“ਹਵਾ ਦੀ ਇਸ ਖਾਮੋਸ਼ ਮੌਤ ਪ੍ਰਤੀ ਅਸੀਂ ਫਿਲਹਾਲ ਬੇਹੱਦ ਅਵੇਸਲੇ ਹਾਂ। ਇਹ ਭਿਆਨਕ ...”
(9 ਫਰਵਰੀ 2026)
ਇਨ੍ਹਾਂ ਦਿਨਾਂ ਦੌਰਾਨ ਜੇਕਰ ਤੁਸੀਂ ਆਪਣੇ ਮੋਬਾਇਲ ਫੋਨ ’ਤੇ ਪੰਜਾਬ ਦੀ ਹਵਾ ਦੀ ਸ਼ੁੱਧਤਾ ਨੂੰ, ਜਿਸ ਨੂੰ ਅਸੀਂ ਏਅਰ ਕੁਆਲਟੀ ਇੰਡੈਕਸ ਕਹਿੰਦੇ ਹਾਂ, ਚੈੱਕ ਕਰੋਗੇ ਤਾਂ ਤੁਸੀਂ ਪਾਓਗੇ ਕਿ ਪਿਛਲੇ ਦੋ ਮਹੀਨਿਆਂ ਤੋਂ ਅਸੀਂ ਰੈੱਡ ਜੋਨ ਵਿੱਚ ਰਹਿ ਰਹੇ ਹਾਂ। ਹਰ ਸਾਲ ਇਨ੍ਹਾਂ ਦਿਨਾਂ ਦੌਰਾਨ ਸਾਡੀ ਹਵਾ ਇੱਕ ਖਾਮੋਸ਼ ਕਾਤਲ ਬਣ ਜਾਂਦੀ ਹੈ। ਇਹ ਸਿਲਸਿਲਾ ਹਰ ਸਾਲ ਪਹਿਲਾਂ ਨਾਲੋਂ ਵੱਧ ਘਾਤਕ ਹੋ ਰਿਹਾ ਹੈ ਪਰ ਅਸੀਂ ਸਾਰੇ ਇਸ ਪ੍ਰਤੀ ਬੇਖਬਰ ਹਾਂ। ਇਸੇ ਸਾਲ 15 ਜਨਵਰੀ ਨੂੰ ਅਜੀਤ ਅਖਬਾਰ ਦੇ ਅੰਤਰਰਾਸ਼ਟਰੀ ਪੰਨੇ ’ਤੇ ਲੱਗੀ ਇੱਕ ਛੋਟੀ ਜਿਹੀ ਖਬਰ ਨੇ ਮੇਰੇ ਜ਼ਿਹਨ ਵਿੱਚ ਪਹਿਲਾਂ ਤੋਂ ਚੱਲ ਰਹੀ ਬੇਚੈਨੀ ਨੂੰ ਕਈ ਗੁਣਾ ਵਧਾ ਦਿੱਤਾ।
ਖਬਰ ਇਹ ਸੀ ਕਿ ਡੈਨਮਾਰਕ ਦੇ ਵਿਸ਼ਵ ਦੇ ਨੰਬਰ 3 ਖਿਡਾਰੀ ਐਡਰਸ ਅਟੋਨਸੇਨ ਨੇ ਕਿਹਾ ਕਿ ਦਿੱਲੀ ਦੇ ਇਨ੍ਹੀਂ ਦਿਨੀਂ ਗੰਭੀਰ ਪ੍ਰਦੂਸ਼ਣ ਦੀ ਵਜਾਹ ਕਰਕੇ ਉਹ ਬੈਡਮਿੰਟਨ ਟੂਰਨਾਮੈਂਟ ਵਿੱਚ ਹਿੱਸਾ ਲੈਣ ਨਹੀਂ ਲੈਣਗੇ। ਖਬਰ ਅਨੁਸਾਰ ਐਟੋਨਸੇਨ ਨੇ ਇੰਸਟਾਗ੍ਰਾਮ ’ਤੇ ਲਿਖਿਆ, “ਬਹੁਤ ਸਾਰੇ ਲੋਕ ਜਾਣਨਾ ਚੁਹੁੰਦੇ ਹਨ ਕਿ ਮੈਂ ਲਗਾਤਾਰ ਤੀਜੇ ਸਾਲ ਇੰਡੀਆ ਓਪਨ ਤੋਂ ਕਿਉਂ ਹਟਿਆ ਹਾਂ। ਵਰਤਮਾਨ ਸਮੇਂ ਵਿੱਚ ਦਿੱਲੀ ਵਿੱਚ ਪ੍ਰਦੂਸ਼ਣ ਬਹੁਤ ਜ਼ਿਆਦਾ ਹੈ, ਇਸ ਲਈ ਮੈਂਨੂੰ ਨਹੀਂ ਲਗਦਾ ਕਿ ਇਹ ਬੈਡਮਿੰਟਨ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਲਈ ਸਹੀ ਜਗ੍ਹਾ ਹੈ।”
ਇਸ ਬੈਡਮਿੰਟਨ ਖਿਡਾਰੀ ਦਾ ਸਾਡੇ ਦੇਸ਼ ਵਿੱਚ ਨਾ ਆਉਣ ਦਾ ਕਾਰਨ ਪ੍ਰਦੂਸ਼ਣ ਹੋਵੇ ਜਾਂ ਕੁਝ ਹੋਰ, ਆਪਾਂ ਨੂੰ ਇਸਦੀ ਵਿਆਖਿਆ ਕਰਨ ਦੀ ਲੋੜ ਨਹੀਂ। ਇੱਕ ਗੱਲ ਪੱਕੀ ਹੈ ਕਿ ਦਿੱਲੀ ਸਮੇਤ ਉੱਤਰੀ ਭਾਰਤੀ ਰਾਜਾਂ, ਜਿਨ੍ਹਾਂ ਵਿੱਚ ਖਾਸ ਤੌਰ ’ਤੇ ਪੰਜਾਬ ਅਤੇ ਹਰਿਆਣਾ, ਹੁਣ ਯੂ ਪੀ ਅਤੇ ਹਿਮਾਚਲ ਪ੍ਰਦੇਸ਼ ਵੀ ਇਸ ਤੋਂ ਪਾਸੇ ਨਹੀਂ ਰਹੇ, ਇਨ੍ਹਾਂ ਰਾਜਾਂ ਵਿੱਚ ਨਵੰਬਰ 2025 ਤੋਂ ਜਨਵਰੀ 26 ਤਕ ਪ੍ਰਦੂਸ਼ਣ ਦਾ ਸਤਰ ਖਤਰਨਾਕ ਹੱਦ ਤਕ ਲਗਾਤਾਰ ਬਣਿਆ ਹੋਇਆ ਹੈ। ਏਅਰ ਕੁਆਲਟੀ ਇੰਡੈਕਸ ਜੋ ਸਾਫ ਹਵਾ ਲਈ 50 ਦੇ ਆਸ ਪਾਸ ਹੋਣਾ ਚਾਹੀਦਾ ਹੈ, ਉਹ ਜ਼ਿਆਦਾਤਰ ਇਲਾਕਿਆਂ ਵਿੱਚ 200 ਤੋਂ 550 ਤਕ ਹੈ। ਇਹ ਖਤਰਨਾਕ ਸਥਿਤੀ ਪਿਛਲੇ ਦੋ ਮਹੀਨਿਆਂ ਤੋਂ ਬਣੀ ਹੋਈ ਹੈ। ਹਵਾ ਦਾ ਇਹ ਪ੍ਰਦੂਸ਼ਣ ਜੀਵਨ ਲਈ ਇੰਨਾ ਖਤਰਨਾਕ ਹੈ ਕਿ ਅਸੀਂ ਸਾਰੇ ਇਨ੍ਹਾਂ ਦਿਨਾਂ ਦੌਰਾਨ 16 ਤੋਂ 20 ਸਿਗਰਟਾਂ ਜਿੰਨਾ ਧੂੰਆਂ ਆਪਣੇ ਅੰਦਰ ਖਿੱਚ ਰਹੇ ਹਾਂ। ਸੰਨ 2023 ਵਿੱਚ ਦੁਨੀਆ ਭਰ ਵਿੱਚ ਹਵਾ ਦੇ ਪ੍ਰਦੂਸ਼ਣ ਕਰਕੇ 78 ਲੱਖ ਮੌਤਾਂ ਹੋਈਆਂ। ਉੱਤਰੀ ਭਾਰਤ, ਖਾਸ ਕਰਕੇ ਪੰਜਾਬ ਵਿੱਚ ਇਸ ਖਤਰਨਾਕ ਪ੍ਰਦੂਸ਼ਣ ਨਾਲ ਮੌਤਾਂ ਵੀ ਹੋ ਰਹੀਆਂ ਹਨ ਅਤੇ ਸਾਡੀ ਸਭ ਦੀ ਉਮਰ ਵੀ ਇਸ ਨਾਲ ਘੱਟ ਹੋ ਰਹੀ ਹੈ। ਇੱਕ ਵਿਗਿਆਨਕ ਖੋਜ ਅਨੁਸਾਰ ਹਵਾ ਦਾ ਪ੍ਰਦੂਸ਼ਣ ਜਦੋਂ 200 ਏ ਕਿਊ ਆਈ ਤਕ ਜਾਂ ਇਸ ਤੋਂ ਉੱਪਰ ਜਾਂਦਾ ਹੈ ਤਾਂ ਹਵਾ ਵਿੱਚ ਜੀਵਨ ਲਈ ਖਤਰਨਾਕ ਪੀ ਐੱਮ 2.5 ਅਤੇ ਪੀ ਐੱਮ 10 ਕਣਾਂ ਵਿੱਚ ਵਾਧਾ ਹੋ ਜਾਂਦਾ ਹੈ। ਇਨ੍ਹਾਂ ਸਿਰ ਦੇ ਵਾਲਾਂ ਤੋਂ 30 ਗੁਣਾ ਬਰੀਕ ਕਣਾਂ ਦੀ ਜਦੋਂ ਹਵਾ ਭਰਮਾਰ ਹੁੰਦੀ ਹੈ ਤਾਂ ਇਹ ਸਾਹ ਲੈਣ ਨਾਲ ਸਾਡੇ ਅੰਦਰ ਜਾਂਦੇ ਹਨ। ਇਹ ਵੱਡੀ ਪੱਧਰ ’ਤੇ ਲੋਕਾਂ ਲਈ ਹਾਰਟ ਅਟੈਕ, ਸਾਹ, ਦਮਾ, ਬਰੇਨ ਸਟਰੋਕ, ਫੇਫੜਿਆਂ ਦਾ ਕੈਂਸਰ, ਗੁਰਦਿਆਂ ਦੇ ਰੋਗ ਅਤੇ ਬਲੱਡ ਪ੍ਰੈੱਸ਼ਰ ਵਰਗੇ ਕਈ ਰੋਗਾਂ ਦਾ ਕਾਰਨ ਬਣਦੇ ਹਨ। ਪਲੀਤ ਹਵਾ ਦਾ ਇਹ ਪ੍ਰਕੋਪ ਸਾਡੇ ਹਰ ਇੱਕ ਦੀ 2.2 ਸਾਲ ਉਮਰ ਘੱਟ ਕਰ ਰਿਹਾ ਹੈ। ਹਵਾ ਦੇ ਪ੍ਰਦੂਸ਼ਣ ਦਾ ਮਾਨਸਿਕ ਬਿਮਾਰੀਆਂ ਨੂੰ ਵਧਾਉਣ ਵਿੱਚ ਵੀ ਵੱਡਾ ਹੱਥ ਹੈ। ਇਸ ਨਾਲ ਲੋਕਾਂ ਨੂੰ ਡਿਪਰੈਸ਼ਨ, ਐਂਗਜ਼ਾਇਟੀ ਅਤੇ ਮਾਨਸਿਕ ਤਣਾਅ ਵਧਦਾ ਹੈ। ਬਹੁਤ ਸਾਰੇ ਲੋਕਾਂ ਨੂੰ ਇੰਝ ਲਗਦਾ ਹੈ ਕਿ ਜਿਵੇਂ ਉਹਨਾਂ ਨੂੰ ਸਾਹ ਨਹੀਂ ਆ ਰਿਹਾ ਅਤੇ ਉਹ ਇਸ ਸਥਿਤੀ ਤੋਂ ਡਰ ਕੇ ਮਾਨਸਿਕ ਰੋਗਾਂ ਦਾ ਸ਼ਿਕਾਰ ਬਣ ਜਾਂਦੇ ਹਨ। ਇਸ ਨਾਲ ਵੱਡੀ ਉਮਰ ਦੇ ਲੋਕਾਂ ਵਿੱਚ ਡੀਮੈਂਸ਼ੀਆ ਅਤੇ ਅਲਜ਼ਾਈਮਰ, ਅਧਰੰਗ ਵਰਗੀਆਂ ਬਿਮਾਰੀਆਂ ਲੱਗਣ ਦਾ ਖਤਰਾ ਵਧ ਜਾਂਦਾ ਹੈ। ਲੋਕਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੋਣ ਲਗਦਾ ਹੈ ਅਤੇ ਕਈ ਤਰ੍ਹਾਂ ਦੀਆਂ ਇਨਫੈਂਕਸ਼ਨਾਂ ਦਾ ਖਤਰਾ ਵਧ ਜਾਂਦਾ ਹੈ। ਲੰਮਾ ਸਮਾਂ ਪ੍ਰਦੂਸ਼ਿਤ ਹਵਾ ਵਿੱਚ ਰਹਿਣ ਕਰਕੇ ਕਿਸੇ ਵੀ ਖਿੱਤੇ ਵਿੱਚ ਕੈਂਸਰ ਦੇ ਰੋਗੀਆਂ ਦੀ ਗਿਣਤੀ ਵਧ ਜਾਂਦੀ ਹੈ। ਇਹ ਬੱਚਿਆਂ ਨੂੰ ਮਾਨਸਿਕ ਤੌਰ ’ਤੇ ਕਮਜ਼ੋਰ ਕਰਨ ਅਤੇ ਉਨ੍ਹਾਂ ਵਿੱਚ ਸਿੱਖਣ ਦੀ ਸਮਰੱਥਾ ਨੂੰ ਘੱਟ ਕਰ ਦਿੰਦਾ ਹੈ। ਇਹ ਸਥਿਤੀ ਸਿਗਰਟ ਪੀਣ ਨਾਲੋਂ ਕਿਤੇ ਵੱਧ ਘਾਤਕ ਹੈ ਅਤੇ ਸ਼ਰਾਬ ਪੀਣ ਨਾਲੋਂ 3 ਗੁਣਾ ਵੱਧ ਖਤਰਨਾਕ ਹੈ। ਉੱਤਰੀ ਭਾਰਤੀ ਰਾਜਾਂ ਵਿੱਚ ਜੇਕਰ ਬਾਰਸ਼ ਹੁੰਦੀ ਹੈਂ ਅਤੇ ਇਸ ਮਗਰੋਂ ਹਵਾਵਾਂ ਚਲਦੀਆਂ ਤਾਂ ਹਵਾ ਦੀ ਗੁਣਵੱਤਾ ਵਿੱਚ ਕੁਝ ਸੁਧਾਰ ਹੋ ਸਕਦਾ ਸੀ ਪਰ ਜਦੋਂ ਅਜਿਹਾ ਨਹੀਂ ਹੁੰਦਾ ਤਾਂ ਧੀਮੀ ਮੌਤ ਦਾ ਪ੍ਰਕੋਪ ਲਗਾਤਾਰ ਬਰਕਰਾਰ ਰਹਿੰਦਾ ਹੈ।
ਅਸੀਂ ਭਾਰਤੀ ਲੋਕ ਸਭ ਤਰ੍ਹਾਂ ਦੇ ਮਸਲਿਆਂ ਲਈ ਗੰਭੀਰ ਹਾਂ। ਇਹ ਮਸਲੇ ਚਾਹੇ ਰਾਜਨੀਤਕ ਹੋਣ, ਸਮਾਜਿਕ ਹੋਣ ਜਾਂ ਧਾਰਮਿਕ ਹੋਣ, ਇਸ ਲਈ ਅਸੀਂ ਇਕੱਠੇ ਹੋ ਸੜਕਾਂ ’ਤੇ ਨਿਕਲ ਆਉਂਦੇ ਹਾਂ। ਆਪਣੇ ਆਪ ਦਾ ਵਿਖਾਵਾ ਕਰਨ, ਵੱਡੀਆਂ ਗੱਡੀਆਂ, ਉੱਚੀਆਂ ਕੋਠੀਆਂ, ਮਹਿੰਗੇ ਕੱਪੜੇ ਅਤੇ ਸਮਾਗਮਾਂ ਉੱਤੇ ਬੇਤਹਾਸ਼ਾ ਪੈਸਾ ਖਰਚ ਕਰਕੇ ਅਸੀਂ ਆਪਣੀ ਹਊਮੈਂ ਨੂੰ ਪੱਠੇ ਪਾਉਣ ਦੀ ਕੋਈ ਕਸਰ ਅਸੀਂ ਬਾਕੀ ਨਹੀਂ ਰਹਿਣ ਦਿੰਦੇ। ਪਰ ਜਿੱਥੇ ਜੀਵਨ ਦਾ ਮਸਲਾ ਹੁੰਦਾ ਹੈ, ਜਿੱਥੇ ਸਾਡੀ ਜ਼ਿੰਦਗੀ ਨਾਲ ਸਿੱਧੇ ਤੌਰ ’ਤੇ ਜੀਵਨ ਨੂੰ ਪ੍ਰਭਾਵਤ ਕਰਨ ਵਾਲੇ ਸੰਕਟ ਹੁੰਦੇ ਹਨ, ਉੱਥੇ ਅਸੀਂ ਅਕਸਰ ਖਾਮੋਸ਼ ਰਹਿੰਦੇ ਹਾਂ। ਵਿਚਾਰਨ ਵਾਲੀ ਗੱਲ ਇਹ ਹੈ ਕਿ ਇਸ ਧੀਮੀ ਮੌਤ ਦੇ ਮਨੁੱਖ ਵੱਲੋਂ ਸਿਰਜੇ ਬਿਰਤਾਂਤ ਵਿੱਚ ਵੱਡੇ ਤੋਂ ਵੱਡੇ ਰਾਜਨੀਤਕ ਲੋਕਾਂ ਤੋਂ ਲੈ ਕੇ ਆਮ ਲੋਕ ਵੀ ਸਾਹ ਲੈਂਦੇ ਹਨ ਕਿ ਪਰ ਮਜ਼ਾਲ ਕੀ ਕਿ ਕਿਸੇ ਮੰਚ ’ਤੇ, ਕਿਸੇ ਚੈਂਨਲ ’ਤੇ ਜਾਂ ਕਿਸੇ ਸਭਾ ਇਕੱਠ ਵਿੱਚ ਇਸ ਸਬੰਧੀ ਗੰਭੀਰ ਚਰਚਾ ਹੋਈ ਹੋਵੇ। ਅਸੀਂ ਲੱਖਾਂ ਭਾਰਤੀ ਲੋਕ ਪਿਛਲੇ ਦੋ ਮਹੀਨਿਆਂ ਤੋਂ ਇਸ ਭਿਆਨਕ ਮੌਤ ਦੇ ਮਾਹੌਲ ਵਿੱਚ ਸਾਹ ਲੈ ਰਹੇ ਹਾਂ ਪਰ ਇਸ ਪ੍ਰਤੀ ਜੋ ਫਿਕਰਮੰਦੀ ਹੋਣੀ ਚਾਹੀਦੀ ਸੀ, ਉਹ ਫਿਕਰਮੰਦੀ ਕਿੱਥੇ ਹੈ? ਇਸ ਸਬੰਧੀ ਜਦੋਂ ਮੈਂ ਆਪਣੇ ਦੋਸਤ ਮੋਗੇ ਦੇ ਇੱਕ ਮਸ਼ਹੂਰ ਦਿਲ ਦੇ ਮਾਹਿਰ ਡਾਕਟਰ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਇਨ੍ਹਾਂ ਦਿਨਾਂ ਦੌਰਾਨ ਬਹੁਤ ਘੱਟ ਉਮਰ ਦੇ ਲੋਕ ਵੀ ਦਿਲ ਦੇ ਰੋਗਾਂ ਦੇ ਮਰੀਜ਼ ਬਣਕੇ ਆ ਰਹੇ ਹਨ। ਪੰਜਾਬ ਵਿੱਚ ਇਹ ਉਹ ਦਿਨ ਹੁੰਦੇ ਹਨ, ਜਿਨ੍ਹਾਂ ਦਿਨਾਂ ਦੌਰਾਨ ਲੋਕਾਂ ਨੂੰ ਮੌਤਾਂ ਦੇ ਭੋਗਾਂ ਦੇ ਵੱਧ ਸੱਦੇ ਆਉਣ ਲਗਦੇ ਹਨ।
ਹਰ ਸਾਲ ਮੌਤ ਦੇ ਇਸ ਬਿਰਤਾਂਤ ਦੀ ਸ਼ੁਰੂਆਤ ਨਵੰਬਰ ਮਹੀਨੇ ਤੋਂ ਹੁੰਦੀ ਹੈ। ਇਸੇ ਸਮੇਂ ਵਿੱਚ ਹੀ ਦਿਵਾਲੀ ਦੌਰਾਨ ਉੱਤਰੀ ਭਾਰਤ ਵਿੱਚ ਬੇਤਹਾਸ਼ ਪਟਾਕੇ ਚਲਾਏ ਜਾਂਦੇ ਹਨ। ਕੀ ਦਿਵਾਲੀ, ਗੁਰਪੂਰਬ ਅਤੇ ਵਿਆਹ ਸ਼ਾਦੀਆਂ, ਜਨਮ ਦਿਨਾਂ ਦੌਰਾਨ ਚਲਾਏ ਜਾਂਦੇ ਪਟਾਕੇ ਬੰਦ ਨਹੀਂ ਕੀਤੇ ਜਾ ਸਕਦੇ? ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਵਿੱਚ ਪਟਾਕਿਆਂ ਨੂੰ ਬਣਾਉਣ ਜਾਂ ਇਨ੍ਹਾਂ ਦੀ ਵਿਕਰੀ ’ਤੇ ਪੂਰਨ ਤੌਰ ’ਤੇ ਪਾਬੰਦੀ ਲਾਈ ਜਾਣੀ ਚਾਹੀਦੀ ਹੈ। ਸਾਡੇ ਲੋਕਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਪਟਾਕੇ ਇਤਿਹਾਸਕ ਤੌਰ ’ਤੇ ਕਿਸੇ ਤਿਉਹਾਰ ਨਾਲ ਜੁੜੀ ਹੋਈ ਰਸਮ ਨਹੀਂ ਹਨ। ਦਿਵਾਲੀ ਦੇ ਤਿਉਹਾਰ ਦੌਰਾਨ ਅਸੀਂ ਮਹਾਂਨਗਰਾਂ, ਸ਼ਹਿਰਾਂ, ਕਸਬਿਆਂ ਨੂੰ ਇੰਨਾ ਪਲੀਤ ਕਰ ਦਿੰਦੇ ਹਾਂ ਕਿ ਇਨ੍ਹਾਂ ਤੋਂ ਧੂੰਏਂ ਦੇ ਬੱਦਲਾਂ ਦੇ ਵੱਡੇ ਗੁਬਾਰ ਉੱਠਦੇ ਹਨ ਅਤੇ ਹਵਾ ਵਿੱਚ ਨਮੀ ਹੋਣ ਕਰਕੇ ਇਹ ਧੂੰਆਂ ਫਿਰ ਅਗਲੇ ਮਹੀਨਿਆਂ ਦੌਰਾਨ (ਜਿਵੇਂ ਇਸ ਵਾਰ ਹੋਇਆ ਹੈ) ਉਡ ਕੇ ਕਿਸੇ ਪਾਸੇ ਜਾਂਦਾ ਨਹੀਂ ਬਲਕਿ ਸਾਡੀ ਸਭ ਲਈ ਜਾਨ ਦਾ ਖੌਅ ਬਣਕੇ ਸਾਡੇ ਆਲੇ ਦੁਆਲੇ ਮੌਤ ਦਾ ਬਿਰਤਾਂਤ ਸਿਰਜਦਾ ਹੈ। ਇਨ੍ਹਾਂ ਹੀ ਦਿਨਾਂ ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗਾਂ ਲਗਦੀਆਂ ਹਨ। ਇਸ ਰਾਹੀਂ ਮੀਥੇਨ ਗੈਸ ਵੱਡੀ ਮਾਤਰਾ ਵਿੱਚ ਹਵਾ ਵਿੱਚ ਘੁਲਦੀ ਹੈ। ਇਨ੍ਹਾਂ ਹੀ ਦਿਨਾਂ ਦੌਰਾਨ ਅਸੀਂ ਧਾਰਮਿਕ ਅਸਥਾਨਾਂ ’ਤੇ ਵੱਖ ਵੱਖ ਤਰ੍ਹਾਂ ਦੇ ਸਮਾਗਮ ਕਰਕੇ ਬੰਬ ਪਟਾਕੇ ਚਲਾ ਕੇ ਆਪਣੇ ਆਪਣੇ ਆਪ ਨੂੰ ਵੱਧ ਤੋਂ ਵੱਧ ਧਾਰਮਿਕ ਹੋਣ ਦਾ ਸਬੂਤ ਦਿੰਦੇ ਹਾਂ। ਹਵਾ ਨੂੰ ਵੱਧ ਤੋਂ ਵੱਧ ਪਲੀਤ ਕਰਨ ਵਿੱਚ ਅਸੀਂ ਫਖਰ ਮਹਿਸੂਸ ਕਰਦੇ ਹਾਂ, ਬਿਨਾਂ ਇਹ ਵਿਚਾਰ ਕੀਤਿਆਂ ਕਿ ਸਾਡੇ ਗੁਰੂ ਨੇ ਸਾਨੂੰ ਇਹ ਤਾਗੀਦ ਕੀਤੀ ਸੀ ਕਿ ਧਰਤੀ ਮਾਂ, ਪਾਣੀ ਪਿਤਾ ਅਤੇ ਹਵਾ ਸਾਡੇ ਲਈ ਸਾਡੇ ਗੁਰੂ ਸਮਾਨ ਹੈ। ਪਟਾਕਿਆਂ ਦੇ ਖਤਰਨਾਕ ਪ੍ਰਭਾਵ ਬਾਰੇ ਧਾਰਮਿਕ, ਸਮਾਜਿਕ, ਰਾਜਤੀਤਕ ਅਤੇ ਪ੍ਰਸ਼ਾਸਨਿਕ ਮੰਚ ’ਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਣੀ ਚਾਹੀਦੀ ਹੈ। ਚਾਹੀਦਾ ਇਹ ਹੈ ਕਿ ਪਟਾਕਿਆਂ ਉੱਤੇ ਪੂਰਨ ਤੌਰ ’ਤੇ ਪਾਬੰਦੀ ਹੋਵੇ ਜਾਂ ਇਨ੍ਹਾਂ ਦੀ ਵਿਕਰੀ ’ਤੇ ਇੰਨਾ ਟੈਕਸ ਲਾ ਦਿੱਤਾ ਜਾਵੇ ਕਿ ਇਨ੍ਹਾਂ ਨੂੰ ਖਰੀਦਣ ਵਾਲਾ ਸੌ ਵਾਰ ਸੋਚੇ।
ਹਵਾ ਦੀ ਇਸ ਖਾਮੋਸ਼ ਮੌਤ ਪ੍ਰਤੀ ਅਸੀਂ ਫਿਲਹਾਲ ਬੇਹੱਦ ਅਵੇਸਲੇ ਹਾਂ। ਇਹ ਭਿਆਨਕ ਸਥਿਤੀ ਸਾਲ ਵਿੱਚ ਕਈ ਵਾਰ ਬਣਦੀ ਹੈ ਪਰ ਹਰ ਸਾਲ ਨਵੰਬਰ ਮਹੀਨੇ ਤੋਂ ਦਸੰਬਰ, ਜਨਵਰੀ ਤਕ ਤਾਂ ਇਹ ਇੱਕ ਤਰ੍ਹਾਂ ਨਾਲ ਮੌਤ ਦੇ ਦਿਨ ਹੁੰਦੇ ਹਨ। ਇਸ ਪ੍ਰਤੀ ਸਾਨੂੰ ਹਰ ਇੱਕ ਨੂੰ ਅਤੇ ਸਾਡੀਆਂ ਸਰਕਾਰਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ। ਹਰ ਤਰ੍ਹਾਂ ਦੇ ਨਫੇ ਨੁਕਸਾਨ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਲਈ ਸਾਨੂੰ ਇਸ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ। ਪਰਾਲੀ ਸਾੜਨੀ ਹਰ ਹਾਲ ਬੰਦ ਹੋਣੀ ਚਾਹੀਦੀ ਹੈ। ਇਸ ਲਈ ਸਰਕਾਰ ਨੂੰ ਢੁਕਵੀਂ ਵਿਵਸਥਾ ਕਰਕੇ ਦੇਣੀ ਚਾਹੀਦੀ ਹੈ। ਪੁਰਾਣੇ ਵਾਹਨਾਂ, ਜੋ ਪ੍ਰਦੂਸ਼ਣ ਫੈਲਾਉਣ ਦਾ ਕਾਰਨ ਬਣਦੇ ਹਨ, ’ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਜਾਣੀ ਚਾਹੀਦੀ ਹੈ। ਫੈਕਟਰੀਆਂ, ਕਾਰਖਾਨਿਆਂ, ਮਿੱਲਾਂ ਦੀਆਂ ਚਿਮਨੀਆਂ ਨੂੰ ਉੱਚਾ ਕਰਨ ਅਤੇ ਇਨ੍ਹਾਂ ’ਤੇ ਪ੍ਰਦੂਸ਼ਣ ਨੂੰ ਘੱਟ ਕਰਨ ਕਰਨ ਵਾਲੇ ਯੰਤਰ ਲਾਏ ਜਾਣੇ ਚਾਹੀਦੇ ਹਨ।
ਸਾਡਾ ਪੰਜਾਬੀਆਂ ਦਾ ਇਹ ਖਾਸਾ ਹੈ ਕਿ ਅਸੀਂ ਰਾਜਨੀਤਕ ਅਤੇ ਧਾਰਮਿਕ ਮਾਮਲਿਆਂ ਪ੍ਰਤੀ ਅਕਸਰ ਸੰਵੇਦਨਸ਼ੀਲ ਰਹਿੰਦੇ ਹਾਂ ਪਰ ਜਿੱਥੇ ਜੀਵਨ ਨਾਲ ਜੁੜੇ ਮਸਲੇ ਹੋਣ, ਉੱਥੇ ਅਸੀਂ ਬਿਲਕੁਲ ਹੀ ਗੰਭੀਰ ਨਹੀਂ ਹਾਂ। ਇਹ ਭਾਵੇਂ ਸਿਹਤ ਸਬੰਧੀ ਮਸਲੇ ਹੋਣ, ਦਰਿਆਵਾਂ ਦਾ ਪਲੀਤ ਹੋ ਰਿਹਾ ਪਾਣੀ, ਖਾਣ ਪੀਣ ਦੀਆਂ ਚੀਜ਼ਾਂ ਜਾਂ ਹਵਾ-ਪਾਣੀ ਅਤੇ ਮਿੱਟੀ ਦੀ ਬਰਬਾਦੀ ਦਾ ਮਸਲਾ ਹੋਵੇ, ਅਸੀਂ ਇਸ ਪ੍ਰਤੀ ਇੰਨੇ ਗੰਭੀਰ ਨਹੀਂ, ਜਿੰਨੇ ਸਾਨੂੰ ਹੋਣਾ ਚਾਹੀਦਾ ਹੈ। ਸ਼ਾਇਦ ਇਸੇ ਕਰਕੇ ਅਸੀਂ ਆਪਣੇ ਆਲੇ ਦੁਆਲੇ ਮੌਤ ਦਾ ਬਿਰਤਾਂਤ ਸਿਰਜ ਲਿਆ ਹੈ। ਅੱਜ ਜੇਕਰ ਅਸੀਂ ਹਵਾ ਪ੍ਰਦੂਸ਼ਣ ਦੇ ਇਸ ਗੰਭੀਰ ਸੰਕਟ ਪ੍ਰਤੀ ਚਿੰਤਤ ਨਾ ਹੋਏ ਤਾਂ ਇਹ ਨਾ ਹੋਵੇ ਕਿ ਕੱਲ੍ਹ ਤਕ ਬਹੁਤ ਦੇਰ ਹੋ ਜਾਵੇ। ਹਵਾ ਕਿਸੇ ਇੱਕ ਦੀ ਨਹੀਂ, ਇਹ ਸੂਰਜ ਦੀ ਰੋਸ਼ਨੀ ਵਾਂਗ ਸਭ ਲਈ ਹੈ। ਅਸੀਂ ਸਭ ਨੇ ਇਸ ਵਿੱਚ ਸਾਹ ਲੈਣਾ ਹੈ। ਇਸ ਨੂੰ ਸਾਫ ਰੱਖਣ ਲਈ ਜਿੱਥੇ ਰੁੱਖਾਂ ਦੀ ਕਟਾਈ ਰੋਕੇ ਜਾਣ ਦੀ ਲੋੜ ਹੈ, ਉੱਥੇ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣ ਅਤੇ ਪ੍ਰਦੂਸ਼ਣ ਪੈਦਾ ਕਰਨ ਵਾਲੇ ਸਰੋਤਾਂ ਨੂੰ ਬੰਦ ਕਰਨ ਦੀ ਲੋੜ ਹੈ ਤਾਂ ਕਿ ਢੁਕਵੀਆਂ ਜਿਊਣ ਹਾਲਤਾਂ ਸਿਰਜੀਆਂ ਜਾ ਸਕਣ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































