“ਭਾਵਨਾਤਮਕ ਸਾਂਝ ਖਤਮ ਹੋ ਰਹੀ ਹੈ। ਬੱਚਿਆਂ ਤੋਂ ਸਤਿਕਾਰ, ਬੱਚਿਆਂ ਦੀਆਂ ਬਜ਼ੁਰਗਾਂ ਤੋਂ ਦੂਰੀਆਂ ...”
(22 ਅਕਤੂਬਰ 2025)
ਕਿਸੇ ਕੌਮ ਦੀ ਪਛਾਣ ਉਸਦਾ ਸੱਭਿਆਚਾਰ ਹੋਇਆ ਕਰਦਾ ਸੀ। ਪਰਿਵਾਰ, ਘਰ, ਇੱਕ ਵਿਹੜਾ, ਉਸ ਵਿੱਚ ਮੰਜੇ ਡਾਹ ਕੇ ਬੈਠੇ ਬਜ਼ੁਰਗ ਪਰਿਵਾਰ ਦੀ ਰੂਹ ਅਤੇ ਸਨਮਾਨ ਹੋਇਆ ਕਰਦੇ ਸਨ। ਭੀੜ ਭੜੱਕੇ ਦੇ ਯੁਗ ਵਿੱਚ ਘਰਾਂ ਦੇ ਪੋਰਸ਼ਨ, ਕਮਰੇ, ਇਕੱਲਤਾ ਨੇ ਇੱਕ ਚੁੱਪ ਜਿਹੀ ਪਛਾਣ ਬਣਾ ਕੇ ਪਰਿਵਾਰ ਦੀ ਹੋਂਦ ਬਦਲ ਦਿੱਤੀ, ਜਿਸਦਾ ਮੁਢਲਾ ਕਾਰਨ ਸੰਚਾਰ ਮਾਧਿਅਮਾਂ ਦੀ ਹੋਂਦ ਹੈ। ਡਿਜਿਟਲ ਸੰਸਾਰ ਨੇ ਪਰਿਵਾਰਾਂ ਵਿੱਚ ਇੱਕ ਪਾੜਾ ਵੀ ਪੈਦਾ ਕੀਤਾ ਤੇ ਕੁਝ ਨਵਾਂ ਸਿੱਖਣ ਦੀਆਂ ਤਕਨੀਕਾਂ ਵੀ ਪੈਦਾ ਕੀਤੀਆਂ। 1997 ਤੋਂ ਲੈ ਹੁਣ ਤਕ ਪੈਦਾ ਹੋਏ ਬੱਚਿਆਂ ਡਿਜਿਟਲ ਮੂਲ ਦੇ ਬੱਚੇ ਹੀ ਕਿਹਾ ਜਾ ਸਕਦਾ ਹੈ।
ਅੱਜ ਤੋਂ ਕੋਈ ਤਿੰਨ ਦਿਹਾਕੇ ਪਹਿਲਾਂ ਪਰਿਵਾਰ ਇਕੱਠੇ ਬੈਠਦੇ, ਗੱਲਾਂ ਕਰਦੇ, ਇੱਕ ਦੂਜੇ ਨਾਲ ਖੁਸ਼ੀਆਂ ਵੰਡਦੇ, ਖਤ ਉਡੀਕਦੇ, ਖਤਾਂ ਦੇ ਸਰਨਾਵੇਂ ਹੁੰਦੇ। ਤੇ ਸੁਨੇਹੇ ...ਕਦੀ ਕਦਾਈਂ ਲੈਂਡਲਾਈਨ ’ਤੇ ਫੋਨ ਦੀ ਘੰਟੀ ਵੱਜਦੀ ...। ਮਾਂ ਰੋਟੀ ਪਕਾਉਂਦੀ, ਆਟਾ ਫੁੜਕਦਾ, ਬਨੇਰੇ ’ਤੇ ਕਾਂ ਬੋਲਦਾ, ਕਿਸੇ ਪਰਾਹੁਣੇ ਦੀ ਉਡੀਕ ਬਣਦੀ। ਹੁਣ ਤਾਂ ਸਭ ਕੁਝ ਕਿਆਸ ਅਰਾਈਆਂ ਹੀ ਰਹਿ ਗਈਆਂ ਨੇ। ਵੀਡੀਓ ਕਾਲ ਦੇ ਜ਼ਰੀਏ ਕਿੰਨਾ ਹੀ ਸਫਰ ਮੁੱਕ ਗਿਆ। ਬਨਾਵਟੀ ਜਿਹੀਆਂ ਮੁਲਾਕਾਤਾਂ ਨੇ ਸਮਾਂ ਤਾਂ ਬਚਾ ਲਿਆ ਪਰ ਧੜਕਦੇ ਦਿਲ ਨੂੰ ਜੱਫੀ ਪਾ ਕੇ ਮਿਲਣ ਦਾ ਨਿੱਘ ਖਤਮ ਕਰ ਦਿੱਤਾ। ਬਜ਼ਾਰ ਦੀ ਰੌਣਕ ਚੁੱਪ ਵਿੱਚ ਬਦਲ ਗਈ। ਐਮਾਜ਼ੌਨ, ਫਲਿੱਪ ਕਾਰਡ, ਬਲਿੰਕਟ ਵਰਗੇ ਬਜ਼ਾਰ ਨੇ ਘਰ ਬੈਠਿਆਂ ਸਮਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਛੋਟਾ ਦੁਕਾਨਦਾਰ ਗਰੀਬੀ ਦੀ ਰੇਖਾ ਤੋਂ ਥੱਲੇ ਆ ਗਿਆ। ਸਰਮਾਏਦਾਰ ਇਸਦਾ ਅਨੰਦ ਮਾਣ ਰਿਹਾ।
ਪਰਿਵਾਰ ਦੇ ਸਾਰੇ ਮੈਂਬਰ ਆਪੋ ਆਪਣੇ ਤਰੀਕਿਆਂ ਨਾਲ ਇੱਕ ਛੋਟੇ ਜਿਹੇ ਮੋਬਾਇਲ ਦੇ ਜ਼ਰੀਏ ਆਪੋ ਆਪਣੇ ਰੁਝੇਵਿਆਂ ਵਿੱਚ ਰੁਝ ਗਏ, ਬੱਚੇ ਆਪਣੇ ਦੋਸਤਾਂ ਨਾਲ, ਮਾਪੇ ਆਪਣੇ ਕੰਮਾਂ ਕਾਜਾਂ ਵਿੱਚ। ਜਵਾਨ ਹੁੰਦੀ ਧੀ ਨੂੰ ਹੁਣ ਮਾਂ ਦੀ ਥਾਂ ਮੋਬਾਇਲ ਜ਼ਿਆਦਾ ਕੁਝ ਸਮਝਾ ਰਿਹਾ ਹੈ। ਕਿਸ਼ੋਰ ਅਵਸਥਾ ਵਿੱਚ ਪੁੱਤ ਬਾਪ ਕੋਲ ਬੈਠਣ ਦੀ ਜਗ੍ਹਾ ਮੋਬਾਇਲ ’ਤੇ ਜ਼ਿਆਦਾ ਕੁਝ ਸਿੱਖ ਰਿਹਾ ਹੈ। ਬਿਜ਼ਨਸ ਮੋਬਾਇਲ ’ਤੇ ਚੱਲ ਰਿਹਾ ਹੈ। ਮਾਰਕੀਟ ਦੇ ਸਾਰੇ ਰੇਟ ਅਸੀਂ ਮੋਬਾਇਲ ਤੋਂ ਦੇਖ ਰਹੇ ਹਾਂ।
ਬਜ਼ੁਰਗ ਸਾਨੂੰ ਦੱਸਦੇ ਹੁੰਦੇ ਸਨ ਕਿ ਫਸਲਾਂ ਦੀ ਰੁੱਤ ਕਦੋਂ ਆਉਂਦੀ ਹੈ, ਵਿਆਹ ਦੀਆਂ ਰਸਮਾਂ ਕਿਵੇਂ ਨਿਭਾਈਦੀਆਂ ਹਨ, ਧੀਆਂ ਦਾ ਦਾਜ ਤੇ ਪੁੱਤਰਾਂ ਦੀ ਵਰੀ ਕਿਵੇਂ ਤਿਆਰ ਕੀਤੀ ਜਾਂਦੀ ਹੈ। ਔਰਤਾਂ ਘੋੜੀਆਂ ਅਤੇ ਸੁਹਾਗ ਗਾਉਂਦੀਆਂ ਹੁੰਦੀਆਂ ਸਨ। ਇਹ ਸਭ ਕੁਝ ਹੁਣ ਇੱਕ ਬੀਤੇ ਦੀ ਗੱਲ ਹੋ ਗਈ ਹੈ। ਹੁਣ ਸਭ ਚੁੱਪ ਨੇ। ਇਹ ਲੋੜਾਂ ਸੰਚਾਰ ਮਾਧਿਅਮ ਇੰਟਰਨੈੱਟ ਰਾਹੀਂ ਪੂਰੀਆਂ ਹੋ ਰਹੀਆਂ ਹਨ। ਯੂਟੀਊਬ ਤੋਂ ਸੁਹਾਗ ਘੋੜੀਆਂ ਮਿਲ ਰਹੀਆਂ ਹਨ। ਨਵੇਂ ਨਵੇਂ ਪਹਿਰਾਵੇ, ਨਵੀਂਆਂ ਨਵੀਆਂ ਉਮੀਦਾਂ ਇੰਟਰਨੈੱਟ ਮੁਹਈਆ ਕਰਵਾ ਰਿਹਾ ਹੈ।
ਭਾਵਨਾਤਮਕ ਸਾਂਝ ਖਤਮ ਹੋ ਰਹੀ ਹੈ। ਬੱਚਿਆਂ ਤੋਂ ਸਤਿਕਾਰ, ਬੱਚਿਆਂ ਦੀਆਂ ਬਜ਼ੁਰਗਾਂ ਤੋਂ ਦੂਰੀਆਂ ਸਭ ਇੰਟਰਨੈੱਟ ਕਰਕੇ ਬਣ ਰਹੀਆਂ ਹਨ। ਹਾਂ, ਜਦੋਂ ਕਦੇ ਕਿਸੇ ਬਜ਼ੁਰਗ ਦੀ ਉਸਦਾ ਪੋਤਰਾ ਉਸਦੇ ਗਵਾਚੇ ਦੋਸਤ ਨਾਲ ਵੀਡੀਓ ਕਾਲ ’ਤੇ ਗੱਲ ਕਰਵਾਉਂਦਾ ਹੈ, ਉਸਦਾ ਚਾਅ ਇਹ ਗੱਲ ਮੱਲੋਮੱਲੀ ਕਹਿੰਦਾ ਹੈ, ਚੱਲ ਕਿਤੇ ਮਿਲੇ ਤਾਂ ਸਹੀ। ਅਤੀਤ ਦੀਆਂ ਯਾਦਾਂ ਤਾਂ ਸਾਂਝੀਆਂ ਕੀਤੀਆਂ। ਫਿਰ ਆਪੋ ਆਪਣੇ ਤਰੀਕਿਆਂ ਦੇ ਰੁਝੇਵੇਂ ਬਣ ਜਾਂਦੇ ਹਨ।
ਸਕੂਲ ਵਿੱਚ ਮਾਪੇ ਅਧਿਆਪਕ ਮਿਲਣੀ ਵੀ ਜ਼ੂਮ ਮੀਟਿੰਗ ਰਾਹੀਂ ਹੋ ਜਾਂਦੀ ਹੈ। ਇੱਕ ਅਧਿਆਪਕ ਦੇ ਸਰਵੇਖਣ ਅਨੁਸਾਰ ਮਾਪੇ ਆਗਿਆਕਾਰੀ ਬੱਚੇ ਚਾਹੁੰਦੇ ਹਨ, ਬੱਚੇ ਚਾਹੁੰਦੇ ਹਨ ਕਿ ਮਾਪੇ ਸਾਨੂੰ ਸਮਝਣ ਕਿਉਂਕਿ ਪੀੜ੍ਹੀ ਦਾ ਪਾੜਾ ਵਿਗਿਆਨਿਕ ਯੁਗ ਵਿੱਚ ਜ਼ਿਆਦਾ ਵਿਖਾਈ ਦਿੰਦਾ ਹੈ। ਇਹ ਤਾਂ ਅਸੀਂ ਮੰਨਦੇ ਹਾਂ ਕਿ ਇੰਟਰਨੈੱਟ ਜ਼ਰੀਏ ਅਸੀਂ ਖੋਜਾਂ ਨੂੰ, ਕਿਤਾਬਾਂ ਨੂੰ, ਨਵੀਂਆਂ ਤਕਨੀਕਾਂ ਨੂੰ ਭਲੀਭਾਂਤ ਜਾਣ ਸਕਦੇ ਹਾਂ ਪਰ ਕੀ ਕੁਝ ਗਵਾ ਰਹੇ ਹਾਂ, ਇਸ ਬਾਰੇ ਵੀ ਸੋਚਣਾ ਸਾਡੇ ਲਈ ਜ਼ਰੂਰੀ ਹੈ।
ਜੋ ਸਕੂਨ ਧੀ ਪੁੱਤ ਨੂੰ ਜੱਫੀ ਪਾ ਕੇ ਮਿਲਦਾ ਸੀ, ਉਹ ਵੀਡੀਓ ਕਾਲ ਨਹੀਂ ਦੇ ਸਕਦੀ। ਔਖੇ ਵੇਲੇ ਹੰਝੂ ਦੇਖ ਤਾਂ ਲਵੋਗੇ ਪਰ ਪੂੰਝਣ ਦੀ ਜਾਂਚ ਨਹੀਂ ਹੁੰਦੀ। ਮੈਨੂੰ ਯਾਦ ਹੈ ... ਜਦੋਂ ਕੋਈ ਤੁਹਾਡਾ ਆਪਣਾ ਰੇਤ ਬਣ ਮੁੱਠੀ ਵਿੱਚੋਂ ਕਿਰਦਾ ਹੈ, ਸ਼ਬਦ ਮੁੱਕ ਜਾਂਦੇ ਨੇ। ਫਿਰ ਲੋੜ ਹੁੰਦੀ ਹੈ, ਕੋਈ ਆਪਣਾ ਮੱਥਾ ਚੁੰਮ ਤੇ ਕਹੇ... ਤੇਰੇ ਨਾਲ ਹਾਂ। ਇਹ ਕੁਝ ਟਰਨੈੱਟ ਨਹੀਂ ਕਰ ਸਕਦਾ। ਭਾਵੁਕ ਨਹੀਂ ਹੈ ਇੰਟਰਨੈਟ। ਆਉਣ ਵਾਲੀਆਂ ਪੀੜ੍ਹੀਆਂ ਵੀ ਗੁਆ ਲੈਣਗੀਆਂ ਪੁਰਖਿਆ ਦੀਆਂ ਪੈੜਾਂ...
ਲੋੜ ਹੈ ਸਮਝਣ ਦੀ, ਸਿੱਖਣ ਦੀ, ਰਲ਼ ਬਹਿਣ ਦੀ। ਮੈਂ ਆਪਣੇ ਤਜਰਬੇ ਤੋਂ ਦੱਸਾਂ.., ਹਰ ਸ਼ਾਮ ਉਡੀਕ ਹੁੰਦੀ ਹੈ ਇਕੱਠੇ ਬਹਿ ਸਾਂਝ ਦੀਆਂ ਗੱਲਾਂ ਦੀ, ਜ਼ਿੰਮੇਵਾਰੀਆਂ ਦੀ ਪਰ ਸਭ ਤੁਰ ਗਿਆ, ਤਰੱਕੀ ਦੇ ਭੁਲੇਖੇ ਵਿੱਚ...। ਹਰ ਨੁੱਕਰ ਉਦਾਸ ਹੈ।
ਹੰਭਲਾ ਮਾਰੋ। ਜ਼ਿੰਦਗੀ ਨੂੰ ਤਿਉਹਾਰ ਬਣਾ ਆਪਣਿਆਂ ਨਾਲ ਸਮਾਂ ਗੁਜ਼ਾਰੋ। ਕੰਬਦੇ ਹੱਥਾਂ ਦੀ ਅਸੀਸ ਲੈ ਸਫਰ ਜਾਰੀ ਰੱਖੋ ...।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (