RavinderSSodhi7“ਲੇਖਕ: ਡਾ. ਅਵਤਾਰ ਸਿੰਘ ਸੰਘਾ, ਆਸਟਰੇਲੀਆ (ਸਿਡਨੀ)।”
“ਇਨਸਾਨ ਦੀ ਜ਼ਿੰਦਗੀ ਦਾ ਹਰ ਪੜਾਅ ਹੀ ਇਮਤਿਹਾਨ ਤੋਂ ਘੱਟ ਨਹੀਂ ਹੁੰਦਾਇਹਨਾਂ ਵੱਖ-ਵੱਖ  ...

(6 ਸਤੰਬਰ 2021)

 

ਡਾ. ਅਵਤਾਰ ਸਿੰਘ ਸੰਘਾ ਆਸਟਰੇਲੀਆ (ਸਿਡਨੀ) ਵਿੱਚ ਰਹਿਣ ਵਾਲਾ ਪਰਵਾਸੀ ਲੇਖਕ ਹੈਨਵੇਂ ਦਿਸਹੱਦਿਆਂ ਦੀਆਂ ਪਰਤਾਂ ਫਰੋਲਣ ਤੋਂ ਪਹਿਲਾਂ, ਉਹ ਪੰਜਾਬ ਦੇ ਕਾਲਜਾਂ ਵਿੱਚ ਪੌਣੀ ਸਦੀ ਦੇ ਲਗਭਗ, ਵਿਦਿਆਰਥੀਆਂ ਦੀ ਅੰਗਰੇਜ਼ੀ ਸੁਧਾਰਨ ਅਤੇ ਸਿਖਾਉਣ ਦੇ ਨਾਲ-ਨਾਲ, ਆਪ ਮਿਹਨਤ ਕਰਦਾ ਹੋਇਆ ਅੰਗਰੇਜ਼ੀ ਸਾਹਿਤ ਦਾ ਡਾਕਟਰ ਬਣ ਗਿਆ, ਭਾਵ ਪੀ ਐੱਚ ਡੀ ਦੀ ਡਿਗਰੀ ਪ੍ਰਾਪਤ ਕਰ ਲਈਉਸ ਵਿੱਚ ਲਿਖਣ ਪ੍ਰਤੀ ਰੁਚੀ ਮੁੱਢ ਤੋਂ ਹੀ ਸੀਉਸ ਨੇ ਅੰਗਰੇਜ਼ੀ ਵਿੱਚ ਕਈ ਕਹਾਣੀਆਂ ਲਿਖੀਆਂਵਿਸ਼ੇ ਦੇ ਪੱਖੋਂ ਉਸ ਦੀਆਂ ਕਹਾਣੀਆਂ ਵਿੱਚ ਨਿਵੇਕਲਾਪਣ ਸੀ, ਕਹਾਣੀ ਲਿਖਣ ਦੀ ਕਲਾ ਤੋਂ ਜਾਣੂ ਸੀ ਅਤੇ ਸਭ ਤੋਂ ਵੱਧ, ਅੰਗਰੇਜ਼ੀ ਭਾਸ਼ਾ ’ਤੇ ਉਸਦੀ ਪਕੜ ਸੀ ਇਸੇ ਲਈ ਅੰਗਰੇਜ਼ੀ ਟ੍ਰਿਬਿਊਨ ਵਿੱਚ ਉਸ ਦੀਆਂ ਕਹਾਣੀਆਂ 1983 ਤੋਂ ਹੀ ਪ੍ਰਕਾਸ਼ਿਤ ਹੋ ਰਹੀਆਂ ਹਨ ਅੰਗਰੇਜ਼ੀ ਟ੍ਰਿਬਿਊਨ ਵਿੱਚ ਛਪਣਾ ਕਿਸੇ ਵੀ ਲੇਖਕ ਦੀ ਸਥਾਪਤੀ ਦੀ ਨਿਸ਼ਾਨੀ ਹੈਬਾਅਦ ਵਿੱਚ ਇਹਨਾਂ ਕਹਾਣੀਆਂ ਨੂੰ ਉਸ ਨੇ ਪੁਸਤਕ ਦਾ ਰੂਪ ਵੀ ਦਿੱਤਾ

ਸਨ 2000 ਵਿੱਚ ਡਾ. ਅਵਤਾਰ ਸਿੰਘ ਸੰਘਾ ਆਸਟਰੇਲੀਆ ਪਹੁੰਚ ਗਿਆਆਪਣੀ ਰੋਜ਼ੀ-ਰੋਟੀ ਦੀ ਘਾਲਣਾ ਦੇ ਨਾਲ-ਨਾਲ ਹੀ ਉਸਦੀ ਕਲਮ ਵੀ ਮੁਸ਼ੱਕਤ ਕਰਦੀ ਰਹੀਸਭ ਤੋਂ ਪਹਿਲਾਂ ਉਸ ਨੇ ਪੰਜਾਬੀ ਅਖਬਾਰਾਂ ਲਈ ਕਾਲਮ ਲਿਖਣੇ ਸ਼ੁਰੂ ਕੀਤੇਉਸ ਨੇ ਆਪਣਾ ਕਾਲਮ ‘ਸਿਡਨੀ ਦੀਆਂ ਰੇਲ ਗੱਡੀਆਂ’ ਲਗਾਤਾਰ 14 ਸਾਲ ਲਿਖਿਆ2009 ਵਿੱਚ ਉਸ ਨੇ ਇਸ ਕਾਲਮ ਦੀਆਂ ਕੁਝ ਲੇਖ ਨੁਮਾ ਕਹਾਣੀਆਂ ਅਤੇ ਕਹਾਣੀ ਨੁਮਾ ਲੇਖਾਂ ਨੂੰ ਇਸੇ ਨਾਂ ਅਧੀਨ ਪੁਸਤਕ ਰੂਪ ਦਿੱਤਾ2014 ਵਿੱਚ ਉਸ ਨੇ ਆਪਣਾ ਮਹੀਨਾਵਾਰ ਮੈਗਜ਼ੀਨ/ਅਖਬਾਰ ‘ਦਾ ਪੰਜਾਬ ਹੈਰਲਡ’ ਸ਼ੁਰੂ ਕਰ ਲਿਆ ਇਸਦੇ ਨਾਲ ਹੀ ਉਹ ਆਪਣੀ ਸਾਹਿਤਕ ਭੁੱਖ ਮਿਟਾਉਣ ਲਈ ਲਿਖਦਾ ਵੀ ਰਿਹਾਉਸ ਦਾ ਨਾਵਲ ‘… ਤੇ ਪ੍ਰੀਖਿਆ ਚਲਦੀ ਰਹੀ’ 2021 ਵਿਚ ਪ੍ਰਕਾਸ਼ਿਤ ਹੋਇਆ

ਨਾਵਲ ਦੇ ਮੁੱਖ ਬੰਧ ਵਿੱਚ ਲੇਖਕ ਨੇ ਲਿਖਿਆ ਹੈ ਕਿ ਇਹ ਨਾਵਲ 1932 ਤੋਂ ਲੈ ਕੇ 1990 ਤਕ ਸਿੱਖਾਂ ਦੀ ਉੱਤਰੀ ਭਾਰਤ ਵਿੱਚ ਤ੍ਰਾਸਦੀ ਨੂੰ ਬਿਆਨ ਕਰਦਾ ਹੈਨਾਵਲ ਪੜ੍ਹਨ ਉਪਰੰਤ ਇਹ ਪਤਾ ਲੱਗਦਾ ਹੈ ਕਿ ਨਾਵਲਕਾਰ ਨੇ ਕਈ ਥਾਂਵਾਂ ’ਤੇ ਕੁਝ ਪਾਤਰਾਂ ਕੋਲੋਂ ਇਸ ਸਮੇਂ ਦੀਆਂ ਕਈ ਮਹੱਤਵਪੂਰਨ ਘਟਨਾਵਾਂ ਦੀ ਜਾਣਕਾਰੀ ਮੁਹਈਆ ਕਰਵਾਈ ਹੈਪਰ ਡਾ. ਸੰਘਾ ਨੇ ਇੱਕ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਹੈ ਕਿ ਅਜਿਹੀ ਜਾਣਕਾਰੀ ਨਿਰੋਲ ਇਤਿਹਾਸਕ ਪਰਿਪੇਖ ਵਿੱਚ ਪੇਸ਼ ਨਾ ਕੀਤੀ ਜਾਵੇ, ਜਿਸ ਨਾਲ ਪਾਠਕਾਂ ਨੂੰ ਇਹ ਮਹਿਸੂਸ ਹੋਵੇ ਕਿ ਨਾਵਲ ਦੀ ਪਲੇਟ ਵਿੱਚ ਇਤਿਹਾਸ ਪਰੋਸਿਆ ਜਾ ਰਿਹਾ ਹੈਕੁਝ ਘਟਨਾਵਾਂ ਦੇ ਇਤਿਹਾਸਕ ਹਵਾਲੇ ਤਾਂ ਸਾਹਿਤ ਵਿੱਚ ਖਪਤ ਹੋ ਜਾਂਦੇ ਹਨ ਅਤੇ ਸਾਹਿਤ ਨੂੰ ਨਵੀਂ ਦਿਸ਼ਾ ਵੀ ਪ੍ਰਦਾਨ ਕਰਦੇ ਹਨ, ਪਰ ਇਤਿਹਾਸਕ ਘਟਨਾਕ੍ਰਮ ਨੂੰ ਇਤਿਹਾਸਕ ਨਜ਼ਰੀਏ ਨਾਲ ਹੀ ਪੇਸ਼ ਕਰਨਾ ਸਾਹਿਤ ਦੇ ਪਾਠਕਾਂ ਨੂੰ ਗਵਾਰਾ ਨਹੀਂ ਹੁੰਦਾ

ਲੇਖਕ ਨੇ ਬੜੀ ਸਿਆਣਪ ਨਾਲ ਨਾਵਲ ਦੇ ਮੁੱਖ ਪਾਤਰ ਪਤਵੰਤ ਸਿੰਘ ਨੂੰ ਸਿੱਖ ਇਤਿਹਾਸ ਦੇ ਵਿਸ਼ੇ ਦੇ ਮਾਹਿਰ ਵਜੋਂ ਪੇਸ਼ ਕੀਤਾ ਹੈ ਅਤੇ ਉਸ ਵੱਲੋਂ ਆਪਣੇ ਥੀਸਿਸ ਵਿੱਚੋਂ ਹਵਾਲੇ ਦੇਣੇ ਜਾਂ ਗੱਲਾਂ-ਬਾਤਾਂ ਰਾਹੀਂ ਅਜਿਹੀ ਜਾਣਕਾਰੀ ਦੇਣੀ ਓਪਰੀ ਨਹੀਂ ਜਾਪਦੀਇਸ ਢੰਗ ਦੀ ਵਰਤੋਂ ਕਰਕੇ ਲੇਖਕ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡ ਲਏ ਇੱਕ ਥਾਂ ਪਤਵੰਤ ਸਿੰਘ, ਪ੍ਰਿੰਸੀਪਲ ਦੀ ਗੱਲ ਦਾ ਉੱਤਰ ਦਿੰਦੇ ਹੋਏ ਕਹਿੰਦਾ ਹੈ, “ਆਧੁਨਿਕ ਪੰਜਾਬ ਦੀ ਦਰਦ ਕਹਾਣੀ ਅਸਲ ਵਿੱਚ 1932 ਤੋਂ ਸ਼ੁਰੂ ਹੁੰਦੀ ਹੈ।” ਇਸ ਤੋਂ ਬਾਅਦ ਸਾਰੇ ਇਤਿਹਾਸਕ ਤੱਥ ਹਨ, ਪਰ ਇਹ ਨਿਰੋਲ ਲੈਕਚਰ ਨਹੀਂ ਬਲਕਿ ਦੋ ਪੜ੍ਹਿਆਂ-ਲਿਖਿਆਂ ਦੀ ਆਪਸੀ ਬੌਧਿਕ ਪੱਧਰ ਦੀ ਚਰਚਾ ਲਗਦੀ ਹੈਜਦੋਂ ਨਾਵਲ ਦੇ ਦੋ ਹੋਰ ਪਾਤਰ ਉਜਾਗਰ ਮੱਲ ਅਤੇ ਪ੍ਰਸ਼ੋਤਮ, ਗੁਰਬਾਣੀ ਦੇ ਸੰਦਰਭ ਵਿੱਚ ਨਸ਼ਿਆਂ ਅਤੇ ਮੀਟ ਸੰਬੰਧੀ ਗੱਲ ਕਰਦੇ ਹਨ ਤਾਂ ਉਜਾਗਰ ਇਹਨਾਂ ਪੱਖਾਂ ’ਤੇ ਸਹੀ ਜਾਣਕਾਰੀ ਲੈਣ ਲਈ ਡਾ. ਪਤਵੰਤ ਸਿੰਘ ਨੂੰ ਫੋਨ ਕਰਦਾ ਹੈ ਇੱਥੇ ਇੱਕ ਵਾਰ ਫੇਰ ਲੇਖਕ ਸਿਆਣਪ ਤੋਂ ਕੰਮ ਲੈ ਕੇ ਪਤਵੰਤ ਸਿੰਘ ਰਾਹੀਂ ਪਾਠਕਾਂ ਦੇ ਸਨਮੁੱਖ ਗੁਰਬਾਣੀ ਦਾ ਪੱਖ ਸਹਿਜ ਨਾਲ ਹੀ ਪੇਸ਼ ਕਰ ਜਾਂਦਾ ਹੈ ਜੋ ਪਾਠਕਾਂ ਨੂੰ ਬੋਝਲ ਨਹੀਂ ਲੱਗਦਾ ਅਤੇ ਉਹਨਾਂ ਦੇ ਗਿਆਨ ਵਿੱਚ ਵਾਧਾ ਵੀ ਹੋ ਜਾਂਦਾ ਹੈ

ਇਸੇ ਤਰ੍ਹਾਂ ਹੀ ਲੇਖਕ ਨੇ ਪੰਜਾਬ ਦੇ ਕਾਲੇ ਦੌਰ, ਜਿਸ ਨੂੰ ਅੱਤਵਾਦ/ਖਾੜਕੂਵਾਦ ਦੇ ਨਾਂਵਾਂ ਨਾਲ ਵੀ ਜਾਣਿਆ ਜਾਂਦਾ ਹੈ, ਸੰਬੰਧੀ ਕਾਫੀ ਕੁਝ ਲਿਖਿਆ ਹੈ ਪਰ ਇਸ ਨੂੰ ਵੀ ਇੱਕ ਲਹਿਰ ਦੇ ਤੌਰ ’ਤੇ ਚਰਚਾ ਦਾ ਵਿਸ਼ਾ ਨਹੀਂ ਬਣਾਇਆ ਅਤੇ ਨਾ ਹੀ ਵਿਸਥਾਰ ਵਿੱਚ ਇਸਦੇ ਹੱਕ ਜਾਂ ਵਿਰੋਧ ਵਿੱਚ ਕੋਈ ਨਤੀਜਾ ਕੱਢਿਆ ਹੈ, ਨਾ ਹੀ ਉਸ ਲਹਿਰ ਦੇ ਇਤਿਹਾਸਕ ਪੱਖ ਸੰਬੰਧੀ ਆਪਣੇ ਵੱਲੋਂ ਲਿਖਿਆ ਹੈ, ਪਰ ਕਿਸੇ ਪ੍ਰਸਿੱਧ ਪੰਜਾਬੀ ਨਾਵਲਕਾਰ ਦਾ ਹਵਾਲਾ ਦੇ ਕੇ ਇਹ ਜ਼ਰੂਰ ਲਿਖ ਦਿੱਤਾ ਹੈ ਕਿ ‘ਲਹਿਰਾਂ ਵਿੱਚ ਘਟੀਆਂ ਬੰਦੇ ਸ਼ਾਮਲ ਹੋਣ ਨਾਲ ਲਹਿਰਾਂ ਨੂੰ ਨੁਕਸਾਨ ਹੁੰਦਾ ਹੈ।’ ਕਾਂਤਾ ਵਰਗੀ ਹਿੰਦੂ ਪਰਿਵਾਰ ਦੀ ਲੜਕੀ ਤੋਂ ਇਸ ਲਹਿਰ ਦੇ ਵਿਰੁੱਧ ਕੁਹਾ ਦਿੱਤਾ ਅਤੇ ਕੁਝ ਸਿੱਖ ਪਾਤਰਾਂ ਵੱਲੋਂ ਇਸਦੇ ਹੱਕ ਵਿੱਚ

ਲੇਖਕ ਦੀ ਇਸ ਗੱਲੋਂ ਪ੍ਰਸ਼ੰਸਾ ਕਰਨੀ ਬਣਦੀ ਹੈ ਕਿ ਉਸ ਨੇ ਅੱਤਵਾਦ ਜਾਂ ਖਾੜਕੂਵਾਦ ਦੀ ਆੜ ਵਿੱਚ ਗੈਰ-ਸਮਾਜਕ ਅਨਸਰਾਂ ਵੱਲੋਂ ਕੀਤੇ ਕਈ ਕਾਰਿਆਂ ਨੂੰ ਨੰਗਾ ਕਰ ਦਿੱਤਾ ਹੈਮਸਲਨ ਸਕੂਲਾਂ, ਕਾਲਜਾਂ ਦੇ ਇਮਤਿਹਾਨਾਂ ਸਮੇਂ ਨਕਲ ਦੇ ਰੁਝਾਨ ਨੂੰ ਵੀ ਖਾੜਕੂਆਂ ਦੇ ਸਿਰ ਮੜ੍ਹ ਦੇਣ ਦਾ ਕੋਝਾ ਯਤਨ, ਨਲਾਇਕ ਵਿਦਿਆਰਥੀਆਂ ਵੱਲੋਂ ਇਹ ਸੋਚਣਾ ਕਿ ਇਸ ਤਰ੍ਹਾਂ ਦੇ ਮਾਹੌਲ ਵਿੱਚ ਉਹ ਬੀ.ਏ, ਐੱਮ. ਏ ਕਰ ਜਾਣਗੇ, ਕਾਲਜ ਦੇ ਹੀ ਇੱਕ ਵਿਦਿਆਰਥੀ ਵੱਲੋਂ ਪ੍ਰਿੰਸੀਪਲ ਦੇ ਦਫਤਰ ਵਿੱਚੋਂ ਪਰਚੇ ਚੋਰੀ ਕਰਨੇ, ਪੜ੍ਹਿਆਂ-ਲਿਖਿਆਂ ਵੱਲੋਂ ਵੀ ਇੱਕ-ਦੂਜੇ ਵਿਰੁੱਧ ਬੇਨਾਮੀ ਚਿੱਠੀਆਂ ਲਿਖਵਾਉਣੀਆਂ, ਪੁਲਿਸ ਦੀਆਂ ਆਮ ਲੋਕਾਂ ’ਤੇ ਜ਼ਿਆਦਤੀਆਂ ਕਰਕੇ ਪੈਸੇ ਬਟੋਰਨੇ, ਝੂਠੇ ਪੁਲਿਸ ਮੁਕਾਬਲੇ ਆਦਿ ਦਾ ਥਾਂ ਪੁਰ ਥਾਂ ਜ਼ਿਕਰ ਕੀਤਾ ਹੈਉਜਾਗਰ ਮੱਲ ਹੀ ਪ੍ਰਸ਼ੋਤਮ ਨੂੰ ਕਹਿੰਦਾ ਹੈ ਕਿ ਉਹ ਪਤਵੰਤ ਸਿੰਘ ਵਿਰੁੱਧ ਸ਼ਿਕਾਇਤ ਕਰ ਦੇਵੇਅਸਲ ਵਿੱਚ ਉਜਾਗਰ ਜਦੋਂ ਆਪ ਪ੍ਰੀਖਿਆ ਕੇਂਦਰ ਦਾ ਨਿਗਰਾਨ ਸੀ, ਉਸ ਨੇ ਡਰਦੇ ਹੋਏ ਸਖਤੀ ਨਹੀਂ ਵਰਤੀਯੂਨੀਵਰਸਿਟੀ ਵੱਲੋਂ ਆਇਆ ਅਮਲਾ ਵੀ ਮਾਹੌਲ ਨੂੰ ਭਾਂਪਦੇ ਹੋਏ ਕਾਗਜ਼ਾਂ ’ਤੇ ਦਸਤਖਤ ਕਰਕੇ ਚਲਿਆ ਗਿਆ ਪਰ ਜਦੋਂ ਜੇਲ ਵਿੱਚ ਬੰਦ ਖਾੜਕੂ, ਪੁਲਿਸ ਦੀ ਦੇਖ-ਰੇਖ ਹੇਠ ਇਮਤਿਹਾਨ ਦੇਣ ਆਇਆ ਤਾਂ ਉਹ ਸੈਂਟਰ ਦੇ ਅਸਲੀ ਮਾਹੌਲ ਨੂੰ ਦੇਖ ਕੇ ਦੰਗ ਰਹਿ ਗਿਆਉਹ ਇਸ ਸੰਬੰਧੀ ਜਾਂਦਾ ਹੋਇਆ ਉਜਾਗਰ ਮੱਲ ਨੂੰ ਚਿਤਾਵਣੀ ਵੀ ਦੇ ਗਿਆਇਸ ਛੋਟੀ ਜਿਹੀ ਘਟਨਾ ਰਾਹੀਂ ਹੀ ਨਾਵਲਕਾਰ ਨੇ ਇਹ ਸਪਸ਼ਟ ਕਰ ਦਿੱਤਾ ਕਿ ਇਸ ਲਹਿਰ ਦਾ ਇੱਕ ਮਕਸਦ ਸੀ ਜੋ ਗੁਆਚ ਚੁੱਕਿਆ ਹੈਇਸ ਘਟਨਾ ਤੋਂ ਡਰਦਾ ਉਜਾਗਰ ਹਸਪਤਾਲ ਦਾਖਲ ਹੋ ਗਿਆ ਅਤੇ ਬਿਮਾਰੀ ਦਾ ਬਹਾਨਾ ਲਾ ਕੇ ਇਮਤਿਹਾਨਾਂ ਦੀ ਡਿਊਟੀ ਤੋਂ ਬਚ ਗਿਆਅਜਿਹੇ ਡਰਪੋਕ ਜ਼ਿੰਦਗੀ ਵਿੱਚ ਆਮ ਹੀ ਮਿਲ ਜਾਂਦੇ ਹਨ

ਜਦੋਂ ਪਤਵੰਤ ਸਿੰਘ ਨੇ ਆ ਕੇ ਸੈਂਟਰ ਵਿੱਚ ਸਖਤੀ ਕਰਕੇ ਨਕਲ ਨੂੰ ਠੱਲ੍ਹ ਪਾਈ ਤਾਂ ਵਿਦਿਆਰਥੀਆਂ ਦੇ ਨਾਲ ਉਹਨਾਂ ਦੇ ਮਾਪਿਆਂ ਨੂੰ ਵੀ ਸੇਕ ਲੱਗਿਆ ਇਸਦੀ ਉਦਾਹਰਣ ਪ੍ਰੀਖਿਆ ਕੇਂਦਰ ਦੇ ਬਾਹਰ ਖੜ੍ਹੇ ਦੋ ਆਦਮੀਆਂ ਦੀ ਆਪਸੀ ਗੱਲਬਾਤ ਤੋਂ ਪਤਾ ਲੱਗਦਾ ਹੈਹੈਰਾਨੀ ਦੀ ਗੱਲ ਇਹ ਹੈ ਕਿ ਉਹਨਾਂ ਵਿੱਚੋਂ ਇੱਕ ਪੂਰੇ ਸਰੂਪ ਦਾ ਧਾਰਨੀ ਸੀ ਇੱਥੇ ਲੇਖਕ ਨੇ ਆਪਣੇ ਵੱਲੋਂ ਕੁਝ ਵੀ ਨਾ ਕਹਿ ਕੇ ਤਕੜਾ ਵਿਅੰਗ ਕੱਸਿਆ ਹੈਸਮੁੱਚੇ ਨਾਵਲ ਵਿੱਚ ਇੱਕ ਨਹੀਂ, ਕਈ ਥਾਂਵਾਂ ’ਤੇ ਨਾਵਲਕਾਰ ਸੰਘਾ ਨੇ ਬੜੀਆਂ ਯਥਾਰਥਕ ਘਟਨਾਵਾਂ, ਪਾਤਰਾਂ ਦੇ ਵਾਰਤਾਲਾਪ ਕਥਾਨਕ ਅਨੁਸਾਰ ਵਰਤੇ ਹਨ ਇਸਦੀ ਇੱਕੋ ਉਦਾਹਰਣ ਦੇਵਾਂ ਗਾ- ਜਦੋਂ ਕਾਂਤਾ ਅਤੇ ਉਸਦੀ ਮਾਂ ਘਰ ਬੈਠੀਆਂ ਘਰੇਲੂ ਗੱਲਾਂ ਕਰਦੀਆਂ ਹਨ

ਪਤਵੰਤ ਸਿੰਘ, ਉਜਾਗਰ ਮੱਲ, ਪ੍ਰਸ਼ੋਤਮ ਆਦਿ ਦੇ ਪਾਤਰ ਤਾਂ ਆਪਣੀ ਪਹਿਚਾਣ ਬਣਾਉਂਦੇ ਹੀ ਹਨਪਤਵੰਤ ਸਿੰਘ ਰਾਹੀਂ ਸਿੱਖ ਇਤਿਹਾਸ ਸੰਬੰਧੀ ਵਧੀਆ ਜਾਣਕਾਰੀ ਦਿੱਤੀ ਗਈ ਹੈਕਾਂਤਾ ਦਾ ਕਿਰਦਾਰ ਭਾਵੇਂ ਬਹੁਤਾ ਮਹੱਤਵਪੂਰਨ ਨਹੀਂ ਵੀ ਪਰ ਫੇਰ ਵੀ ਉਹ ਆਪਣੀ ਵੱਖਰੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਰਹਿੰਦੀ ਹੈਉਸ ਦੀਆਂ ਗੱਲਾਂ ਵਿੱਚੋਂ ਭਾਵੇਂ ਨਸਲੀ ਵਿਤਕਰੇ ਦੀ ਬੋਅ ਆਉਂਦੀ ਹੈ, ਪਰ ਆਪਣੇ ਪਰਿਵਾਰਕ ਪਿਛੋਕੜ ਕਾਰਨ ਅਤੇ ਸਮੇਂ ਦੇ ਹਾਲਾਤ ਅਨੁਸਾਰ ਉਸਦੀ ਸੋਚ ਨੂੰ ਗਲਤ ਨਹੀਂ ਕਿਹਾ ਜਾ ਸਕਦਾਨਾਵਲ ਦੇ ਅੰਤ ਵਿੱਚ ਨਾਵਲਕਾਰ ਨੇ ਉਸ ਨੂੰ ਬੜੇ ਕਲਾਮਈ ਢੰਗ ਨਾਲ ਚਿਤਰਿਆ ਹੈ ਅਤੇ ਉਸ ਦੀ ਗੱਲਬਾਤ ਤੋਂ ਉਸਦਾ ਪਾਤਰ ਹੋਰ ਉੱਘੜਦਾ ਹੈਪ੍ਰਸ਼ੋਤਮ ਵੀ ਜੁਗਾੜੀ ਪਾਤਰ ਹੈਇਮਤਿਹਾਨਾਂ ਦੌਰਾਨ ਵਿਦਿਆਰਥੀਆਂ ਤੋਂ ਦਾਰੂ ਬਟੋਰਨੀ ਭਾਵੇਂ ਕਿਸੇ ਪੱਖੋਂ ਵੀ ਠੀਕ ਨਹੀਂ, ਪਰ ਅਜਿਹੇ ਪਾਤਰ ਸਾਨੂੰ ਆਪਣੇ ਚੁਗਿਰਦੇ ਆਮ ਹੀ ਮਿਲ ਜਾਂਦੇ ਹਨਪਤਵੰਤ ਸਿੰਘ ਵਰਗੇ ਸਖਤ ਬੰਦੇ ਦੇ ਪ੍ਰਬੰਧ ਹੇਠ ਵੀ ਉਹ ਆਪਣਾ ਸ਼ਿਕਾਰ ਲੱਭਣ ਵਿੱਚ ਸਫਲ ਹੋ ਜਾਂਦਾ ਹੈ

ਡਾ. ਅਵਤਾਰ ਸਿੰਘ ਦੀ ਭਾਸ਼ਾ ਉੱਤੇ ਪਕੜ ਵੀ ਸਲਾਹੁਣਯੋਗ ਹੈਉਸ ਨੇ ਕੁਝ ਕਹਾਵਤਾਂ ਬਹੁਤ ਹੀ ਵਧੀਆ ਵਰਤੀਆਂ ਹਨ - ਕੁੱਕੜ ਭਾਵੇਂ ਰੰਗ ਬਿਰੰਗੇ ਸਨ ਪਰ ਬਾਂਗਾਂ ਸਭ ਦੀਆਂ ਇੱਕੋ ਜਿਹੀਆਂ ਸਨ, ਜੇ ਫੱਟਾ ਸਾਹ ਦੇ ਰਿਹਾ ਹੈ ਤਾਂ ਹੀ ਬਾਜੀਗਰ ਛਾਲ ਮਾਰ ਰਿਹਾ ਹੈ, ਆਦਿ

ਅੰਤ ਵਿੱਚ ਮੈਂ ਨਾਵਲ ਦੇ ਇੱਕ ਹੋਰ ਪੱਖ ਸੰਬੰਧੀ ਗੱਲ ਕਰਨੀ ਚਾਹੁੰਦਾ ਹਾਂ, ਉਹ ਹੈ ਇਸਦਾ ਸਿਰਲੇਖਸ਼ਬਦ ‘ਇਮਤਿਹਾਨ’ ਨੂੰ ਇੱਕ ਸੰਕੇਤ ਦੇ ਤੌਰ ’ਤੇ ਲੈਣਾ ਚਾਹੀਦਾ ਹੈਇਹ ਕੇਵਲ ਵਿਦਿਆਰਥੀਆਂ ਦੇ ਇਮਤਿਹਾਨ ਲਈ ਹੀ ਨਹੀਂ ਵਰਤਿਆ ਗਿਆ, ਸਿਆਣੇ ਸਾਡੀ ਜ਼ਿੰਦਗੀ ਨੂੰ ਹੀ ‘ਇਮਤਿਹਾਨ’ ਮੰਨਦੇ ਹਨਇਹ ਗੱਲ ਹੈ ਵੀ ਠੀਕਇਨਸਾਨ ਦੀ ਜ਼ਿੰਦਗੀ ਦਾ ਹਰ ਪੜਾਅ ਹੀ ਇਮਤਿਹਾਨ ਤੋਂ ਘੱਟ ਨਹੀਂ ਹੁੰਦਾ ਇਹਨਾਂ ਵੱਖ-ਵੱਖ ਇਮਤਿਹਾਨਾਂ ਵਿੱਚ ਸਾਡੀ ਕਾਰਗੁਜ਼ਰੀ ਵੀ ਵੱਖ-ਵੱਖ ਹੀ ਰਹਿੰਦੀ ਹੈਨਾਵਲ ਦੇ ਮੁੱਖ ਬੰਧ ਵਿੱਚ ਨਾਵਲਕਾਰ ਨੇ ਇਸ ਵੱਲ ਇਸ਼ਾਰਾ ਵੀ ਕੀਤਾ ਹੈਵਿਦਿਆਰਥੀਆਂ ਦੇ ਨਾਲ-ਨਾਲ ਨਿਗਰਾਨ ਅਮਲੇ ਦੀ ਮਾਨਸਿਕਤਾ ਦਾ ਵੀ ਇਮਤਿਹਾਨ ਹੈ, ਉਜਾਗਰ ਮੱਲ ਵਰਗੇ ਦੀ ਕਮਜ਼ੋਰੀ ਦਾ ਇਮਤਿਹਾਨ, ਪ੍ਰਸ਼ੋਤਮ ਦੀ ਸ਼ਰਾਬ ਦੀ ਲਾਲਸਾ ਦਾ ਇਮਤਿਹਾਨ, ਡਾ. ਪਤਵੰਤ ਸਿੰਘ ਦਾ ਮੁਸ਼ਕਿਲ ਹਾਲਾਤ ਨਾਲ ਸਾਹਮਣਾ ਕਰਨ ਦਾ ਇਮਤਿਹਾਨ, ਕਾਂਤਾ ਅਤੇ ਉਸ ਵਰਗੇ ਕੁਝ ਹੋਰ ਪਾਤਰਾਂ ਦੀ ਆਪਣੀ ਇੱਕ ਪਾਸੜ ਸੋਚ ਦਾ ਇਮਤਿਹਾਨ, ਕਾਂਤਾ ਦਾ ਆਪਣੇ ਪਰਿਵਾਰ ਪ੍ਰਤੀ ਜ਼ਿੰਮੇਵਾਰੀਆਂ ਦੇ ਨਾਲ-ਨਾਲ ਆਪਣੀ ਵਿਅਕਤੀਗਤ ਜ਼ਿੰਦਗੀ ਵਿੱਚ ਸਫਲ ਹੋਣ ਦਾ ਇਮਤਿਹਾਨ, ਪ੍ਰਸ਼ੋਤਮ ਵੱਲੋਂ ਕਾਂਤਾ ਨੂੰ ਜੀਵਨ ਸਾਥਣ ਬਣਾਉਣ ਵਿੱਚ ਸਫਲ ਹੋਣ ਦਾ ਇਮਤਿਹਾਨ ਆਦਿਇਸੇ ਲਈ ਮੈਂ ਪ੍ਰਸਤੁਤ ਨਾਵਲ ਨੂੰ ‘ਜ਼ਿੰਦਗੀ ਦੇ ਬਹੁਪਰਤੀ ਇਮਤਿਹਾਨਾਂ ਦੀ ਕਹਾਣੀ’ ਕਿਹਾ ਹੈਇਸ ਨੂੰ ਅਵਤਾਰ ਸਿੰਘ ਸੰਘਾ ਦੇ ਬਤੌਰ ਨਾਵਲਕਾਰ ਹੋਣ ਦਾ ਇਮਤਿਹਾਨ ਵੀ ਕਿਹਾ ਜਾ ਸਕਦਾ ਹੈਨਾਵਲ ਪੜ੍ਹਨ ਉਪਰੰਤ ਮੈਂ ਨਿਸ਼ਚੇ ਨਾਲ ਕਹਿ ਸਕਦਾ ਹਾਂ ਕਿ ਨਾਵਲਕਾਰ ਇਸ ਇਮਤਿਹਾਨ ਵਿੱਚ ‘ਡਿਸਟਿੰਗਸ਼ਨ’ ਨਾਲ ਸਫਲ ਹੋਇਆ ਹੈ, ਪਰ ਇਸਦਾ ਪ੍ਰਮਾਣ ਪੱਤਰ ਉਸ ਨੂੰ ਉਦੋਂ ਹੀ ਦਿੱਤਾ ਜਾਵੇਗਾ ਜਦੋਂ ਉਹ ਆਪਣੇ ਨਵੇਂ ਨਾਵਲ ਨਾਲ ਪਾਠਕਾਂ ਅਤੇ ਆਲੋਚਕਾਂ ਦੇ ਸਾਹਮਣੇ ਨਵਾਂ ਇਮਤਿਹਾਨ ਦੇਣ ਆਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2992)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਰਵਿੰਦਰ ਸਿੰਘ ਸੋਢੀ

ਰਵਿੰਦਰ ਸਿੰਘ ਸੋਢੀ

Richmond, British Columbia, Canada)
Phone: (604-369-2371)
Email: (
ravindersodhi51@gmail.com)

More articles from this author