“ਇਸ ਸਵਾਲ ਦੇ ਜਵਾਬ ਲਈ ਜਿਹੜਾ ਕੋਈ ਵੀ ਮੱਥਾ ਮਾਰਦਾ ਹੈ, ਆਖਰ ਵਿੱਚ ਇਹ ਮੰਨਣ ਨੂੰ ...”
(8 ਸਤੰਬਰ 2025)
ਭਾਰਤ ਵਿੱਚ ਗਰੀਬੀ ਅਤੇ ਇਸਦੀਆਂ ਹੋਰ ਅਲਾਮਤਾਂ ਤੋਂ ਧਿਆਨ ਹਟਾਉਣ ਦੇ ਰਾਜਸੀ ਆਗੂਆਂ ਦੇ ਚਾਲਿਆਂ ਨੂੰ ਕਈ ਲੇਖਕ ਬੇਲਗਾਮ ਹੁੰਦੀ ਦਹਿਸ਼ਤਗਰਦੀ ਅਤੇ ਇਸ ਨਾਲ ਸਿੱਝਣ ਦੇ ਅਪਰੇਸ਼ਨ ਸਿੰਧੂਰ ਵਰਗੇ ਅਪਰੇਸ਼ਨ ਨਾਲ ਜਾ ਜੋੜਦੇ ਹਨ, ਪਰ ਮੈਂ ਕਦੇ ਇਸ ਹੱਦ ਤਕ ਨਹੀਂ ਜਾਂਦਾ। ਇਸਦੇ ਬਾਵਜੂਦ ਇਹ ਮੰਨਣ ਦਾ ਕੋਈ ਹਰਜ਼ ਨਹੀਂ ਹੋਣਾ ਚਾਹੀਦਾ ਕਿ ਭਾਰਤ ਦੀ ਰਾਜਨੀਤੀ ਅਤੇ ਖਾਸ ਕਰ ਕੇ ਰਾਜ ਕਰ ਰਹੀ ਹਰ ਸਿਆਸੀ ਧਿਰ ਦੇਸ਼ ਦੇ ਲੋਕਾਂ ਨੂੰ ਮੂਲ ਮੁੱਦੇ ਤੋਂ ਭਟਕਾਉਣ ਅਤੇ ਨਿਗੂਣੇ ਮੁੱਦਿਆਂ ਵੱਲ ਸੇਧਣ ਕਰਨ ਦਾ ਯਤਨ ਸਦਾ ਕਰਦੀ ਰਹਿੰਦੀ ਹੈ। ਚਾਹੁੰਦਾ ਹੋਣ ਦੇ ਬਾਵਜੂਦ ਇਸ ਵਕਤ ਮੈਂ ਪੰਜਾਬ ਵਿੱਚ ਆਏ ਹੜ੍ਹਾਂ ਬਾਰੇ ਗੱਲ ਕਰਨ ਦੀ ਥਾਂ ਹੜ੍ਹਾਂ ਦਾ ਪਾਣੀ ਉੱਤਰਨ ਨੂੰ ਉਡੀਕ ਲੈਣ ਅਤੇ ਇੱਕ ਹਫਤਾ ਬਾਅਦ ਗੱਲ ਕਰਨ ਦਾ ਫੈਸਲਾ ਕੀਤਾ ਤੇ ਵਿਚਲੇ ਸਮੇਂ ਨੂੰ ਭਾਰਤ ਦੀ ਇਸ ਕੁਰਾਹੇ ਪਾਊ ਰਾਜਨੀਤੀ ਦੀ ਨਬਜ਼ ਟੋਹਣ ਵੱਲ ਲਾਉਣ ਬਾਰੇ ਸੋਚਿਆ ਹੈ। ਇਸਦੀ ਸਭ ਵੱਡੀ ਧੜਕਣ ਅੱਜਕੱਲ੍ਹ ਬਿਹਾਰ ਵਿੱਚ ਹੈ, ਜਿੱਥੇ ਚੋਣਾਂ ਹੋਣ ਵਿੱਚ ਮਸਾਂ ਇੱਕ ਜਾਂ ਡੇਢ ਮਹੀਨਾ ਰਹਿ ਗਿਆ ਲਗਦਾ ਹੈ ਅਤੇ ਜੇ ਵੋਟ ਰੇੜਕਾ ਵਧ ਨਾ ਗਿਆ ਅਤੇ ਸੁਪਰੀਮ ਕੋਰਟ ਤਕ ਗੱਲ ਦੁਬਾਰਾ ਨਾ ਜਾ ਪਹੁੰਚੀ ਤਾਂ ਅਕਤੂਬਰ ਦੇ ਅੰਤ ਜਾਂ ਨਵੰਬਰ ਦੇ ਸ਼ੁਰੂ ਵਿੱਚ ਹੋ ਜਾਣਗੀਆਂ।
ਬਿਹਾਰ ਭਾਰਤ ਦੇ ਉਨ੍ਹਾਂ ਚਾਰ ਰਾਜਾਂ ਵਿੱਚੋਂ ਇੱਕ ਹੈ, ਜਿਹੜੇ ਅਬਾਦੀ ਪੱਖੋਂ ਵੀ ਬਾਕੀਆਂ ਤੋਂ ਉੱਪਰ ਹਨ ਅਤੇ ਰਾਜਨੀਤਕ ਹਿਲਜੁਲ ਨਾਲ ਦੇਸ਼ ਦੀ ਰਾਜਨੀਤੀ ਨੂੰ ਝੰਜੋੜਨ ਪੱਖੋਂ ਵੀ। ਦੂਸਰੇ ਰਾਜਾਂ ਵਿੱਚੋਂ ਬਿਨਾਂ ਸ਼ੱਕ ਉੱਤਰ ਪ੍ਰਦੇਸ਼ ਬਾਕੀ ਰਾਜਾਂ ਤੋਂ ਅਬਾਦੀ ਪੱਖੋਂ ਵੱਡਾ ਹੈ, ਪੱਛਮੀ ਬੰਗਾਲ, ਮਹਾਰਾਸ਼ਟਰ ਤੇ ਤਾਮਿਲ ਨਾਢੂ ਵਰਗੇ ਰਾਜ ਛੋਟੇ ਹੁੰਦੇ ਹੋਏ ਵੀ ਕਈ ਵਾਰੀ ਪੂਰੇ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਮੋੜਨ ਵਾਲੇ ਸਾਬਤ ਹੋ ਚੁੱਕੇ ਹਨ। ਇਸ ਵੇਲੇ ਰਾਜਨੀਤੀ ਦਾ ਸਭ ਤੋਂ ਵੱਡਾ ਤੇ ਨੇੜ-ਭਵਿੱਖ ਦਾ ਰੁਝਾਨ ਦੱਸਣ ਵਾਲਾ ਮੋਰਚਾ ਕਿਉਂਕਿ ਬਿਹਾਰ ਵਿੱਚ ਲੱਗਣ ਦਾ ਸਮਾਂ ਨਜ਼ਦੀਕ ਹੈ, ਇਸ ਲਈ ਉਹ ਰਾਜ ਹਰ ਥਾਂ ਚਰਚਾ ਦਾ ਕੇਂਦਰ ਹੈ। ਉਸ ਰਾਜ ਦੀ ਰਾਜਨੀਤੀ ਦਾ ਧੁਰਾ ਕਦੇ ਦੋ ਪੁਰਾਣੇ ਦੋਸਤਾਂ ਅਤੇ ਰਾਜਸੀ ਖੇਤਰ ਦੇ ਵੱਡੇ ਚੁਣੌਤੀਬਾਜ਼ਾਂ ਨਿਤੀਸ਼ ਕੁਮਾਰ ਅਤੇ ਲਾਲੂ ਪ੍ਰਸਾਦ ਯਾਦਵ ਵਿਚਾਲੇ ਘੁੰਮਦਾ ਹੁੰਦਾ ਸੀ। ਇਸ ਵਕਤ ਲਾਲੂ ਪ੍ਰਸਾਦ ਸਰੀਰਕ ਪੱਖੋਂ ਬਹੁਤੀ ਸਰਗਰਮੀ ਕਰਨ ਜੋਗਾ ਨਹੀਂ ਰਿਹਾ ਤੇ ਉਸਦਾ ਵੱਡਾ ਪੁੱਤ ਆਪਣੇ ਪੱਖ ਦੀ ਅਗਵਾਈ ਕਰਦਾ ਹੈ। ਨਿਤੀਸ਼ ਕੁਮਾਰ ਵੀ ਬਿਹਾਰ ਦੀ ਰਾਜਨੀਤੀ ਦਾ ਮੁਹਰੈਲ ਨਹੀਂ ਰਿਹਾ ਜਾਂ ਠੀਕ ਕਹੋ ਤਾਂ ਨਹੀਂ ਰਹਿਣ ਦਿੱਤਾ ਗਿਆ ਅਤੇ ਹੌਲੀ-ਹੌਲੀ ਉਹ ਅਗਲੇ ਚੋਣ ਅਖਾੜੇ ਦਾ ਭਾਜਪਾ ਦੇ ਪਿੱਛੇ ਚੱਲਣ ਜੋਗਾ ਵਕਤ ਵਿਹਾਅ ਚੁੱਕਾ ਵਿਅਕਤੀ ਲਗਦਾ ਹੈ। ਪਿਛਲੀ ਵਾਰ ਦੀਆਂ ਚੋਣਾਂ ਹੋਣ ਤੋਂ ਪਹਿਲਾਂ ਅਸੀਂ ਇਹ ਸਾਫ ਕਿਹਾ ਸੀ ਕਿ ਭਾਜਪਾ ਅਤੇ ਨਿਤੀਸ਼ ਕੁਮਾਰ ਦੀ ਜਨਤਾ ਦਲ (ਯੂ) ਪਾਰਟੀ ਭਾਵੇਂ ਭਾਈਵਾਲ ਹਨ ਅਤੇ ਸੀਟਾਂ ਵੀ ਨਿਤੀਸ਼ ਨੂੰ ਵੱਧ ਛੱਡ ਦਿੱਤੀਆਂ ਹਨ, ਪਰ ਭਾਜਪਾ ਨੇ ਐਤਕੀਂ ਉਸਦੇ ਪਰ ਕੁਤਰ ਕੇ ਇੰਨਾ ਛੋਟਾ ਕਰ ਦੇਣਾ ਹੈ ਕਿ ਮੁੱਖ ਮੰਤਰੀ ਵੀ ਬਣੇਗਾ ਤਾਂ ਇਸ ਭਾਈਵਾਲ ਪਾਰਟੀ ਦੇ ਰਹਿਮ ਦਾ ਮੁਥਾਜ ਹੋਵੇਗਾ। ਹੋਇਆ ਵੀ ਇਹੋ ਕਿ ਭਾਜਪਾ ਆਪਣੀਆਂ ਸੀਟਾਂ ਵੱਧ ਜਿਤਾ ਗਈ ਅਤੇ ਨਿਤੀਸ਼ ਕੁਮਾਰ ਦੀਆਂ ਸੀਟਾਂ ਦਾ ਜ਼ੋਰ ਹੀ ਨਾ ਲਾਇਆ, ਜਿਸ ਕਾਰਨ ਉਹ ਭਾਜਪਾ ਤੋਂ ਘੱਟ ਰਹਿ ਗਈਆਂ ਸਨ। ਇਸ ਮਗਰੋਂ ਸਰਕਾਰ ਬਣਾਉਣ ਤੋਂ ਨਿਤੀਸ਼ ਕੁਮਾਰ ਸਿਰ ਫੇਰਨ ਲੱਗਾ ਤਾਂ ਦਿੱਲੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ਕਰ ਕੇ ਮਨਾ ਲਿਆ ਸੀ, ਪਰ ਉਸ ਵਕਤ ਵਾਲੀ ਕੁੜੱਤਣ ਇਸ ਵਾਰ ਅੰਦਰਖਾਤੇ ਦੋਵਾਂ ਧਿਰਾਂ ਵਿੱਚ ਉਸੇ ਤਰ੍ਹਾਂ ਧੁਖਦੀ ਪਈ ਹੈ ਅਤੇ ਚੋਣਾਂ ਦੌਰਾਨ ਇੱਕ-ਦੂਸਰੇ ਦੀਆਂ ਸੀਟਾਂ ਉੱਤੇ ਚੋਖਾ ਅਸਰ ਪਾ ਕੇ ਨਤੀਜੇ ਪ੍ਰਭਾਵਤ ਕਰ ਸਕਦੀ ਹੈ।
ਦੂਸਰਾ ਪੱਖ ਇਹ ਹੈ ਕਿ ਕਾਂਗਰਸ ਦੇ ਸਭ ਤੋਂ ਵੱਡੇ ਆਗੂ ਰਾਹੁਲ ਗਾਂਧੀ ਨੇ ਵੋਟਾਂ ਦੀ ਚੋਰੀ ਦਾ ਮੁੱਦਾ ਚੁੱਕ ਕੇ ਜਿਵੇਂ ਇਸ ਨੂੰ ਦੇਸ਼ ਦੀ ਰਾਜਨੀਤੀ ਦਾ ਮੁੱਦਾ ਬਣਾ ਧਰਿਆ ਅਤੇ ਦੇਸ਼ ਦੀ ਸੁਪਰੀਮ ਕੋਰਟ ਵਿੱਚ ਵੀ ਚੋਣ ਕਮਿਸ਼ਨ ਦੀ ਬੇਇੱਜ਼ਤੀ ਹੋ ਚੁੱਕੀ ਹੈ, ਉਹ ਬਿਹਾਰ ਦੀਆਂ ਚੋਣਾਂ ਵਿੱਚ ਚੋਖਾ ਅਸਰ ਪਾਉਣ ਵਾਲਾ ਹੋ ਸਕਦਾ ਹੈ। ਇਸ ਮੌਕੇ ਬਿਹਾਰ ਵਿੱਚ ਕਾਂਗਰਸ ਪਾਰਟੀ ਨੂੰ ਜਦੋਂ ਬਹੁਤ ਸੰਭਲ ਕੇ ਚੱਲਣ ਦੀ ਲੋੜ ਸੀ, ਇਸਦੇ ਸਥਾਨਕ ਆਗੂਆਂ ਦੀ ਬੇਵਕੂਫੀ ਕਹਿ ਲਉ ਜਾਂ ਕੋਈ ਸ਼ਰਾਰਤ ਸਮਝੋ ਕਿ ਇੱਕ ਛੋਟੇ ਸਿਆਸੀ ਕੱਦ ਦੇ ਉਸ ਨੇਤਾ ਨੂੰ ਰਾਹੁਲ ਗਾਂਧੀ ਦੀ ਸਟੇਜ ਤੋਂ ਬੋਲਣ ਦਾ ਮੌਕਾ ਦੇ ਦਿੱਤਾ ਗਿਆ, ਜਿਹੜਾ ਪੁਆੜੇ ਦਾ ਕਾਰਨ ਬਣ ਗਿਆ। ਉਸ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਂ ਦੀ ਗਾਲ੍ਹ ਕੱਢਣ ਨੂੰ ਭਾਜਪਾ ਨੇ ਚੁੱਕ ਲਿਆ ਅਤੇ ਖੁਦ ਮੋਦੀ ਨੇ ਵੀ ਆਪਣੇ ਭਾਸ਼ਣਾਂ ਦਾ ਹਿੱਸਾ ਬਣਾਉਣ ਦਾ ਰਾਹ ਫੜਿਆ ਤਾਂ ਕਾਂਗਰਸ ਨੂੰ ਇਸ ਕਾਰਨ ਖੋਰਾ ਲੱਗਣ ਦਾ ਡਰ ਸਤਾਉਣ ਲੱਗ ਪਿਆ ਹੈ। ਪਹਿਲਾਂ ਇੱਕ ਵਾਰੀ ਇੱਕ ਰਾਜ ਦੀ ਚੋਣ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਮਣੀ ਸ਼ੰਕਰ ਅਈਅਰ ਨੇ ਅੰਗਰੇਜ਼ੀ ਵਿੱਚ ਬਿਆਨ ਲਿਖਿਆ ਤੇ ਜਾਰੀ ਕਰਨ ਵੇਲੇ ਹਿੰਦੀ ਦੇ ਇੰਨੇ ਗਲਤ ਲਫਜ਼ਾਂ ਦੀ ਵਰਤੋਂ ਕਰ ਬੈਠਾ ਕਿ ਮੋਦੀ ਨੇ ਉਸ ਨੂੰ ਆਪਣੀ ਜਾਤ ਵਿਰੁੱਧ ਟਿੱਪਣੀ ਬਣਾ ਕੇ ਸਾਰੀ ਚੋਣ ਦੌਰਾਨ ਹਰ ਇੱਕ ਰੈਲੀ ਵਿੱਚ ਕਾਂਗਰਸ ਦੇ ਵਿਰੁੱਧ ਚੁੱਕਿਆ ਸੀ। ਕਾਂਗਰਸ ਨੂੰ ਅਈਅਰ ਦੀ ਇਹ ਟਿੱਪਣੀ ਆਪਣੇ ਖਿਲਾਫ ਵਰਤੀ ਜਾਣ ਨੇ ਇੰਨਾ ਬਚਾ ਦੇ ਪੈਂਤੜੇ ਉੱਤੇ ਲੈ ਆਈ ਕਿ ਜਵਾਬ ਦੇਣਾ ਮੁਸ਼ਕਿਲ ਹੋ ਗਿਆ ਸੀ। ਇਸ ਵਾਰੀ ਇਸ ਚੋਣ ਰੈਲੀ ਵਿੱਚ ਕਿਸੇ ਅਣਜਾਣੇ ਜਿਹੇ ਬੰਦੇ ਵੱਲੋਂ ਕੱਢੀ ਗਈ ਗਾਲ੍ਹ ਨੇ ਓਦਾਂ ਦੀ ਸਥਿਤੀ ਬਣਾ ਦਿੱਤੀ ਹੈ। ਬਾਅਦ ਵਿੱਚ ਕਾਂਗਰਸ ਆਗੂ ਜੋ ਮਰਜ਼ੀ ਸਫਾਈਆਂ ਦਿੰਦੇ ਰਹਿਣ, ਨੁਕਸਾਨ ਤਾਂ ਉਹ ਆਪਣਾ ਕਰਵਾ ਚੁੱਕੇ ਹਨ।
ਜਿਹੜਾ ਅਗਲਾ ਮੁੱਦਾ ਇਸ ਵੇਲੇ ਸਾਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣਿਆ ਪਿਆ ਹੈ, ਉਹ ਬਿਨਾਂ ਸ਼ੱਕ ਵੋਟਾਂ ਬਣਾਉਣ, ਕਟਾਉਣ ਅਤੇ ਭੁਗਤਾਉਣ ਪਿੱਛੋਂ ਨਤੀਜੇ ਵਿੱਚ ਗੜਬੜ ਦੇ ਦੋਸ਼ਾਂ ਦਾ ਹੈ। ਉਹ ਮੁੱਦਾ ਸਮੁੱਚੇ ਭਾਰਤ ਦੇ ਰਾਜਾਂ ਵਿੱਚ ਚਰਚਾ ਦਾ ਕੇਂਦਰ ਬਣਨ ਦੇ ਬਾਵਜੂਦ ਕਾਂਗਰਸ ਪਾਰਟੀ ਦੇ ਆਗੂ ਆਪਣੀਆਂ ਵਾਦੜੀਆਂ-ਸਜਾਦੜੀਆਂ ਕਾਰਨ ਅੱਗੇ ਵਧਾਉਣ ਜੋਗੇ ਸਾਬਤ ਨਹੀਂ ਹੋ ਰਹੇ। ਜਦੋਂ ਅਤੇ ਜਿੱਥੇ ਕਦੇ ਕੋਈ ਪਾਰਟੀ ਪ੍ਰੋਗਰਾਮ ਹੁੰਦਾ ਹੈ, ਪਾਰਟੀ ਦੇ ਲੀਡਰ ਭਾਜਪਾ ਜਾਂ ਪ੍ਰਧਾਨ ਮੰਤਰੀ ਦੇ ਖਿਲਾਫ ਮੋਰਚਾਬੰਦੀ ਕਰਨ ਦੇ ਥਾਂ ਆਪੋ ਵਿੱਚ ਇਸ ਗੱਲ ਉੱਤੇ ਫਸੇ ਦਿਖਾਈ ਦਿੰਦੇ ਹਨ ਕਿ ਫਲਾਣਾ ਬੰਦਾ ਸਟੇਜ ਉੱਤੇ ਆਵੇਗਾ ਤੇ ਫਲਾਣਾ ਆਇਆ ਤਾਂ ਫਲਾਣਾ ਨਹੀਂ ਰਹੇਗਾ, ਉਹ ਉੱਠ ਕੇ ਚਲਾ ਜਾਵੇਗਾ। ਹਰ ਛੋਟੀ ਵੱਡੀ ਗੱਲ ਪਾਰਟੀ ਦੀ ਹਾਈ ਕਮਾਨ ਤਕ ਪਹੁੰਚਦੀ ਅਤੇ ਫਿਰ ਆਸ ਰੱਖੀ ਜਾਂਦੀ ਹੈ ਕਿ ਉੱਥੋਂ ਕੋਈ ਨਿਬੇੜਾ ਹੋ ਜਾਵੇਗਾ, ਪਰ ਪਾਰਟੀ ਦੀ ਹਾਈ ਕਮਾਨ ਇੰਨੀ ਨਾਕਸ ਹੋ ਚੁੱਕੀ ਹੈ ਕਿ ਹਰਿਆਣੇ ਵਿੱਚ ਵਿਧਾਨ ਸਭਾ ਚੋਣ ਪਿਛਲੇ ਸਾਲ ਹੋਈ ਸੀ ਤੇ ਇੱਕ ਸਾਲ ਲੰਘਣ ਪਿੱਛੋਂ ਵੀ ਪਾਰਟੀ ਉੱਥੇ ਵਿਰੋਧੀ ਧਿਰ ਦੇ ਨੇਤਾ ਬਾਰੇ ਫੈਸਲਾ ਕਰਨ ਜੋਗੀ ਸਾਬਤ ਨਹੀਂ ਹੋ ਸਕੀ। ਭਾਜਪਾ ਵਾਲੇ ਉੱਥੇ ਸਰਕਾਰ ਚਲਾਈ ਜਾਂਦੇ ਹਨ ਤੇ ਨਾਲੇ ਕਾਂਗਰਸ ਵਾਲਿਆਂ ਨੂੰ ਮਸ਼ਕਰੀਆਂ ਕਰਨ ਲੱਗੇ ਰਹਿੰਦੇ ਹਨ ਕਿ ਤੁਹਾਡੇ ਆਪੋਜ਼ੀਸ਼ਨ ਲੀਡਰ ਦੀ ਕੁਰਸੀ ਖਾਲੀ ਪਈ ਹੈ, ਆਪਣੇ ਲੀਡਰ ਦਾ ਫੈਸਲਾ ਕਿਸੇ ਦਿਨ ਕਰ ਲਵੋ। ਇੱਦਾਂ ਦੇ ਪਾਟਕ ਦੇ ਹਾਲਾਤ ਕਈ ਰਾਜਾਂ ਵਿੱਚ ਇਸ ਪਾਰਟੀ ਦੇ ਬਣੇ ਦਿਸਦੇ ਹਨ।
ਦੇਸ਼ ਦੀ ਰਾਜਨੀਤੀ ਵਿੱਚ ਅੱਜ ਦੀ ਘੜੀ ਵਿਰੋਧ ਦੀ ਸਭ ਤੋਂ ਵੱਡੀ ਧਿਰ ਕਾਂਗਰਸ ਪਾਰਟੀ ਦੇ ਆਪਣੇ ਇੱਦਾਂ ਦੇ ਹਾਲਾਤ ਹਨ ਤਾਂ ਆਢਾ ਉਸ ਪਾਰਟੀ ਨਾਲ ਲੈਣਾ ਹੈ, ਜਿਸ ਕੋਲ ਬਿਨਾਂ ਕਿਸੇ ਅਹੁਦੇ ਦੀ ਝਾਕ ਜਾਂ ਮਾਇਆ ਦੇ ਲੋਭ ਤੋਂ ਕੰਮ ਕਰਨ ਵਾਸਤੇ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਲੱਖਾਂ ਵਾਲੰਟੀਅਰਾਂ ਦੀ ਫੌਜ ਮੌਜੂਦ ਰਹਿੰਦੀ ਹੈ। ਚੋਣ ਭਾਰਤ ਦੇ ਕਿਸੇ ਵੀ ਰਾਜ ਵਿੱਚ ਹੋਣੀ ਹੋਵੇ, ਇਹ ਲੋਕ ਮਹੀਨਾ ਪਹਿਲਾਂ ਉੱਥੇ ਪਹੁੰਚ ਕੇ ਲੋਕਾਂ ਦੇ ਘਰੀਂ ਘੰਟੀਆਂ ਵਜਾਉਣ ਲਗਦੇ ਹਨ ਅਤੇ ਕੋਈ ਇਨ੍ਹਾਂ ਦੇ ਆਖੇ ਵੋਟ ਪਾਉਣ ਦੀ ਹਾਂ ਕਰੇ ਜਾਂ ਨਾ ਕਰੇ, ਸਥਿਤੀ ਸੁੰਘ ਕੇ ਪਾਰਟੀ ਨੂੰ ਇਸ ਤੋਂ ਅਗੇਤਾ ਜਾਣੂ ਕਰਵਾਉਣ ਦਾ ਕੰਮ ਕਿਸੇ ਸਰਕਾਰੀ ਵਿਭਾਗ ਵਾਂਗ ਕਰਦੇ ਹਨ। ਇੱਕ ਵੀ ਹੋਰ ਪਾਰਟੀ ਇਸ ਪੱਧਰ ਦੀ ਚੋਣ ਤਕਨੀਕ ਨਾਲ ਕੰਮ ਕਰਦੀ ਵਿਖਾਈ ਨਾ ਦੇਣ ਕਾਰਨ ਇਸ ਇਕੱਲੀ ਪਾਰਟੀ ਦੇ ਵਰਕਰ ਆਪਣੀਆਂ ਕਈ ਪੱਧਰਾਂ ਅਧੀਨ ਜਦੋਂ ਕੰਮ ਕਰਦੇ ਹਨ ਤਾਂ ਸਿਰਫ ਚੋਣਾਂ ਦਾ ਨਹੀਂ ਕਰਦੇ, ਸਮਾਜ ਵਿੱਚ ਧਰਮ ਅਧਾਰਤ ਕਤਾਰਬੰਦੀ ਦਾ ਉਹ ਕੰਮ ਵੀ ਨਾਲ ਹੀ ਕਰਦੇ ਰਹਿੰਦੇ ਹਨ, ਜਿਹੜਾ ਭਵਿੱਖ ਵਿੱਚ ਸੰਘ ਪਰਿਵਾਰ ਦੇ ਅੰਤਿਮ ਨਿਸ਼ਾਨੇ ਲਈ ਵਰਤਿਆ ਜਾ ਸਕਦਾ ਹੈ। ਵੋਟਾਂ ਵਾਲੇ ਹਰ ਬੂਥ ਤਕ ਵਰਕਰਾਂ ਦੀ ਇੰਨੀ ਪੱਕੀ ਜ਼ਿੰਮੇਵਾਰੀ ਲਾਉਣ ਵਾਲੀ ਇੱਕ ਵੀ ਪਾਰਟੀ ਲੱਭਣੀ ਸਾਨੂੰ ਔਖੀ ਲਗਦੀ ਹੈ, ਪਰ ਭਾਜਪਾ ਵੱਲੋਂ ਸਿਰਫ ਬੂਥਾਂ ਤੀਕਰ ਨਹੀਂ, ਹਰ ਬੂਥ ਵਾਲੇ ਵੋਟਾਂ ਦੀ ਦਸ-ਬਾਰਾਂ ਸਫੇ (ਪੰਨੇ) ਦੀ ਸੂਚੀ ਦੇ ਹਰ ਇੱਕ ਪੰਨੇ ਲਈ ਆਪਣਾ ਇੱਕ-ਇੱਕ ਪੱਕਾ ਪੰਨਾ-ਪ੍ਰਮੁੱਖ, ਭਾਵ ਕਿ ਉਸ ਪੰਨੇ ਦੇ ਵੋਟਰਾਂ ਤਕ ਪਹੁੰਚ ਅਤੇ ਵੋਟਾਂ ਵਾਲੇ ਦਿਨ ਉਨ੍ਹਾਂ ਨੂੰ ਭੁਗਤਾਉਣ ਦਾ ਜ਼ਿੰਮੇਵਾਰ ਥਾਪ ਰੱਖਣ ਬਾਰੇ ਪਤਾ ਲਗਦਾ ਹੈ। ਇਹ ਪੰਨਾ-ਪ੍ਰਮੁੱਖ ਸਥਾਨਕ ਪੱਧਰ ਦੇ ਵਰਕਰ ਹੁੰਦੇ ਹਨ, ਪਰ ਇਨ੍ਹਾਂ ਦੀ ਕਮਾਂਡ ਦੂਸਰੇ ਰਾਜਾਂ ਤੋਂ ਆਏ ਜਾਂ ਬੁਲਾਏ ਹੋਏ ਚੋਣ ਤਕਨੀਕਾਂ ਦੇ ਮਾਹਰ ਵਰਕਰਾਂ ਦੇ ਹੱਥ ਹੁੰਦੀ ਹੈ। ਉਹ ਮਹਾਰਾਸ਼ਟਰ ਦਾ ਤਜਰਬਾ ਉੱਤਰ ਪ੍ਰਦੇਸ਼ ਵਿੱਚ, ਕਰਨਾਟਕਾ ਦਾ ਤਜਰਬਾ ਹਰਿਆਣੇ ਵਿੱਚ ਤੇ ਰਾਜਸਥਾਨ ਦਾ ਤਜਰਬਾ ਬਿਹਾਰ ਜਾਂ ਆਸਾਮ ਵਿੱਚ ਵਰਤਣ ਦੇ ਲਈ ਪੂਰੀ ਤਰ੍ਹਾਂ ਸਿਰ ਪਰਨੇ ਹੋ ਜਾਂਦੇ ਹਨ।
ਅਸੀਂ ਜਦੋਂ ਇਸ ਵੇਲੇ ਬਿਹਾਰ ਦੀ ਚਰਚਾ ਕਰ ਰਹੇ ਹਾਂ ਤਾਂ ਇਹ ਚਰਚਾ ਸਿਰਫ ਉਸ ਰਾਜ ਬਾਰੇ ਨਹੀਂ, ਭਾਰਤ ਦੇ ਹਰ ਉਸ ਰਾਜ ਬਾਰੇ ਹੈ, ਜਿਸਦੀ ਚੋਣ ਅਗਲੇ ਜਾਂ ਅਗਲੇਰੇ ਸਾਲ ਆਉਣ ਵਾਲੀ ਹੈ। ਇਹੋ ਜਿਹੇ ਰਾਜਾਂ ਵਿੱਚ ਸਾਡੇ ਪੰਜਾਬ ਦਾ ਨਾਂਅ ਵੀ ਆਉਂਦਾ ਹੈ, ਜਿਸ ਵਿੱਚ ਅਗਲੀ ਚੋਣ ਵਿੱਚ ਮਸਾਂ ਡੇਢ ਸਾਲ ਰਹਿੰਦਾ ਹੈ ਤੇ ਜਿਸ ਪੱਧਰ ਦੀ ਚੋਣ ਮੋਰਚਾਬੰਦੀ ਦੀ ਗੱਲ ਅਸੀਂ ਬਿਹਾਰ ਵਿੱਚ ਹੋ ਰਹੀ ਦੱਸੀ ਹੈ, ਉਹ ਡੇਢ ਸਾਲ ਬਾਕੀ ਹੋਣ ਦੇ ਬਾਵਜੂਦ ਅੱਜਕੱਲ੍ਹ ਪੰਜਾਬ ਵਿੱਚ ਸ਼ੁਰੂ ਹੋ ਚੁੱਕੀ ਹੈ। ਕੱਲ੍ਹ ਨੂੰ ਕਿਸੇ ਵੀ ਨਤੀਜੇ ਬਾਰੇ ਜਿਨ੍ਹਾਂ ਨੇ ਦੁਹਾਈ ਪਾਉਣੀ ਅਅ ਤੇ ਸੁਪਰੀਮ ਕੋਰਟ ਵੱਲ ਨੂੰ ਦੌੜਾਂ ਲਾਉਣੀਆਂ ਹਨ, ਉਹ ਲੋਕ ਇਸ ਵੇਲੇ ਇੱਦਾਂ ਦੀਆਂ ਖਹਿਬੜਾਂ ਵਿੱਚ ਰੁੱਝੇ ਪਏ ਹਨ ਕਿ ਕਾਂਗਰਸ ਦੀ ਫਲਾਣੇ ਥਾਂ ਸਟੇਜ ਲੱਗੀ ਤਾਂ ਫਲਾਣਾ ਆਗੂ ਨਹੀਂ ਆਉਣ ਦੇਣਾ ਤੇ ਜੇ ਫਲਾਣਾ ਆਊ ਤਾਂ ਫਲਾਣੇ ਨੇ ਸਟੇਜ ਤੋਂ ਚਲੇ ਜਾਣਾ ਹੈ। ਇੱਥੋਂ ਤਕ ਕਿ ਹੜ੍ਹ ਪੀੜਿਤਾਂ ਕੋਲ ਜਾਂਦੇ ਵਕਤ ਵੀ ਇੱਕ ਦੂਸਰੇ ਦਾ ਰਸਤਾ ਕੱਟਦੇ ਅਤੇ ਅਖਬਾਰਾਂ ਲਈ ਖਬਰਾਂ ਪੈਦਾ ਕਰਦੇ ਹਨ। ਬੀਤੇ ਦਿਨੀਂ ਇੱਕ ਗੱਲ ਕੁਝ ਕਾਂਗਰਸੀ ਆਗੂਆਂ ਵਿੱਚ ਚੱਲੀ ਸੀ ਕਿ ਅਗਲੀ ਚੋਣ ਲਈ ਪੰਜਾਬ ਵਿੱਚ ਖੱਬੇ ਪੱਖੀ ਧਿਰਾਂ ਅਤੇ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕਰਨ ਦਾ ਰਾਹ ਲੱਭਿਆ ਜਾਵੇ ਤਾਂ ਕੁਝ ਲਾਭ ਹੋ ਸਕਦਾ ਹੈ। ਪਰ ਪਿਛਲਾ ਮਾੜਾ ਤਜਰਬਾ ਇਹ ਹੈ ਕਿ ਕਾਂਗਰਸ ਪਾਰਟੀ ਸੀਟਾਂ ਵੀ ਛੱਡ ਦਿੰਦੀ ਹੈ ਅਤੇ ਆਪਣੇ ਲੀਡਰਾਂ ਨੂੰ ਕਾਮਰੇਡਾਂ ਲਈ ਛੱਡੀਆਂ ਸੀਟਾਂ ਉੱਤੇ ਖੜ੍ਹੇ ਹੋਣ ਤੋਂ ਵੀ ਰੋਕਦੀ ਨਹੀਂ। ਇੱਦਾਂ ਦੇ ਹਾਲਾਤ ਵਿੱਚ ਖੱਬੇ ਪੱਖੀ ਧਿਰਾਂ ਦੇ ਲੋਕ ਵੀ ਸਿਰਫ ਕਾਂਗਰਸ ਨੂੰ ਜਿਤਾਉਣ ਵਾਸਤੇ ਉਨ੍ਹਾਂ ਦੇ ਨਾਲ ਤੁਰਨ ਵਾਸਤੇ ਤਿਆਰ ਨਹੀਂ ਹੋਣ ਲੱਗੇ ਅਤੇ ਅਗਲੀ ਚੋਣ ਵਿੱਚ ਕੋਈ ਸਾਂਝਾ ਮੋਰਚਾ ਬਣਾਉਣ ਦੀ ਕਿਸੇ ਵੀ ਪੱਧਰ ਦੀ ਕੋਈ ਮੁਹਿੰਮ ਸਿਰੇ ਨਹੀਂ ਚੜ੍ਹਨ ਵਾਲੀ ਜਾਪਦੀ।
ਇਹੋ ਜਿਹੇ ਕੰਮ ਉਹ ਪਾਰਟੀ ਕਰ ਸਕਦੀ ਹੈ, ਜਿਸਦੀ ਕੇਂਦਰੀ ਕਮਾਨ ਇੰਨੀ ਮਜ਼ਬੂਤ ਹੋਵੇ ਕਿ ਜੋ ਵੀ ਸੁਨੇਹਾ ਉੱਥੋਂ ਆਵੇ, ਹਰ ਕੋਈ ਆਗੂ ਉਸੇ ਮੁਤਾਬਕ ਕੰਮ ਕਰੇ, ਪਰ ਜਿਸ ਪਾਰਟੀ ਦਾ ਪਾਟਕ ਨਾ ਬਿਹਾਰ ਅਤੇ ਨਾ ਹਰਿਆਣੇ ਅਤੇ ਹੋਰ ਥਾਂ ਝਗੜਾ ਮੁਕਾਇਆ ਜਾ ਰਿਹਾ ਹੋਵੇ, ਉਸ ਕੋਲੋਂ ਪੰਜਾਬ ਵਿੱਚ ਵੀ ਕੀ ਆਸ ਹੈ? ਇਸ ਵੇਲੇ ਬਿਹਾਰ ਦੀ ਤਾਂ ਸਿਰਫ ਚਰਚਾ ਹੈ, ਮਾਮਲਾ ਇਹ ਹੈ ਕਿ ਅਗਲੇ ਸਾਲ ਪੰਜਾਬ ਵਿੱਚ ਕੀ ਹੋ ਸਕਦਾ ਹੈ! ਇਸ ਸਵਾਲ ਦੇ ਜਵਾਬ ਲਈ ਜਿਹੜਾ ਕੋਈ ਵੀ ਮੱਥਾ ਮਾਰਦਾ ਹੈ, ਆਖਰ ਵਿੱਚ ਇਹ ਮੰਨਣ ਨੂੰ ਮਜਬੂਰ ਹੁੰਦਾ ਹੈ ਕਿ ਇਸ ਵੱਡੀ ਪਾਰਟੀ ਦੇ ਹਾਲਾਤ ਹੀ ਬੇੜੀ ਕਿਸੇ ਬੰਨੇ ਨਹੀਂ ਲੱਗਣ ਦੇਣਗੇ। ਕੀ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਪਤਾ ਹੈ ਇਸ ਸਥਿਤੀ ਦਾ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (