“ਸਾਡੇ ਜ਼ਿਲ੍ਹਾ ਅਧਿਕਾਰੀ ਨੇ ਹਉਮੈਂ ਅਤੇ ਸਸਤੀ ਸ਼ੋਹਰਤ ਲਈ ਨੁਕਸ ਕੱਢਣੇ ਚਾਹੇ ਪਰ ਡੀਸੀ ਸਾਹਿਬ ...”
(3 ਜਨਵਰੀ 2026)
ਮੈਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਫੀਲਡ ਦਾ ਮੁਲਾਜ਼ਮ ਹਾਂ। ਛੱਬੀ ਸਾਲ ਦੀ ਨੌਕਰੀ ਦੌਰਾਨ ਅਨੇਕਾਂ ਅਫਸਰਾਂ ਅਤੇ ਸਰਕਾਰਾਂ ਦੇ ਉਤਰਾਅ-ਚੜ੍ਹਾਅ ਦੇਖੇ। ਕਈ ਗੱਲਾਂ ਹਿਰਦੇ ਵਿੱਚ ਘਰ ਕਰ ਜਾਂਦੀਆਂ ਹਨ। ਗੱਲ 2018 ਦੀ ਹੈ। ਪੰਚਾਇਤ ਚੋਣਾਂ ਲਈ ਵਾਰਡਬੰਦੀ ਚੱਲ ਰਹੀ ਸੀ। ਉੱਧਰ ਮੇਰੇ ਪਿਤਾ ਜੀ ਸਖਤ ਬਿਮਾਰ ਪੀਜੀਆਈ ਸਨ। ਮਾਨਸਿਕ ਪਰੇਸ਼ਾਨੀ ਸੀ। ਉਸ ਸਮੇਂ ਮਹਿਕਮੇ ਦੇ ਦੋ ਅਫਸਰ ਕੰਮ ਨਿਪਟਾਉਣ ਦੀ ਬਜਾਏ ਹੜਬੜਾ ਗਏ। ਵਾਰਡਬੰਦੀ ਦਾ ਕੰਮ ਨਿਯਮਾਂ ਅਨੁਸਾਰ ਐੱਸ ਡੀ ਐੱਮ ਸ੍ਰੀ ਰਾਕੇਸ਼ ਗਰਗ ਕੋਲ ਚਲਾ ਗਿਆ। ਉਹਨਾਂ ਸਾਡੇ ਚਿਹਰੇ ਪੜ੍ਹਕੇ ਕਿਹਾ, “ਮੈਨੂੰ ਅਤੇ ਇਸ ਕੰਮ ਨੂੰ ਹਊਆ ਨਾ ਸਮਝੋ। ਸਮੱਸਿਆ ਦੱਸੋ, ਕੰਮ ਨਾਲ ਹੋ ਕੇ ਮੈਂ ਸਹੀ ਕਰਵਾ ਲਵਾਂਗਾ।”
ਬੱਸ ਉਹੀ ਘੜੀ ਹੱਦ, ਉਹਨਾਂ ਨੇ ਹੱਲਾਸ਼ੇਰੀ ਨਾਲ ਨਕਸ਼ੇ ਮੁਕੰਮਲ ਕਰਵਾ ਕੇ ਕੰਮ ਕਰਵਾ ਲਿਆ। ਇਸ ਪ੍ਰਕਿਰਿਆ ਦੌਰਾਨ ਮੇਰੇ ਪਿਤਾ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਦੂਜੇ ਗੇੜ ਵਿੱਚ ਫਿਰ ਐੱਸ ਡੀ ਐੱਮ ਸਾਹਿਬ ਕੋਲ ਜਾਣਾ ਸੀ। ਮੈਂ ਨਾ ਜਾ ਸਕਿਆ। ਉਹਨਾਂ ਨੂੰ ਮੇਰੇ ਪਿਤਾ ਜੀ ਬਾਰੇ ਪਤਾ ਲੱਗ ਗਿਆ। ਉਹਨਾਂ ਝੱਟ ਮੇਰੇ ਬੀ ਡੀ ਪੀ ਓ ਨੂੰ ਕਿਹਾ ਕਿ ਮੇਰੀ ਸੁਖਪਾਲ ਨਾਲ ਗੱਲ ਕਰਵਾਓ, ਮੈਂ ਅਫਸੋਸ ਪ੍ਰਗਟ ਕਰਨਾ ਹੈ।”
ਇਸ ਤੋਂ ਬਾਅਦ ਵਾਰਡਬੰਦੀ ਡੀਸੀ ਸਾਹਿਬ ਕੋਲ ਚਲੀ ਗਈ। ਸਾਡੇ ਜ਼ਿਲ੍ਹਾ ਅਧਿਕਾਰੀ ਨੇ ਹਉਮੈਂ ਅਤੇ ਸਸਤੀ ਸ਼ੋਹਰਤ ਲਈ ਨੁਕਸ ਕੱਢਣੇ ਚਾਹੇ ਪਰ ਡੀਸੀ ਸਾਹਿਬ ਨੇ ਵਾਰਡਬੰਦੀ ਦਾ ‘ਭੁੱਲ-ਸੋਧ’ ਜਾਰੀ ਕਰਕੇ ਵਾਰਡਬੰਦੀ ਫਾਈਨਲ ਕਰ ਦਿੱਤੀ। ਚੋਣਾਂ ਹੋ ਗਈਆਂ। ਫੀਲਡ ਮੁਲਾਜ਼ਮਾਂ ਨੂੰ ਆਪਣੇ ਆਪਣੇ ਕੰਮ ਫਿਰ ਤੋਂ ਮਿਲ ਗਏ। ਇਸ ਤੋਂ ਬਾਅਦ ਇੱਕ ਪੀ ਸੀ ਐੱਸ ਅਲਾਈਡ ਬੀ ਡੀ ਪੀ ਓ ਹਰਿੰਦਰ ਕੌਰ ਆਏ। ਇੰਨੇ ਨੂੰ ਕਰੋਨਾ ਸੁ਼ਰੂ ਹੋ ਗਿਆ। ਸਾਡੇ ਸਟਾਫ ਨੇ ਪੂਰਾ ਸਾਥ ਦਿੱਤਾ। ਦੋ ਵਾਰ ਰਾਤ ਨੂੰ ਉਹਨਾਂ ਦਾ ਫੋਨ ਆਇਆ ਕਿ ਪਿੰਡ ਵਿੱਚ ਰਾਸ਼ਨ ਪਹੁੰਚਾ ਕੇ ਆ। ਮੈਂ ਝੱਟ ਪਹੁੰਚਾ ਦਿੱਤਾ। ਉਹਨਾਂ ਯਾਦ ਰੱਖਿਆ। ਡੀਸੀ ਸਾਹਿਬ ਵੱਲੋਂ ਕਰੋਨਾ ਦੀਆਂ ਸੇਵਾਵਾਂ ਲਈ ਮੈਨੂੰ ਪ੍ਰਸ਼ੰਸਾ ਪੱਤਰ ਦੁਆਇਆ।
ਕਰਵਾ ਚੋਥ ਦਾ ਦਿਨ ਸੀ। ਰਾਤੀਂ ਅੱਠ ਵਜੇ ਮੈਨੂੰ ਐੱਸ ਡੀ ਐੱਮ ਸਾਹਿਬ ਸ੍ਰੀ ਮਨਦੀਪ ਸਿੰਘ ਢਿੱਲੋਂ ਦਾ ਫੋਨ ਆਇਆ। ਉਹਨਾਂ ਕਿਹਾ, “ਤੇਰੀ ਡਿਊਟੀ ਸਟੱਬਲ ਬਰਨਿੰਗ ਵਿੱਚ ਲੱਗੀ ਹੈ। ਤੂੰ ਸਤਲੁਜ ਪਾਰ ਰੂਪਨਗਰ ਥਰਮਲ ਪਲਾਂਟ ਕੋਲ ਪਿੰਡ ਟਿੱਬਾ ਟੱਪਰੀਆਂ ਦੀ ਹੱਦ ਵਿੱਚ ਪਹੁੰਚ ਜਾ।”
ਮੈਂ ਤਾਂ ਅਧੀਨ ਮੁਲਾਜ਼ਮ ਹੋਣ ਕਰਕੇ ਪੁੱਜ ਗਿਆ। ਘੁੱਪ ਹਨੇਰੇ ਵਿੱਚ ਇੱਕ ਪਾਸਿਓਂ ਅਵਾਜ਼ ਆਈ। ਮੈਂ ਕਿਹਾ, “ਜੀ ਮੈਂ ਪਰਾਲੀ ਦੀ ਅੱਗ ਬੁਝਾਉਣ ਆਇਆ ਹਾਂ। ਐੱਸ ਡੀ ਐੱਮ ਸਾਹਿਬ ਦਾ ਹੁਕਮ ਹੈ।”
ਜਵਾਬ ਆਇਆ, “ਮੈਂ ਕਾਨੂੰਗੋ ਮਹਿੰਦਰ ਸਿੰਘ ਹਾਂ। ਐੱਸ ਡੀ ਐੱਮ ਅਤੇ ਡਿਪਟੀ ਸਾਹਿਬ ਨਾਲ ਹੀ ਹਨ।”
ਸਾਰੇ ਮੇਰੇ ਕੋਲ ਪੁੱਜ ਗਏ। ਅਸੀਂ ਫਾਰਮੈਲਟੀ ਪੂਰੀ ਕੀਤੀ। ਚੱਲਣ ਲੱਗੇ ਐੱਸ ਡੀ ਐੱਮ ਸਾਹਿਬ ਨੇ ਫਿਰ ਕਿਹਾ ਕਿ ਤੇਰੇ ਨਾਲ ਕਾਨੂੰਗੋ ਸਾਹਿਬ ਨੂੰ ਭੇਜ ਦਿੰਦਾ ਹਾਂ, ਤੁਸੀਂ ਦੋਵੇਂ ਰੂਪਨਗਰ ਤੋਂ ਹੋ ਕੇ ਚਲੇ ਜਾਓ। ਉਹ ਕਾਨੂੰਗੋ ਵਿਚਾਰਾ ਮੈਨੂੰ ਘਰ ਤਕ ਛੱਡ ਕੇ ਗਿਆ। ਇਸੇ ਸੀਜ਼ਨ ਵਿੱਚ ਇੱਕ ਦੋ ਵਾਰ ਫਿਰ ਇਸੇ ਤਰ੍ਹਾਂ ਹੋਇਆ।
ਇੱਕ ਦਿਨ ਮੈਂਨੂੰ ਕਾਨੂੰਗੋ ਸਾਹਿਬ ਨੇ ਆਵਾਜ਼ ਮਾਰੀ। ਇੱਕ ਮਜ਼ਬੂਤ ਕਾਗਜ਼ ਮੇਰੇ ਹੱਥ ਫੜਾਇਆ। ਜਦੋਂ ਮੈਂ ਪੜ੍ਹਿਆ ਤਾਂ ਉਹ ਸਰਕਾਰ ਵੱਲੋਂ ਮੇਰੇ ਲਈ ਪ੍ਰਸ਼ੰਸਾ ਪੱਤਰ ਸੀ, ਜੋ ਐੱਸਡੀਐੱਮ ਸਾਹਿਬ ਵੱਲੋਂ ਮੇਰੇ ਘਰ ਪੁੱਜਦਾ ਕੀਤਾ ਗਿਆ। ਉਹ ਪ੍ਰਸ਼ੰਸਾ ਪੱਤਰ ਇੱਕ ਤਾਂ ਮੇਰੇ ’ਤੇ ਜ਼ਿੰਮੇਵਾਰੀ ਅਤੇ ਅਹਿਸਾਸ ਦੀ ਬੁੱਕਲ ਚਾੜ੍ਹ ਗਿਆ। ਦੂਜਾ, ਮੈਂ ਸੰਸਕਾਰ ਅਤੇ ਸਲੀਕੇ ਦੀ ਪ੍ਰੀਭਾਸ਼ਾ ਤਲਾਸ਼ਣ ਲੱਗ ਪਿਆ, ਜੋ ਇਨ੍ਹਾਂ ਤਿੰਨਾਂ ਅਫਸਰਾਂ ਨੂੰ ਇਨ੍ਹਾਂ ਦੇ ਪਰਿਵਾਰਾਂ ਵੱਲੋਂ ਮਿਲੇ ਹੋਏ ਸਨ। ਕਾਬਲੇ ਤਾਰੀਫ ਹਨ ਇਹੋ ਜਿਹੇ ਅਫਸਰ।
* * *
ਇੱਕ ਕਵਿਤਾ: ਮਰਦ ਬਨਾਮ ਔਰਤ
ਐ ਮਰਦ...
ਤੇਰੇ ਜ਼ਿਹਨ ਅੰਦਰੋਂ ਮਰਦਾਨਗੀ ਕਿਉਂ ਨਹੀਂ ਨਿਕਲ ਰਹੀ?
ਤੂੰ ਤਾਂ ਯੁੱਗਾਂ ਤੋਂ ਮੇਰਾ ਦੁਸ਼ਮਣ ਬਣਿਆ ਹੈਂ।
ਧਰਮ ਦੇ ਅਲੰਬਰਦਾਰ ਵੀ ਮੈਨੂੰ ਗਹੁ ਨਾਲ ਤੱਕਦੇ ਰਹੇ,
ਮੇਰੇ ਤੁਰੀ ਜਾਂਦੀ ਦਾ ਸਕੈਨ ਕਰੀ ਜਾਂਦੇ ਨੇ ਮਰਦ,
ਕਦੇ ਮੇਰਾ ਲੱਕ ਮਿਣਦੇ, ਕਦੇ ਲਹਿੰਗੇ ’ਤੇ ਸ਼ਰਾਬ ਡੋਲ੍ਹਦੇ,
ਕਦੇ ਲਾਚਾਰ ਦਾ ਫਾਇਦਾ ਚੁੱਕਦੇ,
ਸਿਰ ਫਿਰੇ ਵੀ ਬਹੁਤ ਨੇ ਇੱਥੇ।
ਤੂੰ ਇਹ ਕਿਉਂ ਨੀ ਸਿੱਖਿਆ,
“ਦੇਖ ਪਰਾਈਆਂ, ਚੰਗੀਆਂ, ਧੀਆਂ, ਭੈਣਾਂ, ਮਾਵਾਂ ਜਾਣੀ"
ਤੂੰ ਮੇਰੇ ਬਿਨਾ ਅਧੂਰਾ ਤੇ ਲਵਾਰਿਸ ਏ।
ਸਿੱਖਿਆ, ਵਿਗਿਆਨ ਅਤੇ ਖੇਡਾਂ ਤੱਕ,
ਅੰਦਾਜ਼ ਲਾ
ਮੈਂ ਹੁਣ ਦਾਸੀ ਅਬਲਾ ਨਹੀਂ ਰਹੀ,
ਹੁਣ ਬਾਬਲ ਦੀ ਪੱਗ ਆਪਣੇ ਸਿਰ ’ਤੇ ਰੱਖ ਕੇ
ਆਕਾਸ਼ ’ਚ ਉਡਦੀ, ਸਮੁੰਦਰ ’ਚ ਤਰਦੀ ਹਾਂ।
ਵੀਹ ਹਜ਼ਾਰ ਸਾਲ ਹੋ ਗਏ, ਸੱਭਿਅਤਾ ਨੂੰ ਬਣਿਆਂ
ਪਰ ਅਜੇ ਵੀ ਇਕੱਲੀ ਔਰਤ ਤੱਕ ਕੇ,
ਖਾਣ ਨੂੰ ਪੈਂਦਾ ਏ ਆਦਮੀ,ਭੁੱਖੇ ਦਾ ਭੁੱਖਾ"।
ਹੁਣ ਮੈਂ ਨੈਤਿਕ ਨਾਬਰੀ ਦਾ ਸਬਕ ਸਿੱਖ ਗਈ ਹਾਂ,
ਮੈਂ ਤੇਰੇ ਤੋਂ ਅੱਗੇ ਨਿਕਲ ਗਈ।
ਹੁਣ ਮੈਂ ਆਰਥਿਕ, ਮਾਨਸਿਕ ਅਤੇ
ਸਮਾਜਿਕ ਗੁਲਾਮੀ ਉਖਾੜ ਸੁੱਟੀ ਏ।
ਸੋਚਾਂ ਸੋਚੀ ਜਾ,
ਹੁਣ ਤਾਂ ਤੇਰੇ ਬਰਾਬਰ ਪੈਰ ਧਰਦੀ ਹਾਂ।
ਐ ਮਰਦ...
ਡਰ ਦੇ ਅੱਗੇ ਜਿੱਤ ਹੁੰਦੀ ਏ,
ਤੇਰੇ ਨੋਚਣ ਦੇ ਡਰ ਨੇ ਮੈਨੂੰ
ਜਿੱਤਣ ਦਾ ਹੌਂਸਲਾ ਦਿੱਤਾ ਏ।
ਮੈਂ ਜਿੱਤ ਗਈ ਹਾਂ,
ਜ਼ੰਜੀਰਾਂ ਤੋੜ ਦਿੱਤੀਆਂ ਹਨ,
ਮੈਂ ਉੱਡਦੀ ਵੀ ਹਾਂ, ਤੈਰਦੀ ਵੀ ਹਾਂ,
ਵਿਸ਼ਵ ਚੈਂਪੀਅਨ ਵੀ ਬਣ ਗਈ ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































