“ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸੋਚ ਇਹ ਹੈ ਕਿ ਭਗਵੰਤ ਮਾਨ ਸਰਕਾਰ ਦੀ ਪਿਛਲੇ ਦੋ ਸਾਲ ਦੀ ਕਾਰਗੁਜ਼ਾਰੀ ...”
(5 ਅਪਰੈਲ 2024)
ਇਸ ਸਮੇਂ ਪਾਠਕ: 345.
2024 ਦੀਆਂ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ। ਜਿੱਥੇ ਬੀ ਜੇ ਪੀ ਆਪਣੀ ਸਰਕਾਰ ਤੀਜੀ ਵਾਰ ਵੀ ਕਾਇਮ ਰੱਖਣ ਲਈ ਜ਼ੋਰ ਅਜ਼ਮਾਇਸ਼ ਕਰ ਰਹੀ ਹੈ, ਉੱਥੇ ਵਿਰੋਧੀ ਪਾਰਟੀਆਂ ਵੀ ‘ਇੰਡੀਆ’ ਗਠਜੋੜ ਦੇ ਝੰਡੇ ਹੇਠ ਇਕੱਠੀਆਂ ਹੋ ਗਈਆਂ ਹਨ। ਭਾਵੇਂ ਇੰਡੀਆ ਗਠਜੋੜ ਨੂੰ ਪਹਿਲਾ ਝਟਕਾ ਉਦੋਂ ਲੱਗਿਆ ਜਦੋਂ ਬਿਹਾਰ ਵਿੱਚ ਨਿਤਿਸ਼ ਕੁਮਾਰ ਇਸ ਨਵੇਂ ਬਣੇ ਖੇਮੇ ਵਿੱਚੋਂ ਬਾਹਰ ਹੋ ਕੇ ਬੀ ਜੇ ਪੀ ਦੇ ਪਾਲੇ ਵਿੱਚ ਜਾ ਬੈਠਾ। ਯੂ ਪੀ ਵਿੱਚ ਮਾਇਆਵਤੀ ਨੇ ਵੀ ਰੰਘੜ ਵਾਲਾ ਰੰਘੜਊ ਦੀ ਕਹਾਵਤ ਅਨੁਸਾਰ ਬੀ ਜੇ ਪੀ ਅਤੇ ਇੰਡੀਆ ਦੋਹਾਂ ਤੋਂ ਹੀ ਦੂਰੀ ਬਣਾ ਕੇ ਰੱਖੀ ਹੈ। ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਨੇ ਵੀ ਆਪਣੇ ਇੱਕ ਤਰਫੇ ਫੈਸਲੇ ਅਨੁਸਾਰ ਕਾਂਗਰਸ ਨਾਲ ਸੀਟਾਂ ਲਈ ਕੋਈ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਪਰ ਇੰਡੀਆ ਜੁੱਟ ਵਿੱਚ ਬਣੀ ਰਹਿਣਾ ਮੰਨ ਗਈ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਭਾਵੇਂ ਇੰਡੀਆ ਗਠਜੋੜ ਵਿੱਚ ਹਨ ਅਤੇ ਉਹਨਾਂ ਨੇ ਦਿੱਲੀ ਦੀਆਂ ਸੱਤ ਲੋਕ ਸਭਾ ਸੀਟਾਂ ਲਈ ਸਮਝੌਤਾ ਕਰ ਲਿਆ ਹੈ। ਪੰਜਾਬ ਲਈ ਇਹਨਾਂ ਦੋਹਾਂ ਪਾਰਟੀਆਂ ਦਾ ਕੋਈ ਸਮਝੌਤਾ ਨਹੀਂ ਹੋਇਆ ਅਤੇ ਦੋਹਾਂ ਪਾਰਟੀਆਂ ਦੀਆਂ ਸੂਬਾ ਇਕਾਈਆਂ ਪੰਜਾਬ ਦੀਆਂ ਤੇਰਾਂ ਦੀਆਂ ਤੇਰਾਂ ਸੀਟਾਂ ਲਈ ਆਪਣੇ-ਆਪਣੇ ਉਮੀਦਵਾਰ ਖੜ੍ਹੇ ਕਰਨ ਦੀ ਜ਼ਿਦ ’ਤੇ ਅੜੀਆਂ ਹੋਈਆਂ ਹਨ।
ਦੂਸਰੇ ਪਾਸੇ ਬੀ ਜੇ ਪੀ ਅਤੇ ਅਕਾਲੀ ਪਾਰਟੀ ਦਾ ਵੀ ਆਪਸੀ ਸਮਝੌਤਾ ਨਹੀਂ ਹੋ ਸਕਿਆ। ਦੋਵੇਂ ਪਾਰਟੀਆਂ ਵੀ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਆਹਮਣੇ-ਸਾਹਮਣੇ ਹੋਣਗੀਆਂ। ਅਕਾਲੀ ਦਲ ਅਤੇ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਵੀ ਇਕੱਠੀਆਂ ਨਹੀਂ ਰਹੀਆਂ। ਮਾਰਕਸਵਾਦੀ ਪਾਰਟੀ ਨੇ ਵੀ ਪੰਜਾਬ ਦੀਆਂ ਤਿੰਨ ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰਨ ਦਾ ਫੈਸਲਾ ਕੀਤਾ ਹੈ। ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਤੋਂ ਚੋਣ ਲੜਨੀ ਹੀ ਹੈ। ਇਸ ਤਰ੍ਹਾਂ ਵੋਟਾਂ ਦਾ ਵੰਡਿਆ ਜਾਣਾ ਸੁਭਾਵਿਕ ਹੀ ਹੈ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸੋਚ ਇਹ ਹੈ ਕਿ ਭਗਵੰਤ ਮਾਨ ਸਰਕਾਰ ਦੀ ਪਿਛਲੇ ਦੋ ਸਾਲ ਦੀ ਕਾਰਗੁਜ਼ਾਰੀ ਵਧੀਆ ਰਹੀ ਹੈ, ਇਸ ਲਈ ਆਮ ਜਨਤਾ ਉਹਨਾਂ ਦਾ ਸਾਥ ਦੇਵੇਗੀ। ਦੂਜੇ ਪਾਸੇ ਕਾਂਗਰਸ ਪਾਰਟੀ ਦੀ ਪੰਜਾਬ ਇਕਾਈ ਦਾ ਇਹ ਮੰਨਣਾ ਹੈ ਕਿ ਕਿਉਂ ਜੋ ਆਮ ਆਦਮੀ ਪਾਰਟੀ ਸਰਕਾਰ ਨੇ ਆਪਣੇ ਬਹੁਤੇ ਵਾਅਦੇ ਪੂਰੇ ਨਹੀਂ ਕੀਤੇ, ਮੁਲਾਜ਼ਮ ਵਰਗ ਦੀਆਂ ਮੰਗਾਂ ਨਹੀਂ ਮੰਨੀਆਂ, ਭਗਵੰਤ ਮਾਨ ਆਪਣੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਹਾਂ ਵਿੱਚ ਹਾਂ ਮਿਲਾਉਂਦਾ ਰਿਹਾ ਹੈ, ਇਸ ਲਈ ਲੋਕ ਆਮ ਆਦਮੀ ਪਾਰਟੀ ਨੂੰ ਮੂੰਹ ਨਹੀਂ ਲਾਉਣਗੇ। ਸ਼੍ਰੋਮਣੀ ਅਕਾਲੀ ਦਲ ਦੇ ਕੁਝ ਰੁੱਸੇ ਨੇਤਾਵਾਂ ਦੇ ਪਾਰਟੀ ਵਿੱਚ ਮੁੜ ਆਉਣ ਨਾਲ ਵੋਟਰਾਂ ਵਿੱਚ ਚੰਗਾ ਪ੍ਰਭਾਵ ਜਾਵੇਗਾ ਅਤੇ ਪਾਰਟੀ ਆਪਣੇ ਰਵਾਇਤੀ ਹਿਮਾਇਤੀਆਂ ਨੂੰ ਨਾਲ ਜੋੜਨ ਵਿੱਚ ਕਾਮਯਾਬ ਹੋਵੇਗੀ। ਬੀ ਜੇ ਪੀ ਨਾਲ ਉਹਨਾਂ ਨੇ ਸਮਝੌਤਾ ਵੀ ਇਸ ਲਈ ਨਹੀਂ ਕੀਤਾ ਕਿ ਉਹ ਕਿਸਾਨਾਂ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੇ। ਮਾਰਕਸਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਨੇ ਜਿੱਤਣ ਲਈ ਆਪਣੇ ਉਮੀਦਵਾਰ ਨਹੀਂ ਖੜ੍ਹੇ ਕਰਨੇ ਬਲਕਿ ਆਪਣੇ ਵੋਟਰਾਂ ਵਿੱਚ ਆਪਣੀ ਹਾਜ਼ਰੀ ਹੀ ਲਵਾਉਣੀ ਹੈ।
ਅਸਲ ਵਿੱਚ ਪੰਜਾਬ ਦੀਆਂ ਤਿੰਨ ਮੁੱਖ ਪਾਰਟੀਆਂ - ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਪੰਜਾਬ ਦੇ ਜ਼ਮੀਨੀ ਹਾਲਾਤ ਨੂੰ ਦਰ ਕਿਨਾਰਾ ਕਰ ਰਹੇ ਹਨ। ਤਿੰਨਾਂ ਪਾਰਟੀਆਂ ਦੀ ਸਾਰੀਆਂ ਸੀਟਾਂ ’ਤੇ ਲੜਨ ਦੀ ਜ਼ਿਦ ਤਿੰਨਾਂ ਨੂੰ ਹੀ ਨੁਕਸਾਨ ਪਹੁੰਚਾਏਗੀ। ਉਹਨਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਚੁਣਾਵੀ ਬਾਂਡਾਂ ਦੀ ਧਾਂਦਲੀ ਨੇ ਬੀ ਜੇ ਪੀ ਦੇ ਅਕਸ ਨੂੰ ਖੋਰਾ ਲਾਇਆ ਹੈ, ਵਧਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਨੇ ਆਮ ਲੋਕਾਂ ਵਿੱਚ ਗੁੱਸੇ ਦੀ ਭਾਵਨਾ ਭਰੀ ਹੈ, ਪਰ ਇਹ ਵੀ ਸਚਾਈ ਹੈ ਕਿ ਇਹਨਾਂ ਤਿੰਨਾਂ ਪਾਰਟੀਆਂ ਦੇ ਅੰਦਰੂਨੀ ਹਾਲਾਤ ਵੀ ਬਹੁਤੇ ਖ਼ੁਸ਼ਗਵਾਰ ਨਹੀਂ ਹਨ। ਕਾਂਗਰਸ ਦੇ ਕਈ ਵੱਡੇ ਨੇਤਾ ਬੀ ਜੇ ਪੀ ਦੀ ਝੋਲੀ ਵਿੱਚ ਜਾ ਪਏ ਹਨ। ਮੌਜੂਦਾ ਕਾਂਗਰਸੀ ਐੱਮ ਪੀ ਹੀ ਪਾਰਟੀ ਛੱਡ ਕੇ ਜਾ ਰਹੇ ਹਨ। ਆਮ ਆਦਮੀ ਪਾਰਟੀ ਦਾ ਵੀ ਇਹੋ ਹਾਲ ਹੈ। ਰਾਜ ਸਭਾ ਦੀਆਂ ਸੀਟਾਂ ਲਈ ਉਹਨਾਂ ਨੇ ਪੰਜਾਬ ਤੋਂ ਬਾਹਰਲੇ ਬੰਦਿਆਂ ਨੂੰ ਮੌਕਾ ਦੇ ਕੇ ਇੱਕ ਕਿਸਮ ਦਾ ਪੰਜਾਬ ਨਾਲ ਧੋਖਾ ਹੀ ਕੀਤਾ ਹੈ। ਪੁਰਾਣੀ ਪੈਨਸ਼ਨ ਸਕੀਮ ਦਾ ਵਾਅਦਾ ਪੂਰਾ ਨਾ ਕਰ ਕੇ ਮੁਲਾਜ਼ਮਾਂ ਨੂੰ ਆਪਣੇ ਵਿਰੁੱਧ ਕੀਤਾ ਹੈ। ਉਹ ਹੁਣ ਇੱਕ ਕਲਾਕਾਰ ਨੂੰ ਟਿਕਟ ਦੇ ਕੇ ਕੀ ਸਿੱਧ ਕਰਨਾ ਚਾਹੁੰਦੇ ਹਨ? ਪਹਿਲਾਂ ਇੱਕ ਕ੍ਰਿਕਟ ਖਿਡਾਰੀ ਨੂੰ ਰਾਜ ਸਭਾ ਵਿੱਚ ਭੇਜ ਕੇ ਕੀ ਖੱਟਿਆ?
ਜੇ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਉਹਨਾਂ ਕੋਲ ਅਜਿਹਾ ਕਿਹੜਾ ਨੇਤਾ ਹੈ ਜਿਸਦਾ ਸਾਰੇ ਪੰਜਾਬ ਵਿੱਚ ਵਧੀਆ ਪ੍ਰਭਾਵ ਹੋਵੇ? ਮੌਜੂਦਾ ਕਾਂਗਰਸ ਪ੍ਰਧਾਨ ਰਾਜਾ ਵਡਿੰਗ ਨੂੰ ਉਸ ਦੇ ਇਲਾਕੇ ਤੋਂ ਬਾਹਰ ਕੋਈ ਨਹੀਂ ਜਾਣਦਾ। ਪ੍ਰਤਾਪ ਸਿੰਘ ਬਾਜਵਾ ਹੀ ਅਜਿਹਾ ਨੇਤਾ ਹੈ, ਜਿਸਦੀ ਕੋਈ ਸਾਖ਼ ਹੈ। ਸ਼ਮਸ਼ੇਰ ਸਿੰਘ ਦੂੱਲੋ ਅਤੇ ਲਾਲ ਸਿੰਘ ਪੁਰਾਣੇ ਨੇਤਾ ਜ਼ਰੂਰ ਹਨ ਪਰ ਉਹ ਸਿਰਫ ਆਪਣੇ ਨਿੱਜੀ ਫਾਇਦਿਆਂ ਤਕ ਹੀ ਮਹਿਦੂਦ ਰਹੇ ਹਨ, ਲੋਕਾਂ ਦੇ ਨੇੜੇ ਨਹੀਂ ਹੋ ਸਕੇ। ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣ ਕੇ ਆਪਣਾ ਰਾਜਸੀ ਕੱਦ ਉੱਚਾ ਕਰਨ ਦਾ ਮੌਕਾ ਮਿਲਿਆ ਸੀ, ਪਰ ਉਹ ਉਲਟੇ-ਸਿੱਧੇ ਬਿਆਨ ਦੇ ਕੇ ਹਾਸੇ ਦਾ ਪਾਤਰ ਹੀ ਬਣ ਗਿਆ।
ਇਹੋ ਹਾਲ ਅਕਾਲੀ ਪਾਰਟੀ ਦਾ ਹੈ। ਅਸੈਂਬਲੀ ਚੋਣਾਂ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਅਜੇ ਤਕ ਇਸ ਪਾਰਟੀ ਦਾ ਬਹੁਤਾ ਅਕਸ ਨਹੀਂ ਸੁਧਰਿਆ। ਸੁਖਦੇਵ ਸਿੰਘ ਢੀਂਢਸਾ ਅਤੇ ਬੀਬੀ ਜਾਗੀਰ ਕੌਰ ਬਹੁਤੇ ਕੱਦਾਵਰ ਨੇਤਾ ਨਹੀਂ ਹਨ। ਢੀਂਡਸਾ ਸਾਹਿਬ ਸਿਰਫ ਸੰਗਰੂਰ ਤਕ ਮਹਿਦੂਦ ਰਹੇ ਅਤੇ ਜਗੀਰ ਕੌਰ ਭੁਲੱਥ ਤਕ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਆਪਣੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਤਰ੍ਹਾਂ ਆਮ ਲੋਕਾਂ ਦਾ ਹਰਮਨ ਪਿਆਰਾ ਨੇਤਾ ਨਹੀਂ ਬਣ ਸਕਿਆ। ਬਿਕਰਮ ਸਿੰਘ ਮਜੀਠੀਆ ਵੀ ਮਾਝੇ ਦਾ ਹੀ ਸ਼ੇਰ ਹੈ।
ਜੇ ਦੇਖਿਆ ਜਾਵੇ ਤਾਂ ਮੌਜੂਦਾ ਹਾਲਾਤ ਵਿੱਚ ਕਿਸੇ ਵੀ ਮੁੱਖ ਪਾਰਟੀ ਕੋਲ 13 ਚੰਗੇ ਉਮੀਦਵਾਰ ਲੱਭਣੇ ਖਾਲਾ ਜੀ ਦਾ ਵਾੜਾ ਨਹੀਂ। ਆਮ ਆਦਮੀ ਪਾਰਟੀ ਨੂੰ ਆਪਣੇ ਪੰਜ ਮੰਤਰੀ ਮੈਦਾਨ ਵਿੱਚ ਉਤਾਰਨੇ ਪਏ ਹਨ। ਬੀ ਜੇ ਪੀ, ਪਟਿਆਲਾ ਤੋਂ ਪਰਨੀਤ ਕੌਰ ਨੂੰ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਅਤੇ ਜਲੰਧਰ ਤੋਂ ਆਮ ਆਦਮੀ ਪਾਰਟੀ ਛੱਡ ਕੇ ਆਏ ਐੱਮ ਪੀ ਨੂੰ ਟਿਕਟ ਦੇਵੇਗੀ। ਉਹ ਕੋਸ਼ਿਸ਼ ਕਰਨਗੇ ਕਿ ਹੋਰ ਪਾਰਟੀਆਂ ਦੇ ਵੱਡੇ ਆਗੂਆਂ ਨੂੰ ਦਲ ਬਦਲੀ ਕਰਵਾ ਕੇ ਟਿਕਟ ਦੇਣ। ਮਨਪ੍ਰੀਤ ਸਿੰਘ ਬਾਦਲ ਅਤੇ ਜਾਖੜ ਨੂੰ ਵੀ ਟਿਕਟ ਦੇਣਗੇ। ਪੰਜਾਬ ਵਿੱਚ ਉਹਨਾਂ ਦਾ ਹੇਠਲਾ ਕਾਡਰ ਬਹੁਤਾ ਵਧੀਆ ਨਹੀਂ।
ਜੇ ਪੰਜਾਬ ਦੀਆਂ ਗੈਰ ਬੀ ਜੇ ਪੀ ਪਾਰਟੀਆਂ ਨੇ ਪੰਜਾਬ ਵਿੱਚ ਜ਼ਿਆਦਾ ਸੀਟਾਂ ਜਿੱਤਣੀਆਂ ਹਨ ਤਾਂ ਸਭ ਨੂੰ ਸਿਰ ਜੋੜ ਕੇ ਬੈਠਣਾ ਪਵੇਗਾ, ਆਪਣੀ-ਆਪਣੀ ਹਉਮੈ ਤਿਆਗਣੀ ਪਵੇਗੀ। ਇਸ ਸਮੇਂ ਕੋਈ ਵੀ ਪਾਰਟੀ 13 ਤਾਂ ਛੱਡੋ 5-6 ਸਿੱਟਾ ਵੀ ਨਹੀਂ ਜਿੱਤ ਸਕਦੀ। ਸੰਗਰੂਰ ਵਾਲੀ ਸੀਟ ਮੌਜੂਦਾ ਐੱਮ ਪੀ ਸਿਮਰਨਜੀਤ ਸਿੰਘ ਮਾਨ ਲਈ ਛੱਡਣੀ ਚਾਹੀਦੀ ਹੈ, ਬਸ਼ਰਤੇ ਉਹ ਪੰਜਾਬ ਵਿੱਚੋਂ ਹੋਰ ਕਿਸੇ ਸੀਟ ਤੋਂ ਆਪਣੀ ਪਾਰਟੀ ਦਾ ਉਮੀਦਵਾਰ ਨਹੀਂ ਖੜ੍ਹਾ ਕਰਨਗੇ। ਇੱਕ ਸੀਟ ਮਾਰਕਸਵਾਦੀ ਪਾਰਟੀ ਨੂੰ ਵੀ ਦਿੱਤੀ ਜਾਣੀ ਚਾਹੀਦੀ ਹੈ। ਕਾਂਗਰਸ ਅਤੇ ਅਕਾਲੀ ਪਾਰਟੀ ਨੂੰ ਜ਼ਮੀਨੀ ਹਕੀਕਤ ਸਮਝਦੇ ਹੋਏ ਸਮਝੌਤਾ ਕਰਨਾ ਪਵੇਗਾ। ਆਮ ਆਦਮੀ ਪਾਰਟੀ ਨੂੰ ਦੇਸ ਦੀ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਬੀ ਜੇ ਪੀ ਤੋਂ ਖਹਿੜਾ ਛੁਡਾਉਣ ਲਈ ਅੱਗੇ ਆਉਣਾ ਪਵੇਗਾ। ਕਾਂਗਰਸ ਹਾਈ ਕਮਾਂਡ ਨੇ ਜਿਵੇਂ ਯੂ ਪੀ, ਬਿਹਾਰ, ਦਿੱਲੀ ਵਿੱਚ ਘੱਟ ਸੀਟਾਂ ਲੈ ਕੇ ਸਬਰ ਕੀਤਾ ਹੈ, ਉਸੇ ਤਰ੍ਹਾਂ ਪੰਜਾਬ ਵਿੱਚ ਕਰਨਾ ਪਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4867)
(ਸਰੋਕਾਰ ਨਾਲ ਸੰਪਰਕ ਲਈ: (