“ਮਾਹੌਲ ਬੜਾ ਸੁਖਾਵਾਂ ਹੈ, ਪਰ ਇਹ ਇਸ ਦੇਸ਼ ਦੇ ਆਮ ਲੋਕਾਂ ਲਈ ਨਹੀਂ, ਸੁਖਾਵਾਂ ਦੇਸ਼ ਨੂੰ ...”
(6 ਸਤੰਬਰ 2025)
ਬੜਾ ਚਿਰ ਪਹਿਲਾਂ ਅਤੇ ਇਹ ਵੀ ਹੋ ਸਕਦਾ ਹੈ ਕਿ ਬਚਪਨ ਵਿੱਚ ਇਹ ਕਹਾਣੀ ਸੁਣੀ ਹੋਵੇ ਕਿ ਪਿੰਡ ਨੂੰ ਅੱਗ ਲੱਗੀ ਤਾਂ ਲੋਕ ਬੁਝਾਉਣ ਰੁੱਝੇ ਹੋਏ ਸਨ ਤੇ ਚੋਰਾਂ ਦੀ ਨਜ਼ਰ ਇਸ ਗੱਲ ਉੱਤੇ ਲੱਗੀ ਸੀ ਕਿ ਅੱਗ ਬੁਝਾ ਕੇ ਪਿੰਡ ਵਾਲਿਆਂ ਦੇ ਵਿਹਲੇ ਹੋਣ ਤਕ ਮਾਲ ਕਿੰਨਾ ਤੇ ਕਿੱਥੋਂ ਲੁੱਟਿਆ ਜਾ ਸਕਦਾ ਹੈ? ਜਦੋਂ ਅਫਗਾਨਿਸਤਾਨ ਦੇ ਲੋਕਾਂ ਸਿਰ ਮੁਸੀਬਤ ਪਈ ਤੇ ਅਮਰੀਕੀ ਲੋਕਾਂ ਦੇ ਪੁੱਤ ਉੱਥੇ ਜੰਗ ਵਿੱਚ ਲੜ ਅਤੇ ਮਰ ਰਹੇ ਸਨ, ਅਮਰੀਕਾ ਅਤੇ ਉਸਦੇ ਭਾਈਵਾਲ ਦੇਸ਼ਾਂ ਦੀਆਂ ਵੱਡੀਆਂ ਕਾਰਪੋਰੇਸ਼ਨਾਂ ਦੇ ਮੁਖੀਏ ਆਪੋ ਵਿੱਚ ਇਹ ਵੰਡਾਂ ਕਰ ਰਹੇ ਸਨ ਕਿ ਜੰਗ ਦੀ ਮਾਰ ਨਾਲ ਝੰਬੇ ਹੋਏ ਇਸ ਦੇਸ਼ ਦੀ ਨਵ-ਉਸਾਰੀ ਕਰਨ ਬਹਾਨੇ ਕਿਹੜਾ ਪ੍ਰਾਜੈਕਟ ਕਿਸ ਨੂੰ ਮਿਲੇਗਾ! ਇੱਕ ਮੌਕੇ ਗੱਲ ਇੰਨੀ ਵਧ ਗਈ ਕਿ ਅਮਰੀਕੀ ਹਾਕਮਾਂ ਦੇ ਇੱਕ ਇਸ਼ਾਰੇ ਉੱਤੇ ਨਾਟੋ ਦੇ ਜਿਹੜੇ ਦੇਸ਼ ਆਪਣੇ ਲੋਕਾਂ ਦੇ ਫੌਜੀ ਪੁੱਤਰਾਂ ਨੂੰ ਜੰਗ ਵਿੱਚ ਝੋਕਣ ਨੂੰ ਤਿਆਰ ਰਹਿੰਦੇ ਸਨ ਤੇ ਇਸ ਨੂੰ ਸੰਸਾਰ ਦੀ ਮਨੁੱਖਤਾ ਲਈ ਫਰਜ਼ ਦੱਸਦੇ ਸਨ, ਉਨ੍ਹਾਂ ਵਿੱਚੋਂ ਇੱਕ ਦੇਸ਼ ਨੇ ਕਹਿ ਦਿੱਤਾ ਸੀ ਕਿ ਪ੍ਰਾਜੈਕਟਾਂ ਦਾ ਹਿੱਸਾ ਘੱਟ ਰੱਖਿਆ ਤਾਂ ਉਹ ਫੌਜ ਵਾਪਸ ਸੱਦ ਲਵੇਗਾ। ਇਸ ਧਮਕੀ ਮਗਰੋਂ ਵਿਕਸਿਤ ਕਹਾਉਂਦੇ, ਪਰ ਨੀਤ ਤੇ ਨੀਤੀ ਦੀ ਗਰੀਬੀ ਵਾਲੇ ਉਸ ਛੋਟੇ ਜਿਹੇ ਦੇਸ਼ ਦੀ ਫੌਜ ਵਾਪਸ ਜਾਣੋ ਰੋਕਣ ਲਈ ਅਫਗਾਨਿਸਤਾਨ ਦੇ ਬਜਾਏ ਇਰਾਕ ਵਿੱਚੋਂ ਉਸਦਾ ਹਿੱਸਾ ਵਧਾ ਦਿੱਤਾ ਗਿਆ ਸੀ। ਸੰਸਾਰ ਭਰ ਦੇ ਲੋਕਾਂ ਨੂੰ ਪਤਾ ਹੀ ਨਾ ਲੱਗਾ ਕਿ ਫੌਜਾਂ ਭੇਜਣ ਦਾ ਫੈਸਲਾ ਦੇਸ਼ਾਂ ਦੇ ਹਾਕਮਾਂ ਦੀ ਮਰਜ਼ੀ ਉੱਤੇ ਨਿਰਭਰ ਨਹੀਂ, ਵੱਡੀਆਂ ਕਾਰਪੋਰੇਸ਼ਨਾਂ ਦੇ ਮੁਖੀਆਂ ਦੀ ਕਮਾਈ ਦੀ ਹਵਸ ਦੀ ਕਿੱਲੀ ਨਾਲ ਟੰਗਿਆ ਹੋਇਆ ਸੀ। ਉਹੋ ਜਿਹਾ ਅਮਲ ਨਾ ਕਦੀ ਪਹਿਲਾਂ ਰੁਕਿਆ ਸੀ ਅਤੇ ਨਾ ਅੱਜ ਰੁਕਿਆ ਜਾਂ ਭਵਿੱਖ ਵਿੱਚ ਕਦੀ ਰੁਕਣ ਦੀ ਸੰਭਾਵਨਾ ਵਾਲਾ ਸਮਝਿਆ ਜਾਂਦਾ ਹੈ।
ਅਸੀਂ ਲੋਕ ਸਧਾਰਨ ਹਾਂ ਅਤੇ ਸਾਡੀ ਸੋਚਣੀ ਸਧਾਰਨ ਹੱਦਾਂ ਤੋਂ ਬਹੁਤੀ ਅਗਾਂਹ ਤਕ ਨਹੀਂ ਜਾ ਸਕਦੀ, ਇਸੇ ਲਈ ਸਾਡੀ ਸੋਚ ਆਹ ਚੋਣ ਜਾਂ ਅਗਲੀ ਚੋਣ ਤੇ ਫਿਰ ਅਗਲੇਰੀ ਚੋਣ ਵਿੱਚ ਪਹਿਲੀ ਪਾਰਟੀ ਦੇ ਰਹਿਣ ਜਾਂ ਦੂਸਰੀ ਦੇ ਕਾਬਜ਼ ਹੋਣ ਦੀ ਬਹਿਸ ਤਕ ਸੀਮਿਤ ਹੁੰਦੀ ਹੈ। ਸਰਮਾਏਦਾਰੀ ਦੀ ਸੋਚ ਅਤੇ ਪਹੁੰਚ ਬਾਰੇ ਵੀ ਸਾਡੀ ਸਮਝ ਇਸ ਹੱਦ ਉੱਤੇ ਖੜ੍ਹੀ ਹੁੰਦੀ ਹੈ ਕਿ ਫਲਾਣੀ ਪਾਰਟੀ ਨੇ ਲੋਕਾਂ ਨੂੰ ਐਨੀਆਂ ਛੋਟਾਂ ਦਿੱਤੀਆਂ ਹਨ ਤੇ ਫਲਾਣੀ ਆਉਣ ਵਿੱਚ ਸਫਲ ਹੋਵੇਗੀ ਤਾਂ ਲੋਕਾਂ ਨੂੰ ਮਿਲੀਆਂ ਛੋਟਾਂ ਖੁੱਸਣ ਦਾ ਡਰ ਹੈ। ਸਾਡੇ ਵਿੱਚੋਂ ਕਈ ਲੋਕ ਆਪਣੇ ਆਪ ਨੂੰ ਲੋਕਾਂ ਦੇ ਆਗੂ ਬਣੇ ਰੱਖਣ ਲਈ ਇੱਦਾਂ ਦੀਆਂ ਗੱਲਾਂ ਕਹਿੰਦੇ ਹਨ, ਜਿਹੜੀਆਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਠੀਕ ਨਹੀਂ, ਪਰ ਡਰ ਇਹ ਹੁੰਦਾ ਹੈ ਕਿ ਜਦੋਂ ਠੀਕ ਗੱਲ ਆਖੀ ਤਾਂ ਸਾਨੂੰ ਲੋਕਾਂ ਦੇ ਹਿਤਾਂ ਦਾ ਦੁਸ਼ਮਣ ਕਰਾਰ ਦੇ ਕੇ ਸੰਘਰਸ਼ ਵਾਲੇ ਲੋਕਾਂ ਦੀ ਬਰਾਦਰੀ ਵਿੱਚੋਂ ਛੇਕਿਆ ਜਾ ਸਕਦਾ ਹੈ। ਜਦੋਂ ਦਿੱਲੀ ਦੀਆਂ ਹੱਦਾਂ ਉੱਤੇ ਕਿਸਾਨਾਂ ਦਾ ਸੰਯੁਕਤ ਸੰਘਰਸ਼ ਚੱਲਦਾ ਅਤੇ ਹਰ ਕੋਈ ਉਸ ਨਾਲ ਖੜ੍ਹੇ ਹੋਣ ਦਾ ਮਾਣ ਮਹਿਸੂਸ ਕਰਦਾ ਸੀ, ਵਗਦੇ ਪਾਣੀ ਦੇ ਨਾਲ ਵਹਿਣ ਦੇ ਬਾਵਜੂਦ ਇੱਕ-ਦੋ ਵਾਰੀ ਅਸੀਂ ਕਿਸਾਨ ਆਗੂਆਂ ਵਿੱਚੋਂ ਸਿਆਣੇ ਸਮਝੇ ਜਾਣ ਵਾਲਿਆਂ ਨਾਲ ਕੁਝ ਨੁਕਤੇ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਵਾਬ ਇਹ ਮਿਲਿਆ ਕਿ ਚੁੱਪ ਕਰ ਕੇ ਬੈਠੇ ਰਹੋ, ਐਵੇਂ ਭੂੰਡਾਂ ਦੀ ਖੱਖਰ ਨਾ ਛੇੜ ਬੈਠਿਓ। ਉਹ ਨੁਕਤੇ ਦੇਸ਼ ਦੇ ਭਵਿੱਖ ਬਾਰੇ ਤਾਂ ਸਨ, ਕਿਸਾਨਾਂ ਦੇ ਵਿਰੋਧ ਵਾਲੇ ਨਹੀਂ ਸੀ ਕਹੇ ਜਾ ਸਕਦੇ, ਪਰ ਮੌਕਾ ਇਹੋ ਜਿਹਾ ਸੀ ਕਿ ਆਖਣ ਵਾਲੇ ਦੇ ਖਿਲਾਫ ਇਹ ਦੁਹਾਈ ਚੁੱਕੀ ਜਾ ਸਕਦੀ ਸੀ ਕਿ ਇਹ ਸੰਘਰਸ਼ ਨੂੰ ਸਾਬੋਤਾਜ ਕਰਨ ਅਤੇ ਧਿਆਨ ਹੋਰ ਪਾਸੇ ਲਾਉਣ ਦੀ ਸਾਜ਼ਿਸ਼ ਦਾ ਮੋਹਰਾ ਬਣ ਗਿਆ ਹੈ। ਜਿਹੜੇ ਆਗੂ ਉਸ ਵਕਤ ਸਾਨੂੰ ਇਹ ਸਮਝਾਉਣੀ ਦੇ ਕੇ ਚੁੱਪ ਰਹਿਣ ਲਈ ਕਹਿੰਦੇ ਸਨ, ਦਿੱਲੀ ਜਿੱਤਣ ਅਤੇ ਫਿਰ ਜਿੱਤੀ ਹੋਈ ਹਰਾ ਲੈਣ ਦੇ ਬਾਅਦ ਉਹੋ ਆਗੂ ਆਪੋ ਵਿੱਚ ਇੱਕ ਦੂਸਰੇ ਦੇ ਖਿਲਾਫ ਦਿੱਲੀ ਦਾ ਏਜੰਟ ਹੋਣ ਅਤੇ ਲੋਕਾਂ ਕੋਲੋਂ ਮਿਲੇ ਫੰਡ ਖਾ ਜਾਣ ਦੇ ਦੋਸ਼ ਲਾਉਂਦੇ ਸੁਣੇ ਜਾਣ ਲੱਗ ਪਏ ਸਨ।
ਮਨੁੱਖ ਦੇ ਮਨ ਵਿੱਚ ‘ਮੈਂ’ ਨਾਂਅ ਦਾ ਕੀੜਾ ਬੜਾ ਖਤਰਨਾਕ ਹੁੰਦਾ ਹੈ ਤੇ ਉਹ ਕੀੜਾ ਜਿਸ ਵੇਲੇ ਕਿਸੇ ਮਨੁੱਖ ਦੇ ਸਿਰ ਵਿੱਚ ਥਾਂ ਬਣਾ ਲੈਂਦਾ ਹੈ, ਫਿਰ ਮਨੁੱਖ ਉਸ ਕੀੜੇ ਦੀ ਦੱਸੀ ਹੋਈ ਸੇਧ ਵਿੱਚ ਚੱਲਦਾ ਅਤੇ ਹਰ ਉਹ ਕੰਮ ਕਰਨ ਲਗਦਾ ਹੈ, ਜਿਸ ਨਾਲ ‘ਮੈਂ’ ਦੀ ਮਾਨਸਿਕਤਾ ਨੂੰ ਮਨੁੱਖੀ ਦਰਦ ਦੀ ਸਿਖਰ ਬਣਾ ਕੇ ਪੇਸ਼ ਕੀਤਾ ਜਾਂਦਾ ਰਹੇ। ਦੇਸ਼ ਦੀ ਆਜ਼ਾਦੀ ਦਾ ਇੱਕ ਮੋਰਚਾ ਜਿੱਤਦੇ ਸਾਰ ਇਸ ‘ਮੈਂ’ ਦੇ ਮਰੀਜ਼ਾਂ ਨੇ ਦੇਸ਼ ਨੂੰ ਇੱਕ-ਸਾਰ ਚੱਲਦੇ ਤੇ ਅੱਗੇ ਵਧਦੇ ਦੇਖਣ ਦੀ ਥਾਂ ‘ਮੇਰੀ ਅਗਵਾਈ’ ਹੇਠ ਚੱਲਦਾ ਦੇਖਣ ਦੇ ਸੁਪਨੇ ਲੈਣੇ ਸ਼ੁਰੂ ਕਰ ਦਿੱਤੇ ਸਨ। ਕੱਲ੍ਹ ਤਕ ਦੇ ਸਾਥੀ ਆਪਸ ਵਿੱਚ ਇੱਦਾਂ ਦੀ ਦੁਸ਼ਮਣੀ ਉੱਤੇ ਉੱਤਰ ਆਏ ਕਿ ਹਰ ਕਿਸਮ ਦੀ ਭੈੜੀ ਤੋਂ ਭੈੜੀ ਊਜ ਆਪਣੇ ਪੁਰਾਣੇ ਸਾਥੀ ਉੱਤੇ ਲਾਉਣ ਲੱਗ ਪਏ ਅਤੇ ਆਮ ਲੋਕ ਇਹ ਸਮਝਣ ਲੱਗ ਪਏ ਕਿ ਦੋਵੇਂ ਜਣੇ ਪੁਰਾਣੇ ਸਾਥੀ ਹੋਣ ਕਾਰਨ ਇਨ੍ਹਾਂ ਤੋਂ ਵੱਧ ਇਨ੍ਹਾਂ ਨੂੰ ਕੋਈ ਨਹੀਂ ਜਾਣਦਾ, ਇਸ ਲਈ ਦੋਵੇਂ ਇੱਕ ਦੂਸਰੇ ਬਾਰੇ ਜੋ ਕਹਿੰਦੇ ਹਨ, ਸਭ ਸੱਚ ਹੀ ਹੋਵੇਗਾ। ਜਿਨ੍ਹਾਂ ਤੋਂ ਇਹ ਦੇਸ਼ ਆਜ਼ਾਦ ਕਰਵਾਇਆ ਸੀ, ਇੱਕ ਦੂਸਰੇ ਨੂੰ ਉਨ੍ਹਾਂ ਦਾ ਬਾਟੀ-ਚੱਟ ਆਖੀ ਜਾਣ ਦੇ ਇਸ ਦੌਰ ਨੇ ਇਨ੍ਹਾਂ ਨੂੰ ਉਨ੍ਹਾਂ ਪੁਰਾਣੇ ਮਾਲਕਾਂ ਨਾਲ ਅੱਖ-ਮਟੱਕਾ ਕਰਨ ਦੇ ਰਾਹ ਪਾ ਦਿੱਤਾ ਅਤੇ ਇਸ ਵਿੱਚੋਂ ਉਹ ਧਿਰਾਂ ਮਜ਼ਬੂਤ ਹੋਣ ਦਾ ਅਮਲ ਸ਼ੁਰੂ ਹੋ ਗਿਆ, ਜਿਹੜੀਆਂ ਧਿਰਾਂ ਆਜ਼ਾਦੀ ਸੰਘਰਸ਼ ਦੇ ਵਿਰੋਧ ਵਿੱਚ ਹਾਕਮਾਂ ਨਾਲ ਖੜ੍ਹੀਆਂ ਸਨ। ਕੁਝ ਧਿਰਾਂ ਉਸ ਵੇਲੇ ਰਾਜ ਕਰਨ ਵਾਲਿਆਂ ਨਾਲ ਜੁੜ ਗਈਆਂ ਤੇ ਕੁਝ ਵਿਰੋਧ ਕਰਨ ਵਾਲੀ ਧਿਰ ਨਾਲ ਇਸ ਆਸ ਵਿੱਚ ਜਾ ਜੁੜੀਆਂ ਕਿ ਜੇ ਕੱਲ੍ਹ ਨੂੰ ਇਨ੍ਹਾਂ ਦੇ ਹੱਥ ਅੰਗੂਰਾਂ ਦਾ ਗੁੱਛਾ ਆ ਗਿਆ ਤਾਂ ਮੌਜ ਹੋ ਜਾਵੇਗੀ। ਮੌਕਾਪ੍ਰਸਤੀ ਦੀ ਸਿਖਰ ਕਰਨ ਵਿੱਚ ਮਾਹਰ ਇਹ ਧਿਰਾਂ ਦੋਵੇਂ ਪਾਸੇ ਉਸ ਰਾਜਨੀਤੀ ਦੇ ਮੋਢੀਆਂ ਤੋਂ ਵੱਧ ਤਿੱਖਾ ਬੋਲਦੀਆਂ ਸਨ। ਇਸ ਲਈ ਉਹ ਇਸ ਪਾਸੇ ਰਹੀਆਂ ਜਾਂ ਉਸ ਪਾਸੇ ਚਲੀਆਂ ਗਈਆਂ, ਰਾਜ ਜਿਸ ਵੀ ਧਿਰ ਦੇ ਹੱਥਾਂ ਵਿੱਚ ਪਹੁੰਚਦਾ, ਵਿਦੇਸ਼ੀ ਹਾਕਮਾਂ ਲਈ ਏਜੰਟੀ ਕਰਦੀਆਂ ਰਹੀਆਂ ਇਹ ਧਿਰਾਂ ਦੋਵੇਂ ਪਾਸੇ ਹਲਵੇ-ਮੰਡੇ ਦੀ ਪਰਾਤ ਦੇ ਸਭ ਤੋਂ ਨੇੜੇ ਜਾ ਬਹਿੰਦੀਆਂ ਸਨ।
ਪੁਰਾਣੇ ਰਿਆਸਤੀ ਰਾਜਿਆਂ ਦੀ ਜਿਹੜੀ ਧਿਰ ਬਰਤਾਨਵੀ ਹਾਕਮਾਂ ਦੇ ਹੱਥ-ਠੋਕੇ ਵਜੋਂ ਹਰ ਕਿਸਮ ਦੇ ਗੁਨਾਹ ਕਰਨ ਲਈ ਤਿਆਰ ਰਹਿੰਦੀ ਸੀ, ਉਹ ਵੀ ਅਤੇ ਧਰਮ ਦੇ ਨਾਂਅ ਉੱਤੇ ਲੋਕਾਂ ਕੋਲੋਂ ਬਰਤਾਨਵੀ ਰਾਜੇ ਜਾਂ ਰਾਣੀ ਵਾਸਤੇ ਲੰਮੀ ਉਮਰ ਦੀ ਆਰਤੀ ਕਰਵਾਉਂਦੀ ਰਹੀ ਧਿਰ ਵੀ ਦੋਵੇਂ ਪਾਸੇ ਫਿਰ ਰਾਜ ਤਖਤ ਨੇੜੇ ਜਾ ਲੱਗੀਆਂ। ਸੁਣਦੇ ਤਾਂ ਇਹ ਰਹੇ ਸਾਂ ਕਿ ਸਮਾਂ ਅਤੇ ਇਤਿਹਾਸ ਕਿਸੇ ਨੂੰ ਮੁਆਫ ਨਹੀਂ ਕਰਦਾ, ਉਨ੍ਹਾਂ ਦੇ ਪਰਦੇ ਚਾਕ ਕਰਦਾ ਤੇ ਸੱਚ ਜਦੋਂ ਲੋਕਾਂ ਅੱਗੇ ਆਵੇ ਤਾਂ ਇਤਿਹਾਸ ਦੇ ਕਾਲੇ ਕਿਰਦਾਰ ਨੂੰ ਲੁਕਣ ਨੂੰ ਥਾਂ ਨਹੀਂ ਲੱਭਦੀ। ‘ਚੋਰ ਦੀ ਮਾਂ, ਕੋਠੀ ਵਿੱਚ ਮੂੰਹ’ ਦਾ ਮੁਹਾਵਰਾ ਵੀ ਇਸੇ ਸੋਚ ਤੋਂ ਕਿਸੇ ਨੇ ਘੜਿਆ ਹੋਵੇਗਾ, ਪਰ ਉਹ ਬੰਦਾ ਸਾਡੇ ਸਮੇਂ ਹੋਇਆ ਹੁੰਦਾ ਤਾਂ ਇਹ ਸਮਝਣ ਵਿੱਚ ਬਹੁਤਾ ਚਿਰ ਸ਼ਾਇਦ ਨਾ ਲਾਉਂਦਾ ਕਿ ਚੋਰ ਦੀ ਮਾਂ ਸਮੇਂ ਨਾਲ ਸਿਆਣੀ ਹੋ ਗਈ ਅਤੇ ਚੋਰੀ ਫੜੀ ਜਾਣ ਉੱਤੇ ਕੋਠੀ ਵਿੱਚ ਮੂੰਹ ਨਹੀਂ ਦਿੰਦੀ, ਅੱਜ ਦੇ ਦੌਰ ਵਿੱਚ ਬਾਕੀਆਂ ਤੋਂ ਮੋਹਰੇ ਹੋ ਕੇ ‘ਚੋਰ-ਚੋਰ’ ਕੂਕਦੀ ਹੈ। ਲੋਕਾਂ ਦੀ ਵਹੀਰ ਇਸ ਛਲੇਡਾ-ਚਾਲ ਵਿੱਚ ਫਸ ਜਾਂਦੀ ਹੈ ਅਤੇ ਚੋਰਾਂ ਦੀ ਮਾਂ ਵੱਲੋਂ ਪਾਈ ‘ਚੋਰ-ਚੋਰ’ ਦੀ ਦੁਹਾਈ ਦੇ ਅਸਰ ਹੇਠ ਚੋਰਾਂ ਮਗਰ ਦੌੜਨ ਦੀ ਥਾਂ ਆਪੋ ਵਿੱਚ ਗੁੱਥਮ-ਗੁੱਥਾ ਹੋ ਜਾਂਦੀ ਹੈ ਅਤੇ ਚੋਰਾਂ ਦੇ ਲਈ ਖਿਸਕਣ ਦਾ ਸਬੱਬ ਬਣ ਜਾਂਦਾ ਹੈ।
ਅੱਜ ਦੇ ਭਾਰਤ ਵਿੱਚ ਕੁਝ ਲੋਕ ਇਸ ਗੱਲ ਲਈ ਬਹਿਸਦੇ ਰਹੇ ਹਨ ਕਿ ਦੇਸ਼ ਵਿੱਚ ਵੋਟਾਂ ਚੋਰੀ ਕਰਨ ਵਾਲੀ ਧਾੜ ਰਾਜ ਗੱਦੀ ਦੀ ਹੱਕਦਾਰ ਬਣਨ ਲਈ ਚਿੱਟੇ ਦਿਨ ਹਰ ਹਰਬਾ ਵਰਤਣ ਤਕ ਜਾਂਦੀ ਹੈ ਅਤੇ ਇਸ ਨੂੰ ਰੋਕਣ ਲਈ ਦੇਸ਼ ਦੇ ਸਭਨਾਂ ਲੋਕਾਂ ਨੂੰ ਇਕੱਠੇ ਹੋਣਾ ਪਵੇਗਾ। ਅਸੀਂ ਵੀ ਕਈ ਵਾਰ ਇਹ ਕਹਿਣ ਵਾਲੇ ਲੋਕਾਂ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ ਹੋਵੇਗੀ, ਕਿਉਂਕਿ ਹੋਰ ਕੋਈ ਬਦਲ ਸਾਹਮਣੇ ਨਹੀਂ ਹੁੰਦਾ ਤੇ ਹੋਵੇ ਵੀ ਤਾਂ ਉਹ ਲੋਕਾਂ ਦੇ ਪੱਲੇ ਪੈਣ ਵਾਲਾ ਨਹੀਂ ਹੁੰਦਾ, ਇਸ ਲਈ ਵਕਤ ਗੁਆਉਣ ਦੀ ਥਾਂ ਸਾਹਮਣੇ ਦਿਸ ਰਹੇ ਚਿੱਟੇ ਚੋਰ ਦਾ ਵਿਰੋਧ ਕਰ ਜਾਂਦੇ ਹਾਂ। ਇਸ ਨਾਲ ਕਦੇ ਕੁਝ ਸੁਧਰਨ ਦੀ ਆਸ ਹੋ ਸਕਦੀ ਹੈ, ਸਾਡੀ ਸਮਝ ਵਿੱਚ ਇਹੋ ਜਿਹੀ ਆਸ ਵਾਲਾ ਸਮਾਂ ਹੀ ਦੇਸ਼ ਅੰਦਰ ਨਹੀਂ ਰਹਿਣ ਦਿੱਤਾ ਗਿਆ। ਹੇਠਾਂ ਚੋਣ ਬੂਥਾਂ ਉੱਤੇ ਚੋਰੀ ਤੋਂ ਖੇਡ ਸ਼ੁਰੂ ਹੁੰਦੀ ਅਤੇ ਵੋਟਾਂ ਦੀਆਂ ਮਸ਼ੀਨਾਂ ਤੋਂ ਲੰਘ ਕੇ ਨਤੀਜਾ ਬਣਨ ਪਿੱਛੋਂ ਜਦੋਂ ਇਹ ਸਾਫ ਦਿਸਦਾ ਹੈ ਕਿ ਗਲਤ ਹੋਇਆ ਹੈ, ਉਸ ਨੂੰ ਚੁਣੌਤੀ ਦੇਣ ਵੇਲੇ ਅਦਾਲਤਾਂ ਦੇ ਦਰਾਂ ਉੱਤੇ ਪਹੁੰਚ ਕੇ ਇਨਸਾਫ ਦੀ ਲੜਾਈ ਬੇਅਰਥ ਹੋ ਜਾਂਦੀ ਹੈ। ਸਰਕਾਰ ਜਾਂ ਸਰਕਾਰਾਂ ਖਿਲਾਫ ਬੋਲਣ ਦੇ ਲਈ ਹਿੰਮਤ ਕਰਨ ਅਤੇ ਸੰਵਿਧਾਨ ਦੀ ਵਫਾ ਦਾ ਦਾਅਵਾ ਕਰਨ ਵਾਲੇ ਜੱਜਾਂ ਬਾਰੇ ਵੀ ਖਬਰਾਂ ਮਿਲਦੀਆਂ ਹਨ ਕਿ ਉਹ ਇੱਕ ਜਾਂ ਦੂਸਰੀ ਨਿੱਜੀ ਲੋੜ ਲਈ ਸੱਤਾ ਦੇ ਸਿਖਰ ਵਾਲਿਆਂ ਅੱਗੇ ਝੁਕ ਗਏ ਹਨ ਅਤੇ ਫੈਸਲਾ ਕਰਦੇ ਸਮੇਂ ਅੱਖਾਂ ਉੱਤੇ ਪੱਟੀ ਬੰਨ੍ਹ ਕੇ ਖੜ੍ਹੀ ਕੀਤੀ ਇਨਸਾਫ ਦੀ ਦੇਵੀ ਵੱਲ ਝਾਕਣ ਦੀ ਲੋੜ ਨਹੀਂ ਸਮਝਦੇ। ਪਿੱਛੇ ਜਿਹੇ ਇਹ ਗੱਲ ਚੱਲ ਪਈ ਸੀ ਕਿ ਇਨਸਾਫ ਦੀ ਦੇਵੀ ਦੀਆਂ ਅੱਖਾਂ ਉੱਤੋਂ ਪੱਟੀ ਖੋਲ੍ਹ ਦਿੱਤੀ ਜਾਵੇ ਤਾਂ ਕਿ ਇਨਸਾਫ ਹੋਣ ਅਤੇ ਨਾ ਹੋਣ ਦੇ ਵਕਤ ਸਾਹਮਣੇ ਖੜ੍ਹੀਆਂ ਧਿਰਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਜ਼ਮੀਰ ਜਗਾ ਸਕੇ, ਪਰ ਇਹ ਗੱਲ ਸਿਰੇ ਨਹੀਂ ਸੀ ਚੜ੍ਹੀ, ਸ਼ਾਇਦ ਇਸ ਲਈ ਕਿ ਇੰਨੀ ਕੁ ਸ਼ਰਮ ਦਾ ਓਹਲਾ ਤਾਂ ਹਾਲ ਦੀ ਘੜੀ ਰੱਖ ਹੀ ਲੈਣਾ ਚਾਹੀਦਾ ਹੈ। ਕਿਸੇ ਦਿਨ ਇਹ ਕੰਮ ਇਸ ਦੇਸ਼ ਵਿੱਚ ਕਰ ਦਿੱਤਾ ਗਿਆ ਤਾਂ ਕੋਈ ਜਣਾ ਵੀ ਦੂਸਰੇ ਵੱਲ ਉਂਗਲ ਕਰਨ ਜੋਗਾ ਨਹੀਂ ਰਹੇਗਾ।
ਮਾਹੌਲ ਬੜਾ ਸੁਖਾਵਾਂ ਹੈ, ਪਰ ਇਹ ਇਸ ਦੇਸ਼ ਦੇ ਆਮ ਲੋਕਾਂ ਲਈ ਨਹੀਂ, ਸੁਖਾਵਾਂ ਦੇਸ਼ ਨੂੰ ਚੂੰਡਣ ਅਤੇ ਇਸਦੀ ਹੱਡੀ-ਬੋਟੀ ਰਿੜਕ ਕੇ ਮੁਨਾਫੇ ਦੀ ਹਵਸ ਪੂਰੀ ਕਰਨ ਵਾਲਿਆਂ ਨੂੰ ਹੈ। ਕਦੇ ਕੋਈ ਲਲਿਤ ਮੋਦੀ ਜਾਂ ਵਿਜੇ ਮਾਲਿਆ ਜਾਂ ਨੀਰਵ ਮੋਦੀ ਅਤੇ ਕਿਸੇ ਦਿਨ ਅਨਿਲ ਅੰਬਾਨੀ ਦਾ ਰੌਲਾ ਐਵੇਂ ਨਹੀਂ ਪੈਂਦਾ, ਕਮਾਈ ਲਈ ਆਪਸੀ ਖਹਿਬੜ ਵਿੱਚ ਇੱਕ ਦੂਸਰੇ ਨੂੰ ਲੁੱਟਣ ਦੇ ਮੁਕਾਬਲੇ ਤੋਂ ਇੰਜ ਬਾਹਰ ਸੁੱਟਣ ਦੀ ਲੜਾਈ ਹੁੰਦੀ ਹੈ, ਜਿੱਦਾਂ ਵਰਲਡ ਵਾਈਡ ਰੈਸਲਿੰਗ ਦੇ ਰਿੰਗ ਵਿੱਚ ਸਾਰੇ ਜਣੇ ਇਕੱਠੇ ਲੜੀ ਜਾਂਦੇ ਹਨ ਅਤੇ ਜਿਹੜਾ ਕੋਈ ਬਾਹਰ ਸੁੱਟਣਾ ਸੌਖਾ ਜਾਪਦਾ ਹੋਵੇ, ਇਕੱਠੇ ਜ਼ੋਰ ਲਾ ਕੇ ਸਾਰੇ ਉਸ ਨੂੰ ਇਸ ਲਈ ਬਾਹਰ ਸੁੱਟਣ ਦਾ ਕੰਮ ਕਰਦੇ ਹਨ, ਕਿਉਂਕਿ ਇਸ ਨਾਲ ਉਨ੍ਹਾਂ ਲਈ ਮੁਕਾਬਲੇ ਵਾਲੀ ਇੱਕ ਧਿਰ ਘਟ ਜਾਂਦੀ ਹੈ ਤੇ ਆਪਣੇ ਜਿੱਤਣ ਦੇ ਚਾਨਸ ਵਧ ਗਏ ਲਗਦੇ ਹਨ। ਅਨਿਲ ਅੰਬਾਨੀ ਦੇ ਖਿਲਾਫ ਇਸ ਵਕਤ ਜਿਹੜਾ ਮੁੱਦਾ ਚੁੱਕਿਆ ਗਿਆ ਹੈ, ਉਹ ਲੋਕਾਂ ਲਈ ਨਵਾਂ ਹੋਵੇਗਾ, ਸਰਮਾਏਦਾਰੀ ਦੀਆਂ ਦੁਕਾਨਾਂ ਚਲਾਉਣ ਵਾਲਿਆਂ ਅਤੇ ਉਨ੍ਹਾਂ ਦੇ ਕਰਿੰਦੇ ਬਣੇ ਅਫਸਰਾਂ ਨੂੰ ਪਿਛਲੇ ਕਈ ਸਾਲਾਂ ਤੋਂ ਪਤਾ ਸੀ ਕਿ ਅਗਲੇ ਸਾਲਾਂ ਵਿੱਚ ਆਹ ਕੰਮ ਵੀ ਹੋਣ ਵਾਲਾ ਹੈ। ਆਈ ਸੀ ਆਈ ਸੀ ਆਈ ਬੈਂਕ ਦੀ ਮੁਖੀ ਰਹਿ ਚੁੱਕੀ ਚੰਦਾ ਕੋਛੜ ਅਤੇ ਉਸਦੇ ਪਤੀ ਦਾ ਕਾਰੋਬਾਰ ਚਿਰਾਂ ਤੋਂ ਚਰਚਾ ਵਿੱਚ ਸੀ, ਜਿਹੜਾ ਸਿਸਟਮ ਅੱਜ ਤਕ ਪਰਦੇ ਪਾਉਂਦਾ ਤੇ ਉਸ ਨੂੰ ਬੇਕਸੂਰ ਦੱਸਦਾ ਰਿਹਾ, ਜਦੋਂ ਦੇਖਿਆ ਕਿ ਇਸ ਨੂੰ ਰੱਖਣ ਦਾ ਫਾਇਦਾ ਨਹੀਂ, ਉਦੋਂ ਅਚਾਨਕ ਉਸਦੇ ਖਿਲਾਫ ਮੁੰਬਈ ਦੇ ਸ਼ੇਅਰ ਬਜ਼ਾਰ ਦੇ ਸੰਚਾਲਕ ਵੀ ਅਤੇ ਸਰਕਾਰ ਦੇ ਅਗਵਾਨੂੰ ਵੀ ਹਰੀ ਝੰਡੀ ਦੇਣ ਲੱਗ ਪਏ। ਚੰਦਾ ਕੋਛੜ ਹਟਾਏ ਜਾਣ ਮਗਰੋਂ ਜਿਸ ਨੂੰ ਲਿਆਉਣਗੇ, ਉਸਨੇ ਗੰਗਾ ਇਸ਼ਨਾਨ ਕਰ ਕੇ ਸੱਚੇ ਰਾਹ ਚੱਲਣ ਦੀ ਸਹੁੰ ਖਾ ਕੇ ਕੁਰਸੀ ਨਹੀਂ ਮੱਲਣੀ, ਕਿਸੇ ਦੀ ਨੀਤ ਦੇ ਅੰਦਰਲੇ ਕਚਰੇ ਦਾ ਅਗੇਤਾ ਅੰਦਾਜ਼ਾ ਕੌਣ ਲਾ ਸਕਦਾ ਹੈ! ਦੇਸ਼ ਆਜ਼ਾਦ ਹੋਣ ਦੇ ਦਾਅਵੇ ਕੋਈ ਲੱਖ ਵਾਰ ਕਰੀ ਜਾਵੇ, ਸਰਮਾਏ ਦੇ ਦਲਾਲਾਂ ਦੇ ਨੱਕ ਵਿੱਚ ਨਕੇਲ ਪੈਣ ਤਕ ਆਜ਼ਾਦੀ ਮਿਲਣ ਦੇ ਅਰਥ ਕੋਈ ਨਹੀਂ ਰਹਿੰਦੇ ਤੇ ਇਹੋ ਅਰਥ ਆਮ ਲੋਕਾਂ ਦੀ ਸਮਝ ਦਾ ਹਿੱਸਾ ਨਾ ਬਣਨ ਦੇਣ ਲਈ ਸਰਮਾਏਦਾਰੀ ਦੇ ਧੂਤੂ ਹਰ ਦੋ-ਚਾਰ ਸਾਲਾਂ ਪਿੱਛੋਂ ਕਿਸੇ ਨਾ ਕਿਸੇ ਬਲੀ ਦੇ ਬੱਕਰੇ ਨੂੰ ਪੇਸ਼ ਕਰ ਕੇ ਭੁਚਲਾਉਂਦੇ ਰਹਿੰਦੇ ਹਨ। ਭਾਰਤ ਅੰਦਰ ਇਹ ਕੁਝ ਕਈ ਵਾਰੀ ਪਹਿਲਾਂ ਵਾਪਰਿਆ ਹੈ, ਕਈ ਵਾਰੀ ਭਵਿੱਖ ਵਿੱਚ ਵਾਪਰੇਗਾ ਅਤੇ ਸਮਾਂ ਨਿਕਲਣ ਮਗਰੋਂ ਦੇਸ਼ ਦੇ ਲੋਕਾਂ ਨੂੰ ਫਿਰ ਸਮਝ ਨਹੀਂ ਲੱਗ ਸਕਣੀ ਕਿ ਜਦੋਂ ਪਿੰਡ ਨੂੰ ਅੱਗ ਲੱਗੀ ਅਤੇ ਸਾਰੇ ਬੁਝਾਉਣ ਰੁੱਝੇ ਹੋਏ ਸਨ, ਉਦੋਂ ਚੋਰਾਂ ਦੀ ਧਾੜ ਚੋਰੀ ਕਰਨ ਰੁੱਝੀ ਹੋਈ ਸੀ। ਜੇ ਇਹ ਸਮਝ ਲੱਗ ਜਾਵੇ ਤਾਂ ਇਹ ਗੱਲ ਮਨ ਵਿੱਚ ਆ ਸਕਦੀ ਹੈ ਕਿ ਅੱਗ ਲੱਗੀ ਵੀ ਸੀ ਕਿ ਚੋਰੀਆਂ ਕਰਨ ਦੀ ਨੀਤ ਨਾਲ ਜਾਣਬੁੱਝ ਕੇ ਲਾਈ ਗਈ ਸੀ, ਤਾਂ ਕਿ ਲੋਕ ਅੱਗ ਬੁਝਾਉਣ ਵਿੱਚ ਰੁੱਝ ਜਾਣ ਤੇ ਚੋਰਾਂ ਦੀ ਧਾੜ ... ...।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (