“ਉਦੋਂ ਚਰਚਾ ਹੁੰਦੀ ਰਹੀ ਸੀ ਕਿ ਪੰਜਾਬ ਵਾਲੇ ਜਿਹੜਾ ਕੰਮ ਖੁਦ ਨਹੀਂ ਸਨ ਕਰਨਾ ਚਾਹੁੰਦੇ ...”
(4 ਜੁਲਾਈ 2025)
ਬੀਤੇ ਕੁਝ ਦਿਨ ਇੱਦਾਂ ਦੀਆਂ ਘਟਨਾਵਾਂ ਵਾਲੇ ਸਾਬਤ ਹੋਏ ਹਨ ਕਿ ਅੱਜ ਕਿਸੇ ਇੱਕੋ ਮੁੱਦੇ ਉੱਤੇ ਲਿਖਣਾ ਤੇ ਹੋਰ ਮੁੱਦਿਆਂ ਨੂੰ ਪਾਸੇ ਰੱਖਣਾ ਇੱਕ ਤਰ੍ਹਾਂ ਸੌਖਾ ਨਹੀਂ ਰਿਹਾ। ਇਸ ਲਈ ਅਸੀਂ ਇਸ ਇੱਕੋ ਲਿਖਤ ਵਿੱਚ ਅਜੋਕੀ ਦੁਨੀਆ ਦੇ ਹਾਲਾਤ, ਦੇਸ਼ ਦੇ ਹਾਲਾਤ ਤੇ ਜੋ ਕੁਝ ਸਾਡੇ ਪੰਜਾਬ ਵਿੱਚ ਵਾਪਰ ਰਿਹਾ ਹੈ, ਉਨ੍ਹਾਂ ਕੁਝ ਮੁੱਦਿਆਂ ਬਾਰੇ ਮੁਕੰਮਲ ਬੇਸ਼ਕ ਨਾ ਸਹੀ, ਕਿਸੇ ਨਾ ਕਿਸੇ ਹੱਦ ਤਕ ਕੁਝ ਖਾਸ ਨੁਕਤੇ ਪਾਠਕਾਂ ਨਾਲ ਸਾਂਝੇ ਕਰਨ ਦੀ ਲੋੜ ਸਮਝੀ ਹੈ।
ਪਹਿਲੀ ਗੱਲ ਸਾਡੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਅਤੇ ਇਸ ਨਾਲ ਇਸ ਰਾਜ ਦੀ ਰਾਜਨੀਤੀ ਉੱਤੇ ਪੈ ਸਕਦੇ ਅਸਰ ਦੀ ਹੈ। ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਦੀ ਗੱਲ ਬਾਅਦ ਵਿੱਚ, ਪਹਿਲੀ ਗੱਲ ਇਹ ਹੈ ਕਿ ਇਸਨੇ ਸਾਡੇ ਰਾਜ ਦੇ ਰਾਜਸੀ ਲੀਡਰਾਂ ਦੀ ਮੌਕਾਪ੍ਰਸਤੀ ਦਾ ਬੁਰਕਾ ਪਾੜ ਸੁੱਟਿਆ ਹੈ। ਪਿਛਲੇ ਡੇਢ ਦਹਾਕੇ ਤੋਂ ਜਿਹੜੇ ਲੀਡਰ ਇਹ ਕਹਿੰਦੇ ਰਹੇ ਸਨ ਕਿ ਸਾਡਾ ਰਾਜ ਆਇਆ ਤਾਂ ਮਜੀਠੀਆ ਨੂੰ ਸੰਗਲਾਂ ਨਾਲ ਜਕੜ ਕੇ ਥਾਣੇ ਲਿਜਾਣਾ ਅਤੇ ਫਿਰ ਜੇਲ੍ਹ ਵਿੱਚ ਤਾੜਨਾ ਹੈ, ਉਹ ਉਸਦੀ ਗ੍ਰਿਫਤਾਰੀ ਹੁੰਦੇ ਸਾਰ ਦੁਹਾਈ ਪਾਉਣ ਲੱਗ ਪਏ ਕਿ ਉਸ ਨਾਲ ਸਿਆਸੀ ਬਦਲਾਖੋਰੀ ਹੋ ਰਹੀ ਹੈ। ਜਿਸ ਸਾਬਕਾ ਮੁੱਖ ਮੰਤਰੀ ਨੇ ਆਪਣੇ ਥੋੜ੍ਹੇ ਜਿਹੇ ਦਿਨਾਂ ਵਾਲੇ ਰਾਜ ਵਿੱਚ ਵੀ ਮਜੀਠੀਏ ਨੂੰ ਮੁੱਦਾ ਬਣਾ ਰੱਖਿਆ ਸੀ ਤੇ ਉਸਦੇ ਖਿਲਾਫ ਪੰਜਾਬ ਵਿੱਚ ਪਹਿਲਾ ਪੁਲਿਸ ਕੇਸ ਖੁਦ ਦਰਜ ਕਰਾਇਆ ਸੀ, ਉਹ ਵੀ ਇਹ ਕਹਿਣ ਲੱਗ ਪਿਆ ਹੈ ਕਿ ਮਜੀਠੀਏ ਵਿਰੁੱਧ ਸਿਆਸੀ ਬਦਲਾਖੋਰੀ ਕੀਤੀ ਗਈ ਹੈ। ਹਕੀਕਤ ਇਹ ਹੈ ਕਿ ਬਿਕਰਮ ਸਿੰਘ ਮਜੀਠੀਏ ਦੇ ਕੇਸ ਵਿੱਚ ਕਾਰਵਾਈ ਦੀ ਸ਼ੁਰੂਆਤ ਬਾਦਲ ਰਾਜ ਵਿੱਚ ਹੀ ਹੋ ਗਈ ਸੀ, ਜਦੋਂ ਮੁੰਬਈ ਪੁਲਿਸ ਨੇ ਏਸ਼ੀਅਨ ਚੈਂਪੀਅਨ ਅਤੇ ਪੰਜਾਬ ਪੁਲਿਸ ਦੇ ਡੀ ਐੱਸ ਪੀ ਜਗਦੀਸ਼ ਭੋਲਾ ਨੂੰ ਫੜਿਆ ਸੀ। ਉਦੋਂ ਚਰਚਾ ਹੁੰਦੀ ਰਹੀ ਸੀ ਕਿ ਪੰਜਾਬ ਵਾਲੇ ਜਿਹੜਾ ਕੰਮ ਖੁਦ ਨਹੀਂ ਸਨ ਕਰਨਾ ਚਾਹੁੰਦੇ, ਉਹ ਮੁੰਬਈ ਪੁਲਿਸ ਨੂੰ ਸੂਚਨਾ ਦੇ ਕੇ ਇੱਥੋਂ ਦੀ ਸਰਕਾਰ ਦੇ ਇਸ਼ਾਰੇ ਉੱਤੇ ਉੱਥੋਂ ਕਰਾਇਆ ਗਿਆ ਸੀ, ਕਿਉਂਕਿ ਮਜੀਠੀਆ ਇੱਥੇ ਸਰਕਾਰ ਲਈ ਬੋਝ ਬਣਦਾ ਜਾਂਦਾ ਸੀ ਤੇ ਉਸਦੀ ਸਰਗਰਮੀ ਕਿਸੇ ਦਿਨ ਇਸ ਰਾਜ ਦੀ ਸਰਕਾਰ ਲਈ ਮੁਸੀਬਤ ਬਣ ਸਕਦੀ ਸੀ। ਉਨ੍ਹੀਂ ਦਿਨੀਂ ਅਕਾਲੀ ਦਲ ਦੇ ਇੱਕ ਵਿਧਾਇਕ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਸਰਕਾਰੀ ਤੌਰ ਤਰੀਕੇ ਤੋਂ ਭੇਜੀ ਸੀ, ਜਿਸ ਵਿੱਚ ਇਸ ਮੁੱਦੇ ਬਾਰੇ ਸਾਰਾ ਕੁਝ ਲਿਖਿਆ ਪਿਆ ਸੀ। ਉਹ ਚਿੱਠੀ ਇਸ ਵੇਲੇ ਵੀ ਅਦਾਲਤੀ ਫਾਈਲਾਂ ਵਿੱਚ ਪਈ ਹੈ। ਕਿਹਾ ਜਾਂਦਾ ਸੀ ਕਿ ਇਹ ਚਿੱਠੀ ਲਿਖਣ ਵਾਲੇ ਨੇ ਲਿਖੀ ਨਹੀਂ, ਉਸ ਕੋਲੋਂ ਕਿਸੇ ਖਾਸ ਸੋਚ ਨਾਲ ਲਿਖਵਾਈ ਗਈ ਹੈ।
ਪੰਜਾਬ ਦੀ ਰਾਜਨੀਤੀ ਅਤੇ ਇਸਦੇ ਖੂੰਜਿਆਂ ਵਿਚਲੀ ਸਰਗਰਮੀ ਦੀ ਹਾਥ ਰੱਖਣ ਵਾਲੇ ਬਹੁਤ ਸਾਰੇ ਲੋਕ ਇਹ ਗੱਲ ਜਾਣਦੇ ਹਨ ਕਿ ਅਕਾਲੀ ਦਲ ਦੇ ਕਿਸੇ ਖਾਸ ਆਗੂ ਵੱਲੋਂ ਉਸ ਵੇਲੇ ਇੱਦਾਂ ਦੀ ਚਿੱਠੀ ਕਿਸੇ ਅਕਾਲੀ ਵਿਧਾਇਕ ਤੋਂ ਲਿਖਵਾਏ ਜਾਣ ਪਿੱਛੇ ਕਾਰਨ ਕਿਹੜੇ ਸਨ! ਉਸ ਵੇਲੇ ਇਹ ਚਿੱਠੀ ਲਿਖਵਾਉਣ ਦਾ ਮੰਤਵ ਮਜੀਠੀਏ ਵਿਰੁੱਧ ਕਾਰਵਾਈ ਕਰਨ ਨਾਲੋਂ ਵੱਧ ਇਹ ਗੱਲ ਭਵਿੱਖ ਦੀ ਵਰਤੋਂ ਲਈ ਰਿਕਾਰਡ ਉੱਤੇ ਰੱਖਣਾ ਸੀ। ਅੱਜਕੱਲ੍ਹ ਜਿਹੜੇ ਕੇਸ ਵਿੱਚ ਬਿਕਰਮ ਸਿੰਘ ਮਜੀਠੀਏ ਦੀ ਗ੍ਰਿਫਤਾਰੀ ਹੋਈ ਹੈ, ਉਸਦਾ ਮੂਲ ਅਧਾਰ ਇੱਕ ਸੌ ਗਿਆਰਾਂ ਦਿਨਾਂ ਦੀ ਕਾਂਗਰਸੀ ਸਰਕਾਰ ਦੌਰਾਨ ਦਰਜ ਕੀਤੇ ਗਏ ਕੇਸ ਵਿੱਚ ਲੁਕਿਆ ਹੈ। ਪਤਾ ਨਹੀਂ ਅੱਗੋਂ ਇਹ ਕਹਾਣੀ ਕਿੱਥੋਂ ਤਕ ਜਾਵੇਗੀ!
ਦੂਸਰਾ ਮੁੱਦਾ ਭਾਰਤ ਦੀ ਕਮਾਂਡ ਕਰ ਰਹੀ ਸਿਆਸੀ ਧਿਰ ਅਤੇ ਇਸ ਪਿੱਛੇ ਅਸਲੀ ਜਥੇਬੰਦਕ ਤਾਕਤ ਆਰ ਐੱਸ ਐੱਸ ਵੱਲੋਂ ਭਾਰਤ ਦਾ ਮੁਹਾਣ ਇੱਕ ਵੱਖਰੀ ਦਿਸ਼ਾ ਵੱਲ ਮੋੜਨ ਦਾ ਹੈ। ਇਸ ਮਕਸਦ ਲਈ ਉਹ ਹਰ ਕਿਸੇ ਸੰਵਿਧਾਨਕ ਅਦਾਰੇ ਉੱਤੇ ਆਪਣਾ ਜੱਫਾ ਮਜ਼ਬੂਤ ਕਰਨ ਲਈ ਹਰ ਹੱਦ ਟੱਪ ਰਹੇ ਦਿਸਦੇ ਹਨ। ਬੀਤੇ ਦਿਨੀਂ ਜਦੋਂ ਨਿਆਂ ਪਾਲਿਕਾ ਦੇ ਕੁਝ ਫੈਸਲੇ ਇਨ੍ਹਾਂ ਨੂੰ ਚੁਭਣ ਲੱਗੇ ਸਨ ਤਾਂ ਉਸ ਵਕਤ ਦੇ ਮੁੱਖ ਜੱਜ ਵਿਰੁੱਧ ਦੋਸ਼ ਲਾਏ ਗਏ ਅਤੇ ਜਾਂਚ ਕਰਨ ਦੇ ਨਾਂਅ ਉੱਤੇ ਫਿਰ ਉਸ ਨੂੰ ਇੰਨਾ ਪਰੇਸ਼ਾਨ ਕੀਤਾ ਗਿਆ ਕਿ ਉਸਦੇ ਫੈਸਲਿਆਂ ਦੀ ਸਾਰੀ ਤਾਨ ਬਦਲ ਗਈ। ਇਸ ਪਿੱਛੋਂ ਉਸ ਨਾਲ ਅੰਦਰਖਾਤੇ ਕੀ ਗੱਲ ਹੋਈ, ਪਤਾ ਨਹੀਂ, ਪਰ ਜਦੋਂ ਉਹ ਜੱਜ ਸੇਵਾਮੁਕਤ ਹੋਇਆ ਤਾਂ ਪਾਰਲੀਮੈਂਟ ਦੇ ਉਤਲੇ ਹਾਊਸ ਰਾਜ ਸਭਾ ਦੀ ਮੈਂਬਰੀ ਜਿਵੇਂ ਉਸ ਨੂੰ ਝਟਾਪਟ ਦਿੱਤੀ ਗਈ, ਉਸ ਤੋਂ ਸਾਫ ਹੋ ਗਿਆ ਕਿ ਆਖਰੀ ਦਿਨਾਂ ਵਿੱਚ ਉਸ ਵੱਲੋਂ ਫੈਸਲਿਆਂ ਦੀ ਤਾਨ ਬਦਲਣ ਪਿੱਛੇ ਰਾਜ਼ ਕੀ ਸੀ! ਉਸ ਪਿੱਛੋਂ ਜਿਸ ਮੁੱਖ ਜੱਜ ਨੂੰ ਦੇਸ਼ ਦੀ ਨਿਆਂ ਪਾਲਿਕਾ ਦੀ ਅਗਵਾਈ ਦਾ ਮੌਕਾ ਮਿਲਿਆ, ਉਸਦੀ ਇਮਾਨਦਾਰੀ ਅਤੇ ਕਾਨੂੰਨ ਵੱਲ ਵਚਨਬੱਧਤਾ ਦੇ ਚਰਚੇ ਚੱਲਦੇ ਸਨ, ਪਰ ਆਖਰੀ ਦਿਨਾਂ ਵਿੱਚ ਅਚਾਨਕ ਉਸਦੇ ਰੰਗ ਬਦਲ ਗਏ ਅਤੇ ਫਿਰ ਇੱਕ ਦਿਨ ਉਸਦੇ ਘਰ ਹੁੰਦੀ ਆਰਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾ ਪਹੁੰਚੇ ਸਨ। ਉਸ ਦਿਨ ਉੱਥੇ ਹੋਈ ਆਰਤੀ ਨੂੰ ਨਿੱਜੀ ਜਾਂ ਘਰੇਲੂ ਰੱਖਣ ਦੀ ਥਾਂ ਮੀਡੀਏ ਵਿੱਚ ਜਿੱਦਾਂ ਬਾਕਾਇਦਾ ਜਾਰੀ ਕੀਤਾ ਗਿਆ, ਉਸਨੇ ਦੱਸ ਦਿੱਤਾ ਸੀ ਕਿ ਅੰਦਰ ਕੀ ਚੱਲਦਾ ਹੈ! ਰਹੀ ਕਸਰ ਕੱਢ ਦੇਣ ਲਈ ਨਿਆਂ ਪਾਲਿਕਾ ਦੇ ਖਿਲਾਫ ਪਹਿਲਾਂ ਇੱਕ ਰਾਜ ਦੇ ਗਵਰਨਰ ਵੱਲੋਂ, ਫਿਰ ਭਾਰਤ ਦੇ ਉਪ ਰਾਸ਼ਟਰਪਤੀ ਵੱਲੋਂ ਅਤੇ ਅੰਤ ਵਿੱਚ ਭਾਜਪਾ ਦੇ ਇੱਕ ਬੇਹੂਦਾ ਬੋਲਣ ਵਾਲੇ ਪਾਰਲੀਮੈਂਟ ਮੈਂਬਰ ਵੱਲੋਂ ਜਿਹੜੀ ਭੱਦੀ ਟਿੱਪਣੀ ਦੀ ਖਬਰ ਆਈ, ਉਸ ਤੋਂ ਕੋਈ ਓਹਲਾ ਨਹੀਂ ਸੀ ਰਹਿ ਗਿਆ ਕਿ ਦੇਸ਼ ਕਿੱਧਰ ਨੂੰ ਲਿਜਾਇਆ ਜਾ ਸਕਦਾ ਹੈ! ਇੰਨੇ ਉੱਤੇ ਗੱਲ ਮੁੱਕ ਨਹੀਂ ਗਈ, ਇਸ ਝੁਕਾਅ ਦੇ ਮੋਹਰੀਆਂ ਨੇ ਦੇਸ਼ ਦੇ ਸੰਵਿਧਾਨ ਵਿੱਚੋਂ ਸਮਾਜਵਾਦੀ ਅਤੇ ਧਰਮ ਨਿਰਪੱਖਤਾ ਦੇ ਸ਼ਬਦ ਕੱਟ ਦੇਣ ਦੀ ਮੁਹਿੰਮ ਅਰੰਭ ਕਰ ਦਿੱਤੀ ਹੈ। ਸਮਾਜਵਾਦੀ ਸ਼ਬਦ ਵਿਚਾਰਧਾਰਾ ਦੇ ਤੌਰ ਉੱਤੇ ਕੱਟਣਾ ਕਈ ਲੋਕਾਂ ਨੂੰ ਸ਼ਾਇਦ ਨਾ ਚੁਭੇ, ਪਰ ਧਰਮ ਨਿਰਪੱਖਤਾ ਸ਼ਬਦ ਕੱਢਣ ਦੀ ਮੰਗ ਅਜੋਕੀ ਹਾਕਮ ਧਿਰ ਦੇ ਇਰਾਦੇ ਸਪਸ਼ਟ ਕਰ ਦਿੰਦੀ ਹੈ।
ਤੀਸਰਾ ਅਤੇ ਆਖਰੀ ਮੁੱਦਾ ਟਰੰਪਸ਼ਾਹੀ ਡਿਪਲੋਮੇਸੀ ਦੇ ਉਸ ਦੌਰ ਦਾ ਹੈ, ਜਿਸਦਾ ਅਸਰ ਇਸ ਸੰਸਾਰ ਮੋਹਰੇ ਇੱਕ ਹੋਰ ਸੰਸਾਰ ਜੰਗ ਦਾ ਭਾਂਬੜ ਮੱਚਣ ਦੇ ਸ਼ੱਕ ਵਜੋਂ ਦਿਖਾਈ ਦੇ ਸਕਦਾ ਹੈ। ਇਰਾਨ ਅਤੇ ਇਸਰਾਈਲ ਦੀ ਜੰਗ ਵਿੱਚ ਅਮਰੀਕਾ ਦਾ ਅਚਾਨਕ ਕੁੱਦਣਾ, ਇਰਾਨ ਦੇ ਐਟਮੀ ਅੱਡਿਆਂ ਉੱਤੇ ਜ਼ੋਰਦਾਰ ਹਮਲੇ ਕਰਨਾ ਤੇ ਫਿਰ ਨੇੜਲੇ ਦੇਸ਼ਾਂ ਵਿੱਚ ਅਮਰੀਕੀ ਅੱਡਿਆਂ ਉੱਤੇ ਇਰਾਨ ਦਾ ਹਮਲਾ ਹੋਣਾ ਅਣਕਿਆਸਿਆ ਘਟਨਾਕਰਮ ਸੀ। ਜਿੰਨੀ ਤੇਜ਼ੀ ਨਾਲ ਇਸ ਜੰਗ ਦੇ ਅਖਾੜੇ ਵਿੱਚ ਅਮਰੀਕਾ ਨੇ ਛਾਲ ਮਾਰੀ ਸੀ, ਉਸ ਤੋਂ ਵੱਧ ਕਾਹਲੀ ਨਾਲ ਅਮਰੀਕਾ ਨੇ ਇੱਕਤਰਫਾ ਤੌਰ ਉੱਤੇ ਜੰਗਬੰਦੀ ਦਾ ਐਲਾਨ ਕਰ ਕੇ ਇਹ ਦਾਅਵਾ ਕਰ ਦਿੱਤਾ ਕਿ ਇਰਾਨ ਨਾਲ ਬਥੇਰੀ ਹੋ ਗਈ ਹੈ। ਇਰਾਨ ਅੱਗੋਂ ਇਹ ਕਹੀ ਜਾਂਦਾ ਹੈ ਕਿ ਉਸ ਨਾਲ ਨਹੀਂ ਹੋਈ, ਅਮਰੀਕਾ ਨੂੰ ਸਬਕ ਦੇ ਦਿੱਤਾ ਹੈ ਕਿ ਉਸਦੇ ਫੌਜੀ ਅੱਡਿਆਂ ਨੂੰ ਨਿਸ਼ਾਨਾ ਬਣਾਉਣ ਵਾਲਾ ਵੀ ਕੋਈ ਹੈ ਅਤੇ ਇਸ ਹਮਲੇ ਪਿੱਛੋਂ ਉਸਦੇ ਅੱਡੇ ਵਾਲੇ ਏਸ਼ੀਅਨ ਦੇਸ਼ ਕਤਰ ਦੀ ਸਰਕਾਰ ਦੀ ਬਹੁੜੀ ਪਾਉਣ ਨੇ ਟਰੰਪ ਦੇ ਮੂੰਹੋਂ ਇੱਕਤਰਫਾ ਜੰਗਬੰਦੀ ਦੀ ਗੱਲ ਕੱਢਵਾਈ ਸੀ। ਇਸਦੇ ਬਾਵਜੂਦ ਡੌਨਲਡ ਟਰੰਪ ਨੇ ਆਪਣੀ ਮੁਹਾਰਨੀ ਬੰਦ ਕਦੇ ਨਹੀਂ ਕੀਤੀ, ਸਗੋਂ ਇਹ ਕਹਿਣ ਤਕ ਪਹੁੰਚ ਗਿਆ ਕਿ ਜਿਵੇਂ ਹੀਰੋਸ਼ੀਮਾ ਅਤੇ ਨਾਗਾਸਾਕੀ ਨੇ ਦੂਸਰੀ ਸੰਸਾਰ ਜੰਗ ਰੁਕਵਾਈ ਸੀ, ਓਦਾਂ ਹੀ ਇਸ ਵਾਰੀ ਉਸ ਵੱਲੋਂ ਚੁੱਕੇ ਕਦਮ ਨੇ ਇਰਾਨ-ਇਸਰਾਈਲ ਜੰਗ ਰੁਕਵਾ ਦਿੱਤੀ ਅਤੇ ਦੁਨੀਆ ਨੂੰ ਵੱਡੇ ਖਤਰੇ ਤੋਂ ਬਚਾ ਲਿਆ ਹੈ। ਬਾਕੀ ਦੁਨੀਆ ਉਸਦੀ ਇਸ ਗੱਲ ਨੂੰ ਹਜ਼ਮ ਕਰਨ ਲਈ ਤਿਆਰ ਨਹੀਂ।
ਉਸ ਨਾਲੋਂ ਵੱਧ ਹੈਰਾਨੀ ਦੀ ਗੱਲ ਇਹ ਹੈ ਕਿ ਅਗਲੇ ਦਿਨੀਂ ਜਦੋਂ ਅਮਰੀਕਾ ਦੀ ਪੱਕੀ ਧਿਰ ਮੰਨੇ ਜਾਂਦੇ ਨਾਟੋ ਗਠਜੋੜ ਦੀ ਮੀਟਿੰਗ ਹੋਈ ਤਾਂ ਉਸ ਦੌਰਾਨ ਡੌਨਲਡ ਟਰੰਪ ਨੇ ਯੂਰਪੀ ਦੇਸ਼ਾਂ ਨੂੰ ਇਹ ਗੱਲ ਕਹਿ ਦਿੱਤੀ ਕਿ ਉਹ ਨਾਟੋ ਦੇ ਖਰਚ ਦਾ ਬੋਝ ਚੁੱਕਣ ਲਈ ਆਪਣਾ ਹਿੱਸਾ ਹੋਰ ਵਧਾ ਦੇਣ। ਉਹ ਦੇਸ਼ ਇਸ ਗੱਲ ਤੋਂ ਭੜਕ ਪਏ। ਯੁਕਰੇਨ-ਰੂਸ ਜੰਗ ਬਾਰੇ ਉਨ੍ਹਾਂ ਅਤੇ ਟਰੰਪ ਦੇ ਮੱਤਭੇਦ ਪਹਿਲਾਂ ਉੱਭਰ ਚੁੱਕੇ ਹੋਣ ਕਾਰਨ ਇਹ ਗੱਲ ਚੱਲ ਪਈ ਕਿ ਜੇ ਤੀਸਰੀ ਜੰਗ ਦੇ ਹਾਲਾਤ ਬਣੇ ਤਾਂ ਯੂਰਪ ਵਾਲੇ ਦੇਸ਼ ਐਤਕੀਂ ਅਮਰੀਕਾ ਦੀ ਅਗਵਾਈ ਮੰਨਣ ਦੀ ਥਾਂ ਵਿਰੋਧੀ ਧਿਰ ਵੀ ਬਣ ਸਕਦੇ ਹਨ। ਇਸ ਤੋਂ ਪਹਿਲਾਂ ਕਦੇ ਇੱਦਾਂ ਦੇ ਹਾਲਾਤ ਨਹੀਂ ਸਨ ਬਣਦੇ ਵੇਖੇ ਕਿ ਨਾਟੋ ਦੇ ਮੈਂਬਰ ਦੇਸ਼ ਕਿਸੇ ਗੱਲ ਵਿੱਚ ਅਮਰੀਕੀ ਸਰਕਾਰ ਦੇ ਉਲਟ ਜਾਣ ਦਾ ਕੋਈ ਸੰਕੇਤ ਵੀ ਦੇ ਸਕਦੇ ਹੋਣ। ਬਹੁਤੇ ਲੋਕਾਂ ਨੂੰ ਯਾਦ ਨਹੀਂ ਕਿ ਦੂਸਰੀ ਜੰਗ ਤੋਂ ਪਹਿਲਾਂ ਦੁਨੀਆ ਦੀ ਅਗਵਾਈ ਅਮਰੀਕਾ ਕੋਲ ਨਹੀਂ, ਯੂਰਪ ਕੋਲ ਅਤੇ ਖਾਸ ਤੌਰ ਉੱਤੇ ਬ੍ਰਿਟੇਨ ਦੇ ਕੋਲ ਸੀ। ਸੰਸਾਰ ਜੰਗ ਵਿੱਚ ਅਮਰੀਕਾ ਦੂਰ ਹੋਣ ਕਾਰਨ ਬਹੁਤੇ ਨੁਕਸਾਨ ਤੋਂ ਬਚਿਆ ਰਿਹਾ ਤੇ ਬ੍ਰਿਟੇਨ ਸਮੇਤ ਸਾਰੇ ਯੂਰਪੀ ਦੇਸ਼ ਜੰਗ ਦੀ ਮਾਰ ਨਾਲ ਆਰਥਿਕ ਪੱਖੋਂ ਬਹੁਤੇ ਕਮਜ਼ੋਰ ਹੋ ਗਏ ਤਾਂ ਅਮਰੀਕਾ ਦੇ ਹੱਥ ਅਗਵਾਈ ਆਈ ਸੀ। ਤਾਜ਼ਾ ਹਾਲਾਤ ਬਹੁਤ ਦੇਰ ਬਾਅਦ ਇੱਦਾਂ ਦੇ ਸੰਕੇਤ ਦਿੰਦੇ ਮਹਿਸੂਸ ਕੀਤੇ ਜਾਣ ਲੱਗੇ ਹਨ ਕਿ ਸੰਸਾਰ ਦਾ ਨਕਸ਼ਾ ਬਦਲਣ ਦੇ ਡੌਨਲਡ ਟਰੰਪ ਦੇ ਯਤਨ, ਜਿੱਦਾਂ ਉਹ ਕੈਨੇਡਾ ਨੂੰ ਆਪਣਾ ਇਕਵੰਜਵਾਂ ਰਾਜ ਬਣਾਉਣ ਦੇ ਦਬਕੇ ਮਾਰੀ ਜਾਂਦਾ ਹੈ, ਦੇ ਕਾਰਨ ਅਮਰੀਕਾ ਲਈ ਇੱਕਦਮ ਉਲਟ ਸਥਿਤੀ ਪੇਸ਼ ਕਰਨ ਵਾਲੀ ਸਥਿਤੀ ਵੀ ਬਣ ਸਕਦੀ ਹੈ। ਜੇ ਇਸ ਤਰ੍ਹਾਂ ਹੋ ਗਿਆ ਤਾਂ ਦੁਨੀਆ ਭਰ ਦੇ ਦੇਸ਼ਾਂ ਅਤੇ ਸੰਸਾਰ ਪੱਧਰ ਦੇ ਸੰਗਠਨਾਂ ਆਦਿ ਦੀ ਹੈਸੀਅਤ ਵੀ ਨਵੇਂ ਸਿਰਿਉਂ ਤੈਅ ਹੁੰਦੀ ਦਿਖਾਈ ਦੇ ਸਕਦੀ ਹੈ।
ਹਾਲਾਤ ਪੈਰੋ-ਪੈਰ ਵਿਗੜਦੇ ਜਾਂਦੇ ਹਨ, ਪੰਜਾਬ ਦੇ ਵੀ, ਭਾਰਤ ਅਤੇ ਸਾਰੀ ਦੁਨੀਆ ਦੇ ਵੀ, ਪਰ ਇਸਦੇ ਬਾਰੇ ਜਿਹੜੇ ਸੋਚਵਾਨ ਲੋਕ ਜਾਂ ਜਿਹੜੇ ਸੰਗਠਨ ਦੁਨੀਆ ਪੱਧਰ ਦੀ ਹੈਸੀਅਤ ਰੱਖਣ ਦੇ ਬਾਵਜੂਦ ਅਜੇ ਤਕ ਬੋਲਣ ਨੂੰ ਠੀਕ ਨਹੀਂ ਸਮਝਦੇ, ਉਨ੍ਹਾਂ ਕੋਲੋਂ ਬਹੁਤਾ ਚਿਰ ਚੁੱਪ ਨਹੀਂ ਰਿਹਾ ਜਾ ਸਕਣਾ। ਕੋਈ ਚਾਹੇ ਜਾਂ ਨਾ ਚਾਹੇ, ਇੱਦਾਂ ਦੀ ਹਾਲਤ ਆਸ ਤੋਂ ਵੱਧ ਛੇਤੀ ਵੀ ਆ ਸਕਦੀ ਹੈ ਕਿ ਅਮਨ-ਅਮਨ ਦੀਆਂ ਕੂਕਾਂ ਸੁਣਨ ਲੱਗ ਪੈਣ। ਇਹ ਕਦੇ ਵੀ ਹੋ ਸਕਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)