“ਨੂੰਹ ਦੇ ਦੱਸਣ ’ਤੇ ਨਿੰਮੋ ਨੇ ਗੁਆਂਢੀਆਂ ਦੇ ਮੁੰਡੇ ਗੇਜੇ ਨੂੰ ਅਵਾਜ਼ ਮਾਰੀ ...”
(6 ਅਗਸਤ 2017)
ਚਰਨ ਸਿੰਹੁ ਕਈ ਦਿਨਾਂ ਤੋਂ ਪਿੰਡ ਆਇਆ ਹੋਇਆ ਸੀ। ਪਹਿਲਾਂ ਉਹ ਅਕਸਰ ਆਪਣੇ ਪੂਰੇ ਟੱਬਰ ਨਾਲ ਆਇਆ ਕਰਦਾ ਸੀ। ਇੱਕ-ਅੱਧਾ ਦਿਨ ਰਹਿ ਕੇ ਵਾਪਸ ਮੁੜਨ ਦੀ ਕਾਹਲ ਉਸ ਨੂੰ ਹਮੇਸ਼ਾ ਹੁੰਦੀ ਸੀ। ਇਸ ਵਾਰ ਉਹ ਇਕੱਲਾ ਹੀ ਆਇਆ ਸੀ। ਆਇਆ ਵੀ ਲੰਮੇ ਅਰਸੇ ਬਾਅਦ ਸੀ। ਪਹਿਲਾਂ ਵਾਲ਼ੀ ਚਮਕ-ਦਮਕ ਗਾਇਬ ਸੀ।
ਸ਼ਹਿਰ ਵਿੱਚ ਉਹ ਚੰਗਾ ਕਾਰੋਬਾਰੀ ਬਣ ਗਿਆ ਸੀ। ਪਿੰਡ ਵਾਲੇ ਪੁਰਾਣੇ ਕੋਠੇ ਵਿੱਚ ਉਸਦੀ ਮਾਂ ਧੰਨੋ ਰਿਹਾ ਕਰਦੀ ਸੀ। ਦਿਹਾੜੀ ਵਿੱਚ ਇੱਕ ਵਾਰ ਰੋਟੀ ਰਾੜ੍ਹ ਲੈਂਦੀ ਤੇ ਸਾਰਾ ਦਿਨ ਟੁੱਟੀ ਜਿਹੀ ਮੰਜੀ ਹੀ ਉਸਦਾ ਸਹਾਰਾ ਹੁੰਦੀ। ਮਹੀਨੇ ਦੋਂਹ ਮਹੀਨੀਂ ਆਪਣੇ ਪੁੱਤ ਅਤੇ ਉਸਦੇ ਬੱਚਿਆਂ ਦਾ ਮੂੰਹ ਦੇਖ ਕੇ ਉਸ ਨੂੰ ਧਰਵਾਸ ਜਿਹਾ ਆ ਜਾਂਦਾ। ਹਾਲੇ ਉਹ ਭਰ ਜਵਾਨ ਹੀ ਸੀ ਜਦੋਂ ਉਸਦਾ ਪਤੀ ਟੀ.ਬੀ ਦੀ ਬਿਮਾਰੀ ਦੀ ਭੇਟ ਚੜ੍ਹ ਗਿਆ ਸੀ। ਚਰਨਾ ਮਸਾਂ ਤਿੰਨ ਕੁ ਵਰ੍ਹਿਆਂ ਦਾ ਸੀ ਅਤੇ ਉਸਦੀ ਭੈਣ ਦੀਪੋ ਛੇਵੇਂ ਸਾਲ ਵਿੱਚ ਸੀ। ਦੀਪੋ ਆਪਣੇ ਵੀਰ ਚਰਨੂੰ ਨੂੰ ਉਂਗਲ ਫੜ ਘੁਮਾਉਂਦੀ। ਮਾਤਾ ਧੰਨੋ ਲਈ ਇਹ ਦਿਨ ਬੜੇ ਔਖੇ ਸਨ। ਛੋਟੇ ਨਿਆਣਿਆਂ ਦੀ ਜ਼ਿੰਮੇਵਾਰੀ ਉਸ ਉੱਤੇ ਆਣ ਪਈ ਸੀ। ਪਰ ਧੰਨੋ ਦੀ ਹਾਲਤ ਤਾਂ ਕਟੇ ਹੋਏ ਪਤੰਗ ਵਰਗੀ ਸੀ।
ਚਰਨੇ ਦਾ ਬਾਪ ਬਹੁਤ ਹੀ ਮਿਹਨਤੀ ਅਤੇ ਮਿਲਣਸਾਰ ਸੁਭਾਅ ਵਾਲਾ ਸੀ। ਧੰਨੋ ਵੀ ਬਹੁਤ ਮਿਹਨਤੀ ਸੀ। ਦੋਵੇਂ ਮੋਢੇ ਨਾਲ਼ ਮੋਢਾ ਲਾ ਕੇ ਕੰਮ ਕਰਦੇ ਨਾ ਥੱਕਦੇ। ਦੋਹਾਂ ਜੀਆਂ ਦੀ ਚੰਗੀ ਨਿਭ ਰਹੀ ਸੀ। ਕਈ ਵਾਰ ਚਲਦੀ ਗੱਡੀ ਦਾ ਪਹੀਆ ਅਜਿਹਾ ਉੱਤਰਦਾ ਹੈ ਕਿ ਸੰਤੁਲਨ ਹੀ ਵਿਗੜ ਜਾਂਦਾ ਹੈ। ਚਰਨੇ ਦੇ ਪਰਿਵਾਰ ਨਾਲ਼ ਵੀ ਇੰਜ ਹੀ ਵਾਪਰਿਆ। ਬਿਮਾਰੀ ਦਾ ਐਸਾ ਬਹਾਨਾ ਜਿਹਾ ਬਣਿਆ ਕਿ ਬਾਪੂ ਰੱਬ ਨੂੰ ਪਿਆਰਾ ਹੋ ਗਿਆ। ਪਰਿਵਾਰ ਦੇ ਸਿਰ ਤੋਂ ਜਿਵੇਂ ਕਿਸੇ ਨੇ ਤਾਣੀ ਹੋਈ ਛਤਰੀ ਲਾਹ ਲਈ ਹੋਵੇ। ਤਿੰਨ ਮੱਝਾਂ ਦੇ ਨਾਲ਼ ਦੋ ਬੱਕਰੀਆਂ ਵੀ ਰੱਖੀਆਂ ਹੋਈਆਂ ਸਨ। ਹੁਣ ਐਨਾ ਸੰਭਾਲ਼ਾ ਕਿੱਥੇ ਹੋਣਾ ਸੀ।
“ਦੋ ਮੱਝਾਂ ਤਾਂ ਵੇਚਣੀਆਂ ਪੈਣੀਆਂ ਐ ਹੁਣ , ਇੱਕ ਮੱਝ ਰੱਖ ਲੈਂਦੇ ਆਂ। ਬੱਚਿਆਂ ਵਾਲੇ ਘਰ ਵਿੱਚ ਦੁੱਧ ਦਾ ਘੁੱਟ ਵੀ ਜਰੂਰੀ ਐ। … ਨਾਲ਼ੇ ਵਸਦੇ ਘਰਾਂ ’ਚ ਪੱਛ-ਪ੍ਰਾਹੁਣਾ ਤੁਰਿਆ ਈ ਰਹਿੰਦੈ।”
ਇਹ ਸੋਚ ਕੇ ਚਰਨੇ ਦੀ ਮਾਂ ਨੇ ਆਪਣੀ ਨਣਾਨ ਦੀ ਸਲਾਹ ਨਾਲ ਫੈਸਲਾ ਲਿਆ ਸੀ।
ਆਪਣੇ ਘਰ ਦੀ ਦੋ ਕਨਾਲ ਦੀ ਟਾਕੀ ਦੇ ਨਾਲ਼ ਵਾਲ਼ੀ ਡੇਢ ਕੁ ਕਨਾਲ ਠੇਕੇ ’ਤੇ ਲੈ ਕੇ ਬੀਜ ਦਿੱਤੀ ਸੀ। ਓਹੜ-ਪੋਹੜ ਕਰਨ ਨਾਲ ਪਰਿਵਾਰ ਦੀ ਗੱਡੀ ਰਿੜ੍ਹਨ ਲੱਗੀ। ਭੈਣ ਦੇ ਨਾਲ਼ ਚਰਨਾ ਪਿੰਡ ਦੇ ਸਰਕਾਰੀ ਸਕੂਲ ਵਿੱਚ ਜਾਣ ਲੱਗ ਪਿਆ। ਸਕੂਲ ਤੋਂ ਮੁੜ ਦੋਵੇਂ ਭੈਣ-ਭਰਾ ਮਾਂ ਨਾਲ਼ ਛੋਟੇ-ਛੋਟੇ ਕੰਮਾਂ ਵਿੱਚ ਹੱਥ ਵਟਾਉਂਦੇ। ਸ਼ਾਮ ਵੇਲੇ ਬੱਕਰੀਆਂ ਨੂੰ ਚਾਰਨ ਲਈ ਖੇਤਾਂ ਦੇ ਨਾਲ਼ ਵਾਲੀ ਝਿੜੀ ਨੂੰ ਹੋ ਤੁਰਦੇ। ਸਕੂਲ ਵਲੋਂ ਮਿਲੇ ਕੰਮ ਵਾਲ਼ੀਆਂ ਕਾਪੀਆਂ ਅਤੇ ਕਿਤਾਬਾਂ ਤੌਲੀਏ ਵਿੱਚ ਲਪੇਟ ਕੇ ਨਾਲ਼ ਲੈ ਜਾਂਦੇ।
ਪੰਜਵੀਂ ਪਾਸ ਕਰਨ ਤੋਂ ਬਾਅਦ ਧੰਨੋ ਨੇ ਆਪਣੀ ਧੀ ਨੂੰ ਵੱਡੇ ਸਕੂਲ ਵਿੱਚ ਪੜ੍ਹਨਾ ਨਾ ਪਾਇਆ। ਵੱਡੇ ਸਕੂਲ ਦਾ ਪਿੰਡ ਤੋਂ ਪੰਜ-ਛੇ ਮੀਲ ਦਾ ਪੈਂਡਾ ਸੀ। ਬਾਅਦ ਵਿੱਚ ਚਰਨਾ ਵੀ ਥੋੜ੍ਹਾ ਚਿਰ ਹਾਈ ਸਕੂਲ ਗਿਆ। ਛੇ ਮਹੀਨੇ ਵਿੱਚ ਹੀ ਹੱਥ ਖੜ੍ਹੇ ਕਰ ਗਿਆ।
ਧੰਨੋ ਨੇ ਬਥੇਰਾ ਜੋਰ ਲਾਇਆ, “ਪੁੱਤਰਾ ਜੇ ਚਾਰ ਅੱਖਰ ਪੜ੍ਹ ਲਏਂਗਾ ਤਾਂ ਕਿਸੇ ਚੰਗੇ ਆਹਰੇ ਲੱਗ ਜਾਵੇਂਗਾ। ਹੁਣ ਅਨਪੜ੍ਹਾਂ ਦਾ ਟੈਮ ਨੀ ਰਿਹਾ।”
ਪਰ ਚਰਨਾ ਕਿੱਥੇ ਟੱਸ ਤੋਂ ਮੱਸ ਹੋਣ ਵਾਲ਼ਾ ਸੀ। ਸਵੇਰੇ ਲੱਕੜਾਂ ਦੀ ਭਰੀ ਘਰ ਲੈ ਆਉਂਦਾ ਅਤੇ ਸ਼ਾਮ ਨੂੰ ਹਾਣੀਆਂ ਨਾਲ ਮੱਝ ਚਰਾ ਛੱਡਦਾ। ਧੰਨੋ ਨੂੰ ਚਰਨਾ ਗੱਭਰੂ ਹੁੰਦਾ ਪ੍ਰਤੀਤ ਹੋਇਆ। ਧੀ ਦੇ ਹੱਥ ਪੀਲ਼ੇ ਕਰਨ ਅਤੇ ਚਰਨੇ ਦੇ ਕਿਸੇ ਕੰਮ-ਕਾਰ ਲੱਗਣ ਦੀ ਚਿੰਤਾ ਉਸ ਨੂੰ ਸਤਾਉਣ ਲੱਗੀ।
ਪਿੰਡ ਦੇ ਚੌਧਰੀਆਂ ਦਾ ਵੱਡਾ ਮੁੰਡਾ ਦੇਬਾ ਨਾਮੀ ਹਲਵਾਈ ਸੀ ਅਤੇ ਸ਼ਹਿਰ ਵਿੱਚ ਵੱਡੀ ਦੁਕਾਨ ਦਾ ਮਾਲਕ ਵੀ। ਆਪਣੇ ਅਤੇ ਆਸ-ਪਾਸ ਦੇ ਪਿੰਡਾਂ ਦੇ ਕਈ ਮੁੰਡੇ ਉਸਨੇ ਰੋਟੀ ਲਾਏ ਹੋਏ ਸਨ। ਧੰਨੋ ਨੂੰ ਦੇਬੇ ਦੇ ਪਿੰਡ ਆਉਣ ਬਾਰੇ ਪਤਾ ਲੱਗਿਆ ਤਾਂ ਉਹ ਅਰਜੋਈ ਲੈ ਕੇ ਉਸਦੇ ਘਰ ਪਹੁੰਚ ਗਈ।
“ਵੇ ਪੁੱਤਾ, ਮੇਰੇ ਚਾਨੂੰ ਨੂੰ ਵੀ ਲਾ ਦੇ ਟੁੱਕ ਕਿਤੇ, ਮੈਂ ਤੇਰਾ ਅਹਿਸਾਨ ਜ਼ਿੰਦਗੀ ਭਰ ਨਹੀਂ ਭੁੱਲਾਂਗੀ।” ਧੰਨੋ ਚਰਨੇ ਨੂੰ ਸਵੇਰੇ ਨਾਲ਼ ਲੈ ਕੇ ਜਾਣ ਦਾ ਉਸ ਤੋਂ ਵਚਨ ਲੈ ਕੇ ਮੁੜੀ ਸੀ। ਭਾਵੇਂ ਉਹ ਖੁਸ਼ ਸੀ ਪਰ ਪਤਾ ਨਹੀਂ ਉਸ ਨੂੰ ਉਸ ਰਾਤ ਨੀਂਦ ਕਿਉਂ ਨਹੀਂ ਸੀ ਆ ਰਹੀ।
“ਮੇਰੇ ਕੋਲ਼ ਕੀ ਰਹਿ ਜਾਊ ਇਸ ਨੂੰ ਦੂਰ ਭੇਜ ਕੇ, ਮਸਾਂ ਤਾਂ ਦੇਖਣ ਜੋਗਾ ਹੋਇਐ, ਖਸਮਾ ਨੂੰ ਖਾਣਾ।”
ਚੰਨ ਦੀ ਚਾਨਣੀ ਵਿੱਚ ਵਿਹੜੇ ਵਿੱਚ ਡਾਹੀ ਮੰਜੀ ’ਤੇ ਪਈ ਦੀ ਉਸਦੀ ਆਪਣੇ-ਆਪ ਨਾਲ਼ ਗੱਲਾਂ ਕਰਦੀ ਨੂੰ ਅੱਧੀ ਰਾਤ ਬੀਤ ਗਈ। ਨਾਲ਼ ਹੀ ਖੱਬੇ ਪਾਸੇ ਕੰਧ ਵਾਲ਼ੇ ਪਾਸੇ ਨੂੰ ਦੋਵੇਂ ਬੱਚਿਆਂ ਦੇ ਮੰਜੇ ਡਹੇ ਹੋਏ ਸਨ। ਨਾਲ ਵਾਲ਼ੇ ਮੰਜੇ ਤੇ ਪਏ ਚਰਨੇ ਦਾ ਮੂੰਹ ਸਾਫ ਦਿਖਾਈ ਦੇ ਰਿਹਾ ਸੀ। ਉਹ ਆਪਣੀ ਮਾਂ ਵੱਲ ਨੂੰ ਵੱਖ ਲੈ ਕੇ ਘੂਕ ਸੁੱਤਾ ਪਿਆ ਸੀ। ਧੰਨੋ ਨੇ ਦੋ ਵਾਰ ਉੱਠਕੇ ਉਸਦੇ ਮੂੰਹ ਵੱਲ ਬੜੇ ਗਹੁ ਨਾਲ ਤੱਕਿਆ। ਫਿਰ ਉਹ ਅੱਚਵੀ ਜਿਹੀ ਵਿੱਚ ਮੰਜੀ ’ਤੇ ਲੇਟ ਕੇ ਡੂੰਘੀਆਂ ਸੋਚਾਂ ਵਿੱਚ ਗੁਆਚ ਗਈ। ਸਵਖਤੇ ਉਸਨੇ ਚਰਨੇ ਨੂੰ ਬੱਸ ਚੜ੍ਹਾਉਣ ਜਾਣਾ ਸੀ।
ਸਾਰੇ ਰਸਤੇ ਧੰਨੋ ਚਰਨੇ ਨੂੰ ਮੱਤਾਂ ਦਿੰਦੀ ਰਹੀ।
“ਪੁੱਤਾ, ਧਿਆਨ ਰੱਖੀਂ ਆਪਣਾ, ਆਪਣੀ ਰਾਜ਼ੀ-ਖੁਸ਼ੀ ਦਾ ਸੁਨੇਹਾ ਘੱਲਦਾ ਰਹੀਂ। ਨਾਲ਼ੇ ਰੂਹ ਲਾ ਕੇ ਕੰਮ ਕਰੀਂ। ਭੁੱਖ ਲੱਗੀ ਤਾਂ ਰਸਤੇ ਵਿੱਚ ਪਰਾਉਂਠੇ ਖਾ ਲਈਂ।” ਧੰਨੋ ਨੇ ਚਰਨੇ ਦੇ ਝੋਲ਼ੇ ਵਿੱਚ ਪਾਈ ਰੋਟੀ ਵੱਲ ਇਸ਼ਾਰਾ ਕਰਦਿਆਂ ਕਿਹਾ। ਬੱਸ ਵਿੱਚ ਬੈਠਣ ਲੱਗਿਆਂ ਚਰਨਾ ਮਾਂ ਦੇ ਪੈਰਾਂ ਵੱਲ ਝੁਕਿਆ ਤਾਂ ਧੰਨੋ ਦੋਵੇਂ ਹੱਥ ਉਸਦੇ ਸਿਰ ’ਤੇ ਰੱਖ ਕੇ ਫਿਸ ਪਈ।
ਵਾਪਸ ਘਰ ਪਰਤੀ ਧੰਨੋ ਨੂੰ ਖਲਾਅ ਜਿਹਾ ਮਹਿਸੂਸ ਹੋਇਆ। ਫਿਰ ਇਸ ਧਰਵਾਸ ਨਾਲ ਕਿ ਕੁਝ ਕਰਨ ਲਈ ਤਾਂ ਘਰੋਂ ਨਿਕਲਣਾ ਪੈਣਾ ਸੀ, ਆਪਣੇ ਕੰਮੀ-ਕਾਰੀਂ ਲੱਗ ਗਈ। ਚਰਨੇ ਦੀ ਸੁੱਖ-ਸਾਂਦ ਪੁੱਛਣ ਲਈ ਉਹ ਚੌਧਰੀਆਂ ਦੇ ਘਰ ਜੁੰਨ-ਕਜੁੰਨੇ ਹੋ ਆਉਂਦੀ। ਇੱਕ ਦਿਨ ਉਹ ਚਰਨੇ ਵਲੋਂ ਭੇਜੇ ਪੈਸੇ ਲੈਣ ਚੌਧਰੀਆਂ ਦੇ ਘਰ ਗਈ। ਚਰਨੇ ਦੇ ਚੰਗਾ ਕਾਰੀਗਰ ਬਣਨ ਬਾਰੇ ਜਦੋਂ ਉਹ ਸੁਣਦੀ ਤਾਂ ਫੁੱਲੀ ਨਾ ਸਮਾਉਂਦੀ। ਉੱਪਰ ਵੱਲ ਨੂੰ ਦੇਖ ਉਸਦੇ ਹੱਥ ਆਪ-ਮੁਹਾਰੇ ਜੁੜ ਜਾਂਦੇ। ਉਹ ਮਨ ਹੀ ਮਨ ਰੱਬ ਦਾ ਸ਼ੁਕਰਾਨਾ ਕਰਦੀ।
“ਰੱਬ ਈ ਐ ਨਿਆਣਿਆਂ ਵਿੱਚ ਬੁੱਧੀ ਪਾਉਣ ਵਾਲਾ, ਇਹ ਬੰਦੇ ਦੇ ਵੱਸ ਦੀ ਗੱਲ ਨਹੀਂ।” ਅੱਜਕੱਲ੍ਹ ਦੀ ਮੰਡੀਹਰ ਦਾ ਤਾਂ ਬੁਰਾ ਹਾਲ ਐ। ਪਰ ਮੇਰਾ ਚਰਨਾ ...। ਰੱਬਾ ਸੁੱਖ ਰੱਖੀਂ। ਔਖੇ ਦਿਨ ਵੀ ਤੂੰ ਹੀ ਲੰਘਾਏ ਨੇ ਤੇ ਚੰਗੇ ਵੀ ਤੇਰੇ ਹੱਥ ਐ। ...” ਧੰਨੋ ਨੂੰ ਆਪਣੇ ਦਿਨ ਫਿਰਦੇ ਹੋਏ ਮਹਿਸੂਸ ਹੋਣ ਲਗਦੇ।
ਦੀਪੋ ਵੀ ਸੁੱਖ ਨਾਲ ਵਿਆਹੁਣ ਜੋਗੀ ਹੋ ਗਈ ਸੀ। ਧੰਨੋ ਨੂੰ ਹੁਣ ਕੋਈ ਫਿਕਰ ਨਹੀਂ ਸੀ। ਪੁੱਤ ਨੇ ਖੇਤ-ਬੰਨੇ ਦਾ ਕੰਮ ਵੀ ਛੁਡਾ ਦਿੱਤਾ ਸੀ। ਚਰਨੇ ਨੇ ਆਪਣੀ ਭੈਣ ਦਾ ਵਿਆਹ ਬੜੀ ਰੀਝ ਨਾਲ਼ ਕੀਤਾ ਸੀ। ਕਈ ਦਿਨ ਇਸ ਦੇ ਚਰਚੇ ਚਲਦੇ ਰਹੇ। ਧੰਨੋ ਖੁਸ਼ ਸੀ। ਚਰਨਾ ਹੁਣ ਸੁੱਖ ਨਾਲ਼ ਸ਼ਹਿਰ ਵਿੱਚ ਦੁਕਾਨ ਦਾ ਮਾਲਕ ਸੀ। ਆਂਢੀ-ਗੁਆਂਢੀ ਵੀ ਹੁਣ ਉਸਦੀ ਚੋਖੀ ਕਦਰ ਕਰਨ ਲੱਗ ਪਏ ਸਨ। ਭੈਣ ਦੇ ਵਿਆਹ ਉਪਰੰਤ ਚਰਨਾ ਵਾਪਸ ਪਰਤ ਗਿਆ। ਧੰਨੋ ਇਕੱਲੀ ਜਾਨ ਰਹਿ ਗਈ ਸੀ। ਗੁਆਂਢੀਆਂ ਦਾ ਚੰਗਾ ਆਸਰਾ ਸੀ , ਜਿਸ ਕਾਰਨ ਉਸ ਨੂੰ ਇਕੱਲਾਪਨ ਮਹਿਸੂਸ ਨਾ ਹੁੰਦਾ।
ਹੁਣ ਧੰਨੋ ਦੀ ਇੱਛਾ ਸੀ ਕਿ ਛੁਣਕ-ਛੁਣਕ ਕਰਦੀ ਸੋਹਣੀ ਜਿਹੀ ਵਹੁਟੀ ਉਸਦੇ ਘਰ ਦੀ ਰੌਣਕ ਬਣ ਜਾਵੇ। ਚਰਨੇ ਦਾ ਵਿਆਹ ਤਾਂ ਹੋ ਗਿਆ ਪਰ ਧੰਨੋ ਦੀ ਇੱਛਾ ਪੂਰੀ ਨਾ ਹੋਈ। ਚਰਨੇ ਨੇ ਸ਼ਹਿਰ ਵਿੱਚ ਆਪਣੀ ਮਰਜ਼ੀ ਦਾ ਵਿਆਹ ਕਰਵਾ ਲਿਆ। ਧੰਨੋ ਚਾਹੁੰਦੀ ਸੀ ਕਿ ਉਸਦੇ ਬੂਹੇ ਵਾਜੇ ਵੱਜਣ, ਗਿੱਧੇ ਭੰਗੜੇ ਦੇ ਦੌਰ ਚੱਲਣ ਅਤੇ ਵਧਾਈਆਂ ਦੇਣ ਵਾਲਿਆਂ ਦਾ ਉਸਦੇ ਘਰ ਤਾਂਤਾ ਲੱਗੇ ਅਤੇ ਉਹ ਸਾਰੇ ਪਿੰਡ ਵਿੱਚ ਸ਼ਗਨਾਂ ਦੀ ਬੂੰਦੀ ਵੰਡੇ। ਪਰ ਦਿਲ ਦੀਆਂ ਦਿਲ ਵਿੱਚ ਹੀ ਰਹਿ ਗਈਆਂ। ਉਹ ਕਈ ਦਿਨ ਪਿੰਡ ਵਾਲਿਆਂ ਕੋਲੋਂ ਲੁਕਾਉਂਦੀ ਰਹੀ ਪਰ ਅਜਿਹੀਆਂ ਗੱਲਾਂ ਕਦੋਂ ਛੁਪਾਇਆਂ ਛੁਪਦੀਆਂ ਹਨ। ਖੇਤਾਂ ਨੂੰ ਟੋਕਰਾ ਸੁੱਟਣ ਅਤੇ ਘਾਹ-ਪੱਠੇ ਨੂੰ ਜਾਂਦੀਆਂ ਤ੍ਰੀਮਤਾਂ ਦੀ ਘੁਸਰ-ਮੁਸਰ ਅਤੇ ਹੱਟੀਆਂ-ਭੱਠੀਆਂ ਰਾਹੀਂ ਸਭ ਤੱਕ ਕੰਨੋਂ-ਕੰਨੀਂ ਖਬਰ ਹੋ ਗਈ ਸੀ।
ਆਂਦਰਾਂ ਦਾ ਸਾਕ ਕਿੱਥੇ ਟਿਕਣ ਦਿੰਦਾ ਹੈ। ਧੰਨੋ ਨੇ ਚਰਨੇ ਨੂੰ ਸੁਨੇਹਾ ਘੱਲ ਦਿੱਤਾ ਸੀ ਕਿ ਜੋ ਹੋ ਗਿਆ ਸੋ ਹੋ ਗਿਆ, ਬਹੂ ਨਾਲ਼ ਆ ਕੇ ਜਠੇਰਿਆਂ ਦਾ ਮੱਥਾ ਟੇਕ ਜਾਵੇ। ਪੂਜਾ ਤੋਂ ਬਾਅਦ ਲੱਡੂ ਵੰਡਣ ਦੀ ਰਸਮ ਕੀਤੀ ਗਈ। ਧੰਨੋ ਨੂੰ ਆਪਣੇ ਕੋਲ਼ ਆਉਣ ਦਾ ਰਸਮੀ ਜਿਹਾ ਸੱਦਾ ਦੇ ਕੇ ਮੁੰਡਾ-ਵਹੁਟੀ ਆਥਣੇ ਸ਼ਹਿਰ ਨੂੰ ਪਰਤ ਗਏ। ਧੰਨੋ ਭਾਵੇਂ ਪਹਿਲਾਂ ਵੀ ਇਕੱਲੀ ਰਹਿੰਦੀ ਸੀ ਪਰ ਹੁਣ ਉਸਨੂੰ ਵੱਡਾ ਖਲਾਅ ਮਹਿਸੂਸ ਹੋਣ ਲੱਗਾ, ਜੋ ਹੁਣ ਭਰਨ ਵਾਲ਼ਾ ਨਹੀਂ ਸੀ। ਉਸਨੂੰ ਆਪਣੀ ਜ਼ਿੰਦਗੀ ਦੇ ਦਿਨ ਤੇਜ਼ੀ ਨਾਲ਼ ਘਟਦੇ ਮਹਿਸੂਸ ਹੋਣ ਲੱਗੇ। ਬੰਦਾ ਹੌਸਲੇ ਨਾਲ਼ ਹੀ ਬੁਢਾਪੇ ਵਿੱਚ ਤੁਰਿਆ-ਫਿਰਦਾ ਹੈ ਪਰ ਧੰਨੋ ਨੂੰ ਆਪਣਾ ਨਰੋਆ ਸਰੀਰ ਬੇਜ਼ਾਨ ਜਿਹਾ ਮਹਿਸੂਸ ਹੋਣ ਲੱਗਾ। ਉਸਦੀ ਸੁਰਤੀ ਇੱਕ ਪਾਸੇ ਹੀ ਲੱਗੀ ਰਹਿੰਦੀ। ਇੱਕੋ ਸਵਾਲ ਉਹਦੇ ਬੁੱਲ੍ਹਾਂ ’ਤੇ ਹੁੰਦਾ। ਇਹ ਕੀ ਬਣ ਗਿਆ। ਉਹਦੀ ਗੁਆਂਢਣ ਨਿੰਮੋ ਉਹਦਾ ਖਿਆਲ ਰੱਖਦੀ, ਉਹਨੂੰ ਧਰਵਾਸੇ ਦਿੰਦੀ।
“ਬੇਬੇ! ਤੇਰਾ ਪੁੱਤ ਹੱਸਦਾ-ਵਸਦਾ ਐ, ਚੰਗੇ ਕਾਰੋਬਾਰ ਦਾ ਮਾਲਕ ਐ। ਤੈਨੂੰ ਖਰਚ-ਪਾਣੀ ਵੀ ਭੇਜ ਛੱਡਦੈ। ਤੈਨੂੰ ਉਹਦੇ ਵਲੋਂ ਕੋਈ ਸ਼ਿਕਾਇਤ ਤਾਂ ਨਹੀਂ।”
ਪਰ ਧੰਨੋ ਹੱਡੀਆਂ ਦੀ ਮੁੱਠ ਬਣਦੀ ਜਾ ਰਹੀ ਸੀ।
ਉਸਦਾ ਚਾਨੂੰ ਹੁਣ ਚਰਨ ਸਿੰਹੁ ਬਣ ਗਿਆ ਸੀ। ਕੋਠੀ ਅਤੇ ਕਾਰ ਦਾ ਮਾਲਕ। ਸ਼ਹਿਰ ਵਿੱਚ ਵੱਡੇ ਲੋਕਾਂ ਨਾਲ ਉੱਠਣ-ਬੈਠਣ ਸੀ। ਛੇ ਮਹੀਨੇ, ਸਾਲ ਬਾਅਦ ਘਰਵਾਲੀ ਅਤੇ ਦੋਵਾਂ ਮੁੰਡਿਆ ਨਾਲ ਪਿੰਡ ਗੇੜਾ ਮਾਰਦਾ। ਘੜੀ-ਘੰਟਾ ਮਾਂ ਕੋਲ ਬੈਠ ਰਸਮੀ ਖਬਰਸਾਰ ਕਰ ਕੁੱਝ ਛਿੱਲੜ ਜਰੂਰ ਉਸਦੇ ਹੱਥ ਧਰ ਜਾਂਦਾ। ਧੰਨੋ ਦਾ ਢਿੱਡ ਫਰੋਲ ਕੇ ਦੇਖਣ ਵਾਲਾ ਕੋਈ ਨਹੀਂ ਸੀ। ਦੀਪੋ ਆਪਣੇ ਸਹੁਰੇ-ਘਰ ਪਰਿਵਾਰਕ ਰੁਝੇਵਿਆਂ ਕਾਰਨ ਕੋਹਲੂ ਦਾ ਬੈਲ ਬਣੀ ਹੋਈ ਸੀ।
“ਅੱਜ ਧੰਨੋ ਬੇਬੇ ਨੀ ਬਿੜਕੀ” ਗੁਆਂਢਣ ਨਿੰਮੋ ਨੇ ਰਸੋਈ ਵਿੱਚ ਰੋਟੀ ਲਾਹੁੰਦਿਆਂ ਆਪਣੀ ਨੂੰਹ ਨਾਲ ਸਰਸਰੀ ਗੱਲ ਕੀਤੀ। ਚੰਗੀ ਗੁਆਂਢਣ ਨਾਤੇ ਨਿੰਮੋ ਧੰਨੋ ਦਾ ਅਕਸਰ ਖਿਆਲ ਰੱਖਦੀ ਸੀ।
ਉੱਪਰੋਂ ਦੁਪਹਿਰਾ ਸਿਰ ’ਤੇ ਆ ਗਿਆ ਸੀ। ਨਿੰਮੋ ਨੇ ਆਪਣੀ ਨੂੰਹ ਨੂੰ ਧੰਨੋ ਦੇ ਘਰ ਵੱਲ ਭੇਜਿਆ। “ਦੇਖ ਆ ਕੁੜੇ, ਬੇਬੇ ਠੀਕ-ਠਾਕ ਤਾਂ ਐ?”
ਜਦੋਂ ਉਸਨੇ ਦਰਵਾਜ਼ੇ ਦੀ ਵਿਰਲ ਵਿੱਚੋਂ ਝਾਤੀ ਮਾਰੀ ਤਾਂ ਧੰਨੋ ਮੰਜੀ ’ਤੇ ਸਿੱਧੀ ਲੰਮੀ ਪਈ ਸੀ ਜਿਵੇਂ ਘੋੜੇ ਵੇਚ ਕੇ ਸੁੱਤੀ ਹੋਵੇ। ਉਸਨੇ ਦੋ-ਤਿੰਨ ਅਵਾਜ਼ਾਂ ਮਾਰੀਆਂ। ਕੋਈ ਹਿੱਲਜੁੱਲ ਨਾ ਹੋਈ। ਨੂੰਹ ਦੇ ਦੱਸਣ ’ਤੇ ਨਿੰਮੋ ਨੇ ਗੁਆਂਢੀਆਂ ਦੇ ਮੁੰਡੇ ਗੇਜੇ ਨੂੰ ਅਵਾਜ਼ ਮਾਰੀ। ਉਸਨੇ ਆਪਣੇ ਚਾਚੇ ਦੇ ਪੁੱਤ ਕਸ਼ਮੀਰੇ ਨੂੰ ਨਾਲ਼ ਲੈ ਕੇ ਦਰਵਾਜ਼ਾ ਪੁੱਟਿਆ। ਦੇਖਿਆ ਤਾਂ ਧੰਨੋ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੀ ਸੀ। ਬੋਲ-ਬਰਾਲ਼ਾ ਸੁਣਕੇ ਗੁਆਂਢ ਦੇ ਲੋਕ ਇਕੱਠੇ ਹੋਣ ਲੱਗੇ। ਦਾਹ-ਸੰਸਕਾਰ ਦੀਆਂ ਸਲਾਹਾਂ ਹੋਣ ਲੱਗੀਆਂ। ਪਿੰਡ ਦੇ ਇੱਕ ਬੰਦੇ ਨੂੰ ਸਾਈਕਲ ਦੇ ਕੇ ਦੀਪੋ ਨੂੰ ਦੱਸਣ ਲਈ ਭੇਜ ਦਿੱਤਾ। ਪਿੰਡ ਦੇ ਇੱਕ ਸਾਬਕਾ ਫੌਜੀ ਦੀ ਡਿਊਟੀ ਸ਼ਹਿਰ ਜਾ ਕੇ ਚਰਨੇ ਨੂੰ ਟੈਲੀਫੋਨ ਕਰਨ ਦੀ ਲਗਾਈ ਗਈ। ਕੁੱਝ ਬੰਦੇ ਸਸਕਾਰ ਲਈ ਸਮਾਨ ਇਕੱਠਾ ਕਰਨ ਦੇ ਆਹਰ ਵਿੱਚ ਜੁਟ ਗਏ। ਦਰੀ ’ਤੇ ਬੈਠੇ ਬਜ਼ੁਰਗ ਧੰਨੋ ਦੇ ਜੀਵਨ ਨਾਲ਼ ਸੰਬੰਧਤ ਘਟਨਾਵਾਂ ਦੀ ਪੇਸ਼ਕਾਰੀ ਆਪਣੇ-ਆਪਣੇ ਢੰਗ ਨਾਲ਼ ਕਰਨ ਲੱਗੇ।
“ਬੜੀ ਦਾਨੀ ਬਣਕੇ ਟੈਮ ਕੱਟਿਆ ਪਿੰਡ ’ਚ। ਭਰ ਜਵਾਨੀ ’ਚ ਵਿਧਵਾ ਹੋ ਗਈ ਸੀ। ਮਿਹਨਤ-ਮਜੂਰੀ ਕਰਕੇ ਟੱਬਰ ਪਾਲ਼ ਲਿਆ ਪਿਓ ਦੀ ਧੀ ਨੇ, ਪਰ ਮਜ਼ਾਲ ਐ ਕਿਸੇ ਮੂਹਰੇ ਹੱਥ ਅੱਡਿਆ ਹੋਵੇ।” ਸਾਬਕਾ ਸਰਪੰਚ ਨਰੈਣ ਸਿੰਘ ਨੇ ਦਰੀ ’ਤੇ ਔਖਾ ਜਿਹਾ ਹੋ ਕੇ ਬੈਠਦਿਆਂ ਗੱਲ ਛੇੜੀ।
“ਔਲਾਦ ਦਾ ਸੁਖ ਤਾਂ ਭਾਗਾਂ ਨਾਲ ਮਿਲਦੈ ਅੱਜਕੱਲ੍ਹ। ਪਰ ਸਭ ਦਾ ਭਲਾ ਲੋਚਣ ਵਾਲੀ ਸੀ ਬੇਬੇ।” ਮਾਸਟਰ ਕੇਵਲ ਸਿੰਘ ਨੇ ਆਪਣੇ ਦਿਲ ਦੀ ਕਹਿ ਦਿੱਤੀ।
ਚਰਨੇ ਦਾ ਟੱਬਰ ਅਤੇ ਦੀਪੋ ਪਹੁੰਚ ਗਏ ਸਨ। ਸ਼ਾਮ ਵੇਲੇ ਧੰਨੋ ਦੀ ਅੰਤਿਮ-ਯਾਤਰਾ ਵਿੱਚ ਪਿੰਡ ਦੇ ਵੱਡੀ ਗਿਣਤੀ ਲੋਕ ਸ਼ਾਮਿਲ ਸਨ। ਹਫਤੇ ਵਿੱਚ ਮਕਾਣਾਂ ਅਤੇ ਅੰਤਿਮ ਰਸਮਾਂ ਉਪਰੰਤ ਚਰਨਾ ਵਾਪਸ ਪਰਤ ਗਿਆ। ਪਰਿਵਾਰਕ ਜਿੰਮੇਵਾਰੀ ਕਾਰਨ ਦੀਪੋ ਨੂੰ ਵੀ ਮੁੜਨਾ ਪਿਆ। ਨਾਲੇ ਹੁਣ ਇੱਥੇ ਰਹਿਣਾ ਵੀ ਕੀਹਦੇ ਕੋਲ ਸੀ।
“ਹੁਣ ਉਹ ਕੀਹਦੇ ਕੋਲ਼ ਆਇਆ ਕਰੇਗੀ, ਪਹਿਲਾਂ ਤਾਂ ਇਹ ਹੁੰਦਾ ਸੀ ਕਿ ਮਾਂ ਬੈਠੀ ਐ।” ਪਿੰਡ ਦਾ ਵਸੀਵਾਂ ਟੱਪਦਿਆਂ ਉਸਦਾ ਮਨ ਭਰ ਆਇਆ ਪਰ ਮੂੰਹੋਂ ਕੁੱਝ ਨਾ ਬੋਲੀ।
ਸਮਾਂ ਆਪਣੀ ਚਾਲੇ ਚਲਦਾ ਰਿਹਾ। ਚਰਨੇ ਦਾ ਕਾਰੋਬਾਰ ਉਸਦੇ ਮੁੰਡਿਆ ਨੇ ਸੰਭਾਲ ਲਿਆ। ਦਿਨ-ਦਿਹਾਰ ਮੌਕੇ ਪਿੰਡ ਚੱਕਰ ਲਾ ਜਾਂਦੇ। ਸਿਆਣੇ ਕਹਿੰਦੇ ਹਨ ਕਿ ਚੰਗੇ ਦਿਨ ਆਉਣ ਨੂੰ ਤਾਂ ਵਕਤ ਲਗ ਜਾਂਦਾ ਹੈ ਪਰ ਮਾੜੇ ਦਿਨ ਕਦੋਂ ਆ ਜਾਣ ,ਪਤਾ ਵੀ ਨੀ ਲੱਗਦਾ। ਚਰਨੇ ਨਾਲ਼ ਵੀ ਇੰਜ ਹੀ ਹੋਇਆ। ਉਸਦੇ ਕਾਰੋਬਾਰ ਦੀ ਪਹਿਲਾਂ ਵਾਲੀ ਗੱਲ ਨਾ ਰਹੀ। ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ...। ਪਰਿਵਾਰ ਦੇ ਕਹਿਣ ’ਤੇ ਪਿੰਡ ਵਾਲ਼ੀ ਪੈਲੀ ਵੀ ਵੇਚ ਗਿਆ। ਚਰਨੇ ਨਾਲ਼ ਗਲਾਸੀ ਦੀ ਸਾਂਝ ਰੱਖਣ ਵਾਲੇ ਉਸ ਤੋਂ ਮੁੱਖ ਮੋੜਨ ਲੱਗੇ। ਪਹਿਲਾਂ ਵਾਲਾ ਸਤਿਕਾਰ ਨਾ ਰਿਹਾ।
ਆਪਣੀ ਘਰਵਾਲ਼ੀ ਦੇ ਕਹਿਣ ’ਤੇ ਉਸਨੇ ਕਿਸੇ ਪਿੰਡ ਦੇ ਸਿਆਣੇ ਤੋਂ ਪੁੱਛ ਪੁਆਈ। ਸਿਆਣੇ ਨੇ ਦੱਸਿਆ ਸੀ, “ਵੱਡੇ-ਵਡੇਰਿਆਂ ਦਾ ਖੋਟ ਐ।”
ਵੱਡੇ-ਵਡੇਰਿਆਂ ਦਾ ਨਾਂ ਸੁਣਦਿਆਂ ਹੀ ਚਰਨੇ ਦੀਆਂ ਅੱਖਾਂ ਸਾਹਮਣੇ ਆਪਣੀ ਮਾਂ ਦੀ ਤਸਵੀਰ ਘੁੰਮ ਗਈ।
“ਕਿੰਨੀਆਂ ਔਕੜਾਂ ਨਾਲ ਪਾਲ਼ਿਆ ਸੀ ਮੈਨੂੰ। ਕਿੰਨੇ ਮਾੜੇ ਹਾਲਾਤਾਂ ਵਿੱਚ ਉਂਗਲੀ ਫੜਕੇ ਤੋਰਿਆ ਸੀ ਮੈਨੂੰ। ਕਿੰਨੀਆਂ ਮੰਨਤਾਂ ਮੰਗੀਆਂ ਸੀ ਮੇਰੇ ਲਈ। ਤੇ ਮੈਂ ...? ਮੁੜ ਬਾਤ ਨਾ ਪੁੱਛੀ। ਮੈਂ ਮਾਂ ਦੀਆਂ ਕਿੰਨੀਆਂ ਉਮੀਦਾਂ ਦਾ ਕਤਲ ਕੀਤਾ ਹੈ? ਕਾਤਲ!” ਇਹਨਾਂ ਸੋਚਾਂ ਨੇ ਉਸ ਨੂੰ ਅੰਦਰੋਂ ਝੰਜੋੜ ਦਿੱਤਾ।
ਇੱਕ-ਇੱਕ ਕਰਕੇ ਕਿੰਨੇ ਹੀ ਸਵਾਲ ਚਰਨੇ ਦੇ ਜਿਹਨ ਵਿੱਚ ਜਨਮ ਲੈ ਰਹੇ ਸਨ। ਪਰ ਉਸ ਕੋਲ ਕੋਈ ਜਵਾਬ ਨਹੀਂ ਸੀ। ਉਹ ਸਭ ਸਮਝਦਾ ਸੀ ਪਰ ਹੁਣ ਪਰਛਾਵੇਂ ਤੋਂ ਬਿਨਾਂ ਉਸ ਦੇ ਕੁੱਝ ਵੀ ਪੱਲੇ ਨਹੀਂ ਸੀ ਰਿਹਾ।
“ਵੱਡੇ-ਵਡੇਰਿਆਂ ਦਾ ਖੋਟ? ... ਇਹ ਤਾਂ ਹੋਣਾ ਈ ਸੀ। ... ਇਹ ਤਾਂ ਹੋਣਾ ਈ ਸੀ। ...” ਚਰਨਾ ਬੁੜ-ਬੁੜਾ ਰਿਹਾ ਸੀ।
*****
(788)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)