“ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਦੇਸ਼ ਪ੍ਰਤੀ ਵਿਚਾਰਧਾਰਾ ਨੂੰ ਅੱਜ ਫਿਰ ਨਵੇਂ ...”
(22 ਮਾਰਚ 2026)
ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਹਿੰਦੁਸਤਾਨ ਦੀ ਧਰਤੀ ਦਾ ਉਹ ਮਹਾਂਨਾਇਕ ਸੀ ਜਿਸਨੇ ਦੇਸ਼ ਦੀ ਜਵਾਨੀ ਨੂੰ ਦੇਸ਼ ਲਈ ਜਿਊਣ ਅਤੇ ਮਰਨ ਦੀ ਜਾਂਚ ਦੱਸੀ। ਉਹਦੀ ਸ਼ਖਸੀਅਤ, ਅੰਗਰੇਜ਼ ਹਕੂਮਤ ਖਿਲਾਫ ਕੁਝ ਕਾਰਨਾਮਿਆਂ ਨੂੰ ਅੰਜਾਮ ਦੇਣ ਅਤੇ ਹੱਸਦਿਆਂ ਹੱਸਦਿਆਂ ਫਾਂਸੀ ਦੇ ਰੱਸੇ ’ਤੇ ਝੂਲ ਜਾਣ ਤਕ ਹੀ ਸੀਮਿਤ ਨਹੀਂ ਸੀ। ਇਸ ਤੋਂ ਅਗਾਂਹ ਉਹ ਇੱਕ ਬਹੁਤ ਜ਼ਹੀਨ ਫਿਲਾਸਫਰ ਸ਼ਖਸੀਅਤ ਦਾ ਮਾਲਕ ਸੀ। ਉਸਦੀ ਸ਼ਖਸੀਅਤ ਨਾਲ ਮਿਲਦੀਆਂ ਜੁਲਦੀਆਂ ਮਿਸਾਲਾਂ ਦੁਨੀਆਂ ਵਿੱਚ ਬਹੁਤ ਘੱਟ ਹਨ। ਉਸਨੇ ਬਹੁਤ ਘੱਟ ਸਮੇਂ ਵਿੱਚ ਇਤਿਹਾਸ, ਰਾਜਨੀਤੀ, ਸਮਾਜਵਾਦ ਅਤੇ ਉਸ ਸਮੇਂ ਦੁਨੀਆਂ ਪੱਧਰ ’ਤੇ ਹੋ ਰਹੀਆਂ ਰਾਜਨੀਤਕ ਗਤੀਵਿਧੀਆਂ ਦਾ ਗਹਿਰਾਈ ਨਾਲ ਅਧਿਐਨ ਕੀਤਾ। ਨਿੱਕੀ ਉਮਰ ਦਾ ਇਹ ਮਹਾਂਨਾਇਕ, ਲੋਕ ਹੱਕਾਂ ਲਈ ਜੂਝਦੇ ਲੋਕਾਂ, ਜਥੇਬੰਦੀਆਂ ਦਾ ਅੱਜ ਵੀ ਰਾਹ ਦਸੇਰਾ ਹੈ। ਭਾਰਤ ਦੇ ਕਿਸੇ ਵੀ ਖਿੱਤੇ ਵਿੱਚ ਲੋਕ ਆਪਣੇ ਹੱਕਾਂ ਲਈ ਜਦੋਂ ਹਵਾ ਵਿੱਚ ਹੱਥ ਲਹਿਰਾ ਕੇ “ਇਨਕਲਾਬ ਜ਼ਿੰਦਾਬਾਦ” ਦਾ ਨਾਹਰਾ ਲਾਉਂਦੇ ਹਨ ਤਾਂ ਭਗਤ ਸਿੰਘ ਉਹਨਾਂ ਨੂੰ ਆਪਣੇ ਨਾਲ ਮੋਹਰਲੀਆਂ ਸਫਾਂ ਵਿੱਚ ਖੜ੍ਹਾ ਪ੍ਰਤੀਤ ਹੁੰਦਾ ਹੈ।
ਗਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਭਗਤ ਸਿੰਘ ਬਾਰੇ ਲਿਖਦੇ ਹਨ, “ਭਗਤ ਸਿੰਘ ਛੇ ਫੁੱਟ ਲੰਮਾ, ਬਹੁਤ ਖੂਬਸੂਰਤ ਅਤੇ ਮੁੱਛ-ਫੁੱਟ ਨੌਜਵਾਨ ਸੀ। ਨਿਡਰ ਜਰਨੈਲ, ਫਿਲਾਸਫਰ ਅਤੇ ਉੱਚ ਦਰਜੇ ਦੀ ਰਾਜਸੀ ਸੂਝ ਰੱਖਣ ਵਾਲਾ ਸੀ। ਦੇਸ਼ ਭਗਤੀ ਦੇ ਨਾਲ ਨਾਲ ਦੁਨੀਆਂ ਭਰ ਦੀ ਪੀੜਿਤ ਜਨਤਾ ਦਾ ਦਰਦ ਉਹਦੇ ਦਿਲ ਵਿੱਚ ਕੁੱਟ ਕੁੱਟ ਕੇ ਭਰਿਆ ਹੋਇਆ ਸੀ...।”
ਰੋਲਟ ਐਕਟ ਬਿੱਲ ਨੂੰ ਪਾਸ ਹੋਣ ਤੋਂ ਰੋਕਣ ਲਈ ਭਗਤ ਸਿੰਘ ਅਤੇ ਬੀ ਕੇ ਦੱਤ ਨੇ ਦਿੱਲੀ ਅਸੈਂਬਲੀ ਹਾਲ ਵਿੱਚ ਬੰਬ ਸੁੱਟਿਆ ਅਤੇ ਗ੍ਰਿਫਤਾਰੀ ਦਿੱਤੀ। ਇਸ ਗ੍ਰਿਫਤਾਰੀ ਤੋਂ ਬਾਅਦ ਭਗਤ ਸਿੰਘ ਨੂੰ ਸੈਂਟਰਲ ਜੇਲ੍ਹ ਲਾਹੌਰ ਵਿੱਚ ਲਿਜਾਇਆ ਗਿਆ। ਇੱਥੇ ਹੀ ਉਸ ’ਤੇ ਅੰਗਰੇਜ਼ ਅਫਸਰ ਸਾਂਡਰਸ ਨੂੰ ਮਾਰਨ ਦਾ ਮਕੱਦਮਾ ਚੱਲਿਆ। ਇਸ ਮਕੱਦਮੇ ਵਿੱਚੋਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ 7 ਅਕਤੂਬਰ 1930 ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਫਾਂਸੀ ਦੀ ਸਜ਼ਾ ਹੋ ਜਾਣ ਤੋਂ ਬਾਅਦ ਭਗਤ ਸਿੰਘ ਦੇ ਕ੍ਰਾਂਤੀਕਾਰੀ ਸਾਥੀਆਂ ਨੇ ਫੈਸਲਾ ਕੀਤਾ ਕਿ ਕਿਸੇ ਤਰ੍ਹਾਂ ਭਗਤ ਸਿੰਘ ਨੂੰ ਜੇਲ੍ਹ ਵਿੱਚੋਂ ਬਾਹਰ ਕੱਢ ਲਿਆ ਜਾਵੇ। ਜਦੋਂ ਇਸ ਗੱਲ ਤਾਂ ਪਤਾ ਉਸ ਮਹਾਂਨਾਇਕ ਨੂੰ ਲੱਗਾ ਤਾਂ ਉਸਨੇ ਇਹ ਕਹਿ ਕੇ ਆਪਣੇ ਸਾਥੀਆਂ ਨੂੰ ਮਨ੍ਹਾ ਕਰ ਦਿੱਤਾ ਕਿ ‘ਇਸ ਸਮੇਂ ਮੁਲਕ ਦੇ ਜੋ ਰਾਜਨੀਤਕ ਹਾਲਾਤ ਬਣ ਰਹੇ ਹਨ ਉਹਨਾਂ ਮੁਤਾਬਿਕ ਮੇਰਾ ਫਾਂਸੀ ਲੱਗਣਾ ਬਲਦੀ ’ਤੇ ਤੇਲ ਦਾ ਕੰਮ ਕਰੇਗਾ। ਭਗਤ ਸਿੰਘ ਦੀਆਂ ਲਿਖਤਾਂ ਤੋਂ ਪਤਾ ਚਲਦਾ ਹੈ ਕਿ ਉਹ ਜ਼ਿੰਦਗੀ ਦਾ ਆਸ਼ਕ ਸੀ ਪਰ ਵਤਨ ਲਈ ਜਦੋਂ ਉਸਦੇ ਇਮਤਿਹਾਨ ਦੀ ਘੜੀ ਆਈ ਤਾਂ ਉਸਨੇ ਮੌਤ ਅਤੇ ਜ਼ਿੰਦਗੀ, ਦੋਹਾਂ ਵਿੱਚੋਂ ਮੌਤ ਨੂੰ ਚੁਣਿਆ। ਭਗਤ ਸਿੰਘ ਕੁਰਬਾਨੀ ਦਾ ਉਹ ਮੁਜੱਸਮਾ ਸੀ ਜਿਸਨੇ ਦੇਸ਼ ਦੀ ਜਵਾਨੀ ਨੂੰ ਦੇਸ਼ ਲਈ ਜਿਊਣ ਅਤੇ ਮਰਨ ਦੀ ਜਾਚ ਦੱਸੀ।
ਭਗਤ ਸਿੰਘ ਦੇ ਕ੍ਰਾਂਤੀਕਾਰੀ ਸਾਥੀ ਸ਼ਿਵ ਵਰਮਾ ਲਿਖਦੇ ਹਨ ਕਿ ਹਰ ਸਮੇਂ ਇੱਕ ਨਾ ਇੱਕ ਕਿਤਾਬ ਭਗਤ ਸਿੰਘ ਆਪਣੇ ਨਾਲ ਰੱਖਦਾ ਸੀ। ਉਸਨੇ ਕੁਝ ਕੁ ਸਾਲਾਂ ਵਿੱਚ ਹੀ ਵਿਸ਼ਵ ਪ੍ਰਸਿੱਧ ਲੇਖਕਾਂ ਵਿਦਵਾਨਾਂ ਜਿਨ੍ਹਾਂ ਵਿੱਚ ਗੋਰਕੀ, ਰੂਸੋ, ਵਿਕਟਰ ਹਿਊਗੋ, ਡਿਕਨਜ਼, ਮਾਰਕਸ, ਏਂਗਲਜ਼, ਲੈਨਿਨ, ਪੈਟਰਿਕ ਹੈਨਰੀ ਆਦਿ ਨੂੰ ਪੜ੍ਹਿਆ ਅਤੇ ਅਧਿਐਨ ਕੀਤਾ।
8 ਅਪਰੈਲ 1929 ਨੂੰ ਦਿੱਲੀ ਅਸੈਂਬਲੀ ਹਾਲ ਵਿੱਚ ਬੰਬ ਸੁੱਟਣ ਮਗਰੋਂ ਗ੍ਰਿਫਤਾਰ ਹੋ ਕੇ ਭਗਤ ਸਿੰਘ ਨੇ ਬਹੁਤ ਹੀ ਸੂਝਬੂਝ ਤੋਂ ਕੰਮ ਲੈਂਦਿਆਂ ਸੈਂਟਰਲ ਜੇਲ੍ਹ ਲਾਹੌਰ ਅਦਾਲਤੀ ਕਾਰਵਾਈ ਨੂੰ ਆਪਣੇ ਵਿਚਾਰਾਂ ਦੇ ਮੰਚ ਵਜੋਂ ਵਰਤਿਆ। ਉਸਨੇ ਅੰਗਰੇਜ਼ ਹਕੂਮਤ ਨੂੰ ਲਲਕਾਰ ਕੇ ਕਿਹਾ, “ਅਸੀਂ ਸਰਕਾਰ ਦੇ ਬਾਗੀ ਨਹੀਂ ਹਾਂ ਕਿ ਸਾਨੂੰ ਫਾਂਸੀ ਲਾਇਆ ਜਾਵੇ।” ਉਸ ਅੰਗਰੇਜ਼ ਹਕੂਮਤ ਨੂੰ ਕਿਹਾ ਕਿ, “ਤੁਸੀਂ ਬਾਹਰੋਂ ਆਏ ਧਾੜਵੀ ਹਮਲਾਵਰ ਹੋ ਮੈਂ ਅਤੇ ਮੇਰੇ ਸਾਥੀ ਆਪਣੇ ਦੇਸ਼ ਦੇ ਸਿਪਾਹੀ ਹਨ, ਜੋ ਆਪਣੇ ਦੇਸ਼ ਦੀ ਰੱਖਿਆ ਲਈ ਲੜ ਰਹੇ ਹਨ। ਅਸੀਂ ਜੰਗੀ ਕੈਦੀ ਹਾਂ, ਇਸ ਹਿਸਾਬ ਨਾਲ ਠੀਕ ਇਹ ਹੋਵੇਗਾ ਕਿ ਸਾਨੂੰ ਗੋਲੀ ਨਾਲ ਉਡਾਇਆ ਜਾਵੇ। ਮੈਂ ਜਾਣਦਾ ਹਾਂ ਅੰਗਰੇਜ਼ ਹਕੂਮਤ ਬੁਜ਼ਦਿਲ ਹੈ, ਉਹ ਅਜਿਹਾ ਨਹੀਂ ਕਰ ਸਕਦੀ।” ਅਜਿਹੀਆਂ ਦਲੇਰਾਨਾ ਦਲੀਲਬਾਜ਼ੀਆਂ ਦਾ ਨਿਆਂ ਇਨਸਾਫ ਦਾ ਢਕਵੰਜ ਕਰਦੀ ਅੰਗਰੇਜ਼ ਹਕੂਮਤ ਕੋਲ ਕੋਈ ਜਵਾਬ ਨਹੀਂ ਸੀ। ਉਸਦੀਆਂ ਅਜਿਹੀਆਂ ਦਲੀਲਾਂ ਤੋਂ ਸਾਬਤ ਹੁੰਦਾ ਹੈ ਕਿ ਉਹ ਨਿੱਕੀ ਉਮਰ ਦਾ ਇੱਕ ਮਹਾਨ ਵਿਦਵਾਨ ਫਿਲਾਸਫਰ ਸੀ।
ਅਜ਼ਾਦੀ ਦੇ ਘੋਲ ਦੌਰਾਨ ਸੈਂਕੜੇ ਸੂਰਬੀਰਾਂ ਨੂੰ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਹੋਈਆਂ ਅਤੇ ਸੈਂਕੜੇ ਹੀ ਅਜਿਹੇ ਪਰਵਾਨੇ ਸਨ ਜਿਨ੍ਹਾਂ ਨੇ ਫਾਸੀਆਂ ਦੇ ਰੱਸਿਆਂ ਨੂੰ ਚੁੰਮਿਆ। ਉਹਨਾਂ ਸਭ ਦੀ ਕੁਰਬਾਨੀ ਕੋਈ ਘੱਟ ਨਹੀਂ ਹੈ। ਪਰ ਭਗਤ ਸਿੰਘ ਆਪਣੀ ਨਵੇਕਲੀ ਵਿਚਾਰਧਾਰਾ ਕਰਕੇ ਸਭ ਤੋਂ ਨਿਆਰਾ ਸੀ ਅਤੇ ਅੱਜ ਵੀ ਹੈ। ਉਸਨੇ ਛੋਟੀ ਉਮਰ ਵਿੱਚ ਹੀ ਆਪਣੇ ਤਰਕ ਪੂਰਨ ਫਲਸਫੇ ਨਾਲ ਲੋਕ ਮਨਾਂ ਨੂੰ ਟੁੰਬਿਆ ਅਤੇ ਹਲੂਣਿਆ। ਨਿੱਕੀ ਉਮਰੇ ਦੇਸ਼ ਲਈ ਵੱਡੇ ਕਾਰਨਮਿਆਂ ਨੂੰ ਸਰਅੰਜ਼ਾਮ ਦੇਣ ਕਰਕੇ ਉਹ ਹਿੰਦੁਸਤਾਨੀਆਂ ਦੀਆਂ ਅੱਖਾਂ ਦਾ ਤਾਰਾ ਬਣ ਗਿਆ, ਲੋਕ ਮਨਾਂ ’ਤੇ ਛਾ ਗਿਆ। ਉਸ ਲਈ ਗੀਤ ਕਵਿਤਾਵਾਂ ਲਿਖੀਆਂ ਗਈਆਂ। ਲੋਕ ਗੀਤ ਘੜੇ ਗਏ, ਜਿਨ੍ਹਾਂ ਨੂੰ ਲੋਕ ਅੱਜ ਵੀ ਮਾਣ ਨਾਲ ਗਾਉਂਦੇ ਹਨ। ਉਹ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਵਸਦਾ ਹੈ। ਅੱਜ ਵੀ ਉਹ ਦੇਸ਼ ਦੀ ਜਵਾਨੀ ਨੂੰ ਪੁਕਾਰ ਰਿਹਾ ਹੈ ਕਿ ਆਉ ਇਸ ਧਰਤੀ ਨੂੰ ਮਨੁੱਖਾਂ ਦੇ ਰਹਿਣਯੋਗ ਬਣਾਈਏ।
ਸ਼ਹੀਦ ਭਗਤ ਸਿੰਘ ਨੇ ਆਖਰੀ ਸਮੇਂ ਕਿਹਾ ਸੀ ‘ਆਪਣੇ ਵਤਨ ਲਈ ਜੋ ਮੈਂ ਕਰਨਾ ਚਾਹੁੰਦਾ ਹਾਂ ਉਸਦਾ ਇੱਕ ਹਜ਼ਾਰਵਾਂ ਹਿੱਸਾ ਵੀ ਅਜੇ ਨਹੀਂ ਕਰ ਸਕਿਆ’ ਇਸ ਤੋਂ ਉਸਦੀ ਵਤਨਪ੍ਰਸਤੀ ਦਾ ਪਤਾ ਚਲਦਾ ਹੈ। ਉਹਦੇ ਸਾਥੀ ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਅਜ਼ਾਦ, ਜਤਿਨ ਦਾਸ, ਬੀ ਕੇ ਦੱਤ, ਕਿਸ਼ੋਰੀ ਲਾਲ, ਰਾਮ ਪ੍ਰਸਾਦ ਬਿਸਮਿਲ, ਸ਼ਿਵ ਵਰਮਾ, ਗਿਆ ਪ੍ਰਸਾਦ, ਅਜੈ ਘੋਸ਼ ਆਦਿ ਦੀ ਕੁਰਬਾਨੀ ਬਾਰੇ ਪੜ੍ਹ ਕੇ ਅੱਜ ਵੀ ਅੱਖਾਂ ਨਮ ਹੁੰਦੀਆਂ ਹਨ ਅਤੇ ਹੈਰਾਨੀ ਹੁੰਦੀ ਹੈ ਕਿ ਇਹ ਕਿਸ ਮਿੱਟੀ ਦੇ ਬਣੇ ਹੋਏ ਇਨਸਾਨ ਸਨ ਜਿਨ੍ਹਾਂ ਨੇ ਛੋਟੀ ਉਮਰ ਵਿੱਚ ਵੀ ਅੰਗਰੇਜ਼ ਹਕੂਮਤ ਦੇ ਹਰ ਜਬਰ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਜੇਲ੍ਹਾਂ ਵਿੱਚ ਤਨ ਗਾਲੇ, ਕਾਲੇ ਪਾਣੀਆਂ ਦੀਆਂ ਸਖਤ ਸਜ਼ਾਵਾਂ ਝੱਲੀਆਂ ਅਤੇ ਜਦੋਂ ਆਤਮ ਬਲੀਦਾਨ ਦਾ ਸਮਾਂ ਆਇਆ ਤਾਂ ਹੱਸ ਹੱਸ ਕੇ ਫਾਸੀਆਂ ਦੇ ਰੱਸਿਆਂ ਨੂੰ ਚੁੰਮਿਆ।
ਅਜ਼ਾਦੀ ਤੋਂ ਬਾਅਦ ਦੇਸ਼ ’ਤੇ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਤਾਂ ਕੀ ਕਰਨਾ ਸੀ, ਉਹਨਾਂ ਨੇ ਤਾਂ ਸ਼ਹੀਦਾਂ ਨੂੰ ਯਾਦ ਕਰਨ ਦੀ ਵੀ ਲੋੜ ਨਹੀਂ ਸਮਝੀ। ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਵਿਸਾਰ ਦਿੱਤਾ ਗਿਆ। ਸ਼ਹੀਦ ਸੁਖਦੇਵ, ਮਦਨ ਲਾਲ ਢੀਂਗਰਾ ਅਤੇ ਗਦਰੀ ਬਾਬੇ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਵਰਗੇ ਯੋਧਿਆਂ ਨਾਲ ਸਬੰਧਤ ਯਾਦਗਾਰਾਂ ਦੀ ਹਾਲਤ ਤਰਸਯੋਗ ਹੈ। ਅਜ਼ਾਦੀ ਪ੍ਰਵਾਨਿਆਂ ਸ਼ਹੀਦ ਊਧਮ ਸਿੰਘ, ਚੰਦਰ ਸ਼ੇਖਰ ਅਜ਼ਾਦ ਵਰਗਿਆਂ ਦੇ ਵਾਰਸ ਅੱਜ ਵੀ ਮਜ਼ਦੂਰੀ ਕਰਕੇ ਆਪਣਾ ਢਿੱਡ ਭਰਨ ਲਈ ਮਜਬੂਰ ਹਨ। ਮਹਾਨ ਦੇਸ਼ ਭਗਤਾਂ ਦੀਆਂ ਯਾਦਗਾਰਾਂ ਅਤੇ ਉਹਨਾਂ ਦੇ ਵਾਰਸਾਂ ਪ੍ਰਤੀ ਅਜਿਹਾ ਵਤੀਰਾ ਸੰਕੇਤ ਕਰਦਾ ਹੈ ਕਿ ਅੱਜ ਰਾਜਗੱਦੀਆਂ ਦਾ ਨਿੱਘ ਮਾਣਨ ਵਾਲਿਆਂ ਨੇ ਰਾਜਨੀਤੀ ਨੂੰ ਕਾਰੋਬਾਰ ਬਣਾ ਲਿਆ ਹੈ। ਸ਼ਹੀਦਾਂ ਦੀ ਸੋਚ ਨੂੰ ਸਾਕਾਰ ਕਰਨਾ ਉਹਨਾਂ ਦੀ ਜ਼ਿਹਨੀਅਤ ਦਾ ਕਦੇ ਵੀ ਹਿੱਸਾ ਨਹੀਂ ਰਿਹਾ।
ਰਾਜਗੱਦੀਆਂ ਦੇ ਸੁਖ ਮਾਣਨ ਵਾਲਿਆਂ ਨੇ ਸ. ਭਗਤ ਸਿੰਘ ਦੀ ਵਿਚਾਰਧਾਰਾ ਅਤੇ ਸ਼ਹਾਦਤ ਨੂੰ ਅਣਗੌਲਿਆ ਕੀਤਾ। ਇਹ ਉਹਨਾਂ ਦੀ ਕੁਟਲ ਨੀਤੀ ਦਾ ਹਿੱਸਾ ਸੀ ਪਰ ਸਾਡੇ ਅਖੌਤੀ ਸੱਭਿਆਚਾਰ ਦੇ ਰਾਖਿਆਂ ਨੇ ਵੀ ਉਸਦੀ ਵਿਚਾਰਧਾਰਾ ਨੂੰ ਖਤਮ ਕਰਨ ਦੀ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਇਸ ਮਹਾਨ ਸ਼ਹੀਦ ਦੇ ਸੁਪਨੇ, ਸੋਚ ਅਤੇ ਆਦਰਸ਼ਾਂ ਨੂੰ ਖਤਮ ਕਰਨ ਲਈ ਉਸਦੀ ਅਜਿਹੀ ਦਿੱਖ ਨੌਜੁਆਨਾਂ ਅੱਗੇ ਬਣਾਈ ਜਿਵੇਂ ਉਹ ਕੋਈ ਹੈਂਕੜਬਾਜ਼, ਗੁੰਡਾਗਰਦ ਪਰਵਿਰਤੀ ਦਾ ਮਾਲਕ ਹੋਵੇ। ਕੁੰਡੀਆਂ ਮੁੱਛਾਂ, ਹੱਥ ਵਿੱਚ ਪਸਤੌਲ ਅਤੇ ਚਿਹਰੇ ’ਤੇ ਤਿਊੜੀਆਂ ਵਾਲਾ ਭਗਤ ਸਿੰਘ, ਜਿਵੇਂ ਉਸਦਾ ਕੰਮ ਬੰਦੇ ਮਾਰਨਾ ਹੀ ਹੋਵੇ। ਉਹਦੀਆਂ ਤਸਵੀਰਾਂ ਬਣਾ ਕੇ ‘ਖੰਘੇ ਸੀ, ਤਾਹੀਂਓ ਟੰਗੇ ਸੀ’, ਜਾਂ ‘ਮਿੱਤਰਾਂ ਦੀ ਮੁੱਛ ਦਾ ਸਵਾਲ ਹੈ’ ਵਰਗੇ, ਉਸਦੀ ਸੋਚ ਤੋਂ ਬਿਲਕੁਲ ਉਲਟ ਫਿਕਰੇ ਲਿਖ ਕੇ ਇੱਕ ਸਾਜ਼ਿਸ਼ ਤਹਿਤ ਉਸਦੀ ਨਿੱਗਰ ਵਿਚਾਰਧਾਰਾ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹ ਦੱਸਣ ਦੀ ਲੋੜ ਹੈ ਕਿ ਭਗਤ ਸਿੰਘ ਅਜਿਹੀ ਮਾਨਸਿਕਤਾ ਵਾਲਾ ਨੌਜਵਾਨ ਨਹੀਂ ਸੀ। ਉਹ ਬੰਬ, ਬੰਦੂਕਾਂ, ਬੰਬਾਂ ਨਾਲ ਬੰਦੇ ਮਾਰਨ ਵਾਲਾ ਇਨਕਲਾਬੀ ਨਹੀਂ ਸੀ, ਉਹ ਤਾਂ ਇੱਕ ਪੜ੍ਹਾਕੂ ਅਤੇ ਹਰ ਵੇਲੇ ਅਧਿਐਨ ਕਰਨ ਵਾਲਾ ਉਹ ਨੌਜਵਾਨ ਸੀ, ਜਿਸ ਨੂੰ ਪਤਾ ਸੀ ਕਿ ਸਵੇਰੇ ਤੜਕੇ ਉਸ ਨੂੰ ਫਾਂਸੀ ਲਾਇਆ ਜਾਣਾ ਹੈ ਉਸੇ ਰਾਤ ਨੂੰ ਉਹ ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀ। ਲੋਕ ਰੋਹ ਤੋਂ ਡਰਦੀ ਅੰਗਰੇਜ਼ ਹਕੂਮਤ ਨੇ ਉਸ ਨੂੰ ਇੱਕ ਦਿਨ ਪਹਿਲਾਂ, ਰਾਤ ਨੂੰ ਹੀ ਫਾਂਸੀ ਲਾਉਣ ਦੀ ਸਕੀਮ ਘੜ ਲਈ। ਜੇਲ੍ਹ ਪੁਲਿਸ ਦੇ ਇੱਕ ਅਫਸਰ ਨੇ ਜਦੋਂ ਅਚਾਨਕ ਆ ਕੇ ਕਿਹਾ, “ਸਰਦਾਰ ਜੀ, ਚੱਲੋ ਫਾਂਸੀ ਲਾਏ ਜਾਣ ਦਾ ਸਮਾਂ ਹੋ ਗਿਆ ਹੈ।” ਤਾਂ ਉਸਨੇ ਕਿਤਾਬ ਤੋਂ ਧਿਆਨ ਹਟਾਏ ਬਗੈਰ ਕਿਹਾ, “ਠਹਿਰੋ ,ਇੱਕ ਇਨਕਲਾਬੀ ਦੂਜੇ ਇਨਕਲਾਬੀ ਨੂੰ ਮਿਲ ਰਿਹਾ ਹੈ।” ਕਿਤਾਬ ਦੀਆਂ ਕੁਝ ਲਾਇਨਾਂ ਅੱਗੇ ਪੜ੍ਹ ਕੇ ਕਿਤਾਬ ਦਾ ਪੰਨਾ ਮੋੜ ਕੇ ‘ਇਨਕਲਾਬ ਜ਼ਿੰਦਾਬਾਦ’ ਦਾ ਨਾਹਰਾ ਲਾ ਕੇ ਉਹ ਫਾਂਸੀ ਦੇ ਤਖਤੇ ਵੱਲ ਤੁਰ ਪਿਆ ਤੇ ਆਪਣੇ ਪਿਆਰੇ ਵਤਨ ਦੀ ਮਿੱਟੀ ਲਈ ਹੱਸਦਾ ਹੱਸਦਾ ਸ਼ਹੀਦ ਹੋ ਗਿਆ।
ਅੱਜ ਜਦੋਂ ਦੇਸ਼ ਦੇ ਬਹੁਗਿਣਤੀ ਨੌਜਵਾਨ ਬੇਕਾਰੀ ਦੀ ਹਾਲਤ ਵਿੱਚ ਹਨ, ਅੱਜ ਜਦੋਂ ਲੋਕਾਂ ਨੂੰ ਉਹਨਾਂ ਦੇ ਮੁਢਲੇ ਅਧਿਕਾਰਾਂ ਤੋਂ ਵਾਝਿਆਂ ਕੀਤਾ ਜਾ ਰਿਹਾ ਹੈ; ਸਰਕਾਰਾਂ ਦੀ ਮਿਲੀ ਭੁਗਤ ਨਾਲ ਧਨਾਢ ਕੰਪਨੀਆਂ ਵੱਲੋਂ ਖਣਿਜ ਪਦਾਰਥਾਂ ਅਤੇ ਦੇਸ਼ ਦੀ ਹਰ ਤਰ੍ਹਾਂ ਦੀ ਸੰਪਤੀ ਨੂੰ ਲੁੱਟਿਆ ਜਾ ਰਿਹਾ ਹੈ; ਖੇਤੀ ਸਬੰਧੀ ਕਾਲੇ ਕਾਨੂੰਨ ਪਾਸ ਕਰਕੇ ਕਾਰਪੋਰੇਟ ਜਗਤ ਨੂੰ ਖੁੱਲ੍ਹ ਕੇ ਖੇਡਣ ਲਈ ਮੈਦਾਨ ਤਿਆਰ ਕਰਕੇ ਦਿੱਤੇ ਜਾ ਰਹੇ ਹਨ; ਅੱਜ ਜਦੋਂ ਸਾਡੇ ਸਮਾਜ ਵਿੱਚ ਦੇਸ਼ ਭਗਤੀ ਦੇ ਜਜ਼ਬਿਆਂ ਨੂੰ ਇੱਕ ਤਰ੍ਹਾਂ ਗ੍ਰਹਿਣ ਲੱਗ ਗਿਆ ਹੈ ਤਾਂ ਸਾਨੂੰ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਜੀਵਨ ਅਤੇ ਫਲਸਫੇ ਤੋਂ ਸੇਧ ਲੈਣ ਦੀ ਜ਼ਰੂਰਤ ਹੈ। ਅੱਜ ਜਦੋਂ ਦੇਸ਼ ਦੀ ਬਹੁਗਿਣਤੀ ਕਿਸਮਤਵਾਦ ਦੇ ਚੱਕਰ ਵਿੱਚ ਫਸ ਕੇ ਆਪਣੀਆਂ ਮੁਸ਼ਕਲਾਂ, ਸਮੱਸਿਆਵਾਂ, ਦੁਸ਼ਵਾਰੀਆਂ, ਜੋ ਭ੍ਰਿਸ਼ਟ ਪ੍ਰਸ਼ਾਸਨਿਕ ਢਾਂਚੇ ਦੀ ਦੇਣ ਹਨ, ਨੂੰ ਰੱਬੀ ਭਾਣਾ ਮੰਨ ਕੇ ਸਵੀਕਾਰ ਕਰ ਰਹੀ ਹੈ ਤਾਂ ਭਗਤ ਸਿੰਘ ਦੇ ਤਰਕਸ਼ੀਲ ਵਿਚਾਰਾਂ ਦੀ ਸਾਰਥਿਕਤਾ ਹੋਰ ਵੀ ਵਧ ਜਾਂਦੀ ਹੈ। ਉਸਨੇ ਲਿਖਿਆ ਹੈ, “ਮੈਂ ਇਸ ਸੰਸਾਰ ਨੂੰ ਮਿਥਿਆ ਨਹੀਂ ਮੰਨਦਾ। ਮੇਰਾ ਦੇਸ਼ ਨਾ ਤਾਂ ਪਰਛਾਵਾਂ ਹੈ ਅਤੇ ਨਾ ਹੀ ਮਾਇਆ ਜਾਲ ਹੈ। ਇਹ ਇੱਕ ਜਿਊਂਦੀ ਜਾਗਦੀ ਹਕੀਕਤ ਹੈ, ਹੁਸੀਨ ਹਕੀਕਤ ਅਤੇ ਮੈਂ ਇਸ ਨੂੰ ਪਿਆਰ ਕਰਦਾ ਹਾਂ। ਮੇਰੇ ਲਈ ਇਸ ਧਰਤੀ ਨੂੰ ਛੱਡ ਕੇ ਨਾ ਕੋਈ ਦੂਸਰੀ ਦੁਨੀਆਂ ਹੈ ਅਤੇ ਨਾ ਹੀ ਹੋਰ ਸਵਰਗ। ਇਹ ਸਹੀ ਹੈ ਕਿ ਅੱਜ ਮੁੱਠੀ ਭਰ ਵਿਅਕਤੀਆਂ ਨੇ ਆਪਣੇ ਸੁਆਰਥਾਂ ਲਈ ਇਸ ਧਰਤੀ ਨੂੰ ਨਰਕ ਬਣਾ ਧਰਿਆ ਹੈ। ਪਰ ਇਸ ਨਾਲ ਹੀ ਇਸ ਨੂੰ ਮਿਥਿਆ ਕਰਾਰ ਦੇ ਕੇ ਭੱਜ ਜਾਣ ਨਾਲ ਕੰਮ ਨਹੀਂ ਚੱਲਣਾ। ਲੁਟੇਰਿਆਂ ਅਤੇ ਹੋਰਨਾਂ ਨੂੰ ਗੁਲਾਮ ਰੱਖਣ ਵਾਲਿਆਂ ਨੂੰ ਖਤਮ ਕਰਕੇ ਸਾਨੂੰ ਇਸ ਪਵਿੱਤਰ ਭੂਮੀ ਉੱਪਰ ਫਿਰ ਤੋਂ ਸਵਰਗ ਦੀ ਸਿਰਜਣਾ ਕਰਨੀ ਪਵੇਗੀ।” ਸਾਢੇ ਨੌਂ ਦਹਾਕੇ ਪਹਿਲਾਂ ਭਗਤ ਸਿੰਘ ਨੂੰ ਭਾਵੇਂ ਅੰਗਰੇਜ਼ ਹਕੂਮਤ ਨੇ ਫਾਂਸੀ ਦੇ ਦਿੱਤੀ, ਪਰ ਉਹ ਕਿਤੇ ਗਿਆ ਨਹੀਂ, ਉਹ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਵਸਦਾ ਹੈ। ਅੱਜ ਵੀ ਉਹ ਦੇਸ਼ ਦੀ ਨੌਜੁਆਨੀ ਨੂੰ ਪੁਕਾਰ ਰਿਹਾ ਹੈ ਕਿ ਆਉ ਇਸ ਧਰਤੀ ਨੂੰ ਮਨੁੱਖਾਂ ਦੇ ਰਹਿਣਯੋਗ ਬਣਾਈਏ।
ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਦੇਸ਼ ਪ੍ਰਤੀ ਵਿਚਾਰਧਾਰਾ ਨੂੰ ਅੱਜ ਫਿਰ ਨਵੇਂ ਸਿਰਿਓਂ ਘੋਖਣ ਅਤੇ ਵਿਚਾਰਨ ਦੀ ਲੋੜ ਹੈ। ਉਹਨਾਂ ਦੇ ਆਦਰਸ਼ਾਂ ਨੂੰ ਸਮਝਣ ਦੀ ਲੋੜ ਹੈ। ਉਹ ਕਿਸ ਤਰ੍ਹਾਂ ਦੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਸਨ ਅਤੇ ਅੱਜ ਸਾਡੇ ਸਮਾਜ ਦੇ ਕੀ ਹਾਲਾਤ ਬਣ ਰਹੇ ਹਨ, ਇਸ ਤੇ ਵੱਡੀ ਪੱਧਰ ’ਤੇ ਚਰਚਾ ਕਰਨ ਦੀ ਲੋੜ ਹੈ। ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹੁਣ ਫਿਰ ਦੇਸ਼ ਨੂੰ ਇੱਕ ਹੋਰ ਵੱਡੇ ਇਨਕਲਾਬ ਦੀ ਲੋੜ ਹੈ। ਕਿਉਂਕਿ ਭਗਤ ਸਿੰਘ ਨੇ ਕਿਹਾ ਸੀ, “ਅੰਗਰੇਜ਼ੀ ਗੁਲਾਮੀ ਵਿਰੁੱਧ ਸੰਘਰਸ਼ ਤਾਂ ਸਾਡੇ ਸੰਗਰਾਮ ਦਾ ਪਹਿਲਾ ਮੋਰਚਾ ਹੈ, ਅੰਤਿਮ ਲੜਾਈ ਤਾਂ ਅਸੀਂ ਲੁੱਟ ਖਸੁੱਟ ਦੇ ਖਿਲਾਫ ਲੜਨੀ ਹੈ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































