“ਤੂੰ ਪੁੱਤ, ਕਦੇ ਤੂੰ ਧੀ, ਕਦੇ ਤੂੰ ਵੀਰ ਬਣ ਬੂਹਾ ਖੜਕਾ ... ਮੇਰੇ ਸੀਨੇ ਦੀ ਚੀਸ ਨੂੰ ਕੋਈ ਗੱਲ ਸੁਣਾ ...”
(29 ਸਤੰਬਰ 2025)
ਘਰ ਦੀ ਦਹਿਲੀਜ਼ ਹੀ ਦੱਸ ਦਿੰਦੀ ਹੈ ਵਿਹੜੇ ਦੇ ਭਾਗ…
ਹੁਣ ਘਰ ਦੀ ਟੈਂਕੀ ਦੱਸਦੀ ਹੈ ਘਰ ਦੀ ਉਦਾਸ ਦਾਸਤਾਨ… ਰੁੱਗ ਭਰਦਾ ਇਹ ਗੱਲ ਕਰਨ ਲੱਗਿਆਂ… ਸੋਚਦੇ ਹਾਂ
ਅਸੀਂ ਕੀ ਤਰੱਕੀ ਕੀਤੀ? ਇਹ ਕਿਹੜੀ ਤਰੱਕੀ ਹੈ?
ਹੰਝੂਆਂ ਦੇ ਮੁੱਲ ’ਤੇ… ਵਿਛੋੜਿਆਂ ਦੇ ਸੱਲ ’ਤੇ ਲਈ...
ਨਹੀਂ, ਸਾਡਾ ਸੱਚ ਸਾਥੋਂ ਪੁੱਛੋ...
ਘਰ ਕੰਧਾਂ ਦੇ ਨਹੀਂ, ਭਾਵਨਾਵਾਂ ਦੇ ਹੁੰਦੇ ਨੇ...
ਘਰ ਇੱਕ ਉਡੀਕ ਹੁੰਦੀ ਹੈ…
ਹੁਣ ਬਾਰ ਚੀਕ ਸੁਣਕੇ ਹੱਸਦਾ ਨਹੀਂ, ਹਉਕੇ ਭਰਦਾ ਹੈ...
ਦਰ-ਦਰਵਾਜ਼ੇ ਘਰ ਵਾਲਿਆਂ ਨੂੰ ਉਡੀਕਦੇ ਜੰਗਾਲ ਨੇ ਖਾ ਲਏ। ਪੰਜਾਬ ਦੇ ਹੱਸਦੇ ਵਸਦੇ ਕੱਚੀਆਂ ਕੰਧਾਂ ਵਾਲੇ ਪਿੰਡਾਂ ਤੋਂ ਤੁਰ ਸ਼ਹਿਰ ਦੇ ਆਲੀਸ਼ਾਨ ਵਿਲੇ ਇੱਕੋ ਜਿਹੀ ਚੁੱਪ ਨਾਲ ਉਦਾਸ ਨੇ...।
ਬੱਚਿਆਂ ਦੀਆਂ ਕਿਲਕਾਰੀਆਂ ਤੋਂ ਸੱਖਣੇ, ਬਜ਼ੁਰਗਾਂ ਦੀਆਂ ਸੱਥ ਵਿਚਲੀਆਂ ਮਸ਼ਕਰੀਆਂ ਤੋਂ ਵਾਝੇ... ਜੋ ਸਾਰੇ ਪਿੰਡ ਦੀ ਸ਼ਾਨ ਹੋਇਆ ਕਰਦੇ ਸਨ... ਸੁੰਨਸਾਨ ਹੀ ਨਹੀਂ, ਸਿਵਿਆਂ ਵਰਗੀ ਚੁੱਪ ਦੀ ਪੁਕਾਰ ਨੇ। ਰਸੋਈਆਂ ਦੀਆਂ ਮਹਿਕਾਂ, ਮਹਿਕਾਂ ਦੀ ਆਂਢ-ਗੁਆਂਢ ਨਾਲ ਸਾਂਝ ... ਸਭ ਖੁੱਸ ਗਏ। ਇਸ ਤ੍ਰਾਸਦੀ ਦਾ ਅਮੀਰੀ ਗਰੀਬੀ ਨਾਲ ਕੋਈ ਵਾਸਤਾ ਨਹੀਂ, ਇਹ ਤਾਂ ਤਰਲਾ ਹੈ...
ਘਰ ਦੇ ਕੋਨੇ ਵਿੱਚ ਬੈਠੇ ਬਜ਼ਰਗ ਮਾਪਿਆਂ ਦਾ, ਚੁੱਲ੍ਹੇ ਦੀ ਨੁੱਕਰ ਵਿੱਚ ਬੈਠੀ ਵਿਧਵਾ ਦੀ ਇਕੱਲਤਾ ਦਾ ਸਰਾਪ... ਖਾਲੀਪਣ ... ਇੱਕ ਖਲਾਅ ਨਾ ਤੇਰਾ, ਨਾ ਮੇਰਾ।
ਹਰ ਘਰ ਦੇ ਬੱਚੇ ਚੜ੍ਹਦੀ ਉਮਰੇ ਭਰੇ ਭਰਾਏ ਘਰ ਛੱਡ ਤੁਰ ਗਏ ਪਰਦੇਸ... ਕੋਈ ਵੀ ਆਵਾਜ਼ ਨਹੀਂਓਂ ਮਾਰਦਾ... ਪੁੱਤ ਵੇਖ... ਕੀਹਨੂੰ ਕਹੇ, ਕੌਣ ਸੁਣੇ... ਖਲਾਅ ਵਿੱਚ ਮਾਰੀ ਆਵਾਜ਼ ਇੱਕ ਚੀਸ ਬਣਦੀ ਹੈ।
ਮਰਹੂਮ ਕਵੀ ਪਾਤਰ ਹੋਰਾਂ ਦਾ ਸ਼ੇਅਰ:
ਜੋ ਵਿਦੇਸ਼ਾਂ ਵਿੱਚ ਰੁਲਦੇ ਨੇ ਰੋਟੀ ਲਈ, ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ...
ਸੱਚ ਸਾਬਤ ਹੋ ਰਿਹਾ ਹੈ।
ਪ੍ਰਦੇਸ ਦਾ ਸਰਾਪ ਪੰਜਾਬ ਲੰਮੇ ਸਮੇਂ ਤੋਂ ਹੰਢਾ ਰਿਹਾ ਹੈ। 19ਵੀਂ ਸਦੀ ਵਿੱਚ ਜਲਾਵਤਨ ਭਾਈ ਮਹਾਰਾਜਾ ਸਿੰਘ ਤੋਂ ਲੈ ਕੇ ਕਨੇਡਾ ਵਿੱਚ ਰੇਲ ਮਾਰਗ ਬਣਾਉਣ ਲਈ ਸਮੁੰਦਰ ਪਾਰ ਕਰਨ ਵਾਲੇ ਮਜ਼ਦੂਰਾਂ ਅਤੇ ਆਸਟਰੇਲੀਆ ਜਾਣ ਵਾਲੇ ਵਿਦਿਆਰਥੀਆਂ ਤਕ ਪ੍ਰਵਾਸ ਇੱਕ ਰਸਮ ਬਣ ਗਿਆ ਹੈ। 2016 ਤੋਂ 2021 ਤਕ ਲਗਭਗ ਇੱਕ 10 ਲੱਖ ਪੰਜਾਬੀ ਪੰਜਾਬ ਛੱਡ ਕੇਚਲੇ ਗਏ। ਹਰ ਘਰ ਵਿੱਚੋਂ ਇੱਕ ਵਿਅਕਤੀ ਵਿਦੇਸ਼ ਵਿੱਚ ਭਵਿੱਖ ਦੀ ਭਾਲ ਕਰ ਰਿਹਾ ਹੈ। ਅੰਦਾਜ਼ਨ 40 ਲੱਖ ਤੋਂ ਵੱਧ ਪੰਜਾਬੀ ਭਾਰਤ ਤੋਂ ਬਾਹਰ ਰਹਿ ਰਹੇ ਹਨ। ਉਹਨਾਂ ਦੇ ਖਿਆਲਾਂ ਵਿੱਚ ਪੰਜਾਬ ਦੀ ਧੂੜ ਅੱਜ ਵੀ ਜਿਊਂਦੀ ਹੈ। ਰੋਜ਼ ਸਵੇਰ ਉੱਠਦਿਆਂ ਪਿੰਡ ਦਾ ਭੁਲੇਖਾ ਪੈਦਾ ਹੈ। ਦੁਆਬਾ, ਮਾਲਵਾ ਇਸ ਤ੍ਰਾਸਦੀ ਦੇ ਸ਼ਿਕਾਰ ਹਨ। ਮਾਝੇ ਨੂੰ ਵੀ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਉਹ ਧਰਤੀ ਜਿਸਨੇ ਸਾਰੇ ਜ਼ਖਮਾਂ ਦੀ ਮਾਰ ਖਾਧੀ। ਬੇਸ਼ਕ ਸਾਡੀਆਂ ਸ਼ਾਖਾਵਾਂ ਮਹਾਦੀਪਾਂ ਵਿੱਚ ਫੈਲੀਆਂ ਹੋਈਆਂ ਹਨ। ਸੁਪਨੇ ਆਪਣੀ ਜੰਮਣ ਭੋਏ ਦੇ ਹਨ।
ਬਹੁਤ ਪਰਿਵਾਰਾਂ ਲਈ ਇਹ ਕੂਚ ਮਾਣ ਵੀ ਲਿਆਉਂਦਾ ਹੈ। ਬੱਚੇ ਡਿਗਰੀਆਂ ਪ੍ਰਾਪਤ ਕਰ, ਕਰੀਅਰ ਬਣਾ ਮਾਣਮਤੀਆਂ ਨੌਕਰੀਆਂ ਕਰਦੇ ਹਨ, ਬਿਜ਼ਨਸ ਕਰਦੇ ਹਨ। ਡਾਲਰਾਂ ਨੂੰ ਰੁਪਏ ਬਣਾ ਪੰਜਾਬੀ ਦੇ ਆਧੁਨਿਕ ਸਾਧਨ, ਮਖਮਲੀ ਟਾਈਲਾਂ, ਉੱਚੇ ਗੇਟ, ਆਲੀਸ਼ਾਨ ਕਲੱਬਾਂ ਦੀ ਦਿੱਖ ਬਾਹਰੀ ਖੁਸ਼ੀ ਤਾਂ ਦਿੰਦੀ ਹੈ ਪਰ ਅੰਦਰ ਪਲਦੇ ਖਲਾਅ ਨੂੰ ਡੂੰਘਾ ਕਰਦੀ ਹੈ।
ਮਾਪੇ ਚੌਕੀਦਾਰ ਬਣ ਜਾਂਦੇ ਹਨ। ਅੱਖਾਂ ਵਿੱਚ ਉੱਤਰ ਆਉਂਦਾ ਹੈ ਉਡੀਕ ਦਾ ਮੋਤੀਆ। ਜ਼ਰਾ ਝਾਤੀ ਮਾਰੋ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਗਿੱਲਚੀਆਂ ’ਤੇ, ਦਸਾਂ ਵਿੱਚੋਂ ਸੱਤਾਂ ਘਰਾਂ ਨੂੰ ਲਟਕਦਾ ਤਾਲਾ ਉਡੀਕਦਾ ਹੈ। ਰਮੀਦੀ ਵਿੱਚ ਬਹੁ ਕਰੋੜੀ ਹਵੇਲੀਆਂ ’ਤੇ ਬਣੇ ਹਵਾਈ ਜਹਾਜ਼ਾਂ ਦੇ ਨਮੂਨੇ ਉਡਾਣ ਦੀ ਵਾਟ ਲੱਭਦੇ ਹਨ। ਬਜ਼ੁਰਗਾਂ ਨੂੰ ਤਾਂ ਘਰ ਭੂਤ ਬੰਗਲੇ ਲਗਦੇ ਹਨ। ਸੌਖੇ ਸੀ ਉਹ ਵੇਲੇ ਜਦੋਂ ਇੱਕ ਵਿਹੜੇ ਵਿੱਚ ਬਹਿ ਬਾਪੂ ਦੀਆਂ ਝਿੜਕਾਂ, ਮਾਂ ਦੀ ਰਸੋਈ ਦੀਆਂ ਪੱਕੀਆਂ ਮੋਹ ਦੀਆਂ ਰੋਟੀਆਂ, ਨਾਲ ਹਾਰੇ ਦੀ ਰਿੱਧੀ ਦਾਲ ਖਾਂਦੇ ਸੀ। ਇਹ ਹੱਥੀਂ ਸਹੇੜਿਆ ਉਜਾੜਾ ਨਹੀਂ ਤਾਂ ਹੋਰ ਕੀ ਹੈ?
ਚੱਲ ਇੱਕ ਝਾਤ ਮਾਰਦੇ ਹਾਂ ਆਪਣੇ ਸਾਂਝੇ ਦਿਵਾਲੀ, ਦੁਸਹਿਰੇ ਅਤੇ ਵਿਸਾਖੀਆਂ ਦੀ ਗੱਭਰੂਆਂ ਦੀਆਂ ਟੀਮਾਂ ਪਿੰਡਾਂ ਦੀਆਂ ਛਿੰਝਾਂ ਦੀ, ਵਿਆਹ ਦੀਆਂ ਘੋੜੀਆਂ ਸੁਹਾਗਾਂ ਦੀ, ਜੋ ਸਾਡੀ ਇੱਕਜੁੱਟਤਾ ਦੀ ਮਿਸਾਲ ਸੀ। ਹੁਣ ਨਵੇਂ ਉੱਭਰੇ ਸ਼ਬਦ ਡਿਪਰੈਸ਼ਨ ਦੀ ਗੋਦ ਵਿੱਚ ਹਨ।
ਇਸ ਵਰਤਾਰੇ ਨੂੰ “ਭਾਰਤ ਵਿੱਚ ਮਾਪੇ ਵਿਦੇਸ਼ਾਂ ਵਿੱਚ ਬੱਚੇ” ਜਾਂ (ਪੀਆਈ ਸੀਏ) ਇੱਕ ਮਹਿਜ਼ ਇੱਕ ਨਾਮ ਹੈ...
ਮਾਪੇ ਫੋਨ ਕਾਲ ਦੀ ਉਡੀਕ ਵਿੱਚ ਰਾਤ ਭਰ ਜਾਗਦੇ ਹਨ। ਖਬਰ... ਸੁੱਖ ਸਾਂਦ... ਸ਼ਾਇਦ ਇਸੇ ਤ੍ਰਾਸਦੀ ਵਿੱਚੋਂ ਆਵਾਜ਼ ਆਈ ਹੈ
“ਤੇਰੇ ਬਿਨਾਂ ਮਾਏ ਕੋਈ ਸਿਰ ਨਹੀਂ ਪਲੋਸਦਾ”
ਜਾਂ
“ਰੋਟੀ ਖਾਧੀ ਹੈ ਕਿ ਨਹੀਂ ਇਕੱਲੀ ਮਾਂ ਪੁੱਛਦੀ”
ਧੀ ਹੋਵੇ ਜਾਂ ਪੁੱਤ, ਹੂਕ ਤਾਂ ਸੀਨੇ ਵਿੱਚ ਉਗਮਦੀ ਹੈ। ਢਿੱਡੋ ਜੰਮੇ ਸੀਨੇ ਨਾਲ ਲਾ ਪਾਲੇ ਦੂਰ ਤੋਰ ਦਿੱਤੇ, ਬੇਗਾਨੀ ਧਰਤੀ ’ਤੇ। ਸਚਾਈ ਸੰਭਾਲਣੀ ਔਖੀ ਹੈ।
“ਪਿੰਡ ਸਾਡੇ ਵਸਦੇ ਨੇ ਉਹਨਾਂ ਸੁਪਨਿਆਂ ਨਾਲ,
ਜਿਨ੍ਹਾਂ ਦੀ ਆਸ ਨਾਲ ਅਸੀਂ ਤੁਰਦੇ ਹਾਂ,
ਤੁਰ ਜਾਂਦੇ ਨੇ ਦੂਰ ਹਵਾਵਾਂ ਨਾਲ...।”
ਯਾਦਾਂ ਸੀਨੇ ਚੀਰਦੀਆਂ ਹੀ ਨਹੀਂ, ਵਿੰਨ੍ਹ ਕੇ ਰੱਖਦੀਆਂ ਨੇ। ਜੇ ਕਿਧਰੇ ਔਖੇ ਵੇਲੇ ਵੀ ਸੁਨੇਹਾ ਆ ਜਾਵੇ ਨਹੀਂ ਆ ਸਕਦੇ। ਪੰਜਾਬ ਵਿੱਚ ਮਾਪੇ ਬੱਚਿਆਂ ਦੀਆਂ ਯਾਦਾਂ ਲਈ ਫਿਰਦੇ ਨੇ...
ਸੰਕਟ ਦੇ ਪਲ ਜਦੋਂ ਥੋੜ੍ਹੀ ਜਿਹੀ ਵੀ ਢਿੱਲ ਮੱਠ ਹੋਵੇ, ਹਸਪਤਾਲ ਵਿੱਚ ਦਾਖਲ ਬਾਪ, ਬਿਨਾਂ ਪਰਿਵਾਰ ਤੋਂ ਤਿਉਹਾਰ... ਇੱਕ ਚੀਕ ਹੈ ਜੋ ਅੰਬਰਾਂ ਵਿੱਚ ਗੂੰਜਦੀ ਹੈ। ਇਹ ਸੱਚ ਉਸ ਵੇਲੇ ਵਲੂੰਧਦਰ ਦਾ ਹੈ ਜਦੋਂ ਤੁਸੀਂ ਨਿੱਜ ’ਤੇ ਹੰਡਾ ਰਹੇ ਹੁੰਦੇ ਹੋ। ਤੁਰ ਗਿਆ ਨਾਲ ਅਸੀਂ ਜਾ ਨਹੀਂ ਸਕਦੇ, ਪਰ ਪਰਿਵਾਰ ਤੁਹਾਡੀਆਂ ਬਾਹਾਂ ਹੁੰਦੇ ਹਨ। ਇਹ ਮੇਰਾ ਨਿੱਜੀ ਦਰਦ ਹੈ... ਜਦੋਂ ਮੇਰੇ ਪਾਪਾ ਜੀ, ਜੋ ਕਿ ਬਹੁਤਿਆਂ ਲਈ ਰਾਹ ਦਸੇਰੇ, ਸਾਡੇ ਲਈ ਮਿਹਨਤਾ ਕਰ ਉੱਚ ਕੋਟੀ ਦੇ ਵਿਦਵਾਨ ਇਸ ਦੁਨੀਆਂ ਤੋਂ ਰੁਖਸਤ ਹੋਏ। ਮੈਂ ਇਕੱਲਾ ਹੀ ਸਾਂ, ਭਾਵੇਂ ਹਜ਼ਾਰਾਂ ਲੋਕ ਉਸ ਮਹਾਨ ਬੁੱਧੀਜੀਵੀ ਲਈ ਸ਼ਰਧਾਂਜਲੀ ਦੇਣ ਲਈ ਆਏ। ਮੇਰੀਆਂ ਬਾਹਾਂ ਆਪਸ ਵਿੱਚ ਹੌਸਲਾ ਦੇ ਰਹੀਆਂ ਸਨ। ਬਾਪ ਤਾਂ ਮੈਂ ਤੋਰਿਆ, ਚਿਖਾ ਨੂੰ ਅਗਨੀ ਲਾਉਂਦਿਆਂ ਹੰਝੂਆਂ ਦਾ ਭਾਰ ਸਹਾਰਦਿਆਂ ਲੱਭਦਾ ਸਾਂ, ਗਵਾਚੇ ਸਾਥ ਨੂੰ, ਤੁਰ ਗਏ ਸਾਹਵੇਂ ਖੜ੍ਹੇ ਨਜ਼ਰ ਆਏ। ਅੱਜ ਵੀ ਉਸ ਖਾਲੀਪਨ ਨੂੰ ਮਹਿਸੂਸ ਕਰਕੇ ਆਪਣੇ ਅਕਸ ਨਾਲ ਖਲੋ ਜਾਂਦਾ ਹਾਂ।
ਇਹ ਮੇਰਾ ਦਰਦ ਨਹੀਂ, ਇਹ ਹਜ਼ਾਰਾਂ ਮਾਪਿਆਂ ਦੀ ਚੀਸ ਹੈ। ਇਹ ਕਵਿਤਾ ਭਰਨ ਲਈ ਡੇ ਕੇਅਰ ਸੈਂਟਰ, ਘਰੇਲੂ ਨਰਸਿੰਗ ਸਕੀਮਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ
ਕੌਣ ਭਰੂ ਜ਼ਖਮ ਮੇਰਾ ਦੱਸ ਵੇ ਲੋਕਾ ...
ਭਾਵੇਂ ਉਜਰ ਲਈ ਪ੍ਰਵਾਸ ਅਟੱਲ ਸਚਾਈ ਹੀ ਸਹੀ ਪਰ ਬਜ਼ੁਰਗਾਂ ਦੀ ਇਕੱਲਤਾ ਵੀ ਸਾਡੀ ਜ਼ਿੰਮੇਵਾਰੀ ਹੈ। ਉਹਨਾਂ ਦੀ ਰਿਹਾਇਸ਼, ਸਾਂਭ ਸੰਭਾਲ ਸਵੈ ਇੱਛਕ ਵਿਜ਼ਟਰ ਪ੍ਰੋਗਰਾਮਾਂ ਦੀ ਸਹੂਲਤ ਦਾ ਹੋਣਾ ਸਾਂਝੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ।
ਪੰਜਾਬ ਦੇ ਕੁਝ ਕਦਮ 2024 ਵਿੱਚ ਸ਼ੁਰੂ ਕੀਤੇ ਸੀ ਸਾਡੇ ਬਜ਼ੁਰਗ ਸਾਡਾ ਮਾਨ ਪੈਨਸ਼ਨ ਮੈਡੀਕਲ ਕੈਂਪ ਬਜ਼ੁਰਗਾਂ ਲਈ ਹੈਲਪਲਾਈਨ ਨੰਬਰ ਦੀ ਪੇਸ਼ਕਸ਼...
ਗਿਲਚੀਆਂ ਵਿੱਚ ਇੱਕ ਕਮਿਊਨਿਟੀ ਟਰਸਟ ਨੇ ਘਰ-ਘਰ ਮੋਬਾਇਲ ਕਲੀਨਿਕ ਭੇਜਣੇ ਸ਼ੁਰੂ ਕੀਤੇ ਸਨ। ਕਪੂਰਥਲਾ, ਲੁਧਿਆਣਾ ਵਿੱਚ ਸੀਨੀਅਰ ਸਿਟੀਜ਼ਨ ਸਮੂਹ ਮਹੀਨਿਆਂ ਬਾਰੇ ਇਕੱਠਾ ਅਤੇ ਸਾਂਝੀਆਂ ਰਸੋਈਆਂ ਤੇ ਤਿਉਹਾਰਾਂ ਦੀ ਇਕੱਲਤਾ ਨੂੰ ਸਮੇਟਣ ਦੀ ਪਹਿਲ ਕਦਮੀ ਹੈ। ਸਰਕਾਰ ਅਤੇ ਭਾਈਚਾਰਾ ਰਲ ਕੇ ਵਧੀਆ ਉਪਰਾਲੇ ਕਰ ਸਕਦੇ ਹਨ।
ਹੈ ਤਾਂ ਚੁਣੌਤੀ ਹੀ, ਹੱਲ ਲੱਭਣ ਦੀ ਲੋੜ ਵੀ ਸੀਨੀਅਰ ਡੇ ਕੇਅਰ ਸੈਂਟਰ, ਸਾਂਝਾ ਕਲੱਬ, ਘਰਾਂ ਵਿੱਚ ਨਰਸਿੰਗ ਸਹੂਲਤ, ਸੱਭਿਆਚਾਰਕ ਗਤੀਵਿਧੀਆਂ, ਗਲੀਆਂ ਵਾਰਡਾਂ ਦੀ ਸਾਂਝੀਵਾਲਤਾ, ਵਿਦੇਸ਼ਾਂ ਵਿੱਚ ਬੈਠੇ ਬੱਚਿਆਂ ਦੀਆਂ ਵੀਡੀਓ ਕਾਲ, ਉਹਨਾਂ ਦੇ ਸੰਪਰਕ ਨੰਬਰ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
ਆਰਥਿਕ ਪੱਖ ਬਜ਼ੁਰਗਾਂ ਦੀ ਪੈਨਸ਼ਨ ਬੀਮਾ ਯੋਜਨਾ ਐਮਰਜੈਂਸੀ ਸਹਾਇਤਾ ਮਿਲਣੀ ਚਾਹੀਦੀ ਹੈ।
ਗੱਲ ਤਾਂ ਮੁੱਕਦੀ ਹੈ ਜੇ ਸਾਂਭ ਲਈਏ ਤੁਰੀ ਜਾਂਦੀ ਜਵਾਨੀ ਨੂੰ, ਰੋਜ਼ਗਾਰ ਦੇ ਮੌਕੇ ਪੈਦਾ ਕਰੀਏ। ਸਹੀ ਸੇਧ ਦੇਈਏ, ਮਾਪਿਆਂ ਦੇ ਹੰਝੂ ਤਾਂ ਹੀ ਸੁੱਕਣਗੇ। ਵਿਦੇਸ਼ਾਂ ਦੀਆਂ ਬੇਦਰਦ ਹਵਾਵਾਂ ਸਾਡੇ ਖੂਬਸੂਰਤ ਸੁਪਨਿਆਂ ਨੂੰ ਸਮੇਟ ਰਹੀਆਂ ਨੇ...
ਲੋੜ ਹੈ ਆਲ੍ਹਣਿਆਂ ਨੂੰ ਸੰਭਾਲ ਬੁੱਢੇ ਦਾਦਾ ਦਾਦੀ, ਵਿਧਵਾ ਮਾਵਾਂ ਦੀ ਉਡੀਕ ਨੂੰ ਮੁਕਾ ਇਨ੍ਹਾਂ ਦੇ ਹੱਥਾਂ ਵਿੱਚ ਗੁਲਦਸਤਿਆਂ ਦੀ ਜਗ੍ਹਾ ਘੁੱਟ ਸੀਨੇ ਨਾਲ ਲਾਉਣ ਦੀ... ਸਾਡੀ ਅਸਲ ਜ਼ਮੀਰ ਸਾਡੇ ਮਾਪੇ...
ਤੜਫ ਹੈ ਮੇਰੇ ਅੰਦਰ ਤੇਰੀ ਆਮਦ ਦੀ
ਤੂੰ ਪੁੱਤ, ਕਦੇ ਤੂੰ ਧੀ, ਕਦੇ ਤੂੰ ਵੀਰ ਬਣ ਬੂਹਾ ਖੜਕਾ
ਮੇਰੇ ਸੀਨੇ ਦੀ ਚੀਸ ਨੂੰ ਕੋਈ ਗੱਲ ਸੁਣਾ
ਮੁੜ ਆ ਵਤਨਾਂ ਨੂੰ...
ਆਲ੍ਹਣੇ ਬਚਾ ਲਓ, ਭੀੜਾਂ ਹੀ ਨਹੀਂ, ਪੀੜਾਂ ਵੀ ਨੇ ਟੁੱਟਦਿਆਂ ਆਲ੍ਹਣਿਆਂ ਦੀਆਂ...।
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (