“ਸੰਸਾਰ ਵਿੱਚ ਦੋ ਅਰਬ ਡਾਲਰਾਂ ਦੀਆਂ ਸਿਗਰਟਾਂ ਪੀਤੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਧੂਆਂ ...”
(4 ਜੂਨ 2026)

ਪੂਰੀ ਦੁਨੀਆ ਵਿੱਚ ਸੰਸਾਰ ਪੱਧਰੀ ਤੰਬਾਕੂ ਰਹਿਤ ਦਿਵਸ 31 ਮਈ ਨੂੰ ਮਨਾਇਆ ਜਾਂਦਾ ਹੈ। ਇਹ ਪ੍ਰਣ ਹਰ ਤੰਬਾਕੂ ਦੀ ਵਰਤੋਂ ਕਰਨ ਵਾਲੇ ਨੂੰ ਅੱਜ ਹੀ ਆਪਣੇ ਆਪ ਨਾਲ ਕਰਨ ਚਾਹੀਦਾ ਹੈ। ਸ਼ਰਾਬ ਦੀ ਵਰਤੋਂ ਕਰਨ ਵਾਲਿਆਂ ਲਈ ਸ਼ਰਾਬ ਦੀ ਬੋਤਲ ਉੱਤੇ ਲਿਖਿਆ ਹੁੰਦਾ ਹੈ, “ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ। ” ਪਰ ਲੋਕ ਫਿਰ ਵੀ ਪੀਂਦੇ ਹਨ। ਇਸੇ ਤਰ੍ਹਾਂ ਸਭ ਪ੍ਰਕਾਰ ਦਾ ਨਸ਼ਾ ਇਸੇ ਪ੍ਰਕਿਰਿਆ ਵਿੱਚੋਂ ਗੁਜਰਦਾ ਹੈ। ਤੰਬਾਕੂ ਰਹਿਤ ਦਿਵਸ ਦੀ ਸ਼ੁਰੂਆਤ ਸੰਸਾ ਸਿਹਤ ਸੰਸਥਾ ਨੇ 1987 ਵਿੱਚ ਕੀਤੀ ਸੀ। ਪਹਿਲਾ ਤੰਬਾਕੂ ਰਹਿਤ ਦਿਵਸ 7 ਅਪ੍ਰੈਲ ਨੂੰ ਮਨਾਇਆ ਗਿਆ ਸੀ। ਉਸ ਤੋਂ ਬਾਅਦ ਮਤਾ ਪਾਸ ਕਰਕੇ 31 ਮਈ 1988 ਨੂੰ ਮਨਾਇਆ ਗਿਆ। ਇਸ ਲਈ ਲਗਾਤਾਰ ਹਰ ਸਾਲ ਤੰਬਾਕੂ ਰਹਿਤ ਦਿਵਸ 31 ਮਈ ਨੂੰ ਹੀ ਮਨਾਇਆ ਜਾਂਦਾ ਹੈ।
ਪੰਜਾਬ ਸਰਕਾਰ ਪਹਿਲਾਂ ਹੀ ਨਸ਼ਿਆਂ ਦੇ ਵਿਰੁੱਧ ਜ਼ੋਰਦਾਰ ਸੰਘਰਸ਼ ਵਿੱਚ ਰੁੱਝੀ ਹੋਈ ਹੈ। ਇਸਦਾ ਮਨੋਰਥ ਅਵਾਮ ਨੂੰ ਸਿਹਤਮੰਦ ਬਣਾਉਣਾ ਹੈ। ਸਕੂਲਾਂ ਤੋਂ 100 ਮੀਟਰ ਦੀ ਦੂਰੀ ’ਤੇ ਤੰਬਾਕੂ ਵੇਚਣ ਵਾਲਿਆਂ ਦੀਆਂ ਦੁਕਾਨਾਂ ਹੁੰਦੀਆਂ ਹਨ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵਾਸਤੇ ਤੰਬਾਕੂ ਖਰੀਦਣ ’ਤੇ ਮਨਾਈ ਕੀਤੀ ਹੋਈ ਹੈ। ਭਾਰਤ ਵਿੱਚ 30% ਕੈਂਸਰ ਤੰਬਾਕੂ ਦੀ ਵਰਤੋਂ ਨਾਲ ਹੁੰਦਾ ਹੈ। ਅੱਜ ਤੰਬਾਕੂ ਤੋਂ ਤੌਬਾ ਕਰਨ ਜਾਂ ਸਮਾਂ ਆ ਗਿਆ ਹੈ। ਵਿਸ਼ਵ ਭਰ ਵਿੱਚ ਮਰਨ ਵਾਲੇ ਲੋਕਾਂ ਵਿੱਚੋਂ 60 ਲੱਖ ਦੇ ਕਰੀਬ ਮੌਤਾਂ ਤੰਬਾਕੂ ਨਾਲ ਹੁੰਦੀਆਂ ਹਨ। ਇੱਥੇ ਇੱਕ ਹੋਰ ਵੀ ਮਾੜੀ ਪ੍ਰਕਿਰਿਆ ਹੈ ਕਿ 10 ਲੱਖ ਲੋਕ, ਜਿਹੜੇ ਤੰਬਾਕੂ ਦਾ ਸੇਵਨ ਨਹੀਂ ਕਰਦੇ, ਉਹ ਵੀ ਇਸਦੇ ਨਾਂਹ-ਪੱਖੀ ਪ੍ਰਭਾਵਾਂ ਦੇ ਅਧੀਨ ਆ ਕੇ ਮਾਰੇ ਜਾਂਦੇ ਹਨ।
ਸੰਸਾਰ ਵਿੱਚ 100 ਕਰੋੜ 30 ਲੱਖ ਲੋਕ ਤੰਬਾਕੂ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਵਿੱਚੋਂ 80% ਘੱਟ ਆਮਦਨੀ ਅਤੇ ਗਰੀਬ ਵਰਗ ਦੇ ਹੁੰਦੇ ਹਨ। ਜੇ ਤੰਬਾਕੂ ਦੀ ਵਰਤੋਂ ਕਰਕੇ ਮਰਨ ਵਾਲਿਆਂ ਦੀ ਮਹਾਂਮਾਰੀ ਨੂੰ ਨਾ ਰੋਕਿਆ ਗਿਆ ਤਾਂ 2030 ਤੱਕ ਤੰਬਾਕੂ ਨਾਲ ਮਰਨ ਵਾਲਿਆਂ ਦੀ ਗਿਣਤੀ 80 ਲੱਖ ਤੱਕ ਪਹੁੰਚ ਜਾਵੇਗੀ। ਚਲਾਕ ਕੰਪਨੀਆਂ ਲੋਕਾਂ ਨੂੰ ਨਵੇਂ ਨਵੇਂ ਢੰਗਾਂ ਨਾਲ ਤੰਬਾਕੂ ਉਤਪਾ ਨੂੰ ਸਵਾਦਿਸ਼ਟ ਬਣਾ ਕੇ ਵੇਚ ਰਹੀਆਂ ਹਨ, ਆਪਣੇ ਲਾਲਚ ਵਿੱਚ ਫਸਾ ਰਹੀਆਂ ਹਨ। ਜੇ ਅਫੀਮ ਅਤੇ ਪੋਸਤ ਉੱਤੇ ਲਗਾਮ ਲੱਗ ਸਕਦੀ ਹੈ ਤਾਂ ਤੰਬਾਕੂ ਉੱਤੇ ਕਿਉਂ ਨਹੀਂ? ਇਸ ਨੂੰ ਸਿੱਖ ਧਰਮ ਵਿੱਚ ਵੀ ਵਰਜਿਤ ਕੀਤਾ ਗਿਆ ਹੈ। ਇਸ ਉੱਤੇ ਮੁਕੰਮਲ ਪਾਬੰਦੀ ਦੀ ਲੋੜ ਹੈ।
ਕਈ ਦਹਾਕਿਆਂ ਤੋਂ ਤੰਬਾਕੂ ਨੇ ਨੌਜਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ। 1988 ਤੱਕ ਸਰਕਾਰਾਂ ਸੁੱਤੀਆਂ ਰਹੀਆਂ। ਜਰਦਾ, ਸਿਗਰਟ, ਬੀੜੀ ਅਤੇ ਨਸਵਾਰ ਇਸ ਦੇ ਰੂਪ ਹਨ। ਮੈਡੀਕਲ ਥਿਊਰੀ ਅਨੁਸਾਰ ਤੰਬਾਕੂ ਵਿੱਚ 4 ਹਜ਼ਾਰ ਜ਼ਹਿਰੀਲੇ ਮਿਸ਼ਰਣ ਹੁੰਦੇ ਹਨ। ਇਸ ਵਿੱਚ ਨਿਕੋਟੀਨ ਅਤੇ ਨਾਈਟਰੋਜਨ ਯੋਗਕਾਂ ਨੂੰ ਮਨੁੱਖੀ ਸਿਹਤ ਲਈ ਬੇਹੱਦ ਖਤਰਨਾਕ ਦੱਸਿਆ ਜਾਂਦਾ ਹੈ। ਇਹ ਸਾਰੇ ਸਰੀਰ ਉੱਤੇ ਹਾਨੀਕਾਰਕ ਪ੍ਰਭਾਵ ਪਾਉਂਦੇ ਹਨ। ਤੰਬਾਕੂ ਨੂੰ ਰੋਕਣ ਲਈ ਭਾਰਤੀ ਦੰਡ ਵਿਧਾਨ ਦੀ ਧਾਰਾ 278 ਕੰਮ ਕਰਦੀ ਹੈ। ਮਾਨਯੋਗ ਸੁਪਰੀਮ ਕੋਰਟ ਨੇ 2004 ਵਿੱਚ ਜਨਤਕ ਥਾਵਾਂ ’ਤੇ ਸਿਗਰਟ ਨੋਸ਼ੀ ਅਤੇ ਤੰਬਾਕੂ ਵਰਤਣ ਦੀ ਮਨਾਹੀ ਕੀਤੀ ਸੀ। ਇਸ ਦਾ ਅਸਰ ਤਾਂ ਹੋਇਆ ਪਰ ਵਰਤੋਂ ਚੁੱਪ ਚੁਪੀਤੇ ਲੁਕਵੇਂ ਤਰੀਕੇ ਨਾਲ ਅੱਜ ਵੀ ਜਾਰੀ ਹੈ। ਤੰਬਾਕੂ ਪੀਣ ਵਾਲੇ ਤੰਬਾਕੂ ਛੱਡਣ ਦਾ ਨਾਮ ਹੀ ਨਹੀਂ ਲੈ ਰਹੇ। ਇਸ ਨਾਲ ਦਿਮਾਗੀ ਬਿਮਾਰੀਆਂ ਦੇ ਡਾਕਟਰਾਂ ਨਾਲ ਰਾਬਤਾ ਕਰਕੇ ਪਤਾ ਲੱਗਦਾ ਹੈ ਕਿ ਤੰਬਾਕੂ ਨੇ ਕਿਸ ਤਰ੍ਹਾਂ ਮਨੁੱਖ ਨੂੰ ਮਨੋਵਿਗਿਆਨਿਕ ਤੌਰ ਤੇ ਮੱਕੜਜਾਲ਼ ਵਿੱਚ ਫਸਾ ਰੱਖਿਆ ਹੈ।
2022 ਵਿੱਚ ਵਿਸ਼ਵ ਤੰਬਾਕੂ ਰਹਿਤ ਦਿਵਸ ਥੀਮ ਨੇ ਤੰਬਾਕੂ ਰਹਿਤ ਦਿਵਸ 2022 ਨਵੇਂ ਢੰਗ ਨਾਲ ਮਨਾਉਣ ਦੀ ਘੋਸ਼ਣਾ ਕੀਤੀ ਸੀ ਕਿ ਤੰਬਾਕੂ ਸਾਡੇ ਵਾਤਾਵਰਨ ਲਈ ਇੱਕ ਖਤਰਾ ਹੈ। ਇਹ ਵਿਸ਼ਾ ਸੱਚਾ ਵੀ ਸੀ। ਕਿਉਂਕਿ ਤੰਬਾਕੂ ਦੀ ਗੰਧ (ਧੂਏਂ) ਨਾਲ ਉਹ ਲੋਕ ਵੀ ਗ੍ਰਸਤ ਹੋ ਜਾਂਦੇ ਹਨ ਜੋ ਤੰਬਾਕੂ ਪੀਂਦੇ ਹੀ ਨਹੀਂ ਹਨ। 1951 ਵਿੱਚ ਭਾਰਤ ਵਿੱਚ 23 ਕਰੋੜ ਕਿਲੋਗ੍ਰਾਮ ਤੰਬਾਕੂ ਵਰਤਿਆ ਜਾਂਦਾ ਸੀ, ਜਿਸ ਦੀ ਖਪਤ 1991 ਵਿੱਚ 40 ਕਰੋੜ ਕਿਲੋਗ੍ਰਾਮ ਹੋ ਗਈ। ਸੰਸਾਰ ਵਿੱਚ ਦੋ ਅਰਬ ਡਾਲਰਾਂ ਦੀਆਂ ਸਿਗਰਟਾਂ ਪੀਤੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਧੂਆਂ ਚੌਗਿਰਦੇ ਨੂੰ ਦੁਰਗੰਧਤ ਕਰਦਾ ਹੈ। ਪਿੰਡਾਂ ਵਿੱਚ ਤੰਬਾਕੂ ਦੀ ਵਰਤੋਂ ਜ਼ਿਆਦਾ ਹੁੰਦੀ ਹੈ। ਪੰਜਾਬ ਵਿੱਚ ਤੰਬਾਕੂ ਦੀ ਖਪਤ ਵਧਣਾ ਇੱਕ ਗੰਭੀਰ ਵਿਸ਼ਾ ਹੈ।
ਸਿੱਖ ਧਰਮ ਵਿੱਚ ਤੰਬਾਕੂ ਨੂੰ ਜਗਤ ਜੂਠ ਕਿਹਾ ਜਾਂਦਾ ਹੈ। ਇੱਕ ਅਨੁਮਾਨ ਹੈ ਕਿ 17ਵੀਂ ਸਦੀ ਵਿੱਚ ਪੁਰਤਗਾਲੀਆਂ ਨੇ ਤੰਬਾਕੂ ਦੀ ਖੇਤੀ ਦੀ ਭਾਰਤ ਵਿੱਚ ਸ਼ੁਰੂਆਤ ਕੀਤੀ ਸੀ। ਅੱਜ ਭਾਰਤ ਤੰਬਾਕੂ ਪੈਦਾ ਕਰਨ ਵਾਲਾ ਦੁਨੀਆ ਦਾ ਤੀਜਾ ਮੁਲਕ ਹੈ। ਭਾਰਤ ਦੀ ਤੰਬਾਕੂ ਦੀ ਪੈਦਾਵਾਰ 16.7% ਬਾਹਰ ਭੇਜੀ ਜਾਂਦੀ ਹੈ। ਇਸ ਦੀ ਉਤੇਜਨਾ ਨਾਲ ਮਨ ਬੇਚੈਨ ਅਤੇ ਉਚਾਟ ਹੋ ਜਾਂਦਾ ਹੈ। ਇਸ ਲਈ ਤੰਬਾਕੂ ਦੇ ਮਨੁੱਖੀ ਸਿਹਤ ਲਈ ਹਾਨੀਕਾਰਕ ਪ੍ਰਭਾਵਾਂ ਨੂੰ ਸਮਝਦਿਆਂ ਅੱਜ ਹੀ ਤੰਬਾਕੂ ਨੂੰ ਕੋਰੀ ਅਤੇ ਨਾਂਹ ਕਹੋ। ਗੁਰਬਾਣੀ ਦਾ ਸੰਦੇਸ਼ ਵੀ ਸਾਨੂੰ ਇਸ ਦੇ ਵਰਤਣ ਦੀ ਮਨਾਹੀ ਕਰਦਾ ਹੈ।
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

















































































































