“ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਵੋਟਾਂ ਵਾਲੇ ਦਿਨ ਛੋਟੀ ਉਮਰ ਅਤੇ ...”
(25 ਜਨਵਰੀ 2026)
ਕੌਮੀ ਵੋਟਰ ਦਿਹਾੜਾ ਭਾਰਤ ਵਿੱਚ 25 ਜਨਵਰੀ 2011 ਤੋਂ ਮਨਾਉਣ ਦੀ ਸ਼ੁਰੂਆਤ ਭਾਰਤੀ ਚੋਣ ਕਮਿਸ਼ਨ ਦੇ ਡਾਇਮੰਡ ਜੁਬਲੀ ਸਮਾਰੋਹ ਦੇ ਸਮਾਪਤੀ ਸਮਾਗਮ ਸਮੇਂ ਕੀਤੀ ਗਈ ਸੀ। ਜਦੋਂ ਕਿਸੇ ਵੀ ਚੀਜ਼ ਦੀ ਸਥਾਪਨਾ ਕੀਤੀ ਜਾਂਦੀ ਹੈ ਤਾਂ ਉਸਦੇ ਪਿੱਛੇ ਲੰਬਾ-ਚੌੜਾ ਇਤਿਹਾਸ ਹੁੰਦਾ ਹੈ, ਜਿਸ ਵਿੱਚ ਤਰ੍ਹਾਂ ਤਰ੍ਹਾਂ ਦੇ ਉਤਰਾ ਚੜ੍ਹਾ, ਤਰੁੱਟੀਆਂ ਅਤੇ ਸਮੇਂ ਦੇ ਹਾਣੀ ਬਣਾਉਣ ਦੇ ਢੰਗ ਤਰੀਕੇ ਹੁੰਦੇ ਹਨ। ਭਾਰਤ ਵਿੱਚ ਵੋਟਰ ਦਿਹਾੜਾ ਮਨਾਉਣ ਦਾ ਇੱਕੋ ਇੱਕ ਸੁਨੇਹਾ ਇਹ ਹੈ ਕਿ ਭਾਰਤੀ ਲੋਕਤੰਤਰ ਮਜ਼ਬੂਤ ਰਹੇ। ਕੌਮੀ ਵੋਟਰ ਦਿਹਾੜਾ ਘੋਸ਼ਿਤ ਕਰਨ ਲਈ ਭਾਰਤੀ ਲੋਕਤੰਤਰ ਦੇ ਸਾਰੇ ਪੱਖਾਂ ਅਤੇ ਵੋਟਰ ਪ੍ਰੀਕਿਰਿਆਵਾਂ ਸਬੰਧੀ ਸਭ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਨੂੰ ਘੋਖਿਆ ਵਿਚਾਰਿਆ ਗਿਆ ਸੀ। ਇਸ ਕਰਕੇ ਇਸ ਦਿਹਾੜੇ ਨੂੰ ਮਨਾਉਣ ਦੀ ਜ਼ਰੂਰਤ ਮਹਿਸੂਸ ਹੋਈ।
ਵੋਟਰ ਦਿਵਸ ਹਰ ਸਾਲ ਮਨਾਉਣ ਲਈ ਇਸਦਾ ਖਾਸ ਮਕਸਦ ਇਹ ਹੁੰਦਾ ਹੈ ਕਿ ਵੋਟਰ ਨੂੰ ਉਸਦੇ ਵੋਟ ਪ੍ਰਤੀ ਪੂਰਾ ਗਿਆਨ ਹੁੰਦਾ ਰਹੇ। ਸਹੀ ਵੋਟ ਪ੍ਰਣਾਲੀ ਲਈ ਨਵੇਂ ਬਣੇ ਵੋਟਰਾਂ ਨੂੰ ਉਹਨਾਂ ਦੀ ਭੂਮਿਕਾ ਲਈ ਉਤਸ਼ਾਹਿਤ ਕਰਨਾ ਵੀ ਇਸ ਦਿਹਾੜੇ ਦੇ ਜ਼ਿੰਮੇ ਹੈ। ਸਾਡੇ ਮੁਲਕ ਨੇ 1988 ਵਿੱਚ ਭਾਰਤੀ ਸੰਵਿਧਾਨ ਦੀ ਧਾਰਾ 326 ਵਿੱਚ ਸੋਧ ਕਰਕੇ ਵੋਟ ਬਣਾਉਣ ਦੀ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕੀਤੀ ਸੀ। ਇਸਦਾ ਇੱਕ ਨੁਕਾਤੀ ਪ੍ਰੋਗਰਾਮ ਇਹ ਸੀ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਵਰਗ ਭਾਰਤੀ ਲੋਕਤੰਤਰ ਵਿੱਚ ਭਾਗੀਦਾਰੀ ਬਣ ਸਕੇ। ਪਹਿਲੀ ਵਾਰ ਬਣੇ ਵੋਟਰ ਨੂੰ ਉਨ੍ਹਾਂ ਦੇ ਵੋਟਰ ਕਾਰਡ ਵੋਟਰ ਦਿਵਸ ’ਤੇ 25 ਜਨਵਰੀ ਨੂੰ ਵੰਡੇ ਜਾਂਦੇ ਹਨ ਤਾਂ ਕਿ ਅਜਿਹੀ ਸਥਿਤੀ ਵਿੱਚ ਇਹ ਕਾਰਡ ਉਹਨਾਂ ਨੂੰ ਲੋਕਤੰਤਰ ਪ੍ਰਤੀ ਉਤਸ਼ਾਹਿਤ ਕਰਦਾ ਰਹੇ। ਇਸ ਦਿਨ ਨੂੰ ਸਮਰਪਿਤ ਪਹਿਲਾਂ ਤਾਂ 18 ਸਾਲ ਵਾਲੇ ਦੀ ਨਵੀਂ ਵੋਟ ਬਣਾਉਣ ਵਾਲੇ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਤੋਂ ਵੋਟ ਪ੍ਰਕਿਰਿਆ ਅਤੇ ਲੋਕਤੰਤਰ ਵਿੱਚ ਭਾਗੀਦਾਰੀ ਕਰਨ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਕੀਤਾ ਜਾਂਦਾ ਹੈ।
ਭਾਰਤ ਦੀ ਅਜ਼ਾਦੀ 15 ਅਗਸਤ 1947 ਨੂੰ ਹੋਈ ਸੀ। ਇਸ ਤੋਂ ਬਾਅਦ ਸਰਕਾਰ ਬਣੀ ਕਈ ਅਹਿਮ ਰਾਜਨੀਤਿਕ ਵਿਚਾਰ ਗੋਸ਼ਟੀਆਂ ਹੋਈਆਂ। ਸਭ ਤੋਂ ਪਹਿਲਾਂ ਸਰਕਾਰ ਦੇ ਚੁਣਨ ਲਈ ਸਹੀ ਤਰੀਕਾ ਲੱਭਿਆ। ਇਸ ਕਰਕੇ 26 ਜਨਵਰੀ 1950 ਨੂੰ (ਅਜ਼ਾਦੀ ਤੋਂ ਢਾਈ ਸਾਲ ਬਾਅਦ) ਗਣਤੰਤਰ ਦਿਵਸ ਬਣਿਆ। ਗਣਤੰਤਰ ਦਿਵਸ ਤੋਂ ਠੀਕ ਇੱਕ ਦਿਨ ਪਹਿਲੇ 25 ਜਨਵਰੀ ਨੂੰ ਕੌਮੀ ਵੋਟਰ ਦਿਵਸ ਰੱਖਿਆ ਗਿਆ। ਇਸ ਦਿਨ ’ਤੇ ਵਰਤਮਾਨ ਅਤੇ ਭਵਿੱਖ ਉੱਤੇ ਚਾਨਣਾ ਪਾਉਣਾ ਜ਼ਰੂਰੀ ਹੁੰਦਾ ਹੈ। ਹਰ ਸਾਲ 25 ਜਨਵਰੀ ਨੂੰ ਇਹ ਦਿਵਸ ਮਨਾਉਣਾ ਜ਼ਰੂਰੀ ਹੈ ਕਿਉਂਕਿ ਨਵੇਂ ਬਣੇ ਵੋਟਰ ਜਾਗਰੂਕ ਹੁੰਦੇ ਰਹਿੰਦੇ ਹਨ। ਇਸ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਤਤਕਾਲੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਜੀ ਨੇ 2011 ਵਿੱਚ ਸ਼ੁਰੂ ਕੀਤੀ ਸੀ। ਇਸ ਵਾਰੀ 25 ਜਨਵਰੀ 2026 ਨੂੰ ਭਾਰਤ ਆਪਣਾ 16ਵਾਂ ਵੋਟਰ ਦਿਵਸ ਮਨਾ ਰਿਹਾ ਹੈ। ਹਾਂ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਵੋਟ ਦੀ ਉਮਰ 18 ਸਾਲ ਅਤੇ ਵੋਟਰ ਦਿਵਸ ਮਨਾਉਣ ਦੀ ਕਵਾਇਦ ਸ਼ੁਰੂ ਹੋਈ ਤਾਂ ਜਮਹੂਰੀਅਤ ਪ੍ਰਤੀ ਜਾਗਰੂਕਤਾ ਹੋਣ ਦੇ ਨਾਲ ਨਾਲ ਲੋਕਤੰਤਰ ਦੀ ਨੀਂਹ ਵੀ ਪਕੇਰੀ ਹੋਈ। ਵੋਟਰ ਦਿਵਸ ਹਰ ਸਾਲ ਵੋਟਰ ਨੂੰ ਆਪਣੀ ਨਵੀਂ ਜ਼ਿੰਮੇਵਾਰੀ ਪ੍ਰਤੀ ਉਤਸ਼ਾਹਿਤ ਅਤੇ ਜਾਗਰੂਕ ਕਰਦਾ ਹੈ।
ਵੋਟਰ ਦਿਵਸ “ਸਾਡੀ ਵੋਟ, ਸਾਡੀ ਤਾਕਤ” ਦਾ ਸੁਨੇਹਾ ਵੀ ਜਮਹੂਰੀਅਤ ਵਿੱਚ ਦਿੰਦਾ ਹੈ। ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਵੋਟਾਂ ਵਾਲੇ ਦਿਨ ਛੋਟੀ ਉਮਰ ਅਤੇ ਸਭ ਤੋਂ ਵੱਡੀ ਉਮਰ ਦੇ ਵੋਟਰ ਖਿੱਚ ਦਾ ਕੇਂਦਰ ਬਣੇ ਰਹਿੰਦੇ ਹਨ। ਵੋਟਰ ਦਿਵਸ ਭਾਰਤੀ ਵੋਟ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਅੰਗ ਹੈ। ਇਸ ਦਿਨ ਵੋਟਰ ਆਪਣੇ ਹੱਕ ਅਤੇ ਫਰਜ਼ ਸਮਝਦਾ ਹੈ। ਇਸ ਦਿਨ ਦੇ ਮਨਾਉਣ ਨਾਲ ਸਾਨੂੰ ਰਾਜ ਪ੍ਰਬੰਧ ਬਾਰੇ ਸਮਝਣ ਲਈ ਮੌਕਾ ਮਿਲਦਾ ਹੈ। ਇਸ ਲਈ ਇਹ ਦਿਨ ਮਨਾਉਣਾ ਚੋਣ ਪ੍ਰਬੰਧ ਅਤੇ ਲੋਕਤੰਤਰ ਪ੍ਰਤੀ ਜ਼ਰੂਰੀ ਹੈ। ਇਸ ਦਿਨ ਨੂੰ ਮਨਾਉਣ ਨਾਲ ਲੋਕਤੰਤਰ ਅਤੇ ਵੋਟ ਪ੍ਰਕਿਰਿਆ ਪ੍ਰਤੀ ਜਾਗਰੂਕਤਾ ਮਿਲਦੀ ਰਹੇਗੀ, ਇਸ ਲਈ ਵੋਟਰ ਦਿਵਸ ਲੋਕ ਰਾਜ ਦੇ ਹਿਤ ਵਿੱਚ ਮਨਾਉਣਾ ਅਤੀ ਜ਼ਰੂਰੀ ਹੈ ਤਾਂ ਜੋ ਵੋਟਰ ਆਪਣੇ ਹੱਕਾਂ ਅਤੇ ਫਰਜ਼ਾਂ ਦਾ ਜਾਗਰੂਕਤਾ ਨਾਲ ਇਸਤੇਮਾਲ ਕਰਦਾ ਰਹੇ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































