“ਅਕਬਰ ਦੇ ਸਮੇਂ ਦੁੱਲੇ ਦਾ ਬਾਪ ਅਤੇ ਦਾਦਾ ਵੀ ਅਕਬਰ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਰਹੇ ਸਨ ...”
(13 ਜਨਵਰੀ 2026)
ਪੰਜਾਬੀ ਆਪਣੇ ਸੁਭਾਅ ਅਨੁਸਾਰ ਸੋਚ ਕੇ ਉਸ ਕੰਮ ਨੂੰ ਆਪਣੀ ਆਦਤ ਮੁਤਾਬਿਕ ਨੇਪਰੇ ਚਾੜ੍ਹਦੇ ਹਨ, ਜਿਸ ਨੂੰ ਠਾਣ ਲੈਣ। ਇਸੇ ਕਰਕੇ ਪੰਜਾਬੀਆਂ ਨੂੰ ਨਾਬਰ ਮੰਨਿਆ ਜਾਂਦਾ ਹੈ। “ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ” ਦਾ ਆਗਾਜ਼ ਵੀ ਇਸੇ ਕਰਕੇ ਹੋਇਆ ਹੈ। ਇਸੇ ਪ੍ਰਸੰਗ ਵਿੱਚ ਨੈਤਿਕ ਨਾਬਰੀ ਦੀ ਤਾਸੀਰ ਦੇ ਮਾਲਕ ਦੁੱਲਾ ਭੱਟੀ ਦੀ ਗੱਲ ਕਰਦੇ ਹਾਂ। ਦੁੱਲਾ ਪੁਰਾਤਨ ਪੰਜਾਬ ਦਾ ਪ੍ਰਸਿੱਧ ਰਾਜਪੂਤ ਨਾਇਕ ਸੀ ਜਿਸਨੇ ਅਕਬਰ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ। ਇਸਦੀ ਮਾਂ ਦਾ ਨਾਂ ਲੱਧੀ ਅਤੇ ਪਿਓ ਦਾ ਨਾਂ ਫਰੀਦ ਸੀ। ਅਕਬਰ ਦੇ ਸਮੇਂ ਦੁੱਲੇ ਦਾ ਬਾਪ ਅਤੇ ਦਾਦਾ ਵੀ ਅਕਬਰ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਰਹੇ ਸਨ। ਜਦੋਂ ਦੁੱਲਾ ਮਾਂ ਦੇ ਗਰਭ ਵਿੱਚ ਸੀ, ਤਾਂ ਅਕਬਰ ਦੇ ਲਗਾਨ ਦੇ ਖਿਲਾਫ ਆਵਾਜ਼ ਬੁਲੰਦ ਕਰਨ ਕਰਕੇ ਮੁਗਲ ਫੌਜਾਂ ਨੇ ਦੁੱਲੇ ਦੇ ਪਿਓ ਅਤੇ ਦਾਦੇ ਦੇ ਸਿਰ ਕਲਮ ਕਰਕੇ ਉਨ੍ਹਾਂ ਦੇ ਸਿਰਾਂ ਵਿੱਚ ਘਾਹ-ਫੂਸ ਭਰ ਕੇ ਲਾਹੌਰ ਵਿੱਚ ਟੰਗ ਦਿੱਤੇ ਸਨ। ਇਨ੍ਹਾਂ ਦੀ ਮੌਤ ਤੋਂ ਚਾਰ ਮਹੀਨੇ ਬਾਅਦ ਲੱਧੀ ਦੀ ਕੁੱਖੋਂ ਦੁੱਲੇ ਭੱਟੀ ਨੇ ਰਾਵੀ ਅਤੇ ਬਿਆਸ ਦਰਿਆ ਦੇ ਵਿਚਕਾਰ ਸਾਂਦਲ ਬਾਰ ਵਿੱਚ 1547 ਨੂੰ ਜਨਮ ਲਿਆ। ਇੱਕ ਦੰਦ ਕਥਾ ਵੀ ਹੈ ਕਿ ਜੋ ਘਰ ਵਿੱਚ ਸੁਣਿਆ ਜਾਂਦਾ ਹੈ, ਉਸੇ ਤਰ੍ਹਾਂ ਦੇ ਵਿਚਾਰਾਂ ਦਾ ਜਨਮ ਲੈਣ ਵਾਲਾ ਵੀ ਹੁੰਦਾ ਹੈ। ਦੁੱਲੇ ਨੇ ਗਰਭ ਵਿੱਚ ਬੀਰਤਾ ਵਾਲੀਆਂ ਗੱਲਾਂ ਹੀ ਸੁਣੀਆਂ ਸਨ।
ਇਸੇ ਸਮੇਂ ਦੌਰਾਨ ਅਕਬਰ ਦੇ ਘਰ ਪੁੱਤਰ ਪੈਦਾ ਹੋਇਆ, ਜਿਸਦਾ ਨਾਮ ਸ਼ੇਖੂ ਰੱਖਿਆ ਗਿਆ ਸੀ। ਉਸਨੇ ਮਜੂਮੀਆਂ ਨੂੰ ਪੁੱਛਿਆ ਕਿ ਕੋਈ ਉਪਾ ਦੱਸੋ ਜਿਸ ਨਾਲ ਮੇਰਾ ਸ਼ੇਖੂ ਪੁੱਤਰ ਬਲਵਾਨ ਅਤੇ ਬੀਰਤਾ ਭਰਪੂਰ ਹੋਵੇ। ਅਕਬਰ ਨੂੰ ਦੱਸਿਆ ਗਿਆ ਕਿ ਕਿਸੇ ਰਾਜਪੂਤ ਔਰਤ ਦਾ ਦੁੱਧ ਸ਼ੇਖੂ ਨੂੰ ਚੁੰਘਾਇਆ ਜਾਵੇ? ਔਰਤ ਉਹੀ ਹੋਵੇ ਜਿਸਨੇ ਸ਼ੇਖੂ ਦੇ ਸਮੇਂ ਹੀ ਪੁੱਤਰ ਨੂੰ ਜਨਮ ਦਿੱਤਾ ਹੋਵੇ। ਸਾਰੇ ਪਾਸੇ ਖੰਗਾਲੇ ਗਏ। ਨਿਗਾਹ ਮਾਰੀ ਗਈ ਤਾਂ ਦੁੱਲਾ ਹੀ ਸ਼ੇਖੂ ਦਾ ਸਮਕਾਲੀ ਸੀ। ਲੱਧੀ ਨੂੰ ਸ਼ੇਖੂ ਨੂੰ ਦੁੱਧ ਪਿਲਾਉਣ ਲਈ ਕਿਹਾ ਗਿਆ। ਉਹ ਰਾਜ਼ੀ ਹੋ ਗਈ। ਦੋਵੇਂ ਇਕੱਠੇ ਦੁੱਧ ਚੁੰਘਣ ਲੱਗੇ। ਇੱਕ ਦਿਨ ਅਕਬਰ ਨੇ ਦੁੱਲੇ ਅਤੇ ਸ਼ੇਖੂ ਦੀ ਪ੍ਰੀਖਿਆ ਲੈਣ ਦੀ ਠਾਣ ਲਈ। ਬੀਰਤਾ ਭਰੀ ਪ੍ਰੀਖਿਆ ਵਿੱਚ ਦੁੱਲੇ ਨੇ ਸ਼ੇਖੂ ਨੂੰ ਮਾਤ ਦੇ ਦਿੱਤੀ। ਅਕਬਰ ਨੇ ਸੋਚਿਆ ਕਿ ਲੱਧੀ ਨੇ ਮੇਰੇ ਪੁੱਤ ਨੂੰ ਦੁੱਧ ਚੁੰਘਾਉਣ ਵਿੱਚ ਵਿਤਕਰਾ ਕੀਤਾ ਹੈ। ਦੁੱਲੇ ਨੂੰ ਕਾਜ਼ੀ ਕੋਲ ਪੜ੍ਹਨੇ ਪਾ ਦਿੱਤਾ। ਇੱਕ ਦਿਨ ਆਪਣੇ ਸੁਭਾਅ ਮੁਤਾਬਿਕ ਦੁੱਲਾ ਕਾਜੀ ਨੂੰ ਕੁੱਟ ਕੇ ਘਰ ਆ ਗਿਆ।
ਦੁੱਲੇ ਨੇ ਜਵਾਨੀ ਵਿੱਚ ਪੈਰ ਧਰਿਆ ਤਾਂ ਸਰੂ ਵਰਗਾ ਸਰੀਰ ਨਿਕਲਿਆ। ਉਹ ਗਲੇਲ ਨਾਲ ਤੀਵੀਆਂ ਦੇ ਪਾਣੀ ਭਰੇ ਘੜੇ ਫੁੰਡਣ ਲੱਗਾ। ਔਰਤਾਂ ਦੁਖੀ ਹੋ ਗਈਆਂ। ਆਖਰ ਇੱਕ ਭੜਕੀ ਔਰਤ ਨੇ ਉਸਦੇ ਬਾਪ ਦਾਦੇ ਦਾ ਤਾਅਨਾ ਮਾਰ ਦਿੱਤਾ। ਦੁੱਲੇ ਦੇ ਸਰੀਰ ਵਿੱਚ ਕਰੰਟ ਆ ਗਿਆ। ਨੰਦੀ ਮਹਿਰੀ ਔਰਤ ਨੇ ਦੁੱਲੇ ਨੂੰ ਮਿਹਣਾ ਮਾਰਿਆ:
ਬੋਲੀ ਮਾਰ ਕੇ ਨੰਦੀ ਫਨਾਹ ਕਰਦੀ,
ਸੀਨਾ ਦੁੱਲੇ ਦਾ ਚਾਕ ਹੋ ਜਾਂਵਦਾ ਜੇ,
ਬਾਪ ਦਾਦਾ ਇਹਦਾ ਤੇ ਸੂਰਮਾ ਏ,
ਕਾਹਨੂੰ ਨਿੱਤ ਗਰੀਬ ਦੁਖਾਂਵਦਾ ਜੇ,
ਇੱਥੇ ਜ਼ੋਰ ਦਿਖਾਵਦਾ ਔਰਤਾਂ ਨੂੰ,
ਤੈਨੂੰ ਰੱਤੀ ਹਯਾ ਨਾ ਆਪਣਾ ਜੇ,
ਤੇਰੇ ਬਾਪੂ ਦਾਦਾ ਦੀਆਂ ਸ਼ਾਹ ਅਕਬਰ,
ਖੱਲਾਂ ਪੁੱਠੀਆਂ ਲੁਹਾਂਵਦਾ ਜੇ,
ਅੱਜ ਤੀਕਰ ਲਾਹੌਰ ਵਿੱਚ ਲਟਕ ਰਹੀਆਂ,
ਉੱਥੇ ਜ਼ੋਰ ਨਾ ਕਾਸ ਨੂੰ ਜਾਵਦਾ ਜੇ।
ਬੱਸ ਫਿਰ ਕੀ ਸੀ? ਦੁੱਲੇ ਨੇ ਆ ਕੇ ਲੱਧੀ ਨੂੰ ਪੁੱਛਿਆ। ਉਸਨੇ ਸਾਰਾ ਕਿੱਸਾ ਦੁੱਲੇ ਨੂੰ ਸੁਣਾ ਦਿੱਤਾ। ਦੁੱਲੇ ਵਿੱਚ ਬਦਲੇ ਦੀ ਭਾਵਨਾ ਪੈਦਾ ਹੋ ਗਈ। ਨਿੱਤ ਦਿਨ ਉਸਦੀ ਬਹਾਦਰੀ ਦੇ ਕਿੱਸੇ ਦਿਸਣ ਲੱਗੇ। ਉਹ ਅਮੀਰਾਂ ਤੋਂ ਧਨ ਲੁੱਟ ਕੇ ਗਰੀਬਾਂ ਨੂੰ ਵੰਡਣ ਲੱਗਾ।
ਲੋਹੜੀ ਨਾਲ ਦੁੱਲੇ ਦਾ ਖਾਸ ਸੰਬੰਧ ਹੈ। ਇੱਕ ਗਰੀਬ ਬ੍ਰਾਹਮਣ ਦੇ ਦੋ ਕੁੜੀਆਂ ਸੁੰਦਰੀ ਅਤੇ ਮੁੰਦਰੀ ਹੋਈਆਂ ਹਨ। ਧੀਆਂ ਦੀ ਇੱਜ਼ਤ ਕਰਕੇ ਬਾਪ ਦੁੱਲੇ ਕੋਲ ਗਿਆ। ਦੁੱਲੇ ਨੇ ਵਿਆਹ ਕਰਨ ਦੀ ਹਾਮੀ ਭਰ ਦਿੱਤੀ। ਹਾਕਮ ਤੋਂ ਡਰਦੇ ਹੋਏ ਰਾਤ ਨੂੰ ਵਿਆਹ ਕਰ ਦਿੱਤਾ ਗਿਆ। ਇਸ ਸਮੇਂ ਅੱਗ ਬਾਲ ਕੇ ਰੋਸ਼ਨੀ ਕੀਤੀ ਗਈ। ਦੁੱਲੇ ਨੇ ਆਲੇ ਦੁਆਲੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ, ਜਿਸ ਵਿੱਚ ਘਿਓ, ਗੁੜ, ਸ਼ੱਕਰ ਸਨ। ਆਖਰ ਧੀਆਂ ਦਾ ਡੋਲਾ ਤੋਰ ਦਿੱਤਾ ਗਿਆ। ਬ੍ਰਾਹਮਣ ਨੇ ਦੁੱਲੇ ਦਾ ਧੰਨਵਾਦ ਕੀਤਾ। ਉਦੋਂ ਤੋਂ ਹੀ ਲੋਹੜੀ ਦਾ ਰਿਵਾਜ਼ ਪੈ ਗਿਆ। ਇੱਥੇ ਹੀ ਇੱਕ ਲੋਕ ਗੀਤ ਲੋਹੜੀ ਲਈ ਘੜਿਆ ਗਿਆ,
ਸੁੰਦਰ ਮੁੰਦਰੀ ਹੋ,
ਤੇਰਾ ਕੌਣ ਵਿਚਾਰਾ ਹੋ,
ਦੁਲਾ ਭੱਟੀ ਵਾਲਾ ਹੋ,
ਦੁਲੇ ਨੇ ਧੀ ਵਿਆਹੀ ਹੋ,
ਸ਼ੇਰ ਸ਼ੱਕਰ ਪਾਈ ਹੋ,
ਕੁੜੀ ਦਾ ਲਾਲ ਪਟਾਕਾ ਹੋ,
ਕੁੜੀ ਦਾ ਸਾਲੂ ਪਾਟਾ ਹੋ,
ਸਾਲੂ ਕੌਣ ਸਮੇਟੇ ਹੋ,
ਚਾਚਾ ਗਾਲੀ ਦੇਸੇ
ਚਾਚੇ ਚੂਰੀ ਕੁੱਟੀ,
ਜਿਮੀਦਾਰਾਂ ਲੁੱਟੀ,
ਜਿਮੀਦਾਰ ਸੁਧਾਏ,
ਗਿਣ ਗਿਣ ਪਉਲੇ ਪਾਏ,
ਇੱਕ ਪੋਲਾ ਰਹਿ ਗਿਆ,
ਸਿਪਾਹੀ ਫੜ ਕੇ ਲੈ ਗਿਆ,
ਸਿਪਾਹੀ ਨੇ ਮਾਰੀ ਇੱਟ,
ਭਾਵੇਂ ਰੋ ਤੇ ਭਾਵੇਂ ਪਿੱਟ
ਸਾਨੂੰ ਦੇ ਦੇ ਲੋਹੜੀ,
ਤੇਰੀ ਜੀਵੇ ਜੋੜੀ
ਮੁਗਲਾਂ ਨੇ ਧੋਖੇ ਨਾਲ 1599 ਵਿੱਚ ਦੁੱਲੇ ਨੂੰ ਸ਼ਹੀਦ ਕਰ ਦਿੱਤਾ। ਉਸਦੀ ਕਬਰ ਲਾਹੌਰ ਦੇ ਮਿਆਣੀ ਸਾਹਿਬ ਕਬਰਸਤਾਨ ਵਿੱਚ ਬਣੀ ਹੋਈ ਹੈ। ਪੰਜਾਬ ਵੰਡਿਆ ਗਿਆ, ਪਰ ਦੁੱਲਾ ਭੱਟੀ ਅੱਜ ਤਕ ਵੰਡਿਆ ਨਹੀਂ ਗਿਆ। ਦੁਲਾ ਭੱਟੀ ਅਮਰ ਹੋ ਕੇ ਪੰਜਾਬ ਦੀ ਨੈਤਿਕ ਨਾਬਰੀ ਨੂੰ ਚਿਰੰਜੀਵ ਕਰ ਗਿਆ। ਉਸਦੀ ਅਣਖ ਦੀ ਖੁਸ਼ਬੂ ਅੱਜ ਵੀ ਪੰਜਾਬ ਦੇ ਬੂਹੇ ’ਤੇ ਦਸਤਕ ਦਿੰਦੀ ਹੈ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































