“ਮੈਂ ਤਾਂ ਇਮਾਨਦਾਰੀ ਦੀ ਗੁੜ੍ਹਤੀ ਦਿੱਤੀ ਸੀ, ਇੰਨੀ ਰਿਸ਼ਵਤਖੋਰੀ ਇਸ ਖੂਨ ਵਿੱਚ ਕਿਵੇਂ ...”
(21 ਨਵੰਬਰ 2025)
“ਮੈਂ ਪੰਜਾਬ ਦੀ ਧਰਤੀ ਹਾਂ, ਮੈਨੂੰ ਮੈਲੀ ਨਾ ਕਰਿਓ।”
ਪੰਜਾਬ ਸਭਿਅਤਾਵਾਂ ਦੀ ਬੁੱਕਲ ਵਿੱਚ ਪਲਿਆ ਹਿੰਦੁਸਤਾਨ ਦਾ ਸੂਬਾ, ਜਿਸਦੇ ਸੁਭਾਅ ਵਿੱਚ ਪ੍ਰਾਹੁਣਚਾਰੀ, ਬਹਾਦਰੀ, ਬਰਾਬਰਤਾ ਅਤੇ ਹਰ ਚੁਣੌਤੀ ਨੂੰ ਸਵੀਕਾਰ ਕਰਨ ਦੀ ਜ਼ੁਰਅਤ ਹੈ। ਇਸ ਜ਼ਰਖੇਜ਼ ਭੂਮੀ ’ਤੇ ਭੁੱਖਿਆਂ ਨੂੰ ਰੋਟੀ, ਰੁਜ਼ਗਾਰ ਦੇ ਮੌਕੇ, ਬਾਰਡਰ ’ਤੇ ਹੋਣ ਕਰਕੇ ਹਰ ਹਮਲੇ ਦਾ ਮੁਕਾਬਲਾ ਕਰਨਾ ਪੈਂਦਾ।
ਮੇਰੇ ਪੁੱਤਰਾਂ ਨੇ ਲਹੂ ਦੀਆਂ ਤਤੀਰੀਆ ਨਾਲ ਇਸ ਧਰਤੀ ਨੂੰ ਰੰਗਿਆ, ਮੈਂ ਰੱਤੇ ਲਹੂ ਵਾਲੀ ਅਣਖੀਲੀ ਧਰਾਤਲ ਹਾਂ। ਸੋਨੇ ਰੰਗੀਆਂ ਫਸਲਾਂ ਮੇਰੇ ਸੀਨੇ ’ਤੇ ਜਦੋਂ ਲਹਿਰਾ ਰਹੀਆਂ ਹੁੰਦੀਆਂ ਨੇ, ਮੇਰੇ ਪੁੱਤ ਚਾਵਾਂ ਨਾਲ ਭੰਗੜੇ ਪਾਉਂਦੇ ਨੇ, ਮੁਟਿਆਰਾਂ ਭੱਤਾ ਲੈ ਕੇ ਜਾਂਦੀਆਂ ਨੇ।
ਤੇ ਹੁਣ ਮੈਂ ਕਿੱਧਰ ਜਾ ਰਹੀ ਹਾਂ। ਮੇਰੇ ਦਰਿਆਵਾਂ ਦਾ ਪਾਣੀ ਮਨੁੱਖਤਾ ਨੂੰ ਡੋਬ ਰਿਹਾ। ਮੈਂ ਕਰਜ਼ੇ ਦੇ ਬੋਝ ਥੱਲੇ ਦੱਬੀ ਗਈ ਹਾਂ। ਮੇਰੀ ਅਣਖ ਜ਼ਖਮੀ ਹੋ ਗਈ ਹੈ। ਕਿਸਨੇ ਕੀਤਾ ਹੈ ਇਹ ਘਾਣ? ਮੈਂ ਧਰਤੀ ਹਾਂ, ਮਾਂ ਹਾਂ...।
ਵੰਡ ਤੋਂ ਬਾਅਦ ਮੈਂ ਆਪਣੇ ਸੀਨੇ ’ ਜ਼ਖਮ ਝੱਲੇ, ਬਲਦੇ ਸਿਵਿਆਂ ਦੀ ਸਵਾਹ ਨੇ ਮੈਨੂੰ ਵਲੂੰਧਰਿਆ ਪਰ ਮੈਂ ਉੱਠ ਖੜ੍ਹੀ। ਮੇਰੇ ਸੱਜਣ ਸਿੰਘ, ਇਲਮਦੀਨ ਭਰੀਆਂ ਅੱਖਾਂ ਨਾਲ ਜੁਦਾ ਹੋਏ, ਫਿਰ ਵੀ ਵਿਛੋੜੇ ਦੀ ਸਲ ਨੂੰ ਸਮੇਟ ਮੇਰੀ ਧਰਤੀ ਤੇ ਹਰੀ ਕ੍ਰਾਂਤੀ ਆਈ। ਮੇਰੇ ਨਾਮ ਨੂੰ ਮੇਰੇ ਬਹਾਦਰ ਵੀਰਾਂ ਨੇ ਫਿਰ ਇੱਕ ਵਾਰ ਖੜ੍ਹਾ ਕੀਤਾ। ਕਵੀਆਂ ਦੀ ਧਰਤੀ, ਜਿੱਥੇ ਕਦੇ ਬਾਬਾ ਨਾਨਕ, ਫਰੀਦ, ਬੁੱਲੇ ਸ਼ਾਹ, ਵਾਰਸ ਨੇ ਕਿਰਤ ਤੋਂ ਲੈ ਮੁਹੱਬਤ ਤਕ ਦੀ ਬਾਤ ਪਾਈ। ਮੇਰੇ ਕਵੀਆਂ ਨੇ ਮੈਨੂੰ ਮੁੜ ਸੁਰਜੀਤ ਕੀਤਾ। ਕਰਤਾਰ ਸਿੰਘ ਸਰਾਭੇ, ਭਗਤ ਸਿੰਘ, ਉਧਮ ਸਿੰਘ ਵਰਗੇ ਮੇਰੇ ਪੁੱਤਰਾਂ ਨੇ ਸੁਪਨੇ ਲਏ। ਹੱਸ ਕੇ ਗੁਲਾਮੀ ਦੀਆਂ ਬੇੜੀਆਂ ਨੂੰ ਲਾਹੁਣ ਲਈ ਫਾਂਸੀ ਦੇ ਫੰਧਿਆਂ ਨੂੰ ਚੁੰਮਿਆ।
ਮੈਂ ਪੀੜਾਂ ਮਾਰੀ ਉੱਠਦੀ ਰਹੀ, ਮੁਹੱਬਤ ਸਿਰਜਦੀ ਰਹੀ। ਤੇ ਫਿਰ ਕਰਜ਼ੇ ਦੀ ਪੰਡ ਬੋਝ ਲਗਦੀ। ਮੇਰੇ ਸਿਰ 4 ਲੱਖ ਕਰੋੜ ਕਰਜ਼ਾ ਮੇਰੀ ਕਮਾਈ ਤੋਂ ਲਗਭਗ ਦੁੱਗਣਾ, ਅਜਿਹਾ ਕਿਹੜਾ ਕਹਿਰ ਆ ਗਿਆ? 40% ਮਾਲੀਆ ਤਾਂ ਕਰਜ਼ਿਆਂ ਦੀਆਂ ਕਿਸ਼ਤਾਂ ਵਿੱਚ ਚਲੇ ਜਾਂਦਾ। ਕਿਸਾਨ, ਜੋ ਦੇਸ਼ ਦਾ ਅੰਨਦਾਤਾ ਸੀ, ਹੁਣ ਉਸਦੇ ਆਪਣੇ ਬਾਲ ਵਿਲਕਦੇ ਨੇ। ਹਰ ਪੰਜਵਾਂ ਨਾਗਰਿਕ ਕਰਜ਼ੇ ਦੇ ਭਾਰ ਥੱਲੇ ਹੈ। ਖੁਦਕੁਸ਼ੀਆਂ ਮੇਰੀ ਆਤਮਾ ਨੂੰ ਤੰਗ ਕਰਦੀਆਂ ਨੇ। ਮੈਂ ਤਾਂ ਮਿਹਨਤੀ ਲੋਕ ਪੈਦਾ ਕੀਤੇ ਸਨ, ਕਿੱਧਰ ਨੂੰ ਤੁਰ ਪਏ ਹੋ?
ਮੇਰੇ ਰਾਜਨੀਤਿਕ ਆਗੂ ਰਾਜੇ ਬਣ ਬੈਠੇ। ਉਦਯੋਗ ਕਿੱਥੇ ਗਏ? ਕਦੋਂ ਤਕ ਸਹਾਰਾਂਗੀ, ਜਦੋਂ ਮੇਰੇ ਪੁੱਤ ਜੋਕਾਂ ਬਣ ਜਾਣਗੇ... ਮੈਂ ਨਹੀਂ ਜਾਣਦੀ ਸੀ...।
ਮੇਰੇ ਆਗੂ ਸਤਿਕਾਰਯੋਗ ਆਪਣੀ ਯੋਗਤਾ ਕਰਕੇ ਜਾਣੇ ਜਾਂਦੇ ਸਨ, ਆਪਣੀ ਸੁਵਿਧਾ ਵੱਲ ਨੂੰ ਤੁਰ ਪਏ। ਹੁਣ ਖੋਖਲੇ ਵਾਅਦਿਆਂ ਨੇ ਮੇਰੀ ਹੋਂਦ ਨੂੰ ਖਤਰੇ ਵਿੱਚ ਪਾ ਦਿੱਤਾ।
ਮੇਰੇ ਜਵਾਨ ਨਸ਼ਿਆਂ ਵਿੱਚ ਨੇ, ਜੋ ਕਦੇ ਕਹਿੰਦੇ ਸਨ ... “ਰਾਜ ਕਰੇਗਾ ਖਾਲਸਾ”
2025 ਦੇ ਹੜ੍ਹਾਂ ਨੇ ਮੈਨੂੰ ਰੋੜ੍ਹ ਦਿੱਤਾ। 4 ਲੱਖ ਏਕੜ ਮੇਰੀ ਖੇਤੀ ਰੁੜ੍ਹ ਗਈ। ਜ਼ਿੰਦਗੀਆਂ ਗਵਾਚ ਗਈਆਂ, ਪਿੰਡ ਉੱਜੜ ਗਏ, ਲੋਕ ਉਡੀਕ ਵਿੱਚ ਗੁਹਾਰ ਦਿੰਦੇ ਰੁੜ੍ਹ ਗਏ। ਦਹਾਕਿਆਂ ਤੋਂ ਪਾਣੀ ਦੀਆਂ ਖਾਲਾਂ ਨੂੰ ਦੇਖਿਆ ਨਹੀਂ, ਨਹਿਰਾਂ ਦੇ ਕੰਢੇ ਸਵਾਰੇ ਨਹੀਂ, ਹੁਣ ਤਾਂ ਇਲਜ਼ਾਮ ਨੇ, ਕਦੇ ਸੈਂਟਰ, ਕਦੇ ਸਟੇਟ... ਮੇਰੀ ਤਾਂ ਸਾਰ ਨਾ ਲਈ!
ਮੇਰੀ ਮਿੱਟੀ ਦੁਨੀਆ ਵਿੱਚ ਇੱਕ ਨੰਬਰ ਸੀ, ਹੁਣ ਸਾਹ ਲੈਣ ਜੋਗੀ ਵੀ ਨਹੀਂ ਰਹੀ। ਧਰਤੀ ਦਾ ਪਾਣੀ ਪਹਿਲੇ ਪੱਧਰ ਤੋਂ ਕਿਤੇ ਨੀਵਾਂ ਜਾ ਰਿਹਾ ਹੈ। ਮੇਰੇ ਸਤਲੁਜ, ਬਿਆਸ ਫੈਕਟਰੀਆਂ ਦੇ ਗੰਧਲੇ ਪਾਣੀ ਦੀ ਮਾਰ ਵਿੱਚ ਨੇ। ਵਿੱਚ ਜ਼ਹਿਰਾਂ ਘੁਲ਼ ਰਹੀਆਂ ਨੇ। ਮੀਹਾਂ ਦਾ ਪਾਣੀ ਕਿਉਂ ਨਹੀਂ ਸੰਭਾਲਿਆ? ਜਾਂਦਾ, ਕਿਉਂ ਨਹੀਂ ਖੇਤੀ ਲਈ ਵਰਤਿਆ ਜਾਂਦਾ? ਖੇਤੀਬਾੜੀ, ਜੋ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੁੰਦੀ ਸੀ, ਹੁਣ ਅੱਖੋਂ ਪਰੋਖੇ, 90% ਵਸੋਂ ਅਜੇ ਵੀ ਖੇਤੀ ’ਤੇ ਹੀ ਨਿਰਭਰ ਹੈ।
ਇੱਕ ਅਨੁਮਾਨ ਅਨੁਸਾਰ ਮੱਧ ਵਰਗੀ ਕਿਸਾਨ ’ਤੇ 3 ਲੱਖ ਦਾ ਕਰਜ਼ਾ ਹੈ। ਹੁਣ ਕਿਸਾਨ ਦਾ ਪੁੱਤ ਜ਼ਮੀਨ ਵੇਚ ਵੀਜ਼ਾ ਲੈ ਬਾਹਰ ਜਾ ਰਿਹਾ ਹੈ। ਮਾਰੂਥਲ ਤਬਦੀਲੀ ਦੂਰ ਨਹੀਂ। ਮੇਰੇ ਜ਼ਖਮ ਨਾਸੂਰ ਬਣ ਰਹੇ ਨੇ। ਮੇਰੇ ਜਵਾਨ ਨਸ਼ਿਆਂ ਦੀ ਮਾਰ ਵਿੱਚ ਨੇ। ਮੇਰੀਆਂ ਨਸਾਂ ਵਿੱਚ ਜ਼ਹਿਰ ਭਰ ਰਿਹਾ ਹੈ। ਨਸ਼ਾ ਛਡਾਉ ਸੈਂਟਰ ਇਸ ਗੱਲ ਦੀ ਗਵਾਹੀ ਭਰ ਰਹੇ ਨੇ। ਬਹੁਤ ਮੌਤਾਂ ਨਸ਼ਿਆਂ ਕਰਕੇ ਹੋ ਰਹੀਆਂ ਹਨ ... ਮੈਂ ਸਹਾਰ ਨਹੀਂ ਸਕਦੀ।
ਮੈਂ ਤਾਂ ਇਮਾਨਦਾਰੀ ਦੀ ਗੁੜ੍ਹਤੀ ਦਿੱਤੀ ਸੀ, ਇੰਨੀ ਰਿਸ਼ਵਤਖੋਰੀ ਇਸ ਖੂਨ ਵਿੱਚ ਕਿਵੇਂ ਆ ਗਈ ਹੈ? ਨਿੱਕੇ ਨਿੱਕੇ ਕੰਮਾਂ ਲਈ ਰਿਸ਼ਵਤ... ਤੇ ਹੋਕਾ ਇਮਾਨਦਾਰੀ ਦਾ? ਧਨੀ ਲੋਕ ਹਰ ਫਾਈਲ ਤੋਰਨ ਲਈ ਤਲੀਆਂ ’ਤੇ ਤੇਲ ਲਾਉਣ ਲਈ ਤਿਆਰ ਨੇ। ਹੜ੍ਹਾਂ ਵਿੱਚ ਮੰਤਰੀ ਆਏ ਫੋਟੋਆਂ ਦੀ ਪ੍ਰਦਰਸ਼ਨੀ ਲਈ, ਨਵਾਂ ਉਸਾਰਨ ਲਈ ਨਹੀਂ, ਐਨਜੀਓ ਨੇ ਸੇਵਾ ਦੀ ਭਾਵਨਾ ਨਾਲ ਕੰਮ ਕੀਤਾ, ਸਭ ਡਰਾਮੇ ਬਾਜ਼ੀ ਚਲਦੀ ਰਹੀ...।
ਮਾਝਾ ਮਾਲਵਾ ਸਾਰਾ ਹੀ ਜਾਤਾਂ ਵਿੱਚ ਵੰਡੇ ਗਏ... ਫਿਰ ਵੀ ਮੇਰਾ ਮਨ ਮਰਿਆ ਨਹੀਂ। ਮੇਰੇ ਸਿਪਾਹੀ ਕਾਰਗਿਲ ਵਿੱਚ ਲੜੇ। ਮੇਰੀਆਂ ਧੀਆਂ ਨੇ ਹਰ ਖੇਤਰ ਵਿੱਚ ਵਧੀਆ ਕੰਮ ਕੀਤਾ।
ਗੁਰਦੁਆਰਿਆਂ ਵਿੱਚ ਹਜ਼ਾਰਾਂ ਲੋਕਾਂ ਲਈ ਲੰਗਰ ਦੀ ਸੇਵਾ ਕੀਤੀ। ਜੇ ਮੇਰਾ ਦਰਦ ਠੀਕ ਹੋ ਜਾਵੇ, ਇਸ ਨੂੰ ਰਾਜਨੀਤੀ ਨਾ ਮੰਨਿਆ ਜਾਵੇ।
ਮੈਨੂੰ ਸੇਵਾ ਭਾਵਨਾ ਵਾਲੇ ਨੇਤਾ ਦੀ ਲੋੜ ਹੈ। ਦਰਿਆ ਸਾਫ ਕੀਤੇ ਜਾਣ, ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ, ਵਿਭਿੰਨਤਾ ਵਾਲੀ ਖੇਤੀ ਨੂੰ ਤਰਜੀਹ ਦਿੱਤੀ ਜਾਵੇ ਤੇ ਮੁੜ ਪੰਜਾਬ ਨੂੰ ਖੁਸ਼ਹਾਲ ਕੀਤਾ ਜਾਵੇ। ਫਿਰ ਮੈਂ ਸੂਹੀ ਫੁਲਕਾਰੀ ਵਿੱਚ ਆਪਣਾ ਆਪ ਲਪੇਟ ਕੇ ਤੁਹਾਨੂੰ ਜੀ ਆਇਆਂ ਨੂੰ ਕਹਾਂ... ਮੈਂ ਤੁਹਾਡੀ ਆਪਣੀ ਧਰਤੀ ਹਾਂ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (