“ਇਸ ਵਾਰੀ ਜਿਹੜੇ ਔਖੇ ਹਾਲਾਤ ਵਿੱਚ ਲੋਕਾਂ ਨੇ ਪੀੜਿਤਾਂ ਲਈ ਮਦਦ ਦਾ ਹੱਥ ਹਮੇਸ਼ਾ ਵਾਂਗ ਵਧਾਇਆ ...”
(19 ਸਤੰਬਰ 2025)
ਅਗਸਤ ਵਿੱਚ ਸ਼ੁਰੂ ਹੋ ਕੇ ਸਤੰਬਰ ਦਾ ਪਹਿਲਾ ਹਫਤਾ ਮੁੱਕ ਜਾਣ ਤਕ ਅਸੀਂ ਪੰਜਾਬ ਦੇ ਲੋਕਾਂ ਸਿਰ ਪਈ ਹੜ੍ਹ ਦੀ ਸਾੜ੍ਹਸਤੀ ਇੱਕ ਵਾਰ ਫਿਰ ਵੇਖੀ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਡਾ ਹੜ੍ਹ ਸ਼ਾਇਦ 1988 ਵਿੱਚ ਆਇਆ ਸੀ ਤਾਂ ਅਸੀਂ ਅਜੇ ਅਖਬਾਰ ਦੇ ਦਫਤਰ ਵਿੱਚ ਨਹੀਂ ਸੀ ਆਏ, ਹੜ੍ਹ ਰਾਹਤ ਵੰਡਦੀਆਂ ਟੀਮਾਂ ਨਾਲ ਕਈ ਪਿੰਡਾਂ ਵਿੱਚ ਗਏ ਸਾਂ ਤੇ ਉਦੋਂ ਦੇ ਹਾਲਾਤ ਦੀ ਦੁਖਦਾਈ ਤਸਵੀਰ ਅੱਜ ਤਕ ਅੱਖਾਂ ਅੱਗੋਂ ਨਹੀਂ ਹਟਦੀ। ਉਦੋਂ ਪੰਜਾਬ ਵਿੱਚ ਗਵਰਨਰੀ ਰਾਜ ਹੁੰਦਾ ਸੀ ਅਤੇ ਅਫਸਰਸ਼ਾਹੀ ਮਨ-ਮਰਜ਼ੀ ਮੁਤਾਬਕ ਕੰਮ ਕਰਦੀ ਸੀ, ਜਿਸਦਾ ਲਾਭ ਇਹ ਸੀ ਕਿ ਸਿਆਸੀ ਆਗੂਆਂ ਦਾ ਬਾਹਲਾ ਦਖਲ ਨਹੀਂ ਸੀ ਹੁੰਦਾ ਤੇ ਨੁਕਸਾਨ ਇਹ ਸੀ ਕਿ ਸਰਕਾਰੀ ਅਮਲਾ ਜਿੱਦਾਂ ਮਰਜ਼ੀ ਕਰਦਾ ਰਹੇ, ਕਿਸੇ ਦੀ ਬਹੁਤੀ ਪ੍ਰਵਾਹ ਨਹੀਂ ਸੀ ਕਰਦਾ। ਫਿਰ ਵੀ ਅੱਜ ਜਿੰਨਾ ਭ੍ਰਿਸ਼ਟਾਚਾਰ ਉਦੋਂ ਨਹੀਂ ਸੀ ਹੁੰਦਾ। ਪਾਣੀ ਦੀ ਮਾਰ ਉਦੋਂ ਅੱਜ ਜਿੰਨੀ ਨਹੀਂ ਸੀ ਪਈ, ਪਰ ਮੁਢਲਾ ਪੜਾਅ ਬੜਾ ਭਿਆਨਕ ਸੀ ਕਿ ਇੱਕ ਛੱਲ ਜਿਹੀ ਆਈ ਤਾਂ ਰਾਹ ਵਿੱਚ ਆਈ ਹਰ ਚੀਜ਼ ਰੁੜ੍ਹਦੇ ਜਾਣ ਦਾ ਖਤਰਾ ਬਣ ਗਿਆ। ਇਸ ਵਾਰ ਪਾਣੀ ਵੱਧ ਆਇਆ, ਪਰ ਇੱਕਦਮ ਛੱਲ ਆਉਣ ਦੀ ਥਾਂ ਕਈ ਦਿਨ ਲਗਾਤਾਰ ਪੰਜਾਬ ਦੇ ਹੜ੍ਹ ਮਾਰੇ ਇਲਾਕਿਆਂ ਵਿੱਚ ਮੀਂਹ ਵਰ੍ਹਦਾ ਰਿਹਾ ਅਤੇ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਵੀ ਲਗਾਤਾਰ ਮੀਂਹ ਪੈਣ ਅਤੇ ਬੱਦਲ ਫਟਣ ਨਾਲ ਵਗੇ ਵਹਿਣ ਪੰਜਾਬੀਆਂ ਵਾਸਤੇ ਮਾਝੇ, ਮਾਲਵੇ ਅਤੇ ਦੁਆਬੇ ਵਿੱਚ ਮੁਸੀਬਤਾਂ ਦਾ ਅੰਬਾਰ ਲੱਗ ਗਿਆ। ਭਾਖੜਾ ਡੈਮ ਉੱਛਲਦਾ ਦੇਖ ਕੇ ਇਸਦੇ ਫਲੱਡ ਗੇਟ ਖੋਲ੍ਹਣ ਦੀ ਨੌਬਤ ਵਾਰ-ਵਾਰ ਆਈ, ਪੌਂਗ ਡੈਮ ਵਾਲੇ ਗੇਟ ਕਈ ਵਾਰੀ ਖੋਲ੍ਹਣੇ ਪਏ, ਰਣਜੀਤ ਸਾਗਰ ਅਤੇ ਸ਼ਾਹਪੁਰ ਕੰਢੀ ਡੈਮ ਵਾਲੇ ਗੇਟ ਵੀ ਪਾਣੀ ਸੰਭਾਲਣ ਤੋਂ ਅਸਮਰੱਥ ਹੋਏ ਤਾਂ ਖੋਲ੍ਹਣੇ ਪਏ ਅਤੇ ਮਾਧੋਪੁਰ ਦੇ ਗੇਟ ਖੋਲ੍ਹਣ ਵੇਲੇ ਤਿੰਨ ਗੇਟ ਟੁੱਟ ਕੇ ਪਾਣੀ ਨਾਲ ਰੁੜ੍ਹ ਗਏ ਅਤੇ ਖੋਲ੍ਹਣ ਵਾਲਾ ਕਰਮਚਾਰੀ ਵੀ ਮਾਰਿਆ ਗਿਆ। ਚੰਡੀਗੜ੍ਹ ਵਿਚਲੀ ਸੁਖਨਾ ਗੇਟ ਦੇ ਫਲੱਡ ਗੇਟ ਵੀ ਕਈ ਵਾਰ ਖੋਲ੍ਹਣੇ ਪਏ ਤੇ ਪਹਿਲਾਂ ਸ਼ਾਂਤ ਹੋਇਆ ਰਿਹਾ ਘੱਗਰ ਦਰਿਆ ਵੀ ਹੜ੍ਹਾਂ ਦੀ ਮਾਰ ਦੇ ਸਿਖਰਲੇ ਦਿਨਾਂ ਵਿੱਚ ਇਹੋ ਜਿਹਾ ਉਛਾਲੇ ਵਿੱਚ ਆਇਆ ਕਿ ਕਈ ਦਿਨ ਫਿਰ ਇਸਦਾ ਪਾਣੀ ਹੇਠਾਂ ਨਹੀਂ ਗਿਆ। ਸਮੁੱਚੇ ਪੰਜਾਬ ਦੀ ਕੋਈ ਨੁੱਕਰ ਵੀ ਬਚੀ ਨਹੀਂ ਸੀ ਰਹਿ ਗਈ, ਜਿੱਧਰ ਕੁਦਰਤ ਦੀ ਇਸ ਵਾਰ ਦੀ ਕਰੋਪੀ ਦੀ ਮਾਰ ਨਹੀਂ ਸੀ ਪਈ।
ਸਾਨੂੰ ਆਪਣੇ ਵੱਲ ਆਏ ਇਨ੍ਹਾਂ ਹੜ੍ਹਾਂ ਦੀ ਹਾਲਤ ਵੱਧ ਦਿਸੀ, ਕਿਉਂਕਿ ਸਾਡੇ ਲੋਕ ਭੁਗਤ ਰਹੇ ਸਨ, ਪਰ ਨਾਲ ਦੇ ਰਾਜ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਫਿਰ ਦਿੱਲੀ ਵੀ ਬਚੀ ਨਹੀਂ ਰਹਿ ਸਕੀ। ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਇਸ ਵਾਰ ਜਿੰਨੀ ਵਾਰੀ ਬੱਦਲ ਪਾਟੇ, ਜਿਨ੍ਹਾਂ ਦਾ ਪਾਣੀ ਫਿਰ ਪੰਜਾਬ ਵੱਲ ਆਇਆ, ਸ਼ਾਇਦ ਹੀ ਪਹਿਲਾਂ ਕਦੇ ਪਾਟੇ ਹੋਣਗੇ ਤੇ ਹਰਿਆਣੇ ਵਿੱਚ ਚੜ੍ਹਦੇ ਪਾਸਿਉਂ ਯਮਨਾ ਦਰਿਆ ਦੀ ਮਾਰ, ਪੰਜਾਬ ਵੱਲੋਂ ਘੱਗਰ ਜਾਂ ਅੰਬਾਲੇ ਕੋਲੋਂ ਲੰਘਦੀ ਟਾਂਗਰੀ ਨਦੀ, ਸ਼ਾਹਬਾਦ ਨੇੜਲੀ ਮਾਰਕੰਡਾ ਨਦੀ ਅਤੇ ਹੋਰ ਕਈ ਨਦੀਆਂ ਦੇ ਉਛਾਲੇ ਨਾਲ ਇਸਦੇ ਕਈ ਸ਼ਹਿਰਾਂ ਦੀ ਹਾਲਾਤ ਵੀ ਤਰਸਯੋਗ ਬਣਦੀ ਗਈ। ਰਾਜਸਥਾਨ ਤਾਂ ਪਾਣੀ ਨੂੰ ਤਰਸਣ ਵਾਲਾ ਸੂਬਾ ਸਮਝਿਆ ਜਾਂਦਾ ਹੈ, ਇਸ ਵਾਰ ਕਈ ਥਾਂਈਂ ਇਸਦੇ ਲੋਕ ਵੀ ਹੜ੍ਹ ਦੀ ਮਾਰ ਹੇਠ ਆਏ ਅਤੇ ਗਵਾਂਢ ਪਾਕਿਸਤਾਨ ਦੇ ਲੋਕਾਂ ਦੀ ਜਿਹੜੀ ਬੁਰੀ ਹਾਲਤ ਹੋਈ, ਉਹ ਬਿਆਨ ਕਰਨੀ ਔਖੀ ਹੈ। ਹਾਲੇ ਕੁਝ ਹਫਤੇ ਪਹਿਲਾਂ ਤਕ ਜਿਹੜਾ ਦੇਸ਼ ਭਾਰਤ ਨਾਲ ਦਰਿਆਵਾਂ ਦੇ ਪਾਣੀ ਚੱਲਦੇ ਰੱਖਣ ਦੀ ਗੱਲਬਾਤ ਸ਼ੁਰੂ ਕਰਨ ਜਾਂ ਇਸ ਮੁੱਦੇ ਉੱਤੇ ਇੱਕ ਹੋਰ ਜੰਗ ਲੜਨ ਦੀਆਂ ਗੱਲਾਂ ਕਰਦਾ ਸੁਣ ਰਿਹਾ ਸੀ, ਭਾਰਤ ਤੋਂ ਗਏ ਦਰਿਆਵਾਂ ਦੇ ਪਾਣੀ ਨੇ ਡੋਬਣ ਲਾ ਛੱਡਿਆ। ਪੰਜਾਬ ਦੇ ਫਾਜ਼ਿਲਕਾ ਵੱਲ ਦਾ ਇਲਾਕਾ ਕਦੇ ਸੋਕੇ ਨਾਲ ਦੁਖੀ ਹੁੰਦਾ ਸੀ, ਸਤਾਈ-ਅਠਾਈ ਸਾਲ ਪਹਿਲਾਂ ਉੱਥੇ ਜਦੋਂ ਸੇਮ ਪਈ ਤਾਂ ਮੌਕੇ ਦੀ ਸਰਕਾਰ ਨੇ ਸੇਮ ਰੋਕਣ ਲਈ ਦੋ ਡਰੇਨਾਂ ਬਣਾ ਦਿੱਤੀਆਂ ਸਨ, ਪਰ ਇਸ ਵਾਰ ਉਨ੍ਹਾਂ ਡਰੇਨਾਂ ਨੇ ਵੀ ਤਬਾਹੀ ਮਚਾ ਦਿੱਤੀ, ਕਿਉਂਕਿ ਡਰੇਨਾਂ ਦਾ ਵਹਿਣ ਜਿੱਧਰ ਜਾਣਾ ਸੀ, ਉਸ ਪਾਸੇ ਜ਼ਮੀਨ ਉੱਚੀ ਹੋਣ ਕਾਰਨ ਜਾ ਨਹੀਂ ਸੀ ਸਕਦਾ। ਬਾਕੀ ਪੰਜਾਬ ਵਿੱਚ ਫਸਲਾਂ ਤਬਾਹ ਹੋ ਰਹੀਆਂ ਸਨ ਤਾਂ ਇਸ ਖੇਤਰ ਵਿੱਚ ਹਜ਼ਾਰਾਂ ਏਕੜ ਕਿੰਨੂ ਦੇ ਬਾਗ ਤਬਾਹ ਹੋ ਗਏ।
ਇੰਨਾ ਮਾੜਾ ਹਾਲ ਹੋਣ ਮਗਰੋਂ ਦੋ ਕੰਮ ਰਹਿ ਜਾਂਦੇ ਹਨ। ਇੱਕ ਹੜ੍ਹ ਵਾਲੀ ਪੀੜ ਘਟਾਉਣ ਲਈ ਮਨੁੱਖੀ ਦਰਦ ਨੂੰ ਸਮਝ ਕੇ ਸਰਕਾਰਾਂ ਵੀ ਤੇ ਸੰਸਥਾਵਾਂ ਵੀ ਹਰਕਤ ਵਿੱਚ ਆਉਣ। ਇਸ ਕੰਮ ਵਿੱਚ ਇਸ ਵਾਰੀ ਕੋਈ ਕਸਰ ਰਹਿੰਦੀ ਨਹੀਂ ਲੱਗੀ, ਆਮ ਲੋਕ ਵੀ ਪੰਜਾਬ ਵਿੱਚ ਹੋਣ ਜਾਂ ਵਿਦੇਸ਼ਾਂ ਵਿੱਚ ਅਤੇ ਪੰਜਾਬ ਸਰਕਾਰ ਅਤੇ ਧਾਰਮਿਕ ਸੰਸਥਾਵਾਂ ਵਿੱਚੋਂ ਵੀ ਬਹੁਤ ਸਾਰੀਆਂ ਵੇਲਾ ਖੁੰਝਾਏ ਬਿਨਾਂ ਪੀੜਿਤਾਂ ਦੀ ਮਦਦ ਲਈ ਬਹੁੜੀਆਂ। ਪਰ ਰਾਜਸੀ ਲੀਡਰਾਂ ਨੇ ਇਸ ਕੰਮ ਵਿੱਚ ਉੰਨਾ ਹੱਥ ਨਹੀਂ ਵਟਾਇਆ, ਜਿੰਨੀ ਇਸ ਦਰਦ ਨੂੰ ਰਾਜਨੀਤੀ ਲਈ ਵਰਤਣ ਦੀ ਵਾਹ ਲਾਈ। ਅਸੀਂ ਉਨ੍ਹਾਂ ਦਾ ਕਸੂਰ ਨਹੀਂ ਕੱਢਦੇ, ਜੇ ਉਨ੍ਹਾਂ ਦੀ ਸਰਕਾਰ ਹੁੰਦੀ ਤੇ ਜਿਹੜੇ ਅੱਜ ਰਾਜ ਕਰਦੇ ਹਨ, ਜੇ ਉਹ ਵਿਰੋਧੀ ਧਿਰ ਵਿੱਚ ਬੈਠਦੇ ਹੁੰਦੇ ਤਾਂ ਸ਼ਾਇਦ ਹਾਲਾਤ ਅੱਜ ਤੋਂ ਉਲਟ ਤਸਵੀਰ ਵੀ ਪੇਸ਼ ਕਰ ਰਹੇ ਹੁੰਦੇ। ਕੇਂਦਰ ਸਰਕਾਰ ਵੀ ਜਿੰਨੀ ਮਦਦ ਕਰ ਸਕਦੀ ਸੀ, ਉਸਨੇ ਕਰਨ ਦੇ ਦਾਅਵੇ ਬੜੇ ਕੀਤੇ, ਪਰ ਬਾਂਹ ਪੰਜਾਬ ਦੀ ਓਨੀ ਨਹੀਂ ਫੜੀ, ਜਿੰਨੀ ਫੜਨ ਦੀ ਆਸ ਸੀ। ਚੰਗੀ ਗੱਲ ਇਹ ਹੋਈ ਕਿ ਹਰਿਆਣੇ ਅਤੇ ਰਾਜਸਥਾਨ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨਾਲ ਖੜ੍ਹੇ ਹੋਣ ਵਿੱਚ ਕੋਈ ਕਸਰ ਨਹੀਂ ਛੱਡੀ, ਸਾਰਾ ਤਾਣ ਲਾ ਕੇ ਕਤਾਰਾਂ ਬੰਨ੍ਹ ਕੇ ਪੁੱਜੇ। ਜਿਹੜੇ ਥਾਂ ਕੋਈ ਬੰਨ੍ਹ ਟੁੱਟਣ ਦਾ ਖਤਰਾ ਸੁਣਿਆ ਸੀ, ਉਨ੍ਹਾਂ ਨੇ ਹੋਰ ਮਦਦ ਦੇ ਨਾਲ ਆਪਣੇ ਘਰਾਂ ਤੋਂ ਮਿੱਟੀ ਦੀਆਂ ਬੋਰੀਆਂ ਭਰ-ਭਰ ਟਰਾਲੀਆਂ ਲਿਆਂਦੀਆਂ ਅਤੇ ਵਹਿੰਦੇ ਦਰਿਆ ਰੋਕਣ ਵਾਸਤੇ ਪੰਜਾਬ ਦੇ ਲੋਕਾਂ ਨਾਲ ਆਪਣਾ ਪਸੀਨਾ ਵੀ ਵਗਾਇਆ। ਉਹ ਟਰਾਲੀਆਂ ਵਿੱਚ ਹੜ੍ਹ ਪੀੜਿਤਾਂ ਦੇ ਪਸ਼ੂਆਂ ਵਾਸਤੇ ਚਾਰਾ ਵੀ ਲਈ ਆਉਂਦੇ ਦਿਸਦੇ ਸਨ ਤੇ ਇਸੇ ਰੌਂ ਨੂੰ ਦੇਖਦਿਆਂ ਹਰਿਆਣੇ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਸਰਕਾਰਾਂ ਨੇ ਵੀ ਪੰਜਾਬ ਲਈ ਸਹਾਇਤਾ ਸਮੱਗਰੀ ਅਤੇ ਮਾਇਕ ਮਦਦ ਲਗਾਤਾਰ ਭੇਜਣੀ ਜਾਰੀ ਰੱਖੀ।
ਜਦੋਂ ਪ੍ਰਭਾਵਤ ਇਲਾਕਿਆਂ ਵਿੱਚ ਪਾਣੀ ਉੱਤਰਨਾ ਸ਼ੁਰੂ ਹੋ ਚੁੱਕਾ ਹੈ, ਸਰਕਾਰ ਨੇ ਮਦਦ ਕਰਨ ਦੇ ਬਹੁਤ ਸਾਰੇ ਐਲਾਨ ਰਾਜ ਪੱਧਰ ਦੇ ਵੀ ਕੀਤੇ ਹਨ ਤੇ ਕੇਂਦਰ ਸਰਕਾਰ ਵੱਲੋਂ ਵੀ ਆਏ ਹਨ, ਪਰ ਦੋਵਾਂ ਦੀ ਮਦਦ ਦੇ ਅੰਕੜੇ ਬਾਰੇ ਰੇੜਕਾ ਵੀ ਨਾਲ ਹੀ ਪੈ ਗਿਆ ਹੈ। ਰੇੜਕੇ ਦਾ ਕਾਰਨ ਇੱਥੇ ਦੌਰਾ ਕਰਨ ਆਏ ਪ੍ਰਧਾਨ ਮੰਤਰੀ ਵੱਲੋਂ ਸਹਾਇਤਾ ਰਕਮ ਦੇ ਐਲਾਨ ਦੇ ਬਾਅਦ ਪੰਜਾਬ ਕੋਲ ਪਏ ਕੁਦਰਤੀ ਆਫਤ ਫੰਡ ਵਰਤਣ ਦੀ ਹਦਾਇਤ ਤੋਂ ਸ਼ੁਰੂ ਹੋਇਆ, ਜਿਸ ਨੂੰ ਵਿਰੋਧੀ ਪਾਰਟੀਆਂ ਨੇ ਮੁੱਦਾ ਬਣਾ ਕੇ ਇਸਦਾ ਹਿਸਾਬ ਮੰਗਣ ਦਾ ਰਾਗ ਕੁਵੇਲੇ ਛੋਹਿਆ ਤਾਂ ਰਾਜ ਸਰਕਾਰ ਨੇ ਇਸਦੇ ਜਵਾਬ ਵਿੱਚ ਅੰਕੜੇ ਪੇਸ਼ ਕਰ ਕੇ ਦੱਸ ਦਿੱਤਾ ਕਿ ਕੇਂਦਰ ਸਰਕਾਰ ਠੀਕ ਨਹੀਂ ਕਹਿੰਦੀ। ਦੂਸਰੀ ਗੱਲ, ਦਰਿਆਵਾਂ ਵਿੱਚੋਂ ਹੁੰਦੀ ਨਾਜਾਇਜ਼ ਮਾਈਨਿੰਗ ਵੀ ਮੁੱਦਾ ਬਣੀ ਅਤੇ ਮੌਕੇ ਦੀ ਸਰਕਾਰ ਨੂੰ ਵਿਰੋਧੀ ਧਿਰਾਂ ਘੇਰਨ ਲੱਗੀਆਂ ਤਾਂ ਇਹ ਗੱਲ ਮੋਹਰੇ ਆ ਗਈ ਕਿ ਉਨ੍ਹਾਂ ਦੇ ਆਪਣੇ ਰਾਜ ਦੇ ਦੌਰਾਨ ਕੀ ਹੁੰਦਾ ਸੀ! ਕੁਝ ਦਿਨ ਇਸ ਗੱਲ ਦੀ ਬਹਿਸ ਚੱਲਣ ਪਿੱਛੋਂ ਸਾਰੀਆਂ ਧਿਰਾਂ ਇਸ ਮਾਮਲੇ ਵਿੱਚ ਗੁਨਾਹਗਾਰ ਹੋਣ ਕਾਰਨ ਚੁੱਪ ਹੋ ਗਈਆਂ। ਇੰਨਾ ਕੁਝ ਹੋਣ ਪਿੱਛੋਂ ਪੀੜਿਤਾਂ ਦੇ ਮੁੜ ਵਸੇਬੇ ਦਾ ਉਹ ਸਵਾਲ ਸਿਰ ਚੁੱਕ ਖੜੋਤਾ, ਜਿਹੜਾ ਸਭ ਤੋਂ ਪਹਿਲਾ ਅਤੇ ਪ੍ਰਮੁੱਖ ਸਵਾਲ ਹੋਣਾ ਚਾਹੀਦਾ ਸੀ।
ਸਾਡੀ ਆਹ ਲਿਖਤ ਲਿਖਣ ਵੇਲੇ ਤਕ ਅਜੇ ਕਈ ਥਾਂਈਂ ਇੰਨਾ ਪਾਣੀ ਖੜ੍ਹਾ ਹੈ ਕਿ ਪੈਦਲ ਉੱਥੇ ਜਾਇਆ ਨਹੀਂ ਜਾ ਸਕਦਾ ਅਤੇ ਪਾਣੀ ਥੋੜ੍ਹਾ ਹੋਣ ਕਾਰਨ ਕਿਸ਼ਤੀ ਉੱਥੇ ਜਾ ਨਹੀਂ ਸਕਦੀ। ਇੱਦਾਂ ਦੇ ਹਾਲਾਤ ਵਿੱਚ ਜਿਨ੍ਹਾਂ ਨੂੰ ਮਦਦ ਦੀ ਸਭ ਤੋਂ ਵੱਧ ਲੋੜ ਹੈ, ਉਹ ਪਤਾ ਨਹੀਂ ਕਿੱਦਾਂ ਦਿਨ-ਰਾਤ ਕੱਟਦੇ ਹੋਣਗੇ ਤੇ ਪਾਣੀ ਵਾਲੇ ਖੇਤਰ ਦੀ ਹੱਦ ਮੁੱਕਦੇ ਸਾਰ ਜਿੱਥੇ ਮਦਦ ਵਾਲੀਆਂ ਸੰਸਥਾਵਾਂ ਟਰਾਲੀਆਂ ਅਤੇ ਟਰੱਕ ਲੈ ਕੇ ਪਹੁੰਚਦੀਆਂ ਹਨ, ਉੱਥੇ ਇਹੋ ਜਿਹੇ ਲੋਕਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ, ਜਿਨ੍ਹਾਂ ਦਾ ਕੋਈ ਨੁਕਸਾਨ ਹੀ ਨਹੀਂ ਹੋਇਆ। ਉਹ ਆਪਣੇ ਆਪ ਨੂੰ ਹੜ੍ਹ ਪੀੜਿਤ ਦੱਸ ਕੇ ਕੱਪੜੇ-ਲੱਤੇ, ਖਾਣ-ਪੀਣ ਅਤੇ ਮਾਇਕ ਸਮੱਗਰੀ ਲੈਂਦੇ ਹਨ ਅਤੇ ਘਰ ਛੱਡ ਕੇ ਫਿਰ ਲਾਈਨ ਵਿੱਚ ਆ ਖੜੋਂਦੇ ਹਨ। ਕੋਈ ਬਾਹਰੋਂ ਆਇਆ ਮਦਦਗਾਰ ਇਨ੍ਹਾਂ ਠੱਗਾਂ ਨੂੰ ਪਛਾਣ ਨਹੀਂ ਸਕਦਾ ਤੇ ਇਹ ਹਾਲਾਤ ਦਾ ਲਾਹਾ ਲੈਣ ਦੇ ਨਾਲ ਪੀੜਿਤਾਂ ਦਾ ਹੱਕ ਮਾਰਨ ਦਾ ਉਹ ਪਾਪ ਕਰ ਰਹੇ ਹਨ, ਜਿਹੜਾ ਬਖਸ਼ਣ ਵਾਲਾ ਨਹੀਂ। ਇਸ ਨੂੰ ਸਿਰਫ ਉਹ ਪ੍ਰਸ਼ਾਸਨ ਰੋਕ ਸਕਦਾ ਹੈ, ਜਿਹੜਾ ਇਸ ਵੱਲੋਂ ਲਾਪ੍ਰਵਾਹ ਹੋਇਆ ਪਿਆ ਹੈ। ਹਾਲੇ ਜਦੋਂ ਸਰਕਾਰ ਨੇ ਗਿਰਦਾਵਰੀ ਕਰਵਾਉਣੀ ਅਤੇ ਖਰਾਬੇ ਦੇ ਚੈੱਕ ਵੰਡਣ ਜਾਂ ਪੀੜਿਤਾਂ ਦੇ ਖਾਤੇ ਵਿੱਚ ਸਿੱਧੇ ਪੈਸੇ ਭੇਜਣ ਦਾ ਕੰਮ ਕਰਨਾ ਹੈ, ਮਾਲ ਵਿਭਾਗ ਦੇ ਅਫਸਰਾਂ ਅਤੇ ਉਨ੍ਹਾਂ ਨਾਲ ਅੱਖ ਮਿਲੀ ਵਾਲੇ ਲੋਕਾਂ ਨੇ ਉਦੋਂ ਵੀ ਸੰਨ੍ਹ ਲਾਉਣੀ ਹੈ। ਨਤੀਜਾ ਫਿਰ ਉਹ ਹੀ ਨਿਕਲੇਗਾ, ਜਿਹੜਾ ਅੰਗਰੇਜ਼ਾਂ ਦੇ ਜਾਣ ਵੇਲੇ, ਦਿੱਲੀ ਦੇ ਕਤਲੇਆਮ ਦੇ ਬਾਅਦ ਅਤੇ ਹੋਰ ਮੌਕਿਆਂ ਉੱਤੇ ਨਿਕਲਿਆ ਸੀ। ਦੇਸ਼ ਦੀ ਵੰਡ ਵੇਲੇ ਜਿਹੜੇ ਲੋਕਾਂ ਦੇ ਪਰਿਵਾਰ ਤਬਾਹ ਹੋ ਗਏ, ਮਿਹਨਤ ਨਾਲ ਬਣਾਈਆਂ ਜ਼ਮੀਨਾਂ-ਜਾਇਦਾਦਾਂ ਉੱਧਰ ਰਹਿ ਗਈਆਂ ਅਤੇ ਦਿੱਲੀ ਵਿੱਚ ਜਿਨ੍ਹਾਂ ਦੇ ਘਰਾਂ ਦੇ ਜੀਅ ਮਾਰੇ ਗਏ ਅਤੇ ਘਰ ਸਾੜੇ ਗਏ, ਉਨ੍ਹਾਂ ਵਿੱਚੋਂ ਬਹੁਤੇ ਪੀੜਿਤ ਲੋਕ ਸਦਮੇ ਦੀ ਮਾਰ ਹੇਠ ਮੂੰਹੋਂ ਬੋਲ ਨਹੀਂ ਸਨ ਰਹੇ ਤੇ ਜਾਅਲੀ ਪੀੜਿਤਾਂ ਦਾ ਦੋਵੇਂ ਵਾਰੀ ਦਾਅ ਲੱਗ ਗਿਆ ਸੀ। ਇਸ ਵਾਰੀ ਹੜ੍ਹ ਮਾਰੇ ਅਸਲ ਪੀੜਿਤ ਅਜੇ ਪਾਣੀ ਵਿਚਾਲੇ ਬੈਠੇ ਹਨ, ਜਦੋਂ ਤਕ ਉਹ ਉੱਥੋਂ ਬਚ ਕੇ ਕਿਸੇ ਤਣ-ਪੱਤਣ ਲੱਗ ਸਕਣਗੇ, ਗਿਰਦਾਵਰੀਆਂ ਅਤੇ ਸਹਾਇਤਾ ਦਾ ਪਹਿਲਾ ਸਦਭਾਵਨਾ ਦੌਰ ਉਸ ਵੇਲੇ ਤਕ ਗੁਜ਼ਰ ਚੁੱਕਾ ਹੋਵੇਗਾ, ਉਸ ਦੌਰ ਦੌਰਾਨ ਬਣੇ-ਬਣਾਏ ਸੰਬੰਧਾਂ ਵਾਲੇ ਟੋਲੇ ਅਗਲੇ ਦੌਰ ਦੀ ਮਾਰ ਲਈ ਗਰੁੱਪਬੰਦੀ ਕਰ ਚੁੱਕੇ ਹੋਣਗੇ। ਸਿੱਟਾ ਫਿਰ ਪੀੜਿਤਾਂ ਲਈ ਘੱਟ ਮਦਦ ਅਤੇ ਉਨ੍ਹਾਂ ਦੇ ਨਾਂਅ ਉੱਤੇ ਆਪਣੇ ਘਰ ਭਰਨ ਵਾਲਿਆਂ ਲਈ ਸਭ ਕਸਰਾਂ ਕੱਢਣ ਵਾਲਾ ਵੱਧ ਹੋਵੇਗਾ। ਪ੍ਰਸ਼ਾਸਨ ਨੂੰ ਇਸ ਸ਼ੱਕ ਦੀ ਪੇਸ਼ਬੰਦੀ ਕਰ ਕੇ ਇਹ ਕੁਝ ਰੋਕਣ ਅਤੇ ਹਕੀਕੀ ਪੀੜਿਤਾਂ ਦੀ ਮਦਦ ਲਈ ਅਗੇਤੇ ਪ੍ਰਬੰਧ ਕਰਨੇ ਚਾਹੀਦੇ ਹਨ।
ਰਹੀ ਗੱਲ ਸਾਡੇ ਲੋਕਾਂ ਦੀ ਮਨੁੱਖੀ ਭਾਵਨਾ ਦੀ, ਇਸ ਵਾਰੀ ਜਿਹੜੇ ਔਖੇ ਹਾਲਾਤ ਵਿੱਚ ਲੋਕਾਂ ਨੇ ਪੀੜਿਤਾਂ ਲਈ ਮਦਦ ਦਾ ਹੱਥ ਹਮੇਸ਼ਾ ਵਾਂਗ ਵਧਾਇਆ ਹੈ, ਵਿਦੇਸ਼ ਬੈਠੇ ਜਿਹੜੇ ਲੋਕ ਪੰਜਾਬ ਨਹੀਂ ਆ ਸਕਦੇ, ਪੀੜਿਤਾਂ ਵਾਸਤੇ ਉੱਥੋਂ ਬਣਦਾ-ਸਰਦਾ ਹਿੱਸਾ ਪਾਉਣ ਵਾਸਤੇ ਕੋਈ ਕਸਰ ਨਹੀਂ ਰੱਖੀ, ਉਨ੍ਹਾਂ ਸਭ ਦਾ ਧੰਨਵਾਦ ਕਰਨਾ ਬਣਦਾ ਹੈ। ਪੰਜਾਬ ਨੇ ਯੁੱਗਾਂ ਤਕ ਇੱਦਾਂ ਦੀਆਂ ਸੱਟਾਂ ਕਈ ਵਾਰ ਖਾਧੀਆਂ, ਜਿਹੜੀਆਂ ਕੁਦਰਤ ਦੀ ਮਾਰ ਵਾਲੀਆਂ ਵੀ ਸਨ, ਵਿਦੇਸ਼ ਤੋਂ ਆਏ ਧਾੜਵੀਆਂ ਦੇ ਹੱਲੇ ਵੀ ਸਨ ਅਤੇ ਆਪਣੇ ਮੁਲਕ ਅੰਦਰੋਂ ਉੱਠਦੇ ਫਿਰਕੂ ਭਾਂਬੜਾਂ ਦੀਆਂ ਵੀ ਸਨ, ਪਰ ਇਹ ਕਦੇ ਹਾਰ ਨਹੀਂ ਮੰਨਿਆ, ਸੱਟਾਂ-ਠੇਡੇ ਖਾਂਦਾ ਫਿਰ ਪੈਰਾਂ ਸਿਰ ਖੜ੍ਹਾ ਹੋ ਜਾਂਦਾ ਰਿਹਾ ਹੈ। ਇਸ ਵਾਰ ਦੀ ਮਾਰ ਬਹੁਤ ਵੱਡੀ ਹੋਣ ਦੇ ਬਾਵਜੂਦ ਸਾਨੂੰ ਯਕੀਨ ਹੈ ਕਿ ਪੰਜਾਬੀਅਤ ਹਾਰਨ ਵਾਲੀ ਨਹੀਂ, ਇਹ ਫਿਰ ਉੱਠੇਗੀ ਅਤੇ ਦੁਨੀਆ ਸਾਹਮਣੇ ਮਿਸਾਲ ਬਣ ਖੜੋਵੇਗੀ ਕਿ ਮੁਸ਼ਕਲਾਂ ਨਾਲ ਸਿੱਝਣਾ ਹੋਵੇ ਤਾਂ ਇੱਦਾਂ ਸਿੱਝਿਆ ਜਾਂਦਾ ਹੈ। ਇਹ ਜ਼ਿੰਦਾਦਿਲੀ ਦੀ ਮਿਸਾਲ, ਸਿਦਕ ਅਤੇ ਸਬਰ ਦੀ ਮਿਸਾਲ ਪੰਜਾਬੀਅਤ ਦਾ ਸਭ ਤੋਂ ਵੱਡਾ ਗਹਿਣਾ ਹੈ, ਜਿਸ ਨੂੰ ਸੰਭਾਲਣ ਅਤੇ ਭਵਿੱਖ ਵਿੱਚ ਹੋਰ ਪ੍ਰਫੁੱਲਤ ਕਰਨ ਦੀ ਲੋੜ ਹੈ। ਨਵ-ਉਸਾਰੀ ਦੇ ਦੌਰ ਵਿੱਚ ਪੰਜਾਬ ਦੇ ਲੋਕ ਯਕੀਨਨ ਇਹ ਸਾਰਾ ਕੁਝ ਕਰ ਵਿਖਾਉਣਗੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (