁਤੇ ਪੰਜਾਬੀ ਵੱਡੇ ਛੋਟੇ ਘੋਲ ਘੁੱਲਦੇ, ਕਬੱਡੀਆਂ ਖੇਡਦੇ ਅਤੇ ਲੰਮੀਆਂ ਉੱਚੀਆਂ ਛਾਲਾਂ ਮਾਰਦੇ, ਹਰ ਸਾਉਣ ਮਹੀਨੇ ਦਰਿਆਵਾਂ, ਨਦੀਆਂ, ਨੈਆਂ ਦੇ ਕੰਢਿਆਂ ਤੋਂ ਕਾਹੀ ਵੱਢ ਕੇ, ਵੱਟ ਕੇ ਪਿੱਪਲਾਂ, ਬੋਹੜਾਂ ’ਤੇ ਪੀਘਾਂ ਪਾਈਆਂ ਅਤੇ ਝੂਟੀਆਂ ਜਾਂਦੀਆਂ ਸਨ। ਇਸ ਦੌਰ ਦੇ ਲੋਕਾਂ ਨੇ ਘੋੜਿਆਂ, ਊਠਾਂ ਅਤੇ ਗੱਡਿਆਂ ’ਤੇ ਮੀਲਾਂ ਤਕ ਸਫਰ ਕੀਤਾ ਹੁਣ ਮਹਿੰਗੀਆਂ ਗੱਡੀਆਂ ਅਤੇ ਹਵਾਈ ਜਾਹਾਜ਼ਾਂ ਦਾ ਦੌਰ ਵੀ ਦੇਖਿਆ।
ਬੀਤੇ 60 ਕੁ ਸਾਲਾਂ ਦੇ ਪੰਜਾਬ ਵਿੱਚ ਧੀਆਂ, ਭੈਣਾਂ, ਨਹੁੰਆਂ ਨੂੰ ਆਪਣੇ ਅੰਦਰ ਛੁਪੀਆਂ ਕਲਾਵਾਂ ਨੂੰ ਦਿਖਾਉਣ ਦੇ ਬਹੁਤ ਸਾਰੇ ਮੌਕੇ ਸਨ। ਇਹ ਵਿਆਹਾਂ ਸ਼ਾਦੀਆਂ ’ਤੇ ਗੀਤ ਗਾਉਂਦੀਆਂ। ਨਵੇਂ ਗੀਤ ਘੜਦੀਆਂ। ਇਨ੍ਹਾਂ ਨੇ ਪਿੰਡ ਦੀ ਮੁਢਲੀ ਸਨਅਤ ਚਰਖੇ ਨਾਲ ਸੂਤ ਕੱਤਿਆ, ਖੇਸ, ਦਰੀਆਂ, ਪੱਖੀਆਂ, ਨਾਲੇ ਇਨ੍ਹਾਂ ਨੇ ਘਰ ਵਿੱਚ ਬਣਾਏ। ਹਰ ਸਾਲ ਇਨ੍ਹਾਂ ਨੇ ਕੰਧਾਂ, ਕੰਧੋਲੀਆਂ ਲਿੱਪੀਆਂ, ਉਨ੍ਹਾਂ ’ਤੇ ਵੇਲਾਂ ਬੂਟੇ ਪਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਉੁਮਰ ਦੇ ਕੁਝ ਬੰਦਿਆਂ ਨੇ ਝੱਗੇ ਪਾਏ, ਚਾਦਰੇ ਬੰਨ੍ਹੇ ਤੇ ਮਗਰੋਂ ਪੈਂਟਾਂ, ਸ਼ਰਟਾਂ ਪਾਈਆਂ ਤੇ ਟਾਈਆਂ ਵੀ ਲਾਈਆਂ। ਸਦੀਆਂ ਤੋਂ ਚੱਲੀ ਆ ਰਹੀ ਔਰਤਾਂ ਦੇ ਘੁੰਢ ਕੱਢਣ ਦੀ ਰੀਤ ਵੀ ਇਸੇ ਸਮੇਂ ਦੌਰਾਨ ਹੀ ਖਤਮ ਹੋਈ।
ਬੀਤੇ ਵੇਲੇ ਦੇ ਪੰਜਾਬ ਵਿੱਚ ਪੜ੍ਹਾਕੂ ਘਰੋਂ ਬੋਰੀਆਂ ਲਿਜਾ ਕੇ ਉਨ੍ਹਾਂ ’ਤੇ ਬਹਿ ਕੇ ਪੜ੍ਹੇ, ਫੱਟੀਆਂ ਪੋਚਦੇ, ਸਲੇਟਾਂ ਸਾਫ ਕਰਦੇ ਤੇ ਉਨ੍ਹਾਂ ਉੱਤੇ ਲਿਖਦੇ। ਰਾਤ ਨੂੰ ਇਹ ਦੀਵੇ ਜਾਂ ਲਾਲਟੈਣ ਦੇ ਚਾਨਣ ਵਿੱਚ ਪੜ੍ਹੇ। ਮਾਸਟਰਾਂ ਤੋਂ ਕੁੱਟਾਂ ਮਾਰਾਂ ਖਾ ਕੇ ਇਸ ਦੌਰ ਦੇ ਲੋਕ ਡੀ ਸੀ, ਵੀ ਸੀ, ਗਵਰਨਰ ਬਣੇ, ਉੱਚੀਆਂ ਪਦਵੀਆਂ ਹਾਸਲ ਕੀਤੀਆਂ ਤੇ ਕੁਝ ਵਿੱਚੇ ਪੜ੍ਹਾਈ ਛੱਡ ਕੇ ਮਾਲ ਦੇ ਛੇੜੂ ਵੀ ਬਣੇ। ਇਹ ਉਹ ਦੌਰ ਸੀ ਜਦੋਂ ਕਿਸੇ ਨੂੰ ਪਹਿਲੀ ਵਾਰ ਸਾਈਕਲ ਖਰੀਦਣ ਦਾ ਇੰਨਾ ਚਾਅ ਚੜ੍ਹਦਾ ਸੀ, ਜਿੰਨਾ ਹੁਣ ਕਿਸੇ ਨੂੰ ਮਹਿੰਗੀ ਗੱਡੀ ਖਰੀਦ ਕੇ ਵੀ ਨਹੀਂ ਚੜ੍ਹਦਾ।
ਘੋੜੇ ’ਤੇ ਚੜ੍ਹ ਕੇ ਦੂਜੇ ਪਿੰਡ ਰਿਸ਼ਤੇਦਾਰੀ ’ਤੇ ਜਾਣਾ, ਗਲ ਵਿੱਚ ਦੁਨਾਲੀ ਬੰਦੂਕ ਪਾ ਕੇ ਤੁਰਨਾ ਵੀ ਵੱਡੀ ਸ਼ਾਨ ਸਮਝਿਆ ਜਾਂਦਾ ਸੀ। ਘਰ ਵਿੱਚ ਰੇਡੀਓ ਜਾਂ ਸਕੂਟਰ ਹੋਣਾ ਵੀ ਇਸ ਦੌਰ ਵਿੱਚ ਅਮੀਰੀ ਦੀ ਨਿਸ਼ਾਨੀ ਸੀ। ਇਸੇ ਦੌਰ ਵਿੱਚ ਮਿਲਣ ਆਏ ਪਰਾਹੁਣੇ ਰਿਸ਼ਤੇਦਾਰਾਂ ਕੋਲ ਦੋ ਦੋ ਹਫਤੇ ਰਿਹਾ ਕਰਦੇ ਸਨ। ਗੰਨੇ ਪੀੜਨ ਵਾਲੇ ਵੇਲਣੇ ਬਲਦਾਂ ਨਾਲ ਜੋਏ ਜਾਂਦੇ ਸਨ। ਗੁੜ੍ਹ ਬਣਾ ਕੇ ਇਸਦੀਆਂ ਮੱਟੀਆਂ ਭਰੀਆਂ ਤੇ ਗੁੜ ਦੀਆਂ ਚਾਹਾਂ ਬਣਾ ਬਣਾ ਕੇ ਪੀਤੀਆਂ ਜਾਂਦੀਆਂ ਸਨ। ਆਏ ਗਏ ਪਰਾਹੁਣੇ ਲਈ ਵਿਸ਼ੇਸ਼ ਖੰਡ ਦੀ ਚਾਹ ਬਣਦੀ ਸੀ। ਇਸ ਦੌਰ ਵਿੱਚ ਖੂਹ ਦੇ ਕੁੱਤੇ ਦੀ ਟਿਕ ਟਿੱਕ ਖੇਤਾਂ ਵਿੱਚ ਆਮ ਸੁਣਦੀ ਸੀ ਅਤੇ ਟਿੰਡਾਂ ਤੋਂ ਡਿਗਦੀਆਂ ਪਾਣੀ ਦੀਆਂ ਧਾਰਾਂ ਨੂੰ ਦੇਖਿਆ ਜਾ ਸਕਦਾ ਸੀ। ਪਿਛਲਾ ਇਹ ਦੌਰ ਹੁਣ ਤਸਵੀਰਾਂ ਬਣ ਕੇ ਰਹਿ ਗਿਆ ਹੈ। ਕਾੜ੍ਹਨੀ ਦਾ ਦੁੱਧ ਪੰਜਾਬੀਆਂ ਦੀ ਇੱਕ ਵਿਸ਼ੇਸ਼ ਖੁਰਾਕ ਸੀ ਜੋ ਹੁਣ ਨਹੀਂ ਰਹੀ। ਕੂੰਡੇ ਵਿੱਚ ਘੋਟਣੇ ਨਾਲ ਰਗੜੀ ਮੂੰਗਰਿਆਂ ਦੀ ਚਟਨੀ ਦਾ ਵੀ ਇੱਕ ਆਪਣਾ ਵੱਖਰਾ ਸਵਾਦ ਹੋਇਆ ਕਰਦਾ ਸੀ।
ਇਸ ਦੌਰ ਵਿੱਚ ਘਰਾਂ ਵਿੱਚ ਬਿਜਲੀ ਦਾ ਪ੍ਰਵੇਸ਼ ਹੋਇਆ, ਲਾਟੂਆਂ, ਬਲਬਾਂ ਅਤੇ ਹੁਣ ਐਲ ਈ ਡੀ ਅਤੇ ਰੀਮੋਟ ਨਾਲ ਚੱਲਣ ਵਾਲੀਆਂ ਲਾਈਟਾਂ ਦਾ ਜਮਾਨਾਂ ਵੀ ਇਸ ਦੌਰ ਨੇ ਦੇਖਿਆ। ਇਸ ਸਮੇਂ ਖੇਤੀ ਨਾਲ ਜੁੜੇ ਬਹੁਤ ਸਾਰੇ ਕੰਮ ਸਨ, ਜਿਵੇਂ ਮੱਕੀ ਦੀਆਂ ਛੱਲੀਆਂ ਕੁੱਟਣਾ, ਬਾਜਰਾ, ਜਵਾਰ ਦੇ ਬੀਜ ਕੱਢਣੇ, ਸਣ ਕੱਢਣੀ, ਰੱਸੇ ਵੱਟਣੇ ਆਦਿ। ਇਸ ਦੌਰ ਦੇ ਲੋਕਾਂ ਨੇ ਇਕੱਠੇ ਬਹਿ ਕੇ ਧੂਣੀਆਂ ਸੇਕੀਆਂ, ਛੱਪੜਾਂ ਟੋਭਿਆਂ ਅਤੇ ਵਗਦੀਆਂ ਆਡਾਂ ਦਾ ਪਾਣੀ ਪੀਤਾ। ਇਹ ਉਹ ਲੋਕ ਹਨ, ਜਿਨ੍ਹਾਂ ਨੇ ਇਹ ਮੁਹਾਵਰਾ ਵੀ ਹਜ਼ਾਰਾਂ ਵਾਰ ਵਰਤਿਆਂ ਕਿ ‘ਪਾਣੀ ਕਿਹੜਾ ਮੁੱਲ ਵਿਕਦਾ ਹੈ।’ ਹੁਣ ਪਾਣੀ ਦੀਆਂ ਬੋਤਲਾਂ, ਕੱਪ ਮੁੱਲ ਵਿਕਦੇ ਵੀ ਇਸੇ ਦੌਰ ਨੇ ਵੇਖੇ। ਇਹ ਉਹ ਸਮਾਂ ਸੀ ਜਦੋਂ ਪੰਜਾਬ ਦੇ ਕਈ ਖਿੱਤਿਆਂ ਵਿੱਚੋਂ ਧਰਤੀ ਹੇਠ ਟੋਇਆ ਕੱਢ ਕੇ ਪਾਣੀ ਪੀਤਾ ਜਾ ਸਕਦਾ ਸੀ। ਸੁੱਖਸਾਂਦ ਪੁੱਛਣ ਲਈ ਆਪਣਿਆਂ ਨੂੰ ਚਿੱਠੀਆਂ ਲਿਖੀਆਂ ਜਾਂਦੀਆਂ ਸਨ, ਆਈਆਂ ਚਿੱਠੀਆਂ ਨੂੰ ਸਾਂਭ ਸਾਂਭ ਰੱਖਿਆ ਤੇ ਆਉਣ ਵਾਲੀ ਚਿੱਠੀ ਨੂੰ ਬੇਸਬਰੀ ਨਾਲ ਉਡੀਕਿਆ ਜਾਂਦਾ ਸੀ। ਇਸੇ ਸਮੇਂ ਨੇ ਚਿੱਠੀਆਂ ਦੇ ਇਸ ਦੌਰ ਨੂੰ ਆਪਣੇ ਅੱਖੀਂ ਖਤਮ ਹੁੰਦਿਆਂ ਵੀ ਦੇਖਿਆ, ਚਿੱਠੀ ਦੀ ਥਾਂ ਐੱਸ ਐੱਸ ਅਤੇ ਈਮੇਲ ਦੇ ਦੌਰ ਦੀ ਸ਼ੁਰੂਆਤ ਹੋਈ।
ਬੀਤਿਆ ਸੱਠਾਂ ਕੁ ਸਾਲਾਂ ਦਾ ਦੌਰ ਇੰਨਾ ਵਚਿੱਤਰ ਦੌਰ ਸੀ, ਇਸ ਦੌਰ ਵਿੱਚ ਲੋਕਾਂ ਨੇ ਜ਼ਮਾਨੇ ਨੂੰ ਬਦਲਦੇ ਦੇਖਿਆ ਹੈ। ਇਹ ਅਜਿਹਾ ਸਮਾਂ ਸੀ ਜਿਸ ਨਾਲ ਮਨੁੱਖੀ ਸੱਭਿਅਤਾ ਉੱਕਾ ਹੀ ਤਬਦੀਲ ਹੋ ਗਈ। ਇਨ੍ਹਾਂ ਸਾਲਾਂ ਦੌਰਾਨ ਇੱਕ ਆਮ ਔਸਤ ਮਨੁੱਖ ਕੋਲ ਉਹ ਸਾਧਨ ਆ ਗਏ, ਜੋ ਅੱਜ ਤੋਂ ਦੌ ਸੌ ਸਾਲ ਪਹਿਲਾਂ ਰਾਜਿਆਂ, ਮਹਾਰਾਜਿਆਂ ਕੋਲ ਵੀ ਨਹੀਂ ਸਨ। ਨਿਸ਼ਚਿਤ ਹੀ ਇਹ ਦੁਨੀਆਂ ਚੰਗੀ ਹੋਈ ਹੈ। ਮਨੁੱਖ ਦੇ ਦੁੱਖ ਤਖਲੀਫਾਂ, ਇਲਾਜ, ਸੁਖ ਸਹੂਲਤਾਂ ਤੇਜ਼ੀ ਨਾਲ ਵਿਕਸਿਤ ਹੋਈਆਂ ਹਨ ਅਤੇ ਜ਼ਿੰਦਗੀ ਸੌਖੀ ਹੋਈ ਹੈ।
ਇਹ ਸੱਚ ਹੈ ਕਿ ਦੁਨੀਆਂ ਪਹਿਲਾਂ ਦੇ ਮੁਕਾਬਲੇ ਕਾਫੀ ਹੱਦ ਤਕ ਸੋਹਣੀ ਬਣੀ ਹੈ। ਪਰ ਇਸਦੇ ਬਾਵਜੂਦ ਵੀ ਮਨੁੱਖ ਦੀਆਂ ਮਾਨਸਿਕ ਉਲਝਣਾਂ ਪਹਿਲਾਂ ਨਾਲੋਂ ਵੀ ਵਧ ਗਈਆਂ ਹਨ। ਵਿਗਿਆਨਕ ਤਰੱਕੀ ਕਰਕੇ ਸੰਚਾਰ ਸਾਧਨਾਂ ਵਿੱਚ ਇਸ ਦੌਰ ਵਿੱਚ ਵੱਡੀਆਂ ਤਬਦੀਲੀਆਂ ਵਾਪਰੀਆਂ। ਮੀਲਾਂ ਦੂਰ ਬੈਠੇ ਕਿਸੇ ਆਪਣੇ ਨਾਲ ਅਸੀਂ ਇੱਕ ਕਲਿੱਕ ਕਰਕੇ ਰਾਬਤਾ ਕਰ ਸਕਦੇ ਹਾਂ। ਇਸਦੇ ਬਾਵਜੂਦ ਵੀ ਇਸ ਦੌਰ ਵਿੱਚ ਮਨੁੱਖ ਮਨੁੱਖ ਤੋਂ ਦੂਰ ਹੋਇਆ ਹੈ, ਸਾਡੀਆਂ ਆਪਸੀ ਦੂਰੀਆਂ ਵਧੀਆਂ ਹਨ। ਸਾਡੇ ਰਿਸ਼ਤਿਆਂ ਵਿੱਚ ਪੇਤਲਾਪਣ ਆਇਆ ਹੈ। ਮਨੁੱਖ ਦੀ ਸ਼ਾਜ਼ਿਸੀ ਪ੍ਰਵਿਰਤੀ ਪ੍ਰਬਲ ਹੋਈ ਹੈ, ਸਰਬੱਤ ਦੇ ਭਲੇ ਦਾ ਸੰਕਲਪ ਪਿੱਛੇ ਪੈ ਗਿਆ ਹੈ। ਧਰਮ, ਰਾਜਨੀਤੀ, ਸੱਭਿਆਚਾਰ ਅਤੇ ਸਿੱਖਿਆ ਦੇ ਖੇਤਰ ਵਿੱਚ ਵਪਾਰਕ ਪੱਖ ਅੱਗੇ ਹੋ ਗਿਆ ਹੈ। ਸਾਡੇ ਇਸ ਦੌਰ ਵਿੱਚ ਕਮਿਸ਼ਨ, ਮਿਲਾਵਟ ਅਤੇ ਰਿਸ਼ਵਤਖੋਰੀ ਦਾ ਅਮਲ ਬੜੀ ਤੇਜ਼ੀ ਨਾਲ ਵਧਿਆ ਹੈ। ਇਸੇ ਦੌਰ ਵਿੱਚ ਮਨੁੱਖ ਨੇ ਮਾਨਵੀ ਗੁਣਾਂ ਨਾਲੋਂ ਵਿਖਾਵੇ ਦੀ ਮਨੋਬਿਰਤੀ ਨੂੰ ਵੱਧ ਤਰਜੀਹ ਦਿੱਤੀ ਹੈ ਅਤੇ ਕਈ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਸਹੇੜ ਲਈਆਂ ਹਨ।
ਸਮੇਂ ਦੇ ਇਸ ਦੌਰ ਵਿੱਚ ਅਸੀਂ ਇੱਕ ਬੜੇ ਮਹੱਤਵਪੂਰਨ ਮੋੜ ’ਤੇ ਹਾਂ। ਅਗਲੇ ਕੁਝ ਕੁ ਸਾਲਾਂ ਵਿੱਚ ਵਿੱਚ ਏ ਆਈ ਮਸ਼ੀਨਾਂ (ਰੋਬੌਟ) ਮਨੁੱਖ ਨੂੰ ਮਾਤ ਕਰ ਜਾਣਗੇ। ਅਸੀਂ ਇੱਕ ਅਸਲੋਂ ਨਵੇਂ ਦੌਰ ਵਿੱਚ ਪ੍ਰਵੇਸ਼ ਕਰ ਜਾਵਾਂਗੇ। ਅਸੀਂ ਇਸ ਸਮੇਂ ਏ ਆਈ ਭਾਵ ਆਰਟੀਫੀਸ਼ਲ ਇੰਟੈਲੀਜੈਂਸ (ਬਣਾਉਟੀ ਸਮਝ) ਦੇ ਦੌਰ ਵਿੱਚ ਪ੍ਰਵੇਸ਼ ਕਰਨ ਵਾਲੇ ਹਾਂ। ਇਸ ਤੋਂ ਕੁਝ ਸਾਲ ਮਗਰੋਂ ਜਿਉਂ ਹੀ ਅਸੀਂ ਏ ਜੀ ਆਈ (ਆਰਟੀਫੀਸ਼ਲ ਜਨਰਲ ਸਮਝ) ਵਿੱਚ ਪ੍ਰਵੇਸ਼ ਕਰਾਂਗੇ ਤਾਂ ਇਹ ਦੁਨੀਆਂ ਉੱਕਾ ਹੀ ਤਬਦੀਲ ਹੋ ਚੁੱਕੀ ਹੋਵੇਗੀ। ਇਹ ਦੌਰ ਇੰਨਾ ਹੈਰਾਨੀਜਨਕ ਹੋਵੇਗਾ ਕਿ ਇਸਦਾ ਫਿਲਹਾਲ ਅਸੀਂ ਕਿਆਸ ਵੀ ਨਹੀਂ ਕਰ ਸਕਦੇ। ਬੀਤਿਆ 60-70 ਸਾਲ ਦਾ ਸਮਾਂ ਬੜਾ ਰੋਚਕ ਸੀ। ਇਸ ਦੌਰਾਨ ਹੋਏ ਲੋਕ ਵੀ ਸਾਡੀ ਸੱਭਿਅਤਾ ਦੀ ਬੇਹੱਦ ਰੋਚਕ ਪੀੜ੍ਹੀ ਦੇ ਲੋਕ ਸਨ, ਜਿਨ੍ਹਾਂ ਬਾਰੇ ਹੋਰ ਵੀ ਲਿਖਿਆ ਜਾਣਾ ਚਾਹੀਦਾ ਹੈ।
* * *
ਕੁਝ ਸ਼ਬਦ ਮੇਰੇ ਵੱਲੋਂ:
1963 ਵਿੱਚ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਯੂਪੀ ਗਿਆ। ਸਾਡੇ ਰਿਸ਼ਤੇਦਾਰ ਯੂਪੀ ਦੇ ਜ਼ਿਲ੍ਹੇ ਰਾਮਪੁਰ, ਤਹਿਸੀਲ ਰਾਮਪੁਰ ਦੇ ਪਿੰਡ ਖੰਡੀਏ ਵਿੱਚ ਰਹਿੰਦੇ ਹਨ। ਉੱਥੇ ਮੈਂ ਮਹੀਨਾ ਕੁ ਲਾਗੇ-ਚਾਗੇ ਘੁੰਮਿਆ। ਇਕ ਦਿਨ ਉਸੇ ਪਿੰਡ ਦਾ ਇੱਕ ਵਸਨੀਕ ਮੈਨੂੰ ਪੁੱਛਣ ਲੱਗਾ, “ਆਪ ਪੰਜਾਬ ਸੇ ਕੈਸੇ ਆਏ?”
“ਗਾੜੀ ਸੇ।” ਮੈਂ ਸੰਖੇਪ ਜਿਹਾ ਉੱਤਰ ਦਿੱਤਾ।
ਲਾਗੇ ਹੀ ਇੱਕ ਬੈਲ-ਗੱਡੀ ਜਾ ਰਹੀ ਸੀ। ਉਹ ਵਿਅਕਤੀ ਬੈਲ-ਗੱਡੀ ਵੱਲ ਇਸ਼ਾਰਾ ਕਰਦਿਆਂ ਬੋਲਿਆ, “ਯੇਹ ਗਾੜੀਆਂ ਪੰਜਾਬ ਕੋ ਭੀ ਜਾਤੀ ਹੈ?”
ਜੇ ਮੈਂ ਗੱਡੀ (ਰੇਲ ਗੱਡੀ, ਟਰੇਨ) ਕਦੇ ਨਾ ਦੇਖੀ ਹੁੰਦੀ, ਉਸ ਵਿੱਚ ਸਫਰ ਨਾ ਕੀਤਾ ਹੁੰਦਾ ਤਾਂ ਸੋਚਣਾ ਮੈਂ ਵੀ ਉਸੇ ਵਿਅਕਤੀ ਵਾਂਗ ਹੀ ਸੋਚਣਾ ਸੀ।
... ਅਵਤਾਰ ਗਿੱਲ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































