BaljitBall7ਮੱਸਿਆ ਦੀ ਕਾਲੀ ਰਾਤ... ਦੀਵਾ ਬਾਲ ਰੱਖ... ਤੀਜੇ ਪਹਿਰ ਤਕ ਜਗੂ... ਹਨ੍ਹੇਰਿਆਂ ਨੂੰ ਚੀਰ...
(27 ਅਕਤੂਬਰ 2025 )

 

1.      ਬੇਵਸੀ

ਬਹਾਰ ਦੇ ਆਉਣ ਤੱਕ
ਮੈਂ ਜਿੰਦਾ ਰਹਾਂ, ਜਾਂ ਨਾ
ਮਗਰ
ਇਹ ਵਕਤ ਆਖੇਗਾ
ਕਿ ਮੈਂ ਫੁੱਲਾਂ ਲਈ ਭਟਕਦੀ ਰਹੀ
ਕਦੇ ਸਰਦੀ ਵਿੱਚ ਠਰਦੀ ਰਹੀ
ਕਦੇ ਗਰਮੀ ਵਿੱਚ ਸੜਦੀ ਰਹੀ
ਚਰਾਗਾਂ ਤੋਂ ਬਿਨਾਂ ਤੁਰਦਿਆਂ
ਰਾਹਾਂ ਦੇ ਵਿੱਚ
ਮੈਂ ਜਿਸ ਵੀ ਹਨੇਰ ਨੂੰ ਮਿਲੀ
ਹਰ ਹਨੇਰ ਦੀ ਤਹਿ ਦੇ ਵਿੱਚ
ਅਨੋਖੀ ਬੇਵਸੀ ਸੀ
ਬੇਸਮਝੀ ਦਾ ਕਿੱਸਾ ਸੀ
ਹਿੰਮਤ ਤੇ ਇਰਾਦੇ ਦਾ ਖਲਾਅ ਭਟਕਿਆ ਮਨ
ਰੋਸ਼ਨੀ ਚਾਹੁੰਦਾ ਤਾਂ ਸੀ
ਪਰ ਸਾਂਝ ਦੇ ਕਾਬਲ ਨਹੀਂ ਸੀ
ਬੜੀ ਅਸਚਰਜ ਹਾਲਤ ਸੀ
ਕਿ ਹਰ ਅਗਲਾ ਕਦਮ
ਪਹਿਲਿਆਂ ਵਿੱਚ ਗੁੰਮ ਜਾਂਦਾ
ਜਾਂ ਰਸਤਾ ਪੇਚ ਖਾ ਜਾਂਦਾ
ਜਾਂ ਭੀੜਾਂ ਵਿੱਚ ਗੁੰਮ ਜਾਂਦਾ
ਤੇ ਫੁੱਲਾਂ ਲਈ
ਜਿਸ ਰੋਸ਼ਨੀ ਦੀ ਜ਼ਰੂਰਤ ਸੀ
ਉਹ ਹਨੇਰਿਆਂ ਦੀ ਤਹਿ ਵਿੱਚ ਸੀ
ਜਿੱਥੇ ਬੇਵਸੀ ਬੇਸਮਝੀ ਨਫਰਤ
ਖਲੋਤੇ ਸੀ...

*   *   *

2.

ਤੂੰ ਜ਼ਿਦ ਕਰ... ਰੁੱਸ ਜਾ... ਮੁਹੱਬਤ ਕਰ...
ਜੋ ਤੈਨੂੰ ਚੰਗਾ ਲਗਦਾ ਕਰ...
ਮੈਂ ਕੁਝ ਨਹੀਂ ਕਹਿਣਾ...
ਸ਼ਬਦ, ਸਲੀਕਾ, ਮੁਹੱਬਤ
ਮੇਰੇ ਕੋਲ, ਤੇਰੇ ਲਈ, ਹਮੇਸ਼ਾ ਮਹਿਫੂਜ਼ ਪਏ ਨੇ।
*   *   *

3.

ਮੈਂ ਬਾਗੀ ਹੋ ਗਈ ਆਂ

ਸਹਿਜ,
ਹੋਂਦ
ਸੁਮੱਤ,
ਜ਼ਜ਼ਬਾਤ,
ਮੁਹੱਬਤ,
ਮੇਰੇ ਜ਼ਿਹਨ ਵਿੱਚ ਮਚਲਦੇ
ਖਿਆਲ ਨੇ,
ਤੇਰੇ ਸਾਹਵੇਂ
ਮੁਹੱਬਤ, ਹਕੂਮਤ
ਜ਼ਜ਼ਬਾਤ, ਹੁਕਮ
ਸੁਮੱਤ ਤੇ ਸਹਿਜ
ਇੱਕ ਸਮਝੌਤਾ।
ਮੈਂ
ਤੇਰੇ ਮਕਾਨ ਨੂੰ ਘਰ
ਬਣਾ ਸਜ਼ਾ ਦਿੱਤਾ
ਤੇਰੇ ਬਾਲਾਂ ਨੂੰ
ਨਿਖਾਰ ਦਿੱਤਾ
ਤੂੰ ਅੱਜ ਮੁਹੱਬਤ ਨੂੰ ਹਕੂਮਤ
ਕਹਿ...
ਮੇਰੀ ਹੋਂਦ ਨੂੰ ਵੰਗਾਰ ਰਿਹਾਂ
ਛੱਡ...
ਮੇਰੇ ਕਲਮ ਕਿਤਾਬ ਹੀ
ਮੇਰੀ ਬਗਾਵਤ ਨੇ
ਮੁਹੱਬਤ ਸਜ਼ਾ ਨਹੀਂ
ਮਾਨਣ ਲਈ ਹੁੰਦੀ...
*   *   *

4.

ਮੈਨੂੰ
ਹੁਣ
ਰੰਗਾਂ ਤੋਂ ਡਰ ਲੱਗਦਾ
ਇਹਨਾਂ ਦੀ ਪਰਿਭਾਸ਼ਾ ਹੀ
ਬਦਲ ਗਈ
ਮੈਂ ਰੰਗਾਂ ਨੂੰ
ਤੱਕਦੀ... ਹੰਝੂਆਂ
ਦੀ ਵਾਛੜ ਲੱਗਦੀ
ਕਦੇ ਇੰਝ ਨਹੀਂ ਹੁੰਦਾ
ਰੰਗ ਭੁੱਲ ਜਾਣ ਆਪਣਾ
ਕਿਰਦਾਰ।
ਮੈਂ ਡਰ ਗਈ ਹਾਂ
ਤੇਰੇ ਰੰਗ ਤੋਂ
ਮੌਲੀ ਦੀ ਰੰਗਤ ਤੋਂ
ਬੁਲ੍ਹਾਂ ਦੇ ਦੰਦਾਸੇ ਤੋਂ
ਚੁੱਪ ਹੋ ਗਈ
ਕਾਲੇ ਰੰਗ ਤੋਂ
ਚਿੱਟੇ ਰੰਗ ਤੱਕ...
ਤੇਰੇ ਖਿਆਲ ਵਿੱਚ
ਡਰ ਗਈ ਹਾਂ
ਰੰਗਾਂ ਦੀ ਪਰਿਭਾਸ਼ਾ ਤੋਂ...
*   *   *

5.

ਮੈਂਥੋਂ ਕਹਿ ਨਹੀਂ ਹੋਣਾ
ਰੁੜ੍ਹਦੇ ਪਾਣੀਆਂ ਨੂੰ

ਤਰਦੇ ਆਲ੍ਹਣਿਆਂ ਨੂੰ
ਡੰਗਰਾਂ ਨੂੰ
ਜਨੌਰਾਂ ਨੂੰ
ਸਹਿਕਦੇ ਸੁਪਨਿਆਂ ਨੂੰ...
ਸ਼ਬਦ ਪੂਰੇ ਨਹੀਂ
ਰੰਗਾਂ ਦੇ ਅਰਥ ਸਮਝ
ਭਗਵੇਂ, ਪੀਲੇ, ਨੀਲੇ, ਚਿੱਟੇ
ਸਤਰੰਗੀ ਜਿਹੇ
ਤੇਰੇ ਉੱਜੜਦੇ ਬਾਗ਼ ਨੂੰ ਵੇਖ
ਰੋਟੀਆਂ ਸੇਕਦੇ ਨੇ
ਹੌਕਿਆਂ ਦਾ ਹੋਕਾ ਦੇ
ਤੇਰੇ ਤਨ ਨੂੰ ਮੈਲਾ ਕਰਦੇ ਨੇ...
ਕਦ ਤੱਕ ਰੁੜ੍ਹਦੇ ਰਵਾਂਗੇ
ਛੱਲਾਂ ਦੇ ਭਾਰ ਹੇਠ...
ਛੱਲਾਂ ਤਾਂ ਖੂਬਸੂਰਤ ਹੁੰਦੀਆਂ
ਸਹਿਜ ਹੁੰਦੀਆਂ ਨੇ
ਬੇਖ਼ਬਰ ਮੁਹੱਬਤ ਵਾਂਗ
ਜ਼ਰੂਰ ਕੋਈ
ਛੇੜ ਛਾੜ ਕਰ ਗਿਆ ਹੋਣਾ...
ਦਖ਼ਲ ਅੰਦਾਜ਼ੀ, ਜੋ
ਇਹਨਾਂ ਨੂੰ
ਮਨਜ਼ੂਰ ਨਹੀਂ...
ਛੱਲਾਂ ਤਾਂ
ਖੂਬਸੂਰਤ ਹੁੰਦੀਆਂ
ਭਲਾ ਲੋਚਦੀਆਂ

*   *   *

6.

ਹੋ ਸਕਦਾ
ਉਹ ਕਦੇ
ਮੁਹੱਬਤ
ਜ਼ਜ਼ਬਾਤੀ
ਵਫ਼ਾ ਹੋਵੇ
ਪਰ ਮੈਨੂੰ
ਘੜਾ ਕੱਚਾ
ਵੰਝਲੀ ਉਦਾਸ
ਬੱਕੀ ਬੇਵਫਾ
ਜਾਪੇ
*   *   *

 

7.

ਭਰਮ ਚੰਗੇ ਨੇ

ਤਰਕ ਨਾਲੋਂ
ਆਹਰ ਬਣਾਈ ਰੱਖਦੇ ਨੇ
ਪੂਰਨਮਾਸ਼ੀ ਦੇਹਲੀ ’ਤੇ.
ਤੇਲ ਚੋ

ਕੋਈ ਸੁੱਖ ਸੁਨੇਹਾ ਆਵੇ
ਚੰਨ ਪੂਰਾ ਹੋਊ
ਤਾਰਿਆਂ ਨਾਲ ਸੰਵਾਦ ਕਰੂੰ
ਟੁੱਟੇ ਤਾਰਿਆਂ ਨੂੰ ਆਪਣੀਆਂ
ਭੁਜਾਵਾਂ ਵਿੱਚ ਸਮੇਟ
ਸਮੁੰਦਰ ਦੀਆਂ ਲਹਿਰਾਂ ਨੂੰ
ਤੱਕ, ਨੱਚ, ਰੁੱਸੇ ਤਾਰਿਆਂ ਦਾ
ਸੰਗੀਤ ਗਾਓ
ਹੁਣ
ਮੱਸਿਆ ਦੀ ਕਾਲੀ ਰਾਤ
ਦੀਵਾ ਬਾਲ ਰੱਖ
ਤੀਜੇ ਪਹਿਰ ਤਕ ਜਗੂ
ਹਨ੍ਹੇਰਿਆਂ ਨੂੰ ਚੀਰ
ਰੋਸ਼ਨੀਆਂ ਦੀ ਬਾਤ ਪਾਊ

ਹੁਣ
ਸੋਚਦੀ ਹਾਂ
ਸਮੁੰਦਰ ਵੀ ਚੁੱਪ
ਸਿਵਿਆਂ ਦੀ ਅੱਗ ਵਾਂਗੂੰ

ਨਹੀਂ ਸਮਝ ਆਈ
ਚੰਨ ਦੀ ਇਬਾਰਤ
ਚੰਨ ਨੂੰ ਕਹੋ
ਤੂੰ ਚੰਨ ਹੀ ਰਹਿ
ਬ੍ਰਹਿਮੰਡ ਦੀ ਸ਼ਾਨ
ਕਿਸੇ ਦੀ ਉਡੀਕ
ਕਿਸੇ ਦਾ ਭਰਮ
ਕਿਸੇ ਦੀ ਏਕਮ ਦੂਜ ਤੀਜ
ਕਿਸੇ ਦੀ ਮੁਹੱਬਤ
*   *   *
8.
ਚੱਲ
ਨਿੱਘੀ ਤੇ
ਮਿੱਠੀ ਰੁੱਤ ਵਿੱਚ
ਇੱਕ ਗੀਤ
ਗਾਈਏ...
ਸ਼ਬਦਾਂ ਦੇ
ਸੰਵਾਦ ਬਣਾ
ਮੁਹੱਬਤ ਨੂੰ
ਸਿੱਜਦਾ ਕਰਦੇ ਹਾਂ
ਦਰਦ ਦਾ ਤੁਆਰਫ
ਅੱਖਾਂ ਦੇ ਸਮੁੰਦਰ ਵਿਚ
ਤੈਰਦੇ ਸੁਫਨੇ ਫੜਦੇ ਆ
ਤੂੰ ਮਰਦ, ਮੈਂ ਔਰਤ
ਦਾ ਤੁਆਰਫ ਕਰਵਾ
ਸਮੇਟ ਲਵਾਂਗੀ ਆਪਣਾ
ਵਜੂਦ...
ਤੂੰ ਮਰਦਾਨਗੀ
’ਤੇ ਮਾਣ ਕਰ
ਮੇਰੀ ਬੇਵਸੀ ਦਾ ਮਰਸੀਆ
ਗਾ ਤੁਰ ਜਾਵੇਂਗਾ...
ਮੁਹੱਬਤ ਅਸੀਸ ਹੈ
ਬੇਦਾਵਾ ਨਹੀਂ
ਧੜਕਦੀ ਹੈ
ਉੱਪਜਦੀ ਹੈ
ਬਿਨਸਦੀ ਨਹੀਂ
ਮੁਸਕਰਾਉਂਦੀ
ਰੂਹ ਨੂੰ ਠਾਰਦੀ
ਮਰਦੀ ਨਹੀਂ
ਪਰ ਫਿਰ ਵੀ
ਤੂੰ... ਮੈਂ... ਅਸੀਂ ਬਣ
ਮਿਲਦੇ ਹਾਂ।
ਖਿਆਲਾਂ ਦੇ ਸਮੁੰਦਰ ਵਿੱਚ
ਧੁਰ ਅੰਦਰ ਤੱਕ
ਸ਼ਾਂਤ
ਸਿਮਟਦੇ ਵਜੂਦ ਨਾਲ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Baljit Ball

Baljit Ball

Punjabi Lecturer, Punjabi University Patiala. Punjab, India.
Whatsapp: (91 - 98146 - 01140)
Email: (bkbal67@gmail.com)