“ਭਵਿੱਖ ਅਚਾਨਕ ਸੱਟ ਮਾਰਨ ਦੀ ਥਾਂ ਅਗੇਤੇ ਸੰਕੇਤ ਦਿੰਦਾ ਹੁੰਦਾ ਹੈ ਅਤੇ ਇਸ ਵਕਤ ਵੀ ਉਹ ...”
(20 ਅਗਸਤ 2025)
ਇਹ ਗੱਲ ਬਹੁਤ ਸਾਰੇ ਲੋਕ ਕਹਿੰਦੇ ਸੁਣੇ ਹਨ ਕਿ ਪੰਜਾਬ ਦੀ ਸਰਕਾਰ ਚਲਾਉਂਦੇ ਸਮੇਂ ਆਮ ਆਦਮੀ ਪਾਰਟੀ ਦੇ ਆਪਣੇ ਅੰਦਰ ਉਹੋ ਜਿਹੇ ਬਥੇਰੇ ਐਬ ਆਣ ਵੜੇ ਹਨ, ਜਿਨ੍ਹਾਂ ਵਿਰੁੱਧ ਲੜਨ ਦਾ ਨਾਅਰਾ ਲਾਉਣ ਤੇ ਵਾਅਦਾ ਕਰਨ ਪਿੱਛੋਂ ਇਸ ਨੂੰ ਰਾਜ ਦੀ ਸੱਤਾ ਨਸੀਬ ਹੋਈ ਸੀ। ਜਦੋਂ ਜਨਤਾ ਜਨਾਰਧਨ ਵਿੱਚੋਂ ਇਹੋ ਜਿਹੀ ਕੋਈ ਆਵਾਜ਼ ਆਉਂਦੀ ਹੈ ਤਾਂ ਇਸ ਨੂੰ ਸੁਣਨਾ ਅਤੇ ਆਪਣੇ ਆਪ ਨੂੰ ਸਿੱਧੇ ਰਾਹ ਲਿਆਉਣਾ ਜਾਂ ਫਿਰ ਇਸਦੇ ਸਿੱਟੇ ਭੁਗਤਣ ਲਈ ਤਿਆਰ ਹੋਣਾ ਸੰਬੰਧਤ ਧਿਰ ਦਾ ਕੰਮ ਹੁੰਦਾ ਹੈ। ਅਸੀਂ ਇਸ ਬਾਰੇ ਕਿਹਾ ਵੀ ਤਾਂ ਸਮਝਾਉਣ ਵਾਲੀ ਤੂਤੀ ਦੀ ਆਵਾਜ਼ ਨਗਾਰਖਾਨੇ ਵਿੱਚ ਕਿਸੇ ਨੇ ਸੁਣਨੀ ਨਹੀਂ ਅਤੇ ਰਹੀ ਆਮ ਲੋਕਾਂ ਦੀ ਗੱਲ, ਉਨ੍ਹਾਂ ਨੂੰ ਦੱਸਣ ਦੇ ਯਤਨ ਕਰਨ ਦੀ ਇਸ ਲਈ ਲੋੜ ਨਹੀਂ ਕਿ ਉਹ ਕਿਸੇ ਦੇ ਦੱਸਣ ਤੋਂ ਵੱਧ ਆਪਣੇ ਹੱਡੀਂ ਹੰਢਾਏ ਤਜਰਬੇ ਤੋਂ ਸਿੱਖ ਸਕਦੇ ਹਨ। ਪੰਜਾਬ ਦੀ ਸਰਕਾਰ ਜਿੱਦਾਂ ਚਲਦੀ ਹੈ, ਇਸ ਨੂੰ ਠੀਕ ਜਾਂ ਗਲਤ ਕਹਿਣ ਉੱਤੇ ਖਪਣ ਦੀ ਥਾਂ ਦੇਖਣ ਵਾਲੀ ਗੱਲ ਹੈ ਕਿ ਜਦੋਂ ਕਿਸੇ ਰਾਜ ਵਿੱਚ ਇਹ ਹਾਲਾਤ ਬਣ ਜਾਣ, ਉਦੋਂ ਆਮ ਲੋਕ ਉੱਥੇ ਸਰਕਾਰ ਚਲਾ ਰਹੀ ਧਿਰ ਵੱਲ ਵੇਖਣਾ ਛੱਡ ਕੇ ਵਿਰੋਧੀ ਧਿਰ ਵੱਲ ਦੇਖਣ ਲਗਦੇ ਹਨ, ਪਰ ਵਿਰੋਧ ਦੀ ਧਿਰ ਵੀ ਤਾਂ ਕੋਈ ਸਾਹਮਣੇ ਹੋਣੀ ਚਾਹੀਦੀ ਹੈ। ਇੱਥੇ ਉਹ ਵੀ ਕਿਤੇ ਰੜਕਦੀ ਨਹੀਂ।
ਪਿਛਲੇ ਦਿਨੀਂ ਜਦੋਂ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਹੋ ਰਹੀ ਸੀ ਤਾਂ ਇੱਕ ਵਿਦਵਾਨ ਬੰਦੇ ਨੇ ਸਾਨੂੰ ਦੱਸਿਆ ਕਿ ਲੋਕ ਉੱਥੇ ਆਮ ਕਰ ਕੇ ਸਰਕਾਰ ਦੇ ਖਿਲਾਫ ਹਨ ਅਤੇ ਇਹ ਸੀਟ ਆਮ ਆਦਮੀ ਪਾਰਟੀ ਦੇ ਪੱਲੇ ਨਮੋਸ਼ੀ ਪਾ ਸਕਦੀ ਹੈ। ਮੈਂ ਉਸ ਨੂੰ ਕਿਹਾ ਕਿ ਤੇਰੀ ਰਾਏ ਅੱਧੀ ਠੀਕ ਹੈ ਤੇ ਅੱਧੀ ਨਹੀਂ। ਨਤੀਜਾ ਸਰਕਾਰ ਦੇ ਖਿਲਾਫ ਨਹੀਂ ਜਾਣਾ, ਸੀਟ ਉਸਨੇ ਇਸ ਲਈ ਜਿੱਤ ਲੈਣੀ ਹੈ ਕਿ ਜਿਹੜੀ ਧਿਰ ਨਾਲ ਮੁਕਾਬਲਾ ਹੈ, ਉਨ੍ਹਾਂ ਦਾ ਘਰ ਪਾਟਾ ਹੋਇਆ ਹੈ ਤੇ ਇਕੱਠੇ ਹੋਣ ਬਿਨਾਂ ਜਿੱਤ ਨਹੀਂ ਸਕਦੇ। ਉਸਦੀ ਰਾਏ ਸੀ ਕਿ ਭਾਰਤੀ ਜਨਤਾ ਪਾਰਟੀ ਆਪਣਾ ਵੋਟ ਅਧਾਰ ਆਖਰੀ ਦਿਨਾਂ ਵਿੱਚ ਕਾਂਗਰਸ ਦੇ ਪੱਖ ਵਿੱਚ ਭੁਗਤਾ ਦੇਵੇਗੀ ਤਾਂ ਕਿ ਰਾਜ ਸਭਾ ਸੀਟ ਖਾਲੀ ਨਾ ਹੋ ਜਾਵੇ ਅਤੇ ਇਸ ਖਾਲੀ ਥਾਂ ਤੋਂ ਅਰਵਿੰਦ ਕੇਜਰੀਵਾਲ ਰਾਜ ਸਭਾ ਮੈਂਬਰ ਨਾ ਬਣ ਸਕੇ। ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਮੈਂ ਉਹਨੂੰ ਕਿਹਾ ਕਿ ਭਾਜਪਾ ਆਪਣੀ ਨੀਤੀ ਬਦਲ ਚੁੱਕੀ ਹੈ, ਕਿਉਂਕਿ ਉਸ ਨੂੰ ਸਮਝ ਪੈ ਗਈ ਹੈ ਕਿ ਕਾਂਗਰਸ ਜਿੱਤਣ ਦੇ ਮੂਡ ਵਿੱਚ ਜਦੋਂ ਨਹੀਂ ਤਾਂ ਆਪਣੀਆਂ ਵੋਟਾਂ ਆਪਣੇ ਬੰਦੇ ਨੂੰ ਇਸ ਲਈ ਪਾਈਆਂ ਜਾਣ ਕਿ ਅਗਲੀ ਚੋਣ ਦਾ ਪੜੁੱਲ ਬੰਨ੍ਹਣ ਵਿੱਚ ਕੁਝ ਮਦਦ ਮਿਲ ਸਕੇਗੀ। ਜਿਹੜੀ ਗੱਲ ਮੈਂ ਉਸ ਵਕਤ ਉਸ ਲੇਖਕ ਨੂੰ ਆਖੀ ਸੀ, ਉਹੋ ਅੱਜ ਆਪਣੇ ਪਾਠਕਾਂ ਨੂੰ ਕਹਿਣ ਲੱਗਾ ਹਾਂ।
ਕਿਸੇ ਵੀ ਲੋਕਤੰਤਰ ਲਈ ਬਹੁਤ ਜ਼ਰੂਰੀ ਸਮਝਿਆ ਜਾਂਦਾ ਹੈ ਕਿ ਉੱਥੇ ਵਿਰੋਧੀ ਧਿਰ ਮਜ਼ਬੂਤ ਅਤੇ ਪ੍ਰਭਾਵ ਪਾਉਣ ਜੋਗੀ ਅਕਲ ਦੀ ਮਾਲਕ ਹੋਵੇ ਤੇ ਇਹੋ ਗੱਲ ਇਸ ਵੇਲੇ ਪੰਜਾਬ ਵਿੱਚ ਦਿਸਦੀ ਨਹੀਂ। ਅੱਜ ਦੀ ਘੜੀ ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਵਿਧਾਨ ਸਭਾ ਵਿੱਚ ਵੀ ਅਤੇ ਜਨਤਕ ਮੈਦਾਨ ਵਿੱਚ ਵੀ ਕਾਂਗਰਸ ਪਾਰਟੀ ਹੈ, ਪਰ ਇਸ ਪਾਰਟੀ ਦੀ ਪੰਜਾਬ ਦੀ ਲੀਡਰਸ਼ਿੱਪ ਵੀ ਹਰਿਆਣੇ ਵਾਲਿਆਂ ਤੋਂ ਵੱਖਰੀ ਨਹੀਂ ਨਿਕਲਦੀ ਜਾਪਦੀ। ਹਰਿਆਣੇ ਵਿੱਚ ਜਿੱਤਣ ਦੀ ਹਾਲਤ ਬਣਨ ਦੇ ਬਾਅਦ ਪਿਛਲੇ ਸਾਲ ਇਹ ਇਸ ਲਈ ਹਾਰ ਗਏ ਸਨ ਕਿ ਆਪੋ ਆਪਣੀ ਸੀਟ ਜਿੱਤਣ ਦੀ ਬਜਾਏ ਹਰ ਉਸ ਲੀਡਰ ਦੀ ਸੀਟ ਹਰਾਉਣ ਦੇ ਕੰਮ ਲੱਗ ਗਏ ਸਨ, ਜਿਹੜਾ ਸਰਕਾਰ ਬਣਾਉਣ ਜਾਂ ਬਣ ਗਈ ਤਾਂ ਚਲਾਉਣ ਦੇ ਵਕਤ ਰਾਹ ਦਾ ਰੋੜਾ ਬਣ ਸਕਦਾ ਸੀ। ਪੰਜਾਬ ਵਿੱਚ ਇਸੇ ਚੁਸਤੀ ਨੇ 2007 ਅਤੇ ਫਿਰ 2012 ਵਿੱਚ ਕਾਂਗਰਸ ਨੂੰ ਜਿੱਤਣ ਨੇੜੇ ਪੁੱਜ ਕੇ ਵੀ ਜਿੱਤਣ ਨਹੀਂ ਸੀ ਦਿੱਤਾ। ਜਿਹੜਾ ਕੁਝ ਪੰਜਾਬ ਦੇ ਕਾਂਗਰਸੀਆਂ ਨੇ ਬੀਤੇ ਦਿਨੀਂ ਲੁਧਿਆਣੇ ਦੇ ਇੱਕ ਹਲਕੇ ਦੀ ਉਪ ਚੋਣ ਵਿੱਚ ਕੀਤਾ ਹੈ, ਉਨ੍ਹਾਂ ਦਾ ਉਮੀਦਵਾਰ ਆਪਣੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੁਧਿਆਣੇ ਦੇ ਜਿੱਤੇ ਹੋਏ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਬਹਿਣ ਨੂੰ ਤਿਆਰ ਨਹੀਂ ਸੀ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨਾਲ ਵੀ। ਚੋਣ ਹਾਰ ਜਾਣ ਪਿੱਛੋਂ ਵੀ ਨਾ ਕਾਂਗਰਸ ਦੀ ਹਾਈ ਕਮਾਨ ਇਨ੍ਹਾਂ ਨੂੰ ਇਕੱਠੇ ਕਰ ਸਕਣ ਵਿੱਚ ਸਫਲ ਹੋਈ ਅਤੇ ਨਾ ਇੱਕ ਸਾਲ ਲੰਘਣ ਮਗਰੋਂ ਵੀ ਹਰਿਆਣਾ ਵਿਧਾਨ ਸਭਾ ਵਿੱਚ ਆਪਣੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਆਗੂ ਦੀ ਚੋਣ ਕਰਨ ਜੋਗੀ ਹੋਈ ਹੈ। ਰਾਜ ਕਰਦੀ ਭਾਰਤੀ ਜਨਤਾ ਪਾਰਟੀ ਹਰਿਆਣੇ ਵਿੱਚ ਇਨ੍ਹਾਂ ਦਾ ਮਜ਼ਾਕ ਉਡਾਉਂਦੀ ਤੇ ਕਹਿੰਦੀ ਹੈ ਕਿ ਜਿਹੜੇ ਲੋਕ ਵਿਰੋਧੀ ਧਿਰ ਦਾ ਆਗੂ ਚੁਣਨ ਦੀ ਸਹਿਮਤੀ ਨਹੀਂ ਕਰ ਸਕਦੇ, ਰਾਜ ਦੀ ਕੀ ਸੇਵਾ ਕਰਨਗੇ, ਇਸੇ ਲਈ ਇਸ ਰਾਜ ਦੇ ਲੋਕ ਇਨ੍ਹਾਂ ਨੂੰ ਮੂੰਹ ਨਹੀਂ ਲਾਉਂਦੇ। ਪੰਜਾਬ ਦੇ ਕਾਂਗਰਸੀਆਂ ਬਾਰੇ ਵੀ ਭਵਿੱਖ ਵਿੱਚ ਆਮ ਲੋਕ ਜਦੋਂ ਇਹੋ ਕਹਿਣ ਲੱਗ ਪਏ ਤਾਂ ਅਗਲੀ ਚੋਣ ਕਾਮਯਾਬੀ ਨਾਲ ਇਹ ਕਿੱਦਾਂ ਲੜ ਲੈਣਗੇ?
ਜਿਹੜਾ ਅਕਾਲੀ ਦਲ ਵਿਰੋਧ ਦੀ ਦੂਸਰੀ ਧਿਰ ਹੁੰਦਾ ਸੀ, ਆਪਣੇ ਨਵੇਂ ਪ੍ਰਧਾਨ ਦੀ ਅਗਵਾਈ ਹੇਠ ਪਛੜ ਗਿਆ ਹੈ ਤੇ ਅਜੇ ਹੋਰ ਗੋਤੇ ਖਾਣ ਵਾਲੇ ਰਾਹ ਪਿਆ ਫਿਰਦਾ ਹੈ। ਪ੍ਰਧਾਨ ਤੋਂ ਅਵਾਜ਼ਾਰ ਹੋਏ ਆਗੂਆਂ ਦੀ ਢਾਣੀ ਇਕੱਠੇ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਬੇਨਤੀ ਕਰਨ ਪਹੁੰਚ ਗਈ ਤਾਂ ਲੋਕ ਸਮਝਦੇ ਸਨ ਕਿ ਹਾਲਾਤ ਮੋੜਾ ਕੱਟ ਲੈਣਗੇ, ਪਰ ਇਸਦਾ ਅਸਰ ਸਿਰਫ ਇੰਨਾ ਹੋਇਆ ਕਿ ਉੱਥੋਂ ਫੈਸਲਾ ਕਰਨ ਵਾਲੇ ਸਿੰਘ ਸਾਹਿਬਾਨ ਵਿੱਚੋਂ ਇੱਕ ਜਣਾ ਉਹ ਰੁਤਬਾ ਗੁਆ ਬੈਠਾ ਤੇ ਇਨ੍ਹਾਂ ਦੇ ਇੱਕ ਧੜੇ ਦੀ ਪ੍ਰਧਾਨਗੀ ਕਰਨ ਆ ਗਿਆ, ਹੋਰ ਕੋਈ ਖਾਸ ਗੱਲ ਹੋਈ ਹੀ ਨਹੀਂ। ਅਕਾਲੀਆਂ ਦਾ ਇਤਿਹਾਸ ਦੱਸਦਾ ਹੈ ਕਿ ਜਦੋਂ ਇਹ ਇਕੱਠੇ ਹੋਏ, ਉਦੋਂ ਵੀ ਇਕੱਲੇ ਜਿੱਤਣ ਜੋਗੇ ਇਹ ਕਦੇ ਨਹੀਂ ਸਨ ਹੋਏ, ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਕਤਲ ਦੇ ਬਾਅਦ ਦੀ ਸਥਿਤੀ ਨੇ ਇੱਕ ਵਾਰ ਜ਼ਰੂਰ ਜਿਤਾ ਦਿੱਤਾ ਸੀ ਅਤੇ ਅੱਗੋਂ ਵੀ ਅਕਾਲੀ ਆਗੂਆਂ ਦੀ ਇਹੋ ਜਿਹੀ ਕੋਸ਼ਿਸ਼ ਨਹੀਂ ਜਾਪਦੀ ਕਿ ਇਕੱਠੇ ਹੋਣਾ ਹੈ। ਇੱਕ ਧੜਾ ਆਪਣਾ ਅਧਾਰ ਗੁਆ ਚੁੱਕਾ ਹੈ, ਪਰ ਇਸ ਪਾਰਟੀ ਦੀਆਂ ਸਾਰੀਆਂ ਜਾਇਦਾਦਾਂ ਦਾ ਕਬਜ਼ਾ ਉਸ ਧੜੇ ਕੋਲ ਹੋਣ ਕਰ ਕੇ ਬਾਕੀ ਸਾਰਿਆਂ ਨੂੰ ਮਾਇਕ ਕਮਜ਼ੋਰੀ ਕਾਰਨ ਟੁੱਟੇ ਦਿਲ ਨਾਲ ਪਿੱਛੇ ਪਰਤਦੇ ਦੇਖਣ ਦੇ ਸੁਪਨੇ ਲੈਂਦਾ ਹੈ। ਦੂਸਰਾ ਧੜਾ ਜਨਤਕ ਵਹੀਰ ਆਪਣੇ ਨਾਲ ਜੁੜਦੀ ਹੋਣ ਦੇ ਸੁਪਨੇ ਲੈਂਦਾ ਹੋਇਆ ਮਾਇਆਧਾਰੀ ਧੜੇ ਨੂੰ ਆਪਣੇ ਵਿਹੜੇ ਵੜਦਾ ਦੇਖਣ ਦੀ ਉਡੀਕ ਵਿੱਚ ਹੈ। ਇਹ ਉਡੀਕ ਅਕਾਲੀਆਂ ਦੇ ਜਿਸ ਵੀ ਧੜੇ ਜਾਂ ਜਿਸ ਵੀ ਆਗੂ ਦੀ ਹੋਵੇ, ਲੋਕਾਂ ਨੂੰ ਇਸ ਨਾਲ ਮਤਲਬ ਨਹੀਂ, ਉਹ ਅਕਾਲੀ ਏਕੇ ਦੀ ਉਡੀਕ ਕਰਨ ਦੀ ਥਾਂ ਜਿਹੜੀ ਵੀ ਕੋਈ ਧਿਰ ਬਦਲ ਬਣ ਸਕਦੀ ਹੋਈ, ਉਸਦੇ ਨਾਲ ਜੁੜਨਾ ਸ਼ੁਰੂ ਕਰ ਦੇਣਗੇ ਤੇ ਇਹ ਗੱਲਾਂ ਚੱਲਣ ਲੱਗ ਪਈਆਂ ਹਨ ਕਿ ਇਨ੍ਹਾਂ ਦੋਵਾਂ ਧੜਿਆਂ ਦਾ ਕਾਡਰ ਹੌਲੀ-ਹੌਲੀ ਨਵੇਂ ਰਾਹ ਲੱਭਣ ਲੱਗ ਪਿਆ ਹੈ।
ਮੌਜੂਦਾ ਸਥਿਤੀ ਵਿੱਚ ਜੇ ਕੋਈ ਧਿਰ ਹੌਲੀ-ਹੌਲੀ ਆਪਣੇ ਪੈਰ ਅੱਗੇ ਵਧਣ ਦਾ ਦਾਅਵਾ ਜ਼ੋਰ ਨਾਲ ਕਰਦੀ ਹੈ ਤਾਂ ਉਹ ਭਾਜਪਾ ਹੈ। ਜਨਤਕ ਅਧਾਰ ਵਾਲੇ ਕਈ ਆਗੂ ਉਸ ਪਾਸੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ ਜਾਂ ਅਚਾਨਕ ਇੱਦਾਂ ਹੋਣ ਦਾ ਪ੍ਰਭਾਵ ਬਣਾਇਆ ਗਿਆ ਹੋਵੇ, ਪਰ ਇੱਕ ਖੇਤਰ ਤੋਂ ਇਹ ਹੁੰਦਾ ਸਾਫ ਦਿਸ ਰਿਹਾ ਹੈ। ਇੱਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਵੀਡੀਓ ਪਿਛਲੇ ਦਿਨੀਂ ਪੰਜਾਬ ਦੇ ਲੋਕਾਂ ਵਿੱਚ ਵਾਇਰਲ ਹੋਈ ਹੈ, ਜਿਸ ਵਿੱਚ ਉਹ ਆਰ ਐੱਸ ਐੱਸ ਦੇ ਮੁਖੀ ਸਾਹਮਣੇ ਇਸ ਤਰ੍ਹਾਂ ਬੋਲ ਰਿਹਾ ਹੈ, ਜਿਵੇਂ ਕਿਸੇ ਵਿਭਾਗ ਦੇ ਵੱਡੇ ਅਫਸਰ ਮੋਹਰੇ ਕੋਈ ਛੋਟਾ ਅਧਿਕਾਰੀ ਆਪਣੇ ਜ਼ਿੰਮੇ ਲੱਗੇ ਕੰਮਾਂ ਬਾਰੇ ਕੀਤੇ-ਅਣਕੀਤੇ ਦੀ ਰਿਪੋਰਟ ਪੇਸ਼ ਕਰਦਾ ਹੈ। ਬੜੇ ਲੋਕ ਹੈਰਾਨ ਹੋਏ ਸਨ ਕਿ ਇਹ ਕੀ ਹੋ ਰਿਹਾ ਹੈ, ਪਰ ਅਸੀਂ ਹੈਰਾਨ ਨਹੀਂ ਹੋਏ, ਕਿਉਂਕਿ ਇਹ ਵੀਡੀਓ ਬਾਹਰ ਜਦੋਂ ਹਾਲੇ ਨਹੀਂ ਆਈ ਸੀ, ਉਦੋਂ ਵੀ ਸਾਨੂੰ ਪਤਾ ਸੀ ਅਤੇ ਇਸ ਨਾਲੋਂ ਬੜਾ ਕੁਝ ਵੱਧ ਪਤਾ ਸੀ। ਇਹ ਬੁੱਧੀਜੀਵੀ ਲੋਕ ਜਿਸ ਪਾਰਟੀ ਦਾ ਪ੍ਰਭਾਵ ਵਧਦਾ ਦੇਖਦੇ ਹਨ, ਬਹੁਤਾ ਕਰ ਕੇ ਉਸੇ ਨਾਲ ਜੁੜਨ ਲਗਦੇ ਹਨ ਅਤੇ ਇਹੋ ਜਿਹਾ ਤਜਰਬਾ ਸਾਡੇ ਪੰਜਾਬ ਦੇ ਲੋਕਾਂ ਨੂੰ ਕਈ ਵਾਰ ਹੋ ਚੁੱਕਾ ਹੈ। ਅੱਜ ਤੋਂ ਪੰਜਾਹ ਕੁ ਸਾਲ ਪਹਿਲਾਂ ਤਕ ਜਦੋਂ ਖੱਬੇ ਪੱਖੀ ਧਿਰਾਂ ਤਾਕਤ ਵਾਲੀ ਹੈਸੀਅਤ ਹੁੰਦੀਆਂ ਸਨ, ਉਦੋਂ ਇੱਧਰ ਵੀ ਬੁੱਧੀਮਾਨ ਲੋਕ ਇੱਦਾਂ ਹੀ ਜੁੜਿਆ ਕਰਦੇ ਸਨ। ਬਹੁਤ ਸਾਰੇ ਵਿਦਵਾਨ ਕਹੇ ਜਾਂਦੇ ਜਾਂ ਸੱਚਮੁੱਚ ਦੇ ਵਿਦਵਾਨ, ਪਰ ਮੌਕਪ੍ਰਸਾਤੀ ਦੀ ਯੋਗਤਾ ਵਾਲੇ ਲੋਕ ਉੱਭਰਦੀ ਜਾਂ ਉੱਭਰ ਸਕਦੀ ਹਰ ਕਿਸੇ ਧਿਰ ਨਾਲ ਜੁੜ ਸਕਦੇ ਹਨ ਤੇ ਅੱਜਕੱਲ੍ਹ ਇੱਦਾਂ ਦੇ ਲੋਕ ਭਾਜਪਾ ਨਾਲ ਜੁੜ ਜਾਣ ਵਿੱਚ ਚਮਕਦਾ ਭਵਿੱਖ ਦੇਖਦੇ ਹਨ। ਵਾਈਸ ਚਾਂਸਲਰ ਦੀ ਵੀਡੀਓ ਆਉਣ ਪਿੱਛੋਂ ਬਹੁਤ ਸਾਰੇ ਜਾਣਕਾਰਾਂ ਨੇ ਸਾਨੂੰ ਕਈ ਹੋਰਨਾਂ ਬਾਰੇ ਵੀ ਇੱਦਾਂ ਦੀ ਜਾਣਕਾਰੀ ਭੇਜਣ ਦੀ ਖੇਚਲ ਕੀਤੀ ਅਤੇ ਕਹਿੰਦੇ ਹਨ ਕਿ ਇਸ ਪੱਖੋਂ ਬਾਕਾਇਦਾ ਗਿਣੀ-ਮਿਥੀ ਸਰਗਰਮੀ ਚੱਲ ਰਹੀ ਹੈ ਕਿ ਵਿੱਦਿਅਕ ਅਦਾਰਿਆਂ ਵਿੱਚ ਇੱਦਾਂ ਦੀ ਹਾਲਤ ਬਣ ਜਾਵੇ ਕਿ ਉੱਥੋਂ ਨਿਕਲਦੇ ਮੈਰਿਟ ਵਾਲੇ ਲੋਕ ਇਸ ਪਾਸੇ ਤੁਰੇ ਜਾਣ ਅਤੇ ਹੋਰਨਾਂ ਦੀ ਬਾਂਹ ਵੀ ਫੜੀ ਲਿਆਉਣ।
ਸਾਨੂੰ ਉਹ ਦੌਰ ਯਾਦ ਹੈ, ਜਦੋਂ ਪੰਜਾਬ ਵਿੱਚ ਵੀ ਅਤੇ ਇਸ ਦੇਸ਼ ਵਿੱਚ ਵੀ ਖੱਬੇ ਪੱਖੀਆਂ ਦੇ ਪ੍ਰਭਾਵ ਹੇਠ ਬਹੁਤ ਸਾਰੇ ਦੂਸਰੇ ਲੋਕ ਸਮਾਜਵਾਦੀ ਸੋਚ ਅਤੇ ਪ੍ਰਚਾਰ ਵਾਲੇ ਅਦਾਰੇ ਅਤੇ ਸੰਸਥਾਵਾਂ ਬਣਾ ਲੈਂਦੇ ਸਨ ਅਤੇ ਖੱਬੇ ਪੱਖੀ ਆਗੂ ਬੜੇ ਖੁਸ਼ ਹੋਇਆ ਕਰਦੇ ਸਨ। ਇਸ ਸਥਿਤੀ ਨੂੰ ਸੰਭਾਲਣ ਦੀ ਥਾਂ ਉਸ ਵੇਲੇ ਦੋ ਵੱਡੀਆਂ ਖੱਬੀਆਂ ਪਾਰਟੀਆਂ ਦੇ ਆਗੂ ਇੱਕ ਦੂਸਰੇ ਨੂੰ ਨੀਵਾਂ ਵਿਖਾਉਣ ਅਤੇ ਇਹ ਸਾਬਤ ਕਰਨ ਰੁੱਝੇ ਰਹੇ ਕਿ ਅਸਲੀ ਖੱਬੀ ਧਿਰ ਉਹੋ ਹਨ, ਦੂਸਰੀ ਪਾਰਟੀ ਕੋਲ ਠੋਸ ਪ੍ਰੋਗਰਾਮ ਕੋਈ ਨਹੀਂ ਤੇ ਨੀਤੀਆਂ ਵੀ ਡੰਗ-ਟਪਾਊ ਹਨ। ਪੰਜਾਬ ਦੇ ਮੁਲਾਜ਼ਮਾਂ ਵਿੱਚ ਜਦੋਂ ਵੀ ਕਿਸੇ ਮਸਲੇ ਲਈ ਜਨਤਕ ਪ੍ਰੋਗਰਾਮ ਦਾ ਵਕਤ ਹੁੰਦਾ ਜਾਂ ਕਿਸੇ ਅਦਾਰੇ ਦੀ ਜਨਤਕ ਚੋਣ ਹੁੰਦੀ ਤਾਂ ਸਭ ਤਾਕਤ ਇੱਕ ਦੂਸਰੇ ਵਿਰੁੱਧ ਝੋਕ ਦਿੱਤੀ ਜਾਂਦੀ ਅਤੇ ਨਤੀਜਾ ਇਹ ਨਿਕਲਦਾ ਕਿ ਦੋਵਾਂ ਧਿਰਾਂ ਦਾ ਕਾਡਰ ਭਵਿੱਖ ਵਿੱਚ ਵੀ ਕਦੇ ਇਕੱਠੇ ਹੋਣ ਦੀ ਆਸ ਰੱਖਣ ਦੀ ਥਾਂ ਇੱਕ ਦੂਸਰੇ ਦੇ ਪੱਕੇ ਸ਼ਰੀਕ ਦਾ ਵਿਹਾਰ ਕਰਨ ਲੱਗ ਪੈਂਦਾ ਸੀ। ਇਨ੍ਹਾਂ ਧਿਰਾਂ ਦੀ ਇਸ ਖਹਿਬੜ ਦੌਰਾਨ ਇਨ੍ਹਾਂ ਦੇ ਉਲਟ ਪਹੁੰਚ ਦੀਆਂ ਸਾਰੀਆਂ ਧਿਰਾਂ ਵਕਤੀ ਤੌਰ ਉੱਤੇ ਇਕੱਠੀਆਂ ਹੋ ਜਾਂਦੀਆਂ ਸਨ ਤੇ ਫਿਰ ਉਨ੍ਹਾਂ ਦੀ ਇਸ ਵਕਤੀ ਏਕਤਾ ਵਿੱਚੋਂ ਹੌਲੀ-ਹੌਲੀ ਇੱਕ ਧਿਰ ਜਿਹੜੀ ਮਜ਼ਬੂਤ ਹੁੰਦੀ ਗਈ, ਅੱਜ ਉਹ ਇਸ ਸੋਚ ਤਕ ਪਹੁੰਚ ਗਈ ਹੈ ਕਿ ਪੰਜਾਬ ਵਿੱਚ ਅਗਲੀ ਵਾਰ ਨਹੀਂ ਤਾਂ ਅਗਲੇਰੀ ਵਾਰ ਸੱਤਾ ਹਾਸਲ ਕਰਨੀ ਹੀ ਕਰਨੀ ਹੈ। ਇਹੋ ਜਿਹੀ ਸੋਚ ਲਈ ਉਹ ਹਰ ਦਾਅ ਵਰਤਣ ਲੱਗੇ ਹਨ ਤਾਂ ਕੋਈ ਇਸ ਨੂੰ ਗਲਤ ਨਹੀਂ ਕਹਿ ਸਕਦਾ, ਕਿਉਂਕਿ ਇਹੋ ਤਾਂ ਰਾਜਨੀਤੀ ਹੈ।
ਇਹੋ ਤਾਂ ਰਾਜਨੀਤੀ ਹੈ, ਭਵਿੱਖ ਦੀ ਉਹ ਰਾਜਨੀਤੀ, ਜਿਸ ਬਾਰੇ ਪੰਜਾਬ ਵਿੱਚ ਇਸ ਵੇਲੇ ਰਾਜ ਕਰਦੀ ਧਿਰ ਵੀ ਸੋਚਣ ਯੋਗ ਨਹੀਂ ਤੇ ਜਿਹੜੀ ਪਾਰਟੀ ਅੱਜ ਦੇ ਦਿਨ ਤਕ ਜਨਤਕ ਅਧਾਰ ਪੱਖੋਂ ਤੇ ਵਿਧਾਨ ਸਭਾ ਦੀ ਵਿਰੋਧੀ ਧਿਰ ਵਜੋਂ ਇਹ ਕੁਝ ਕਰ ਸਕਦੀ ਹੈ, ਉਸਦੇ ਆਗੂ ਵੀ ਇਹ ਸੋਚਣਾ ਨਹੀਂ ਚਾਹੁੰਦੇ। ਭਵਿੱਖ ਅਚਾਨਕ ਸੱਟ ਮਾਰਨ ਦੀ ਥਾਂ ਅਗੇਤੇ ਸੰਕੇਤ ਦਿੰਦਾ ਹੁੰਦਾ ਹੈ ਅਤੇ ਇਸ ਵਕਤ ਵੀ ਉਹ ਸੰਕੇਤ ਦੇਈ ਜਾਂਦਾ ਹੈ, ਜੇ ਕੋਈ ਸਮਝਣਾ ਚਾਹੇ ਤਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (