JatinderPannu7ਹੱਦ ਤਾਂ ਉਦੋਂ ਹੋ ਗਈਜਦੋਂ ਰਵਨੀਤ ਬਿੱਟੂ ਲਈ ਰਾਹੁਲ ਗਾਂਧੀ ਵੱਲੋਂ ਕਹੇ ਗਏ ਸ਼ਬਦ ਨੂੰ ...
(13 ਫਰਵਰੀ 2026)


ਭਾਰਤ ਦੀ ਪਾਰਲੀਮੈਂਟ ਦਾ ਇੱਕ ਹੋਰ ਹਫਤਾ ਬਿਨਾਂ ਕੋਈ ਖਾਸ ਕੰਮ ਕੀਤੇ ਤੋਂ ਰੌਲੇ-ਰੱਪੇ ਵਿੱਚ ਲੰਘ ਗਿਆ ਤੇ ਲੋਕਾਂ ਦੇ ਮੁੱਦਿਆਂ ਦੀ ਬਜਾਏ ਇਹੋ ਜਿਹੀਆਂ ਗੱਲਾਂ ਉੱਤੇ ਸਿਆਸਤ ਕੇਂਦਰਤ ਹੋਈ ਰਹੀ
, ਜਿਹੜੀਆਂ ਆਮ ਆਦਮੀ ਦੀ ਜ਼ਿੰਦਗੀ ਸੁਆਰਨ ਵਾਲੀਆਂ ਨਹੀਂ, ਸਿਰਫ ਸਿਆਸੀ ਭੇੜ ਜਿਹਾ ਹੁੰਦੀਆਂ ਹਨਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਕ ਹਰ ਵੱਡੇ ਆਗੂ ਨੇ ਚਸਕੇ ਅਤੇ ਚਟਕਾਰੇ ਲੈਣ ਅਤੇ ਆਪਣੇ-ਆਪਣੇ ਵਿਰੋਧੀਆਂ ਨੂੰ ਭੰਡਣ ਲਈ ਚੋਣਵੇਂ ਟੋਟਕਿਆਂ ਦੀ ਵਰਤੋਂ ਕੀਤੀਸ਼ਾਇਦ ਉਨ੍ਹਾਂ ਕੋਲ ਇਹੋ ਜਿਹੇ ਮਾਹਰ ਹੋਣ, ਜਿਨ੍ਹਾਂ ਦੀ ਜ਼ਿੰਮੇਵਾਰੀ ਕੋਈ ਸਾਰਥਿਕ ਕੰਮ ਕਰਨ ਦੀ ਬਜਾਏ ਚਸਕੇਬਾਜ਼ੀ ਦਾ ਮਸਾਲਾ ਲੱਭਣ ਅਤੇ ਆਪਣੇ ਆਗੂ ਤਕ ਪਹੁੰਚਾਉਣ ਦੀ ਲੱਗੀ ਹੋਈ ਹੋਵੇਗੀਨਿੱਜੀ ਪੱਧਰ ਦੀਆਂ ਘਟੀਆ ਗੱਲਾਂ ਆਮ ਜ਼ਿੰਦਗੀ ਵਿੱਚ ਵੀ ਕੋਈ ਕਰੇ ਤਾਂ ਸਾਊ ਲੋਕ ਕਹਿੰਦੇ ਹਨ ਕਿ ਕੁਝ ਨਾ ਕੁਝ ਹੱਦ ਚਾਹੀਦੀ ਹੈ, ਪਰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਅਖਵਾਉਣ ਵਾਲੇ ਭਾਰਤ ਦੀ ਸਰਬ ਉੱਚ ਲੋਕਤੰਤਰੀ ਸੰਸਥਾ ਹੀ ਮਰਯਾਦਾ ਦੀਆਂ ਸਭ ਹੱਦਾਂ ਪਾਰ ਕਰਦੀ ਵੇਖੀ ਗਈਦੋਵੇਂ ਪੱਖਾਂ ਵੱਲੋਂ ਇੱਕ-ਦੂਸਰੇ ਦੇ ਨਿੱਜ ਬਾਰੇ ਘਟੀਆ ਸ਼ਬਦ ਇਹੋ ਜਿਹੇ ਵਰਤੇ ਗਏ, ਜਿਹੜੇ ਇਨ੍ਹਾਂ ਲੀਡਰਾਂ ਤਕ ਨਹੀਂ, ਚਿਰੋਕਣੇ ਪਹਿਲਾਂ ਦੁਨੀਆ ਛੱਡ ਚੁੱਕੇ ਆਗੂਆਂ ਦੀ ਵੀ ਖੇਹ ਉਡਾਉਣ ਵਾਲੇ ਸਨਇਸ ਮਾਰ ਦੇ ਅਸਰ ਤੋਂ ਅੱਜ ਵਾਲੇ ਵੀ ਬਚੇ ਨਹੀਂ ਰਹੇ ਅਤੇ ਵਿਰੋਧੀ ਧਿਰ ਦੇ ਆਗੂ ਅਤੇ ਪ੍ਰਧਾਨ ਮੰਤਰੀ, ਦੋਵਾਂ ਨੂੰ ਲੋਕ ਸਭਾ ਵਿੱਚ ਬੋਲ ਨਾ ਸਕਣ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ

ਇਸ ਵਾਰੀ ਹੁੰਦੇ ਰਹੇ ਹੰਗਾਮਿਆਂ ਦੌਰਾਨ ਇੱਕ ਵਾਰੀ ‘ਗੱਦਾਰ’ ਸ਼ਬਦ ਦੀ ਵਰਤੋਂ ਵੀ ਰਾਜਨੀਤਕ ਖਹਿਬਾਜ਼ੀ ਦਾ ਕੇਂਦਰੀ ਮੁੱਦਾ ਬਣ ਗਈ ਅਤੇ ਇਸਦਾ ਅਸਰ ਪੰਜਾਬ ਦੇ ਸਮਾਜ ਅਤੇ ਸਿਆਅਤ ਤਕ ਵੀ ਪਿਆਕਾਂਗਰਸ ਪਾਰਟੀ ਨਾਲ ਸੰਬੰਧਤ ਪਰਿਵਾਰ ਵਿੱਚ ਜੰਮਿਆ-ਪਲਿਆ ਅਤੇ ਪਾਰਲੀਮੈਂਟ ਦੀਆਂ ਦਹਿਲੀਜ਼ਾਂ ਟੱਪਣ ਜੋਗਾ ਹੋਇਆ ਰਵਨੀਤ ਸਿੰਘ ਬਿੱਟੂ ਕੋਲੋਂ ਲੰਘਦਾ ਦੇਖ ਕੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਉਸ ਨੂੰ ‘ਗਦਾਰ’ ਕਹਿ ਦਿੱਤਾਰਵਨੀਤ ਸਿੰਘ ਬਿੱਟੂ ਨੇ ਜਵਾਬ ਵਿੱਚ ਉਸ ਬਾਰੇ ‘ਦੇਸ਼ ਦਾ ਦੁਸ਼ਮਣ’ ਅਤੇ ਇਹੋ ਜਿਹੇ ਕਈ ਹੋਰ ਸ਼ਬਦਾਂ ਦੀ ਵਰਤੋਂ ਕਰ ਲਈਲੰਮਾ ਸਮਾਂ ਇਹ ਦੋਵੇਂ ਜਣੇ ਕਾਂਗਰਸ ਦੇ ਪਹਿਲੀ ਕਤਾਰ ਦੇ ਆਗੂ ਵਜੋਂ ਕਈ ਹੋਰ ਆਗੂਆਂ ਦੀ ਅੱਖ ਵਿੱਚ ਰੜਕਦੇ ਰਹੇ ਸਨ ਅਤੇ ਇਸ ਹਫਤੇ ਇੱਕ-ਦੂਸਰੇ ਲਈ ਇੰਨੇ ਘਟੀਆ ਪੱਧਰ ਦੇ ਸ਼ਬਦਾਂ ਦੀ ਵਰਤੋਂ ਕਰਨ ਨਾਲ ਮੀਡੀਏ ਦੀਆਂ ਸੁਰਖੀਆਂ ਵਿੱਚ ਆ ਗਏਬਾਅਦ ਵਿੱਚ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਸਦੇ ਦਾਦੇ ਨੇ ਦੇਸ਼ ਲਈ ਕੁਰਬਾਨੀ ਦਿੱਤੀ ਹੋਈ ਹੈਜਵਾਬ ਵਿੱਚ ਇੱਕ ਕਾਂਗਰਸੀ ਆਗੂ ਨੇ ਕਹਿ ਦਿੱਤਾ ਕਿ ਜਿੱਦਾਂ ਦੀ ਕੁਰਬਾਨੀ ਬਿੱਟੂ ਦੇ ਦਾਦੇ ਬੇਅੰਤ ਸਿੰਘ ਨੇ ਦਿੱਤੀ ਸੀ, ਓਦਾਂ ਦੀਆਂ ਕੁਰਬਾਨੀਆਂ ਰਾਹਲੁ ਗਾਂਧੀ ਦੇ ਬਾਪ ਰਾਜੀਵ ਗਾਂਧੀ ਅਤੇ ਦਾਦੀ ਇੰਦਰਾ ਗਾਂਧੀ ਨੇ ਇੱਕ ਨਹੀਂ, ਦੋ ਦਿੱਤੀਆਂ ਹੋਈਆਂ ਹਨਇਸ ਤੋਂ ਬਾਅਦ ਦੀ ਬਹਿਸ ਵਿੱਚ ਜੋ ਕੁਝ ਆਖਿਆ-ਸੁਣਿਆ ਗਿਆ, ਉਸਦਾ ਜ਼ਿਕਰ ਕਰਨਾ ਵੀ ਔਖਾ ਹੈਦੋਵਾਂ ਆਗੂਆਂ ਨੂੰ ਪਿਛਲੀ ਸਾਂਝ ਟੁੱਟਣ ਮਗਰੋਂ ਥੋੜ੍ਹੀ-ਬਹੁਤ ਹੱਦ ਰੱਖਣੀ ਚਾਹੀਦੀ ਸੀ, ਪਰ ਉਹ ਰੱਖ ਨਹੀਂ ਸਕੇ

ਹੱਦ ਤਾਂ ਉਦੋਂ ਹੋ ਗਈ, ਜਦੋਂ ਰਵਨੀਤ ਬਿੱਟੂ ਲਈ ਰਾਹੁਲ ਗਾਂਧੀ ਵੱਲੋਂ ਕਹੇ ਗਏ ਸ਼ਬਦ ਨੂੰ ਪ੍ਰਧਾਨ ਮੰਤਰੀ ਅਤੇ ਉਸਦੀ ਪਾਰਟੀ ਨੇ ਸਾਰੇ ਸਿੱਖਾਂ ਦੀ ਸ਼ਾਨ ਦੇ ਖਿਲਾਫ ਦੱਸਿਆ ਅਤੇ ਇਸ ਨੂੰ ਸਿੱਖੀ ਦਾ ਮੁੱਦਾ ਬਣਾਉਣ ਤੁਰ ਪਏਇਹ ਕੁਝ ਕਰਨ ਵਿੱਚ ਪਹਿਲ ਭਾਜਪਾ ਨੇ ਕੀਤੀ, ਫਿਰ ਇਹੋ ਮੁੱਦਾ ਕੁਝ ਥਾਂਈਂ ਅਕਾਲੀ ਆਗੂਆਂ ਨੇ ਵਰਤਣ ਅਤੇ ਇਸ ਨਾਲ ਮੁੜ ਕੇ ਭਾਜਪਾ ਹਾਈ ਕਮਾਂਡ ਨੇੜੇ ਲੱਗਣ ਦੇ ਯਤਨ ਵਿੱਢ ਲਏਇਸ ਤਰ੍ਹਾਂ ਕਰਨ ਵੇਲੇ ਇਹ ਸਾਰੇ ਲੋਕ ਇਤਿਹਾਸ ਦੇ ਕਈ ਕਾਂਡ ਭੁੱਲ ਗਏ ਅਤੇ ਬੀਤੇ ਸਮਿਆਂ ਦੀਆਂ ਗਲਤੀਆਂ ਨਾਲ ਪੰਜਾਬ ਦੇ ਲੋਕਾਂ ਨੂੰ ਜਿਹੜਾ ਨੁਕਸਾਨ ਭੁਗਤਣਾ ਪਿਆ ਸੀ, ਉਹਨੂੰ ਚੇਤੇ ਰੱਖਣ ਦੀ ਵੀ ਕਿਸੇ ਨੇ ਲੋੜ ਨਹੀਂ ਸਮਝੀਇਹ ਰਾਜਨੀਤੀ ਦਾ ਇੱਕ ਦੁਖਾਂਤਕ ਪੱਖ ਸੀ

ਬਹਿਸ ਦਾ ਦੂਸਰਾ ਮੁੱਦਾ ਗਲਵਾਨ ਘਾਟੀ ਵਿੱਚ ਚੀਨੀ ਫੌਜ ਨਾਲ ਭਾਰਤੀ ਫੌਜਾਂ ਦੀ ਕੁਝ ਸਾਲ ਪਹਿਲਾਂ ਦੀ ਟੱਕਰ ਦਾ ਸੀ, ਜਿਸ ਬਾਰੇ ਉਸ ਵੇਲੇ ਦੇ ਭਾਰਤੀ ਫੌਜ ਦੇ ਮੁਖੀ ਨੇ ਆਪਣੀ ਕਿਤਾਬ ਵਿੱਚ ਕੁਝ ਲਿਖਿਆ ਹੈ ਅਤੇ ਵਿਰੋਧੀ ਧਿਰ ਚਾਹੁੰਦੀ ਹੈ ਕਿ ਉਸਦੀ ਚਰਚਾ ਕੀਤੀ ਜਾਵੇ, ਕਿਉਂਕਿ ਉਸ ਵਿੱਚ ਸਰਕਾਰ ਬਾਰੇ ਟਿੱਪਣੀਆਂ ਹਨਸਰਕਾਰ ਦਾ ਕਹਿਣਾ ਸੀ ਕਿ ਅਜੇ ਕਿਤਾਬ ਹੀ ਨਹੀਂ ਛਪੀ ਤਾਂ ਇਸਦੀ ਚਰਚਾ ਕਿੱਦਾਂ ਹੋ ਸਕਦੀ ਹੈ! ਅਗਲੇ ਦਿਨ ਉਹ ਕਿਤਾਬ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕੱਢ ਲਿਆਂਦੀ ਅਤੇ ਆਖਿਆ ਕਿ ਕਿਤਾਬ ਛਪ ਚੁੱਕੀ ਹੈ, ਪਰ ਭਾਰਤ ਸਰਕਾਰ ਨੇ ਇਸ ਦੇਸ਼ ਵਿੱਚ ਇਹ ਛਪਣ ਪਿੱਛੋਂ ਜਾਰੀ ਨਹੀਂ ਹੋਣ ਦਿੱਤੀਕਿਤਾਬ ਲੋਕਾਂ ਮੋਹਰੇ ਆਈ ਤਾਂ ਭਾਜਪਾ ਨਾਲ ਸੰਬੰਧਤ ਇੱਕ ਕੇਂਦਰੀ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਇੱਕ ਵਿਦੇਸ਼ੀ ਔਰਤ ਵਿਚਾਲੇ ਸੰਬੰਧਾਂ ਦੀ ਕਹਾਣੀ ਪਾਉਂਦੀ ਇੱਕ ਪੁਰਾਣੀ ਕਿਤਾਬ ਕੱਢ ਲਿਆਂਦੀ, ਜਿਸਦੀ ਚਰਚਾ ਬਹੁਤ ਵਾਰੀ ਹੋ ਚੁੱਕੀ ਹੈਜਵਾਹਰ ਲਾਲ ਨਹਿਰੂ ਇਸ ਵਕਤ ਦੁਨੀਆ ਵਿੱਚ ਨਾ ਹੋਣ ਕਾਰਨ ਜਵਾਬ ਨਹੀਂ ਦੇ ਸਕਦੇ ਅਤੇ ਉਹ ਕਿਤਾਬ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਕਿਸੇ ਨੇ ਲਿਖੀ ਸੀਰਾਹੁਲ ਗਾਂਧੀ ਵੱਲੋਂ ਉੱਠਾਏ ਗਏ ਮੁੱਦੇ ਦਾ ਅਜੋਕੇ ਆਗੂਆਂ ਨਾਲ ਸੰਬੰਧ ਹੋਣ ਕਾਰਨ ਹਾਲਾਤ ਹੋਰ ਭੜਕਾਊ ਹੋ ਗਏ ਅਤੇ ਫਿਰ ਉਹ ਕੁਝ ਹੋ ਗਿਆ, ਜੋ ਨਾ ਹੁੰਦਾ ਤਾਂ ਚੰਗਾ ਹੁੰਦਾਰਾਸ਼ਟਰਪਤੀ ਦੇ ਭਾਸ਼ਣ ਉੱਤੇ ਧੰਨਵਾਦ ਦਾ ਮਤਾ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਬਗੈਰ ਪਾਸ ਕਰਨਾ ਪਿਆ ਅਤੇ ਬਾਈ ਸਾਲਾਂ ਪਿੱਛੋਂ ਇਹੋ ਜਿਹੀ ਨੌਬਤ ਆਈ ਹੈ

ਇਹ ਰਵਾਇਤ ਹੈ ਕਿ ਹਰ ਸਾਲ ਪਾਰਲੀਮੈਂਟ ਦੇ ਪਹਿਲੇ ਅਜਲਾਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰਪਤੀ ਵੱਲੋਂ ਭਾਸ਼ਣ ਕੀਤਾ ਜਾਂਦਾ ਹੈ ਅਤੇ ਜਿਸ ਸਾਲ ਲੋਕ ਸਭਾ ਚੋਣ ਹੋਈ ਹੋਵੇ, ਨਵੇਂ ਚੁਣੇ ਮੈਂਬਰਾਂ ਦੇ ਪਹਿਲੇ ਅਜਲਾਸ ਵਿੱਚ ਵੀ ਇਹ ਭਾਸ਼ਣ ਹੁੰਦਾ ਹੈ, ਪਰ ਭਾਸ਼ਣ ਰਾਸ਼ਟਰਪਤੀ ਲਈ ਮੌਕੇ ਦੀ ਸਰਕਾਰ ਤਿਆਰ ਕਰਦੀ ਹੈਇਸ ਭਾਸ਼ਣ ਵਿੱਚ ਵਕਤ ਦੀ ਸਰਕਾਰ ਆਪਣੀਆਂ ਨੀਤੀਆਂ, ਅਗਲੇ ਕੀਤੇ ਜਾਣ ਵਾਲੇ ਕੰਮਾਂ ਤੇ ਹੋਰ ਮਸਲਿਆਂ ਬਾਰੇ ਆਪਣੇ ਦੇਸ਼ ਦੇ ਲੋਕਾਂ ਲਈ ਇੱਕ ਬਾਕਾਇਦਾ ਐਲਾਨਨਾਮਾ ਪੇਸ਼ ਕਰਦੀ ਹੈ ਤੇ ਵਿਰੋਧੀ ਧਿਰ ਇਸਦੀ ਚੀਰ-ਪਾੜ ਕਰਦੀ ਹੈਜਦੋਂ ਸਾਰੀ ਬਹਿਸ ਹੋ ਚੁੱਕਦੀ ਹੈ, ਫਿਰ ਪ੍ਰਧਾਨ ਮੰਤਰੀ ਇਸ ਵਿੱਚ ਚੁੱਕੇ ਗਏ ਮੁੱਦਿਆਂ ਦਾ ਜਵਾਬ ਦਿੰਦੇ ਹਨ, ਪਾਰਲੀਮੈਂਟ ਨੂੰ ਇਹ ਭਾਸ਼ਣ ਪਾਸ ਕਰਨ ਦੀ ਬੇਨਤੀ ਕਰਦੇ ਹਨ ਅਤੇ ਸਰਬ ਸੰਮਤੀ ਨਾ ਹੋਵੇ ਤਾਂ ਬਹੁ-ਗਿਣਤੀ ਵੋਟਾਂ ਨਾਲ ਪਾਸ ਕੀਤਾ ਜਾਂਦਾ ਹੈਇਸ ਵਾਰੀ ਪ੍ਰਧਾਨ ਮੰਤਰੀ ਦੇ ਭਾਸ਼ਣ ਲਈ ਮਿਥੇ ਵਕਤ ਤੋਂ ਪਹਿਲਾਂ ਹਾਲਾਤ ਵਿੱਚ ਇੰਨੀ ਕੁੜੱਤਣ ਭਰ ਚੁੱਕੀ ਸੀ ਕਿ ਵਿਰੋਧੀ ਧਿਰ ਦੀਆਂ ਮੈਂਬਰ ਬੀਬੀਆਂ ਨੇ ਜਾ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਦੁਆਲੇ ਨਾਅਰਿਆਂ ਵਾਲੇ ਬੈਨਰ ਲਾ ਦਿੱਤੇ ਅਤੇ ਇਸ ਨਾਲ ਹਾਕਮ ਅਤੇ ਵਿਰੋਧੀ ਧਿਰ ਵਿੱਚ ਨੌਬਤ ਹੱਥੋ-ਪਾਈ ਤਕ ਜਾਂਦੀ ਮਸਾਂ ਬਚੀਨਤੀਜਾ ਫਿਰ ਇਹ ਹੋਇਆ ਕਿ ਸਪੀਕਰ ਨੂੰ ਹਾਊਸ ਉਠਾਉਣਾ ਪਿਆ ਅਤੇ ਜਿੱਦਾਂ ਬਾਈ ਸਾਲ ਪਹਿਲਾਂ ਰਾਸ਼ਟਰਪਤੀ ਦੇ ਭਾਸ਼ਣ ਉੱਤੇ ਬਹਿਸ ਸਮੇਟਣ ਲਈ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਬਿਨਾਂ ਮਤਾ ਪਾਸ ਕੀਤਾ ਗਿਆ ਸੀ, ਐਤਕੀਂ ਵੀ ਇੱਦਾਂ ਹੀ ਕਰਨਾ ਪੈ ਗਿਆ

ਉਂਜ ਰਾਸ਼ਟਰਪਤੀ ਦਾ ਭਾਸ਼ਣ ਅਤੇ ਇਸ ਨੂੰ ਪਾਸ ਕਰਨ ਦੀ ਰਵਾਇਤ ਵੀ ਹਾਸੋਹੀਣੀ ਹੈਨਰਸਿਮਹਾ ਰਾਉ ਦੇ ਕਾਂਗਰਸੀ ਰਾਜ ਮਗਰੋਂ ਜਦੋਂ ਕਿਸੇ ਦੀ ਬਹੁ-ਸੰਮਤੀ ਨਾ ਆਈ ਤਾਂ ਭਾਜਪਾ ਦੇ ਅਟਲ ਬਿਹਾਰੀ ਵਾਜਪਾਈ ਨੂੰ ਇਸ ਦੇਸ਼ ਦੀ ਵਾਗ ਸਾਂਭਣ ਦਾ ਮੌਕਾ ਮਿਲਿਆ ਸੀ ਉਸਦੀ ਸਰਕਾਰ ਨੇ ਭਾਸ਼ਣ ਆਪਣੀ ਰਾਜਨੀਤੀ ਮੁਤਾਬਿਕ ਤਿਆਰ ਕੀਤਾ ਅਤੇ ਰਾਸ਼ਟਰਪਤੀ ਵੱਲੋਂ ਪੜ੍ਹਨ ਦੀ ਕਾਰਵਾਈ ਕਰਵਾ ਦਿੱਤੀਇਸ ਪਿੱਛੋਂ ਵਾਜਪਾਈ ਸਰਕਾਰ ਨੇ ਹੋਰਨਾਂ ਕੰਮਾਂ ਤੋਂ ਪਹਿਲਾਂ ਆਪਣੀ ਬਹੁ-ਸੰਮਤੀ ਲਈ ਭਰੋਸੇ ਦਾ ਵੋਟ ਲੈਣਾ ਸੀ, ਪਰ ਇੰਨੀ ਹਿਮਾਇਤ ਨਹੀਂ ਜੁੜ ਸਕੀ ਸੀ ਅਤੇ ਸਰਕਾਰ ਸਿਰਫ ਤੇਰ੍ਹਾਂ ਦਿਨਾਂ ਪਿੱਛੋਂ ਟੁੱਟ ਗਈ ਸੀਫਿਰ ਜਨਤਾ ਦਲ ਦੇ ਆਗੂ ਐੱਚ ਡੀ ਦੇਵਗੌੜਾ ਨੂੰ ਅੱਗੇ ਲਾ ਕੇ ਕਈ ਧਿਰਾਂ ਦੀ ਸਾਂਝੀ ਸਰਕਾਰ ਬਣਾਈ ਗਈ, ਜਿਸ ਨੂੰ ਕਾਂਗਰਸ ਬਾਹਰੋਂ ਹਿਮਾਇਤ ਦੇ ਰਹੀ ਸੀਉਸਨੇ ਭਰੋਸੇ ਦਾ ਵੋਟ ਲਿਆ ਤੇ ਫਿਰ ਰਾਸ਼ਟਰਪਤੀ ਦੇ ਭਾਸ਼ਣ ਉੱਤੇ ਬਹਿਸ ਮੌਕੇ ਇਹ ਗੱਲ ਵਾਰ-ਵਾਰ ਉੱਠਦੀ ਰਹੀ ਕਿ ਭਾਸ਼ਣ ਵਾਜਪਾਈ ਦੀ ਸਰਕਾਰ ਦਾ ਲਿਖਿਆ ਹੈ, ਇਸ ਨੂੰ ਨਵੀਂ ਸਰਕਰ ਪਾਸ ਕਰੇ ਤਾਂ ਭਾਜਪਾ ਦੀਆਂ ਨੀਤੀਆਂ ਉੱਤੇ ਮੋਹਰ ਲੱਗੀ ਮੰਨੀ ਜਾ ਸਕਦੀ ਹੈ ਅਤੇ ਨਹੀਂ ਪਾਸ ਕੀਤਾ ਜਾਂਦਾ ਤਾਂ ਰਾਸ਼ਟਰਪਤੀ ਅਹੁਦੇ ਦੀ ਸ਼ਾਨ ਘਟਦੀ ਹੈਇਸ ਮਜਬੂਰੀ ਕਾਰਨ ਭਾਜਪਾ ਦੀਆਂ ਨੀਤੀਆਂ ਦਾ ਪੁਲੰਦਾ ਮੰਨੇ ਜਾਂਦੇ ਰਾਸ਼ਟਰਪਤੀ ਦੇ ਉਦੋਂ ਦੇ ਭਾਸ਼ਣ ਨੂੰ ਉਨ੍ਹਾਂ ਪਾਰਟੀਆਂ ਨੂੰ ਪਾਸ ਕਰਨਾ ਪਿਆ, ਜਿਨ੍ਹਾਂ ਦਾ ਭਾਜਪਾ ਨਾਲ ਸਖਤ ਵਿਰੋਧ ਸੀਇੰਜ ਤਾਂ ਫਿਰ ਵੀ ਕਦੇ ਹੋ ਸਕਦਾ ਹੈ, ਪਰ ਇਸਦਾ ਹੱਲ ਕੋਈ ਨਹੀਂ ਦਿਸ ਰਿਹਾ

ਜੋ ਵੀ ਹੁੰਦਾ ਹੋਵੇ, ਇਸ ਵਾਰੀ ਮਾਮਲਾ ਚੀਨੀ ਫੌਜੀਆਂ ਨਾਲ ਭਾਰਤੀ ਫੌਜੀਆਂ ਦੀ ਇੱਕ ਝੜਪ ਤੋਂ ਤੁਰਿਆ ਅਤੇ ਗੱਲ ਰਾਹੁਲ ਗਾਂਧੀ ਅਤੇ ਰਵਨੀਤ ਬਿੱਟੂ ਵਿਚਾਲੇ ਤਲਖ-ਕਲਾਮੀ ਕਾਰਨ ‘ਸਿੱਖ ਨੂੰ ਗੱਦਾਰ ਕਿਹਾ’ ਦੇ ਦੋਸ਼ਾਂ ਤਕ ਪਹੁੰਚ ਗਈ ਤੇ ਪੰਜਾਬ ਵਿੱਚ ਇੱਕ ਮੁੱਦਾ ਬਣਾ ਕੇ ਮੁਜ਼ਾਹਰਿਆਂ ਦੀ ਲੜੀ ਜਿਹੀ ਬੱਝ ਗਈ ਇਸੇ ਬਹਾਨੇ ਅਗਲੇ ਸਾਲ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਾਸਤੇ ਪ੍ਰਚਾਰ ਅਤੇ ਭੜਕਾਊ ਦੂਸ਼ਣਬਾਜ਼ੀ ਦਾ ਚੱਕਰ ਅਗੇਤਾ ਚੱਲ ਤੁਰਿਆ ਹੈਮੁੱਦੇ ਤਾਂ ਪੰਜਾਬ ਦੇ ਲੋਕਾਂ ਦੇ ਹੀ ਬਹੁਤ ਹਨ, ਪੰਜਾਬ ਦੀ ਰਾਜਨੀਤੀ ਤੋਂ ਹਟ ਕੇ ਖਜ਼ਾਨੇ ਦੀ ਖਸਤਾ ਹਾਲਤ ਅਤੇ ਅਮਨ-ਕਾਨੂੰਨ ਸਮੇਤ ਬਹੁਤ ਸਾਰੀਆਂ ਹੋਰ ਸਮੱਸਿਆਵਾਂ ਫੌਰੀ ਧਿਆਨ ਮੰਗਦੀਆਂ ਹਨਜਿਹੜੇ ਪੰਜਾਬ ਦੀ ਰਾਜਨੀਤੀ ਪਿਛਲੇ ਹਫਤੇ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸੌ ਅਠਾਈ ਸਰੂਪਾਂ ਦੇ ਗਾਇਬ ਹੋਣ ਦੀ ਜਾਂਚ ਦੁਆਲੇ ਘੁੰਮ ਰਹੀ ਸੀ, ਫਿਰ ਕਿਸਾਨਾਂ ਦੇ ਧਰਨਿਆਂ ਦੀ ਲੰਮੀ ਲੜੀ ਤਕ ਚਲੀ ਗਈ ਤੇ ਪਿੱਛੋਂ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੀ ਪੰਦਰਾਂ-ਵੀਹ ਕਰੋੜ ਰੁਪਏ ਦੀ ਜ਼ਮੀਨ ਇੱਕ ਮੈਨੇਜਰ ਵੱਲੋਂ ਮਾਮੂਲੀ ਮੁੱਲ ਉੱਤੇ ਵੇਚਣ ਤਕ ਜਾ ਪਹੁੰਚੀਉਸਦੇ ਬਾਅਦ ਸਾਰੇ ਹੋਰ ਮੁੱਦਿਆਂ ਨੂੰ ਪਿੱਛੇ ਧੱਕ ਕੇ ਪੰਜਾਬ ਦੀ ਰਾਜਨੀਤੀ ਇਸ ਮੁੱਦੇ ਦੁਆਲੇ ਘੁੰਮਣ ਲੱਗ ਪਈ ਕਿ ਰਾਹੁਲ ਗਾਂਧੀ ਜਾਂ ਰਵਨੀਤ ਸਿੰਘ ਬਿੱਟੂ ਵਿੱਚੋਂ ਵੱਧ ਮਾੜੇ ਸ਼ਬਦ ਕਿਸਨੇ ਵਰਤੇ ਸਨ! ਜਦੋਂ ਇਹੋ ਜਿਹੇ ਮੁੱਦੇ ਚੁੱਕ ਕੇ ਰਾਜਨੀਤੀ ਕਰਨੀ ਸੁਖਾਲੀ ਹੋ ਸਕਦੀ ਹੋਵੇ ਤਾਂ ਗੰਭੀਰ ਸਮੱਸਿਆਵਾਂ ਦੀ ਚਰਚਾ ਕਰਨ ਦੀ ਕਿਸੇ ਨੂੰ ਲੋੜ ਹੀ ਨਹੀਂ ਰਹਿੰਦੀ

ਪੰਜਾਬ ਦੀਆਂ ਅਗਲੀਆਂ ਚੋਣਾਂ ਲਈ ਮਸਾਂ ਇੱਕ ਸਾਲ ਬਾਕੀ ਰਹਿ ਗਿਆ ਹੈ ਅਤੇ ਇਸ ਇੱਕ ਸਾਲ ਵਿੱਚ ਆਮ ਲੋਕਾਂ ਨੇ ਅੱਜ ਵਾਲੀ ਸਰਕਾਰ ਜਾਂ ਵਿਰੋਧੀ ਧਿਰਾਂ ਵਿੱਚੋਂ ਕਿਸੇ ਇੱਕ ਦੀ ਅਗਲੀ ਚੋਣ ਲਈ ਸੋਚਣਾ ਹੈਉਸ ਮੌਕੇ ਜਦੋਂ ਲੋਕਾਂ ਨੂੰ ਅਗਲੀ ਚੋਣ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਦੀ ਕਾਰਗੁਜ਼ਾਰੀ ਅਤੇ ਆਪਣੇ ਰਾਜ ਦੇ ਭਵਿੱਖ, ਅਗਲੀ ਪੀੜ੍ਹੀ ਵਾਸਤੇ ਭਲੇ-ਬੁਰੇ ਦੀ ਵਿਚਾਰ ਅਤੇ ਹੋਰ ਗੱਲਾਂ ਬਾਰੇ ਸੋਚਣ ਦੀ ਲੋੜ ਹੈ, ਉਦੋਂ ਸਿਆਸੀ ਵਿਰੋਧਾਂ ਕਾਰਨ ਧਰਮ ਦੇ ਮੁੱਦੇ ਨੂੰ ਇੱਕ ਵਾਰ ਫਿਰ ਚੁੱਕ ਕੇ ਸਮਾਜ ਨੂੰ ਕੁਰਾਹੇ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈਪੰਜਾਬ ਦੇ ਲੋਕ ਇਹੋ ਜਿਹੇ ਮੁੱਦੇ ਉੱਤੇ ਹੁੰਦੀ ਰਾਜਨੀਤੀ ਨੂੰ ਅੱਗੇ ਬਥੇਰਾ ਭੁਗਤ ਚੁੱਕੇ ਹਨ ਤੇ ਇੱਕ ਵਾਰੀ ਫਿਰ ਓਹੋ ਜਿਹੀ ਖੇਡ ਖੇਡਣ ਲਈ ਚਿੰਗਾੜੀਆਂ ਸੁੱਟੀਆਂ ਜਾਣ ਲੱਗ ਪਈਆਂ ਹਨਵਕਤ ਅਵੇਸਲੇ ਹੋਣ ਦਾ ਨਹੀਂ, ਜਾਗਦੇ ਰਹਿਣ ਅਤੇ ਆਉਂਦੀਆਂ ਬਦ-ਬਲਾਈਂ ਰੋਕਣ ਲਈ ਮਿਰਚਾਂ ਵਾਰਨ ਦਾ ਹੈਪਤਾ ਨਹੀਂ ਆਉਣ ਵਾਲਾ ਵਕਤ ਕਿਹੋ ਜਿਹੇ ਨਕਸ਼ਾ ਉਲੀਕਣ ਵਾਲਾ ਹੈ!

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author