“ਮਾਪਿਆਂ ਦੀ ਯਾਦ ਨੇ ਸਾਨੂੰ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਦੇਣਾ! ਜਿਊਂਦੇ ਜੀ ਉਹਨਾਂ ਦੇ ਹਉਕੇ ਸੁਣਕੇ ...”
(9 ਅਕਤੂਬਰ 2025)
ਦਹਿਲੀਜ਼ ਦੇ ਬਾਹਰ ਬਣੀ ਥੜੀ ’ਤੇ ਬੈਠੀ ਬਜ਼ੁਰਗ ਮਾਂ ਦੀਆਂ ਅੱਖਾਂ ਵਿੱਚ ਉਡੀਕ ਹੈ। ਸੱਥ ਵਿੱਚ ਬੈਠੇ ਬਜ਼ੁਰਗ ਤਾਸ਼ ਖੇਡਣ ਵਿੱਚ ਮਸਤ ਪਰ ਅੰਦਰੋਂ ਉਦਾਸ ਹਨ। “ਸਾਡੇ ਬਜ਼ੁਰਗ ਸਾਡਾ ਸਰਮਾਇਆ ਹਨ।” - ਇਹ ਹੁਣ ਬੀਤੇ ਦੀ ਗੱਲ ਹੋ ਗਈ ਹੈ। ਪਰਿਵਾਰ ਇੱਕ ਨਰੋਏ ਸਮਾਜ ਦੀ ਬੁਨਿਆਦ ਹੁੰਦੇ ਸਨ। ਸੰਯੁਕਤ ਪਰਿਵਾਰ ਦਾਦਾ ਦਾਦੀ, ਪੜਦਾਦੀ ਪੜਦਾਦਾ ਵਾਲੇ ਪਰਿਵਾਰ ਚਾਰ ਚਾਰ ਪੀੜ੍ਹੀਆਂ, ਢੇਰ ਸਾਰੇ ਰਿਸ਼ਤੇ, ਨੈਤਿਕ ਕਦਰਾਂ ਕੀਮਤਾਂ ਦਾ ਖਜ਼ਾਨਾ ਹੋਇਆ ਕਰਦੇ ਸਨ। ਸਾਰੇ ਫਰਜ਼ ਕੁਦਰਤੀ ਹੀ ਸਮੇਟ ਲਏ ਜਾਂਦੇ ਸਨ। ਸਹਿਜ ਰੂਪ ਵਿੱਚ ਪਰਿਵਾਰ ਮਿਲ ਕੇ ਸਮਾਜ ਬਣਦਾ ਬਰਾਦਰੀ, ਭਾਈਚਾਰਾ, ਫਿਰ ਪਿੰਡ ਬਣਦੇ। ਜ਼ਿੰਮੇਵਾਰੀਆਂ ਸਾਂਝੀਆਂ। ਦੁੱਖ ਸੁੱਖ ਸਾਂਝੇ ਹੁੰਦੇ। ਪਿਛਲੇ ਲਗਭਗ ਚਾਰ ਕੁ ਦਹਾਕਿਆਂ ਤੋਂ ਅਚਾਨਕ ਆਈ ਤਬਦੀਲੀ ਨੇ ਨੁਹਾਰ ਬਦਲ ਦਿੱਤੀ ਹੈ। ਸਿੱਖਿਆ ਦਾ ਪਸਾਰ, ਪਿੰਡਾਂ ਤੋਂ ਸ਼ਹਿਰਾਂ ਵੱਲ ਤਬਦੀਲੀ ਦਾ ਵਰਤਾਰਾ ਸਹਿਜ ਹੋ ਗਿਆ। ਸੰਯੁਕਤ ਪਰਿਵਾਰ ਦੀ ਬਣਤਰ ਸੀਮਤ ਹੋ ਗਈ, ਇਕਹਿਰਾ ਪਰਿਵਾਰ ਹੋਂਦ ਵਿੱਚ ਆਇਆ। ਰੋਜ਼ਗਾਰ ਦੀ ਭਾਲ ਨੇ ਖੇਤੀ ਪ੍ਰਧਾਨ ਸੂਬੇ ਨੂੰ ਨਵੀਂਆਂ ਲੀਹਾਂ ’ਤੇ ਤੋਰ ਦਿੱਤਾ। ਨੌਕਰੀ ਪੇਸ਼ਾ ਪਤੀ ਪਤਨੀ ਵਿਅਸਤ ਹੋ ਗਏ। ਉਹਨਾਂ ਦੀ ਅਗਲੀ ਪੀੜ੍ਹੀ ਪੜ੍ਹਨ ਲਈ ਵਿਦੇਸ਼ ਵੱਲ ਨੂੰ ਵਹੀਰਾਂ ਘੱਤ ਲਈਆਂ। ਇਕੱਲਤਾ ਦਾ ਸੰਤਾਪ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਰਾਬਰ ਹੋ ਗਿਆ। ਘਰਾਂ ਨੂੰ ਤਾਲੇ ਲੱਗਣ ਲੱਗ ਪਏ, ਬਜ਼ੁਰਗ ਮਾਪੇ ਉਡੀਕ ਗੋਚਰੇ ਰਹਿ ਗਏ।
ਪੰਜਾਬ ਖੁਸ਼ਹਾਲ ਸੂਬਾ ਹੁਣ ਬਜ਼ੁਰਗਾਂ ਨੂੰ ਸਰਮਾਏ ਦੀ ਜਗ੍ਹਾ ਬੋਝ ਸਮਝਣ ਲੱਗਾ। ਬਿਰਧ ਆਸ਼ਰਮ (ਸੀਨੀਅਰ ਸਿਟੀਜ਼ਨ ਹੋਮ) ਹੋਂਦ ਵਿੱਚ ਆ ਗਏ। ਭਾਰਤ ਜਨਸੰਖਿਆ ਦੇ ਪੱਖੋਂ ਸਿਖਰ ’ਤੇ ਖੜ੍ਹਾ ਹੈ। ਬਜ਼ੁਰਗ ਅਬਾਦੀ ਵਿੱਚ ਇਸ ਸਮੇਂ 104 ਮਿਲੀਅਨ ਲੋਕ ਹਨ, ਜੋ ਕਿ ਕੁੱਲ ਅਬਾਦੀ ਦਾ 10% ਤੋਂ ਵੱਧ ਦੀ ਨੁਮਾਇੰਦਗੀ ਕਰਦੇ ਹਨ। ਇਹ ਹਿਣਤੀ 2050 ਤਕ 319 ਮਿਲੀਅਨ ਤਕ ਪੁੱਜਣ ਦਾ ਅਨੁਮਾਨ ਹੈ। ਦੇਸ਼ ਲਈ ਬਜ਼ੁਰਗਾਂ ਦੀ ਸਾਂਭ ਸੰਭਾਲ ਇੱਕ ਚੁਣੌਤੀ ਹੈ।
ਪੰਜਾਬ, ਕੇਰਲਾ, ਤਾਮਿਲਨਾਡੂ ਅਤੇ ਮਹਾਰਾਸ਼ਟਰ ਇਹ ਅਬਾਦੀ ਵਧਣ ਵਿੱਚ ਮੋਹਰੀ ਰਾਜਾਂ ਵਿੱਚ ਖੜ੍ਹੇ ਹਨ।
ਬਜ਼ੁਰਗਾਂ ਦੀ ਸਾਂਭ ਸੰਭਾਲ ਦੇ ਅੰਕੜੇ ਸਾਡੇ ਸਿਸਟਮ ਦੀ ਇੱਕ ਗੰਭੀਰ ਤਸਵੀਰ ਪੇਸ਼ ਕਰਦੇ ਹਨ। ਹਰੇਕ ਜ਼ਿਲ੍ਹੇ ਵਿੱਚ 150 ਨਿਵਾਸੀਆਂ ਦੀ ਸਮਰੱਥਾ ਵਾਲਾ ਬਿਰਧ ਆਸ਼ਰਮ ਲਾਜ਼ਮੀ ਹੋਣਾ ਚਾਹੀਦਾ ਹੈ। ਭਾਰਤ ਵਿੱਚ 500 ਤੋਂ ਘੱਟ ਜ਼ਿਲ੍ਹਿਆਂ ਵਿੱਚ ਕਾਰਜਸ਼ੀਲ ਬਜ਼ੁਰਗ ਦੇਖਭਾਲ ਸੰਸਥਾਵਾਂ ਹਨ। ਪੰਜਾਬ ਦੀ ਹਾਲਤ ਇਸ ਵੇਲੇ ਕਮਜ਼ੋਰ ਹੈ। ਇੱਥੇ ਬਜ਼ੁਰਗ ਨਾਗਰਿਕਾਂ ਨੂੰ ਢੁਕਵੀਆਂ ਸਹੂਲਤਾਂ ਮੁਹਈਆ ਨਹੀਂ ਕਰਵਾਈਆਂ ਜਾਂਦੀਆਂ।
ਬਜ਼ੁਰਗਾਂ ਦੀ ਦੇਖਭਾਲ ਦਾ ਮਨੁੱਖੀ ਚਿਹਰਾ:
ਬਜ਼ੁਰਗਾਂ ਦੀ ਦੇਖਭਾਲ ਦੀ ਗੁੰਝਲਤਾ ਸਧਾਰਨ ਡਾਕਟਰੀ ਇਲਾਜ ਤੋਂ ਕਿਤੇ ਵੱਧ ਫੈਲੀ ਹੋਈ ਹੈ। ਐਲਡਰ ਏਡ ਬਜ਼ੁਰਗਾਂ ਦੀ ਸੰਭਾਲ ਲਈ “ਪ੍ਰੌਕਸੀ ਬੱਚੇ” ਕੰਮ ਕਰਦੇ ਹਨ। ਇਹ ਪੇਸ਼ਾਵਰ ਵਿਆਪਕ ਸਹਾਇਤਾ ਪ੍ਰਦਾਨ ਕਰਦੇ ਹਨ, ਜਿਸ ਵਿੱਚ ਡਾਕਟਰੀ ਮੁਲਾਕਾਤ ਦਾ ਪ੍ਰਬੰਧ, ਕੀਮੋਥੈਰਪੀ, ਡੈਲੇਸਿਸ ਵਰਗੀਆਂ ਗੁੰਝਲ ਦਾ ਡਾਕਟਰੀ ਪ੍ਰਕਿਰਿਆਵਾਂ ਰਾਹੀਂ ਬਜ਼ੁਰਗਾਂ ਦੇ ਨਾਲ ਜਾਣਾ, ਸਭ ਕੁਝ ਸ਼ਾਮਲ ਹੈ। ਇਹ ਬਜ਼ੁਰਗਾਂ ਦੀਆਂ ਬੈਂਕ ਸੇਵਾਵਾਂ ਵਿੱਚ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਦੇ ਹਨ।
ਬਜ਼ੁਰਗ ਨਾਗਰਿਕਾਂ ਦੀ ਗਿਣਤੀ ਪੇਂਡੂ ਖੇਤਰ ਵਿੱਚ ਜ਼ਿਆਦਾ ਹੈ, ਜਿੱਥੇ ਕਈ ਵਿੱਤੀ ਰੁਕਾਵਟਾਂ ਹਨ, ਆਵਾਜਾਈ ਦੇ ਸਾਧਨਾਂ ਦੀ ਵੀ ਘਾਟ ਹੈ। ਸਿਹਤ ਸੰਸਥਾਵਾਂ ਦਾ ਬੁਨਿਆਦੀ ਢਾਂਚਾ ਪੇਂਡੂ ਖੇਤਰਾਂ ਵਿੱਚ ਢੁਕਵੀਂ ਸਿਹਤ ਕਵਰੇਜ ਪ੍ਰਦਾਨ ਕਰਨ ਤੋਂ ਅਸਮਰੱਥ ਹੈ। 3575 ਉਪ ਕੇਂਦਰਾਂ ਦੀ ਲੋੜ ਹੈ, ਜਿਨ੍ਹਾਂ ਵਿੱਚੋਂ ਸਿਰਫ 2857 ਕਾਰਜਸ਼ੀਲ ਹਨ। ਇਵੇਂ ਹੀ 595 ਪ੍ਰਾਇਮਰੀ ਹੈਲਥ ਸੈਂਟਰ ਲੋੜੀਂਦੇ ਹਨ ਪਰ ਕੇਵਲ 297 ਕਾਰਜਸ਼ੀਲ ਹਨ। ਬਹੁਤ ਸਾਰੇ ਬਿਰਧ ਆਸ਼ਰਮ ਬੁਨਿਆਦੀ ਲੋੜਾਂ ਪੂਰੀਆਂ ਨਹੀਂ ਕਰਦੇ। ਪੁਰਾਣੀਆਂ ਇਮਾਰਤਾਂ ਖਸਤਾ ਹਾਲਤ ਵਿੱਚ ਹਨ, ਜਿੱਥੇ ਐਲੀਵੇਟਰ, ਚੌੜੇ ਦਰਵਾਜ਼ੇ, ਤਿਲ੍ਕਣ ਤੋਂ ਬਿਨਾਂ ਫਰਸ਼, ਵੀਲ ਚੇਅਰ ਰੈਂਪ ਆਦਿ ਦੀ ਸਹੂਲਤ ਵੀ ਨਹੀਂ ਹੈ।
ਉਪਕਰਨ ਅਤੇ ਟੈਕਨੌਲੋਜੀ ਦੇ ਪੱਖ ਤੋਂ ਵਿਸ਼ੇਸ਼ ਡਾਕਟਰੀ ਉਪਕਰਨਾਂ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ। ਬੁਨਿਆਦੀ ਡਾਇਗਨੋਸ ਉਪਕਰਨ ਜਿਵੇਂ ਹੋਮੋਗਲੋਬਿਨ ਮੀਟਰ, ਗਲੂਕੋਸਮੀਟਰ, ਈਸੀਜੀ ਦੀ ਮਸ਼ੀਨਾਂ ਦੀ ਘਾਟ ਹੋਣ ਕਾਰਨ ਤਤਕਾਲੀਨ ਇਲਾਜ ਵਿੱਚ ਦੇਰੀ ਹੁੰਦੀ ਹੈ। ਡਿਜਿਟਲ ਸਿਹਤ ਕ੍ਰਾਂਤੀ ਨੇ ਬਜ਼ੁਰਗਾਂ ਦੀ ਦੇਖਭਾਲ ਸੰਸਥਾਵਾਂ ਨੂੰ ਵੱਡੇ ਪੱਧਰ ’ਤੇ ਅੱਖੋਂ ਪਰੋਖੇ ਕੀਤਾ ਹੈ। ਇਲੈਕਟ੍ਰੌਨਿਕ ਸਿਹਤ ਰਿਕਾਰਡਾਂ, ਟੈਲੀ ਮੈਡੀਸਨ ਸਮਰੱਥਾਵਾਂ ਪ੍ਰਾਪਤ ਕਰਨਾ ਨਿਗਰਾਨੀ ਪ੍ਰਣਾਲੀ ਅਪਣਾਉਣ ਅਤੇ ਦੇਖਭਾਲ ਦੀ ਗੁਣਵੰਤਾ ਅਤੇ ਕੁਸ਼ਲਤਾ ਵਿੱਚ ਕਾਰਗਰ ਸੁਧਾਰ ਕਰ ਸਕਦੇ ਹਾਂ।
ਸਟਾਫ:
ਪੰਜਾਬ ਕੋਲ ਮੈਡੀਕਲ ਪੇਸ਼ਾਵਰ ਸਟਾਫ ਦੀ ਘਾਟ ਹੈ ਜੋ ਕਿ ਇੱਕ ਗੰਭੀਰ ਸਮੱਸਿਆ ਹੈ। ਰਾਜ ਦੇ 47% ਮਨਜ਼ੂਰ ਸ਼ੁਦਾ ਮਾਹਰ ਅਸਾਮੀਆਂ ਦੀ ਘਾਟ ਹੈ। 51% ਜਨਰਲ ਮੈਡੀਕਲ ਅਫਸਰਾਂ ਦੀਆਂ ਅਸਾਮੀਆਂ ਖਾਲੀ ਹਨ ਬਜ਼ੁਰਗਾਂ ਦੀ ਦੇਖਭਾਲ ਲਈ ਮਹੱਤਵਪੂਰਨ ਵਿਸ਼ੇਸ਼ਤਾਵਾਂ ਵਿੱਚ ਮਾਹਰ ਡਾਕਟਰਾਂ ਦੀ ਕਮੀ ਹੈ। ਸਥਿਤੀ ਇੰਨੀ ਗੰਭੀਰ ਹੈ ਕੀ ਸੌ ਸੇਵਾ ਮੁਕਤ ਮੈਡੀਕਲ ਮਾਹਰਾਂ ਦੀ ਭਰਤੀ ਕਰਨ ਦਾ ਸਹਾਰਾ ਲਿਆ ਹੈ। 58 ਤੋਂ 64 ਸਾਲ ਦੀ ਉਮਰ ਦੇ ਡਾਕਟਰਾਂ ਨੂੰ ਠੇਕੇ ਦੀ ਭਰਤੀ ਦੀ ਪੇਸ਼ਕਸ਼ ਕੀਤੀ ਹੈ।
ਨੌਜਵਾਨ ਮੈਡੀਕਲ ਪੇਸ਼ਾਵਰ ਡਾਕਟਰਾਂ ਨੂੰ ਆਕਰਸ਼ਿਤ ਕਰਨ ਅਤੇ ਉਨ੍ਹਾਂ ਨੂੰ ਸਹੀ ਸਮੇਂ ’ਤੇ ਨਿਯੁਕਤੀ ਕਰਨ ਦੇ ਪ੍ਰਣਾਲੀਗਤ ਅਸਫਲਤਾ ਨੂੰ ਉਜਾਗਰ ਕਰਦਾ ਹੈ। ਦੂਜੇ ਰਾਜਾਂ ਦੇ ਮੁਕਾਬਲੇ ਘੱਟ ਤਨਖਾਹ ਇਸਦਾ ਵੱਡਾ ਕਾਰਨ ਹੈ। ਪੰਜਾਬ ਦੇ ਮੈਡੀਕਲ ਅਫਸਰ ਕੇਂਦਰ ਨਾਲੋਂ 21% ਘੱਟ ਅਤੇ ਹਰਿਆਣਾ ਵਿੱਚ ਹਮ ਰੁਤਬਾ ਨਾਲੋਂ 30% ਘੱਟ ਕਮਾਉਂਦੇ ਹਨ। ਰਾਜ ਵਿੱਚ ਐਸ਼ੋਰਡ ਕਰੀਅਰ ਪ੍ਰੋਗਰੈਸ਼ਨ ਸਕੀਮ ਨੂੰ ਲਾਗੂ ਕਰਨ ਦੀ ਲੋੜ ਹੈ।
ਸਾਡੇ ਕੋਲ ਬਜ਼ੁਰਗਾਂ ਦੀ ਸੰਭਾਲ ਦੀ ਮੁਹਾਰਤ ਵਾਲੇ ਡਾਕਟਰਾਂ ਦੀ ਕਮੀ ਅੰਤਰਰਾਸ਼ਟਰੀ ਮਾਪਦੰਡ ਤੋਂ ਘੱਟ ਹੈ। ਇਸ ਨਾਲ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਜਿਵੇਂ ਗਲਤ ਡਾਇਗਨੋਸ, ਅਣਉਚਿਤ ਦਵਾਈ, ਬੁਢਾਪੇ ਦੀ ਮਾਨਸਿਕਤਾ ਨੂੰ ਸਮਝਣਾ ਆਦਿ।
ਚੁਣੌਤੀਆਂ:
ਡਾਕਟਰਾਂ ਅਤੇ ਨਰਸਿੰਗ ਸਟਾਫ ਜੋ ਕਿ ਵਿਸ਼ੇਸ਼ ਸਿਖਲਾਈ ਪ੍ਰਾਪਤ ਹੋਣ, ਬਜ਼ੁਰਗਾਂ ਦੀਆਂ ਲੋੜਾਂ ਨੂੰ ਸਮਝਣ ਯੋਗ ਹੋਣ, ਉਹਨਾਂ ਦੀਆਂ ਗਤੀਵਿਧੀਆਂ, ਗਤੀਸ਼ੀਲਤਾ ਵਿੱਚ ਸਹਾਇਤਾ ਕਰਨ। ਡਿਮੈਂਸ਼ੀਆ ਦੇ ਮਰੀਜ਼ਾਂ ਲਈ ਵਿਹਾਰ ਪ੍ਰਬੰਧਨ ਦੀ ਸਿਖਲਾਈ ਪ੍ਰਾਪਤ ਹੋਣ।
ਫਿਜੀਓਥੈਰਪਿਸਟ ਕਿੱਤਾ ਮੁਖੀ ਥੈਰਪੀ ਸਮਾਜਿਕ ਵਰਕਰ ਮਨੋ ਚਕਿਤਸਿਕ ਆਦਿ ਦਾ ਪ੍ਰਬੰਧ ਹੋਵੇ।
ਖੋਜ ਦਰਸਾਉਂਦੀ ਹੈ ਕਿ 75 %ਬਜ਼ੁਰਗ ਇੱਕ ਤੋਂ ਵੱਧ ਬਿਮਾਰੀਆਂ ਤੋਂ ਪੀੜਿਤ ਹਨ। 23.3% ਡਿਮੈਂਸ਼ੀਆ ਤੋਂ ਪ੍ਰਭਾਵਿਤ ਹਨ। ਇਸ ਸਮੇਂ ਸੂਝਵਾਨ ਡਾਕਟਰਾਂ ਦੀ ਜ਼ਰੂਰਤ ਹੁੰਦੀ ਹੈ। ਦਿਲ ਦੀਆਂ ਬਿਮਾਰੀਆਂ, ਹਾਈਪਰਟੈਂਸ਼ਨ, ਗੰਠੀਆ, ਸੀਓਪੀਡੀ, ਡਾਇਮੈਂਸ਼ੀਆ ਦੇ ਵੱਖ ਵੱਖ ਰੂਪ ਹਨ। 37.7% ਬਜ਼ੁਰਗ ਡਿਪਰੈਸ਼ਨ ਤੋਂ ਪ੍ਰਭਾਵਿਤ ਹਨ। 13.3% ਚਿੰਤਾ ਰੋਗ ਤੋਂ ਪ੍ਰਭਾਵਿਤ ਹਨ। ਮਾਨਸਿਕ ਸਿਹਤ ਸਮੱਸਿਆਵਾਂ ਦਾ ਪ੍ਰਚਲਨ ਕਈ ਕਾਰਕਾਂ ਤੋਂ ਪੈਦਾ ਹੁੰਦਾ ਹੈ। ਸਮਾਜਿਕ ਅਲੱਗ ਥਲੱਗ, ਖੁਦ ਮੁਖਤਿਆਰੀ ਦਾ ਨੁਕਸਾਨ, ਗੁਆਚੇ ਰਿਸ਼ਤਿਆਂ ’ਤੇ ਸੋਗ, ਭਵਿੱਖ ਬਾਰੇ ਡਰ, ਸੰਸਥਾ ਗਤ ਜੀਵਨ ਵਿੱਚ ਮੁਸ਼ਕਲਾਂ...। ਭਾਵੇਂ ਸੰਸਥਾਵਾਂ ਇਨ੍ਹਾਂ ਸਾਰੀਆਂ ਗੱਲਾਂ ਦਾ ਬਹੁਤ ਧਿਆਨ ਰੱਖਦੀਆਂ ਹਨ ਪਰ ਫਿਰ ਵੀ ਇਸ ਸੰਦਰਭ ਵਿੱਚੋਂ ਨਿਕਲਣ ਲਈ ਮਨੋਵਿਗਿਆਨੀ ਡਾਕਟਰਾਂ ਦੀ ਜ਼ਰੂਰਤ ਪੈਂਦੀ ਹੈ। ਬਹੁਤ ਸਾਰੀਆਂ ਸਿਹਤ ਸਹੂਲਤਾਂ, ਜੋ ਕਿ 24 ਘੰਟੇ ਦੇ ਵਿੱਚ ਵਿੱਚ ਮੈਡੀਕਲ ਕਵਰੇਜ ਹੋਣੀ ਚਾਹੀਦੀ ਹੈ ਤਾਂ ਜੋ ਸਹੀ ਸਮੇਂ ’ਤੇ ਇਲਾਜ ਅਤੇ ਲੁੜੀਂਦੀ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।
ਪੇਂਡੂ ਪੱਧਰ ਉੱਤੇ ਸਿਹਤ ਸੇਵਾਵਾਂ ਸੁਚੱਜੇ ਢੰਗ ਨਾਲ ਦਿੱਤੀਆਂ ਜਾਣ। ਬਜ਼ੁਰਗ ਮੈਂਬਰਾਂ ਦੀ ਪਰਿਵਾਰਕ ਦੇਖਭਾਲ ’ਤੇ ਜ਼ੋਰ ਦਿੱਤਾ ਜਾਵੇ। ਆਰਥਿਕ ਚੁਨੌਤੀ ਨੂੰ ਮੁੱਖ ਰੱਖਦੇ ਹੋਏ ਬਜ਼ੁਰਗਾਂ ਨੂੰ ਸਹੀ ਸਮੇਂ ’ਤੇ ਪੈਨਸ਼ਨ ਕਵਰੇਜ ਦਿੱਤੀ ਜਾਵੇ। ਭਾਰਤ ਦੀ 78% ਬਜ਼ੁਰਗ ਅਬਾਦੀ ਪੈਨਸ਼ਨ ਨੂੰ ਕਵਰੇਜ ਦੀ ਘਾਟ ਹੈ। 65% ਰੋਜ਼ਾਨਾ ਦੇਖਭਾਲ ਲਈ ਦੂਜਿਆਂ ’ਤੇ ਨਿਰਭਰ ਹਨ।
ਸਿਹਤ ਸੰਭਾਲ:
ਬਜ਼ੁਰਗਾਂ ਦੀ ਇਕੱਲਤਾ ਦਾ ਸਭ ਤੋਂ ਵੱਡਾ ਕਾਰਨ ਦੂਰ ਵਸਦੇ ਉਹਨਾਂ ਦੇ ਬੱਚੇ ਹਨ, ਜੋ ਕਿ ਆਪਣੇ ਪਰਿਵਾਰਾਂ ਵਿੱਚ ਰੁੱਝ ਜਾਂਦੇ ਹਨ ਅਤੇ ਵਿਸਾਰ ਦਿੰਦੇ ਨੇ ਮਾਪਿਆਂ ਨੂੰ। ਭੁੱਲ ਜਾਂਦੇ ਹਨ ਕਿ ਜਿਸ ਅਹੁਦੇ ’ਤੇ ਉਹ ਪਹੁੰਚੇ ਹਨ, ਉਸਦੇ ਪਿੱਛੇ ਸਭ ਤੋਂ ਵੱਡਾ ਹੱਥ ਉਹਨਾਂ ਦੇ ਮਾਪਿਆਂ ਦਾ ਹੈ। ਜੇ ਉਹ ਉਹਨਾਂ ਲਈ ਇੰਨਾ ਕੁਝ ਨਾ ਕਰਦੇ ਤਾਂ ਸ਼ਾਇਦ ਉਹ ਅੱਜ ਦੇ ਸਥਾਨ ਪਹੁੰਚ ਵੀ ਨਾ ਸਕਦੇ। ਮਾਪਿਆਂ ਦੀ ਕਮਾਈ ਉਹਨਾਂ ਵਾਸਤੇ ਵਰਦਾਨ ਸਾਬਤ ਹੁੰਦੀ ਹੈ ਤੇ ਮਾਪੇ ਬੋਝ ਬਣ ਜਾਂਦੇ ਹਨ। ਘਰ ਦੀ ਡਿਓੜੀ ਵਿੱਚ ਬੈਠੀ ਮਾਂ ਆਪਣੇ ਪੁੱਤ ਦੀਆਂ ਸੁੱਖਾਂ ਸੁੱਖਦੀ ਹੈ, ਤੇ ਬਾਪ ਉਸਦਾ ਰਾਹ ਦੇਖਦਾ ਹੈ। ਸਾਰੇ ਦਿਨ ਤਿਉਹਾਰ ਪਰਿਵਾਰ ਤੋਂ ਬਿਨਾਂ ਫਿੱਕੇ ਲਗਦੇ ਹਨ ਤੇ ਉਡੀਕ ਉਹਨਾਂ ਦੀ ਤਰਾਸਦੀ ਬਣਦੀ ਹੈ।
ਜਦੋਂ ਵਕਤ ਲੰਘ ਜਾਣਾ ਹੈ, ਮਾਪਿਆਂ ਦੀ ਯਾਦ ਨੇ ਸਾਨੂੰ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਦੇਣਾ! ਜਿਊਂਦੇ ਜੀ ਉਹਨਾਂ ਦੇ ਹਉਕੇ ਸੁਣਕੇ ਮੋੜਾ ਪਾ ਲਈਏ... ਮਾਪੇ ਮਾਪੇ ਹੁੰਦੇ ਹਨ।
ਜੇ ਔਲਾਦ ਜ਼ਿੰਮੇਵਾਰ ਹੋਵੇ ਤਾਂ ਮਾਪੇ ਕਦੇ ਬੁੱਢੇ ਨਹੀਂ ਹੁੰਦੇ।
ਲੋੜ ਹੈ ਸੱਚੀ ਮੁੱਚੀ ਸੱਚ ਨੂੰ ਜਾਣਨ ਤੇ ਪਛਾਣਨ ਦੀ।
ਇਹ ਛਾਂ ਇੱਕ ਵਾਰੀ ਮੁੱਕ ਗਈ, ਮੁੜ ਨਹੀਂ ਲੱਭਣੀ...
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (