“ਅੱਜ ਤਕ ਕਈ ਹੀਲੇ-ਵਸੀਲੇ ਅਤੇ ਉਪਰਾਲੇ ਨਸ਼ਾ ਰੋਕਣ ਲਈ ਹੁੰਦੇ ਰਹੇ ਹਨ ਪਰ ਕਾਮਯਾਬੀ ...”
(31 ਅਗਸਤ 2025)
ਕਿਸੇ ਵੀ ਬੁਰਾਈ ਨੂੰ ਨੱਥ ਪਾਉਣ ਲਈ ਦ੍ਰਿੜ੍ਹ ਇੱਛਾ ਸ਼ਕਤੀ ਦੀ ਲੋੜ ਹੁੰਦੀ ਹੈ। ਅੱਜ ਨਸ਼ੇ ਦਾ ਦਰਿਆ ਸਰਕਾਰੀ ਉਪਰਾਲਿਆਂ ਦੇ ਬਾਵਜੂਦ ਉੱਛਲ ਕੇ ਸਾਹਮਣੇ ਆ ਰਿਹਾ ਹੈ। ਲੋਕਾਂ ਨੂੰ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਸਰਕਾਰ ਦਾ ਸਾਥ ਦੇਣ ਦੀ ਜ਼ਰੂਰਤ ਹੈ। ਨਸ਼ਿਆਂ ਦਾ ਸੇਵਨ ਪੰਜਾਬੀ ਕਿਰਦਾਰ ਨੂੰ ਨਕਾਰਾ ਕਰ ਰਿਹਾ ਹੈ। ਨਸ਼ੇ ਦਾ ਇਤਿਹਾਸ ਮਨੁੱਖ ਦੀ ਹੋਂਦ ਦੇ ਨਾਲੋ ਨਾਲ ਚੱਲਿਆ ਆਉਂਦਾ ਹੈ। ਸਮੇਂ-ਸਮੇਂ ’ਤੇ ਨਸ਼ਾ ਛਡਾਉਣ ਲਈ ਸਮਾਜ ਸੁਧਾਰ ਹੁੰਦੇ ਰਹੇ ਪਰ ਸਮੇਂ ਅਨੁਸਾਰ ਨਫੇ-ਨੁਕਸਾਨ ਹੁੰਦੇ ਰਹੇ। ਅੱਜ ਵੀ ਨਸ਼ਾ ਬਹੁਪਰਤੀ ਸਮੱਸਿਆ ਹੈ। ਨਸ਼ਾ ਹਮੇਸ਼ਾ ਆਤਮ-ਘਾਤ ਨੂੰ ਸੱਦਾ ਦਿੰਦਾ ਹੈ। ਇਹ ਤੰਦਰੁਸਤੀ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਤੰਦਰੁਸਤੀ ਜਿਸਮ ਉੱਤੇ ਹੀ ਨਹੀਂ ਟਿਕੀ ਹੋਈ ਬਲਕਿ ਮਾਨਸਿਕ ਅਤੇ ਸਮਾਜਿਕ ਪੱਖੋਂ ਵੀ ਪੂਰੀ ਤੰਦਰੁਸਤੀ ਹੀ ਜੀਵਨ ਦਾ ਅਧਾਰ ਹੈ। ਨਸ਼ਾ ਮਾਨਸਿਕ ਕਮਜ਼ੋਰੀ ਦੀ ਜੜ੍ਹ ਹੈ, ਇਹ ਮਨੁੱਖੀ ਇੱਛਾ ਸ਼ਕਤੀ ਨੂੰ ਢਹਿ ਢੇਰੀ ਕਰੲਦਾ ਹੈ। ਨਸ਼ੇ ਵਿੱਚ ਗਰਕਣ ਤੋਂ ਬਾਅਦ ਸਮਾਜਿਕ, ਆਰਥਿਕ ਅਤੇ ਸਿਹਤ ਨੂੰ ਗ੍ਰਹਿਣ ਲੱਗ ਜਾਂਦਾ ਹੈ। ਅਫ਼ਸੋਸ ਹੈ ਕਿ ਨਸ਼ੇ ਦਾ ਸਮਾਜਿਕ ਇਕੱਠਾਂ ਵਿੱਚ ਵਰਤਿਆ ਜਾਣਾ ਇੱਕ ਰਿਵਾਜ਼ ਬਣ ਗਿਆ ਹੈ। ਸਿੱਖ ਧਰਮ ਵਿੱਚ ਇਸਦੀ ਪੂਰਨ ਮਨਾਹੀ ਹੈ। ਅੱਜ ਦਾ ਨੌਜਵਾਨ ਨਸ਼ੇ ਕਾਰਨ ਨਿਰਾਸ਼ਾ ਦੇ ਆਲਮ ਵਿੱਚ ਫਸ ਚੁੱਕਿਆ ਹੈ। ਮਨੁੱਖ ਨੂੰ ਅਸਲੀ ਜੀਵਨ ਤੋਂ ਦੂਰ ਕਰਕੇ ਨਸ਼ਾ ਜੀਵਨ ਨੂੰ ਬੇਸੁਆਦ ਕਰ ਦਿੰਦਾ ਹੈ।
ਨਸ਼ੇ ਮੁਕਾਉਣ ਲਈ ਸਰਬ ਸਾਂਝਾ ਫਰੰਟ ਬਣਾਉਣ ਦੀ ਲੋੜ ਹੈ। ਨਸ਼ਾ ਅਜਿਹਾ ਪਦਾਰਥ ਹੈ ਜੋ ਮੂੰਹ, ਨੱਕ ਅਤੇ ਖੂਨ ਰਾਹੀਂ ਲਿਆ ਜਾਂਦਾ ਹੈ। ਇਸ ਨਾਲ ਮਨੁੱਖੀ ਸਰੀਰ ਵਿੱਚ ਉਤੇਜਿਤ ਨੁਮਾ ਤਬਦੀਲੀ ਆਉਂਦੀ ਹੈ। ਅੰਦਰ ਜਾਂਦੇ ਸਾਰ ਹੀ ਵਿਅਕਤੀ ਫੰਨੇ ਖਾਂ ਬਣ ਜਾਂਦਾ ਹੈ। ਨਸ਼ਾ ਘਟਣ ਤੋਂ ਬਾਅਦ ਅਸਲੀ ਸਥਿਤੀ ਆ ਜਾਂਦੀ ਹੈ। ਇਸ ਨਾਲ ਤਣਾਓ ਵਧਦਾ ਹੈ। ਸੁਭਾਵਿਕ ਹੈ ਨਸ਼ੇ ਨਾਲ ਹੀ ਮਹਿੰਗਾਈ ਅਤੇ ਮਿਲਾਵਟ ਵੀ ਆਉਂਦੀ ਹੈ। ਨਸ਼ੇ ਦੀ ਲਤ ਵਿੱਚ ਬੰਦਾ ਅਣਸੁਖਾਵੇਂ ਨਤੀਜਿਆਂ ਦੇ ਪਤਾ ਹੋਣ ਦੇ ਬਾਵਜੂਦ ਵੀ ਇਸ ਤੋਂ ਬਚ ਨਹੀਂ ਸਕਦਾ। ਹਿੰਸਾਤਮਿਕ ਪ੍ਰਵਿਰਤੀ ਵਧਦੀ ਚਲੀ ਜਾਂਦੀ ਹੈ, ਜਿਸ ਨਾਲ ਸਮਾਜ ਵਿੱਚ ਅਣਸੁਖਾਵਾਂ ਮਾਹੌਲ ਪੈਦਾ ਹੁੰਦਾ ਹੈ। ਜੁਰਮ ਵਧਦੇ ਹਨ।
ਅੱਜ ਨੌਕਰੀ ਅਤੇ ਵਿਆਹ ਤੋਂ ਪਹਿਲਾ ਡੋਪ ਟੈੱਸਟ ਦੀ ਮੰਗ ਵੀ ਉੱਠਣ ਲੱਗੀ ਹੈ। ਇਸ ਪਿੱਛੇ ਇੱਕ ਲੰਮਾ ਚੌੜਾ ਇਤਿਹਾਸ ਹੈ। ਹਾਂ ਇੱਕ ਗੱਲ ਹੋਰ ਵੀ ਹੈ, ਨਸ਼ੇ ਨਾਲ ਕਿਸੇ ਵੀ ਪੱਖੋਂ ਜੁੜਿਆ ਵਿਅਕਤੀ ਭ੍ਰਿਸ਼ਟ ਤੰਤਰ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਭ੍ਰਿਸ਼ਟਾਚਾਰ ਨਸ਼ੇ ਨੂੰ ਨੱਪਣ ਵਿੱਚ ਵੱਡੀ ਰੁਕਾਵਟ ਹੈ। ਨਸ਼ਈ ਨੂੰ ਮਜ਼ਾਕ ਦਾ ਪਾਤਰ ਬਣਾਉਣ ਨਾਲੋਂ ਉਸ ਨੂੰ ਕਾਨੂੰਨੀ ਅਤੇ ਸਮਾਜਿਕ ਮੁੱਖ ਧਾਰਾ ਵਿੱਚ ਲਿਆਉਣਾ ਜ਼ਰੂਰੀ ਹੁੰਦੀ ਹੈ। ਇਹੀ ਵਧੀਆ ਹੱਲ ਹੈ।
ਨਸ਼ਾ ਵੱਖ-ਵੱਖ ਕਿਸਮਾਂ ਦਾ ਹੁੰਦਾ ਹੈ। ਸਾਰਿਆਂ ਦਾ ਨੁਕਸਾਨ ਮਾਨਸਿਕ ਸਿਹਤ ਨਾਲ ਜੁੜਿਆ ਹੈ। ਕਈ ਵਾਰ ਕਿਸੇ ਸਮੱਸਿਆ ਦਾ ਹੱਲ ਕੱਢਣ ਲਈ ਨਸ਼ੇ ਨੂੰ ਉਤੇਜਿਤ ਹੋਣ ਲਈ ਵਰਤਿਆ ਜਾਂਦਾ ਹੈ, ਜੋ ਆਤਮਘਾਤ ਹੁੰਦਾ ਹੈ। ਬੇਰੁਜ਼ਗਾਰੀ, ਰੀਸ ਕਰਨੀ, ਬੱਚਿਆਂ ਉੱਤੇ ਲੋੜ ਤੋਂ ਵੱਧ ਮਾਨਸਿਕ ਦਬਾਅ ਪਾਉਣਾ ਅਤੇ ਆਪਣੇ ਬੱਚਿਆਂ ਦੀ ਤੁਲਨਾ ਹੋਰਾਂ ਬੱਚਿਆਂ ਨਾਲ ਕਰਨੀ ਵੀ ਨਸ਼ੇ ਦਾ ਕਾਰਨ ਹੁੰਦਾ ਹੈ। ਇਨ੍ਹਾਂ ਖੇਤਰਾਂ ਵਿੱਚ ਨਸ਼ਾ ਭਾਂਬੜ ਬਣ ਕੇ ਮੱਚਦਾ ਹੈ। ਇਸਦਾ ਨਤੀਜਾ ਹਿੰਸਾ, ਬਲਾਤਕਾਰ ਅਤੇ ਚੋਰੀ ਵਿੱਚ ਨਿਕਲਦਾ ਹੈ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਨਸ਼ਾ ਮਨੁੱਖ ਦਾ ਖਹਿੜਾ ਨਹੀਂ ਛੱਡ ਰਿਹਾ।
ਗੁਜਰਾਤ ਦੀ ਬੰਦਰਗਾਹ ’ਤੇ 4269 ਕਰੋੜ ਦੇ ਨਸ਼ੇ ਦੀ ਤਾਰ ਵੀ ਪੰਜਾਬ ਨਾਲ ਜੁੜੀ ਹੋਈ ਸੀ। 3.17 ਕਰੋੜ ਪੰਜਾਬੀਆਂ ਵਿੱਚੋਂ 3 ਫੀਸਦੀ ਨਸ਼ਾ ਕਰਦੇ ਹਨ। ਹੈਰਾਨੀ ਹੁੰਦੀ ਹੈ ਕਿ ਘਰਾਂ ਵਿੱਚ ਪੂਜਾ ਰੂਮ ਦੇ ਨਾਲ ਬੀਅਰ ਬਾਰ ਬਣ ਗਏ ਹਨ। ਮਨੋਵਿਗਿਆਨ ਦੱਸਦਾ ਹੈ ਕਿ ਨਸ਼ੇ ਨਾਲ ਨਫ਼ਰਤ ਕਰਨ ਵਾਲਾ ਵੀ ਨਸ਼ਾ ਕਰਦਾ ਹੈ। ਨਸ਼ੇ ਤੋਂ ਲੜ ਛਡਾਉਣਾ ਔਖਾ ਹੋ ਜਾਂਦਾ ਹੈ। ਹਰ ਦੂਜੇ ਤੀਜੇ ਦਿਨ ਨਸ਼ੇ ਨਾਲ ਮੌਤ ਹੁੰਦੀ ਹੈ। ਅੱਜ ਔਰਤ ਵੀ ਨਸ਼ੇ ਲਈ ਮਰਦ ਦਾ ਮੁਕਾਬਲਾ ਕਰਦੀ ਹੈ। ਸੰਸਾਰ ਸਿਹਤ ਸੰਸਥਾ ਅਨੁਸਾਰ ਮੁਲਕ ਵਿੱਚ ਸਿਰਫ ਤੰਬਾਕੂ ਦੀ ਭੇਟ 8 ਲੱਖ ਲੋਕ ਚੜ੍ਹ ਜਾਂਦੇ ਹਨ। 2030 ਤਕ ਇਹ ਅਨੁਮਾਨ ਕਿਤੇ ਵੱਧ ਹੋਵੇਗਾ। ਔਰਤ ਵਰਗ ਲਈ ਨਸ਼ਾ ਇਸ ਗੀਤ ਵਿੱਚ ਸੰਦੇਸ਼ ਦਿੰਦਾ ਹੈ:
ਧੂੰਏਂ ਨਾਲ ਛਾਤੀਆਂ ਦਾ ਦੁੱਧ ਸਾੜਤਾ,
ਜੰਮਣੇ ਤੋਂ ਪਹਿਲਾ ਅੱਧਾ ਪੁੱਤ ਮਾਰ ’ਤਾ“।
ਸੂਬੇ ਵਿੱਚ ਔਰਤਾਂ ਦਾ ਨਸ਼ੇ ਵਿੱਚ ਗ੍ਰਸਣਾ ਬੇਹੱਦ ਚਿੰਤਾਜਨਕ ਹੈ। ਨਸ਼ੇ ਦੇ ਪਸਾਰ ਨੂੰ ਰੋਕਣ ਲਈ ਸਮਾਜਿਕ ਅਤੇ ਰਾਜਨੀਤਿਕ ਮਜ਼ਬੂਤ ਇੱਛਾ ਸ਼ਕਤੀ ਦੀ ਜ਼ਰੂਰਤ ਹੈ। 2015 ਦੀ ਇੱਕ ਰਿਪੋਰਟ ਅਨੁਸਾਰ ਸੂਬੇ ਵਿੱਚ 2 ਲੱਖ ਨਸ਼ੇੜੀ ਸਨ ਜੋ ਹੁਣ ਕਿਤੇ ਵੱਧ ਹਨ। ਬਾਰਡਰ ਸਟੇਟ ਹੋਣ ਕਰਕੇ ਪੰਜਾਬ ਨੂੰ ਇਸਦੀ ਮਾਰ ਝੱਲਣੀ ਪੈਂਦੀ ਹੈ। ਇੱਕ ਕਹਾਵਤ ਹੋਰ ਵੀ ਹੈ ਕਿ ਪੰਜਾਬੀ ਆਪਣੇ ਨਾਲ ਹੀ ਨਸ਼ੇ ਨੂੰ ਵਿਦੇਸ਼ਾਂ ਵਿੱਚ ਵੀ ਲੈ ਗਏ। ਹੁਣ ਕਨੇਡਾ ਵਰਗੇ ਮੁਲਕਾਂ ਨੇ ਤਾਂ ਛੋਟੀ ਮਾਤਰਾ ਵਿੱਚ ਨਸ਼ਾ ਕੋਲ ਰੱਖਣ ਤੋਂ ਪਾਬੰਦੀ ਹਟਾ ਦਿੱਤੀ ਹੈ। ਇਸਦਾ ਪ੍ਰਭਾਵ ਵੀ ਸਭ ਤੋਂ ਵੱਧ ਪੰਜਾਬੀਆਂ ’ਤੇ ਪਵੇਗਾ। ਇਸਦਾ ਕੂਟਨੀਤਕ ਹੱਲ ਕੱਢਣਾ ਜ਼ਰੂਰੀ ਹੈ। ਨਸ਼ਾ ਅਤੇ ਨੌਜਵਾਨ ਇੱਕ ਸਿੱਕੇ ਦੇ ਦੋ ਪਹਿਲੂ ਹਨ। ਗਵਰਨਰ ਸਾਹਿਬ ਨੇ ਵੀ ਨਸ਼ੇ ਸਬੰਧੀ ਚਿੰਤਾ ਜ਼ਾਹਿਰ ਕੀਤੀ ਸੀ। ਗਰਭ ਅਵਸਥਾ ਲਈ ਘਾਤਕ ਰੂਪ ਭਵਿੱਖੀ ਚਿੰਤਾ ਖੜ੍ਹੀ ਕਰਦਾ ਹੈ। ਪੰਜਾਬ ਪੰਚਾਇਤ ਐਕਟ ਵਿੱਚ ਵੀ ਨਸ਼ਾ ਰੋਕਣ ਦੀ ਵਿਵਸਥਾ ਕੀਤੀ ਗਈ ਹੈ। ਫਿਰ ਵੀ ਸੂਬੇ ਵਿੱਚ 40 ਲੱਖ ਲੋਕ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ। ਜਦੋਂ ਤਕ ਕਿਸੇ ਵੀ ਸਮਾਜਿਕ ਬੁਰਾਈ ਦਾ ਸਾਹਮਣਾ ਕਰਨ ਲਈ ਇਕਸੁਰ ਅਤੇ ਇਕਮੱਤ ਹੋ ਕੇ ਇਸਦਾ ਮੁਕਾਬਲਾ ਨਾ ਕੀਤਾ ਜਾਵੇ, ਉਦੋਂ ਤਕ ਕਿਸੇ ਨਤੀਜੇ ਉੱਤੇ ਨਹੀਂ ਪਹੁੰਚਿਆ ਜਾ ਸਕਦਾ। ਨਸ਼ੇ ਦੀ ਪਰਖ ਪੜਚੋਲ ਕਰਕੇ ਇਸ ਨੂੰ ਕਾਬੂ ਜਾ ਖਤਮ ਕਰਨ ਲਈ ਸਾਡੀ ਦ੍ਰਿੜ੍ਹ ਇੱਛਾ ਸ਼ਕਤੀ ਹੀ ਪਾਸਾ ਬਦਲਾਏਗੀ। ਅਜੇ ਨਸ਼ੇ ਦਾ ਹੱਲ ਭਰੋਸਾ ਬਹਾਲੀ ਤੋਂ ਦੂਰ ਹੈ।
ਪੰਜਾਬ ਦੀ ਨਸ਼ਾ ਪੀੜ ਨੂੰ ਗੱਲੀਂਬਾਤੀਂ ਦਫ਼ਨ ਨਹੀਂ ਕੀਤਾ ਜਾ ਸਕਦਾ। ਇਸ ਬੁਰਾਈ ਨੂੰ ਕਾਬੂ ਕਰਨ ਲਈ ਮਨੋਵਿਗਿਆਨਕ ਸੋਝੀ ਜ਼ਰੂਰੀ ਹੈ। ਦੁੱਖ ਹੁੰਦਾ ਹੈ ਜਦੋਂ ਰੰਗਲਾ ਪੰਜਾਬ ਨਸ਼ੀਲਾ ਪੰਜਾਬ ਅਖਵਾਉਂਦਾ ਹੈ। ਨਸ਼ੇ ਦੇ ਗੱਠਜੋੜ ਦੀਆਂ ਸੁਰਖੀਆਂ ਵੀ ਭਾਰੂ ਰਹੀਆਂ। ਆਲਮੀ ਪੱਧਰ ’ਤੇ ਵੀ ਪੰਜਾਬ ਨਸ਼ੇ ਬਾਰੇ ਨਕਸ਼ੇ ਉੱਤੇ ਹੈ। ਹੋਰ ਵੀ ਮਾੜੀ ਗੱਲ ਹੈ ਕਿ ਨਸ਼ਾ ਮਿਲਾਵਟੀ ਮਿਲ ਰਿਹਾ ਹੈ। ਅੱਜ ਤਕ ਕਈ ਹੀਲੇ-ਵਸੀਲੇ ਅਤੇ ਉਪਰਾਲੇ ਨਸ਼ਾ ਰੋਕਣ ਲਈ ਹੁੰਦੇ ਰਹੇ ਹਨ ਪਰ ਕਾਮਯਾਬੀ ਦੇ ਨੇੜੇ ਨਹੀਂ ਢੁੱਕ ਸਕੇ। ਆਉ ਸਰਕਾਰ ਦੀ ਨਸ਼ਿਆਂ ਵਿਰੁੱਧ ਯੁੱਧ ਨੀਤੀ ਵਿੱਚ ਆਪਣਾ ਯੋਗਦਾਨ ਪਾਈਏ, ਨਸ਼ਿਆਂ ਨੂੰ ਪੰਜਾਬ ਤੋਂ ਦੂਰ ਵਗਾਹ ਮਾਰੀਏ।
“ਪਤਝੜ ਤੋਂ ਬਚਾਈਏ ਧਰਤੀ ਪੰਜਾਬ ਦੀ,
ਖੇੜੇ ਵਿੱਚ ਲਿਆਈਏ ਕਲੀ ਫੁੱਲ ਗੁਲਾਬ ਦੀ।”
ਮੁੱਕਦੀ ਗੱਲ ਇਹ ਹੈ ਕਿ ਨਸ਼ੇ ਆਤਮਘਾਤ ਨੂੰ ਸੱਦਾ ਦਿੰਦੇ ਹਨ, ਮਨੁੱਖੀ ਜੀਵਨ ਦਾ ਅੰਤ ਕਰਦੇ ਹਨ, ਇਸ ਲਈ ਇਨ੍ਹਾਂ ਦਾ ਖਾਤਮਾ ਕਰਨਾ ਅਤਿਅੰਤ ਜ਼ਰੂਰੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (